ਜਦੋਂ ਹਾਲਾਤ ਬਦਤਰ ਹੋਣ ਤਾਂ ਕਈ ਵਾਰ ਚੰਗਾ ਭਲਾ ਬੰਦਾ ਵੀ ਸਖਤ ਮਿਜਾਜ਼ ਬਣ ਜਾਂਦਾ ਹੈ, ਪਰ ਸੱਚਾਈ ਇਹ ਵੀ ਹੈ ਕਿ ਜਿਨ੍ਹਾਂ ਦੇ ਅੰਦਰ ਚੰਗਿਆਈ ਪੁੰਗਰੀ ਹੁੰਦੀ ਹੈ, ਉਸ ਨੇ ਮਾੜੇ ਹਾਲਾਤ ਵਿੱਚ ਵੀ ਵਧਦੇ-ਫੁਲਦੇ ਰਹਿਣਾ ਹੈ। ਇੱਕ ਵਾਰ ਕਿਸੇ ਨੇ ਗੱਲ ਸਾਂਝੀ ਕੀਤੀ ਸੀ ਕਿ ਕੁਝ ਲੋਕ ਦੇਖਣ-ਪਾਖਣ ਨੂੰ ਬੜੇ ਕੱਬੇ ਤੇ ਅੜਬੀ ਲੱਗਦੇ ਹੁੰਦੇ ਹਨ, ਪਰ ਜਦੋਂ ਪਰਖੀਏ ਤਾਂ ਉਨ੍ਹਾਂ ਅੰਦਰ ਧੜਕਦਾ ਦਿਲ ਬੜਾ ਹੀ ਨਰਮ ਹੁੰਦਾ ਹੈ ਅਤੇ ਜਦੋਂ ਉਨ੍ਹਾਂ ਨਾਲ ਗੱਲਬਾਤ ਕਰੋ ਤਾਂ ਬਹੁਤ ਹੀ ਨਿੱਘਾ ਸੁਭਾਅ ਹੁੰਦਾ ਹੈ। ਇਸ ਕਹਾਣੀ ਵਿਚਲੇ ਪਾਤਰ ਨੇ ਸੁਰੱਖਿਆ ਦੇ ਮੱਦੇਨਜ਼ਰ ਬੇਸ਼ਕ ਮੋਢੇ `ਤੇ ਗੰਡਾਸੀ ਟਿਕਾ ਲਈ, ਪਰ ਉਸ ਦੇ ਸੁਭਾਅ ਵਿਚਲੀ ਕੋਮਲਤਾ ਕਾਇਮ ਰਹਿੰਦੀ ਹੈ।
ਮਨਮੋਹਨ ਸਿੰਘ ਦਾਊਂ
ਫੋਨ: +91-9815123900
ਅੱਜ ਕਮਾਲੀ ਪਿੰਡ ’ਤੇ ਕਹਿਰ ਦਾ ਤੀਜਾ ਦਿਨ ਸੀ। ਆਲੇ-ਦੁਆਲੇ ਦੇ ਕੁਝ ਪਿੰਡਾਂ ਦੇ ਜਨੂੰਨੀ ਬੰਦਿਆਂ ਨੇ ਮੁੜ ਪਿੰਡ ਨੂੰ ਘੇਰ ਲਿਆ ਸੀ। ਤਲਵਾਰਾਂ, ਗੰਡਾਸਿਆਂ, ਬਰਛੇ, ਨੇਜ਼ੇ, ਸਫ਼ਾਜੰਗ ਤੇ ਟਕੂਏ ਹੱਥਾਂ ’ਚ ਲਿਸ਼ਕ ਰਹੇ ਸਨ। ਹਾ-ਹੋ ਤੇ ਜੈਕਾਰੇ ਛੱਡੇ ਜਾ ਰਹੇ ਸਨ। ਹਵਾਵਾਂ ’ਚ ਜ਼ਹਿਰ ਘੁਲ ਗਿਆ ਸੀ। ਬੰਦਿਆਂ ਨੂੰ ਵੱਢਣਾ ਬਹਾਦਰੀ ਬਣ ਗਈ ਸੀ। ਲੁੱਟਾਂ-ਖੋਹਾਂ ਦਾ ਦੌਰ ਪੂਰੇ ਜ਼ੋਰਾਂ ’ਤੇ ਸੀ। ਘਰਾਂ ਨੂੰ ਫੂਕਿਆ ਜਾ ਰਿਹਾ ਸੀ। ਜਿਸ ਦੇ ਹੱਥ ਜੋ ਵੀ ਆਉਂਦਾ, ਚੁੱਕ ਲਿਆ ਜਾਂਦਾ। ਚੋਰੀ ਕਰਨ ਦੇ ਅਰਥ ਹੀ ਬਦਲ ਗਏ ਸਨ। ਕੋਈ ਕਿਸੇ ਨੂੰ ਪੁੱਛਣ ਵਾਲਾ ਹੀ ਨਹੀਂ ਸੀ। ਚਾਰੇ ਪਾਸੇ ਸਹਿਮ ਦਾ ਮਾਹੌਲ ਸੀ। ਕਈ ਪਿੰਡਾਂ ਦੇ ਲੋਕਾਂ ਨੇ ਜ਼ਿੰਮੇਵਾਰੀ ਸਿਰ ਲੈਂਦਿਆਂ ਮੁਸਲਮਾਨ ਵਾਸੀਆਂ ਨੂੰ ਸਰਹਿੰਦ ਤੇ ਕੁਰਾਲੀ ਦੇ ਕੈਂਪਾਂ ’ਚ ਬੜੀ ਸੁਰੱਖਿਅਤਾ ਨਾਲ ਪੁਜਾ ਵੀ ਦਿੱਤਾ ਸੀ, ਪਰ ਏਦਾਂ ਦਾ ਜਿਗਰਾ ਰੱਖਣ ਵਾਲਿਆਂ ਨੂੰ ਕੈਰੀ ਅੱਖ ਨਾਲ ਵੇਖਿਆ ਜਾਂਦਾ ਸੀ। ਕੋਈ ਬਜ਼ੁਰਗ ਧੀਮੀ ਆਵਾਜ਼ ’ਚ ਹਾਅ ਦਾ ਨਾਅਰਾ ਮਾਰਦਾ- “ਇਹ ਆਪਣੇ ਹੀ ਨੇ, ਇਨ੍ਹਾਂ ਦਾ ਕੀ ਕਸੂਰ, ਪਿੰਡ ਦੀ ਇੱਜ਼ਤ ਨੂੰ ਰੋਲਣਾ ਚੰਗਾ ਨਹੀਂ। ਇਹ ਮਾੜਾ ਸਮਾਂ ਆਵੇਗਾ, ਅਸੀਂ ਸੋਚਿਆ ਨਹੀਂ ਸੀ। ਕਰੀਏ ਤਾਂ ਕੀ ਕਰੀਏ। ਪਰਮਾਤਮਾ ਦਾ ਭਾਣਾ…।”
ਖ਼ਬਰਾਂ ਫੈਲ ਰਹੀਆਂ ਸਨ ਕਿ ਉਧਰੋਂ (ਪਾਕਿਸਤਾਨੋਂ) ਰੇਲ ਗੱਡੀਆਂ ’ਚ ਲੋਥਾਂ ਆ ਰਹੀਆਂ ਹਨ। ਜਨੂੰਨੀ ਬੰਦਿਆਂ ਦੇ ਇੱਕ ਮੋਹਰੀ ਨੇ ਕਮਾਲੀ ਪਿੰਡ ਦੇ ਮੁਸਲਮਾਨਾਂ ਨੂੰ ਬਾਹਰ ਖੁੱਲ੍ਹੀ ਥਾਂ ’ਚ ਕੱਢ ਕੇ ਭਰੋਸਾ ਦਿੱਤਾ ਕਿ ਤੁਹਾਨੂੰ ਕੁਰਾਲੀ ਕੈਂਪ ’ਚ ਛੱਡਣ ਜਾਣਾ। ਕਿਸੇ ਕੋਲ ਕੋਈ ਹਥਿਆਰ ਨਾ ਹੋਵੇ। ਹੱਥ ਉਪਰ ਨੂੰ ਕਰੋ। ਬੱਸ ਮਿੰਟਾਂ ’ਚ ਹੀ ਉਸ ਨੇ ਤੇ ਉਸ ਦੇ ਦੋ-ਤਿੰਨ ਸਾਥੀਆਂ ਨੇ ਖੜੋਤੇ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬੁੱਢੇ, ਬੱਚੇ, ਔਰਤਾਂ ਤੇ ਮਰਦਾਂ ਦੀਆਂ ਲਾਸ਼ਾਂ ਧਰਤੀ ’ਤੇ ਵਿੱਛ ਗਈਆਂ। ਕਈ ਔਰਤਾਂ ਨੂੰ ਨੰਗੇ ਹੋਣ ਲਈ ਹੁਕਮ ਕੀਤਾ ਗਿਆ। ਕਈ ਔਰਤਾਂ ਤੋਂ ਇਹ ਪਾਪ ਵੇਖ ਨਾ ਹੋਇਆ ਤੇ ਭੱਜ ਕੇ ਨੇੜੇ ਦੇ ਖੂਹ ’ਚ ਛਾਲਾਂ ਮਾਰ ਦਿੱਤੀਆਂ। ਕਈਆਂ ਨੂੰ ਘੜੀਸ ਕੇ ਦਰਿੰਦੇ ਅਗਵਾ ਕਰ ਕੇ ਲੈ ਗਏ। ਬਰਸਾਤ ਦਾ ਮੌਸਮ ਸੀ। ਆਲੇ-ਦੁਆਲੇ ਚਰੀ ਤੇ ਮੱਕੀ ਦੀਆਂ ਫ਼ਸਲਾਂ ਲਹਿ-ਲਹਾ ਰਹੀਆਂ ਸਨ। ਕਿੱਥੇ ਕੁਦਰਤ ਦੀ ਹਰਿਆਲੀ ਤੇ ਕਿੱਥੇ ਆਦਮੀ ਦੀ ਖ਼ੂਨੀ ਹੋਲੀ। ਇਹ ਵਰਤਾਰਾ ਕੂਕਾਂ, ਚੀਕਾਂ, ਹਾਲ-ਦੁਹਾਈ ਤੇ ਰੋਣ-ਪਿੱਟਣ ਵਾਲਾ ਸੀ। ਇਸ ਕਹਿਰ ਨੂੰ ਪਿੰਡ ਦੀ ਮਿੱਟੀ ਕਿਵੇਂ ਕਬੂਲ ਕਰਦੀ। ਮਿੱਟੀ ਤਾਂ ਸਿਰਜਣਹਾਰ ਹੁੰਦੀ ਹੈ। ਸਭ ਲਈ ਭਲਾ ਲੋੜਦੀ ਤੇ ਸਭ ਲਈ ਦਾਨੀ ਹੁੰਦੀ ਹੈ, ਪਰ ਇਹ ਸਮਾਂ ਟਲਣ ’ਚ ਨਹੀਂ ਸੀ ਆ ਰਿਹਾ। ਜੋ ਕੁਝ ਪਲ ਪਹਿਲਾਂ ਜ਼ਿੰਦਾ ਸਨ, ਉਹ ਦੂਜੇ ਪਲ ਮੌਤ ਦੀ ਢੇਰੀ ਬਣ ਗਏ ਸਨ ਤੇ ਦਰਿੰਦੇ ਰੌਲਾ ਪਾਉਂਦੇ ਜਿੱਤ ਦੇ ਨਾਅਰੇ ਲਾਉਂਦੇ ਭੱਜ ਗਏ ਸਨ। ਆਥਣ ਵੇਲਾ ਹੋ ਗਿਆ ਸੀ। ਸੂਰਜ ਵੀ ਲਾਲੀ ਛੱਡਦਾ ਹੋਇਆ ਡੁੱਬ ਰਿਹਾ ਸੀ।
ਨੇੜੇ ਦੇ ਪਿੰਡ ਰੁਪਾਲਹੇੜੀ ਦਾ ਕਰਮ ਸਿੰਘ ਮੋਢੇ ’ਤੇ ਗੰਡਾਸੀ ਧਰ ਕੇ ਆਪਣੇ ਖੇਤਾਂ ’ਚ ਘੁੰਮਣ ਗਿਆ। ਉਸ ਸਮੇਂ ਹਰ ਕੋਈ ਬਾਹਰ ਜਾਣ ਸਮੇਂ ਹਥਿਆਰ ਲੈ ਕੇ ਜ਼ਰੂਰ ਜਾਂਦਾ, ਆਪਣੀ ਸੁਰੱਖਿਆ ਲਈ। ਕੀ ਪਤਾ ਕੌਣ ਦੁਸ਼ਮਣ ਬਣ ਜਾਵੇ! ਇਹ ਹੌਸਲਾ ਵੀ ਹਰ ਕਿਸੇ ’ਚ ਨਹੀਂ ਸੀ। ਕਰਮ ਸਿੰਘ ਇਸ ਕਹਿਰ ਕਾਰਨ ਅੰਦਰੋਂ ਬਹੁਤ ਪ੍ਰੇਸ਼ਾਨ ਸੀ। ਬੜਾ ਕੁਝ ਉਸ ਨੂੰ ਬੇਚੈਨ ਕਰਦਾ। ਆਪਣੀ ਘਰਵਾਲੀ ਨਾਲ ਮੁਸਲਮਾਨ ਔਰਤਾਂ ਦੀ ਬੇਪਤੀ ਦੀਆਂ ਗੱਲਾਂ ਵੀ ਸਾਂਝੀਆਂ ਕਰਦਾ। “ਰੱਬ ਖੈਰ ਕਰੇ, ਇਹ ਦਿਨ ਛੇਤੀ ਲੰਘ ਜਾਣ।” ਉਸ ਦੀ ਘਰਵਾਲੀ ਡੂੰਘਾ ਸਾਹ ਲੈਂਦੀ ਆਖਦੀ।
ਸ਼ਾਮ ਹੋ ਰਹੀ ਸੀ। ਕਰਮ ਸਿੰਘ ਚਰੀ ਤੇ ਮੱਕੀ ਦੀਆਂ ਫ਼ਸਲਾਂ ਨੂੰ ਨਿਹਾਰ ਰਿਹਾ ਸੀ। ਇੱਕ ਖੇਤ ਦੇ ਬੰਨੇ ਉਹ ਖੜੋ ਗਿਆ। ਚਰੀ ਦਾ ਸੰਘਣਾ ਖੇਤ ਉਸ ਨੂੰ ਕੋਠੇ ਜਿੱਡਾ ਲੱਗਿਆ। ਖੇਤ ’ਚੋਂ ਘੁਸਰ-ਮੁਸਰ ਦੀ ਆਵਾਜ਼ ਆਈ। ਉਸ ਸੋਚਿਆ ਕੋਈ ਜਾਨਵਰ ਹੋਵੇਗਾ। ਕੁਝ ਦੇਰ ਉਹ ਸੋਚਦਾ ਰਿਹਾ। ਡਰ ਸੀ ਕਿ ਕੋਈ ਲੁਕਿਆ ਦੁਸ਼ਮਣ ਹੀ ਨਾ ਹੋਵੇ। ਇਕੱਲਾ ਹਾਂ, ਹਮਲਾ ਨਾ ਹੋ ਜਾਵੇ। ਉਸ ਨੇ ਆਪਣੀ ਗੰਡਾਸੀ ਦੀ ਪਕੜ ਨੂੰ ਥੋੜ੍ਹਾ ਮਜ਼ਬੂਤ ਕੀਤਾ। ਹੌਸਲਾ ਕਰ ਕੇ ਚਰੀ ਦੇ ਖੇਤ ’ਚ ਵੜ ਗਿਆ। ਹੋਰ ਅੱਗੇ ਗਿਆ। ਉਸ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ। ਦੋ ਮੁਸਲਮਾਨ ਕੁੜੀਆਂ ਆਪਸ ’ਚ ਗਲਵਕੜੀ ਪਾਈ, ਡਰ ਦੀਆਂ ਮਾਰੀਆਂ ਸਹਿਕ ਰਹੀਆਂ ਸਨ। ਗੰਡਾਸੀ ਮੋਢੇ ਧਰੀ ਵੇਖ ਕੇ ਤਾਂ ਜਿਵੇਂ ਪ੍ਰਾਣ ਤਿਆਗਣ ਵਾਲੀਆਂ ਹੋ ਗਈਆਂ। ਉਨ੍ਹਾਂ ਦੀ ਹਾਲਤ ਬਹੁਤ ਤਰਸ ਵਾਲੀ ਸੀ। ਕਰਮ ਸਿੰਘ ਨੇ ਮਾਨਵੀ ਨਜ਼ਰ ਨਾਲ ਕੁੜੀਆਂ ਦੀ ਹਾਲਤ ਨੂੰ ਸਮਝ ਲਿਆ। ਕਤਲੋਗਾਰਤ ਤੋਂ ਡਰਦੀਆਂ ਚਰੀ ’ਚ ਪਨਾਹ ਲੈ ਕੇ ਜਾਨ ਬਚਾ ਰਹੀਆਂ ਸਨ। ਕਰਮ ਸਿੰਘ ਦੇ ਮੂੰਹੋਂ ਨਿਕਲਿਆ, “ਧੀਓ, ਮੈਂ ਤੁਹਾਨੂੰ ਮਾਰਨ ਨਹੀਂ ਆਇਆ। ਬਚਾਉਣ ਲਈ ਆਇਆ ਹਾਂ। ਤੁਸੀਂ ਘਬਰਾਓ ਨਾ। ਇਹ ਗੰਡਾਸੀ ਤਾਂ ਤੁਹਾਡੀ ਰੱਖਿਆ ਲਈ ਹੈ। ਡਰੋ ਨਾ, ਹੌਸਲਾ ਰੱਖੋ। ਤੁਸੀਂ ਮੇਰੀਆਂ ਬੱਚੀਆਂ ਹੋ। ਉਠੋ ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਆਪਣੇ ਘਰ ਰੱਖਾਂਗਾ। ਖ਼ੁਦਾ, ਤੁਹਾਡਾ ਰਖਵਾਲਾ ਹੋਵੇ।” ਇਹ ਬੋਲ ਸੁਣ ਕੇ ਕੁੜੀਆਂ ਨੂੰ ਜਿਵੇਂ ਭਰੋਸਾ ਹੋ ਗਿਆ। ਮੌਤ ਤੋਂ ਤਾਂ ਬਚ ਗਈਆਂ, ਅੱਗੇ ਕੀ…?
ਕਰਮ ਸਿੰਘ ਨੇ ਨੇੜੇ ਹਲਟ ਦੇ ਚੁਬੱਚੇ ਦੇ ਪਾਣੀ ਨਾਲ ਉਨ੍ਹਾਂ ਨੂੰ ਮੂੰਹ-ਮੱਥਾ ਧੋਣ ਲਈ ਕਿਹਾ। ਮੱਕੀ ਦੇ ਖੇਤ ’ਚੋਂ ਦੋ ਕੱਚੀਆਂ ਛੱਲੀਆਂ ਤੋੜ ਕੇ ਉਸ ਨੇ ਕੁੜੀਆਂ ਨੂੰ ਖਾਣ ਲਈ ਦਿੱਤੀਆਂ। ਆਂਦਰਾਂ ਨੂੰ ਪਾਣੀ ਪੀ ਕੇ ਤੇ ਛੱਲੀਆਂ ਖਾ ਕੇ ਆਸਰਾ ਮਿਲ ਗਿਆ, ਸਾਹ ’ਚ ਸਾਹ ਆਇਆ। ਘੁਸਮੁਸਾ ਹੋ ਰਿਹਾ ਸੀ। ਕਰਮ ਸਿੰਘ ਨੂੰ ਵਿਉਂਤ ਸੁੱਝੀ। ਉਸ ਨੇ ਆਪਣਾ ਮੋਢੇ ਵਾਲਾ ਪਰਨਾ ਪਾੜ ਕੇ ਦੋ ਹਿੱਸੇ ਕੀਤੇ ਤੇ ਕੁੜੀਆਂ ਨੂੰ ਮੁੰਡਿਆਂ ਵਾਂਗ ਸਿਰ ’ਤੇ ਮੜਾਸਾ ਮਰਵਾ ਦਿੱਤਾ ਤਾਂ ਜੋ ਰਸਤੇ ’ਚ ਕੋਈ ਖ਼ਤਰਾ ਨਾ ਮੁੱਲ ਲੈਣਾ ਪੈ ਜਾਵੇ। ਹੌਲੀ ਜਿਹੇ ਕਰਮ ਸਿੰਘ ਨੇ ਕੁੜੀਆਂ ਦੇ ਨਾਂ ਪੁੱਛੇ। ਵੱਡੀ ਸੋਲਾਂ ਕੁ ਸਾਲ ਦੀ ਬੋਲੀ ‘ਸ਼ਬੀਨਾ’। ਛੋਟੀ 14 ਕੁ ਸਾਲ ਦੀ ਨੇ ਕਿਹਾ, ਮੈਨੂੰ ‘ਸ਼ਰੀਫਨ’ ਕਹਿੰਦੇ। ਖੇਤ ਤੋਂ ਘਰ ਤੱਕ ਦਾ ਸਫ਼ਰ ਕਰਮ ਸਿੰਘ ਨੇ ਬਹੁਤ ਸਾਵਧਾਨੀ ਨਾਲ ਤੈਅ ਕੀਤਾ। ਨਾਲ-ਨਾਲ ਸੱਜੇ-ਖੱਬੇ ਵੇਖਦਿਆਂ ਉਹ ਘਰ ਪੁੱਜ ਗਏ। ਉਨ੍ਹਾਂ ਲਈ ਇਹ ਪ੍ਰੀਖਿਆ ਦਾ ਸਮਾਂ ਸੀ।
ਕਰਮ ਸਿੰਘ ਦੀ ਘਰਵਾਲੀ ਨੇ ਬਿਨਾ ਕੁਝ ਪੁੱਛਿਆਂ, ਕੁੜੀਆਂ ਨੂੰ ਅੰਦਰਲੀ ਕੋਠੜੀ ’ਚ ਆਰਾਮ ਕਰਨ ਲਈ ਸੰਭਾਲ ਲਿਆ। ਕੁੜੀਆਂ ਦੀ ਸੁੰਦਰਤਾ ’ਚ ਮਾਸੂਮੀਅਤ ਝਲਕ ਰਹੀ ਸੀ। ਰਤਨ ਕੌਰ ਬਾਲ-ਬੱਚਿਆਂ ਵਾਲੀ ਸੀ। ਮਾਂ ਦੀ ਮਮਤਾ ਵਾਂਗ ਉਸ ਨੇ ਕੁੜੀਆਂ ਨੂੰ ਧਰਾਸ ਦਿੱਤਾ। “ਬੱਚਿਓ, ਇਹ ਤੁਹਾਡੀਆਂ ਭੈਣਾਂ,” ਉਸ ਨੇ ਆਪਣੇ ਬੱਚਿਆਂ ਨਾਲ ਉਨ੍ਹਾਂ ਦੀ ਸਾਂਝ ਪੁਆਉਂਦਿਆਂ ਕਿਹਾ। ਇਹ ਅਜੀਬੋ-ਗਰੀਬ ਪਲ ਸਨ।
ਸ਼ਬੀਨਾ ਤੇ ਸ਼ਰੀਫਨ ਨੂੰ ਲੱਗਿਆ ਜਿਵੇਂ ਉਨ੍ਹਾਂ ਨੂੰ ਮਾਪੇ ਮਿਲ ਗਏ ਹੋਣ। ਅੱਗੇ ਕੀ ਹੋਵੇਗਾ, ਕਿਸੇ ਨੂੰ ਖ਼ਬਰ ਨਹੀਂ ਸੀ। ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਅੱਬਾ ਚਰਾਗ ਦੀਨ, ਅੰਮੀ ਬਸ਼ੀਰਾਂ ਤੇ ਬੀਰਾ ਹਮੀਦ ਤਾਂ ਤੀਜੇ ਦਿਨ ਕਹਿਰ ’ਚ ਮਾਰ ਦਿੱਤੇ ਤੇ ਅਸੀਂ ਕਿਵੇਂ ਨਾ ਕਿਵੇਂ ਜਾਨ ਬਚਾਉਂਦੀਆਂ ਖੇਤਾਂ ਵੱਲ ਨੂੰ ਭੱਜ ਪਈਆਂ। ਕਈਆਂ ਨੇ ਸਾਨੂੰ ਖੂਹ ’ਚ ਛਾਲ ਮਾਰਨ ਲਈ ਵੀ ਕਿਹਾ, ਪਰ ਸਾਨੂੰ ਜਾਨ ਪਿਆਰੀ ਸੀ। ਇਹ ਘਟਨਾ ਸੁਣਦੇ-ਸੁਣਦੇ ਕਰਮ ਸਿੰਘ ਤੇ ਰਤਨ ਕੌਰ ਨੂੰ ਉਹ ਕੁੜੀਆਂ ਬਹਾਦਰ ਲੱਗੀਆਂ ਤੇ ਕਿੰਨਾ ਕੁਝ ਇਤਿਹਾਸ ’ਚੋਂ ਪੜ੍ਹਿਆ ਚੇਤੇ ਆਉਣ ਲੱਗਿਆ।
ਰਾਤ ਸੌਣ ਲਈ ਮਜਬੂਰ ਕਰ ਰਹੀ ਸੀ। ਅੰਨ-ਭੋਜਨ ਛਕਣ ਪਿੱਛੋਂ ਸਾਰਿਆਂ ਨੂੰ ਨੀਂਦ ਆ ਗਈ। ਕਰਮ ਸਿੰਘ ਨੇ ਕਈ ਦਿਨ ਕੁੜੀਆਂ ਦੀ ਭਾਫ਼ ਨਾ ਕੱਢੀ। ਰੌਲਾ-ਰੱਪਾ ਬੰਦ ਹੋ ਗਿਆ। ਤਰ੍ਹਾ-ਤਰ੍ਹਾ ਕਰਦੇ ਲੋਕ ਇਸ ਕਹਿਰ ਨੂੰ ਕੋਸਣ ਲੱਗੇ, ਪਰ ਕੁਝ ਖਰਦਿਮਾਗ਼ ਸੂਹਾਂ ਵੀ ਲੈਂਦੇ ਰਹੇ। ਕਰਮ ਸਿੰਘ ਦਾ ਪਿੰਡ ’ਚ ਚੰਗਾ ਬੋਲ-ਬਾਲਾ ਸੀ। ਉਸ ਦੇ ਕੁਨਬੇ ਦੇ ਜੀਅ ਉਸ ਦੇ ਵਿਹਾਰ ਤੋਂ ਪ੍ਰਭਾਵਿਤ ਵੀ ਸਨ। ਉਸ ਨੇ ਆਪਣੇ ਭਾਈਚਾਰੇ ਤੇ ਪਿੰਡ ਦੇ ਮੋਹਤਬਰ ਬੰਦਿਆਂ ਨੂੰ ਉਨ੍ਹਾਂ ਕੁੜੀਆਂ ਦੀ ਹੱਡ-ਬੀਤੀ ਦਾ ਦੁਖਾਂਤ ਦੱਸ ਦਿੱਤਾ। ਪਿੰਡ ’ਚ ਵੀ ਠੰਢ-ਠੇਰ ਹੋ ਗਈ। ਆਲੇ-ਦੁਆਲੇ ਦੇ ਪਿੰਡਾਂ ਦੀਆਂ ਚੰਗੀਆਂ ਤੇ ਮਾੜੀਆਂ ਖ਼ਬਰਾਂ ’ਤੇ ਵਿਚਾਰਾਂ ਵੀ ਹੁੰਦੀਆਂ। ਇਹ ਖ਼ੂਨੀ ਦੌਰ ਹੌਲੀ-ਹੌਲੀ ਮੱਠਾ ਪਿਆ।
ਘਰ ’ਚ ਸ਼ਬੀਨਾ ਤੇ ਸ਼ਰੀਫਨ ਰਚ-ਮਿਚ ਗਈਆਂ। ਸਮਾਂ ਲੰਘਦਾ ਗਿਆ। ਘਰ ਦੇ ਜੀਆਂ ਵਾਂਗ ਉਹ ਕੰਮ ਕਰਦੀਆਂ ਤੇ ਕਦੇ-ਕਦੇ ਉਦਾਸ ਹੋ ਜਾਂਦੀਆਂ, ਪਰ ਕਰਮ ਸਿੰਘ ਆਪਣਾ ਧਰਮ ਨਿਭਾਉਂਦਾ ਰਿਹਾ। ਉਹ ਸੋਚਦੀਆਂ ਅਗਲਾ ਪੈਂਡਾ ਕਿਹੋ ਜਿਹਾ ਹੋਵੇਗਾ? ਸੁਪਨੇ ਲੈਣ ਦੀ ਉਮਰ ਤਾਂ ਝਰੀਟੀ ਗਈ ਸੀ। ਮਨ ’ਚ ਬੈਠਿਆ ਖ਼ੌਫ਼ ਨਿਕਲਣਾ ਬੜਾ ਔਖਾ ਸੀ। ਕਰਮ ਸਿੰਘ ਤੇ ਰਤਨ ਕੌਰ ਲਈ ਸਾਹਮਣੇ ਚੁਣੌਤੀਆਂ ਖੜੋਤੀਆਂ ਸਨ। ਦਿਨ ਤੇ ਮਹੀਨੇ ਲੰਘਦੇ ਗਏ। ਸਰਕਾਰੀ ਹੁਕਮ ਹੋਇਆ ਕਿ ਜਿਨ੍ਹਾਂ ਦੇ ਘਰ ਮੁਸਲਮਾਨਾਂ ਦਾ ਕੋਈ ਜੀਅ ਠਹਿਰਿਆ ਹੋਇਆ, ਉਸ ਨੂੰ ਮਿਲਟਰੀ ਦੀਆਂ ਗੱਡੀਆਂ ’ਚ ਬਿਠਾ ਕੇ ਕੈਂਪਾਂ ’ਚ ਹਾਜ਼ਰ ਕੀਤਾ ਜਾਵੇਗਾ ਤੇ ਪਾਕਿਸਤਾਨ ਭੇਜ ਦਿੱਤਾ ਜਾਵੇਗਾ। ਪਿੰਡ ਵਾਲੇ ਇਸ ਦੇ ਜ਼ਿੰਮੇਵਾਰ ਹੋਣਗੇ। ਕਈ ਦਿਨਾਂ ਤੋਂ ਇਹ ਖ਼ਬਰ ਪਿੰਡ ’ਚ ਪਹੁੰਚ ਗਈ ਸੀ। ਕਰਮ ਸਿੰਘ ਕਾਨੂੰਨਨ ਇੱਕ ਕੁੜੀ ਨੂੰ ਰੱਖ ਸਕਦਾ ਸੀ। ਉਸ ਨੇ ਆਪਣੀ ਘਰਵਾਲੀ ਨਾਲ ਸਲਾਹ ਕੀਤੀ। ਮੌਤ ਤੋਂ ਬਚਾਈਆਂ ਕੁੜੀਆਂ ਨੂੰ ਤੋਰਨਾ ਉਸ ਲਈ ਬਹੁਤ ਕਠਿਨ ਸੀ, ਕਿਉਂਕਿ ਕੁੜੀਆਂ ਨਾਲ ਮੋਹ ਹੀ ਐਨਾ ਪੈ ਗਿਆ ਸੀ। ਉਨ੍ਹਾਂ ਨੇ ਸੋਚ-ਸੋਚ ਕੇ ਇੱਕ ਫ਼ੈਸਲਾ ਕਰ ਹੀ ਲਿਆ। ਕਰਮ ਸਿੰਘ ਦਾ ਵੱਡਾ ਸਾਲਾ ਗੱਭਰੂ ਸੀ: ਹਰਜਸ ਸਿੰਘ। ਉਸ ਦੀ ਉਮਰ ਵੀ ਵੀਹ ਕੁ ਸਾਲ ਤੋਂ ਘੱਟ ਸੀ। ਸ਼ਬੀਨਾ ਦਾ ਵਿਆਹ ਕਰਨ ਦਾ ਜਿਗਰਾ ਕਰਕੇ, ਰਤਨ ਕੌਰ ਨੇ ਪਿੰਡ ਦੇ ਗੁਰਦੁਆਰੇ ਵਿਚ ਹੀ ਅਨੰਦ ਕਾਰਜ ਦੀ ਰਸਮ ਸਿਰੇ ਚੜ੍ਹਵਾ ਦਿੱਤੀ। ਸ਼ਬੀਨਾ ਹੁਣ ਸੁਰਜੀਤ ਕੌਰ ਬਣ ਗਈ ਸੀ। ਪਿੰਡ ਵਾਲਿਆਂ ਨੇ ਇਸ ਕਾਰਜ ਨੂੰ ਪਰਉਪਕਾਰ ਵਾਲਾ ਸਮਝਿਆ। ਦੋਵੇਂ ਘਰ ਵਸਣ ਦੀ ਖ਼ੁਸ਼ੀ ਮਨਾਈ ਗਈ। ਇੱਜ਼ਤ ਬਚਾਉਣੀ ਤੇ ਇੱਜ਼ਤ ਸਾਂਭਣੀ ਵੱਡਾ ਮਸਲਾ ਸੀ।
ਪਿੰਡ ’ਚ ਕੁਝ ਦਿਨ ਬਾਅਦ ਫ਼ੌਜੀ ਟਰੱਕ ਆਇਆ। ਛੋਟੀ ਕੁੜੀ ਸ਼ਰੀਫਨ ਨੂੰ ਤੋਰਨ ਦਾ ਵੇਲਾ ਆ ਗਿਆ। ਫ਼ੌਜੀ ਅਧਿਕਾਰੀਆਂ ਨੇ ਇਹ ਤਸੱਲੀ ਦਿਵਾਈ ਕਿ ਸ਼ਰੀਫਨ ਨੂੰ ਬਿਨਾ ਕਿਸੇ ਖ਼ਤਰੇ ਪਾਕਿਸਤਾਨ ਭੇਜਿਆ ਜਾਵੇਗਾ। ਹੋ ਵੀ ਕੀ ਸਕਦਾ ਸੀ! ਸਾਰਾ ਪਿੰਡ ਗ਼ਮਗੀਨ ਸੀ। ਔਰਤਾਂ ਹੰਝੂ ਵਹਾਅ ਰਹੀਆਂ ਸਨ। ਸ਼ਬੀਨਾ ਉਰਫ਼ ਸੁਰਜੀਤ ਕੌਰ ਦਾ ਆਪਣੀ ਛੋਟੀ ਭੈਣ ਤੋਂ ਵਿਛੜਨਾ ਝੱਲ ਨਹੀਂ ਸੀ ਹੋ ਰਿਹਾ। ਕਰਮ ਸਿੰਘ ਤੇ ਰਤਨ ਕੌਰ ਦੇ ਅੱਥਰੂ ਰੁਕ ਨਹੀਂ ਰਹੇ ਸਨ। ਉਨ੍ਹਾਂ ਨੇ ਸ਼ਰੀਫਨ ਨੂੰ ਪਾਲਿਆ ਸੀ, ਪਰ ਅੱਜ ਉਸ ਧੀ ਨੂੰ ਅੱਖਾਂ ਤੋਂ ਦੂਰ ਕਰਨ ਦਾ ਵੇਲਾ ਆ ਗਿਆ ਸੀ। ਉਨ੍ਹਾਂ ਨੇ ਸ਼ਰੀਫਨ ਨੂੰ ਕੁਝ ਰਕਮ, ਲੀੜੇ, ਹੱਥਾਂ-ਕੰਨਾਂ ਦੇ ਗਹਿਣੇ ਪਾ ਕੇ ਬੜੇ ਸ਼ਗਨਾਂ ਨਾਲ ਤੋਰਿਆ ਤੇ ਉਸ ਦੇ ਚੰਗੇਰੇ ਭਵਿੱਖ ਦੀ ਅਰਦਾਸ ਕੀਤੀ। ਪਿੰਡ ਦੇ ਸਾਰੇ ਹੀ ਲੋਕ ਉਦਾਸ ਸਨ। ਟਰੱਕ ਦੀ ਆਵਾਜ਼ ’ਚ ਸ਼ਰੀਫਨ ਦੇ ਹਟਕੋਰਿਆਂ ਦੀ ਆਵਾਜ਼ ਗੁੰਮ ਹੋ ਗਈ। ਧੂੜ ’ਚ ਬੜਾ ਕੁਝ ਗੁਆਚ ਗਿਆ ਸੀ। ਉਥੇ ਖੜੋਤੇ ਪਿੰਡ ਦੇ ਗ੍ਰੰਥੀ ਦੇ ਮੂੰਹੋਂ ਸ਼ਬਦ ਨਿਕਲੇ: “ਕੋਈ ਹਰਿਉ ਬੂਟ ਰਹਿਉ ਰੀ॥”