ਅਮਰੀਕੀ ਸਿੱਖ ਭਾਈਚਾਰੇ ਨੇ ਕੀਤੀ ਮੈਮੋਰੀਅਲ ਡੇਅ ਪਰੇਡ ਵਿੱਚ ਸ਼ਮੂਲੀਅਤ

ਖਬਰਾਂ

ਸ਼ਿਕਾਗੋ: ਅਮਰੀਕੀ ਸਿੱਖ ਭਾਈਚਾਰੇ ਨੇ ਲੰਘੇ ਦਿਨੀਂ ਹੋਈ ਮੈਮੋਰੀਅਲ ਡੇਅ ਨੂੰ ਸਮਰਪਿਤ ਪਰੇਡ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ। ਪਰੇਡ ਦੌਰਾਨ ਮੁੱਖ ਧਾਰਾ ਦੇ ਲੋਕਾਂ ਵੱਲੋਂ ਸਿੱਖ ਭਾਈਚਾਰੇ ਦੇ ਮੈਂਬਰਾਂ ਦਾ ਤਾੜੀਆਂ ਨਾਲ ਸਵਾਗਤ ਕੀਤਾ ਗਿਆ ਅਤੇ ਮੈਮੋਰੀਅਲ ਡੇਅ ਪਰੇਡ ਵਿੱਚ ਹਿੱਸਾ ਲੈਣ ਲਈ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਿੱਖ ਭਾਈਚਾਰੇ ਨੇ ਨੇਪਰਵਿਲ ਤੇ ਸ਼ਾਮਬਰਗ ਵਿੱਚ ਹੋਈ ਮੈਮੋਰੀਅਲ ਡੇਅ ਪਰੇਡ ਵਿੱਚ ਵੀ ਸ਼ਮੂਲੀਅਤ ਕੀਤੀ।

ਸ਼ਿਕਾਗੋ ਵਿੱਚ ਮੈਮੋਰੀਅਲ ਡੇਅ ਪਰੇਡ ਦੀ ਸ਼ੁਰੂਆਤ ਡੇਲੀ ਪਲਾਜ਼ਾ ਵਿਖੇ 1.2 ਮਿਲੀਅਨ ਤੋਂ ਵੱਧ ਨਾਇਕਾਂ ਨੂੰ ਯਾਦ ਕਰਦਿਆਂ ਫੁੱਲਾਂ ਦੀ ਰਸਮ ਨਾਲ ਕੀਤੀ ਗਈ, ਜਿਸ ਤੋਂ ਬਾਅਦ ਸਟੇਟ ਸਟ੍ਰੀਟ `ਤੇ ਇੱਕ ਪਰੇਡ ਹੋਈ। ਸ਼ਰਧਾਂਜਲੀ ਦੇਣ ਲਈ ਲੋਕਾਂ ਦੀ ਵੱਡੀ ਭੀੜ ਪਰੇਡ ਦੇ ਰਸਤੇ `ਤੇ ਲੱਗੀ ਹੋਈ ਸੀ। ਪਰੇਡ ਦਾ ਸਥਾਨਕ ਟੀ.ਵੀ. ਤੇ ਏ.ਬੀ.ਸੀ. ਟੀ.ਵੀ.-7 ਵਰਗੇ ਚੈਨਲਾਂ `ਤੇ ਸਿੱਧਾ ਪ੍ਰਸਾਰਨ ਵੀ ਕੀਤਾ ਗਿਆ।
ਦੇਸ਼ ਦੀਆਂ ਸਭ ਤੋਂ ਵੱਡੀਆਂ ਮੈਮੋਰੀਅਲ ਡੇਅ ਪਰੇਡਾਂ ਵਿੱਚੋਂ ਇੱਕ ਦੀ ਮੇਜ਼ਬਾਨੀ ਸ਼ਿਕਾਗੋ ਕਰਦਾ ਹੈ। ਕਈ ਮਾਰਚਿੰਗ ਬੈਂਡ, ਆਰ.ਓ.ਟੀ.ਸੀ. ਕੈਡੇਟ, ਵਰਦੀਧਾਰੀ ਸਿਪਾਹੀ, ਵੈਟਰਨ ਗਰੁੱਪ, ਮਿਲਟਰੀ ਜੀਪਾਂ ਅਤੇ ਹੋਰ ਵਾਹਨ ਸਨ, ਜੋ ਪਰੇਡ ਵਿੱਚ ਸ਼ਾਮਲ ਸਨ। ਮਾਰਚਿੰਗ ਬੈਂਡਾਂ ਵਿੱਚੋਂ ਇੱਕ ਅਮਰੀਕੀ ਸਿੱਖ ਭਾਈਚਾਰੇ ਦੁਆਰਾ ਸਜਾਇਆ ਗਿਆ ਫਲੋਟ ਵੀ ਸੀ, ਜੋ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਮਾਰੇ ਗਏ ਸਿੱਖ ਸੈਨਿਕਾਂ ਦੀ ਯਾਦ ਨੂੰ ਉਜਾਗਰ ਕਰਦਾ ਸੀ।
ਪਰੇਡ ਲੇਕ ਤੇ ਸਟੇਟ ਸਟ੍ਰੀਟਸ ਤੋਂ ਸ਼ੁਰੂ ਹੋਈ ਅਤੇ ਦੱਖਣ ਵੱਲ ਮਾਰਚ ਕਰਦੇ ਹੋਏ ਸਟੇਟ ਸਟ੍ਰੀਟ ਤੇ ਵੈਨ ਬੁਰੇਨ ਵਿਖੇ ਸਮਾਪਤ ਹੋਈ। ਦਰਸ਼ਕਾਂ ਵੱਲੋਂ ਤਾੜੀਆਂ ਦੀ ਗੜਗੜਾਹਟ ਨਾਲ ਲਾਲ ਪੱਗਾਂ, ਅਮਰੀਕੀ ਥੀਮ ਵਾਲੀ ਕਮੀਜ਼ ਤੇ ਕਾਲੇ ਰੰਗ ਦੀ ਪੈਂਟ ਨਾਲ ਪਰੇਡ ਵਿੱਚ ਮਾਰਚ ਕਰਦੇ ਸਿੱਖ ਭਾਈਚਾਰੇ ਦਾ ਸਵਾਗਤ ਕੀਤਾ ਗਿਆ। ਪਰੇਡ ਦੀ ਅਗਵਾਈ ਰਜਿੰਦਰ ਸਿੰਘ ਮਾਗੋ ਨੇ ਅਮਰੀਕਾ ਦੇ ਝੰਡੇ ਨਾਲ ਕੀਤੀ। ਸਰਵਣ ਸਿੰਘ ਬੋਲੀਨਾ ਅਤੇ ਡੈਲਸ ਨਾਮ ਦੀ ਅਮਰੀਕਨ ਮੁਟਿਆਰ ਵੱਲੋਂ ਵਿਸ਼ਵ ਯੁੱਧਾਂ ਵਿੱਚ ਸਿੱਖਾਂ ਦੇ ਯੋਗਦਾਨ ਦੇ ਨਾਲ ਵੱਡੇ ਖੰਡੇ ਵਾਲਾ ਬੈਨਰ ਵੀ ਚੁੱਕਿਆ ਹੋਇਆ ਸੀ। ਸਿੱਖ ਨਿਸ਼ਾਨ ਸਾਹਿਬ ਜੀਤ ਸਿੰਘ ਨੇ ਚੁੱਕਿਆ।
ਅਮਰੀਕੀ ਸਿੱਖ ਭਾਈਚਾਰਾ, ਜੋ ਸਾਲ 2012 ਤੋਂ ਸ਼ਾਮਬਰਗ ਮੈਮੋਰੀਅਲ ਡੇਅ ਪਰੇਡ ਵਿੱਚ ਹਿੱਸਾ ਲੈਂਦਾ ਆ ਰਿਹਾ ਹੈ, ਨੇ ਇੱਕ ਵਾਰ ਵੀ ਪਰੇਡ ਵਿੱਚ ਸ਼ਿਰਕਤ ਕੀਤੀ। ਸ਼ਾਮਬਰਗ ਪਰੇਡ ਵਿੱਚ ਸਿੱਖ ਭਾਈਚਾਰੇ ਦੀ ਸ਼ਮੂਲੀਅਤ ਦਾ ਪ੍ਰਬੰਧ ਅਵਤਾਰ ਸਿੰਘ ਔਲਖ, ਅਮਰੀਕ ਪਾਲ ਸਿੰਘ ਅਤੇ ਸਰਵਣ ਸਿੰਘ ਬੋਲੀਨਾ ਨੇ ਅਮਰੀਕਨ ਸਿੱਖ ਕਮਿਊਨਿਟੀ ਦੇ ਬੈਨਰ ਹੇਠ ਕੀਤਾ ਸੀ।
ਇਸ ਤੋਂ ਇਲਾਵਾ ਇਲੀਨਾਏ ਸਿੱਖ ਕਮਿਊਨਿਟੀ ਸੈਂਟਰ (ਗੁਰਦੁਆਰਾ ਵ੍ਹੀਟਨ) ਤਰਫੋਂ ਸਿੱਖ ਭਾਈਚਾਰੇ ਨੇ ਲਗਾਤਾਰ ਤੀਜੇ ਸਾਲ ਨੇਪਰਵਿਲ ਦੀ ਮੈਮੋਰੀਅਲ ਡੇਅ ਪਰੇਡ ਵਿੱਚ ਹਿੱਸਾ ਲਿਆ। ਪਰੇਡ ਫਲੋਟ ਨੂੰ ਸਾਲ 2022 ਤੋਂ ਗੁਰਦੁਆਰਾ ਵ੍ਹੀਟਨ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਹੈ। ਵਧੀਆ ਸਜਾਏ ਗਏ ਸਿੱਖ ਭਾਈਚਾਰੇ ਦੇ ਇਸ ਫਲੋਟ `ਤੇ ਵੀ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਏ ਸਿੱਖ ਸੈਨਿਕਾਂ ਨੂੰ ਉਜਾਗਰ ਕੀਤਾ ਗਿਆ। ਫਲੋਟ ਦੇ ਦੋਵੇਂ ਪਾਸੇ ਅਮਰੀਕਾ ਦੇ ਝੰਡੇ, ਨਿਸ਼ਾਨ ਸਾਹਿਬ ਅਤੇ ਵੱਡੇ-ਵੱਡੇ ਪੋਸਟਰ ਲੱਗੇ ਹੋਏ ਸਨ। ਦੋਵਾਂ ਵਿਸ਼ਵ ਯੁੱਧਾਂ ਵਿੱਚ ਬਹਾਦਰ ਸਿੱਖ ਸੈਨਿਕਾਂ ਦੇ ਯੋਗਦਾਨ ਨੂੰ ਦਰਸਾਉਂਦੇ ਪੋਸਟਰਾਂ ਵਿੱਚ ਬ੍ਰਿਟਿਸ਼ ਫੌਜ ਦੇ ਅਧਿਕਾਰੀਆਂ, ਇਤਿਹਾਸਕਾਰਾਂ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੇ ਹਵਾਲੇ ਵੀ ਦਿਖਾਏ ਗਏ ਸਨ।
ਪਰੇਡ ਸ਼ੁਰੂ ਕਰਨ ਤੋਂ ਪਹਿਲਾਂ ਭਾਈ ਮਹਿੰਦਰ ਸਿੰਘ ਨੇ ਅਰਦਾਸ ਕੀਤੀ। ਜਥੇ ਵਿੱਚ ਰਾਜਿੰਦਰ ਸਿੰਘ ਮਾਗੋ, ਰੋਜਰ ਸਿੰਘ ਚਾਵਲਾ ਅਤੇ ਭਾਈ ਮਹਿੰਦਰ ਸਿੰਘ ਸਮੇਤ ਹੋਰ ਸਿੱਖ ਸ਼ਖਸੀਅਤਾਂ ਨੇ ਨਿਸ਼ਾਨ ਸਾਹਿਬ, ਬੈਨਰ ਅਤੇ ਅਮਰੀਕੀ ਝੰਡਿਆਂ ਨਾਲ ਫਲੋਟ ਦੀ ਅਗਵਾਈ ਕਰਦਿਆਂ ਇੱਕ ਮੀਲ ਤੱਕ ਪਰੇਡ ਵਿੱਚ ਮਾਰਚ ਕੀਤਾ। ਵੱਖ-ਵੱਖ 45 ਐਂਟਰੀਆਂ, ਪਰੇਡ ਵਿੱਚ ਸਕੂਲੀ ਬੈਂਡ, ਐਂਟੀਕ ਕਾਰਾਂ ਅਤੇ ਮਿਲਟਰੀ ਜੈੱਟ ਸ਼ਾਮਲ ਸਨ। ਪਰੇਡ ਨੂੰ ਦੇਖਣ ਲਈ ਹਜ਼ਾਰਾਂ ਲੋਕ ਮੌਜੂਦ ਸਨ। ਦਰਸ਼ਕਾਂ ਨੇ ਲਾਲ, ਚਿੱਟੇ ਅਤੇ ਨੀਲੇ ਰੰਗ ਦੇ ਕੱਪੜੇ ਵੀ ਪਹਿਨੇ ਹੋਏ ਸਨ, ਜੋ ਪੂਰੀ ਪਰੇਡ ਵਿੱਚ ਇੱਕ ਵੱਡੇ ਅਮਰੀਕੀ ਝੰਡੇ ਦਾ ਪ੍ਰਭਾਵ ਦਿੰਦੇ ਸਨ। ਦਰਸ਼ਕਾਂ ਨੇ ਸ਼ਹੀਦ ਅਮਰੀਕੀ ਅਤੇ ਸਿੱਖ ਸੈਨਿਕਾਂ ਨੂੰ ਯਾਦ ਕਰਨ ਲਈ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ ਅਤੇ ਸ਼ਰਧਾਂਜਲੀ ਦਿੱਤੀ।
ਪਰੇਡ ਤੋਂ ਬਾਅਦ ਪਾਰਕ ਵਿੱਚ ਗੁਰਦੁਆਰਾ ਵ੍ਹੀਟਨ ਵੱਲੋਂ ਲੰਗਰ (ਰਾਜਮਾਂਹ ਅਤੇ ਚੌਲ਼) ਵਰਤਾਇਆ ਗਿਆ। ਸਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਅਗਲੇ ਸਾਲ ਵੀ ਪਰੇਡ ਵਿੱਚ ਸ਼ਿਰਕਤ ਕਰਨ ਦਾ ਵਾਅਦਾ ਕੀਤਾ। ਨੇਪਰਵਿਲ ਵਿੱਚ ਮੈਮੋਰੀਅਲ ਡੇਅ ਪਰੇਡ ਵਿੱਚ ਹਿੱਸਾ ਲੈਣ ਦਾ ਸਭ ਤੋਂ ਵਧੀਆ ਅਹਿਸਾਸ ਇਹ ਸੀ ਕਿ ਇਹ ਆਂਢ-ਗੁਆਂਢ ਵਿੱਚ ਸਥਾਨਕ ਸਿੱਖ ਭਾਈਚਾਰੇ ਦਾ ਪ੍ਰਭਾਵ ਪਾਉਂਦਾ ਹੈ, ਜਿੱਥੇ ਸਾਡੇ ਭਾਈਚਾਰੇ ਦੇ ਪਰਿਵਾਰ ਰਹਿੰਦੇ ਹਨ ਅਤੇ ਬੱਚੇ ਸਕੂਲ ਜਾਂਦੇ ਹਨ। ਰੋਜਰ ਸਿੰਘ ਚਾਵਲਾ ਨੇ ਇੱਕ ਸਥਾਨਕ ਰੈਸਟੋਰੈਂਟ ਵਿੱਚ ਸਿੱਖ ਪ੍ਰਤੀਭਾਗੀਆਂ ਲਈ ਕੌਫੀ ਤੇ ਆਈਸਕ੍ਰੀਮ ਦਾ ਪ੍ਰਬੰਧ ਕੀਤਾ। ਸਾਰਿਆਂ ਨੇ ਗੁਰਦੁਆਰਾ ਵ੍ਹੀਟਨ ਦੇ ਪ੍ਰਬੰਧਕਾਂ ਦੇ ਸਹਿਯੋਗ ਅਤੇ ਸਪਾਂਸਰਸ਼ਿਪ ਲਈ ਧੰਨਵਾਦ ਕੀਤਾ।

Leave a Reply

Your email address will not be published. Required fields are marked *