ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿੱਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ। ਆਪਣੇ ਇਤਿਹਾਸ ਵਿੱਚ ਬੀਜੇ ਆਦਰਸ਼ ਆਪਣੇ ਅਸਲ ਨਾਇਕਾਂ ਦੀ ਤਾਲਾਸ਼ ਵਿੱਚ ਸਦਾ ਪੰਜਾਬ ਦੀ ਜਵਾਨੀ ਨੂੰ ਬੇਚੈਨ ਰੱਖਦੇ ਹਨ। ਮੀਡੀਆ ਖੇਤਰ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ ਲੇਖਕ ਜਸਵੀਰ ਸਿੰਘ ਸ਼ੀਰੀ ਨੇ ਇਸ ਨਾਵਲ ਵਿੱਚ ਪੰਜਾਬ ਦੀ ਇਸ ਬੇਚੈਨ ਆਤਮਾ ਨੂੰ ਹੀ ਸੰਬੋਧਨ ਹੋਣ ਦੀ ਕੋਸ਼ਿਸ਼ ਕੀਤੀ ਹੈ। ਇਹ ਨਾਵਲ ਅਸੀਂ ਕਿਸ਼ਤ-ਦਰ-ਕਿਸ਼ਤ ਪ੍ਰਕਾਸ਼ਿਤ ਕਰ ਰਹੇ ਹਾਂ…
ਜਸਵੀਰ ਸਿੰਘ ਸ਼ੀਰੀ
ਫੋਨ: +91-6280574657
ਉਧਰ ਦਿਲਬਾਗ ਦਾ ਜੇਲ੍ਹ ਵਿੱਚ ਜਿਉਂ ਜਿਉਂ ਵੱਧ ਸਮਾਂ ਬੀਤ ਰਿਹਾ ਸੀ, ਉਸ ਨੂੰ ਤਰ੍ਹਾਂ ਤਰ੍ਹਾਂ ਦੇ ਮੁਜ਼ਰਮਾਂ/ਸਿਆਸੀ ਕੈਦੀਆਂ ਨੂੰ ਮਿਲਣ ਦਾ ਮੌਕਾ ਮਿਲ ਰਿਹਾ ਸੀ। ਜੇਬਕਤਰਿਆਂ ਤੋਂ ਲੈ ਕੇ ਪ੍ਰੋਫੈਸ਼ਨਲ ਕਾਤਲਾਂ ਤੱਕ। ਉਹਨੂੰ ਜ਼ੁਰਮਾਂ ਦੀਆਂ ਕਿਸਮਾਂ ਦੀ ਵੀ ਵਧੇਰੇ ਸਮਝ ਆਉਣ ਲੱਗੀ। ਜੇਲ੍ਹ ਅਫਸਰਾਂ/ਵਾਰਡਨਾਂ ਦਾ ਵਰਤਾਵ ਵੀ ਉਹਦੀ ਸਮਝ ਵਿੱਚ ਆਉਣ ਲੱਗਾ। ਦਿਲਬਾਗ ਦੀ ਮਾਂ, ਭੈਣ, ਅਤੇ ਵੀਰਦੀਪ ਤਕਰੀਬਨ ਹਰ ਹਫਤੇ ਉਹਦੀ ਮੁਲਾਕਾਤ ਨੂੰ ਆਉਂਦੇ। ‘ਇਹ ਵੀ ਸਾਲਾ ਇੱਕ ਕਾਲਜ ਈ ਆ, ਕਾਲਜ ਕਿਉਂ ਇਹ ਤਾਂ ਯੂਨੀਵਰਸਿਟੀ ਲਗਦੀ। ਬਿਨਾ ਪੜ੍ਹਾਏ, ਬਿਨਾ ਅਧਿਆਪਕਾਂ ਦੇ ਹੀ ਬੰਦਾ ਬਹੁਤ ਕੁਝ ਸਿੱਖੀ ਜਾਂਦਾ।’ ਦਿਲਬਾਗ ਸੋਚਦਾ।
‘ਬਾਹਰ ਸਾਲਾ ਸੁਧਾਰ ਘਰ ਲਿਖਿਆ, ਅੰਦਰ ਜ਼ੁਰਮਾਂ ਦੀ ਸਿੱਖਿਆ ਮਿਲੀ ਜਾਂਦੀ। ਫਲਾਣਾ ਜ਼ੁਰਮ ਕਿਵੇਂ ਕਰਨਾ, ਕਿਵੇਂ ਬਚਣਾ, ਸਰਕਾਰ ਦੇ ਪੁਲਿਸ ਦੀਆਂ ਅੱਖਾਂ ਵਿੱਚ ਘੱਟਾ ਕਿਵੇਂ ਪਾਉਣਾ। ਇੰਨੀ ਸਿੱਖਿਆ ਦੇ ਬਾਵਜੂਦ ਇਹ ਲੋਕ ਕਾਨੂੰਨ ਦੇ ਜਾਲ਼ ਵਿੱਚ ਫਸ ਜਾਂਦੇ।’ ਹਰ ਘਟਨਾ/ਵਰਤਾਰੇ ਨੂੰ ਸ਼ੁਗਲ ਮੇਲਾ ਸਮਝਣ ਵਾਲਾ ਦਿਲਬਾਗ ਸਿੰਘ ਹੁਣ ਚੀਜ਼ਾਂ ਬਾਰੇ ਗੰਭੀਰਤਾ ਨਾਲ ਸੋਚਣ ਲੱਗਾ ਸੀ। ਇਹ ਸ਼ਾਇਦ ਰਾਜਨੀਤੀ ਵਿਗਿਆਨ ਦੀ ਐਮ.ਏ. ਵਿੱਚ ਕੀਤੀ ਪੜ੍ਹਾਈ ਦਾ ਅਸਰ ਹੋਵੇ। ਜੇਲ੍ਹ ਵਿੱਚ ਉਸ ਨੂੰ ਇੱਕ ਬਜ਼ੁਰਗ ਮਿਲਿਆ ਜੋ ਪਿਛਲੇ 22 ਸਾਲ ਤੋਂ ਜੇਲ੍ਹ ਵਿੱਚ ਬੰਦ ਸੀ। ਪੰਜਾਬ ਵਿੱਚ ਚੱਲੀ ਖਾੜਕੂ ਸਿੱਖ ਲਹਿਰ ਵਿੱਚ ਇੱਕ ਕਤਲ ਦੇ ਕੇਸ ਵਿੱਚ ਜਦੋਂ ਉਹ ਜੇਲ੍ਹ ਪੁੱਜਾ 35 ਕੁ ਸਾਲਾਂ ਦੀ ਸੀ। ਕਾਲੀ ਸ਼ਾਹ ਦਾਹੜੀ ਤੇ ਭਰਵਾਂ ਜੁੱਸਾ। ਸਰੀਰ ਤਾਂ ਭਾਵੇਂ ਉਸ ਦਾ ਹਾਲੇ ਵੀ ਉਹੋ ਜਿਹਾ ਹੀ ਸੀ, ਪਰ ਦਾਹੜੀ ਪੂਰੀ ਤਰ੍ਹਾਂ ਸਫੈਦ ਹੋ ਗਈ ਸੀ। ਉਸ ਦੇ ਦੋ ਬੱਚੇ ਅਤੇ ਪਤਨੀ ਪੁਲਿਸ ਦੇ ਰੋਜ਼ ਦੇ ਫੇਰਿਆਂ ਤੋਂ ਤੰਗ ਆਣ ਕੇ ਜ਼ਮੀਨ ਵੇਚ ਕੇ ਅਮਰੀਕਾ ਜਾ ਵੱਸੇ ਸਨ। ਡੰਗਰ-ਵੱਛਾ ਵਿਕ ਗਿਆ ਸੀ ਅਤੇ ਘਰ ਨੂੰ ਜਿੰਦਾ ਲੱਗਾ ਹੋਇਆ ਸੀ। ਉਸ ਬੰਦੇ ਨੇ ਜ਼ਬਾਨੀ ਕਲਾਮੀ ਪਿਛਲੇ ਪੰਜਾਹ ਕੁ ਸਾਲਾ ਦਾ ਪੰਜਾਬ/ਸਿੱਖਾਂ ਦਾ ਇਤਿਹਾਸ ਦਿਲਬਾਗ ਨੂੰ ਸੁਣਾਇਆ। ਦਿਲਬਾਗ ਤਕਰੀਬਨ ਰੋਜ਼ ਉਸ ਦੀ ਹਾਜ਼ਰੀ ਭਰਨ ਲੱਗਾ। ਪੰਜਾਬ ਨਾਲ ਕੇਂਦਰ ਸਰਕਾਰ ਵੱਲੋਂ ਕੀਤੇ ਜਾਂਦੇ ਰਹੇ ਵਿਤਕਰਿਆਂ ਦੀ ਇਹ ਲੰਮੀ ਕਹਾਣੀ ਸੁਣਦਿਆਂ ਦਿਲਬਾਗ ਨੂੰ ਫੁੱਟਬਾਲ ਦੀ ਖੇਡ ਵਿੱਚ ਆਪਣੇ ਨਾਲ ਹੋਈ ਬੇਇਨਸਾਫੀ ਵੀ ਸਮਝ ਆਉਣ ਲੱਗੀ। ਨਾਲ ਹੀ ਉਸ ਨੂੰ ਇਹ ਵੀ ਸਮਝ ਆਇਆ ਕਿ ਸਾਡੇ ਪੁਰਖੇ ਕੁਝ ਆਪਣੀਆਂ ਕਮੀਆਂ ਕਰਕੇ ਵੀ ਹਾਰਦੇ ਰਹੇ ਹਨ। ਇਨ੍ਹਾਂ ਗੱਲਾਂਬਾਤਾਂ ਵਿੱਚ ਉਸਨੂੰ ਆਪਣੇ ਸੁਭਾਅ ਦੀਆਂ ਕਮੀਆਂ ਦਾ ਵੀ ਅਹਿਸਾਸ ਹੋਣ ਲੱਗਾ। ਇਹ ਉਹੋ ਕਮੀਆਂ ਸਨ, ਜਿਨ੍ਹਾਂ ਕਰਕੇ ਪੰਜਾਬ ਦੇ ਲੋਕ ਜੰਗਾਂ ਜਿੱਤ ਕੇ ਵੀ ਸਿਆਸੀ ਲੜਾਈ ਹਾਰ ਜਾਂਦੇ ਰਹੇ ਸਨ। ਉਸ ਨੂੰ ਲੱਗਣ ਲੱਗਾ ਕਿ ਇਹ ਕਮੀਆਂ ਸਾਨੂੰ ਪੀੜ੍ਹੀ-ਦਰ-ਪੀੜ੍ਹੀ ਵਿਰਾਸਤ ਵਿੱਚ ਮਿਲੀਆਂ ਹਨ। ਇਸ ਤਰ੍ਹਾਂ ਹੌਲੀ ਹੌਲੀ ਉਸ ਨੇ ਆਪਣੇ ਸੁਭਾਅ ਵਿੱਚ ਮੌਜੂਦ, ਜਲਦਬਾਜ਼ੀ, ਜਜ਼ਬਾਤੀਪੁਣਾ ਅਤੇ ਗੁੱਸੇ ਨੂੰ ਕਾਬੂ ਕਰਨ ਲਈ ਕੰਮ ਕਰਨਾ ਸ਼ੁਰੂ ਕੀਤਾ। ਇਸ ਵਾਸਤੇ ਉਹਨੇ ਵੀਰਦੀਪ ਨੂੰ ਆਖ ਕੇ ਕੁਝ ਮਨੋਵਿਗਿਆਨ ਦੀਆਂ ਕਿਤਾਬਾਂ ਵੀ ਮੰਗਵਾਈਆਂ।
‘ਇਹ ਕੀ ਪੜ੍ਹਨ ਲੱਗ ਪਿਆਂ ਤੂੰ’ ਵੀਰਦੀਪ ਪੁੱਛਣ ਲੱਗਾ।
‘ਕੁਸ਼ ਨੀ, ਬਸ ਆਪਣੇ ਆਪ ਨੂੰ ਸਮਝਣ ਲਈ ਇਹ ਕਿਤਾਬਾਂ ਜ਼ਰੂਰੀ ਲੱਗੀਆਂ’ ਦਿਲਬਾਗ ਨੇ ਜੁਆਬ ਦਿੱਤਾ।
‘ਦਿਲਬਾਗ ਸਿਆਂ ਤੂੰ ਵੀ ਹੁਣ ਪੜ੍ਹਾਕੂ ਹੋ ਚੱਲਿਆਂ’ ਵੀਰਦੀਪ ਨੇ ਵਿਅੰਗ ਕੀਤਾ।
‘ਬਸ ਲੋੜ ਅਨੁਸਾਰ ਹੀ ਪੜ੍ਹਦਾਂ, ਕਿਤਾਬੀ ਕੀੜਾ ਬਣਨ ਲਈ ਨਹੀਂ’ ਦਿਲਬਾਗ ਨੇ ਸਹਿਜ ਸੁਭਾਅ ਜੁਆਬ ਦਿੱਤਾ। ਫਿਰ ਉਨ੍ਹਾਂ ਨੇ ਕੇਸ ਅਤੇ ਜ਼ਮਾਨਤ ਬਾਰੇ ਕੁਝ ਗੱਲਬਾਤ ਕੀਤੀ ਅਤੇ ਜਦ ਨੂੰ ਮੁਲਾਕਾਤ ਦਾ ਸਮਾਂ ਖਤਮ ਹੋ ਗਿਆ। ਅੱਜ ਮੁਲਾਕਾਤ ਤੋਂ ਵਾਪਸ ਪਰਤਦਿਆਂ ਵੀਰਦੀਪ ਦਿਲਬਾਗ ਨੂੰ ਆਪਣੇ ਹੋਰ ਨੇੜੇ ਜਾਪਣ ਲੱਗਾ ਸੀ। ਉਸ ਨੂੰ ਲੱਗਣ ਲੱਗਾ ਕਿ ਹੁਣ ਇਹ ਲੀਹ ਉੱਪਰ ਆ ਰਿਹਾ ਹੈ।
—
ਦਿਲਬਾਗ ਨੂੰ ਜ਼ਮਾਨਤ ‘ਤੇ ਜੇਲ੍ਹ ਵਿੱਚੋਂ ਬਾਹਰ ਆਉਂਦਿਆਂ ਸਾਲ ਕੁ ਦਾ ਸਮਾਂ ਲੱਗ ਗਿਆ। ਇੰਜ ਪੜ੍ਹਾਈ ਵੱਲੋਂ ਉਸ ਦਾ ਸਾਲ ਮਾਰਿਆ ਗਿਆ। ਵੀਰਦੀਪ ਨੇ ਉਸ ਨੂੰ ਐਮ.ਏ. ਕੰਪਲੀਟ ਕਰਨ ਦੀ ਸਲਾਹ ਦਿੱਤੀ, ਪਰ ਦਿਲਬਾਗ ਹੁਣ ਦੁਬਾਰਾ ਉਸੇ ਕਾਲਜ ਜਾਣ ਦਾ ਇਛੁੱਕ ਨਹੀਂ ਸੀ। ਇੱਕ ਤਾਂ ਉਂਝ ਹੀ ਉਹ ਸ਼ਰਮ ਮੰਨਦਾ ਸੀ, ਦੂਜਾ ਵੀਰਦੀਪ ਦੇ ਜਾਣ ਤੋਂ ਬਾਅਦ ਉਥੇ ਉਸ ਨੇ ਇਕੱਲਾ ਰਹਿ ਜਾਣਾ ਸੀ ਅਤੇ ਕਾਲਜੀਏਟ ਸਿਆਸਤ ਵਿੱਚ ਵਿਰੋਧੀ ਗਰੁੱਪ ਦੇ ਭਾਰੂ ਹੋ ਜਾਣ ਦੇ ਆਸਾਰ ਸਨ। ਇਸ ਹਾਲਤ ਵਿੱਚ ਦਿਲਬਾਗ ਦਾ ਉਥੇ ਰੈਗੂਲਰ ਵਿਦਿਆਰਥੀ ਵਜੋਂ ਪੜ੍ਹਨ ਦਾ ਮਾਹੌਲ ਨਹੀਂ ਸੀ ਰਹਿ ਜਾਣਾ। ਇਸ ਦੇ ਨਾਲ ਹੀ ਹੁਣ ਉਹ ਨਿੱਕੇ ਮੋਟੇ ਝਗੜਿਆਂ ਵਿੱਚ ਪੈਣਾ ਨਹੀਂ ਸੀ ਚਾਹੁੰਦਾ। ਜਿਨ੍ਹਾਂ ਮੁੰਡਿਆਂ ਨੇ ਦਿਲਬਾਗ ਹੋਰਾਂ ਵੱਲੋਂ ਗੋਲੀ ਚਲਾਈ ਸੀ, ਆਖਿਰ ਪੁਲਿਸ ਨੇ ਉਨ੍ਹਾਂ ਦੀ ਪਹਿਚਾਣ ਕਰ ਲਈ। ਕਾਲਜ ਵਿੱਚੋਂ ਹੀ ਕਿਸੇ ਨੇ ਮੁਖਬਰੀ ਕਰ ਦਿੱਤੀ ਸੀ ਤੇ ਪੁਲਿਸ ਨੇ ਉਨ੍ਹਾਂ ਦੇ ਘਰਾਂ ‘ਤੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ। ਦਿਲਬਾਗ ਨੇ ਉਨ੍ਹਾਂ ਨੂੰ ਪੁਲਿਸ ਕੋਲ ਪੇਸ਼ ਹੋਣ ਤੋਂ ਮਨ੍ਹਾਂ ਕਰ ਦਿੱਤਾ। ਪੁਲਿਸ ਨੇ ਉਨ੍ਹਾਂ ਦੇ ਘਰਾਂ ਦੇ ਕਈ ਜੀਅ ਚੁੱਕ ਲਏ, ਪਰ ਜਦੋਂ ਅਖਬਾਰਾਂ ਵਿੱਚ ਰੌਲਾ ਰੱਪਾ ਪਿਆ ਅਤੇ ਪਿੰਡਾਂ ਦੇ ਮੋਹਤਬਰਾਂ ਨੇ ਪੁਲਿਸ ਕੋਲ ਪਹੁੰਚ ਕੀਤੀ। ਕੁਝ ਦਿਨਾਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਛੱਡ ਦਿੱਤਾ। ਉਦੋਂ ਦਿਲਬਾਗ ਹਾਲੇ ਅੰਦਰ ਹੀ ਸੀ। ਦਿਲਬਾਗ ਬਾਹਰ ਆਇਆ ਤਾਂ ਉਹ ਮਿੱਥੇ ਟਿਕਾਣੇ ‘ਤੇ ਮੁੰਡਿਆਂ ਨੂੰ ਮਿਲਿਆ। ਦੋਵੇਂ ਮੁੰਡੇ ਚੜ੍ਹਦੀ ਕਲਾ ਵਿੱਚ ਸਨ। ਕਾਲਜ ਵੱਲੋਂ ਖੇਡਣ ਵਾਲੀ ਕਬੱਡੀ ਟੀਮ ਦੇ ਉਹ ਮੈਂਬਰ ਰਹੇ ਸਨ। ਖਰਚੇ ਵੱਲੋਂ ਮੁੰਡਿਆਂ ਦਾ ਹੱਥ ਤੰਗ ਹੋਇਆ ਪਿਆ ਸੀ। ਪੈਸੇ ਦੀ ਤੰਗੀ ਹੱਲ ਕਰਨ ਲਈ ਉਨ੍ਹਾਂ ਆਪਣੇ ਇਲਾਕੇ ਦੇ ਇੱਕ ਕਸਬੇ ਦੀ ਬੈਂਕ ਲੁੱਟਣ ਦੀ ਯੋਜਨਾ ਬਣਾਈ। ਕੁਝ ਦਿਨ ਉਹ ਸੰਬੰਧਤ ਬੈਂਕ ਦੀ ਰੈਕੀ ਕਰਦੇ ਰਹੇ। ਉਨ੍ਹਾਂ ਦੁਪਹਿਰ ਇੱਕ ਵਜੇ ਦੇ ਕਰੀਬ ਬੈਂਕ ਵਿੱਚ ਡਾਕਾ ਮਾਰਨ ਦਾ ਮਤਾ ਪਕਾਇਆ। ਇਸ ਮੌਕੇ ਬੈਂਕ ਵਿੱਚ ਤਕੜੀ ਰਕਮ ਇਕੱਠੀ ਹੋ ਜਾਂਦੀ ਸੀ। ਇਸ ਕਾਰਜ ਲਈ ਉਨ੍ਹਾਂ ਨੇ ਅਗਲੇ ਵੀਰਵਾਰ ਦਾ ਦਿਨ ਮਿੱਥਿਆ। ਇੱਕ ਫਰਜ਼ੀ ਨੰਬਰ ਵਾਲੀ ਫੀਗੋ ਗੱਡੀ ਵਿੱਚ ਉਹ ਬੈਂਕ ਪਹੁੰਚੇ। ਉਨ੍ਹਾਂ ਨੇ ਇੱਕ ਹੋਰ ਹਥਿਆਰ ਦਾ ਇੰਤਜ਼ਾਮ ਕਰ ਲਿਆ ਸੀ। ਸਭ ਤੋਂ ਪਹਿਲਾਂ ਉਨ੍ਹਾਂ ਬੈਂਕ ਦੇ ਗੰਨਮੈਨ ਨੂੰ ਦਬੋਚਿਆ। ਤਿੰਨੋਂ ਮੁੰਡੇ ਛਵੀਆਂ ਵਰਗੇ ਸਨ ਤੇ ਗੰਨਮੈਨ ਦਰਮਿਆਨੇ ਕੱਦ ਦਾ ਢਿੱਡਲ ਜਿਹਾ ਬੰਦਾ ਸੀ। ਦੋਨੋ ਛੋਟੇ ਮੁੰਡੇ ਜਦੋਂ ਗੰਨਮੈਨ ਨਾਲ ਉਲਝੇ ਹੋਏ ਸਨ ਤਾਂ ਕੈਸ਼ੀਅਰ ਨੇ ਆਪਣੇ ਆਪ ਨੂੰ ਇੱਕ ਕਮਰੇ ਵਿੱਚ ਬੰਦ ਕਰਨ ਦਾ ਯਤਨ ਕੀਤਾ। ਦਿਲਬਾਗ ਨੇ ਬੂਹੇ ਵਿੱਚ ਆਪਣੀ ਬਾਂਹ ਦੇ ਦਿੱਤੀ ਅਤੇ ਕੈਸ਼ੀਅਰ ਨੂੰ ਬਾਹਰ ਖਿੱਚ ਲਿਆ।
‘ਜੇ ਬਹੁਤੀ ਹੁਸ਼ਿਆਰੀ ਕੀਤੀ ਤਾਂ ਤੁਹਾਡੇ ਖੋਪਰ ਉਡਾ ਦਿਆਂਗੇ।’ ਉਹਦੀ ਗਰਜ ਨਾਲ ਬੈਂਕ ਦੀ ਪੂਰੀ ਬਿਲਡਿੰਗ ਗੂੰਜੀ। ਉਨ੍ਹਾਂ ਸਣੇ ਬੈਂਕ ਵਿੱਚ ਆਏ ਕਸਟਮਰਾਂ ਦੇ, ਸਾਰਿਆਂ ਨੂੰ ਘੇਰ ਕੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਸਾਰਿਆਂ ਦੇ ਮੋਬਾਈਲ ਫੋਨ ਲੈ ਲਏ। ਲੈਂਡਲਾਈਨ ਫੋਨ ਤੇ ਅਲਾਰਮ ਦੀਆਂ ਤਾਰਾਂ ਉਨ੍ਹਾਂ ਪਹਿਲਾਂ ਹੀ ਕੱਟ ਦਿੱਤੀਆਂ ਸਨ। ਗੰਨਮੈਨ ਵੀ ਉਸੇ ਕਮਰੇ ਵਿੱਚ ਤਾੜ ਦਿੱਤਾ ਗਿਆ, ਜਿਸ ਵਿੱਚ ਬਾਕੀ ਬੰਦ ਸਨ। ਦਿਲਬਾਗ ਨੇ ਆਖਰੀ ਗੱਲ ਕਹੀ, ‘ਕਿਸੇ ਨੇ ਵੀ ਪੁਲਿਸ ਨੂੰ ਸੂਚਨਾ ਦੇਣ ਦਾ ਯਤਨ ਕੀਤਾ, ਤੁਹਾਡੇ ਪਰਿਵਾਰ ਥੋਨੂੰ ਸਦਾ ਲਈ ਉਡੀਕਦੇ ਰਹਿ ਜਾਣਗੇ।’ ਦਿਲਬਾਗ ਨੇ ਭਰਵੀਂ ਆਵਾਜ਼ ਵਿੱਚ ਇਹ ਲਫਜ਼ ਕਹੇ। ਬੈਂਕ ਵਿੱਚ ਸੁੰਨ ਪਸਰ ਗਈ। ਉਨ੍ਹਾਂ ਅਖੀਰ ਕੈਸ਼ੀਅਰ ਨੂੰ ਬਾਹਰ ਕੱਢਿਆ ਤੇ ਕੈਸ਼ ਉਨ੍ਹਾਂ ਦੇ ਹਵਾਲੇ ਕਰਨ ਲਈ ਕਿਹਾ। ਦੋਨੋਂ ਛੋਟੇ ਮੁੰਡੇ ਆਸੇ-ਪਾਸੇ ਨਿਗਾਹ ਰੱਖ ਰਹੇ ਸਨ ਤੇ ਦਿਲਬਾਗ ਬਾਕੀ ਕਾਰਵਾਈ ਨੂੰ ਅੰਜਾਮ ਦੇ ਰਿਹਾ ਸੀ। ਜਾਂਦੇ ਹੋਏ ਉਹ ਟੇਢੇ-ਮੇਢੇ ਰਾਹਾਂ ਤੋਂ ਕਸਬੇ ਤੋਂ ਬਾਹਰ ਨਿਕਲੇ ਅਤੇ ਪਿੰਡਾਂ ਵੱਲ ਜਾਂਦੇ ਕੱਚੇ ਰਾਹਾਂ ‘ਤੇ ਅਲੋਪ ਹੋ ਗਏ। ਇਸ ਡਾਕੇ ਵਿੱਚ ਚਾਲੀ ਲੱਖ ਰੁਪਏ ਉਨ੍ਹਾਂ ਦੇ ਹੱਥ ਲੱਗੇ। ਇਸ ਪੈਸੇ ਨਾਲ ਉਨ੍ਹਾਂ ਨੇ ਦਿਖਾਵੇ ਲਈ ਆਪਣੇ ਛੋਟੇ-ਛੋਟੇ ਕੰਮ ਖੋਲ੍ਹ ਲਏ ਸਨ। ਫਰਜ਼ੀ ਰਿਹਾਇਸ਼ੀ ਡਾਕੂਮੈਂਟ ਬਣਾ ਲਏ। ਕੁਝ ਹੋਰ ਹਥਿਆਰ ਉਨ੍ਹਾਂ ਖਰੀਦੇ।
ਦਿਲਬਾਗ ਜੇਲ੍ਹ ਅੰਦਰੋਂ ਕਿਸੇ ਹੋਰ ਪਾਸੇ ਤੁਰਨ ਦੀ ਯੋਜਨਾ ਬਣਾ ਕੇ ਆਇਆ ਸੀ, ਪਰ ਹਾਲਾਤ ਉਨ੍ਹਾਂ ਨੂੰ ਕਿਸੇ ਹੋਰ ਪਾਸੇ ਲੈ ਤੁਰੇ ਸਨ।
ਡਾਕੇ ਤੋਂ ਬਾਅਦ ਪੁਲਿਸ ਨੇ ਦਿਲਬਾਗ ਦੇ ਘਰ ਛਾਪਾ ਮਾਰਿਆ। ਘਰੇ ਮਾਂ ਇਕੱਲੀ ਸੀ ਜਾਂ ਫਿਰ ਨੌਕਰ। ਪੁਲਿਸ ਦਿਲਬਾਗ ਦੀ ਮਾਂ ਨਾਲ ਬੇਹੱਦ ਬਦਤਮੀਜ਼ੀ ਨਾਲ ਪੇਸ਼ ਆਈ, ਮਾਤਾ ਨੂੰ ਥਾਣੇ ਲੈ ਗਏ। ਮਾਤਾ ਬਹੁਤਾ ਡਰੀ ਨਹੀਂ ਸੀ, ਉਹਨੇ ਆਪਣੇ ਘਰਵਾਲੇ ਸਮੇਂ ਵੀ ਇਹ ਕੁਝ ਵੇਖਿਆ ਸੀ। ਪਰ ਆਪਣੇ ਮੁੰਡੇ ਬਾਰੇ ਜੋ ਉਸ ਦਾ ਫਿਕਰ ਸੀ, ਆਖਿਰ ਸੱਚ ਸਿੱਧ ਹੋਣ ਲੱਗਾ।
ਵੀਰਦੀਪ ਨੂੰ ਜਦੋਂ ਦਿਲਬਾਗ ਦੀ ਮਾਂ ਨੂੰ ਚੁੱਕਣ ਬਾਰੇ ਪਤਾ ਲੱਗਾ ਤਾਂ ਉਸ ਨੇ ਹਾਈਕੋਰਟ ਦਾ ਇੱਕ ਵਕੀਲ ਕੀਤਾ ਤੇ ਇੱਕ ਔਰਤ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖਣ ਵਿਰੁਧ ਪਟੀਸ਼ਨ ਪਾ ਦਿੱਤੀ। ਜੱਜ ਵੱਲੋਂ ਅਗਲੇ ਦਿਨ ਵਰੰਟ ਅਫਸਰ ਨਿਯੁਕਤ ਕੀਤਾ ਗਿਆ ਅਤੇ ਉਸ ਨੇ ਥਾਣੇ ‘ਚੋਂ ਦਿਲਬਾਗ ਦੀ ਮਾਂ ਨੂੰ ਬਰਾਮਦ ਕਰ ਲਿਆ। ਇਸ ਕਾਰਵਾਈ ਤੋਂ ਬਾਅਦ ਪੁਲਿਸ ਵੀਰਦੀਪ ਨੂੰ ਵੀ ਤੰਗ ਪ੍ਰੇਸ਼ਾਨ ਕਰਨ ਲੱਗੀ, ਪਰ ਕਰਮੇ ਨੇ ਕਿਸੇ ਸਿਆਸਤਦਾਨ ਨੂੰ ਵਿੱਚ ਪਾ ਕੇ ਉਸ ਦਾ ਬਚਾਅ ਕੀਤਾ।
‘ਇਹ ਦਿਲਬਾਗ ਕਿਹੜੇ ਕੰਮਾਂ ‘ਚ ਪੈ ਗਿਆ’ ਕਰਮੇ ਨੇ ਪੁੱਛਿਆ।
‘ਬਸ ਹਾਲਾਤ ਈ ਇਹੋ ਜੇ ਬਣ`ਗੇ ਚਾਚਾ, ਪਿੱਛੇ ਨੂੰ ਮੁੜਨਾ ਵੈਸੇ ਉਸ ਦੀ ਫਿਤਰਤ ਵਿੱਚ ਸ਼ਾਮਲ ਨ੍ਹੀਂ’ ਵੀਰਦੀਪ ਨੇ ਜੁਆਬ ਦਿੱਤਾ।
‘ਚਿਹਰੇ ਤੋਂ ਤਾਂ ਨਰਮ ਜਿਹਾ ਲਗਦਾ, ਇੰਨਾ ਅੜਬ ਤਾਂ ਲਗਦਾ ਨਹੀਂ ਸੀ ਵੇਖਣ ਨੂੰ’ ਕਰਮੇ ਨੇ ਹੈਰਾਨੀ ਨਾਲ ਪੁੱਛਿਆ।
‘ਚਿਹਰਾ ਉਹਦਾ ਭੁਲੇਖਾ ਪਾਊ ਆ, ਉਹਦੇ ਅਗਰੈਸ਼ਨ ਦਾ ਉਹਦੀ ਖੇਡ ਵਿੱਚ ਪਤਾ ਲਗਦਾ ਸੀ’ ਵੀਰਦੀਪ ਨੇ ਜੁਆਬ ਦਿੱਤਾ।
‘ਫਿਰ ਗੇਮ ‘ਚ ਹੀ ਡਟਿਆ ਰਹਿੰਦਾ, ਮੇਰਾ ਮਤਲਬ ਇਸ ਤਾਕਤ ਨੂੰ ਕਿਸੇ ਚੰਗੇ ਪਾਸੇ ਖਰਚ ਕਰਨਾ ਚਾਹੀਦਾ। ਇੱਦਾਂ ਤਾਂ ਇਹ ਜੰਗਲ ਦੀ ਅੱਗ ਹੈ, ਆਪਣੇ ਆਪ ਨੂੰ ਵੀ ਸਾੜੂ ਤੇ ਦੂਜਿਆਂ ਨੂੰ ਵੀ’ ਕਰਮਾ ਵੀਰਦੀਪ ਨੂੰ ਦਿਲਬਾਗ ਦੇ ਕਾਰਜ ਖੇਤਰ ਤੋਂ ਹੁਣ ਦੂਰ ਰੱਖਣਾ ਚਾਹੁੰਦਾ ਸੀ।
‘ਸਭ ਠੀਕ ਹੋ ਜਾਣਾ ਚਾਚਾ, ਤੂੰ ਫਿਕਰ ਨਾ ਕਰ, ਆਪੇ ਆ ਜਾਣਾ ਉਹਨੇ ਸਹੀ ਰਾਹ ‘ਤੇ’ ਵੀਰਦੀਪ ਦੇ ਚਿਹਰੇ ਦੇ ਹਾਵਭਾਵ ਆਮ ਵਾਂਗ ਸਨ, ਜਦਕਿ ਕਰਮਾ ਕੁਝ ਦਹਿਸ਼ਤ ਵਿੱਚ ਸੀ।
‘ਤੈਨੂੰ ਕਿਵੇਂ ਪਤਾ ਸਹੀ ਰਾਹ ‘ਤੇ ਆ ਜੂ?’ ਕਰਮੇ ਨੇ ਵੀਰਦੀਪ ਨੂੰ ਸੁਆਲ ਕੀਤਾ।
‘ਮੈਂ ਉਹਨੂੰ ਰੂਹੋਂ ਜਾਣਦਾਂ, ਬਦੀਆਂ ਨਾਲ ਖਲੋਣ ਵਾਲਿਆਂ ਵਿੱਚੋਂ ਨਹੀਂ ਹੈ ਦਿਲਬਾਗ’ ਕਰਮੇ ਨੂੰ ਮੁੰਡੇ ਦੀ ਦਿਲਬਾਗ ਨਾਲ ਹਮਦਰਦੀ ਵਿੱਚੋਂ ਡਰ ਲੱਗਿਆ, ਤਾਂ ਵੀ ਉਸ ਨੂੰ ਵਿਸ਼ਵਾਸ ਸੀ ਕਿ ਵੀਰਦੀਪ ਔਝੜੇ ਰਾਹੀਂ ਨਹੀਂ ਪਵੇਗਾ।
ਦਿਲਬਾਗ ਰਿਹਾਅ ਹੋਣ ਤੋਂ ਕੁਝ ਦਿਨ ਬਾਅਦ ਆਪਣੇ ਪਿੰਡ ਰਿਹਾ ਸੀ। ਇਨ੍ਹਾਂ ਥੋੜ੍ਹੇ ਦਿਨਾ ਵਿੱਚ ਹੀ ਉਸ ਨੂੰ ਦੋ ਵਾਰ ਪੁਲਿਸ ਥਾਣੇ ਲੈ ਗਈ। ਉਹ ਉਸ ਕੋਲੋਂ ਗੋਲੀ ਚਲਾਉਣ ਵਾਲੇ ਮੁੰਡਿਆਂ ਬਾਰੇ ਪੁੱਛਣ ਲੱਗੇ। ਐਸ.ਐਚ.ਓ. ਦਿਲਬਾਗ ਨੂੰ ਆਖਣ ਲਗਦਾ ਕਿ ਉਹ ਗੋਲੀ ਚਲਾਉਣ ਵਾਲੇ ਦੋ ਮੁੰਡਿਆ ਨੂੰ ਫੜਾ ਦੇਵੇ ਜਾਂ ਪੇਸ਼ ਕਰਾ ਦੇਵੇ, ਉਹਨੂੰ ਪੁਲਿਸ ਕੁਝ ਨਹੀਂ ਆਖੇਗੀ। ਉਹ ਵੀਰਦੀਪ ਦਾ ਵੀ ਅੱਗਾ ਪਿੱਛਾ ਪੁਣਨ ਲੱਗੇ, ਟੋਹਣ ਲੱਗੇ ਕਿ ਉਸ ਦਾ ਵੀ ਗੋਲੀ ਵਾਲੀ ਘਟਨਾ ਵਿੱਚ ਕੋਈ ਹੱਥ ਹੈ ਜਾਂ ਨਹੀਂ! ਪੁਲਿਸ ਨੂੰ ਸੀ ਬਈ ਚੰਗੀ ਸਾਮੀ ਹੈ, ਕਾਫੀ ਪੈਸੇ ਝਾੜੇ ਜਾ ਸਕਦੇ ਹਨ। ਵੀਰਦੀਪ ਬਾਰੇ ਦਿਲਬਾਗ ਨੇ ਸਾਫ ਕਰ ਦਿੱਤਾ ਕਿ ਉਸ ਦਾ ਇਸ ਘਟਨਾ ਨਾਲ ਕੋਈ ਸੰਬੰਧ ਨਹੀਂ। ਦੂਜੇ ਦੋ ਮੁੰਡਿਆਂ ਬਾਰੇ ਉਸ ਨੇ ਪੁਲਿਸ ਨਾਲ ਵਾਅਦਾ ਕੀਤਾ ਕਿ ਉਹ ਉਨ੍ਹਾਂ ਨੂੰ ਪੇਸ਼ ਕਰਵਾਉਣ ਦਾ ਯਤਨ ਕਰੇਗਾ। ਪਰ ਬਾਹਰ ਆਣ ਕੇ ਉਸ ਦਾ ਮਨ ਮੁਕਰੀ ਖਾ ਗਿਆ। ਉਹ ਮਾਤਾ ਨੂੰ ਘਰ ਇਹ ਕਹਿ ਕੇ ਗਿਆ ਕਿ ਉਹਦਾ ਮਨ ਠੀਕ ਨਹੀਂ, ਇੱਕ-ਦੋ ਦਿਨ ਪਹਾੜਾਂ ਵੱਲ ਚੱਲਿਆ ਹੈ, ਇੱਕ ਛੋਟਾ ਜਿਹਾ ਬੈਗ ਲੈ ਕੇ ਘਰੋਂ ਨਿਕਲ ਗਿਆ। ਪਹਿਲਾਂ ਵੀ ਕਈ ਵਾਰ ਉਹ ਇਸ ਤਰ੍ਹਾਂ ਚਲਿਆ ਜਾਂਦਾ ਸੀ, ਪਰ ਇਸ ਦਰਮਿਆਨ ਉਨ੍ਹਾਂ ਨੇ ਡਾਕੇ ਵਾਲੀ ਕਾਰਵਾਈ ਨੂੰ ਅੰਜਾਮ ਦੇ ਦਿੱਤਾ। ਪੁਲਿਸ ਸ਼ੱਕੀ ਆਧਾਰ ‘ਤੇ ਹੀ ਦਿਲਬਾਗ ਦੇ ਘਰ ਛਾਪੇ ਮਾਰ ਰਹੀ ਸੀ। ਉਨ੍ਹਾਂ ਨੂੰ ਹਾਲੇ ਪੱਕਾ ਨਹੀਂ ਸੀ ਕਿ ਇਹ ਕਾਰਵਾਈ ਦਿਲਬਾਗ ਦੇ ਗਰੁੱਪ ਦੀ ਹੀ ਹੈ।
ਦਿਲਬਾਗ ਨੂੰ ਹੁਣ ਪੱਕਾ ਹੋ ਗਿਆ ਸੀ ਕਿ ਪੁਲਿਸ ਜਲਦੀ ਉਸਦਾ ਖਹਿੜਾ ਨਹੀਂ ਛੱਡੇਗੀ। ਉਸ ਨੇ ਘਰੋਂ ਫਰਾਰ ਹੋਣ ਦਾ ਮਨ ਬਣਾਇਆ। ਜੇਲ੍ਹੋਂ ਆਉਣ ਤੋਂ ਬਾਅਦ ਜਦੋਂ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਸੀ ਤਾਂ ਇੱਕ ਏ.ਐਸ.ਆਈ. ਉਸ ਦਾ ਜਾਣੂ ਨਿਕਲ ਆਇਆ ਸੀ, ਉਹ ਉਨ੍ਹਾਂ ਨਾਲ ਇੱਕ ਹੋਰ ਯੂਨੀਵਰਸਿਟੀ ਵੱਲੋਂ ਇੰਟਰ `ਵਰਸਿਟੀ ਖੇਡਿਆ ਸੀ। ਉਸ ਨੇ ਦਿਲਬਾਗ ਨੂੰ ਦੱਸਿਆ ਕਿ ਇਹ ਹੁਣ ਉਹਦਾ ਜਲਦੀ ਖਹਿੜਾ ਨਹੀਂ ਛੱਡਣ ਲੱਗੇ। ਕੁਝ ਦੇਰ ਲਈ ਐਧਰ-ਉਧਰ ਹੋ ਜਾਵੇ, ਇਹੀ ਠੀਕ ਰਹੇਗਾ। ਉਸ ਨੂੰ ਮਾਂ ਦੀ ਖੱਜਲ ਖੁਆਰੀ ਦਾ ਵੀ ਫਿਕਰ ਸੀ। ਉਹਨੇ ਵੀਰਦੀਪ ਨੂੰ ਮਾਂ ਦਾ ਖਿਆਲ ਰੱਖਣ ਲਈ ਆਖਿਆ। ਜਦੋਂ ਵੀ ਬਾਹਰੋਂ ਉਹਦੇ ਪਿਓ ਦਾ ਫੋਨ ਆਉਂਦਾ ਤਾਂ ਦਿਲਬਾਗ ਦੀ ਮਾਂ ਉਸ ਦੇ ਪਿਉ ਨੂੰ ਵਾਰ-ਵਾਰ ਮਿਹਣੇ ਮਾਰਦੀ, ‘ਮੇਰੀ ਨਾਂਹ ਨਾਂਹ ਕਰਦੇ ਵੀ ਤੂੰ ਇਸ ਨੂੰ ਹਥਿਆਰ ਲੈ ਦਿੱਤਾ। ਰੋਅ ਹੁਣ ਆਪਣੇ ਕਰਮਾਂ ਨੂੰ। ਕੀਤੀਆਂ ਦੁਲੇ ਦੀਆਂ ਪੇਸ਼ ਲੱਧੀ ਨੂੰ ਆਈਆਂ।’ ਮਾਂ ਕਹਾਣੇ ਪਾਉਣ ਲਗਦੀ। ਦਿਲਬਾਗ ਦਾ ਪਿਉ ਮਸਾਂ ਉਸ ਦਾ ਮਨ ਟਿਕਾਣੇ ਸਿਰ ਕਰਦਾ, ‘ਫਿਕਰ ਨਾ ਕਰ ਦਲੀਪ ਕੁਰੇ, ਮੁੰਡਾ ਸਿਆਣਾ, ਆਪੇ ਠੀਕ ਕਰ ਲਊ ਸਭ ਕੁਝ।’
‘ਸਿਆਣਾ ਸੁਆਹ ਸੱਤਾਂ ਚੁੱਲਿ੍ਹਆਂ ਦੀ, ਸਿਆਣਾ ਹੁੰਦਾ ਤਾਂ ਇਹ ਕੁਝ ਕਰਦਾ? ਇਹਨੂੰ ਪਤਾ ਨੀ ਬਈ ਮੇਰੀ ਮਾਂ ਇਕੱਲੀ ਘਰ ‘ਚ। ਅਗਲੇ ਭਈਏ (ਨੌਕਰ) ਨੂੰ ਵੀ ਨਾਲ ਲਿਜਾਣ ਲੱਗੇ ਸੀ, ਪਈ ਡੰਗਰ ਭੁੱਖੇ ਕਿੱਲੇ ਤੁੜਵਾਉਂਦੇ ਰਹਿਣ। ਉਹ ਤਾਂ ਭਜਨੇ ਲੰਬੜ ਦੇ ਮਨ ਮਿਹਰ ਪੈ ਗਈ ਕਹਿੰਦਾ ਅਖੇ ਅਸੀਂ ਆਪੇ ਪੇਸ਼ ਕਰ ਦਿਆਂਗੇ ਜੀ ਇੱਕ-ਦੋ ਦਿਨ ‘ਚ, ਨੌਕਰ ਨੂੰ ਰਹਿਣ ਦਿਉ, ਡੰਗਰ ਭੁੱਖੇ ਮਰ ਜਾਣਗੇ। ਭਲਾ ਹੋਵੇ ਵੀਰਦੀਪ ਸਿਓਂ ਦਾ ਜੀਹਨੇ ਹਾਈਕੋਰਟ ਵਿੱਚ ਰਿੱਟ ਪਾ ਕੇ ਮੇਰੀ ਖਲਾਸੀ ਕਰਵਾਈ।’
‘ਵੀਰਦੀਪ ਕੀ ਕਰਦਾ ਅੱਜ ਕੱਲ੍ਹ’ ਦਿਲਬਾਗ ਦੇ ਪਿਉ ਨੇ ਪੁੱਛਆ।
‘ਕਹਿੰਦੇ ਵਕਾਲਤ ਦੀ ਪੜ੍ਹਾਈ ਕਰਦਾ, ਬਣ ਜੂ ਕੁਸ਼ ਨਾ ਕੁਸ਼ ਤਾਂ’ ਮਾਂ ਨੇ ਉੱਤਰ ਦਿੱਤਾ।
‘ਅੱਛਾ ਅੱਛਾ, ਚਲ ਕੋਈ ਨੀ ਚਿੰਤਾ ਨਾ ਕਰ, ਕਰਦਾਂ ਮੈਂ ਕੋਈ ਹੀਲਾ’ ਦਿਲਬਾਗ ਦੇ ਬਾਪੂ ਨੇ ਮਾਂ ਨੂੰ ਧਰਵਾਸ ਦਿਵਾਇਆ।
ਵੀਰਦੀਪ ਬੀ.ਏ. ਕਰਨ ਬਾਅਦ ਵੀ ਵਕਾਲਤ ਵੱਲ ਜਾਣ ਬਾਰੇ ਸੋਚਦਾ ਰਿਹਾ ਸੀ, ਪਰ ਪੂਰੀ ਤਰ੍ਹਾਂ ਮਨ ਨਾ ਬਣਾ ਸਕਿਆ। ਕਰਮਾ ਉਹਦੀ ਬਹੁਤੀ ਟੋਕਾ ਟਕਾਈ ਤਾਂ ਕਰਦਾ ਨਹੀਂ ਸੀ, ਪਰ ਐਮ.ਏ. ਕਰਨ ਤੋਂ ਬਾਅਦ ਉਸ ਨੇ ਵਕਾਲਤ ਕਰਨ ਦਾ ਫੈਸਲਾ ਕਰ ਲਿਆ। ਕਾਲਜ ਤੋਂ ਬਾਅਦ ਉਹ ਆਪਣੇ ਇੱਕ ਦੋਸਤ ਵਕੀਲ ਕੋਲ ਚਲਾ ਜਾਂਦਾ ਅਤੇ ਕਿਸੇ ਨਾ ਕਿਸੇ ਕੇਸ ਦੀ ਫਾਈਲ ਤਿਆਰ ਕਰ ਦਿੰਦਾ। ਇੱਕ ਪਾਸੇ ਤਾਂ ਉਸ ਨੂੰ ਸੀ ਕਿ ਇਸ ਕਿੱਤੇ ਵਿੱਚ ਕੁਝ ਨਾ ਕੁਝ ਆਮਦਨ ਹੋਣ ਲੱਗੇਗੀ। ਦੁਜਾ ਉਹ ਹਿੰਦੋਸਤਾਨੀ ਰਾਜਨੀਤੀ ਦੀ ਬੁਨਿਆਦ ਅਤੇ ਕਾਨੂੰਨੀ ਅਮਲ ਨੂੰ ਸਮਝਣਾ ਚਾਹੁੰਦਾ ਸੀ। ਵਕਾਲਤ ਵਿੱਚ ਹੀ ਉਹਦੀ ਇਹ ਇੱਛਾ ਪੁਰੀ ਹੋ ਸਕਦੀ ਸੀ। ਐਮ.ਏ. ਪੁਲਿਟੀਕਲ ਸਾਇੰਸ ਨੇ ਵੀ ਉਸ ਦਾ ਇਸ ਖੇਤਰ ਵਿੱਚ ਜਾਣ ਦਾ ਰਾਹ ਮੋਕਲਾ ਬਣਾ ਦਿੱਤਾ। ਉਧਰ ਦਿਲਬਾਗ ਜਿਸ ਰਾਹੇ ਪੈ ਗਿਆ ਸੀ, ਉਸ ਦਾ ਕੋਈ ਸਿਰਾ ਨਹੀਂ ਸੀ। ਇਹ ਇੱਕ ਲੰਮੀ ਸੁਰੰਗ ਸੀ, ਜਿਸ ਵਿੱਚ ਨਾ ਕੋਈ ਦੀਵਾ ਬੱਤੀ ਸੀ ਅਤੇ ਨਾ ਹੀ ਜਿਸ ਦੇ ਸਫਰ ਦਾ ਕੋਈ ਅੰਤ ਸੀ।