ਵਿਸ਼ਵ ਵਾਤਾਵਰਣ ਦਿਵਸ: ਸਾਡੀ ਧਰਤੀ, ਸਾਡਾ ਭਵਿੱਖ

ਆਮ-ਖਾਸ ਵਿਚਾਰ-ਵਟਾਂਦਰਾ

ਡਾ. ਪਰਸ਼ੋਤਮ ਸਿੰਘ ਤਿਆਗੀ*
ਫੋਨ: +91-9855446519
ਪਰਮਾਤਮਾ ਦੀ ਸਭ ਤੋਂ ਸੁੰਦਰ ਰਚਨਾ ਜੋ ਸਾਡੇ ਚਾਰੇ ਪਾਸੇ ਮੌਜੂਦ ਹੈ, ਕੁਦਰਤ ਹੈ। ਪਾਣੀ, ਹਵਾ, ਪੌਦੇ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਕੁਦਰਤ ਨੇ ਸਾਨੂੰ ਦਿੱਤੀਆਂ ਹਨ ਤਾਂ ਜੋ ਅਸੀਂ ਇਸ ਧਰਤੀ `ਤੇ ਜਿਉਂਦੇ ਰਹਿ ਸਕੀਏ। ਲੰਬੇ ਸਮੇਂ ਤੋਂ ਕੁਦਰਤ ਬਹੁਤ ਸਾਰੇ ਕਵੀਆਂ, ਲੇਖਕਾਂ ਅਤੇ ਕਲਾਕਾਰਾਂ ਲਈ ਪ੍ਰੇਰਨਾ ਸਰੋਤ ਰਹੀ ਹੈ। ਇਸ ਕਮਾਲ ਦੀ ਰਚਨਾ ਨੇ ਉਨ੍ਹਾਂ ਨੂੰ ਇਸ ਦੀ ਮਹਿਮਾ ਵਿਚ ਕਵਿਤਾਵਾਂ ਤੇ ਕਹਾਣੀਆਂ ਲਿਖਣ ਲਈ ਅਤੇ ਕੁਦਰਤ ਦੀ ਸੁੰਦਰਤਾ ਨੂੰ ਹਮੇਸ਼ਾ ਲਈ ਕੈਮਰੇ ਨਾਲ ਕੈਪਚਰ ਕਰਨ ਲਈ ਪ੍ਰੇਰਿਤ ਕੀਤਾ ਹੈ।

ਕੁਝ ਦਹਾਕੇ ਪਹਿਲਾਂ ਸਵੇਰ ਵੇਲੇ ਅਸੀਂ ਪੰਛੀਆਂ ਦੀ ਮਨਮੋਹਕ ਮਿੱਠੀ ਆਵਾਜ਼, ਸੁਹਾਵਣੀ ਠੰਡੀ ਹਵਾ, ਲੋਕਾਂ ਤੇ ਵਾਹਨਾਂ ਦੀ ਘੱਟ ਆਵਾਜਾਈ, ਰੌਲੇ ਅਤੇ ਪ੍ਰਦੂਸ਼ਣ ਤੋਂ ਰਹਿਤ ਵਾਤਾਵਰਣ ਦੇ ਰੂਪ ਵਿੱਚ ਕੁਦਰਤ ਨੂੰ ਮਹਿਸੂਸ ਕਰਦੇ ਸੀ। ਚੜ੍ਹਦੇ ਸੂਰਜ ਦੀਆਂ ਕਿਰਨਾਂ ਸਵਰਗ ਦੀਆਂ ਅਸੀਸਾਂ ਵਾਂਗ ਲੱਗਦੀਆਂ ਸਨ। ਮੰਦਰਾਂ ਤੋਂ ਭਜਨਾਂ ਦੀ ਸੁਰੀਲੀ ਆਵਾਜ਼, ਗੁਰਦੁਆਰਿਆਂ ਤੋਂ ਗੁਰਬਾਣੀ ਪਾਠ, ਚਰਚਾਂ ਦੀਆਂ ਘੰਟੀਆਂ ਆਦਿ ਕੰਨਾਂ, ਦਿਲ ਅਤੇ ਦਿਮਾਗ ਨੂੰ ਸਕੂਨ ਪ੍ਰਦਾਨ ਕਰਦੇ ਸਨ। ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਅਤੇ ਉਦਯੋਗਿਕ ਕ੍ਰਾਂਤੀ ਹਾਵੀ ਹੁੰਦੀ ਗਈ, ਸਭ ਕੁਝ ਬਦਲ ਗਿਆ। ਮਨੁੱਖੀ ਗਤੀਵਿਧੀਆਂ ਨੇ ਸਾਡੇ ਵਾਤਾਵਰਣ ਨੂੰ ਵਿਗਾੜ ਦਿੱਤਾ। ਹੁਣ ਪਿੰਡਾਂ ਅਤੇ ਕੁਝ ਉਪਨਗਰਾਂ ਨੂੰ ਛੱਡ ਕੇ, ਵੱਡੇ ਅਤੇ ਛੋਟੇ ਸ਼ਹਿਰਾਂ ਵਿੱਚ ਅਸੀਂ ਪ੍ਰਦੂਸ਼ਣ ਮੁਕਤ, ਸ਼ਾਂਤ ਮਾਹੌਲ ਦੇ ਰੂਪ ਵਿੱਚ ਕੁਦਰਤ ਨੂੰ ਮਹਿਸੂਸ ਨਹੀਂ ਕਰਦੇ। ਅਸੀਂ ਸਵੇਰ ਤੋਂ ਹੀ ਫੈਕਟਰੀਆਂ ਅਤੇ ਵਾਹਨਾਂ ਦੀਆਂ ਉੱਚੀਆਂ ਆਵਾਜ਼ਾਂ ਸੁਣਨਾ ਸ਼ੁਰੂ ਕਰ ਦਿੰਦੇ ਹਾਂ ਅਤੇ ਧੂੰਏਂ ਨਾਲ ਭਰੀ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈਣਾ ਸ਼ੁਰੂ ਕਰ ਦਿੰਦੇ ਹਾਂ।
ਇਸ ਸਭ ਦਾ ਇੱਕ ਚੰਗਾ ਪਹਿਲੂ ਇਹ ਸੀ ਕਿ ਹੌਲੀ-ਹੌਲੀ ਮਨੁੱਖ ਨੂੰ ਆਪਣੀ ਮੂਰਖਤਾ ਦਾ ਅਹਿਸਾਸ ਹੋਇਆ ਅਤੇ ਮਨੁੱਖ ਨੇ ਵਾਤਾਵਰਣ ਦੀ ਸੁਰੱਖਿਆ ਦੀ ਦਿਸ਼ਾ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸੰਸਾਰ ਦੇ ਲੋਕ ਇੱਕ ਅਜਿਹੇ ਤਰੀਕੇ ਬਾਰੇ ਸੋਚਣ ਲੱਗੇ, ਜਿਸ ਨਾਲ ਪੂਰੀ ਦੁਨੀਆ ਨੂੰ ਵਾਤਾਵਰਣ ਦੀ ਸੁਰੱਖਿਆ ਲਈ ਇੱਕ ਸਾਂਝੇ ਮੰਚ `ਤੇ ਲਿਆਂਦਾ ਜਾ ਸਕੇ। ਇਸ ਸੰਦਰਭ ਵਿੱਚ ਸਾਲ 1972 ਨੂੰ ਸੰਯੁਕਤ ਰਾਸ਼ਟਰ ਦੀ ਸਰਪ੍ਰਸਤੀ ਹੇਠ ਵਾਤਾਵਰਣ ਦੀਆਂ ਸਮੱਸਿਆਵਾਂ ਬਾਰੇ ਪਹਿਲੀ ਵੱਡੀ ਕਾਨਫਰੰਸ ਸਟਾਕਹੋਮ (ਸਵੀਡਨ) ਵਿੱਚ ਆਯੋਜਿਤ ਕੀਤੀ ਗਈ। ਇਸਦਾ ਟੀਚਾ ਮਨੁੱਖੀ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦੀ ਚੁਣੌਤੀ ਨੂੰ ਕਿਵੇਂ ਹੱਲ ਕਰਨਾ ਹੈ, ਬਾਰੇ ਇੱਕ ਬੁਨਿਆਦੀ ਆਮ ਪਹੁੰਚ ਬਣਾਉਣਾ ਸੀ। ਇਸ ਤੋਂ ਬਾਅਦ 15 ਦਸੰਬਰ ਨੂੰ ਜਨਰਲ ਅਸੈਂਬਲੀ ਨੇ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਵਜੋਂ ਮਨੋਨੀਤ ਕਰਨ ਦਾ ਮਤਾ ਪਾਸ ਕੀਤਾ।
ਵਿਸ਼ਵ ਵਾਤਾਵਰਣ ਦਿਵਸ (ੱੋਰਲਦ ਓਨਵਰਿੋਨਮੲਨਟ ਧਅੇ) ਦਾ ਪਹਿਲਾ ਜਸ਼ਨ ਸਾਲ 1974 ਵਿੱਚ 5 ਜੂਨ ਨੂੰ ਮਨਾਇਆ ਗਿਆ ਸੀ, ਜਿਸ ਤੋਂ ਬਾਅਦ ਇਹ ਦਿਨ ਪੂਰੀ ਦੁਨੀਆ ਵਿੱਚ ਮਨਾਇਆ ਜਾਣ ਲੱਗਾ। ਅੱਜ ਵਾਤਾਵਰਣ ਅਸੰਤੁਲਨ ਵਧਦਾ ਜਾ ਰਿਹਾ ਹੈ। ਲਗਾਤਾਰ ਵੱਧ ਰਹੀ ਆਬਾਦੀ ਅਤੇ ਉਦਯੋਗੀਕਰਨ, ਕੁਦਰਤੀ ਸਰੋਤਾਂ ਦੀ ਅੰਨ੍ਹੇਵਾਹ ਦੁਰਵਰਤੋਂ ਕਾਰਨ ਅੱਜ ਵਿਸ਼ਵ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਇਸ ਦੇ ਦੂਰਗਾਮੀ ਨਤੀਜੇ ਹੋ ਸਕਦੇ ਹਨ। ਜਿਵੇਂ ਕਿ ਗਲੇਸ਼ੀਅਰਾਂ ਦਾ ਪਿਘਲਣਾ ਅਤੇ ਸਮੁੰਦਰੀ ਤੱਟਵਰਤੀ ਖੇਤਰਾਂ ਦੇ ਡੁੱਬਣ ਦਾ ਖ਼ਤਰਾ। ਅੱਜ ਪੂਰੀ ਦੁਨੀਆ ਵਾਤਾਵਰਣ ਪ੍ਰਦੂਸ਼ਣ, ਜਲਵਾਯੂ ਪਰਿਵਰਤਨ, ਗ੍ਰੀਨ ਹਾਊਸ ਪ੍ਰਭਾਵ, ਗਲੋਬਲ ਵਾਰਮਿੰਗ ਆਦਿ ਸਮੱਸਿਆਵਾਂ ਨਾਲ ਜੂਝ ਰਹੀ ਹੈ। ਇਸ ਲਈ ਵਾਤਾਵਰਣ ਨੂੰ ਬਚਾਉਣ ਲਈ ਹਰ ਇੱਕ ਨੂੰ ਆਪਣੇ ਪੱਧਰ `ਤੇ ਉਪਰਾਲੇ ਕਰਨੇ ਚਾਹੀਦੇ ਹਨ। ‘ਵਿਸ਼ਵ ਵਾਤਾਵਰਣ ਦਿਵਸ’ ਲੋਕਾਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਆਯੋਜਿਤ ਸਭ ਤੋਂ ਵੱਡੇ ਸਾਲਾਨਾ ਸਮਾਗਮਾਂ ਵਿੱਚੋਂ ਇੱਕ ਹੈ ਤਾਂ ਜੋ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਵਧੀਆ ਕੱਲ੍ਹ ਦੇ ਸਕੀਏ।
ਹਰ ਸਾਲ ਵਿਸ਼ਵ ਵਾਤਾਵਰਣ ਦਿਵਸ ਇੱਕ ਵਿਸ਼ੇਸ਼ ਥੀਮ ਦੇ ਆਧਾਰ ‘ਤੇ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਅਨੁਸਾਰ ਗ੍ਰਹਿ ਦੀ 40 ਪ੍ਰਤੀਸ਼ਤ ਜ਼ਮੀਨ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਨਾਲ ਦੁਨੀਆ ਦੀ ਅੱਧੀ ਆਬਾਦੀ ਸਿੱਧੇ ਤੌਰ ‘ਤੇ ਪ੍ਰਭਾਵਿਤ ਹੁੰਦੀ ਹੈ। ਸੋਕੇ ਦੀ ਸੰਖਿਆ ਅਤੇ ਮਿਆਦ 2000 ਤੋਂ 29 ਪ੍ਰਤੀਸ਼ਤ ਵਧੀ ਹੈ, ਜੋ 2050 ਤੱਕ ਦੁਨੀਆ ਦੀ ਤਿੰਨ ਚੌਥਾਈ ਆਬਾਦੀ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਇਹੀ ਕਾਰਨ ਹੈ ਕਿ ਵਿਸ਼ਵ ਵਾਤਾਵਰਣ ਦਿਵਸ 2024 ‘ਸਾਡੀ ਧਰਤੀ-ਸਾਡਾ ਭਵਿੱਖ’ ਦੇ ਨਾਅਰੇ ਹੇਠ ਜ਼ਮੀਨ ਦੀ ਬਹਾਲੀ (ਲਅਨਦ ੍ਰੲਸਟੋਰਅਟiੋਨ), ਮਾਰੂਥਲੀਕਰਨ ਨੂੰ ਰੋਕਣ (Sਟੋਪਪਅਗੲ ੋਾ ਦੲਸੲਰਟiਾਚਿਅਟiੋਨ) ਅਤੇ ਸੋਕੇ ਦੇ ਲਚਕੀਲਾਪਣ ਬਣਾਉਣ (ਧਰੋੁਗਹਟ ੍ਰੲਸਲਿਇਨਚੲ) ਦੇ ਥੀਮ ‘ਤੇ ਕੇਂਦਰਿਤ ਹੈ। ਇਸ ਸਾਲ ਵਾਤਾਵਰਣ ਦਿਵਸ ਮਨਾਉਣ ਦੇ ਤਿੰਨ ਉਦੇਸ਼ ਹਨ: ਪਹਿਲਾ ਉਦੇਸ਼ ਲੋਕਾਂ ਨੂੰ ਜ਼ਮੀਨ ਦੀ ਬਹਾਲੀ ਬਾਰੇ ਸਿੱਖਿਅਤ ਕਰਨਾ ਹੈ, ਜੋ ਮਨੁੱਖੀ ਗਤੀਵਿਧੀਆਂ ਦੁਆਰਾ ਨੁਕਸਾਨੀ ਗਈ ਹੈ। ਭੂਮੀ ਦੀ ਬਹਾਲੀ ਦਾ ਮਤਲਬ ਹੈ- ਭੂਮੀ ਸੰਭਾਲ ਅਤੇ ਕੁਦਰਤੀ ਪ੍ਰਕਿਰਿਆਵਾਂ ਦੀ ਸੁਰੱਖਿਆ ਵਰਗੀਆਂ ਗਤੀਵਿਧੀਆਂ ਰਾਹੀਂ ਨੁਕਸਾਨੀ ਗਈ ਜ਼ਮੀਨ ਦਾ ਪੁਨਰਵਾਸ। ਇਸਦਾ ਮੰਤਵ ਜੈਵ ਵਿਭਿੰਨਤਾ ਨੂੰ ਵਧਾਉਣਾ, ਈਕੋਸਿਸਟਮ ਸੇਵਾਵਾਂ ਨੂੰ ਬਹਾਲ ਕਰਨਾ ਅਤੇ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਨੂੰ ਘਟਾਉਣਾ ਹੈ।
ਦੂਜਾ ਉਦੇਸ਼ ਮਾਰੂਥਲੀਕਰਨ ਬਾਰੇ ਸਿੱਖਿਆ ਹੈ। ਮਾਰੂਥਲੀਕਰਨ ਵਿਨਾਸ਼ ਦੀ ਪ੍ਰਕਿਰਿਆ ਹੈ, ਜਿਸ ਦੁਆਰਾ ਇੱਕ ਉਪਜਾਊ ਜ਼ਮੀਨ ਆਪਣੇ ਬਨਸਪਤੀ ਅਤੇ ਜੀਵ-ਜੰਤੂਆਂ ਨੂੰ ਗੁਆ ਕੇ ਮਾਰੂਥਲ ਵਿੱਚ ਬਦਲ ਜਾਂਦੀ ਹੈ, ਇਹ ਸੋਕੇ, ਜੰਗਲਾਂ ਦੀ ਕਟਾਈ, ਜਲਵਾਯੂ ਤਬਦੀਲੀ, ਮਨੁੱਖੀ ਗਤੀਵਿਧੀਆਂ ਜਾਂ ਗਲਤ ਖੇਤੀ ਕਾਰਨ ਹੋ ਸਕਦਾ ਹੈ। ਤੀਜਾ ਪਹਿਲੂ, ਸੋਕੇ ਦੀ ਲਚਕਤਾ: ਕਿਸਾਨਾਂ ਦੀ ਸੋਕੇ ਦੇ ਪ੍ਰਭਾਵਾਂ ਦਾ ਟਾਕਰਾ ਕਰਨ ਦੀ ਸਮਰੱਥਾ ਹੈ। ਇਹ ਜ਼ਮੀਨ ਅਤੇ ਜਲ ਸਰੋਤਾਂ ਦੇ ਪ੍ਰਭਾਵੀ ਪ੍ਰਬੰਧਨ ਦੁਆਰਾ ਸੰਭਵ ਹੈ।
ਵਾਤਾਵਰਣ ਦਿਵਸ ਦੇ ਵਿਸ਼ੇਸ਼ ਥੀਮ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਵੱਖ–ਵੱਖ ਗਤੀਵਿਧੀਆਂ ਅਤੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਜਿਵੇਂ ਕਿ ਕੁਇਜ਼ ਮੁਕਾਬਲਾ, ਲੇਖ ਲਿਖਣਾ, ਪੇਂਟਿੰਗ ਮੁਕਾਬਲਾ, ਪ੍ਰਦਰਸ਼ਨੀ ਆਦਿ। ਇਹ ਗਤੀਵਿਧੀਆਂ ਆਮ ਲੋਕਾਂ, ਕੁਦਰਤ ਪ੍ਰੇਮੀਆਂ, ਵਿਗਿਆਨੀਆਂ, ਪ੍ਰੋਫੈਸਰਾਂ, ਸਿਆਸਤਦਾਨਾਂ ਨੂੰ ਕੁਦਰਤ ਦੀ ਸੁਰੱਖਿਆ ਪ੍ਰਤੀ ਆਕਰਸ਼ਿਤ ਅਤੇ ਜਾਗਰੂਕ ਕਰਦੀਆਂ ਹਨ।
ਜੰਗਲਾਂ ਦੀ ਕਟਾਈ ਮਾਰੂਥਲੀਕਰਨ ਦਾ ਮੂਲ ਕਾਰਨ ਹੈ। ਜੇਕਰ ਰੁੱਖਾਂ ਨੂੰ ਹਟਾ ਦਿੱਤਾ ਜਾਂਦਾ ਹੈ, ਤਾਂ ਖੇਤਰ ਬਹੁਤ ਗਰਮ ਅਤੇ ਸੁੱਕਾ ਹੋ ਜਾਂਦਾ ਹੈ, ਨਤੀਜੇ ਵਜੋਂ ਉਪਜਾਊ ਜ਼ਮੀਨ ਰੇਗਿਸਤਾਨ ਵਿੱਚ ਬਦਲ ਜਾਂਦੀ ਹੈ। ਭਾਰਤ ਲਈ, ਜਿਸਦੀ 32% ਜ਼ਮੀਨ ਪਤਨ ਹੇਠ ਹੈ ਅਤੇ 25% ਮਾਰੂਥਲੀਕਰਨ ਅਧੀਨ ਹੈ, ਰੋਕਥਾਮ ਅਤੇ ਉਪਚਾਰਕ ਰਣਨੀਤੀਆਂ ਨੂੰ ਅਪਨਾ ਕੇ ਭੋਜਨ, ਪਾਣੀ ਤੇ ਜੀਵਿਕਾ ਸੁਰੱਖਿਆ ਨੂੰ ਯਕੀਨੀ ਬਣਾਉਣਾ ਇੱਕ ਵੱਡੀ ਚੁਣੌਤੀ ਹੈ। ਵਾਤਾਵਰਣ ਨੂੰ ਬਚਾਉਣ ਲਈ ਰੁੱਖ ਲਗਾਉਣਾ ਸਭ ਤੋਂ ਮਹੱਤਵਪੂਰਨ ਚੀਜ਼ਾਂ ਵਿੱਚੋਂ ਇੱਕ ਹੈ। ਇੱਕ ਵਿਅਕਤੀ ਦੀ ਰੋਜ਼ਾਨਾ ਆਕਸੀਜਨ ਦੀ ਲੋੜ ਨੂੰ ਪੈਦਾ ਕਰਨ ਲਈ ਬਨਸਪਤੀ ਦਾ ਲਗਭਗ 625 ਵਰਗ ਫੁੱਟ ਸਤਹ ਖੇਤਰ ਲੱਗਦਾ ਹੈ। ਰੁੱਖਾਂ ਦੀ ਕਟਾਈ ਰੋਕਣ ਦੀ ਲੋੜ ਸੈਂਕੜੇ ਸਾਲ ਪਹਿਲਾਂ ਮਨੁੱਖ ਨੇ ਮਹਿਸੂਸ ਕੀਤੀ ਸੀ। ਹੁਣ ਤੱਕ ਦੀ ਸਭ ਤੋਂ ਵੱਡੀ ਮਿਸਾਲ ਅਮ੍ਰਿਤਾ ਦੇਵੀ ਅਤੇ ਰਾਜਸਥਾਨ ਦੇ ਬਿਸ਼ਨੋਈ ਭਾਈਚਾਰੇ ਦੇ ਕਰੀਬ 363 ਪਿੰਡ ਦੇ ਲੋਕਾਂ ਨੇ ਦਿੱਤੀ, ਜਦੋਂ ਉਨ੍ਹਾਂ ਨੇ ਜੋਧਪੁਰ ਦੇ ਰਾਜਾ ਅਭੈ ਸਿੰਘ ਦੇ ਹੁਕਮਾਂ ਦੇ ਵਿਰੁੱਧ, ਖੇਜਰੀ ਦੇ ਰੁੱਖਾਂ ਨੂੰ ਕੱਟਣ ਤੋਂ ਰੋਕਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।
ਵਾਤਾਵਰਣ ਦੀ ਸੁਰੱਖਿਆ ਦੀ ਲੋੜ ਧਾਰਮਿਕ ਗ੍ਰੰਥਾਂ ਵਿੱਚ ਵੀ ਪਾਈ ਜਾਂਦੀ ਹੈ। ਟੀ.ਵੀ. ਸੀਰੀਅਲ ਮਹਾਭਾਰਤ ਦੇ ਇੱਕ ਐਪੀਸੋਡ ਵਿੱਚ ਦਿਖਾਇਆ ਗਿਆ ਸੀ ਕਿ ਯੁਧਿਸ਼ਟਰ ਬਨਵਾਸ ਦੌਰਾਨ ਆਪਣੇ ਭਰਾਵਾਂ ਨੂੰ ਨਿਰਦੇਸ਼ ਦੇ ਰਿਹਾ ਹੈ ਕਿ ਉਹ ਜਾ ਕੇ ਰੁੱਖਾਂ ਦੀਆਂ ਸੁੱਕੀਆਂ ਟੁੱਟੀਆਂ ਟਹਿਣੀਆਂ ਨੂੰ ਇਕੱਠਾ ਕਰਨ ਅਤੇ ਲੋੜ ਨਾ ਪੈਣ ‘ਤੇ ਦਰੱਖਤ ਨੂੰ ਨਾ ਕੱਟਣ। ਜੀਵਨ ਲਈ ਹਵਾ, ਪਾਣੀ ਅਤੇ ਧਰਤੀ ਦੀ ਮਹੱਤਤਾ ਗੁਰੂ ਗ੍ਰੰਥ ਸਾਹਿਬ ਵਿੱਚ ਵਾਰ-ਵਾਰ ਦੱਸੀ ਗਈ ਹੈ। ਧਰਤੀ ਨੂੰ ਮਾਂ ਕਿਹਾ ਜਾਂਦਾ ਹੈ ਅਤੇ ਇਸ ਲਈ ਸਾਡੇ ਸਤਿਕਾਰ ਦੀ ਲੋੜ ਹੈ। ਵਾਤਾਵਰਣ ਦਿਵਸ ਮਨਾਉਣ ਨੇ ਨਾ ਸਿਰਫ਼ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ, ਸਗੋਂ ਬਹੁਤ ਸਾਰੇ ਧਾਰਮਿਕ ਆਗੂਆਂ, ਧਾਰਮਿਕ ਸੰਸਥਾਵਾਂ, ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਨੂੰ ਵਾਤਾਵਰਣ ਦੀ ਸੁਰੱਖਿਆ ਲਈ ਕੁਝ ਕਰਨ ਲਈ ਪ੍ਰੇਰਿਤ ਕੀਤਾ।
26 ਜੁਲਾਈ 2009 ਨੂੰ ਸਿੱਖਾਂ ਦੀ ਸਰਵਉੱਚ ਅਧਿਆਤਮਿਕ ਸੰਸਥਾ ਅਕਾਲ ਤਖਤ ਸਾਹਿਬ ਦੇ ਮੁਖੀ ਜਥੇਦਾਰ ਗੁਰਬਚਨ ਸਿੰਘ ਨੇ ਇੱਕ ਜਨਤਕ ਬਿਆਨ ਦਿੱਤਾ ਕਿ ਵਾਤਾਵਰਣ ਦੀ ਸੰਭਾਲ ਕਰਨਾ ਸਿੱਖ ਦਾ ‘ਨੈਤਿਕ ਅਤੇ ਧਾਰਮਿਕ ਫਰਜ਼’ ਹੈ। ਸਿੱਖ ਆਗੂ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਸੁਲਤਾਨਪੁਰ ਲੋਧੀ ਵਿੱਚ ਬੇਈਂ ਨਦੀ ਦੇ ਕੰਢੇ ਹਰੀ ਪੱਟੀ ਬਣਾ ਕੇ ਵਾਤਾਵਰਣ ਦੀ ਸੰਭਾਲ ਲਈ ਲੋਕਾਂ ਨੂੰ ਜਾਗਰੂਕ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਨੇ ਕੁਝ ਗੁਰਦੁਆਰਿਆਂ ਵਿੱਚ ‘ਪ੍ਰਸਾਦ’ ਦੀ ਥਾਂ ‘ਤੇ ਰੁੱਖਾਂ ਦੇ ਬੂਟੇ ਵੰਡਣ ਦੇ ਹੁਕਮ ਦਿੱਤੇ ਹਨ। ਵਾਤਾਵਰਣ ਦੀ ਸੁਰੱਖਿਆ ਲਈ ਇਹ ਇੱਕ ਬਹੁਤ ਵੱਡਾ ਬਦਲਾਅ ਹੈ। ਭਾਰਤੀ ਅਧਿਆਤਮਿਕ ਨੇਤਾ ਸਦਗੁਰੂ ਨੇ ਮਿੱਟੀ ਦੇ ਵਿਆਪਕ ਨੁਕਸਾਨ ਅਤੇ ਪਤਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਾਰਚ 2022 ਵਿੱਚ ‘ਮਿੱਟੀ ਬਚਾਓ’ ਨਾਮਕ ਇੱਕ ਗਲੋਬਲ ਅੰਦੋਲਨ ਸ਼ੁਰੂ ਕੀਤਾ ਹੈ।
ਮਨੁੱਖ ਵਾਤਾਵਰਣ ਸੰਬੰਧੀ ਮੁੱਦਿਆਂ ਦਾ ਇੱਕ ਪ੍ਰਮੁੱਖ ਸਰੋਤ ਹਨ, ਪਰ ਹੁਣ ਮਨੁੱਖ ਨੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਹੁਣ ਇਸ ਨੂੰ ਖਤਮ ਕਰਨ ਲਈ ਕੰਮ ਕਰ ਰਿਹਾ ਹੈ। ਜੇਕਰ ਸਾਰੇ ਮਨੁੱਖ ਵਾਤਾਵਰਣ ਲਈ ਬਰਾਬਰ ਦਾ ਯੋਗਦਾਨ ਪਾਉਣ ਤਾਂ ਇਸ ਮੁੱਦੇ ਨਾਲ ਲੜਿਆ ਜਾ ਸਕਦਾ ਹੈ ਅਤੇ ਕੁਦਰਤੀ ਸੰਤੁਲਨ ਨੂੰ ਇੱਕ ਵਾਰ ਫਿਰ ਤੋਂ ਬਹਾਲ ਕੀਤਾ ਜਾ ਸਕਦਾ ਹੈ।

*ਖੇਤੀ ਵਿਭਾਗ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ, ਜਲੰਧਰ।

Leave a Reply

Your email address will not be published. Required fields are marked *