ਵਾਤਾਵਰਣ ਸਬੰਧਤ ਵਿਗਿਆਨ ਗਲਪ ਕਹਾਣੀ

ਸਾਹਿਤਕ ਤੰਦਾਂ ਵਿਚਾਰ-ਵਟਾਂਦਰਾ

ਤਰਲ ਰੁੱਖ
(ਕੰਕਰੀਟ ਦਾ ਜੰਗਲ ਤੇ ਕੁਦਰਤ ਦੀ ਵਾਪਸੀ)
ਡਾ. ਡੀ.ਪੀ. ਸਿੰਘ, ਕੈਨੇਡਾ
ਓਮiਅਲ: ਦਰਦਪਸਨ@ਹੋਟਮਅਲਿ।ਚੋਮ
ਦਿੱਲੀ ਮਹਾਂਨਗਰ ਵਿੱਚ ਆਮ ਜੀਵਨ ਇੱਕ ਰੋਜ਼ਾਨਾ ਜੱਦੋ-ਜਹਿਦ ਬਣ ਚੁੱਕਾ ਸੀ। ਧੂੰਏਂ ਨਾਲ ਭਰੇ ਅਸਮਾਨ ਵਾਲਾ ਇਹ ਸ਼ਹਿਰ ਕੰਕਰੀਟ ਦੀਆਂ ਉੱਚੀਆ ਉੱਚੀਆਂ ਇਮਾਰਤਾਂ ਦਾ ਜਮਘਟ ਸੀ। ਕਦੇ ਸਮਾਂ ਸੀ ਜਦ ਇਹ ਸ਼ਹਿਰ ਹਰੇ ਭਰੇ ਬਾਗ-ਬਗੀਚਿਆਂ ਦੀ ਖੁਬਸੂਰਤੀ ਨਾਲ ਸਰਸ਼ਾਰ ਸੀ, ਪਰ ਹੁਣ ਰੁੱਖਾਂ ਤੇ ਹਰਿਆਵਲ ਦੀ ਅਣਹੋਂਦ ਨੇ ਤਾਂ ਸ਼ਹਿਰ ਦਾ ਰੰਗ ਰੂਪ ਹੀ ਬਦਲ ਦਿੱਤਾ ਸੀ। ਸਭ ਪਾਸੇ ਕੰਕਰੀਟ ਦਾ ਸਲੇਟੀ ਰੰਗ ਤੇ ਪੀਲੇ-ਭੂਰੇ ਧੂੰਏ ਰੰਗਾ ਆਸਮਾਨ ਲੋਕਾਂ ਦੀ ਜਾਨ ਦਾ ਜੋਖ਼ਮ ਬਣ ਚੁੱਕਾ ਸੀ।

ਜਿਵੇਂ ਹੀ ਸੂਰਜ ਦੀਆਂ ਕਿਰਨਾਂ ਅੰਬਰ ਵਿੱਚ ਫੈਲੀ ਪ੍ਰਦੂਸ਼ਣ ਦੀ ਮੋਟੀ ਮੈਲੀ ਚਾਦਰ ਵਿੱਚੋਂ ਲੰਘਣ ਦੀ ਕੋਸ਼ਿਸ਼ ਕਰ ਰਹੀਆਂ ਸਨ, ਰੋਜ਼ਮੱਰ੍ਹਾ ਦੇ ਕੰਮਾਂ ਵਿੱਚ ਡੁੱਬੇ ਸ਼ਹਿਰ ਵਾਸੀਆਂ ਲਈ ਕੁਦਰਤ ਦੀ ਹੋਂਦ ਪ੍ਰਾਚੀਨ ਕਾਲ ਦੀ ਯਾਦ ਬਣ ਚੁੱਕੀ ਸੀ। ਇਸ ਸ਼ਹਿਰ ਦੇ ਬੱਚਿਆਂ ਨੇ ਆਪਣੇ ਜੀਵਨ ਕਾਲ ਦੌਰਾਨ ਕਦੇ ਵੀ ਕੋਈ ਅਸਲੀ ਰੁੱਖ ਨਹੀਂ ਸੀ ਦੇਖਿਆ। ਕੁਦਰਤ ਬਾਰੇ ਉਨ੍ਹਾਂ ਦਾ ਅਨੁਭਵ ਸਿਰਫ਼ ਇਤਿਹਾਸ ਦੀਆਂ ਕਿਤਾਬਾਂ ਵਿੱਚ ਮੌਜੂਦ ਰੁੱਖਾਂ ਦੇ ਫਿੱਕੇ ਚਿੱਤਰਾਂ ਦਾ ਹੀ ਸੀ; ਪਰ ਕਈ ਬਜ਼ੁਰਗ ਅਜੇ ਵੀ ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਸਨ, ਜਦੋਂ ਸੜਕਾਂ ਕਿਨਾਰੇ ਲੱਗੇ ਉੱਚੇ ਲੰਮੇ ਅਮਲਤਾਸ, ਗੁਲਮੋਹਰ ਤੇ ਬਰਗਦ ਦੇ ਰੁੱਖ ਅਤੇ ਫੁੱਲਾਂ ਲੱਦੇ ਮੌਲਸਰੀ ਤੇ ਚੰਪਾ ਦੇ ਬੂਟੇ ਚੌਗਿਰਦੇ ਨੂੰ ਖੂਬਸੂਰਤੀ ਅਤੇ ਮਹਿਕ ਨਾਲ ਭਰ ਦਿੰਦੇ ਸਨ।
ਹਰੇ ਭਰੇ ਵਾਤਾਵਰਣ ਦੀ ਘਾਟ ਨੇ ਸ਼ਹਿਰ ਵਾਸੀਆਂ ਦੀ ਸਿਹਤ ਉੱਤੇ ਡੂੰਘਾ ਪ੍ਰਭਾਵ ਪਾਇਆ ਸੀ। ਉਨ੍ਹਾਂ ਵਿੱਚੋਂ ਬਹੁਤੇ ਸਾਹ ਦੀਆਂ ਬਿਮਾਰੀਆਂ ਦਾ ਸ਼ਿਕਾਰ ਸਨ। ਹਵਾ ਵਿੱਚ ਪ੍ਰਦੂਸ਼ਣ ਦੀ ਮਾਤਰਾ ਇੰਨੀ ਵਧੇਰੇ ਸੀ ਕਿ ਲੋਕਾਂ ਨੂੰ ਸਾਹ ਲੈਣ ਲਈ ਮਾਸਕ ਦੀ ਵਰਤੋਂ ਕਰਨੀ ਪੈ ਰਹੀ ਸੀ। ਹਸਪਤਾਲ ਸਾਹ ਦੀਆਂ ਬਿਮਾਰੀਆਂ ਦੇ ਸ਼ਿਕਾਰ ਮਰੀਜ਼ਾਂ ਨਾਲ ਭਰੇ ਪਏ ਸਨ ਅਤੇ ਬੱਚੇ ਘਾਹ ਦੇ ਮੈਦਾਨਾਂ ਦੀ ਥਾਂ ਕੰਕਰੀਟ ਦੀਆਂ ਉੱਚੀਆਂ ਕੰਧਾਂ ਨਾਲ ਘਿਰੇ ਸੀਮਿੰਟ ਦੇ ਬਣੇ ਮੈਦਾਨਾਂ ਵਿੱਚ ਖੇਡਦੇ ਸਨ।
***
ਇਸ ਕੰਕਰੀਟ ਦੇ ਜੰਗਲ ਦੇ ਵਿੱਚ ਮਾਇਆ ਨਾਮ ਦੀ ਇੱਕ ਮੁਟਿਆਰ ਇੱਕ ਵੱਖਰੀ ਦੁਨੀਆਂ ਦਾ ਸੁਪਨਾ ਦੇਖ ਰਹੀ ਸੀ। ਕੁਦਰਤ ਦੀ ਖ਼ੂਬਸੂਰਤੀ ਬਾਰੇ ਉਸ ਨੇ ਆਪਣੇ ਦਾਦਾ-ਦਾਦੀ ਤੋਂ ਕਹਾਣੀਆਂ ਸੁਣੀਆਂ ਸਨ ਅਤੇ ਉਨ੍ਹਾਂ ਕਹਾਣੀਆਂ ਨੇ ਉਸ ਦੇ ਦਿਲ ਵਿੱਚ ਆਸ ਦਾ ਇੱਕ ਬੀਜ ਬੀਜ ਦਿੱਤਾ ਸੀ। ਬੇਸ਼ੱਕ ਉਹ ਸ਼ਹਿਰ ਵਿਖੇ ਇੱਕ ਇਮਾਰਤਸ਼ਾਜ ਵਜੋਂ ਕੰਮ ਕਰ ਰਹੀ ਸੀ, ਪਰ ਉਸ ਦੀ ਮੂਲ ਰੁਚੀ ਦਿੱਲੀ ਵਿੱਚ ਹਰਿਆਲੀ ਨੂੰ ਵਾਪਸ ਲਿਆਉਣ ਦਾ ਤਰੀਕਾ ਲੱਭਣ ਦੀ ਸੀ।
ਮਾਇਆ ਨੇ ਖੜ੍ਹਵੇਂ (ਵੲਰਟਿਚਅਲ) ਬਗੀਚਿਆਂ ਦੀ ਕਲਪਨਾ ਕਰ, ਆਪਣੇ ਇਮਾਰਤਸ਼ਾਜ਼ੀ ਹੁਨਰ ਦੀ ਵਰਤੋਂ ਕਰਦੇ ਹੋਏ ਇਮਾਰਤਾਂ ਦੀਆਂ ਕੰਧਾਂ ਦੇ ਬਾਹਰਲੇ ਪਾਸਿਆਂ ਉੱਤੇ ਵੇਲਾਂ ਲਗਾ ਸਕਣ ਵਾਲੇ ਡਿਜ਼ਾਈਨ ਤਿਆਰ ਕੀਤੇ। ਉਸਨੇ ਹਵਾ ਨੂੰ ਸ਼ੁੱਧ ਕਰਨ ਵਾਲੀਆਂ ਅਜਿਹੀਆ ਵੇਲਾਂ ਤੇ ਪੌਦਿਆਂ ਬਾਰੇ ਜਾਣਕਾਰੀ ਇਕੱਠੀ ਕੀਤੀ, ਜੋ ਦੀਵਾਰਾਂ ਦੇ ਨਾਲ ਚਿਪਕ ਕੇ ਸ਼ਹਿਰ ਦੇ ਪ੍ਰਦੂਸ਼ਿਤ ਵਾਤਾਵਰਣ ਵਿੱਚ ਵੱਧ-ਫੁੱਲ ਸਕਣ। ਉਸ ਦਾ ਯਕੀਨ ਸੀ ਕਿ ਕੰਕਰੀਟ ਦੇ ਜੰਗਲ ਵਿੱਚ ਇੱਕ ਹਰੇ ਨਖ਼ਲਿਸਤਾਨ ਦੀ ਹੋਂਦ, ਪ੍ਰਦੂਸ਼ਣ ਦੀ ਮਾਰ ਝੱਲ ਰਹੇ ਲੋਕਾਂ ਨੂੰ ਸੁੱਖ ਭਰੀ ਜ਼ਿੰਦਗੀ ਜਿਊਣ ਵਿੱਚ ਮਦਦ ਕਰ ਸਕਦੀ ਹੈ।
ਮਾਇਆ ਦੀਆਂ ਕੋਸ਼ਿਸਾਂ ਦੀ ਖ਼ਬਰ ਹੌਲੇ ਹੌਲੇ ਫੈਲਣ ਲੱਗ ਪਈ ਸੀ। ਤਦ ਹੀ ਉਸ ਨੂੰ ਆਪਣੇ ਵਰਗੀ ਸੋਚ ਵਾਲੇ ਕਈ ਹੋਰ ਵਿਅਕਤੀ ਵੀ ਮਿਲ ਗਏ, ਜੋ ਉਸ ਦੇ ਮਕਸਦ ਦੀ ਪੂਰਤੀ ਲਈ ਸਹਿਯੋਗ ਦੇਣ ਵਾਸਤੇ ਤਤਪਰ ਸਨ। ਉਨ੍ਹਾਂ ਸਭ ਨੇ ਮਿਲ ਕੇ ‘ਹਰਿਆਵਲ ਦਸਤਾ’ ਨਾਮੀ ਸੰਸਥਾ ਦਾ ਗਠਨ ਕੀਤਾ। ਇਹ ਇੱਕ ਅਜਿਹੀ ਟੋਲੀ ਸੀ, ਜੋ ਦਿੱਲੀ ਵਿਖੇ ਕੁਦਰਤ ਦੀ ਵਾਪਸੀ ਲਈ ਦ੍ਰਿੜ ਸੀ। ਉਨ੍ਹਾਂ ਨੇ ਇਮਾਰਤਾਂ ਦੀਆਂ ਛੱਤਾਂ ਉੱਤੇ ਛੋਟੇ ਬਗੀਚਿਆਂ ਦੀ ਸਥਾਪਨਾ ਕਰਵਾਉਣੀ ਸ਼ੁਰੂ ਕੀਤੀ ਤਾਂ ਜੋ ਇਨ੍ਹਾਂ ਬਗੀਚਿਆਂ ਵਿਚਲੇ ਪੌਦੇ ਹਵਾ ਨੂੰ ਸਾਫ ਕਰ ਕੇ ਸ਼ਹਿਰ ਵਾਸੀਆਂ ਨੂੰ ਪ੍ਰਦੂਸ਼ਣ ਭਰੇ ਮਾਹੌਲ ਤੋਂ ਨਿਜਾਤ ਦੁਆ ਸਕਣ।
ਜਿਵੇਂ-ਜਿਵੇਂ ਸ਼ਹਿਰ ਵਿੱਚ ਹਰੀਆਂ ਭਰੀਆਂ ਥਾਵਾਂ ਦੀ ਗਿਣਤੀ ਵਧਣ ਲੱਗੀ, ਅਜਿਹੀਆਂ ਥਾਵਾਂ ਨੇੜਲੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋ ਗਿਆ, ਤੇ ਲੋਕਾਂ ਨੂੰ ਪ੍ਰਦੂਸ਼ਣ ਦੀ ਮਾਰ ਤੋਂ ਰਾਹਤ ਦੀ ਕਿਰਨ ਮਹਿਸੂਸ ਹੋਣ ਲੱਗੀ। ਉਹ ਬੱਚਿਆਂ ਜਿਨ੍ਹਾਂ ਨੇ ਪਹਿਲਾਂ ਕਦੇ ਰੁੱਖ ਨਹੀਂ ਸਨ ਦੇਖੇ, ਉਹ ਹਰੇ ਭਰੇ ਪੱਤਿਆਂ ਅਤੇ ਰੰਗ-ਬਰੰਗੇ ਫੁੱਲਾਂ ਨਾਲ ਸਜੇ ਪੌਦਿਆਂ ਨੂੰ ਦੇਖ ਕੇ ਹੈਰਾਨ ਹੋ ਗਏ ਸਨ। ਬਾਲਗਾਂ ਨੂੰ ਹਰਿਆਵਲ ਦੀ ਹੋਂਦ ਵਿੱਚ ਸ਼ਾਂਤੀ ਤੇ ਸੁੰਦਰਤਾ ਮਹਿਸੂਸ ਹੋਈ।
ਪਰ ਅਜੇ ਇਹ ਸਭ ਕੁਝ ਵਧੇਰੇ ਅਸਰਦਾਰ ਨਜ਼ਰ ਨਹੀਂ ਸੀ ਆ ਰਿਹਾ, ਕਿਉਂਕਿ ਛੱਤਾਂ ਉੱਤੇ ਲੱਗੇ ਬਗੀਚੇ ਜ਼ਮੀਨੀ ਪੱਧਰ ਉੱਤੇ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਅਸਫਲ ਰਹੇ ਸਨ। ਆਪਣੇ ਮੌਜੂਦਾ ਯਤਨਾਂ ਦੇ ਨਤੀਜਿਆਂ ਤੋਂ ਅਸੰਤੁਸ਼ਟ ‘ਹਰਿਆਵਲ ਦਸਤੇ’ ਨੇ ਮਸਲੇ ਦੇ ਹੱਲ ਲਈ ਹੋਰ ਢੰਗ ਭਾਲਣ ਦੀ ਖੋਜ ਜਾਰੀ ਰੱਖੀ।
***
ਦਿੱਲੀ ਵਿੱਚ ਜ਼ਮੀਨੀ ਪੱਧਰ ਉੱਤੇ ਸਾਫ਼ ਹਵਾ ਦੀ ਘਾਟ ਹਰ ਕਿਸੇ ਲਈ ਜੋਖ਼ਮ ਦਾ ਮੁੱਦਾ ਸੀ। ਸੁਭਾਗ ਵੱਸ ਸਰਬੀਆ ਦੇ ਪ੍ਰਸਿੱਧ ਵਿਗਿਆਨੀ, ਡਾ. ਇਵਾਨ ਪੈਟਰੋਵਿਕ ਦੀ ਦੁਰਲੱਭ ਖੋਜ ਤੋਂ ਉਮੀਦ ਦੀ ਇੱਕ ਕਿਰਨ ਦਾ ਜਨਮ ਹੋਇਆ। ਡਾ. ਇਵਾਨ ਇੱਕ ਖਾਸ ਖੋਜ ਪ੍ਰੋਜੈਕਟ ਸੰਬੰਧੀ ਕੰਮ ਕਰਨ ਲਈ ਇਸ ਸ਼ਹਿਰ `ਚ ਆਇਆ ਸੀ। ਇੱਥੋਂ ਦੇ ਹਾਲਾਤ ਦੇਖ ਉਸ ਨੂੰ ਯਕੀਨ ਹੋ ਗਿਆ ਸੀ ਕਿ ਉਸ ਦੀ ਖੋਜ ਇਸ ਸ਼ਹਿਰ ਤੇ ਇਸ ਦੇ ਵਾਸੀਆਂ ਦਾ ਜੀਵਨ ਬਦਲਣ ਦੇ ਸਮਰਥ ਹੈ।
ਡਾ. ਇਵਾਨ ਇੱਕ ਵਿਲੱਖਣ ਖੋਜੀ ਸੀ, ਜਿਸ ਨੇ ਵਾਤਾਵਰਨ ਦੇ ਮਸਲਿਆਂ ਬਾਰੇ ਨਵੇਂ ਹੱਲ ਲੱਭਣ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੋਇਆ ਸੀ। ਉਸ ਨੇ ਸੂਖਮ ਐਲਗੀ ਦੁਆਰਾ ਪ੍ਰਦੂਸ਼ਣਕਾਰੀ ਕਣਾਂ ਨੂੰ ਜਜ਼ਬ ਕਰਨ ਅਤੇ ਆਕਸੀਜਨ ਛੱਡਣ ਦੀ ਕ੍ਰਿਆ ਦੀ ਜਾਂਚ ਵਿੱਚ ਲਗਭਗ ਦੋ ਦਹਾਕੇ ਬਿਤਾਏ ਸਨ। ਆਪਣੇ ਖੋਜ ਕਾਰਜਾਂ ਦੀ ਬਦੌਲਤ ਉਸ ਨੇ ਇੱਕ ਅਜਿਹੀ ਕੁਦਰਤੀ ਕ੍ਰਿਆ ਦਾ ਪਤਾ ਲਗਾ ਲਿਆ ਸੀ, ਜੋ ਦਿੱਲੀ ਦੀ ਕਿਸਮਤ ਨੂੰ ਹਮੇਸ਼ਾ ਲਈ ਬਦਲਣ ਦੇ ਸਮਰਥ ਸੀ।
ਇੱਕ ਦਿਨ ਜਦੋਂ ਡਾ. ਇਵਾਨ ਸ਼ਹਿਰ ਦੀ ਪਥਰੀਲੀ ਸੜਕ ਉੱਤੇ ਪੈਦਲ ਜਾ ਰਿਹਾ ਸੀ, ਤਾਂ ਉਸ ਨੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਅਤੇ ਪ੍ਰਦੂਸ਼ਣ ਦੇ ਗੰਭੀਰ ਨਤੀਜਿਆਂ ਨੂੰ ਨੇੜਿਓਂ ਦੇਖਿਆ। ਉਸੇ ਸਮੇਂ ਉਸ ਨੂੰ ਇੱਕ ਫੁਰਨਾ ਆਇਆ। ਇਸ ਫੁਰਨੇ ਨਾਲ ਉਸ ਦੇ ਮਨ ਵਿੱਚ ਇੱਕ ਤਰਲ ਰੁੱਖ ਦਾ ਰੂਪ ਪ੍ਰਗਟ ਹੋ ਗਿਆ। ਉਸ ਨੇ ਇੱਕ ਅਜਿਹੇ ਸਿਸਟਮ ਦੀ ਕਲਪਨਾ ਕੀਤੀ, ਜਿਸ ਵਿੱਚ ਵਿਸ਼ੇਸ਼ ਢੰਗ ਨਾਲ ਤਿਆਰ ਕੀਤੀ ਸੂਖਮ ਐਲਗੀ ਨੂੰ ਪਾਣੀ ਨਾਲ ਭਰੇ ਕੱਚ ਦੇ ਬਕਸੇ ਵਿੱਚ ਇੰਝ ਰੱਖਿਆ ਜਾਵੇ ਤਾਂ ਕਿ ਉਹ ਐਲਗੀ ਚੌਗਿਰਦੇ ਦੀ ਪ੍ਰਦੂਸਿæਤ ਹਵਾ ਨੂੰ ਸਹਿਜੇ ਹੀ ਸੌਖ ਸਕੇ ਅਤੇ ਹਵਾ ਵਿਚਲੇ ਪ੍ਰਦੂਸ਼ਣਕਾਰੀ ਕਣਾਂ, ਪਾਣੀ ਤੇ ਰੌਸ਼ਨੀ ਦੀ ਆਪਸੀ ਕ੍ਰਿਆ ਤੋਂ ਪੈਦਾ ਹੋਈ ਆਕਸੀਜਨ ਨੂੰ ਆਲੇ-ਦੁਆਲੇ ਦੇ ਵਾਤਾਵਰਣ ਵਿੱਚ ਛੱਡ ਸਕੇ। ਇਹ ਬਿਲਕੁਲ ਅਜਿਹੀ ਹੀ ਪ੍ਰਣਾਲੀ ਸੀ, ਜਿਵੇਂ ਰੁੱਖ ਗੰਦੀ ਹਵਾ (ਕਾਰਬਨ ਡਾਇਆਕਸਾਈਡ ਗੈਸ) ਨੂੰ ਸੌਖ ਕੇ ਸਾਫ਼ ਹਵਾ (ਆਕਸੀਜਨ) ਪੈਦਾ ਕਰਦੇ ਸਨ।
ਡਾ. ਇਵਾਨ ਦੁਆਰਾ ਤਰਲ ਰੁੱਖ ਦੀ ਕਲਪਨਾ ਇਸ ਕੰਕਰੀਟ ਦੇ ਜੰਗਲ ਵਿੱਚ ਉਮੀਦ ਦੀ ਕਿਰਨ ਵਜੋਂ ਪ੍ਰਗਟ ਹੋਈ। ਉਹ ਸੋਚ ਰਿਹਾ ਸੀ, ਡਾ. ਇਵਾਨ ਅਤੇ ਉਸ ਦੀ ਟੀਮ ਨੇ ਪ੍ਰਦੂਸ਼ਣਕਾਰੀ ਪਦਾਰਥਾਂ ਨੂੰ ਜਜ਼ਬ ਕਰਨ ਅਤੇ ਆਕਸੀਜਨ ਪੈਦਾ ਕਰਨ ਲਈ ਬਹੁਤ ਹੀ ਕੁਸ਼ਲ ਸੂਖ਼ਮ ਐਲਗੀ ਦੀਆਂ ਵੰਨਗੀਆਂ ਨੂੰ ਧਿਆਨ ਨਾਲ ਚੁਣਿਆ। ਹੌਲੇ ਹੌਲੇ ਕੱਚ ਦੇ ਢਾਂਚਿਆਂ ਵਾਲੇ ਤਰਲ ਰੁੱਖ ਸਾਰੇ ਸ਼ਹਿਰ ਵਿੱਚ ਦਿਖਾਈ ਦੇਣ ਲੱਗ ਪਏ। ਇਹ ਤਰਲ ਰੁੱਖ ਹਵਾ ਦੀ ਗੁਣਵੱਤਾ ਦੀ ਜਾਂਚ ਲਈ ਸੈਂਸਰਾਂ ਨਾਲ ਲੈਸ ਸਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਸ਼ਹਿਰ ਦੀਆਂ ਲੋੜਾਂ ਲਈ ਸਹੀ ਰੋਲ ਅਦਾ ਕਰ ਰਹੇ ਹਨ।
ਜਿਵੇਂ ਜਿਵੇਂ ਤਰਲ ਰੁੱਖਾਂ ਦੀ ਗਿਣਤੀ ਵਧਦੀ ਗਈ, ਦਿੱਲੀ ਦੇ ਵਾਯੂ-ਮੰਡਲ ਵਿੱਚ ਉਨ੍ਹਾਂ ਦਾ ਪ੍ਰਭਾਵ ਨਜ਼ਰ ਆਉਣ ਲੱਗਾ। ਪ੍ਰਦੂਸ਼ਣ ਦਾ ਪੱਧਰ ਕਾਫ਼ੀ ਹੱਦ ਤਕ ਘੱਟ ਗਿਆ ਅਤੇ ਹਵਾ ਸਾਫ਼-ਸੁਥਰੀ ਹੋ ਗਈ। ਪਹਿਲੋਂ ਪ੍ਰਚਲਿਤ ਹਵਾ-ਸਫ਼ਾਈ ਯੰਤਰਾਂ ਦੀ ਲਗਾਤਾਰ ਗੂੰਜ ਅਤੇ ਮਾਸਕ ਪਹਿਨੇ ਲੋਕਾਂ ਦੀ ਸੰਖਿਆ ਹੁਣ ਕਾਫ਼ੀ ਘੱਟ ਹੋ ਗਈ ਸੀ। ਹੁਣ ਬੱਚੇ ਗਲੀਆਂ ਵਿੱਚ ਬੇਫ਼ਿਕਰੀ ਨਾਲ ਨੱਠ ਭੱਜ ਕਰ ਸਕਦੇ ਸਨ। ਬਜ਼ੁਰਗਾਂ ਦੀ ਸਿਹਤ ਵਿੱਚ ਸੁਧਾਰ ਨਜ਼ਰ ਆਉਣ ਲੱਗ ਪਿਆ ਸੀ।
ਸ਼ਹਿਰ ਵਿੱਚ ਹਰੇ ਰੰਗ ਦੇ ਭਿੰਨ ਭਿੰਨ ਰੂਪਾਂ ਵਾਲੇ ਕੱਚ ਦੇ ਖੂਬਸੂਰਤ ਢਾਂਚਿਆਂ ਵਾਲੇ ਤਰਲ ਰੁੱਖ ਸੜਕਾਂ ਕਿਨਾਰੇ ਸਾਫ਼ ਹਵਾ ਦੇ ਰੱਖਿਅਕਾਂ ਵਾਂਗ ਖੜ੍ਹੇ ਨਜ਼ਰ ਆ ਰਹੇ ਸਨ। ਹਰੇਕ ਤਰਲ ਰੁੱਖ ਦੇ ਹੇਠਲੇ ਪਾਸੇ ਨਾਲ, ਇੱਕ ਬੈਂਚ ਜੁੜਿਆ ਹੋਇਆ ਸੀ ਜੋ ਲੋਕਾਂ ਨੂੰ ਬੈਠਣ, ਆਰਾਮ ਕਰਨ ਅਤੇ ਕੁਦਰਤ ਨਾਲ ਜੁੜਨ ਦਾ ਸੱਦਾ ਦਿੰਦਾ ਸੀ। ਇਹ ਬੈਂਚ ਆਪਸੀ ਮੁਲਾਕਾਤ ਦੀ ਠਾਹਰ ਬਣ ਗਏ, ਜਿੱਥੇ ਅਣਜਾਣ ਲੋਕ ਵੀ ਆਪਸੀ ਮੁਲਾਕਾਤਾਂ ਨਾਲ ਦੋਸਤ ਬਣ ਗਏ। ਸ਼ਹਿਰ ਵਾਸੀਆਂ ਨੂੰ ਇਨ੍ਹਾਂ ਜੀਵਿਤ ਅਜੂਬਿਆਂ ਦੀ ਹੋਂਦ ਨਾਲ ਖੁਸ਼ੀ ਤੇ ਰਾਹਤ ਦਾ ਅਨੁਭਵ ਹੋਇਆ।
ਜਿਵੇਂ ਹੀ ਰੁੱਤਾਂ ਬਦਲਦੀਆਂ ਗਈਆਂ, ਤਰਲ ਰੁੱਖ ਵੀ ਰੰਗ ਬਦਲਦੇ ਗਏ, ਪਤਝੜ੍ਹ ਵਿੱਚ ਲਾਲ, ਸੰਤਰੀ ਅਤੇ ਪੀਲੇ ਰੰਗ ਦੇ ਚਮਕਦਾਰ ਰੰਗਾਂ ਵਿੱਚ ਨਜ਼ਰ ਆਉਂਦੇ ਅਤੇ ਬਸੰਤ ਰੁੱਤ ਵਿੱਚ ਨਾਜ਼ੁਕ ਫੁੱਲਾਂ ਦੇ ਰੰਗਾਂ ਨਾਲ ਚਮਚਮਾ ਉੱਠਦੇ। ਨੀਰਸ ਸਲੇਟੀ ਰੰਗ ਵਾਲਾ ਦਿੱਲੀ ਸ਼ਹਿਰ ਹੁਣ ਤਾਂ ਸਾਰਾ ਸਾਲ ਹੀ ਰੰਗਾਂ ਦੀ ਬਹਾਰ ਨਾਲ ਸਰਸ਼ਾਰ ਨਜ਼ਰ ਆਉਂਦਾ ਸੀ।
***
ਦਿੱਲੀ ਵਿਖੇ ਵਾਪਰ ਰਹੀ ਅਜਬ ਤਬਦੀਲੀ ਵਿੱਚ ਅਚਾਨਕ ਇੱਕ ਮੁਸ਼ਕਲ ਪੈਦਾ ਹੋ ਗਈ, ਜਿਸ ਨਾਲ ਤਰਲ ਰੁੱਖਾਂ ਅਤੇ ਸ਼ਹਿਰ ਵਾਸੀਆਂ ਦੇ ਆਪਸੀ ਭਾਈਚਾਰੇ ਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਗਿਆ। ਸ਼ਹਿਰ ਦੇ ਪ੍ਰਮੁੱਖ ਕਾਰੋਬਾਰੀਆਂ ਦੇ ਇੱਕ ਗੁੱਟ, ਜੋ ‘ਨਗਰ ਨਿਰਮਾਣ ਨਿਗਮ’ ਦੇ ਨਾਮ ਨਾਲ ਮਸ਼ਹੂਰ ਸੀ, ਨੇ ਤਰਲ ਰੁੱਖਾਂ ਨੂੰ ਉਨ੍ਹਾਂ ਦੇ ਕਾਰੋਬਾਰੀ ਲਾਭਾਂ ਲਈ ਖ਼ਤਰੇ ਵਜੋਂ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸੀ।
ਇਨ੍ਹਾਂ ਕਾਰੋਬਾਰੀਆਂ ਦੇ ਸਿਹਤ ਭਲਾਈ ਸੇਵਾਵਾਂ ਅਤੇ ਉਸਾਰੀ ਉਦਯੋਗ ਦੇ ਖੇਤਰਾਂ ਵਿੱਚ ਵਿਸ਼ੇਸ਼ ਹਿੱਤ ਸਨ। ਉਨ੍ਹਾਂ ਨੂੰ ਚਿੰਤਾ ਸੀ ਕਿ ਮਾਇਆ, ਡਾ. ਇਵਾਨ ਅਤੇ ਹਰਿਆਵਲ ਦਸਤੇ ਦੁਆਰਾ ਕੀਤੇ ਜਾ ਰਹੇ ਯਤਨਾਂ ਕਾਰਨ ਸ਼ਹਿਰ ਵਿਖੇ ਹਰਿਆਵਲ ਦੀ ਵਾਪਸੀ ਸਿਹਤ ਭਲਾਈ ਖੇਤਰ ਦੇ ਮੁਨਾਫੇ ਤੇ ਨਵੇਂ ਨਿਰਮਾਣ ਪ੍ਰੋਜੈਕਟਾਂ ਵਿੱਚ ਰੁਕਾਵਟ ਪਾਵੇਗੀ। ਉਨ੍ਹਾਂ ਦੀ ਸੋਚ ਸੀ ਕਿ ਸ਼ਹਿਰਵਾਸੀਆਂ ਵਿੱਚ ਹਰਿਆਲੀ ਵਾਪਸੀ ਦਾ ਜਨੂੰਨ ਕਾਰੋਬਾਰੀ ਲਾਭਾਂ ਦੀ ਮਾਤਰਾ ਨੂੰ ਘੱਟ ਕਰ ਦੇਵੇਗਾ।
ਨਗਰ ਨਿਰਮਾਣ ਨਿਗਮ ਨੇ ਤਰਲ ਰੁੱਖਾਂ ਦੇ ਫੈਲਾਅ ਨੂੰ ਰੋਕਣ ਲਈ ਮਿਊਂਸੀਪਲ ਕੌਂਸਲ ਦੇ ਮੈਂਬਰਾਂ ਉੱਤੇ ਦਬਾਓ ਵਧਾਉਣਾ ਸ਼ੁਰੂ ਕਰ ਦਿੱਤਾ। ਨਿਗਮ ਨੇ ਮਿਊਂਸੀਪਲ ਕੌਂਸਲ ਦੇ ਮੈਂਬਰਾਂ ਨੂੰ ਸ਼ਹਿਰ ਵਿਖੇ ਹੋਰ ਇਮਾਰਤਾਂ ਬਣਾਉਣ ਦਾ ਰਾਹ ਮੋਕਲਾ ਕਰਨ ਲਈ ਸਥਾਪਿਤ ਕੀਤੇ ਗਏ ਤਰਲ ਰੁੱਖਾਂ ਨੂੰ ਹਟਾਉਣ ਦਾ ਪ੍ਰਸਤਾਵ ਪਾਸ ਕਰਨ ਲਈ ਆਪਣਾ ਪੂਰਾ ਜ਼ੋਰ ਲਗਾ ਦਿੱਤਾ। ਉਨ੍ਹਾਂ ਦੀਆਂ ਦਲੀਲਾਂ ਮਨ-ਲ਼ੁਭਾਵਣੀਆਂ ਸਨ, ਤੇ ਉਨ੍ਹਾਂ ਕੋਲ ਆਪਣੇ ਆਸ਼ੇ ਦੀ ਪ੍ਰਾਪਤੀ ਲਈ ਉਚਿਤ ਸਾਧਨ ਵੀ ਸਨ।
ਜਿਵੇਂ ਹੀ ਇਸ ਮੁੱਦੇ ਦੀ ਖ਼ਬਰ ਫੈਲੀ, ਸ਼ਹਿਰ ਵਿੱਚ ਦੋ ਧੜੇ ਬਣ ਗਏ। ਕੁਝ ਲੋਕਾਂ ਦਾ ਮੰਨਣਾ ਸੀ ਕਿ ਤਰਲ ਰੁੱਖ ਇੱਕ ਸਿਹਤਮੰਦ ਅਤੇ ਵਧੇਰੇ ਉੱਜਲ ਭਵਿੱਖ ਦਾ ਆਧਾਰ ਹਨ, ਜਦੋਂ ਕਿ ਦੂਜੇ ਧੜੇ ਦੇ ਲੋਕ ਤਰਲ ਰੁੱਖਾਂ ਨੂੰ ਆਰਥਿਕ ਵਿਕਾਸ ਦੇ ਰਾਹ ਵਿੱਚ ਰੁਕਾਵਟ ਮੰਨ ਰਹੇ ਸਨ। ਗਰਮਾ-ਗਰਮ ਬਹਿਸਾਂ ਨੇ ਸ਼ਹਿਰ ਦੇ ਨਿਊਜ਼ ਅਦਾਰਿਆਂ ਅਤੇ ਸੋਸ਼ਲ ਮੀਡੀਆ ਚੈਨਲਾਂ ਨੂੰ ਭਰ ਦਿੱਤਾ। ਫਲਸਰੂਪ ਸ਼ਹਿਰ ਵਾਸੀਆਂ ਵਿੱਚ ਡਾਢੀ ਤਣਾਅ ਭਰੀ ਸਥਿਤੀ ਬਣ ਗਈ ਸੀ।
ਜਿਵੇਂ ਹੀ ਤਰਲ ਰੁੱਖਾਂ ਨੂੰ ਬਚਾਉਣ ਲਈ ਸੰਘਰਸ਼ ਤੇਜ਼ ਹੁੰਦਾ ਗਿਆ, ਦਿੱਲੀ ਵਿੱਚ ਧੜੇਬੰਦੀ ਹੋਰ ਸਪਸ਼ਟ ਹੁੰਦੀ ਗਈ। ਨਗਰ ਨਿਰਮਾਣ ਨਿਗਮ ਨੇ ਆਪਣੇ ਹਿੱਤਾਂ ਦੀ ਰੱਖਿਆ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ। ਤਰਲ ਰੁੱਖਾਂ ਦੇ ਫੈਲਾਅ ਨੂੰ ਰੋਕਣ ਲਈ ਉਨ੍ਹਾਂ ਆਪਣੀਆਂ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕਰ ਦਿੱਤਾ। ਖੁੱਲ੍ਹੇ ਦਿਲ ਨਾਲ ਪੈਸਾ ਖਰਚਦੇ ਹੋਏ, ਉਨ੍ਹਾਂ ਨੇ ਤਰਲ ਰੁੱਖਾਂ ਦੇ ਵਿਰੋਧ ਵਿੱਚ ਇੱਕ ਅਜਿਹੀ ਮੁਹਿੰਮ ਚਲਾਈ, ਜਿਸ ਨਾਲ ਉਨ੍ਹਾਂ ਸ਼ਹਿਰ ਦੇ ਸੰਚਾਰ ਮਾਧਿਅਮਾਂ ਨੂੰ ਅਜਿਹੇ ਇਸ਼ਤਿਹਾਰਾਂ ਅਤੇ ਲੇਖਾਂ ਨਾਲ ਭਰ ਦਿੱਤਾ, ਜਿਨ੍ਹਾਂ ਵਿੱਚ ਤਰਲ ਰੁੱਖਾਂ ਨੂੰ ਇੱਕ ਮਹਿੰਗੀ ਫਜ਼ੂਲਖਰਚੀ ਦੱਸਿਆ ਗਿਆ। ਉਨ੍ਹਾਂ ਦੀ ਦਲੀਲ ਸੀ ਕਿ ਸ਼ਹਿਰ ਦੇ ਵਿੱਤੀ ਸਰੋਤਾਂ ਨੂੰ ਇਨ੍ਹਾਂ ਵਾਤਾਵਰਣ-ਅਨੁਕੂਲ ਪ੍ਰੋਜੈਕਟਾਂ ਉੱਤੇ ਲਗਾਉਣ ਨਾਲ ਸ਼ਹਿਰ ਦੀ ਆਰਥਿਕਤਾ ਨੂੰ ਵੱਡਾ ਨੁਕਸਾਨ ਹੋਇਆ ਹੈ। ਹੁਣ ਤਾਂ ਸ਼ਹਿਰ ਭਰ ਵਿੱਚ ਤਰਲ ਰੁੱਖਾਂ ਬਾਰੇ ਵਿਰੋਧੀ ਜਾਣਕਾਰੀ ਪੂਰੀ ਤਰ੍ਹਾਂ ਫੈਲ ਚੁੱਕੀ ਸੀ ਅਤੇ ਲੋਕਾਂ ਵਿੱਚ ਇਸ ਮਸਲੇ ਬਾਰੇ ਧੜੇਬੰਦੀ ਸਪਸ਼ਟ ਨਜ਼ਰ ਆਉਣ ਲੱਗ ਪਈ ਸੀ।
ਦਿੱਲੀ ਦੀਆਂ ਸੜਕਾਂ ਉੱਤੇ ਟਕਰਾਅ ਵਾਲੇ ਹਾਲਾਤ ਬਣ ਚੁੱਕੇ ਸਨ। ਵਿਰੋਧ ਪ੍ਰਦਰਸ਼ਨ ਅਤੇ ਜਵਾਬੀ ਕਾਰਵਾਈਆਂ ਆਮ ਹੋ ਗਈਆਂ। ਸ਼ਹਿਰ ਵਾਸੀਆਂ ਨੇ ਪੂਰੇ ਜੋਸ਼-ਸ਼ੋਰ ਨਾਲ ਆਪੋ-ਆਪਣੀਆਂ ਧਿਰਾਂ ਦੇ ਹੱਕ ਵਿੱਚ ਮੁਜ਼ਾਹਰੇ ਕੀਤੇ। ਮਿਊਂਸੀਪਲ ਕੌਂਸਲ ਦੀਆਂ ਮੀਟਿੰਗਾਂ ਤਲਖ਼ੀ ਭਰਪੂਰ ਰੌਲੇ-ਰੱਪੇ ਅਤੇ ਦੂਸ਼ਣਬਾਜ਼ੀ ਵਾਲੀਆਂ ਬਹਿਸਾਂ ਵਿੱਚ ਬਦਲ ਗਈਆਂ।
ਹਰਿਆਵਲ ਦਸਤਾ, ਮਾਇਆ ਦੀ ਅਗਵਾਈ ਤੇ ਡਾ. ਇਵਾਨ ਪੈਟਰੋਵਿਕ ਦੇ ਸਮਰਥਨ ਨਾਲ ਤਰਲ ਰੁੱਖਾਂ ਪ੍ਰਤੀ ਆਪਣੀ ਵਚਨਬੱਧਤਾ ਵਿੱਚ ਅਡੋਲ ਰਿਹਾ। ਉਨ੍ਹਾਂ ਨੇ ਹਵਾ ਦੀ ਗੁਣਵੱਤਾ ਉੱਤੇ ਤਰਲ ਰੁੱਖਾਂ ਦੇ ਸਕਾਰਾਤਮਕ ਪ੍ਰਭਾਵਾਂ ਨੂੰ ਜਾਨਣ ਲਈ ਆਪਣੇ ਵਿਗਿਆਨਕ ਕਾਰਜ ਜਾਰੀ ਰੱਖੇ ਅਤੇ ਸ਼ਹਿਰ ਵਾਸੀਆਂ ਦੇ ਸਿਹਤ ਸੰਭਾਲ ਖਰਚਿਆਂ ਵਿੱਚ ਕਮੀ ਬਾਰੇ ਸਬੂਤ ਇਕੱਠੇ ਕੀਤੇ। ਇਨ੍ਹਾਂ ਕਾਰਜਾਂ ਦੇ ਆਧਾਰਿਤ ਉਨ੍ਹਾਂ ਦਾ ਦਆਵਾ ਸੀ ਕਿ ਤਰਲ ਰੁੱਖਾਂ ਤੋਂ ਲੰਬੇ ਸਮੇਂ ਦੌਰਾਨ ਪ੍ਰਾਪਤ ਹੋਣ ਵਾਲੇ ਲਾਭਾਂ ਦੀ ਮਾਤਰਾ ਕਿਸੇ ਵੀ ਛੋਟੇ ਅਰਸੇ ਦੀਆਂ ਅਸੁਵਿਧਾਵਾਂ ਨਾਲੋਂ ਬਹੁਤ ਵਧੇਰੇ ਹੋਣ ਦਾ ਯਕੀਨ ਹੈ।
ਦੋਨੋਂ ਧਿਰਾਂ ਦੇ ਆਪਸੀ ਟਕਰਾਅ ਨੇ ਸ਼ਹਿਰ ਦੀ ਏਕਤਾ ਨੂੰ ਨੁਕਸਾਨ ਪਹੁੰਚਾਇਆ। ਅਨੇਕ ਦੋਸਤ ਅਤੇ ਪਰਿਵਾਰ ਵਿਰੋਧੀ ਪੱਖਾਂ ਦੇ ਹੱਕ ਵਿੱਚ ਭੁਗਤਣ ਕਾਰਨ ਆਪਸੀ ਰਿਸ਼ਤੇ ਤਣਾਅਪੂਰਨ ਹੋ ਗਏ। ਅਜਿਹੇ ਹਾਲਾਤ ਵਿੱਚ ਤਰਲ ਰੁੱਖਾਂ ਦਾ ਸਮਰਥਨ ਕਰਨ ਵਾਲੇ ਕਾਰੋਬਾਰਾਂ ਨੂੰ ਧਮਕੀਆਂ ਦਾ ਅਤੇ ਨਗਰ ਨਿਰਮਾਣ ਨਿਗਮ ਨਾਲ ਜੁੜੇ ਲੋਕਾਂ ਨੂੰ ਬਾਈਕਾਟ ਅਤੇ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਇਹ ਜਾਣਦੇ ਹੋਏ ਕਿ ਉਨ੍ਹਾਂ ਨੂੰ ਸਾਫ਼-ਸੁਥਰੇ ਵਾਤਾਵਰਣ ਵਾਲੀ ਦਿੱਲੀ ਸਬੰਧਤ ਆਪਣੇ ਨਜ਼ਰੀਏ ਦਾ ਬਚਾਅ ਕਰਨਾ ਸੀ, ਡਾ. ਇਵਾਨ ਪੈਟਰੋਵਿਕ, ਮਾਇਆ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਲੋਕਾਂ ਨੂੰ ਤਰਲ ਰੁੱਖਾਂ ਦੇ ਠੋਸ ਲਾਭ ਦਿਖਾਉਣ ਲਈ ਰੈਲੀਆਂ ਅਤੇ ਜਨਤਕ ਪ੍ਰਦਰਸ਼ਨਾਂ ਦਾ ਆਯੋਜਨ ਕੀਤਾ। ਉਨ੍ਹਾਂ ਨੇ ਵਿਗਿਆਨਕ ਅੰਕੜੇ ਪੇਸ਼ ਕੀਤੇ, ਜੋ ਹਵਾ ਦੀ ਗੁਣਵੱਤਾ ਅਤੇ ਮਨੁੱਖੀ ਸਿਹਤ ‘ਤੇ ਸਕਾਰਾਤਮਕ ਪ੍ਰਭਾਵ ਨੂੰ ਸਾਬਤ ਕਰਦੇ ਸਨ। ਉਨ੍ਹਾਂ ਨੇ ਦਲੀਲ ਦਿੱਤੀ ਕਿ ਦਿੱਲੀ ਦੀ ਅਸਲ ਦੌਲਤ ਇਸਦੇ ਲੋਕਾਂ ਦੀ ਭਲਾਈ ਵਿੱਚ ਹੈ, ਨਾ ਕਿ ਸਿਰਫ ਆਰਥਿਕ ਖੁਸ਼ਹਾਲੀ ਵਿੱਚ।
ਦਿੱਲੀ ਵਿਖੇ ਤਰਲ ਰੁੱਖਾਂ ਦੇ ਸਬੰਧਤ ਸੰਘਰਸ਼ ਦੌਰਾਨ ਅਚਾਨਕ ਉਮੀਦ ਦੀ ਇੱਕ ਕਿਰਨ ਉਸ ਸਮੇਂ ਨਜ਼ਰ ਆਈ, ਜਦ ਸ਼ਹਿਰ ਦੇ ਕੁਝ ਸੁਲਝੇ ਹੋਏ ਪਤਵੰਤੇ ਵਾਸੀਆਂ ਨੇ ਸ਼ਹਿਰ ਦੀ ਧੜੇਬੰਦੀ ਦੇ ਖਾਤਮੇ ਲਈ ਤੇ ਦੋਨੋਂ ਧੜਿਆਂ ਵਿਚਕਾਰ ਸਮਝੌਤੇ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਸ਼ਾਂਤੀਪੂਰਨ ਹੱਲ ਲੱਭਣ ਲਈ ਕੁਝ ਸੁਝਾਅ ਪੇਸ਼ ਕੀਤੇ। ਉਨ੍ਹਾਂ ਨੇ ਦੋਹਾਂ ਧਿਰਾਂ ਨਾਲ ਸਬੰਧਤ ਲੋਕਾਂ ਨੂੰ ਇੱਕ ਸਾਂਝੀ ਬੈਠਕ ਰਾਹੀਂ ਆਪਸੀ ਗੱਲਬਾਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਇਸ ਕਮਿਊਨਿਟੀ ਮੀਟਿੰਗ ਦੌਰਾਨ ਲੋਕਾਂ ਨੂੰ ਆਪਣੀਆਂ ਚਿੰਤਾਵਾਂ, ਡਰ ਅਤੇ ਉਮੀਦਾਂ ਨੂੰ ਖੁੱਲ੍ਹ ਕੇ ਪ੍ਰਗਟ ਕਰਨ ਲਈ ਉਤਸ਼ਾਹਿਤ ਕੀਤਾ ਤਾਂ ਜੋ ਹਰੇਕ ਸਮੂਹ ਦੇ ਦ੍ਰਿਸ਼ਟੀਕੋਣ ਦੀ ਸਹੀ ਸਮਝ ਆ ਸਕੇ।
ਇਸ ਮੀਟਿੰਗ ਦੌਰਾਨ ਮਾਇਆ ਅਤੇ ਡਾ. ਇਵਾਨ ਪੈਟਰੋਵਿਕ ਨੇ ਸਿਹਤਮੰਦ ਅਤੇ ਵਧੇਰੇ ਉੱਜਲੇ ਭਵਿੱਖ ਵਾਲੀ ਦਿੱਲੀ ਦੀ ਬਰਕਰਾਰੀ ਦੇ ਸਾਂਝੇ ਟੀਚੇ ਉੱਤੇ ਜ਼ੋਰ ਦਿੰਦੇ ਹੋਏ ਮੀਟਿੰਗ ਦੌਰਾਨ ਵਿਚਾਰ-ਵਟਾਂਦਰੇ ਨੂੰ ਸਹਿਜ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਤਰਲ ਰੁੱਖਾਂ ਦੇ ਲਾਭਾਂ ਅਤੇ ਆਰਥਿਕ ਚਿੰਤਾਵਾਂ ਬਾਰੇ ਵਿਚਾਰ ਸਾਂਝੇ ਕਰਦਿਆਂ ਸ਼ਹਿਰ ਦੇ ਕੁਦਰਤੀ ਵਾਤਾਵਰਣ ਦੀ ਸੁਰੱਖਿਆ ਦੀ ਲੋੜ ਨਾਲ ਸਬੰਧਤ ਵਿਗਿਆਨਕ ਸਬੂਤ ਪੇਸ਼ ਕੀਤੇ।
ਹੌਲੀ-ਹੌਲੀ ਮਾਹੌਲ ਬਦਲਣਾ ਸ਼ੁਰੂ ਹੋ ਗਿਆ। ਆਪਸੀ ਟਕਰਾਅ ਵਾਲੀਆਂ ਦੋਨੋਂ ਧਿਰਾਂ ਨੇ ਮਹਿਸੂਸ ਕੀਤਾ ਕਿ ਉਹ ਸਾਰੇ ਆਪਣੇ ਸ਼ਹਿਰ ਨੂੰ ਪਿਆਰ ਕਰਦੇ ਹਨ ਅਤੇ ਇਸ ਦੇ ਵਧੀਆ ਭਵਿੱਖ ਦੀ ਇੱਛਾ ਰੱਖਦੇ ਹਨ। ਆਪਸੀ ਗੱਲਬਾਤ ਨਾਲ ਉਨ੍ਹਾਂ ਮਹਿਸੂਸ ਕੀਤਾ ਕਿ ਸ਼ਹਿਰ ਅਤੇ ਇਸ ਦੇ ਵਾਸੀਆਂ ਦੇ ਭਲੇ ਲਈ ਮੌਜੂਦਾ ਮਸਲੇ ਦਾ ਸਾਂਝਾ ਹੱਲ ਲੱਭਣਾ ਜ਼ਰੂਰੀ ਹੈ।
ਨਗਰ ਨਿਰਮਾਣ ਨਿਗਮ ਨੇ ਤਰਲ ਰੁੱਖਾਂ ਲਈ ਜਨਤਕ ਸਮਰਥਨ ਦੀ ਤਾਕਤ ਅਤੇ ਸਥਾਈ ਹੱਲਾਂ ਦੀ ਆਰਥਿਕ ਸੰਭਾਵਨਾ ਨੂੰ ਸਵੀਕਾਰ ਕਰਦਿਆਂ ਆਪਣਾ ਨਜ਼ਰੀਆ ਬਦਲਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਅਜਿਹੇ ਸਮਝੌਤੇ ਲਈ ਹਾਮੀ ਭਰ ਦਿੱਤੀ, ਜਿਸ ਵਿੱਚ ਤਰਲ ਰੁੱਖਾਂ ਦੇ ਨਿਰੰਤਰ ਵਾਧੇ ਨੂੰ ਸ਼ਾਮਲ ਕੀਤਾ ਗਿਆ ਸੀ, ਪਰ ਸ਼ਹਿਰ ਦੇ ਆਰਥਿਕ ਵਿਕਾਸ ਤੇ ਨਿਰਮਾਣ ਕਾਰਜਾਂ ਦੇ ਨਾਲ ਨਾਲ ਹਰੇ-ਭਰੇ ਵਾਤਾਵਰਣ ਦੀ ਸਥਾਪਤੀ ਤੇ ਨਿਰੰਤਰਤਾ ਕਾਇਮ ਰੱਖਣ ਲਈ ਸੰਤੁਲਿਤ ਕਾਰਵਾਈਆਂ ਕਰਨ ਨੂੰ ਤਰਜ਼ੀਹ ਦੇਣ ਦਾ ਨਿਸ਼ਚਾ ਵੀ ਸ਼ਾਮਿਲ ਸੀ।
ਮਿਊਂਸੀਪਲ ਕੌਂਸਲ ਦੇ ਮੈਂਬਰ, ਜੋ ਕਿ ਸੰਘਰਸ਼ ਦੁਆਰਾ ਦੋ ਧੜਿਆਂ ਵਿੱਚ ਵੰਡੇ ਗਏ ਸਨ, ਨੇ ਇਸ ਸਮਝੌਤੇ `ਤੇ ਆਧਾਰਿਤ ਇੱਕ ਵਿਆਪਕ ਯੋਜਨਾ ਦਾ ਖਰੜਾ ਤਿਆਰ ਕਰ ਲਿਆ, ਜੋ ਇੱਕ ਵਿਕਾਸਸ਼ੀਲ ਤੇ ਖੁਸ਼ਹਾਲ ਵਾਤਾਵਰਣ ਵਾਲੀ ਦਿੱਲੀ ਦੀ ਚਿਰ-ਸਥਾਈ ਕਾਇਮੀ ਦਾ ਆਧਾਰ ਬਨਣ ਦੇ ਸਮਰਥ ਸੀ। ਇਸ ਯੋਜਨਾ ਅਨੁਸਾਰ ਵਿਕਾਸ ਤੇ ਨਿਰਮਾਣ ਕਾਰਜਾਂ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸਖ਼ਤ ਨਿਯਮ ਬਣਾਏ ਗਏ ਸਨ। ਇਸ ਯੋਜਨਾ ਵਿੱਚ ਸਾਫ਼ ਹਵਾ ਅਤੇ ਹਰੇ-ਭਰੇ ਭਵਿੱਖ ਲਈ ਸ਼ਹਿਰ ਦੀ ਵਚਨਬੱਧਤਾ ਦੇ ਚਿੰਨ੍ਹ ਵਜੋਂ ਤਰਲ ਰੁੱਖਾਂ ਦੇ ਨਿਰੰਤਰ ਵਾਧੇ ਨੂੰ ਵੀ ਯਕੀਨੀ ਬਣਾਇਆ ਗਿਆ ਸੀ।
ਇਸ ਸਮਝੌਤੇ ਨਾਲ ਸ਼ਹਿਰਵਾਸੀਆਂ ਦਾ ਸੰਘਰਸ਼ ਸ਼ਾਂਤੀਪੂਰਵਕ ਖ਼ਤਮ ਹੋ ਗਿਆ। ਧੜੇਬੰਦੀ ਅਤੇ ਬਹਿਸ-ਮੁਬਾਹਸਿਆਂ ਤੋਂ ਅੱਕੇ-ਥੱਕੇ ਹੋਏ ਦਿੱਲੀ ਵਾਸੀਆਂ ਨੇ ਆਪਸੀ ਸਬੰਧਾਂ ਨੂੰ ਠੀਕ ਕਰਨਾ ਸ਼ੁਰੂ ਕਰ ਦਿੱਤਾ ਅਤੇ ਇੱਕ ਵਾਰ ਫਿਰ ਸੰਗਠਿਤ ਭਾਈਚਾਰੇ ਵਜੋਂ ਰਲ-ਮਲ ਕੇ ਰਹਿਣ ਲੱਗੇ।
ਤਰਲ ਰੁੱਖ, ਜੋ ਕਿ ਇਸ ਸਾਰੀ ਜੱਦੋ-ਜਹਿਦ ਦਾ ਕੇਂਦਰ ਸਨ, ਹੁਣ ਸ਼ਹਿਰ ਦੀਆਂ ਗਲੀਆਂ, ਪਾਰਕਾਂ ਅਤੇ ਛੱਤਾਂ ਉੱਤੇ ਵਧ ਫੁੱਲ ਰਹੇ ਸਨ। ਹੁਣ ਤਾਂ ਉਹ ਮੁਸੀਬਤ ਦੇ ਸਮੇਂ ਸੰਵਾਦ, ਸਮਝੌਤਾ ਅਤੇ ਏਕਤਾ ਦੀ ਸ਼ਕਤੀ ਦਾ ਚਿੰਨ੍ਹ ਬਣ ਚੁੱਕੇ ਸਨ। ਡਾ. ਇਵਾਨ ਪੈਟਰੋਵਿਕ, ਮਾਇਆ ਅਤੇ ਹਰਿਆਵਲ ਦਸਤੇ ਦੀ ਅਣਥੱਕ ਮਿਹਨਤ ਰੰਗ ਲਿਆਈ ਸੀ ਤੇ ਉਹ ਸ਼ਹਿਰ ਵਾਸੀਆਂ ਵਿੱਚ ਹਰਮਨ ਪਿਆਰੇ ਹੀਰੋ ਬਣ ਗਏ। ਉਨ੍ਹਾਂ ਦੇ ਦ੍ਰਿਸ਼ਟੀਕੋਣ ਨੇ ਨਾ ਸਿਰਫ ਵਾਤਾਵਰਣ ਨੂੰ ਸਾਫ਼-ਸੁਥਰਾ ਬਣਾ ਦਿੱਤਾ, ਬਲਕਿ ਮਨੁੱਖਤਾ ਅਤੇ ਕੁਦਰਤ ਦੇ ਵਿਚਕਾਰ ਸਬੰਧ ਨੂੰ ਵੀ ਮੁੜ-ਸੁਰਜੀਤ ਕਰ ਦਿੱਤਾ ਸੀ।
ਕਈ ਸਾਲ ਬੀਤ ਗਏ। ਦਿੱਲੀ ਹੁਣ ਇੱਕ ਅਜਿਹੇ ਸ਼ਹਿਰ ਵਿੱਚ ਬਦਲ ਗਿਆ ਸੀ, ਜਿੱਥੇ ਕੁਦਰਤ ਅਤੇ ਕੰਕਰੀਟ ਦਾ ਸੁਮੇਲ ਮੌਜੂਦ ਸੀ। ਹਵਾ ਸਾਫ਼ ਹੋ ਗਈ ਸੀ ਅਤੇ ਇਸ ਦੇ ਨਿਵਾਸੀਆਂ ਦੀ ਸਿਹਤ ਵਿੱਚ ਸੁਧਾਰ ਹੋਇਆ ਸੀ। ਕਿਸੇ ਸਮੇਂ ਨਜ਼ਰ ਆਉਂਦੇ ਸਲੇਟੀ ਜਾਂ ਪੀਲਾ-ਭੂਰੇ ਧੂੰਏ ਵਾਲੇ ਚੌਗਿਰਦੇ ਦੀ ਥਾਂ ਹੁਣ ਸਭ ਪਾਸੇ ਛੱਤਾਂ ਉੱਪਰ ਮੌਜੂਦ ਹਰੇ-ਭਰੇ ਬਗੀਚਿਆਂ, ਉੱਚੀਆਂ ਇਮਾਰਤਾਂ ਤੋਂ ਹੇਠਾਂ ਵੱਲ ਲਟਕ ਰਹੀਆਂ ਰੰਗ-ਬਿਰੰਗੇ ਫੁੱਲਾਂ ਨਾਲ ਲੱਦੀਆਂ ਵੇਲਾਂ ਤੇ ਮੌਸਮਾਂ ਵਾਂਗ ਰੰਗ ਬਦਲਦੇ ਤਰਲ-ਰੁੱਖਾਂ ਦਾ ਖੂਬਸੂਰਤ ਨਜ਼ਾਰਾ ਮੌਜੂਦ ਸੀ।
ਸ਼ਹਿਰ ਵਿੱਚ ਹਰਿਆਲੀ ਨੂੰ ਵਾਪਸ ਲਿਆਉਣ ਦਾ ਮਾਇਆ ਦਾ ਸੁਪਨਾ ਇੱਕ ਹਕੀਕਤ ਬਣ ਚੁੱਕਾ ਸੀ ਅਤੇ ਦਿੱਲੀ ਦੇ ਲੋਕ ਉਸ ਦੇ ਦ੍ਰਿੜ ਇਰਾਦੇ ਤੇ ਦ੍ਰਿਸ਼ਟੀ ਲਈ ਧੰਨਵਾਦੀ ਸਨ। ਉਹ ਜਾਣ ਚੁੱਕੇ ਸਨ ਕਿ ਕੰਕਰੀਟ ਦੇ ਜੰਗਲ ਵਿੱਚ ਵੀ, ਕੁਦਰਤ ਦੇ ਪ੍ਰਫੁੱਲਤ ਹੋਣ ਦਾ ਰਸਤਾ ਸੰਭਵ ਸੀ।

Leave a Reply

Your email address will not be published. Required fields are marked *