ਪੰਜਾਬੀ ਪਰਵਾਜ਼ ਬਿਊਰੋ
ਲੋਕ ਸਭਾ ਚੋਣਾਂ ਵਿੱਚ ਬੜਾ ਕੁਝ ਦਿਲਚਸਪ ਵਾਪਰਿਆ ਹੈ- ਪੰਜਾਬ ਵਿੱਚ ਵੀ ਅਤੇ ਕੌਮੀ ਪੱਧਰ ‘ਤੇ ਵੀ। ਜੇ ਪੰਜਾਬ ਵਿੱਚ ਜਿੱਤੇ/ਹਾਰੇ ਉਮੀਦਵਾਰਾਂ ਨੂੰ ਤੁਲਨਾਤਮਕ ਤੌਰ `ਤੇ ਵੇਖੀਏ ਤਾਂ ਪਤਾ ਲਗਦਾ ਹੈ ਕਿ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੂੰ ਕੁੱਲ 4,04,430 ਵੋਟਾਂ ਪਈਆਂ। ਅੰਮ੍ਰਿਤਪਾਲ ਸਿੰਘ ਨੇ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜੀਰਾ ਨੂੰ 1,97,120 ਵੋਟਾਂ ਦੇ ਫਰਕ ਨਾਲ ਹਰਾਇਆ। ਜੀਰਾ ਨੇ ਕੁੱਲ 2,07,310 ਵੋਟਾਂ ਪ੍ਰਾਪਤ ਕੀਤੀਆਂ। ਆਮ ਆਦਮੀ ਪਾਰਟੀ ਦੇ ਲਾਲਜੀਤ ਸਿੰਘ ਭੁੱਲਰ ਨੂੰ 1,94,838 ਵੋਟਾਂ ਪਈਆਂ। ਇਸੇ ਸੀਟ ਤੋਂ ਅਕਾਲੀ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਚੌਥੇ ਨੰਬਰ ‘ਤੇ ਰਹੇ। ਪੰਜਾਬ ਵਿੱਚ ਇਹ ਸੱਭ ਤੋਂ ਵੱਡੀ ਜਿੱਤ ਹੈ।
ਅੰਮ੍ਰਿਤਸਰ ਚੋਣ ਹਲਕੇ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਕੁੱਲ 2,55,181 ਵੋਟਾਂ ਪਈਆਂ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੂੰ 40,301 ਵੋਟਾਂ ਦੇ ਫਰਕ ਨਾਲ ਹਰਾਇਆ। ਧਾਲੀਵਾਲ ਨੂੰ 2,14,880 ਵੋਟਾਂ ਪਈਆਂ। ਇਸੇ ਸੀਟ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ 2,07,205 ਵੋਟਾਂ ਲੈ ਕੇ ਤੀਜੇ ਨੰਬਰ ‘ਤੇ ਰਹੇ। ਅਕਾਲੀ ਉਮੀਦਵਾਰ ਅਨਿਲ ਜੋਸ਼ੀ ਚੌਥੇ ਨੰਬਰ ‘ਤੇ ਰਹੇ।
ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ 3,64,043 ਕੁੱਲ ਵੋਟਾਂ ਮਿਲੀਆਂ। ਉਨ੍ਹਾਂ ਨੇ ਭਾਜਪਾ ਦੇ ਉਮੀਦਵਾਰ ਦਿਨੇਸੇ ਬੱਬੂ ਨੂੰ 82,861 ਵੋਟਾਂ ਨਾਲ ਹਰਾਇਆ। ਇੱਥੇ ‘ਆਪ’ ਦੇ ਉਮੀਦਵਾਰ ਅਮਨ ਸਿੰਘ ਸ਼ੈਰੀ ਕਲਸੀ ਤੀਜੇ ਨੰਬਰ ‘ਤੇ ਰਹੇ, ਜਿਨ੍ਹਾਂ ਨੂੰ ਕੁੱਲ 2,77,252 ਵੋਟਾਂ ਪਈਆਂ। ਅਕਾਲੀ ਦਲ ਦੇ ਉਮੀਦਵਾਰ ਦਲਜੀਤ ਸਿੰਘ ਚੀਮਾ 85,500 ਵੋਟਾਂ ਲੈ ਕੇ ਚੌਥੇ ਨੰਬਰ ‘ਤੇ ਰਹੇ।
ਜਲੰਧਰ ਦੇ ਰਿਜ਼ਰਵ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੁੱਲ 3,90,053 ਵੋਟਾਂ ਪਈਆਂ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ 1,75,993 ਵੋਟਾਂ ਨਾਲ ਹਰਾਇਆ। ਰਿੰਕੂ ਨੂੰ 2,14,060 ਵੋਟਾਂ ਪਈਆਂ। ਤੀਸਰੇ ਨੰਬਰ ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਰਹੇ। ਉਨ੍ਹਾਂ ਨੂੰ 2,08,889 ਵੋਟਾਂ ਪਈਆਂ। ਅਕਾਲੀ ਉਮੀਦਵਾਰ ਮਹਿੰਦਰ ਸਿੰਘ ਕੇ.ਪੀ. ਨੂੰ 67,911 ਵੋਟਾਂ ਪਈਆਂ। ਇੱਥੇ ਕੇ.ਪੀ. ਸਮੇਤ 17 ਉਮੀਦਵਾਰਾਂ ਦੀ ਜ਼ਮਾਨਤ ਜਬਤ ਹੋ ਗਈ।
ਹੁਸ਼ਿਆਰਪੁਰ ਲੋਕ ਸਭਾ ਸੀਟ ‘ਤੇ ‘ਆਪ’ ਦੇ ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਨੂੰ 3,03,859 ਵੋਟਾਂ ਪਈਆਂ। ਉਨ੍ਹਾਂ ਨੇ ਕਾਂਗਰਸ ਦੀ ਉਮੀਦਵਾਰ ਯਾਮਨੀ ਗੋਮਰ ਨੂੰ 44,111 ਵੋਟਾਂ ਦੇ ਫਰਕ ਨਾਲ ਹਰਾਇਆ। ਯਾਮਨੀ ਗੋਮਰ ਨੂੰ 2,59,748 ਵੋਟਾਂ ਪਈਆਂ। ਇਸ ਸੀਟ ਤੋਂ ਭਾਜਪਾ ਦੀ ਉਮੀਵਾਰ ਅਨੀਤਾ ਸੋਮ ਪ੍ਰਕਾਸ਼ 1,99,994 ਵੋਟਾਂ ਲੈ ਕੇ ਤੀਜੇ ਨੰਬਰ ‘ਤੇ ਰਹੀ। ਅਕਾਲੀ ਉਮੀਦਵਾਰ ਸੋਹਨ ਸਿੰਘ ਠੰਡਲ 91,789 ਵੋਟਾਂ ਨਾਲ ਚੌਥੇ ਨੰਬਰ ‘ਤੇ ਰਹੇ।
ਅਨੰਦਪੁਰ ਸਾਹਿਬ ਤੋਂ ‘ਆਪ’ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਨੂੰ 3,13,217 ਵੋਟਾਂ ਪਈਆਂ। ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਵਿਜੇਇੰਦਰ ਸਿੰਗਲਾ ਨੂੰ 10,846 ਵੋਟਾਂ ਦੇ ਫਰਕ ਨਾਲ ਹਰਾਇਆ। ਵਿਜੇਇੰਦਰ ਸਿੰਗਲਾ ਨੂੰ 3,02,371 ਵੋਟਾਂ ਪਈਆਂ। ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ 1,86,578 ਵੋਟਾਂ ਲੈ ਕੇ ਤੀਜੇ ਨੰਬਰ ‘ਤੇ ਰਹੇ। ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ 1,17,936 ਵੋਟਾਂ ਪਈਆਂ। ਉਹ ਚੌਥੇ ਨੰਬਰ ‘ਤੇ ਰਹੇ।
ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਅਮਰ ਸਿੰਘ ਨੂੰ 3,32,591 ਵੋਟਾਂ ਪਈਆਂ। ਉਨ੍ਹਾਂ ਨੇ ‘ਆਪ’ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ. ਨੂੰ 34,202 ਵੋਟਾਂ ਦੇ ਫਰਕ ਨਾਲ ਹਰਾਇਆ। ਗੁਰਪ੍ਰੀਤ ਸਿੰਘ ਜੀ.ਪੀ. ਨੂੰ 2,98,389 ਵੋਟਾਂ ਮਿਲੀਆਂ। ਭਾਜਪਾ ਦੇ ਉਮੀਦਵਾਰ ਗੇਜਾ ਰਾਮ 1,27,521 ਵੋਟਾਂ ਲੈ ਕੇ ਤੀਜੇ ਨੰਬਰ ‘ਤੇ ਰਹੇ। ਅਕਾਲੀ ਦਲ ਦੇ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਨੇ 1,26,230 ਵੋਟਾਂ ਹਾਸਲ ਕੀਤੀਆਂ ਅਤੇ ਚੌਥੇ ਨੰਬਰ ‘ਤੇ ਰਹੇ।
ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੂੰ 3,05,616 ਵੋਟਾਂ ਪਈਆਂ। ਉਨ੍ਹਾਂ ਨੇ ‘ਆਪ’ ਦੇ ਉਮੀਦਵਾਰ ਡਾ. ਬਲਬੀਰ ਸਿੰਘ ਨੂੰ 14,831 ਵੋਟਾਂ ਦੇ ਫਰਕ ਨਾਲ ਹਰਾਇਆ। ਡਾ. ਬਲਬੀਰ ਸਿੰਘ ਨੂੰ 2,90,785 ਵੋਟਾਂ ਪਈਆਂ। ਭਾਜਪਾ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ 2,88,998 ਵੋਟਾਂ ਲੈ ਕੇ ਤੀਜੇ ਨੰਬਰ ‘ਤੇ ਰਹੇ। ਅਕਾਲੀ ਦਲ ਦੇ ਉਮੀਦਵਾਰ ਐਨ.ਕੇ. ਸ਼ਰਮਾ ਨੂੰ 1,53,978 ਵੋਟਾਂ ਪਈਆਂ।
ਸੰਗਰੂਰ ਲੋਕ ਸਭਾ ਹਲਕੇ ਤੋਂ ‘ਆਪ’ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੂੰ 3,64,085 ਵੋਟਾਂ ਪਈਆਂ। ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ 1,72,560 ਵੋਟਾਂ ਦੇ ਫਰਕ ਨਾਲ ਹਰਾਇਆ। ਸੁਖਪਾਲ ਖਹਿਰਾ ਨੂੰ 1,91,525 ਵੋਟਾਂ ਪਈਆਂ। ਇੱਥੋਂ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸ. ਸਿਮਰਨਜੀਤ ਸਿੰਘ ਮਾਨ 1,87,246 ਵੋਟਾਂ ਲੈ ਕੇ ਤੀਜੇ ਨੰਬਰ ‘ਤੇ ਰਹੇ। ਭਾਜਪਾ ਦੇ ਅਰਵਿੰਦ ਖੰਨਾ ਇਸ ਸੀਟ ‘ਤੇ ਚੌਥੇ ਨੰਬਰ ‘ਤੇ ਰਹੇ।
ਲੋਕ ਸਭਾ ਹਲਕਾ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ (ਸਪੁੱਤਰ ਸ਼ਹੀਦ ਸ. ਬੇਅੰਤ ਸਿੰਘ) ਨੂੰ 2.98,062 ਵੋਟਾਂ ਪਈਆਂ, ਉਨ੍ਹਾਂ ਨੇ ਫਿਲਮ ਸਟਾਰ ਅਤੇ ‘ਆਪ’ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਨੂੰ 70,053 ਵੋਟਾਂ ਦੇ ਫਰਕ ਨਾਲ ਹਰਾਇਆ। ਕਰਮਜੀਤ ਸਿੰਘ ਅਨਮੋਲ ਨੂੰ 2,28,509 ਵੋਟਾਂ ਪਈਆਂ। ਕਾਂਗਰਸ ਉਮੀਦਵਾਰ ਅਮਰਜੀਤ ਕੌਰ ਸਾਹੋਕੇ 1,60,357 ਵੋਟਾਂ ਨਾਲ ਤੀਜੇ ਨੰਬਰ ‘ਤੇ ਰਹੇ। ਅਕਾਲੀ ਉਮੀਦਵਾਰ ਰਾਜਵਿੰਦਰ ਸਿੰਘ ਚੌਥੇ ਨੰਬਰ ‘ਤੇ ਰਹੇ।
ਫਿਰੋਜਪੁਰ ਹਲਕੇ ਤੋਂ ਕਾਂਗਰਸ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ 2,66,626 ਵੋਟਾਂ ਮਿਲੀਆਂ। ਉਨ੍ਹਾਂ ਨੇ ‘ਆਪ’ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੂੰ ਫਸਵੇਂ ਮੁਕਾਬਲੇ ਵਿੱਚ 3242 ਵੋਟਾਂ ਨਾਲ ਹਰਾਇਆ। ਜਗਦੀਪ ਸਿੰਘ ਕਾਕਾ ਬਰਾੜ ਨੂੰ 2,63,384 ਵੋਟਾਂ ਮਿਲੀਆਂ। ਭਾਜਪਾ ਉਮੀਦਵਾਰ ਗੁਰਮੀਤ ਸਿੰਘ ਸੋਢੀ 2,55,097 ਵੋਟਾਂ ਲੈ ਕੇ ਤੀਜੇ ਨੰਬਰ ‘ਤੇ ਰਹੇ। ਇਸ ਸੀਟ ਤੋਂ ਅਕਾਲੀ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਚੌਥੇ ਨੰਬਰ ‘ਤੇ ਰਹੇ।
ਲੋਕ ਸਭਾ ਹਲਕਾ ਬਠਿੰਡਾ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਨੇ 3,76,558 ਵੋਟਾਂ ਪ੍ਰਾਪਤ ਕੀਤੀਆਂ। ਉਨ੍ਹਾਂ ਨੇ ‘ਆਪ’ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ 49,556 ਵੋਟਾਂ ਨਾਲ ਹਰਾਇਆ। ਉਨ੍ਹਾਂ ਨੂੰ ਕੁੱਲ 3,26,902 ਵੋਟਾਂ ਪਈਆਂ। ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੱਧੂ 2,02011 ਵੋਟਾਂ ਨਾਲ ਤੀਜੇ ਨੰਬਰ ‘ਤੇ ਰਹੇ। ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਸਿੱਧੂ ਭਾਜਪਾ ਵੱਲੋਂ ਚੋਣ ਲੜਦਿਆਂ 1,10,762 ਵੋਟਾਂ ਨਾਲ ਚੌਥੇ ਨੰਬਰ ‘ਤੇ ਰਹੇ।
ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 3,22,224 ਵੋਟਾਂ ਪਈਆਂ। ਉਨ੍ਹਾਂ ਨੇ ਭਾਜਪਾ ਉਮੀਦਵਾਰ ਤੇ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਨੂੰ 20,942 ਵੋਟਾਂ ਦੇ ਫਰਕ ਨਾਲ ਹਰਾਇਆ। ਰਵਨੀਤ ਸਿੰਘ ਬਿੱਟੂ 3,01,282 ਵੋਟਾਂ ਨਾਲ ਦੂਸਰੇ ਨੰਬਰ ‘ਤੇ ਰਹੇ। ‘ਆਪ’ ਦੇ ਅਸ਼ੋਕ ਪ੍ਰਾਸ਼ਰ ਪੱਪੀ 2,37,077 ਵੋਟਾਂ ਹਾਸਲ ਕਰਕੇ ਤੀਜੇ ਨੰਬਰ ‘ਤੇ ਰਹੇ। ਅਕਾਲੀ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਚੌਥੇ ਨੰਬਰ ‘ਤੇ ਰਹੇ।
—
ਹਰਿਆਣਾ ਵਿੱਚ ਮੁਕਾਬਲਾ ਬਰਾਬਰ ਦਾ ਰਿਹਾ ਹੈ, ਜਿੱਥੇ ਕਾਂਗਰਸ ਦਸ ਵਿੱਚੋਂ 5 ਸੀਟਾਂ ’ਤੇ ਕਬਜ਼ਾ ਕਰ ਕੇ ਸਿਆਸੀ ਭੂ-ਦ੍ਰਿਸ਼ ’ਚ ਮੁੜ ਪ੍ਰਮੁੱਖ ਧਿਰ ਵਜੋਂ ਉਭਰੀ ਹੈ ਤੇ ਭਾਰਤੀ ਜਨਤਾ ਪਾਰਟੀ ਨੂੰ ਝਟਕਾ ਲੱਗਿਆ ਹੈ। 2019 ਵਿਚ ‘ਕਲੀਨ ਸਵੀਪ’ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਰਾਜ ਵਿੱਚ ਇਸ ਵਾਰ ਪੰਜ ਸੀਟਾਂ ਨਾਲ ਹੀ ਸਬਰ ਕਰਨਾ ਪਿਆ ਹੈ। ਇਸ ਹਾਰ ’ਚੋਂ ਝਲਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਮਹਿੰਗਾਈ ਅਤੇ ਬੇਰੁਜ਼ਗਾਰੀ ਜਿਹੇ ਭਖਵੇਂ ਮੁੱਦਿਆਂ ਨੂੰ ਹੱਲ ਕਰਨ ’ਚ ਨਾਕਾਮ ਰਹੀ ਹੈ। ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿਚ ਭਾਰਤੀ ਜਨਤਾ ਪਾਰਟੀ ਨੇ ਸਾਰੀਆਂ ਚਾਰ ਸੀਟਾਂ ਜਿੱਤ ਕੇ ਪਹਾੜੀ ਰਾਜ ਵਿਚ ਭਗਵਾ ਝੰਡਾ ਲਹਿਰਾ ਦਿੱਤਾ ਹੈ, ਹਾਲਾਂਕਿ ਚੰਡੀਗੜ੍ਹ ਦੀ ਸੀਟ ਕਾਂਗਰਸ ਨੇ ਹਲਕੇ ਫ਼ਰਕ ਨਾਲ ਭਾਜਪਾ ਤੋਂ ਹਥਿਆ ਲਈ ਹੈ। ਨਤੀਜਿਆਂ ਵਿੱਚੋਂ ਨਿਕਲੀ ਠੋਸ ਵਿਰੋਧੀ ਧਿਰ ਕੇਂਦਰ ਵਿੱਚ ਜਮਹੂਰੀਅਤ ਦੀ ਮਜ਼ਬੂਤੀ ’ਚ ਸਹਾਈ ਸਿੱਧ ਹੋਵੇਗੀ।
—
2024 ਦੀਆਂ ਆਮ ਚੋਣਾਂ ਵਿੱਚ ਐਗਜ਼ਿਟ ਪੋਲਾਂ (ਚੋਣ ਸਰਵੇਖਣਾਂ) ਦੌਰਾਨ ਭਾਜਪਾ ਦੀ ਵੱਡੀ ਜਿੱਤ ਦੇ ਕੀਤੇ ਦਾਅਵੇ ਅਸਲ ’ਚ ਕਿਤੇ ਨਜ਼ਰ ਨਹੀਂ ਆਏ; ਸੱਤਾਧਾਰੀ ਗੱਠਜੋੜ ਵੱਲੋਂ ਦਿੱਤਾ ‘ਅਬਕੀ ਬਾਰ 400 ਪਾਰ’ ਦਾ ਨਾਅਰਾ ਬਸ ਨਾਅਰਾ ਬਣ ਕੇ ਹੀ ਰਹਿ ਗਿਆ। ਵਿਰੋਧੀ ਧਿਰ ਨੂੰ ਦਬਾ ਕੇ ਗੋਡੇ ਟੇਕਣ ਲਈ ਮਜਬੂਰ ਕਰਨ ਦੀ ਭਾਜਪਾ ਵੱਲੋਂ ਕੀਤੀ ਗਈ ਹਰ ਸੰਭਵ ਕੋਸ਼ਿਸ਼ ਨਾਕਾਮ ਹੋ ਗਈ ਤੇ ਕਾਂਗਰਸ ਦੀ ਅਗਵਾਈ ਵਾਲੇ ਗੱਠਜੋੜ ਨੇ ਸੱਤਾਧਾਰੀਆਂ ਨੂੰ ਤਕੜੀ ਟੱਕਰ ਦਿੱਤੀ ਅਤੇ ਆਖਿਰਕਾਰ ਪ੍ਰਧਾਨ ਮੰਤਰੀ ਮੋਦੀ, ਬਦਲਾਓ ਦੇ ਤੌਰ ’ਤੇ ਮੁਕੰਮਲ ਰੂਪ ’ਚ ਓਨੇ ਸਮਰੱਥ ਨਹੀਂ ਰਹੇ, ਉਨ੍ਹਾਂ ਨੂੰ ਹੁਣ ਆਪਣੀ ਸਰਕਾਰ ਕਾਇਮ ਰੱਖਣ ਲਈ ਖੇਤਰੀ ਨੇਤਾਵਾਂ ਜਿਵੇਂ ਨਿਤੀਸ਼ ਕੁਮਾਰ ਅਤੇ ਚੰਦਰਬਾਬੂ ਨਾਇਡੂ ਦੇ ਸਹਾਰੇ ਦੀ ਲੋੜ ਪਏਗੀ।
—
ਕੌਮੀ ਪੱਧਰ ‘ਤੇ ਜਿੱਤਣ ਵਾਲੀਆਂ ਪਾਰਟੀਆਂ
ਕੁੱਲ ਸੀਟਾਂ: 543
ਐਨ.ਡੀ.ਏ: 291(ਪਿਛਲੀ ਵਾਰ ਨਾਲੋਂ 52 ਸੀਟਾਂ ਘਟੀਆਂ)
ਭਾਜਪਾ: 240
ਸ਼ਿਵ ਸੈਨਾ ਸ਼ਿੰਦੇ ਧੜਾ: 7
ਜਨਤਾ ਦਲ ਸੈਕੂਲਰ: 2
ਟੀ.ਡੀ.ਪੀ: 16
ਜੇ.ਡੀ.ਯੂ: 12
ਆਰ.ਐਲ.ਡੀ: 2
ਜਨ ਸੈਨਾ: 2
ਹਮ: 1
ਆਪਨਾ ਦਲ: 1
ਹੋਰ: 8
ਵੋਟ ਫੀਸਦ: 45%
—
ਇੰਡੀਆ ਗੱਠਜੋੜ: 234 (ਪਿਛਲੀ ਵਾਰ ਨਾਲੋਂ 107 ਵੱਧ)
ਕਾਂਗਰਸ: 100
ਸਪਾ: 38
ਤ੍ਰਿਣਮੂਲ ਕਾਂਗਰਸ: 29
ਡੀ.ਐਮ.ਕੇ: 22
ਆਰ.ਜੇ.ਡੀ: 4
ਆਪ: 3
ਜੇ.ਐਮ.ਐਮ: 3
ਹੋਰ: 27
ਵੋਟ ਫੀਸਦੀ: 42%
—
ਹੋਰ ਪਾਰਟੀਆਂ ਨੂੰ ਮਿਲੀਆਂ ਸੀਟਾਂ: 18
ਵੋਟ ਫੀਸਦ: 13%