-ਡਾ. ਕਸ਼ਮੀਰ ਸਿੰਘ*
ਫੋਨ: +91-9988653656
ਗੁਰਨਾਮ ਸਿੰਘ ਚੌਹਾਨ ਦਾ ਸਾਹਿਤਕ ਸਫ਼ਰ ਪਿਛਲੇ ਢਾਈ ਦਹਾਕਿਆਂ ਤੋਂ ਲਗਾਤਾਰ ਵਿਕਾਸ ਕਰ ਰਿਹਾ ਹੈ। ਉਸਨੇ ਸਾਹਿਤ ਦੀਆਂ ਅਲੱਗ-ਅਲੱਗ ਵਿਧਾਵਾਂ ਕਵਿਤਾ (ਕੀ ਹੈ ਉਹੀ ਪੰਜਾਬ), ਗਲਪ (ਤੂੰ ਇੰਝ ਨਹੀਂ ਸੀ ਕਰਨਾ) ਅਤੇ ਵਾਰਤਕ (ਤਬੈ ਰੋਸ ਜਾਗਿਓ) ਵਿੱਚ ਰਚਨਾ ਕੀਤੀ ਹੈ। ‘ਤਬੈ ਰੋਸ ਜਾਗਿਓ’ ਨੇ ਉਸ ਨੂੰ ਵਾਰਤਕ ਲੇਖਕ ਵਜੋਂ ਸਥਾਪਿਤ ਕਰ ਦਿੱਤਾ ਹੈ। ਇਹ ਪੁਸਤਕ ਪਹਿਲੀ ਵਾਰ 2008 ਵਿੱਚ ਛਪੀ। 2022 ਤੱਕ ਇਸ ਦੇ ਪੰਜ ਐਡੀਸ਼ਨ ਛਪ ਚੁੱਕੇ ਹਨ। ਪੁਸਤਕ ਦੀ ਵਧ ਰਹੀ ਮੰਗ ਤੋਂ ਲੇਖਕ ਦੀ ਮਿਹਨਤ ਅਤੇ ਕਾਬਲੀਅਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਹ ਪੁਸਤਕ ਗਲਪ-ਸ਼ੈਲੀ ਕਾਰਨ ਪਾਠਕਾਂ ਵਿੱਚ ਵਧੇਰੇ ਸਲਾਹੀ ਗਈ ਹੈ।
‘ਤਬੈ ਰੋਸ ਜਾਗਿਓ’ ਦੀ ਪੰਜਵੀਂ ਐਡੀਸ਼ਨ ‘ਅਵੀ ਦੁਨੀਆਂ ਪਬਲੀਕੇਸ਼ਨ, ਪੰਜਾਬ’ ਨੇ ਛਾਪੀ ਹੈ। ਇਸ ਪੁਸਤਕ ਦੇ ਕੁੱਲ 299 ਪੰਨੇ, ਚਾਰ ਭਾਗ ਅਤੇ 29 ਅਧਿਆਏ ਹਨ। ਪੁਸਤਕ ਦੇ ਭਾਗਾਂ ਦੇ ਨਾਂ ‘ਵਿਤਕਰਾ’, ‘ਕਹਿਰ’, ‘ਹਾਅ’ ਅਤੇ ‘ਬਹੁੜੀ’ ਹਨ। ਲੇਖਕ ਨੇ 1975 ਵਿੱਚ ਦੇਸ਼ ਵਿੱਚ ਲਾਈ ਗਈ ਐਮਰਜੈਂਸੀ ਤੋਂ ਪੰਜਾਬ ਦੀਆਂ ਸਿਆਸੀ, ਸਭਿਆਚਾਰਕ ਅਤੇ ਧਾਰਮਿਕ ਗਤੀਵਿਧੀਆਂ ਦੀ ਪੇਸ਼ਕਾਰੀ ਅਤੇ ਵਿਸ਼ਲੇਸ਼ਣ ਆਰੰਭ ਕੀਤਾ ਹੈ। ਖਾੜਕੂ ਲਹਿਰ ਦੌਰਾਨ ਪੁਲਿਸ ਵੱਲੋਂ ਕੀਤੀ ਗਈ ਧੱਕੇਸ਼ਾਹੀ ਦਾ ਵਿਸ਼ੇਸ਼ ਜ਼ਿਕਰ ਕੀਤਾ ਹੈ। ਮਨੁੱਖੀ ਅਧਿਕਾਰਾਂ ਦੇ ਪਹਿਰੇਦਾਰ ਜਸਵੰਤ ਸਿੰਘ ਖਾਲੜਾ ਦੀ ਵਾਰਤਾ ਪੇਸ਼ ਕੀਤੀ ਗਈ ਹੈ। ਲੇਖਕ ਵੱਲੋਂ ਲੰਬੇ ਸਮੇਂ ਤੋਂ ਜੇਲ਼੍ਹਾਂ ਵਿੱਚ ਕੈਦ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮ ਨੂੰ ਵੰਗਾਰ ਪਾ ਕੇ ਪੁਸਤਕ ਦਾ ਅੰਤ ਕੀਤਾ ਗਿਆ ਹੈ।
ਪੁਸਤਕ ਦੇ ਪਹਿਲੇ ਭਾਗ ਵਿੱਚ ਕੁੱਲ ਪੰਜ ਅਧਿਆਇ ਹਨ। ਪਹਿਲੇ ਅਧਿਆਏ ਦਾ ਨਾਂ ‘ਦਰਦ 84 ਦਾ’ ਵਿੱਚ ਲੇਖਕ ਨੇ ਜੂਨ 1984 ਵਿੱਚ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵਿੱਚ ਭਾਰਤੀ ਫੌਜ ਵੱਲੋਂ ਕੀਤੇ ਗਏ ਹਥਿਆਰਬੰਦ ਹਮਲੇ ਦਾ ਵਰਣਨ ਪੇਸ਼ ਕੀਤਾ ਹੈ। ਫੌਜ ਨੇ ਗੁਰਦੁਆਰੇ ਦੀ ਹਦੂਦ ਅੰਦਰ ਦਾਖ਼ਲ ਹੋ ਕੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਮਨਾਉਣ ਆਈਆਂ ਸੰਗਤਾਂ ਉੱਤੇ ਤਸ਼ੱਦਦ ਕੀਤਾ। ਫੌਜ ਵੱਲੋਂ ਗੁਰੂ ਘਰ ਦੀ ਮਰਯਾਦਾ ਵਿੱਚ ਵਿਗਨ ਪਾਇਆ ਗਿਆ। ਫੌਜ ਦੀ ਹਿਰਾਸਤ ਤੋਂ ਰਿਹਾਅ ਹੋਈਆਂ ਸੰਗਤਾਂ ਕਈ ਦਿਨਾਂ ਦਾ ਸਫ਼ਰ ਪੈਦਲ ਤੈਅ ਕਰਕੇ ਘਰੀਂ ਪਹੁੰਚੀਆਂ। ਸੁਰੱਖਿਆ ਬਲਾਂ ਅਨੁਸਾਰ ਉਨ੍ਹਾਂ ਨੇ ਗੁਰਦੁਆਰਾ ਦੂਖ ਨਿਵਾਰਣ ਵਿੱਚ 19 ਅਤਿਵਾਦੀਆਂ ਨੂੰ ਮਾਰ ਦਿੱਤਾ ਸੀ। ਲੇਖਕ ਬਿਆਨ ਕਰਦਾ ਹੈ ਕਿ ਗੈਰ-ਸਰਕਾਰੀ ਅੰਕੜਿਆਂ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ ਇਸ ਤੋਂ ਵਧੇਰੇ ਹੈ।
ਅਗਲੇ ਅਧਿਆਇ ਦਾ ਨਾਂ ‘ਇਨਸਾਫ ਦਾ ਇੰਤਜ਼ਾਰ’ ਹੈ, ਜਿਸ ਵਿੱਚ 31 ਅਕਤੂਬਰ 1984 ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਰਕਾਰ ਵੱਲੋਂ ਕਰਵਾਈ ਗਈ ਸਿੱਖਾਂ ਦੀ ਨਸਲਕੁਸ਼ੀ ਦਾ ਜਿਕਰ ਹੈ। ਸਰਕਾਰ ਦੀ ਸ਼ਹਿ ’ਤੇ ਹਿੰਦੂ ਗੁੰਡਿਆਂ ਦੀ ਭੀੜ ਨੇ ਦਿੱਲੀ ਦੇ ਬਾਜ਼ਾਰਾਂ ਵਿੱਚ ਹਜਾਰਾਂ ਸਿੱਖ ਨੌਜਵਾਨਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਮਾਰ ਦਿੱਤਾ ਗਿਆ। ਉਨ੍ਹਾਂ ਦੇ ਕਾਰੋਬਾਰ ਅਤੇ ਘਰ ਲੁੱਟ ਲਏ ਗਏ। ਭੂਤਰੀ ਹੋਈ ਭੀੜ ਵੱਲੋਂ ਸਿੱਖ ਔਰਤਾਂ ਦੀਆਂ ਇੱਜ਼ਤਾਂ ਲੁਟੀਆਂ ਗਈਆਂ। ਸਰਕਾਰ ਨੇ ਇਨ੍ਹਾਂ ਘਟਨਾਵਾਂ ਦੀ ਜਾਂਚ ਲਈ ਅਨੇਕਾਂ ਕਮਿਸ਼ਨ ਬਿਠਾਏ। ਲੇਖਕ ਨੇ ਅਜਿਹੇ ਦਸ ਕਮਿਸ਼ਨਾਂ ਅਤੇ ਕਮੇਟੀਆਂ ਦਾ ਹਵਾਲਾ ਦਿੱਤਾ ਹੈ। ਲੇਖਕ ਨੇ ਇਨ੍ਹਾਂ ਕਮਿਸ਼ਨਾਂ ਦੀਆਂ ਨਾਕਾਮੀਆਂ ਵੀ ਪੇਸ਼ ਕੀਤੀਆਂ ਹਨ।
‘ਸਿੱਖ ਵਿਰੋਧੀ ਚਿਹਰਾ’ ਅਧਿਆਇ ਵਿੱਚ ਅਨੰਦਪੁਰ ਦਾ ਮਤਾ, ਅਕਾਲੀ ਲੀਡਰਸ਼ਿਪ ਦੀ ਸਤਾ ਦੀ ਲਾਲਸਾ ਅਤੇ 1947 ਤੋਂ ਬਾਅਦ ਦੀ ਸਿੱਖ-ਸਿਆਸਤ ਦੇ ਮੁੱਖ ਪੱਖ ਬਿਆਨ ਕੀਤੇ ਗਏ ਹਨ। ਲੇਖਕ ਅਨੁਸਾਰ ਅਨੰਦਪੁਰ ਦੇ ਮਤੇ ਦੀਆਂ ਕੁਝ ਮਦਾਂ ਨਿਗੂਣੀਆਂ ਜਿਹੀਆਂ ਸਨ, ਜਿਵੇਂ ‘ਸ਼ਾਨ-ਏ-ਪੰਜਾਬ’ ਰੇਲ ਦਾ ਨਾਂ ‘ਸੱਚਖੰਡ ਐਕਸਪ੍ਰੈੱਸ’ ਰੱਖਣਾ। ਮਤੇ ਦੀਆਂ ਕੁਝ ਮਦਾਂ ਰਾਜਾਂ ਦੇ ਵੱਧ ਅਧਿਕਾਰਾਂ ਨਾਲ ਸਬੰਧਿਤ ਸਨ। ਇਨ੍ਹਾਂ ਮਦਾਂ ਨਾਲ ਦੱਖਣੀ ਹਿੰਦੁਸਤਾਨ ਦੀਆਂ ਖੇਤਰੀ ਪਾਰਟੀਆਂ ਵੀ ਸਹਿਮਤ ਸਨ। ਲੇਖਕ ਅਨੁਸਾਰ ਕੇਂਦਰ ਦੀ ਸਰਕਾਰ ਨੇ ਮਤੇ ਦੀ ਗਲਤ ਵਿਆਖਿਆ ਅਤੇ ਪ੍ਰਾਪੇਗੰਡਾ ਕਰਕੇ ਸਿੱਖਾਂ ਨੂੰ ਦੇਸ਼ ਦੀ ਬਹੁਗਿਣਤੀ ਦੇ ਸਾਹਮਣੇ ਹੁੱਲੜਬਾਜ ਅਤੇ ਵੱਖਵਾਦੀ ਬਣਾ ਕੇ ਪੇਸ਼ ਕੀਤਾ।
ਲੇਖਕ ਅਨੁਸਾਰ ਗਿਆਨੀ ਜੈਲ ਸਿੰਘ, ਗਿਆਨ ਸਿੰਘ ਰਾੜੇਵਾਲਾ ਅਤੇ ਪ੍ਰਤਾਪ ਸਿੰਘ ਕੈਰੋਂ ਸਿੱਖੀ ਤੇ ਸਿੱਖ ਮਾਨਸਿਕਤਾ ਤੋਂ ਜਾਣੂ ਸਨ। ਗਿਆਨੀ ਜੈਲ ਸਿੰਘ ਨੇ ਪੰਜਾਬ ਦਾ ਮੁੱਖ ਮੰਤਰੀ ਹੁੰਦਿਆਂ ਅਨੰਦਪੁਰ ਤੋਂ ਦਮਦਮਾ ਸਾਹਿਬ ਦੇ ਮਾਰਗ ਦਾ ਨਾਂ ‘ਗੁਰੂ ਗੋਬਿੰਦ ਸਿੰਘ ਮਾਰਗ’ ਰੱਖਿਆ। ਉਸ ਨੇ ਗੁਰੂ ਤੇਗ ਬਹਾਦਰ ਜੀ ਦੀ ਤੀਜੀ ਸ਼ਹੀਦੀ ਸ਼ਤਾਬਦੀ ਮਨਾਉਣ ਲਈ ਯੋਗ ਪ੍ਰਬੰਧ ਕੀਤੇ। ਕਾਂਗਰਸੀ ਮੁੱਖ ਮੰਤਰੀ ਦੁਆਰਾ ਕੀਤੇ ਧਾਰਮਿਕ ਕਾਰਜਾਂ ਨੂੰ ਵੇਖ ਕੇ ਅਕਾਲੀ ਪਾਰਟੀ ਨੂੰ ਸਿਆਸੀ ਜਮੀਨ ਖਿਸਕਦੀ ਜਾਪੀ। ਉਨ੍ਹਾਂ ਨੇ ਗਿਆਨੀ ਜੈਲ ਸਿੰਘ ਦੀ ਸਰਕਾਰ ਦੇ ਸਮੇਂ ਤੋਂ ਹੀ ਸਿੱਖਾਂ ਵਿੱਚ ਆਪਣਾ ਏਕਾਧਿਕਾਰ ਕਾਇਮ ਕਰਨ ਲਈ ਯਤਨ ਅਰੰਭ ਕਰ ਦਿੱਤੇ ਸਨ। ਅਨੰਦਪੁਰ ਦਾ ਮਤਾ ਇਨ੍ਹਾਂ ਯਤਨਾਂ ਵਿੱਚੋਂ ਮੁੱਖ ਯਤਨ ਸੀ।
ਅਨੰਦਪੁਰ ਦੇ ਮਤੇ ਦੀ ਪ੍ਰਾਪਤੀ ਲਈ ਧਰਮਯੁੱਧ ਮੋਰਚਾ ਲਾਇਆ ਗਿਆ। ਇਸ ਮੋਰਚੇ ਦੀ ਕਮਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸੌਂਪੀ ਗਈ। ਸੰਤ ਲੌਂਗੋਵਾਲ ਅਕਾਲੀ ਦਲ ਦਾ ਪ੍ਰਧਾਨ ਸੀ। ਮੋਰਚੇ ਦੇ ਜੁਝਾਰੂ ਕਾਰਕੁਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਰਪ੍ਰਸਤੀ ਹੇਠ ਵਿਚਰਦੇ ਸਨ। ਇਸ ਤਰ੍ਹਾਂ ਮੋਰਚੇ ਵਿੱਚ ਦੋ ਗੁੱਟ ਬਣ ਗਏ। ਇਨ੍ਹਾਂ ਗੁੱਟਾਂ ਨੂੰ ਲੌਂਗੋਵਾਲ ਗੁੱਟ ਅਤੇ ਭਿੰਡਰਾਂਵਾਲਾ ਗੁੱਟ ਆਖਿਆ ਜਾਣ ਲੱਗਾ। ਬੱਬਰ ਜਥੇਬੰਦੀ ਦੇ ਖਾੜਕੂ ਲੌਂਗੋਵਾਲ ਧੜੇ ਨਾਲ ਲਗਾਅ ਰੱਖਦੇ ਸੀ।
ਕੇਂਦਰ ਸਰਕਾਰ ਸਿੱਖਾਂ ਨੂੰ ਬਦਨਾਮ ਅਤੇ ਫੇਲ਼੍ਹ ਕਰਨ ਲਈ ਯਤਨਸ਼ੀਲ ਰਹੀ। ਲੇਖਕ ਨੇ ਭਾਰਤੀ ਗ੍ਰਹਿ ਮੰਤਰਾਲੇ ਦੀ 2002-03 ਦੀ ਰਿਪੋਰਟ ਦੇ ਹਵਾਲੇ ਨਾਲ ਜ਼ਿਕਰ ਕੀਤਾ ਹੈ ਕਿ ਸਰਕਾਰ ਨੇ ਹਰ ਹੀਲੇ ਸਿੱਖਾਂ ਨੂੰ ਬਦਨਾਮ ਕੀਤਾ। ਸਰਕਾਰ ਵੱਲੋਂ ਸਿੱਖਾਂ ਦੇ ਪਾਕਿਸਤਾਨੀ ਏਜੰਸੀ ਆਈ.ਐੱਸ.ਆਈ. ਨਾਲ ਸਬੰਧ ਹੋਣ ਦਾ ਢੰਡੋਰਾ ਪਿੱਟਿਆ ਗਿਆ ਤਾਂ ਜੋ ਸਿੱਖਾਂ ਨੂੰ ਬਾਕੀ ਹਿੰਦੁਸਤਾਨ ਦੇ ਸਾਹਮਣੇ ਬਦਨਾਮ ਕੀਤਾ ਜਾ ਸਕੇ।
ਅਗਲੇ ਅਧਿਆਇ ਦਾ ਨਾਂ ‘ਵਿਤਕਰਾ’ ਹੈ। ਇਸ ਅਧਿਆਇ ਵਿੱਚ ਕੇਂਦਰੀ ਲੀਡਰਸ਼ਿਪ ਵੱਲੋਂ ਸਿੱਖਾਂ ਨਾਲ ਕੀਤੇ ਵਾਅਦੇ ਅਤੇ ਵਾਅਦਾ-ਸ਼ਿਕਨੀ ਪੇਸ਼ ਕੀਤੀ ਗਈ ਹੈ। 1929 ਨੂੰ ਸਰਬ ਹਿੰਦ ਕਾਂਗਰਸ ਨੇ ਲਾਹੌਰ ਵਿੱਚ ਰਾਵੀ ਦੇ ਕੰਢੇ ਇੱਕ ਜਲਸਾ ਕੀਤਾ। ਇਸ ਜਲਸੇ ਤੋਂ ਪਹਿਲਾਂ ਸਿੱਖਾਂ ਨੇ ਬਾਬਾ ਖੜਕ ਸਿੰਘ ਦੀ ਅਗਵਾਈ ਵਿੱਚ ਇੱਕ ਜਲੂਸ ਕੱਢਿਆ। ਇਸ ਜਲੂਸ ਵਿੱਚ ਪੰਜ ਲੱਖ ਲੋਕ ਸ਼ਾਮਿਲ ਹੋਏ। ਲੰਡਨ ਤੋਂ ਛਪਦੇ ਅਖਬਾਰਾਂ ਨੇ ਸਿੱਖਾਂ ਦੇ ਜਲੂਸ ਦੇ ਮੁਕਾਬਲੇ ਕਾਂਗਰਸ ਦੇ ਜਲਸੇ ਨੂੰ ਛੁਟਿਆ ਕੇ ਪੇਸ਼ ਕੀਤਾ। ਕਾਂਗਰਸੀ ਲੀਡਰ ਬਾਬਾ ਖੜਕ ਸਿੰਘ ਨੂੰ ਚਬੁਰਜੀ ਪਿੰਡ ਵਿੱਚ ਮਿਲੇ। ਉਨ੍ਹਾਂ ਨੇ ਆਜ਼ਾਦੀ ਦੀ ਲੜਾਈ ਮਿਲ ਕੇ ਲੜਨ ਲਈ ਬਾਬਾ ਜੀ ਉੱਤੇ ਜੋਰ ਪਾਇਆ। ਉਨ੍ਹਾਂ ਨੇ ਬਾਬਾ ਜੀ ਨੂੰ ਵਿਸ਼ਵਾਸ਼ ਦੁਆਇਆ ਕਿ ਆਜ਼ਾਦ ਭਾਰਤ ਵਿੱਚ ਸਿੱਖਾਂ ਦੀ ਰਜ਼ਾ ਅਨੁਸਾਰ ਸੰਵਿਧਾਨ ਬਣਾਇਆ ਜਾਏਗਾ। ਆਜ਼ਾਦੀ ਤੋਂ ਬਾਅਦ ਕਾਂਗਰਸ ਆਪਣੇ ਵਾਅਦੇ ਤੋਂ ਮੁੱਕਰ ਗਈ।
12 ਜੁਲਾਈ 1947 ਨੂੰ ਭਾਰਤ ਦੇ ਗਵਰਨਰ ਜਨਰਲ ਲਾਰਡ ਮਾਊਂਟ ਬੈਟਨ, ਪੰਡਤ ਜਵਾਹਰ ਲਾਲ ਨਹਿਰੂ, ਲਿਆਕਤ ਅਲੀ ਖਾਂ ਅਤੇ ਬਲਦੇਵ ਸਿੰਘ ਵਿਚਕਾਰ ਲੰਡਨ ਵਿੱਚ ਇੱਕ ਅਹਿਮ ਮੀਟਿੰਗ ਹੋਈ। ਮੀਟੰਗ ਤੋਂ ਬਾਅਦ ਅੰਗਰੇਜ਼ ਪ੍ਰਤੀਨਿਧ ਨੇ ਬਲਦੇਵ ਸਿੰਘ ਨੂੰ ਕੁਝ ਦਿਨ ਲੰਡਨ ਵਿੱਚ ਰੁਕਣ ਲਈ ਕਿਹਾ ਤਾਂ ਜੋ ਸਿੱਖਾਂ ਨੂੰ ਕੋਈ ਆਜ਼ਾਦ ਖਿੱਤਾ ਦੇਣ ਬਾਰੇ ਗੱਲ ਕੀਤੀ ਜਾ ਸਕੇ। ਬਲਦੇਵ ਸਿੰਘ ਮੌਕਾ ਨਾ ਸੰਭਾਲ ਸਕਿਆ। ਉਹ ਨਹਿਰੂ ਦੇ ਆਖੇ ਲੱਗ ਕੇ ਉਸਦੇ ਨਾਲ ਹੀ ਹਿੰਦੁਸਤਾਨ ਵਾਪਸ ਆ ਗਿਆ।
ਆਜ਼ਾਦ ਭਾਰਤ ਦਾ ਸੰਵਿਧਾਨ ਤਿਆਰ ਹੋ ਗਿਆ। ਇਸ ਵਿੱਚ ਘੱਟ ਗਿਣਤੀਆਂ ਖਾਸ ਕਰ ਸਿੱਖਾਂ ਲਈ ਕੁਝ ਵੀ ਨਹੀਂ ਸੀ। ਇਸ ਲਈ ਸੰਵਿਧਾਨ ਦੇ ਖਰੜੇ ਉੱਤੇ ਕਿਸੇ ਸਿੱਖ ਲੀਡਰ ਨੇ ਦਸਤਖ਼ਤ ਨਾ ਕੀਤੇ। ਸਿੱਖਾਂ ਨੇ ਸੰਵਿਧਾਨ ਨੂੰ ਨਾ-ਮਨਜ਼ੂਰ ਕਰ ਦਿੱਤਾ। ਸਰਕਾਰ ਚਿੜ ਗਈ। ਉਹ ਸਿੱਖਾਂ ਨੂੰ ਸਬਕ ਸਿਖਾਉਣ ਲਈ ਹੱਥ-ਕੰਡੇ ਅਪਣਾਉਣ ਲੱਗ ਪਈ। ਸਰਕਾਰ ਸਿੱਖਾਂ ਨਾਲ ਆਜ਼ਾਦੀ ਤੋਂ ਪਹਿਲਾਂ ਕੀਤੇ ਸਾਰੇ ਵਾਅਦਿਆਂ ਤੋਂ ਮੁੱਕਰ ਗਈ।
1966 ਈ. ਵਿੱਚ ਪੰਜਾਬੀ ਸੂਬੇ ਦਾ ਭਾਸ਼ਾ ਦੇ ਆਧਾਰ ’ਤੇ ਪੁਨਰ-ਗਠਨ ਕੀਤਾ ਗਿਆ। ਪੰਜਾਬ ਨੂੰ ਛੋਟਾ ਕਰਨ ਦੀ ਨੀਅਤ ਨਾਲ ਪੰਜਾਬ ਦੇ ਕੁਝ ਇਲਾਕੇ ਹਿਮਾਚਲ ਪਰਦੇਸ਼, ਹਰਿਆਣਾ ਅਤੇ ਰਾਜਸਥਾਨ ਨੂੰ ਦੇ ਦਿੱਤੇ ਗਏ। ਲੇਖਕ ਨੇ ਗੁਲਜਾਰੀ ਲਾਲ ਨੰਦਾ ਦੇ ਵਿਚਾਰ ਕੋਟ ਕੀਤੇ ਹਨ। ਇਨ੍ਹਾਂ ਵਿਚਾਰਾਂ ਤੋਂ ਕੇਂਦਰ ਸਰਕਾਰ ਦੀ ਸਿੱਖਾਂ ਪ੍ਰਤੀ ਮੰਦ ਭਾਵਨਾ ਜ਼ਾਹਿਰ ਹੁੰਦੀ ਹੈ। ਨੰਦੇ ਦਾ ਬਿਆਨ ਹੈ, “ਮੈਂ ਸਿੱਖਾਂ ਨੂੰ ਇੱਕ ਅਜਿਹਾ ਪੰਜਾਬੀ ਸੂਬਾ ਦਿਆਂਗਾ, ਉਹ ਯਾਦ ਕਰਕੇ ਰੋਇਆ ਕਰਨਗੇ।”
ਪੰਜਾਬੀ ਸੂਬੇ ਦਾ ਜਨਸੰਘ ਨੇ ਡਟ ਕੇ ਵਿਰੋਧ ਕੀਤਾ। ਪੰਜਾਬ ਦੇ ਹਿੰਦੂਆਂ ਨੇ ਪੰਜਾਬੀ ਸੂਬੇ ਦੇ ਹੋਂਦ ਵਿੱਚ ਆਉਣ ਦੀ ਖੁਸ਼ੀ ਨਹੀਂ ਮਨਾਈ ਸੀ। ਉਨ੍ਹਾਂ ਨੇ ਹਿੰਸਕ ਤਰੀਕੇ ਨਾਲ ਪੰਜਾਬੀ ਸੂਬੇ ਦਾ ਵਿਰੋਧ ਕੀਤਾ। ਹਿੰਸਕ ਭੀੜ ਨੇ ਰਾਹ ਜਾਂਦੇ ਸਿੱਖਾਂ ਨੂੰ ਕੁੱਟਿਆ ਅਤੇ ਉਨ੍ਹਾਂ ਨੂੰ ਗਾਲਾਂ ਕੱਢੀਆਂ।
ਇਸੇ ਅਧਿਆਇ ਵਿੱਚ ਲੇਖਕ ਨੇ ਅਨੰਦਪੁਰ ਸਾਹਿਬ ਦੇ ਮਤੇ ਦੀਆਂ ਮੰਗਾਂ ਉੱਤੇ ਵੀ ਚਰਚਾ ਕੀਤੀ ਹੈ। ਲੇਖਕ ਅਨੁਸਾਰ ਮਤੇ ਦੀਆਂ ਮੰਗਾਂ ਵਾਜਬ ਸਨ। ਉਨ੍ਹਾਂ ਵਿੱਚ ਸੂਬਿਆਂ ਦੇ ਵੱਧ ਅਧਿਕਾਰਾਂ ਦਾ ਜ਼ਿਕਰ ਸੀ।
ਇਸ ਤੋਂ ਬਾਅਦ ਲੇਖਕ ਨੇ 1978 ਦੀ ਵਿਸਾਖੀ ਵਾਲੇ ਦਿਨ ਵਾਪਰੇ ਨਿਰੰਕਾਰੀ ਕਾਂਡ ਦਾ ਜ਼ਿਕਰ ਕੀਤਾ ਹੈ, ਜਿਸ ਵਿੱਚ ਨਿਰੰਕਾਰੀ ਜਲੂਸ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ 13 ਸਿੱਖਾਂ ਨੂੰ ਪੁਲਿਸ ਨੇ ਫਾਇਰਿੰਗ ਕਰਕੇ ਸ਼ਹੀਦ ਕਰ ਦਿੱਤਾ। ਦਿੱਲੀ ਸਰਕਾਰ ਦੀ ਸ਼ਹਿ ’ਤੇ ਨਿਰੰਕਾਰੀ ਕਾਂਡ ਦੇ ਦੋਸ਼ੀਆਂ ਦਾ ਕੇਸ ਹਰਿਆਣੇ ਵਿੱਚ ਤਬਦੀਲ ਕੀਤਾ ਗਿਆ। ਕੇਂਦਰ ਸਰਕਾਰ ਦੀ ਇੱਛਾ ਮੁਤਾਬਿਕ ਨਿਰੰਕਾਰੀ ਬਾਬਾ ਗੁਰਬਚਨ ਸਿੰਘ ਅਤੇ ਉਸਦੇ 63 ਕਾਰਕੁਨ ਬਰੀ ਕਰ ਦਿੱਤੇ ਗਏ।
ਸਰਕਾਰ ਤੋਂ ਨਿਆਂ ਨਾ ਮਿਲਦਾ ਵੇਖ ਸਿੱਖਾਂ ਨੇ ਅਦਾਲਤ ਦੇ ਫੈਸਲੇ ਤੋਂ ਚਾਰ ਮਹੀਨੇ ਬਾਅਦ ਨਿਰੰਕਾਰੀ ਬਾਬੇ ਨੂੰ ਉਸਦੀ ਰਿਹਾਇਸ਼ ’ਤੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲੇਖਕ ਨੇ ਸ੍ਰੀ ਹਰਿਮੰਦਰ ਸਾਹਿਬ ਉੱਤੇ ਹੋਏ ਫੌਜੀ ਹਮਲੇ ਦੀ ਸੰਖੇਪ ਵਾਰਤਾ ਪੇਸ਼ ਕੀਤੀ ਹੈ। ਇਸ ਹਮਲੇ ਵਿੱਚ ਭਾਰਤੀ ਫੌਜ ਨੇ ਅਕਾਲ ਤਖ਼ਤ ਨੂੰ ਢਾਹੁਣ ਲਈ ਤੋਪਾਂ ਅਤੇ ਟੈਂਕਾਂ ਦੀ ਵਰਤੋਂ ਕੀਤੀ। ਇਹ ਸਰਕਾਰ ਵੱਲੋਂ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਸੀ। ਇਸਨੂੰ ਸਿੱਖ ਇਤਿਹਾਸ ਵਿੱਚ ਤੀਜੇ ਘੱਲੂਘਾਰੇ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।
ਹਮਲੇ ਤੋਂ ਪੰਜ ਮਹੀਨੇ ਬਾਅਦ ਇੰਦਰਾ ਗਾਂਧੀ ਨੂੰ ਉਸਦੇ ਦੋ ਸਿੱਖ ਅੰਗ-ਰੱਖਿਅਕਾਂ ਨੇ ਮਾਰ ਦਿੱਤਾ। ਕਾਂਗਰਸੀ ਲੀਡਰਸ਼ਿਪ ਦੇ ਆਦੇਸ਼ਾਂ ਨਾਲ ਹਿੰਦੁਸਤਾਨ ਦੇ ਵੱਖ-ਵੱਖ ਖੇਤਰਾਂ ਵਿੱਚ ਸਿੱਖਾਂ ਨੂੰ ਤਸੀਹੇ ਦੇ ਕੇ ਮਾਰਿਆ ਗਿਆ। ਸਿੱਖ ਲੜਕੀਆਂ ਦੀ ਪੱਤ ਲੁੱਟੀ ਗਈ। ਸਿੱਖ ਬੱਚਿਆਂ ਅਤੇ ਬਜ਼ੁਰਗਾਂ ਨੂੰ ਵੀ ਤਸੀਹੇ ਦੇ ਕੇ ਮਾਰ ਦਿੱਤਾ ਗਿਆ। ਸਰਕਾਰੀ ਨੇਤਾਵਾਂ ਨੇ ਦੰਗਾਕਾਰੀਆਂ ਦੀ ਅਗਵਾਈ ਕੀਤੀ। ਪੁਲਿਸ ਅਤੇ ਪ੍ਰਸ਼ਾਸਨ ਨੇ ਵੀ ਦੰਗਾਕਾਰੀਆਂ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
1984 ਤੋਂ ਲੈ ਕੇ ਇੱਕ ਦਹਾਕਾ ਪੰਜਾਬ ਵਿੱਚ ਹਥਿਆਰਬੰਦ ਖਾੜਕੂ ਲਹਿਰ ਚੱਲੀ। ਇਸ ਲਹਿਰ ਦੇ ਖਾੜਕੂਆਂ ਨੇ ਐੱਸ.ਵਾਈ.ਐੱਲ ਨਹਿਰ ਦੇ ਦੋ ਇੰਜੀਨੀਅਰਾਂ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਨਹਿਰ ਦਾ ਮੁੱਦਾ ਦਬ ਗਿਆ।
ਇਸ ਭਾਗ ਦੇ ਆਖਰੀ ਅਧਿਆਇ ਦਾ ਨਾਂ ‘ਅਕ੍ਰਿਤਘਣ’ ਹੈ। ਇਸ ਅਧਿਆਇ ਵਿੱਚ ਲੇਖਕ ਨੇ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਸਿੱਖਾਂ ਉੱਪਰ ਹਿੰਦੂ ਗੁੰਡਿਆਂ ਵੱਲੋਂ ਕੀਤੇ ਵਹਿਸ਼ੀਆਨਾ ਹਮਲਿਆਂ ਦਾ ਵਿਸਤਾਰ ਪੂਰਵਕ ਵਰਣਨ ਕੀਤਾ ਹੈ। ਲੇਖਕ ਨੇ ਦਿੱਲੀ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ, ਮੱਧ ਪ੍ਰਦੇਸ਼ ਅਤੇ ਹਰਿਆਣਾ ਵਿੱਚ ਹੋਏ ਸਿੱਖ ਵਿਰੋਧੀ ਹਮਲਿਆਂ ਦਾ ਜ਼ਿਕਰ ਕੀਤਾ ਹੈ। ਲੇਖਕ ਨੇ ਕੁਝ ਹਿੰਦੂ ਅਤੇ ਮੁਸਲਮਾਨ ਪਰਿਵਾਰਾਂ ਦਾ ਜ਼ਿਕਰ ਵੀ ਕੀਤਾ ਹੈ, ਜਿਨ੍ਹਾਂ ਨੇ ਆਪਣੀ ਜਾਨ ਜ਼ੋਖ਼ਮ ਵਿੱਚ ਪਾ ਕੇ ਪੀੜਤ ਸਿੱਖਾਂ ਦੀ ਰੱਖਿਆ ਕੀਤੀ। ਇਸ ਭਾਗ ਦੀ ਜਾਣਕਾਰੀ ਹਿਰਦੇ-ਵੇਦਕ ਹੈ। ਲੇਖਕ ਨੇ ਹਰ ਘਟਨਾ ਤੱਥਾਂ ਉੱਤੇ ਆਧਾਰਿਤ ਪੇਸ਼ ਕੀਤੀ ਹੈ।
ਅਗਲੇ ਭਾਗ ਦਾ ਨਾਂ ‘ਕਹਿਰ’ ਹੈ। ਇਸ ਭਾਗ ਵਿੱਚ ਕੁੱਲ 11 ਅਧਿਆਇ ਹਨ। ਇਸ ਭਾਗ ਵਿੱਚ ਲੇਖਕ ਨੇ ਜੂਨ 1984 ਤੋਂ ਲੈ ਕੇ 1993 ਤੱਕ ਸਿੱਖਾਂ ਉੱਤੇ ਹੋਏ ਤਸ਼ੱਦਦ ਨੂੰ ਬਿਆਨ ਕੀਤਾ ਹੈ। ਇਸ ਭਾਗ ਵਿੱਚ ਪੀਲੀਭੀਤ ਕਾਂਡ ਦੀ ਵਾਰਤਾ ਪੇਸ਼ ਕੀਤੀ ਗਈ ਹੈ। ਸਿੱਖਾਂ ਨੂੰ ਵਰਗਲਾਉਣ ਲਈ ਉੱਤਰ ਪ੍ਰਦੇਸ਼ ਸਰਕਾਰ ਨੇ ਦੋਸ਼ੀ ਪੁਲਿਸ ਕਰਮੀਆਂ ਖਿਲਾਫ ਕੇਸ ਦਰਜ ਕਰਵਾਇਆ। ਕੁਝ ਸਮੇਂ ਬਾਅਦ ਮੁਲਾਇਮ ਸਿੰਘ ਦੀ ਸਰਕਾਰ ਨੇ ਇਹ ਕੇਸ ਵਾਪਿਸ ਕਰਵਾ ਦਿੱਤਾ। ਇਸ ਤਰ੍ਹਾਂ ਸਿੱਖਾਂ ਨਾਲ ਇੱਕ ਵਾਰੀ ਫਿਰ ਅਨਿਆਂ ਹੋ ਗਿਆ।
ਪੰਜਾਬ ਵਿੱਚ ਬੇਅੰਤ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਪੁਲਿਸ ਨੂੰ ਵਧੇਰੇ ਅਧਿਕਾਰ ਦੇ ਦਿੱਤੇ। ਪੁਲਿਸ ਅਫਸਰਾਂ ਨੇ ਇਨਾਮਾਂ ਅਤੇ ਤਰੱਕੀਆਂ ਦੇ ਲਾਲਚ ਵਿੱਚ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਨਾਜ਼ਾਇਜ਼ ਢੰਗਾਂ ਨਾਲ ਮਾਰ ਮੁਕਾਇਆ। ਲੇਖਕ ਨੇ ਪੁਲਿਸ ਦੁਆਰਾ ਕੀਤੇ ਜ਼ੁਲਮ ਦੀਆਂ ਕੁਝ ਘਟਨਾਵਾਂ ਪ੍ਰਮਾਣ ਸਾਹਿਤ ਪੇਸ਼ ਕੀਤੀਆਂ ਹਨ। ਇਨ੍ਹਾਂ ਘਟਨਾਵਾਂ ਤੋਂ ਉਸ ਸਮੇਂ ਦੇ ਪੁਲਿਸ ਰਾਜ ਦੀ ਤਸਵੀਰ ਸਾਫ ਹੋ ਜਾਂਦੀ ਹੈ।
ਲੇਖਕ ਨੇ ਪੁਲਿਸ ਹੱਥੋਂ ਸਤਾਏ ਜਿਨ੍ਹਾਂ ਲੋਕਾਂ ਦਾ ਜ਼ਿਕਰ ਕੀਤਾ ਹੈ, ਉਨ੍ਹਾਂ ਲੋਕਾਂ ਵਿੱਚੋਂ ਕੁਝ ਨਾਂ ਦਿੱਤੇ ਜਾ ਰਹੇ ਹਨ, “ਜਗੀਰ ਕੌਰ ਸ਼ੁਤਰਾਣਾ, ਬਲਦੇਵ ਸਿੰਘ ਕਰਤਾਰਪੁਰ, ਅਵਤਾਰ ਸਿੰਘ ਸ਼ੁਤਰਾਣਾ, ਤਰਨਜੀਤ ਸਿੰਘ ਤੇ ਅਮਰੀਕ ਸਿੰਘ ਗਦੱਈਆ, ਜਸਵੰਤ ਸਿੰਘ ਸ਼ੁਤਰਾਣਾ, ਗੁਰਤੇਜ ਸਿੰਘ ਘੁੰਮਣ ਕਲਾਂ, ਸੁਖਦੇਵ ਸਿੰਘ ਬੀਰ ਬੱਲਿ੍ਹਆਂਵਾਲੀ, ਰਣਜੀਤ ਸਿੰਘ ਕੜੈਲ, ਬਹਾਦਰ ਸਿੰਘ ਅਤੇ ਸੁਦਾਗਰ ਸਿੰਘ ਬਖਤੜੀ ਵਾਲਾ, ਗੁਰਬਾਜ ਸਿੰਘ ਸ਼ੁਤਰਾਣਾ, ਬਘੇਲ ਸਿੰਘ ਬਕਰਾਹਾ, ਬਚਿੱਤ੍ਰ ਸਿੰਘ ਅਰਨੋਂ, ਕੁਲਬੀਰ ਸਿੰਘ ਭੋਲਾ ਕੜਿਆਲ, ਕੁਲਵੰਤ ਸਿੰਘ ਵਕੀਲ, ਜੁਗਰਾਜ ਸਿੰਘ ਰਤਨਗੜ੍ਹ ਸਿੰਧੜਾਂ, ਜਸਵੰਤ ਸਿੰਘ ਜੁਲਮਗੜ੍ਹ, ਜੈਮਲ ਸਿੰਘ ਘੋੜਾ ਹਰਿਆਊ, ਸਰਬਜੀਤ ਸਿੰਘ ਭੱਦਲਵੱਡ ਆਦਿ।”
ਪੰਜਾਬ ਪੁਲਿਸ ਨੇ ਅਤਿਵਾਦ ਦੇ ਨਾਂ ਹੇਠ ਅਨੇਕਾਂ ਵਿਅਕਤੀਆਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰਿਆ। ਲੇਖਕ ਨੇ ਪੁਖਤਾ ਸਬੂਤ ਪੇਸ਼ ਕਰਕੇ ਬਿਆਨ ਕੀਤਾ ਹੈ ਕਿ ਪੁਲਿਸ ਮੁਕਾਬਲੇ ਝੂਠੇ ਸਨ। ਪੰਜਾਬ ਪੁਲਿਸ ਵੱਲੋਂ ਇਨ੍ਹਾਂ ਮੁਕਾਬਲਿਆਂ ਸਬੰਧੀ ਮੀਡੀਆ ਨੂੰ ਦੱਸੀਆਂ ਗਈਆਂ ਕਹਾਣੀਆਂ ਬਚਕਾਨਾ ਹਨ।
‘ਮੌਤ-ਏ-ਦਰਿੰਦਾ’ ਕਾਂਡ ਵਿੱਚ ਤਰਨਤਾਰਨ ਦੇ ਪਿੰਡ ਪੱਖੋਕੇ ਦੇ ਨਿਵਾਸੀ ਦਲਬੀਰੇ ਦਾ ਜ਼ਿਕਰ ਹੈ। ਦਲਬੀਰਾ ਪੁਲਿਸ ਵਿੱਚ ਭਰਤੀ ਹੋ ਗਿਆ। ਉਸ ਉੱਤੇ ਇਰਾਦਾ ਕਤਲ ਦਾ ਦੋਸ਼ ਲੱਗਣ ਕਰਕੇ ਪੰਜਾਬ ਪੁਲਿਸ ਵੱਲੋਂ ਬਰਖ਼ਾਸਤ ਕਰ ਦਿੱਤਾ ਗਿਆ। ਉਸਨੇ ਖਾੜਕੂਆਂ ਨਾਲ ਸਬੰਧ ਸਥਾਪਿਤ ਕਰ ਲਏ। ਖਾੜਕੂਆਂ ਦੀ ਸੂਹ ਲਾਉਣ ਲਈ ਉਸ ਨੂੰ ਦੁਬਾਰਾ ਪੁਲਿਸ ਵਿੱਚ ਭਰਤੀ ਕਰ ਲਿਆ ਗਿਆ। ਉਸ ਨੇ ਚੰਡੀਗੜ੍ਹ ਵਿੱਚ ਭਾਈ ਜਿੰਦੇ ਦੇ ਕਰੀਬੀ ਸਾਥੀਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਉਸਨੇ ਪਟਿਆਲੇ ਵਿੱਚ ਐੱਸ.ਐੱਸ.ਪੀ. ਸੀਤਲਦਾਸ ਅਤੇ ਐੱਸ.ਪੀ. ਬਲਦੇਵ ਸਿੰਘ ਬਰਾੜ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਉਨ੍ਹਾਂ ਦੇ ਅੰਗ-ਰੱਖਿਅਕ ਅਮਲੇ ਨੇ ਦਲਬੀਰੇ ਨੂੰ ਮਾਰ ਦਿੱਤਾ।
ਪੁਸਤਕ ਦੇ ਤੀਜੇ ਭਾਗ ਦਾ ਨਾਂ ‘ਹਾਅ’ ਹੈ। ਇਸ ਵਿੱਚ ਅੱਠ ਅਧਿਆਇ ਹਨ। ਲੇਖਕ ਬਿਆਨ ਕਰਦਾ ਹੈ ਕਿ ਦੋ ਜ਼ਾਲਿਮ ਪੁਲਿਸ ਅਫਸਰ ਇਜ਼ਹਾਰ ਆਲਮ ਅਤੇ ਸੰਜੀਵ ਗੁਪਤਾ ਇੰਗਲੈਂਡ ਵਿੱਚ ਸਰਕਾਰੀ ਦੌਰੇ ’ਤੇ ਟ੍ਰੇਨਿੰਗ ਲੈਣ ਗਏ। ਰੀਡਰੈੱਸ ਸੰਸਥਾ ਨੇ ਇਸ ਉੱਤੇ ਸਖ਼ਤ ਇਤਰਾਜ਼ ਕੀਤਾ। ਰੀਡਰੈੱਸ ਗੈਰ-ਸਰਕਾਰੀ ਸੰਸਥਾ ਹੈ, ਜੋ ਵਿਸ਼ਵ ਪੱਧਰ ਉੱਤੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਂਦੀ ਹੈ।
ਲੇਖਕ ਨੇ ਝੂਠੇ ਪੁਲਿਸ ਮੁਕਾਬਲਿਆਂ ਦਾ ਜ਼ਿਕਰ ਕੀਤਾ ਹੈ। ਪੁਲਿਸ ਵੱਲੋਂ ਖਾੜਕੂਆਂ ਦੇ ਨਾਂ ਉੱਤੇ ਸਾਧਾਰਨ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਸੀ। ਪੁਲਿਸ ਨੇ ਵੱਡੇ ਖਾੜਕੂਆਂ ਨੂੰ ਮੁਕਾਬਲੇ ਵਿੱਚ ਮਾਰਨ ਦਾ ਦਾਅਵਾ ਕੀਤਾ ਸੀ। ਕੁਝ ਸਮੇਂ ਬਾਅਦ ਉਨ੍ਹਾਂ ਖਾੜਕੂਆਂ ਦੇ ਜਿੰਦਾ ਹੋਣ ਸਬੰਧੀ ਸਬੂਤ ਮਿਲੇ। ਜਦੋਂ ਝੂਠੇ ਮੁਕਾਬਲਿਆਂ ਦੀ ਜਾਂਚ ਸ਼ੁਰੂ ਹੋਈ ਤਾਂ ਸਹਾਇਕ ਆਈ.ਜੀ.ਵਿਵੇਕ ਮਿਸ਼ਰਾ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਇਸ ਤੋਂ ਅੱਗੇ ਸਿਮਰਨਜੀਤ ਸਿੰਘ ਮਾਨ ਸਾਬਕਾ ਐੱਮ.ਪੀ. ਦਾ ਕੇਂਦਰੀ ਜੇਲ਼੍ਹ ਲੁਧਿਆਣਾ ਤੋਂ ਦਿੱਤਾ ਗਿਆ ਬਿਆਨ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਸ. ਮਾਨ ਨੇ ਹਿੰਦੁਸਤਾਨ ਦੀ ਅੰਤਰਰਾਸ਼ਟਰੀ ਦੋਗਲੀ ਨੀਤੀ ਦਾ ਪਰਦਾ ਫਾਸ਼ ਕੀਤਾ ਹੈ।
‘ਸਿੱਖਾਂ ਨਾਲ ਧੱਕਾ ਬਰਕਰਾਰ’ ਅਧਿਆਇ ਵਿੱਚ ਉੱਤਰਾਖੰਡ ਦੇ ਕਾਸ਼ੀਪੁਰ ਦੀ ਘਟਨਾ ਦਾ ਜ਼ਿਕਰ ਹੈ। 2 ਜਨਵਰੀ 2006 ਨੂੰ ਐਸਕਾਰਟ ਫਾਰਮ ਦੀ 1128 ਏਕੜ ਜਮੀਨ ਉੱਤੇ ਪੁਲਿਸ ਅਤੇ ਪ੍ਰਸ਼ਾਸਨ ਤੜਕੇ ਕਬਜਾ ਕਰਨ ਲਈ ਗਿਆ। ਕਿਸਾਨਾਂ ਦੇ ਘਰ ਬੁਲਡੋਜਰ ਨਾਲ ਢਾਹ ਦਿੱਤੇ ਗਏ। ਪੁਲਿਸ ਨੇ ਕਿਸਾਨਾਂ ਦੇ 24 ਮਕਾਨ ਅਤੇ 12 ਝੌਂਪੜੀਆਂ ਢਾਹ ਦਿੱਤੀਆਂ। ਲੇਖਕ ਨੇ ਐਸਕਾਰਟ ਕੇਸ ਦੀ ਤਫ਼ਸੀਲ ਪੇਸ਼ ਕੀਤੀ ਹੈ।
ਪੁਸਤਕ ਦੇ ਚੌਥੇ ਭਾਗ ਦਾ ਨਾਂ ‘ਬਹੁੜੀ’ ਹੈ। ਇਸ ਭਾਗ ਵਿੱਚ ਮਨੁੱਖੀ ਅਧਿਕਾਰਾਂ ਦੇ ਰਾਖੇ ਜਸਵੰਤ ਸਿੰਘ ਖਾਲੜਾ ਦੀ ਮਿਹਨਤ ਅਤੇ ਸ਼ਹਾਦਤ ਦਾ ਜ਼ਿਕਰ ਹੈ। ਜਸਵੰਤ ਸਿੰਘ ਖਾਲੜਾ ਨੇ ਪੁਲਿਸ ਵੱਲੋਂ ਅਣਪਛਾਤੇ ਕਹਿ ਕੇ ਸਾੜੇ ਗਏ ਲੋਕਾਂ ਦੇ ਵੇਰਵੇ ਇਕੱਠੇ ਕੀਤੇ ਸਨ। ਪੰਜਾਬ ਪੁਲਿਸ ਦੇ ਡੀ.ਜੀ.ਪੀ. ਕੇ.ਪੀ. ਐੱਸ ਗਿੱਲ ਅਤੇ ਤਰਨਤਾਰਨ ਦੇ ਐੱਸ.ਐੱਸ.ਪੀ. ਅਜੀਤ ਸਿੰਘ ਸੰਧੂ ਨੇ ਭਾਈ ਖਾਲੜਾ ਨੂੰ ਜਾਂਚ ਨਾ ਕਰਨ ਲਈ ਕਿਹਾ। ਖਾਲੜਾ ਜਾਂਚ ਕਰਨ ਲਈ ਦ੍ਰਿੜ ਰਿਹਾ। ਅਖੀਰ ਇਨ੍ਹਾਂ ਦੋਹਾਂ ਅਫ਼ਸਰਾਂ ਦੀ ਦੇਖ-ਰੇਖ ਹੇਠ ਪੁਲਿਸ ਨੇ ਭਾਈ ਖਾਲੜਾ ਨੂੰ ਮਾਰ ਕੇ ਉਸਦੀ ਲਾਸ਼ ਹਰੀਕੇ ਪੱਤਣ ਕੋਲ ਪਾਣੀ ਵਿੱਚ ਸੁੱਟ ਦਿੱਤੀ।
‘ਸ਼ਮ੍ਹਾਂ ਜਗਦੀ ਰਹੇ’ ਅਧਿਆਇ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਦੀ ਇੰਟਰਵਿਊ ਪੇਸ਼ ਕੀਤੀ ਗਈ ਹੈ, ਜਿਸ ਵਿੱਚ ਬੀਬੀ ਖਾਲੜਾ ਨੇ ਆਪਣੇ ਪਤੀ ਦੇ ਦ੍ਰਿੜ ਇਰਾਦੇ ਅਤੇ ਸ਼ਹਾਦਤ ਦਾ ਜ਼ਿਕਰ ਕੀਤਾ ਹੈ। ਉਸਨੇ ਖਾਲੜਾ ਦੀ ਸ਼ਹਾਦਤ ਤੋਂ ਬਾਅਦ ‘ਖਾਲੜਾ ਮਿਸ਼ਨ ਆਰਗੇਨਾਈਜੇਸ਼ਨ’ ਸੰਸਥਾ ਵੱਲੋਂ ਖਾਲੜਾ ਦੇ ਅਧੂਰੇ ਕਾਰਜਾਂ ਨੂੰ ਅੱਗੇ ਤੋਰਨ ਦਾ ਜ਼ਿਕਰ ਕੀਤਾ ਹੈ।
‘ਕੀ ਕੋਈ ਹੈ’ ਪੁਸਤਕ ਦਾ ਆਖਰੀ ਅਧਿਆਇ ਹੈ। ਇਸ ਅਧਿਆਇ ਵਿੱਚ ਬੰਦੀ ਸਿੰਘਾਂ ਦਾ ਜ਼ਿਕਰ ਹੈ। ਬੰਦੀ ਸਿੰਘ ਕਾਨੂੰਨ ਅਨੁਸਾਰ ਮਿਲੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਭਾਰਤੀ ਸਰਕਾਰ ਉਨ੍ਹਾਂ ਨੂੰ ਰਿਹਾਅ ਨਹੀਂ ਕਰ ਰਹੀ ਹੈ। ਲੇਖਕ ਨੇ ਬੰਦੀ ਸਿੰਘਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਕੇ ਪੁਸਤਕ ਦੀ ਸਮਾਪਤੀ ਕੀਤੀ ਹੈ।
ਇਨ੍ਹਾਂ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਗੁਰਨਾਮ ਸਿੰਘ ਚੌਹਾਨ ਨੇ ਅੰਕੜੇ ਇਕੱਠੇ ਕਰਨ ਅਤੇ ਉਨ੍ਹਾਂ ਦੀ ਜਾਂਚ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ। ਲੇਖਕ ਹਰ ਘਟਨਾ ਦੀ ਬਾਰੀਕੀ ਤੱਕ ਜਾਂਦਾ ਹੈ। ਉਹ ਘਟਨਾਵਾਂ ਸਬੰਧੀ ਦਰਜ ਐੱਫ.ਆਈ.ਆਰ. ਨੰਬਰ ਲਿਖਦਾ ਹੈ। ਜੇ ਕਿਸੇ ਵਾਰਦਾਤ ਦਾ ਮੁਕੱਦਮਾ ਦਰਜ ਹੋ ਗਿਆ ਤਾਂ ਉਸ ਦਾ ਮੁਕੱਦਮਾ ਨੰਬਰ ਵੀ ਲਿਖਦਾ ਹੈ। ਲੇਖਕ ਨੇ ਪੁਲਿਸ ਵੱਲੋਂ ਘਰਾਂ ਵਿੱਚੋਂ ਚੁੱਕੇ ਗਏ ਘਰੇਲੂ ਸਮਾਨ ਦੀਆਂ ਲਿਸਟਾਂ ਪੇਸ਼ ਕੀਤੀਆਂ ਹਨ। ਜੇ ਪੁਲਿਸ ਨੇ ਮੋਟਰਸਾਈਕਲ ਚੁੱਕਿਆ ਹੋਵੇ ਤਾਂ ਉਸ ਦਾ ਪੂਰਾ ਨੰਬਰ ਪੇਸ਼ ਕੀਤਾ ਹੈ। ਲੇਖ਼ਕ ਸੀਨੀਅਰ ਪੱਤਰਕਾਰ ਹੈ। ਇਸ ਲਈ ਉਹ ਘਟਨਾ ਦੇ ਹਰ ਪਹਿਲੂ ਦੀ ਪੜਤਾਲ ਕਰਦਾ ਹੈ।
ਲਾਵਾਰਸ ਲਾਸ਼ਾਂ ਸਬੰਧੀ ਸੀ.ਬੀ.ਆਈ. ਦੀ ਜਾਂਚ ਦੇ ਅੰਕੜੇ ਪੇਸ਼ ਕੀਤੇ ਗਏ ਹਨ। ਲੇਖਕ ਨੇ ਵੱਖ-ਵੱਖ ਜਾਂਚ ਕਮਿਸ਼ਨਾਂ ਦੇ ਅੰਕੜੇ ਪੇਸ਼ ਕੀਤੇ ਹਨ। ਇਸਦੇ ਨਾਲ ਹੀ ਕਮਿਸ਼ਨ ਦੀ ਚੰਗੀ ਜਾਂ ਮਾੜੀ ਕਰਗੁਜਾਰੀ ਸਬੰਧੀ ਟਿੱਪਣੀਆਂ ਵੀ ਕੀਤੀਆਂ ਹਨ।
ਲੇਖਕ ਨੇ ਕੁੱਝ ਰਹੱਸਾਂ ਤੋਂ ਪਰਦੇ ਵੀ ਲਾਹੇ ਹਨ। ਐੱਸ.ਪੀ. ਅਜੀਤ ਸਿੰਘ ਸੰਧੂ ਦੀ ਮੌਤ ਬਾਰੇ ਅਜੇ ਤੱਕ ਦੋ ਰਾਵਾਂ ਸਨ, ਉਹ ਮਰ ਗਿਆ ਜਾਂ ਭੇਸ ਬਦਲ ਕੇ ਰਹਿ ਰਿਹਾ ਹੈ। ਚੌਹਾਨ ਨੇ ਸਪਸ਼ਟ ਸ਼ਬਦਾਂ ਵਿੱਚ ਉਸਦੀ ਮੌਤ ਬਾਰੇ ਖੁਲਾਸਾ ਕਰ ਦਿੱਤਾ ਹੈ। ਇਸੇ ਤਰ੍ਹਾਂ ਕਾਂਗਰਸੀ ਆਗੂ ਗੁਰਚਰਨ ਸਿੰਘ ਤੰਬੂਵਾਲੇ ਵੱਲੋਂ ਜਰਨੈਲ ਸਿੰਘ ਸ਼ੁਤਰਾਣਾ ਦੇ ਭਰਾ ਅਵਤਾਰ ਸਿੰਘ ਸ਼ੁਤਰਾਣਾ ਨੂੰ ਮਰਵਾਉਣ ਦਾ ਕਾਰਨ ਵੀ ਸਾਫ਼ ਲਿਖ ਦਿੱਤਾ ਹੈ। ਇੰਝ ਲੇਖਕ ਇੱਕ ਸਿਰੜੀ, ਖੋਜੀ ਅਤੇ ਬੇਬਾਕ ਸ਼ਖ਼ਸੀਅਤ ਹੈ, ਜਿਸ ਨੇ ਕਿਸੇ ਦਾ ਡਰ ਮੰਨੇ ਬਗੈਰ ਪੰਜਾਬ-ਦੁਖਾਂਤ ਦੀਆਂ ਘਟਨਾਵਾਂ ਦੀ ਸੱਚਾਈ ਪੇਸ਼ ਕੀਤੀ ਹੈ।
ਵਾਰਤਕ ਬੁੱਧੀ ਪ੍ਰਧਾਨ ਸਾਹਿਤਕ ਵਿਧਾ ਮੰਨੀ ਜਾਂਦੀ ਹੈ। ਗੁਰਨਾਮ ਸਿੰਘ ਚੌਹਾਨ ਦੀ ਵਾਰਤਕ ਵਿੱਚ ਬੁੱਧੀ ਦੇ ਨਾਲ-ਨਾਲ ਜਜ਼ਬਾ ਵੀ ਵਿਦਮਾਨ ਹੈ। ਪੁਸਤਕ ਦੀ ਭਾਸ਼ਾ ਕੇਂਦਰੀ ਪੰਜਾਬੀ ਹੈ ਅਤੇ ਪੁਸਤਕ ਦੀ ਮੁੱਖ ਸ਼ੈਲੀ ਬਿਆਨੀਆ ਸ਼ੈਲੀ ਹੈ। ਲੇਖਕ ਵੱਲੋਂ ਪੇਸ਼ ਕੀਤੀਆਂ ਘਟਨਾਵਾਂ ਵਿੱਚ ਕਹਾਣੀ ਰਸ ਵਿਦਮਾਨ ਹੈ। ਇਸ ਲਈ ਲੇਖਕ ਦੀ ਸ਼ੈਲੀ ਗਲਪ ਸ਼ੈਲੀ ਬਣ ਗਈ ਹੈ। ਲੇਖਕ ਨੇ ਲਾਹੌਰੀ ਦਬਕੇ ਮਾਰਨੇ, ਭਾਅ ਮਾਰਨੀ, ਖਪਾ ਦੇਣਾ ਆਦਿ ਅਨੇਕਾਂ ਮੁਹਾਵਰੇ ਵਰਤੇ ਹਨ। ਵੱਡੇ ਲੇਖਕ ਅਕਸਰ ਸ਼ਬਦਾਂ ਦੀ ਕਲਾਬਾਜੀ ਪੇਸ਼ ਕਰਕੇ ਆਪ ਪੁਸਤਕ ਤੋਂ ਬਾਹਰ ਹੋ ਜਾਂਦੇ ਹਨ। ਇਸ ਤੋਂ ਉਲਟ ਇਸ ਪੁਸਤਕ ਦੀਆਂ ਘਟਨਾਵਾਂ ਵਿੱਚ ਗੁਰਨਾਮ ਸਿੰਘ ਚੌਹਾਨ ਹਰ ਜਗ੍ਹਾ ਮਜ਼ਲੂਮ ਦੇ ਨਾਲ ਖੜਦਾ ਹੈ। ਉਸਦੀ ਲੇਖਣੀ ਤੋਂ ਉਸਦਾ ਕੌਮੀ ਦਰਦ ਆਪ-ਮੁਹਾਰਾ ਝਲਕਦਾ ਹੈ। ਪਰਮਾਤਮਾ ਉਸ ਦੀ ਕਲਮ ਨੂੰ ਬਲ ਬਖਸ਼ੇ।
—
*ਅਸਿਸਟੈਂਟ ਪ੍ਰੋਫੈਸਰ, ਗੁਰੂ ਹਰਗੋਬਿੰਦ ਸਾਹਿਬ ਖਾਲਸਾ ਗਰਲਜ਼ ਕਾਲਜ,
ਕਰਹਾਲੀ ਸਾਹਿਬ (ਪਟਿਆਲਾ)