-ਦਰਦ ਦੇ 40 ਸਾਲ-
ਗੁਰਚਰਨਜੀਤ ਸਿੰਘ ਲਾਂਬਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਨਿਸ਼ਚਿਤ ਤੌਰ `ਤੇ ਕਿਹਾ ਜਾ ਸਕਦਾ ਹੈ ਕਿ ਇਹ ਮਹਾਨ ਪਵਿਤ੍ਰਤਮ ਸਥਾਨ ਮਾਤਾ ਧਰਤਿ ਮਹਤੁ ਦੀ ਗੋਦੀ ਵਿੱਚ ਸਾਖਿਆਤ ਪ੍ਰਗਟ ਹੋਇਆ ਹੈ। ਹਰਿਦਾਸ ਕਵੀ ਨੇ ਅੰਕਿਤ ਕੀਤਾ ਹੈ ਕਿ ਕਰਤਾ ਪੁਰਖ ਨੇ ਜਦੋਂ ਬੈਕੁੰਠ ਅਤੇ ਹਰਿਮੰਦਰ ਨੂੰ ਤੋਲਿਆ ਤਾਂ ਬੈਕੁੰਠ ਹੌਲਾ ਹੋਣ ਕਾਰਨ ਉਤੇ ਚਲਾ ਗਿਆ ਅਤੇ ਹਰਿਮੰਦਰ ਸਾਹਿਬ ਭਾਰਾ ਹੋਣ ਕਰਕੇ ਧਰਤੀ `ਤੇ ਆ ਗਿਆ।
ਹਰਿਮੰਦਰ ਬੈਕੁੰਠ ਕੌ, ਤੋਲਿਓ ਹਰਿ ‘ਹਰਿਦਾਸ`।
ਗੌਰਾ ਸੁ ਧਰਨੀ ਰਹਿਓ, ਹੌਰਾ ਚੜਿਓ ਅਕਾਸ।
ਪਰ ਜੂਨ 1984 ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ `ਤੇ ਹੋਇਆ ਹਮਲਾ ਮਾਨਵਤਾ ਦੇ ਇਤਿਹਾਸ ਦਾ ਕਰੂਰਤਮ ਅਤੇ ਕਹਿਰ ਵਾਲਾ ਕਾਲਾ ਦਿਨ ਹੈ। 1984 ਤੋਂ 2024 ਤਕ ਦਾ ਸਫ਼ਰ 40 ਸਾਲ ਬੀਤ ਜਾਣ ਦੇ ਬਾਵਜੂਦ ਇਹ ਜ਼ਖਮ ਅਜੇ ਵੀ ਪੂਰੀ ਤਰ੍ਹਾਂ ਅੱਲ੍ਹੇ ਹਨ। ਹਰਿਮੰਦਰ ਸਾਹਿਬ ਸਿੱਖੀ ਦੀ ਆਤਮਾ ਹੈ। ਹਰਿਮੰਦਰ ਸਾਹਿਬ `ਤੇ ਟੈਂਕ ਅਤੇ ਤੋਪਾਂ ਚਾੜ੍ਹ ਕੇ ਕੀਤਾ ਗਿਆ ਹਮਲਾ ਸਿੱਖਾਂ ਅਤੇ ਸਿੱਖੀ `ਤੇ ਹਮਲਾ ਹੈ। ਇਹ ਹਮਲਾ ਕੋਈ ਅਚਨਚੇਤ ਵਾਪਰੀ ਘਟਨਾ ਨਹੀਂ ਸੀ। ਇਸ ਪਿੱਛੇ ਦਹਾਕਿਆਂ ਲੰਮਾ ਇਤਿਹਾਸ ਅਤੇ ਮਾਨਸਿਕਤਾ ਸੀ।
ਵਕਤ ਕਰਤਾ ਹੈ ਪਰਵਰਿਸ਼ ਬਰਸੋਂ
ਹਾਦਿਸਾ ਏਕ ਦਮ ਨਹੀਂ ਹੋਤਾ।
ਇਸ ਕਾਰਵਾਈ ਲਈ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਹੀ ਚੁਣਨਾ, ਇਸ ਤੋਂ ਪਹਿਲਾਂ ਸਾਰੇ ਦੇਸ਼ ਦੀਆਂ ਭਾਵਨਾਵਾਂ ਨੂੰ ਸਿੱਖਾਂ ਵਿਰੁੱਧ ਕਰਨਾ, ਸਰਕਾਰੀ ਪੱਤਰ ‘`ਬਾਤਚੀਤ` ਵਿੱਚ ਅੰਮ੍ਰਿਤਧਾਰੀਆਂ ਨੂੰ ਦਹਿਸ਼ਤਗਰਦ ਕਰਾਰ ਦੇਣਾ, ਦਰਬਾਰ ਸਾਹਿਬ ਬਾਰੇ ਨਿਤ ਨਵੀਆਂ ਦੂਸ਼ਣਬਾਜੀਆਂ, ਹਰ ਮਾੜੀ ਘਟਨਾ ਦਾ ਕੇਂਦਰ ਬਿੰਦੂ ਸੱਚਖੰਡ ਸਾਹਿਬ ਨੂੰ ਦਰਸਾਉਣਾ, ਹਰਿਮੰਦਰ ਸਾਹਿਬ ਦੇ ਮਾਡਲ ਦੀ ਘ੍ਰਿਣਤ ਬੇ-ਹੁਰਮਤੀ ਕਰ ਕੇ ਭੰਨਤੋੜ ਕਰਨੀ ਆਦਿ ਆਦਿ; ਅਤੇ ਇਸ ਲਈ ਪੂਰੀ ਸੋਚੀ ਸਮਝੀ ਵਿਉਂਤਬੰਦੀ ਨਾਲ ਕੀਤੀ ਤਿਆਰੀ।
1849 ਵਿੱਚ ਅੰਗਰੇਜ਼ਾਂ ਨੇ ਸਾਰੇ ਭਾਰਤ `ਤੇ ਕਬਜ਼ਾ ਕਰਨ ਉਪਰੰਤ ਮਾਤਹਿਤ ਹੋ ਚੁਕੀਆਂ ਬਾਕੀ ਦੇਸ਼ ਦੀਆਂ ਫੌਜਾਂ ਨਾਲ ਮਿਲ ਕੇ ਪੰਜਾਬ `ਤੇ ਹਮਲਾ ਕੀਤਾ ਅਤੇ ਇਸ ਨੂੰ ਗੁਲਾਮ ਬਣਾਇਆ। ਇਸ ਨੂੰ ਪੰਜਾਬ ਦੇ ਸ਼ਾਇਰ ਸ਼ਾਹ ਮੁਹੰਮਦ ਨੇ ‘ਜੰਗ ਹਿੰਦ ਪੰਜਾਬ` ਅਤੇ ਫ਼ਿਰੰਗੀਆਂ ਨੇ ‘ਐਂਗਲੋ ਸਿੱਖ ਵਾਰ` ਦਾ ਨਾਮ ਦਿੱਤਾ। ਇਸ ਤੋਂ ਪਹਿਲਾਂ ਸਿੱਖ ਮੁਗਲ ਵਾਰ, ਪਠਾਣ ਸਿੱਖ ਵਾਰ ਵੇਖੀਆਂ ਜਾ ਚੁਕੀਆਂ ਸਨ, ਪਰ ਆਜ਼ਾਦ ਭਾਰਤ ਵਿੱਚ ਇਹ ਹਮਲਾ ਵਿਸ਼ਵਾਸਘਾਤ ਦੀ ਇੰਤਹਾ ਸੀ; ਤਾਂ ਤੇ ਹਰਿਮੰਦਰ ਸਾਹਿਬ ਅਤੇ ਹੋਰ ਦਰਜਨਾਂ ਗੁਰਦੁਆਰਿਆਂ `ਤੇ ਹਮਲੇ ਨੂੰ ‘ਇੰਡੋ-ਸਿੱਖ ਵਾਰ` ਕਿਹਾ ਜਾ ਸਕਦਾ ਹੈ!
ਸਰੀਰ ਨੂੰ ਲੱਗੇ ਡੂੰਘੇ ਤੋਂ ਡੂੰਘੇ ਫੱਟ ਤਾਂ ਸਮਾਂ ਵਿਹਾਝ ਕੇ ਪੂਰੇ ਜਾਂਦੇ ਹਨ, ਪਰ ਕਰਕ ਕਲੇਜੇ ਮਾਹਿ ਆਤਮਾ ਨੂੰ ਲੱਗੇ ਜ਼ਖਮ ਕਦੀ ਵੀ ਨਹੀਂ ਮਿਟਦੇ। ਇਹ ਇਤਿਹਾਸ ਵਿੱਚ ਉਕਰ ਜਾਂਦੇ ਹਨ। ਇਹ ਕਹਿਣਾ ਅਤੇ ਸੋਚਣਾ ਕਿ ਸਮਾਂ ਪਾ ਕੇ ਇਹ ਭੁਲ ਜਾਣਗੇ ਜਾਂ ਭੁਲਾ ਦਿੱਤੇ ਜਾਣਗੇ ਤਾਂ ਇਹ ਬਹੁਤ ਵੱਡੀ ਭੁੱਲ ਹੈ; ਬਲਕਿ ਜਿਉਂ ਜਿਉਂ ਸਮਾਂ ਬੀਤੇਗਾ, ਇਹ ਜ਼ਖਮ ਉਭਰਨਗੇ ਅਤੇ ਹਰ ਸਾਲ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਆਏਗਾ, ਇਹ ਹੋਰ ਹਰੇ ਹੁੰਦੇ ਰਹਿਣਗੇ।
ਜ਼ੁਲਮ ਤੋ ਜ਼ੁਲਮ ਹੈ ਬਰਪੇਗਾ ਤੋ ਥਮ ਜਾਏਗਾ।
ਲਹੂ ਤੋ ਲਹੂ ਹੈ ਟਪਗੇਗਾ ਤੋਂ ਜਮ ਜਾਏਗਾ।
ਇਸ ਤੋਂ ਪਹਿਲਾਂ ਵੀ ਸ੍ਰੀ ਹਰਿਮੰਦਰ ਸਾਹਿਬ `ਤੇ ਤਬਾਹਕੁਨ ਹਮਲੇ ਹੁੰਦੇ ਰਹੇ ਹਨ। ਹਰਿਮੰਦਰ ਸਾਹਿਬ `ਤੇ ਅਬਦਾਲੀ, ਦੁੱਰਾਨੀ, ਰੰਘੜਾਂ, ਫਿਰੰਗੀਆਂ ਵਲੋਂ ਕੀਤਾ ਹਰ ਹਮਲਾ ਸਿੱਖਾਂ ਅਤੇ ਸਿੱਖੀ `ਤੇ ਹੁੰਦਾ ਸੀ। ਇਹ ਹਮਲੇ ਵਿਦੇਸ਼ੀ ਜਰਵਾਣਿਆਂ ਅਤੇ ਹਕੂਮਤਾਂ ਵਲੋਂ ਸਰਅੰਜਾਮ ਦਿੱਤੇ ਗਏ, ਪਰ 1984 ਵਿੱਚ ਦਰਬਾਰ ਸਾਹਿਬ `ਤੇ ਪੂਰੀ ਸਰਕਾਰੀ ਤਾਕਤ ਨਾਲ ਕੀਤਾ ਹਮਲਾ ਸਾਰੀ ਸਿੱਖ ਕੌਮ `ਤੇ ਸੀ। ਇਸਦੀ ਪੀੜਾ ਵੀ ਸਿੱਖ ਕੌਮ ਨੇ ਹੀ ਆਪਣੇ ਸੀਨੇ `ਤੇ ਹੰਢਾਈ ਹੈ।
ਦਰਬਾਰ ਸਾਹਿਬ `ਤੇ ਹੋਏ ਇਸ ਭਿਆਨਕ ਹਮਲੇ ਦਾ ਜ਼ਿਆਦਾ ਦੁਖਦਾਈ ਪਹਿਲੂ ਇਹ ਵੀ ਹੈ ਕਿ ਜਿਸ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਨੇ ਆਪਣਾ ਸਭ ਕੁਝ ਵਾਰਿਆ, ਇਹ ਉਸੇ ਆਪਣੇ ਹੀ ਦੇਸ਼ ਅਤੇ ਆਪਣੀ ਹੀ ਸਰਕਾਰ ਵਲੋਂ ਕੀਤਾ ਗਿਆ। ਕਿਸੇ ਵੀ ਦਲੀਲ ਜਾਂ ਪਰਚਾਵੇ ਨਾਲ ਇਸ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਖੁਸ਼ ਹੁਆ ਥਾ ਤੋੜ ਕਰ ਅਪਨੇ ਕਫ਼ਸ ਕੀ ਤੀਲੀਆਂ।
ਹਾਏ! ਕਹਿ ਕੇ ਰਹਿ ਗਿਆ ਟੂਟੇ ਪਰੋਂ ਕੋ ਦੇਖ ਕਰ।
ਇਹ ਕਿਹਾ ਜਾ ਰਿਹਾ ਹੈ ਕਿ ਜੋ ਹੋ ਗਿਆ, ਉਸ ਨੂੰ ਭੁਲ ਜਾਉ ਅਤੇ ਭੁਲਾ ਦਿਉ। ਹੋ ਸਕਦਾ ਹੈ, ਹਰ ਸਾਲ ਰਾਵਣ ਦਾ ਸਾੜਨਾ ਬੰਦ ਹੋ ਜਾਏ, ਕਰਬਲਾ ਦੀ ਸ਼ਹਾਦਤ ਭੁਲਾ ਦਿੱਤੀ ਜਾਏ, ਈਸਾ ਮਸੀਹ ਦੀ ਸ਼ਹਾਦਤ ਮਨਾਈ ਜਾਣੀ ਬੰਦ ਹੋ ਜਾਏ, ਪਰ ਜੂਨ 1984 ਦਾ ਘੱਲੂਘਾਰਾ ਨਾ ਤਾਂ ਭੁਲਿਆ ਜਾਏਗਾ ਅਤੇ ਨਾ ਹੀ ਭੁਲਾਇਆ ਜਾ ਸਕਦਾ ਹੈ।
ਸੰਸਾਰ ਵਿੱਚ ਲੱਖਾਂ ਕਰੋੜਾਂ ਹੀ ਨਹੀਂ, ਬਲਿਕ ਅਨਗਿਣਤ ਇਮਾਰਤਾਂ ਹਨ। ਕਿਸੇ ਨੂੰ ਕੋਈ ਖ਼ਤਰਾ ਨਹੀਂ; ਪਰ ਕੀ ਕਾਰਨ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਮੁਢ ਕਦੀਮ ਤੋਂ ਹੀ ਹਰ ਕਾਲ ਖੰਡ ਅਤੇ ਰਾਜ ਕਾਲ ਵਿੱਚ ਖ਼ਤਰਾ ਰਿਹਾ? ਬਿਨਾ ਅਪਵਾਦ ਦੇ ਹਰ ਹਕੂਮਤ ਇਸ ਵਲ ਕੈਰੀ ਨਜ਼ਰ ਰੱਖਦੀ ਰਹੀ। ਇਸ ਨੂੰ ਬੰਦ ਕਰਾਉਣ ਦੀ ਕਵਾਇਦ ਕਰਦੀ ਰਹੀ। ਇਸਨੂੰ ‘ਦੁਕਾਨ-ਏ-ਬਾਤਲ` ਤਕ ਐਲਾਨਦੀ ਰਹੀ। ਇਸ `ਤੇ ਹਮਲੇ ਦੇ ਮਨਸੂਬੇ ਤਿਆਰ ਕਰਦੀ ਰਹੀ, ਪਰ ਇਹ ਇੱਕ ਐਸੀ ਨਿਤ ਨਵੀਂ, ਨਿਰਜੁਰ ਨਿਰੂਪ ਅਤੇ ਸੁੰਦਰ ਸਰੂਪ ਇਮਾਰਤ ਹੈ, ਜੋ ਕਦੀ ਗਿਰ ਕੇ ਵੀ ਗਿਰਦੀ ਨਹੀਂ; ਕਿਉਂਕਿ ਇਸਦਾ ਸਿਰਜਨਹਾਰਾ ਵੀ ਨੀਤ ਨਵਾਂ ਹੈ। ਇਸ ਇਮਾਰਤ ਨੂੰ ਖ਼ਤਰਾ ਰਿਹਾ ਹੈ ਅਤੇ ਅੱਗੋਂ ਵੀ ਰਹੇਗਾ। ਕਾਰਨ ਇਹ ਕਿ ਜਾਨਾਂ ਹੂਲ ਕੇ ਅਤੇ ਹਰ ਕੀਮਤ ਤਾਰ ਕੇ ਸਿੱਖ ਇਸਦੇ ਕੋਲ ਆਉਂਦੇ ਹਨ। ਹਰਿਮੰਦਰ ਸਾਹਿਬ ਦੀ ਰਾਖੀ ਦਾ ਇਤਿਹਾਸ ਸ਼ਹਾਦਤਾਂ ਦਾ ਇਤਿਹਾਸ ਹੈ। ਜਿਸ ਦਿਨ ਸਿੱਖ ਇੱਥੇ ਆਉਣੇ ਬੰਦ ਹੋ ਗਏ, ਹਰਿਮੰਦਰ ਸਾਹਿਬ ਨੂੰ ਖ਼ਤਰਾ ਖ਼ਤਮ ਹੋ ਜਾਏਗਾ, ਪਰ ਇਹ ਵੀ ਨਿਸ਼ਚਿਤ ਹੈ ਕਿ ਉਸਤੋਂ ਬਾਅਦ ਸਿੱਖ ਵੀ ਖ਼ਤਮ ਹੋ ਜਾਣਗੇ। ਸਿੱਖ ਅਤੇ ਹਰਿਮੰਦਰ ਸਾਹਿਬ ਦੀ ਹੋਂਦ ਅਤੇ ਹਸਤੀ ਇੱਕ ਦੂਜੇ ਦੀ ਪੂਰਕ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਇਤਿਹਾਸ ਜ਼ਿੰਦਾ ਇਤਿਹਾਸ ਹੈ। ਇਸ ਤੋਂ ਲਗਾਤਾਰ ਸੇਧ ਅਤੇ ਪ੍ਰੇਰਨਾ ਲਏ ਜਾਣ ਦੀ ਲੋੜ ਪਹਿਲੇ ਨਾਲੋਂ ਵੱਧ ਹੈ। ਇਥੇ ਬੀਤ ਚੁਕੇ ਕਾਲ ਖੰਡ ਵਿੱਚ ਵਾਪਰੀਆਂ ਕੁਝ ਘਟਨਾਵਾਂ ਦਾ ਜ਼ਿਕਰ ਜ਼ਰੂਰੀ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਸਬਕ ਲਿਆ ਜਾ ਸਕੇ। ਕਿਸੇ ਨੇ ਸਹੀ ਕਿਹਾ ਹੈ,
ਯੇ ਜਬਰ ਭੀ ਦੇਖਾ ਹੈ ਤਾਰੀਖ਼ ਕੀ ਨਜ਼ਰੋਂ ਨੇ
ਲਮਹੋਂ ਨੇ ਖ਼ਤਾ ਕੀ ਥੀ ਸਦਿਉਂ ਨੇ ਸਜ਼ਾ ਪਾਈ।
1847 ਦੀ ਇੱਕ ਘਟਨਾ ਦਰਸਾਉਂਦੀ ਹੈ ਕਿ ਵਿਦੇਸ਼ੀ ਹਕੂਮਤ ਵੀ ਦਰਬਾਰ ਸਾਹਿਬ ਦੀ ਪਵਿਤ੍ਰਤਾ, ਮਹੱਤਤਾ ਅਤੇ ਮਹਾਨਤਾ ਬਾਰੇ ਕੀ ਵਿਚਾਰ ਰੱਖਦੀ ਸੀ। ਬਾ-ਹੁਕਮ ਗਵਰਨਰ ਜਨਰਲ ਲਾਹੌਰ ਸਥਿਤ ਰੈਜ਼ੀਡੈਂਟ ਐਚ.ਐਮ. ਲਾਰੰਸ ਨੇ 24 ਮਾਰਚ 1847 ਨੂੰ ਤਾਂਬੇ ਦੀ ਇੱਕ ਪਲੇਟ ਦਰਬਾਰ ਸਾਹਿਬ ਦੇ ਬਾਹਰ ਲਗਵਾਈ। ਇਸ ਵਿੱਚ ਲਿਖਿਆ ਗਿਆ ਸੀ ਕਿ ਦਰਬਾਰ ਸਾਹਿਬ ਜਾਂ ਇਸ ਦੇ ਕਿਸੇ ਵੀ ਹਿੱਸੇ ਵਿੱਚ ਕੋਈ ਵਿਅਕਤੀ ਜੁੱਤੀਆਂ ਪਾ ਕੇ ਦਾਖ਼ਲ ਨਹੀਂ ਹੋ ਸਕਦਾ।
“ਅੰਮ੍ਰਿਤਸਰ ਦੇ ਪੁਜਾਰੀਆਂ ਵਲੋਂ ਦਰਪੇਸ਼ ਪਰੇਸ਼ਾਨੀਆਂ ਦੀ ਸ਼ਿਕਾਇਤ ਕੀਤੇ ਜਾਣ `ਤੇ ਗਵਰਨਰ ਜਨਰਲ ਦੇ ਹੁਕਮ ਨਾਲ ਕੋਈ ਵੀ ਵਿਅਕਤੀ ਹਰਿਮੰਦਿਰ (ਦਰਬਾਰ) ਜਾਂ ਇਸਦੇ ਪਰਿਸਰ ਵਿੱਚ ਜੁੱਤੀਆਂ ਸਣੇ ਦਾਖ਼ਲ ਨਹੀਂ ਹੋਏਗਾ, ਅੰਮ੍ਰਿਤਸਰ ਵਿੱਚ ਗੋਹਤਿਆ ਨਹੀਂ ਕੀਤੀ ਜਾਏਗੀ, ਕਿਸੇ ਵੀ ਢੰਗ ਨਾਲ ਸਿੱਖਾਂ ਨਾਲ ਛੇੜ-ਛਾੜ ਜਾਂ ਬੇਪਤੀ ਨਹੀਂ ਕੀਤੀ ਜਾਏਗੀ ਅਤੇ ਨਾ ਹੀ ਦਖ਼ਲਅੰਦਾਜ਼ੀ ਕੀਤੀ ਜਾਏਗੀ। ਜੁੱਤੀਆਂ ਬੁੰਗੇ ਦੇ ਬਾਹਰ ਉਤਾਰੀਆਂ ਜਾਣਗੀਆਂ ਅਤੇ ਕੋਈ ਵੀ ਜੁੱਤੀਆਂ ਸਣੇ ਸਰੋਵਰ ਦੀ ਪਰਿਕਰਮਾ ਵਿੱਚ ਦਾਖਲ ਨਹੀਂ ਹੋਏਗਾ।”
-ਲਾਹੌਰ, ਮਾਰਚ 24, 1847; ਐਚ.ਐਮ ਲਾਰੰਸ, ਰੈਜ਼ੀਡੈਂਟ
ਇਤਿਹਾਸ ਦੀ ਗਵਾਹੀ ਦਾ ਇਹ ਦਸਤਾਵੇਜ਼ ਇੱਕ ਤਾਂਬੇ ਦੀ ਪਲੇਟ ਅੰਕਿਤ ਸ੍ਰੀ ਹਰਿਮੰਦਰ ਸਾਹਿਬ ਦੇ ਮਿਊਜ਼ੀਅਮ ਵਿੱਚ ਰਖੀ ਹੋਈ ਹੈ, ਪਰ ਇੱਥੇ ਇੱਕ ਪਲ ਸੋਚਣ ਦੀ ਲੋੜ ਹੈ ਕਿ ਕਈ ਵਾਰ ਆਪਸੀ ਕਲਹ ਕਾਰਨ ਕਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਖ਼ੁਦ ਹੀ, ਵਿਸ਼ੇਸ਼ ਕਰ ਵਿਦੇਸ਼ਾਂ ਵਿੱਚ ਪੁਲਿਸ ਨੂੰ ਸੱਦਾ ਦਿੰਦੇ ਹਨ ਅਤੇ ਪੁਲਿਸ ਬੂਟਾਂ ਸਣੇ ਦਰਬਾਰ ਹਾਲ ਵਿੱਚ ਦਾਖ਼ਲ ਹੋ ਜਾਂਦੀ ਹੈ।
ਇੱਥੇ ਇੱਕ ਅਹਿਮ ਤੱਥ ਸਮਝਣ ਦੀ ਲੋੜ ਹੈ ਕਿ ਇਤਿਹਾਸਕ ਤੌਰ `ਤੇ ਲਫ਼ਜ਼ ‘ਹਰਿਮੰਦਰ ਸਾਹਿਬ` ਪੂਰੇ ਪਰਿਸਰ (ਕੰਪਲੈਕਸ) ਲਈ ਵਰਤਿਆ ਜਾਂਦਾ ਹੈ। ਇਸ ਵਿੱਚ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਬਾਬਾ ਅਟਲ ਸਾਹਿਬ ਵੀ ਸ਼ਾਮਲ ਸੀ।
ਪਰ 1847 ਦੀ ਇਸ ਘਟਨਾ ਤੋਂ ਤਕਰੀਬਨ ਚਾਲੀ ਸਾਲ ਬਾਅਦ ਇਸੇ ਲਾਸੰਸ ਦੇ ਰਾਜ ਕਾਲ ਵਿੱਚ ਹੀ ਇਸ ਹੁਕਮ ਦੀ ਉਲੰਘਣਾ ਦੀ ਇੱਕ ਦੁਖਦਾਈ ਘਟਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਵਾਪਰੀ। 1984 ਤੋਂ ਇੱਕ ਸਦੀ ਪਹਿਲਾਂ 1884 ਦੇ ਆਰੰਭ ਵਿੱਚ ਈਸਟ ਇੰਡੀਆ ਕੰਪਨੀ ਦੀ ਇੱਕ ਫ਼ੌਜੀ ਟੁਕੜੀ ਬੂਟਾਂ ਸਣੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਦਾਖ਼ਲ ਹੋ ਗਈ। ਸੋ ਦੱਸਣ ਦੀ ਲੋੜ ਨਹੀਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਵਿੱਚ ਤਤਪਰ ਕੁਝ ਸਿੰਘਾਂ ਨੇ ਇਨ੍ਹਾਂ ਦਾ ਮੁਕਾਬਲਾ ਕੀਤਾ ਅਤੇ ਇਸ ਝੜਪ ਵਿੱਚ ਕੰਪਨੀ ਬਹਾਦਰ ਦਾ ਸੂਬੇਦਾਰ ਮਾਰਿਆ ਗਿਆ ਤੇ ਕੰਪਨੀ ਕਮਾਂਡਰ ਸਣੇ ਹੋਰ ਫ਼ੌਜੀ ਜ਼ਖ਼ਮੀ ਹੋ ਗਏ। ਇਸ ਕੇਸ ਦਾ ਮੁਕੱਦਮਾ ਲਾਹੌਰ ਵਿੱਚ ਚਲਾ ਕੇ ਅੰਗਰੇਜ਼ ਰੈਜੀਡੈਂਟ ਸਰ ਜਾਨ੍ਹ ਲਾਰੈਂਸ ਨੇ 19 ਫਰਵਰੀ 1884 ਨੂੰ ਸਰਦਾਰ ਗੰਡਾ ਸਿੰਘ ਤੇ ਦੋ ਹੋਰ ਸਿੰਘਾਂ ਨੂੰ ਫ਼ਾਂਸੀ ਦੇ ਦਿੱਤੀ ਅਤੇ ਛੇ ਹੋਰ ਸਿੰਘਾਂ- ਬਬੇਗ ਸਿੰਘ, ਖੜਗ ਸਿੰਘ, ਮਸਤਾਨ ਸਿੰਘ, ਹੀਰਾ ਸਿੰਘ, ਹੁਕਮ ਸਿੰਘ ਅਤੇ ਜਵਾਹਰ ਸਿੰਘ ਨੂੰ ਕੈਦ ਬਾ-ਮੁਸ਼ੱਕਤ ਡੰਡੇ ਬੇੜੀਆਂ ਸਣੇ ਦਿੱਤੀ ਗਈ। ਬਾਅਦ ਵਿੱਚ ਜਾਨ੍ਹ ਲਾਰੈਂਸ ਨੇ ਐਚ.ਐਮ. ਇਲੀਅਟ (ਸੈਕਟਰੀ, ਗੌਰਮਿੰਟ ਆਫ਼ ਇੰਡੀਆ, ਫੋਰਟ ਵਿਲੀਅਮ, ਕਲਕੱਤਾ) ਨੂੰ ਉਚੇਚਾ ਸੰਦੇਸ਼ ਭੇਜਿਆ ਕਿ ਇਨ੍ਹਾਂ ਅਕਾਲੀਆਂ ਨੂੰ ਪੰਜਾਬ ਦੀ ਸਿੱਖ ਜਨਤਾ ਸਤਿਕਾਰ ਭਰੀ ਸ਼ਰਧਾ ਨਾਲ ਦੇਖਦੀ ਹੈ, ਇਸ ਲਈ ਇਨ੍ਹਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਦੀ ਬਜਾਏ ਬਰੇਲੀ ਦੀ ਜੇਲ੍ਹ ਵਿੱਚ ਰੱਖਿਆ ਜਾਏ।
ਫਿਰੰਗੀ ਸਰਕਾਰ ਦਾ ਕਦੇ ਨਰਮ ਕਦੇ ਗਰਮ ਸਿਲਸਿਲਾ ਜਾਰੀ ਰਿਹਾ। 7 ਸਤੰਬਰ 1915 ਈ: ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ, ਕੇ.ਸੀ.ਐਸ. ਕਿੰਗ (ਸੀ.ਆਈ.ਈ.) ਨੇ ਦਰਬਾਰ ਸਾਹਿਬ ਦੀ ਪਵਿਤ੍ਰਤਾ ਨੂੰ ਮੁੱਖ ਰਖਦਿਆਂ ਹੁਕਮ ਜਾਰੀ ਕਰ ਦਿੱਤਾ ਕਿ ਗੁਰੂ ਰਾਮਦਾਸ ਜੀ ਦੀ ਪਾਵਨ ਨਗਰੀ ਦੀ ਹਦੂਦ ਅੰਦਰ ਕੋਈ ਵੀ ਸ਼ਰਾਬ ਦੀ ਦੁਕਾਨ ਨਹੀਂ ਰਹਿ ਸਕਦੀ। ਜੇਕਰ ਪੁਰਾਣੇ ਹਾਕਮ ਦੀ ਕੋਈ ਗੱਲ ਚੰਗੀ ਹੈ ਤਾਂ ਉਸ ਨੂੰ ਜਾਰੀ ਰੱਖਣ ਅਤੇ ਅਮਲ ਵਿੱਚ ਲਿਆਉਣ ਵਿੱਚ ਕੀ ਹਰਜ਼ ਹੈ? ਹੁਣ ਸ਼ਰਾਬ ਦੇ ਠੇਕੇ ਅੰਦਰੂਨ ਸ਼ਹਿਰ ਵਿੱਚ ਤਾਂ ਨਹੀਂ ਪਰ ਪਵਿੱਤਰ ਨਗਰ ਵਿੱਚ ਦਾਖ਼ਲ ਹੋਣ ਦੇ ਹਰ ਗੇਟ ਦੇ ਬਾਹਰ ਇਹ ਖੁੱਲ੍ਹ ਗਏ ਹਨ।
ਅਪ੍ਰੈਲ 1919 ਨੂੰ ਸਾਰੇ ਪੰਜਾਬ ਵਿੱਚ ਇੱਕ ਜ਼ਬਰਦਸਤ ਅਫਵਾਹ ਫੈਲ ਗਈ ਕਿ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ `ਤੇ ਹਵਾਈ ਬੰਬਾਰੀ ਕੀਤੀ ਹੈ ਅਤੇ ਨਾਲ ਹੀ ਦਰਬਾਰ ਸਾਹਿਬ ਵਿੱਚ ਗੋਲੀ ਚਲਾਈ ਹੈ। ਇਸ ਨਾਲ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਨ੍ਹਾਂ ਨੂੰ ਇਹ ਡਰ ਪੈ ਗਿਆ ਕਿ ਜੇਕਰ ਸਿੱਖ ਉਠ ਖੜੇ ਹੋਏ ਤਾਂ ਉਨ੍ਹਾਂ ਨੂੰ ਕਾਬੂ ਵਿੱਚ ਰੱਖਣਾ ਮੁਸ਼ਕਿਲ ਹੋਏਗਾ, ਕਿਉਂਕਿ ਉਸ ਸਮੇਂ ਫੌਜ ਵਿੱਚ ਸਿੱਖ ਵੱਡੀ ਗਿਣਤੀ ਵਿੱਚ ਸਨ ਅਤੇ ਇਸ ਬਗਾਵਤ ਦਾ ਅਸਰ ਸਿੱਖ ਫੌਜੀ, ਜੋ ਹਿੰਦੁਸਤਾਨ ਅਤੇ ਮਿਸਰ ਵਿੱਚ ਤਾਇਨਾਤ ਹਨ, ਉਨ੍ਹਾਂ `ਤੇ ਅਸਰ ਪਏਗਾ।
ਸਰਕਾਰ ਨੇ ਸਾਰੇ ਸਾਧਨ ਵਰਤ ਕੇ ਇਸ ਅਫਵਾਹ ਨੂੰ ਦੂਰ ਕਰਨ ਦੇ ਸਾਰੇ ਯਤਨ ਕੀਤੇ। ਇਸ ਵੇਲੇ ਸ੍ਰੀ ਦਰਬਾਰ ਸਾਹਿਬ ਦੇ ਸਰਬਰਾਹ, ਗ੍ਰੰਥੀ ਸਾਹਿਬਾਨ ਤੇ ਪੁਜਾਰੀ ਸਿੰਘਾਂ ਵਲੋਂ ਇਸ਼ਤਿਹਾਰ ਜਾਰੀ ਕਰ ਕੇ ਇਸ ਦਾ ਖੰਡਨ ਕੀਤਾ ਗਿਆ।
“ਇਹ ਸ੍ਰੋਤ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਗੁਰੂ ਖਾਲਸਾ ਜੀ ਦੇ ਪਵਿੱਤ੍ਰ ਅਸਥਾਨ ਵਿਖੇ ਕੋਈ ਗੋਲੀ ਚਲੀ ਹੈ ਜਾਂ ਹਵਾਈ ਜਹਾਜ਼ ਨੇ ਬੰਬ ਦਾ ਗੋਲਾ ਸੁਟਿਆ ਹੈ, ਜਾਂ ਹੋਰ ਕਿਸੇ ਤਰ੍ਹਾਂ ਬੇਅਦਬੀ ਕੀਤੀ ਗਈ ਹੈ, ਬਿਲਕੁਲ ਗਲਤ ਹੈ, ਇਸ ਦੀ ਕੋਈ ਬੁਨਿਆਦ ਨਹੀਂ। ਸਰਬਰਾਹ ਸਾਹਿਬ, ਗ੍ਰੰਥੀ ਸਾਹਿਬਾਨ ਤੇ ਸ੍ਰੀ ਦਰਬਾਰ ਸਾਹਿਬ ਜੀ ਦੇ ਪੁਜਾਰੀ ਸਿੰਘਾਂ ਵਲੋਂ ਇੱਕ ਇਸ਼ਤਿਹਾਰ ਦੁਆਰਾ ਇਸ ਅਫਵਾਹ ਦਾ ਗਲਤ ਹੋਣਾ ਪ੍ਰਗਟ ਹੋ ਚੁਕਾ ਹੈ। ਸਾਰੇ ਪੰਥ ਦੇ ਦਿਲ ਵਿੱਚੋਂ ਇਸ ਗਲਤ ਅਫਵਾਹ ਦੇ ਮੁਤਅਲਕ ਹਰ ਤਰ੍ਹਾਂ ਦੇ ਭਰਮ ਨੂੰ ਦੂਰ ਕਰਨ ਲਈ ਇਹ ਬਿਨੈ ਕੀਤੀ ਜਾਂਦੀ ਹੈ ਕਿ ਕੋਈ ਸਜਨ ਇਸ ਅਫਵਾਹ ਦਾ ਯਕੀਨ ਨਾ ਕਰੇ। ਇਹ ਅਫਵਾਹ ਉਕੀ ਅਸੱਤ ਹੈ।”
ਇਤਨਾ ਹੀ ਨਹੀਂ, ਸਰਕਾਰ ਵਲੋਂ ਉਸ ਸਮੇਂ ਦੀ ਪ੍ਰਮੁੱਖ ਸਿੱਖ ਜਥੇਬੰਦੀ ਚੀਫ਼ ਖਾਲਸਾ ਦੀਵਾਨ ਨੂੰ ਵੀ ਪਹੁੰਚ ਕੀਤੀ ਗਈ ਕਿ ਉਹ ਇਸ ਬਾਰੇ ਸਪਸ਼ਟੀਕਰਨ ਦੇਣ। ਇਹ ਘਟਨਾ ਮਾਮੂਲੀ ਨਹੀਂ ਸੀ ਅਤੇ ਇਸਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀ। ਉਪਰੰਤ ਚੀਫ਼ ਖਾਲਸਾ ਦੀਵਾਨ ਨੇ ਵੀ ਮਤਾ ਪਾਸ ਕਰ ਕੇ ਜਾਰੀ ਕੀਤਾ,
“ਸ੍ਰੀ ਦਰਬਾਰ ਸਾਹਿਬ (ਹਰਮੰਦਰ ਜੀ) ਅੰਮ੍ਰਿਤਸਰ ਗੁਰਸਿਖੀ ਦਾ ਪਰਮ ਪਵਿੱਤ੍ਰ ਧਾਮ ਹੈ, ਇਹ ਅਫਵਾਹ ਜੋ ਦਰਬਾਰ ਸਾਹਿਬ ਵਿੱਚ ਗੋਲੀ ਚਲਾਈ ਗਈ ਹੈ ਯਾ ਬੰਬ ਦਾ ਗੋਲਾ ਸੁੱਟਿਆ ਗਿਆ ਹੈ, ਬਿਲਕੁਲ ਗਲਤ ਹੈ। ਦਰਬਾਰ ਸਾਹਿਬ ਦੇ ਸੇਵਕਾਂ ਵਲੋਂ ਤੇ ਚੀਫ਼ ਖਾਲਸਾ ਦੀਵਾਨ ਵਲੋਂ ਇਸ ਅਫਵਾਹ ਦਾ ਗਲਤ ਹੋਣਾ ਅੱਗੇ ਬਿਨੈ ਹੋ ਚੁੱਕਾ ਹੈ। ਪਿਆਰੇ ਖਾਲਸਾ ਜੀ ਦੇ ਹਿਰਦੇ ਵਿੱਚ ਅਕਾਰਣ ਦੁੱਖ ਤੇ ਕਲੇਸ਼ ਪੈਦਾ ਹੋਣ ਦੀ ਰੋਕ ਕਰਨ ਲਈ ਚੀਫ਼ ਖਾਲਸਾ ਦੀਵਾਨ ਦੀ ਆਗਯਾ ਅਨੁਸਾਰ ਬਿਨੈ ਹੈ, ਜੋ ਇਸ ਬਾਰੇ ਵਿੱਚ ਉਹ ਕਿਸੇ ਤਰ੍ਹਾਂ ਚਿੰਤਾਤੁਰ ਨਾ ਹੋਣ। ਇਸੇ ਤਰ੍ਹਾਂ ਦੀਵਾਨ ਦੀ ਆਗਯਾ ਅਨੁਸਾਰ ਅਮਨ ਚੈਨ ਰਖਣ ਲਈ ਤੇ ਇਸ ਹਲਾਚਲੀ ਵਿੱਚ ਅਡੋਲ ਸਤਿਗੁਰਾਂ ਦੇ ਉਪਦੇਸ਼ਾਂ ਨੂੰ ਯਾਦ ਰੱਖ ਕੇ ਸਰਕਾਰ ਦੀ ਵਫਾਦਾਰੀ ਤੇ ਗੁਰੂ-ਪੰਥ ਦੀ ਸੇਵਾ ਲਈ ਅਰਜੋਈ ਕੀਤੀ ਜਾ ਚੁਕੀ ਹੈ, ਜੋ ਕ੍ਰਿਪਾਲੂ ਸੱਜਣਾਂ ਦੀ ਦ੍ਰਿਸ਼ਟੀ ਗੋਚਰ ਹੋ ਚੁੱਕੀ ਹੋਵੇਗੀ।”
ਇਸੇ ਤਰ੍ਹਾਂ ਸਰ ਸੁੰਦਰ ਸਿੰਘ ਮਜੀਠੀਆ ਨੇ ਵੀ ਨਿਜੀ ਤੌਰ `ਤੇ ਇੱਕ ਬਿਆਨ ਜਾਰੀ ਕਰਕੇ ਇਸ ਅਫਵਾਹ ਦਾ ਖੰਡਨ ਕੀਤਾ। ਭਾਵੇਂ ਇਹ ਇੱਕ ਅਫਵਾਹ ਹੀ ਸੀ, ਪਰ ਇਸ ਨੇ ਸਰਕਾਰ ਨੂੰ ਪੂਰੀ ਤਰ੍ਹਾਂ ਝੰਜੋੜ ਦਿੱਤਾ। ਜੇਕਰ ਇੱਕ ਵਿਦੇਸ਼ੀ ਹਕੂਮਤ ਐਸੀ ਮਾੜੀ ਘਟਨਾ ਦੇ ਨਤੀਜਿਆਂ ਪ੍ਰਤੀ ਇਤਨੀ ਸੰਜੀਦਾ ਅਤੇ ਗੰਭੀਰ ਹੋ ਸਕਦੀ ਹੈ, ਪਰ ਹੈਰਾਨੀ ਹੈ ਕਿ ਪੂਰੀ ਤਾਕਤ ਨਾਲ ਦਰਬਾਰ ਸਾਹਿਬ `ਤੇ ਕੀਤੇ ਹਮਲੇ ਬਾਰੇ ‘ਆਪਣੀ ਸਰਕਾਰ` ਨੇ ਕਿਉਂ ਨਹੀਂ ਸੋਚਿਆ ਕਿ ਸਿੱਖ ਇਸ ਨੂੰ ਕਿਵੇਂ ਬਰਦਾਸ਼ਤ ਕਰ ਲੈਣਗੇ!
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਇੱਕ ਹੋਰ ਅਹਿਮ ਘਟਨਾ ਦਾ ਜ਼ਿਕਰ ਲੈਰੀ ਕਾਲਿਨਸ ਅਤੇ ਡਾਮਨਿਕ ਲਾਪਿਏਰੇ ਨੇ ਆਪਣੀ ਕਿਤਾਬ ‘ਫਰੀਡਮ ਐਟ ਮਿਡਨਾਈਟ` ਵਿੱਚ ਕੀਤਾ ਹੈ। ਹਿੰਦੁਸਤਾਨ ਦੇ ਵਾਇਸਰਾਇ ਦੀ ਇੱਕ ਉਚ ਪੱਧਰੀ ਮੀਟਿੰਗ ਹੋਈ। ਇਸ ਵਿੱਚ ਦਸਿਆ ਗਿਆ ਕਿ 14 ਅਗਸਤ ਨੂੰ ਜਦੋਂ ਮੁਹੰਮਦ ਅਲੀ ਜਿਨਾਹ ਦਾ ਜਲੂਸ ਨਿਕਲੇਗਾ ਤਾਂ ਉਸ ਦੇ ਕਤਲ ਦੀ ਸਾਜ਼ਿਸ਼ ਸਿੱਖ ਲੀਡਰਸ਼ਿਪ ਨੇ ਕੀਤੀ ਹੈ। ਇਸ `ਤੇ ਮੁਸਲਿਮ ਆਗੂਆਂ ਨੇ ਮੰਗ ਕੀਤੀ ਕਿ ਸਿੱਖ ਆਗੂਆਂ ਨੂੰ ਤੁਰੰਤ ਹਿਰਾਸਤ ਵਿੱਚ ਲਿਆ ਜਾਏ। ਇਸ ਦੇ ਜਵਾਬ ਵਿੱਚ ਮਾਉਂਟਬੈਟਨ ਨੇ ਕਿਹਾ ਕਿ ਕੀ ਤੁਹਾਨੂੰ ਪਤਾ ਹੈ ਕਿ ਸਿੱਖ ਆਗੂ ਮਾਸਟਰ ਤਾਰਾ ਸਿੰਘ ਇਸ ਸਮੇਂ ਦਰਬਾਰ ਸਾਹਿਬ ਦੇ ਅੰਦਰ ਹੈ। ਦਰਬਾਰ ਸਾਹਿਬ ਦੇ ਅੰਦਰ ਪੁਲਿਸ ਨੂੰ ਦਾਖ਼ਲ ਕਰਨ ਬਾਰੇ ਉਹ ਸੋਚ ਵੀ ਨਹੀਂ ਸਕਦਾ। ਇਸ `ਤੇ ਮੁਸਲਿਮ ਨੁਮਾਇੰਦਿਆਂ ਨੇ ਪੁਛਿਆ ਕਿ ਸਾਡੇ ਕਾਇਦ ਦੀ ਹਿਫਾਜ਼ਤ ਲਈ ਕੀ ਕਦਮ ਚੁਕੇ ਜਾਣਗੇ? ਬਹੁਤ ਹੀ ਅਹਿਮ ਜਵਾਬ ਵਾਇਸਰਾਇ ਨੇ ਦਿੱਤਾ ਕਿ ਜਦੋਂ ਜਿਨਾਹ ਦਾ ਜਲੂਸ ਨਿਕਲੇਗਾ, ਉਸਦੀ ਨਾਲ ਦੀ ਸੀਟ `ਤੇ ਮੈਂ ਬੈਠ ਜਾਵਾਂਗਾ। ਇਹ ਖ਼ਤਰਾ ਮੈਂ ਲੈ ਲਵਾਂਗਾ, ਪਰ ਦਰਬਾਰ ਸਾਹਿਬ ਦੇ ਅੰਦਰ ਪੁਲਿਸ ਦੇ ਜ਼ੋਰ ਨਾਲ ਦਾਖ਼ਲ ਹੋਣ ਬਾਰੇ ਮੈਂ ਸੋਚ ਵੀ ਨਹੀਂ ਸਕਦਾ। ਉਹ ਹਕੂਮਤ ਜਿਸ ਬਾਰੇ ਕਿਹਾ ਜਾਂਦਾ ਸੀ ਕਿ ਇਸਦਾ ਸੂਰਜ ਕਦੇ ਗ਼ਰੂਬ ਨਹੀਂ ਹੁੰਦਾ, ਉਨ੍ਹਾਂ ਨੂੰ ਦਰਬਾਰ ਸਾਹਿਬ ਵਿੱਚ ਤਾਕਤ ਨਾਲ ਦਾਖ਼ਲ ਹੋਣ ਦੇ ਅੰਜਾਮ ਬਾਰੇ ਅਹਿਸਾਸ ਸੀ; ਪਰ ਕੀ ਇਹ ਸੋਝੀ ਬਲਿਊ ਸਟਾਰ ਸਮੇਂ ‘ਆਪਣੀ ਸਰਕਾਰ` ਨੂੰ ਨਹੀਂ ਸੀ ਆਈ!
ਦੇਸ਼ ਨੂੰ ਆਜ਼ਾਦੀ ਮਿਲਿਆਂ ਅਜੇ 8 ਸਾਲ ਵੀ ਨਹੀਂ ਸਨ ਹੋਏ ਕਿ ਪੰਡਿਤ ਨਹਿਰੂ ਦੇ ਰਾਜ ਕਾਲ ਵਿੱਚ ਜੁਲਾਈ 1955 ਵਿੱਚ ਲਾਲਾ ਭੀਮ ਸੈਨ ਸੱਚਰ, ਮੁੱਖ ਮੰਤਰੀ ਪੰਜਾਬ ਦੇ ਹੁਕਮ `ਤੇ ਪੰਜਾਬ ਵੱਡੀ ਗਿਣਤੀ ਅਸ਼ਵਨੀ ਕੁਮਾਰ ਡੀ.ਆਈ.ਜੀ. ਦੀ ਅਗਵਾਈ ਵਿੱਚ ਪੁਲਿਸ ਦਰਬਾਰ ਸਾਹਿਬ ਦੇ ਅੰਦਰ ਬੂਟਾਂ ਸਣੇ ਦਾਖ਼ਲ ਹੋਈ। ਇਸ ਹਮਲੇ ਦੌਰਾਨ ਸੰਗਤ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ। ਕਾਫ਼ੀ ਭੰਨ ਤੋੜ ਵੀ ਕੀਤੀ ਗਈ। ਪ੍ਰਸ਼ਾਦ ਅਤੇ ਲੰਗਰ `ਤੇ ਵੀ ਪਾਬੰਦੀ ਲਗਾ ਦਿੱਤੀ ਗਈ। ਇਸ ਘਟਨਾ ਦਾ ਜ਼ਿਕਰ ਗਿਆਨੀ ਸੰਤੋਖ ਸਿੰਘ ਜੀ ਆਸਟ੍ਰੇਲੀਆ ਵਾਲੇ ਕਰਦੇ ਹਨ,
ਚਾਰ ਤੇ ਪੰਜ ਜੁਲਾਈ (1955) ਦੀ ਅੱਧੀ ਰਾਤ ਨੂੰ ਪੁਲਸ ਨੇ ਸ੍ਰੀ ਦਰਬਾਰ ਸਾਹਿਬ `ਤੇ ਹਮਲਾ ਕਰ ਦਿਤਾ। ਹਾਜ਼ਰ ਵਿਅਕਤੀਆਂ ਨੂੰ ਭੈ ਭੀਤ ਕਰਨ ਵਾਸਤੇ ਪਹਿਲਾਂ ਟੀਅਰ ਗੈਸ ਛੱਡੀ ਤੇ ਫਿਰ ਗੋਲ਼ੀ ਚਲਾਈ। ਸ੍ਰੀ ਗੁਰੂ ਰਾਮਦਾਸ ਸਰਾਂ, ਲੰਗਰ, ਦਫ਼ਤਰ ਸ੍ਰੀ ਦਰਬਾਰ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਦੀਵਾਨ ਹਾਲ ਸ੍ਰੀ ਮੰਜੀ ਸਾਹਿਬ ਆਦਿ ਸਥਾਨਾਂ ਉਪਰ ਪੁਲਿਸ ਨੇ ਕਬਜ਼ਾ ਕਰ ਲਿਆ। ਉਸ ਸਮੇਂ ਜਿੰਨੇ ਵੀ ਯਾਤਰੂ, ਵਾਲੰਟੀਅਰ, ਸੇਵਾਦਾਰ, ਆਗੂ ਆਦਿ ਮੌਜੂਦ ਸਨ, ਸਭ ਨੂੰ ਪੁਲਸ ਗ੍ਰਿਫਤਾਰ ਕਰਕੇ ਲੈ ਗਈ। ਕੁਝ ਵਿਅਕਤੀ ਗੋਲ਼ੀਆਂ ਤੇ ਟੀਅਰ ਗੈਸ ਸਦਕਾ ਜ਼ਖ਼ਮੀ ਵੀ ਹੋ ਗਏ।
ਇਸ ਘਟਨਾ ਦਾ ਇਤਨਾ ਤਿੱਖਾ ਪ੍ਰਤੀਕਰਮ ਹੋਇਆ ਕਿ 10 ਅਕਤੂਬਰ 1955 ਨੂੰ ਭੀਮ ਸੈਨ ਸੱਚਰ ਖ਼ੁਦ ਦਰਬਾਰ ਸਾਹਿਬ ਹਾਜ਼ਰ ਹੋਇਆ ਅਤੇ ਮੰਜੀ ਸਾਹਿਬ ਖੜੇ ਹੋ ਕੇ ਉਸਨੇ ਸੰਗਤ ਤੋਂ ਖਿਮਾ ਯਾਚਨਾ ਕੀਤੀ। ਇਹ ਸੋਚਣਾ ਕਿ ਜੋ ਕੁਝ ਜੂਨ ਚੁਰਾਸੀ ਵਿੱਚ ਹੋਇਆ ਉਸਦੇ ਮੁਕਾਬਲੇ ਵਿੱਚ ਤਾਂ ਇਹ ਘਟਨਾ ਕੁਝ ਵੀ ਨਹੀਂ ਸੀ, ਸਹੀ ਨਹੀਂ ਹੋਏਗਾ; ਪਰ ਭੀਮ ਸੈਨ ਸੱਚਰ ਦੀ ਮਾਫ਼ੀ ਨੂੰ ਫ਼ਿਰਕਾਪ੍ਰਸਤ ਕਾਂਗਰਸੀਆਂ ਨੇ ਪ੍ਰਵਾਨ ਨਾ ਕੀਤਾ ਅਤੇ ਸੱਚਰ ਨੂੰ ਅਸਤੀਫ਼ਾ ਦੇਣਾ ਪਿਆ। ਇਸ ਤਰ੍ਹਾਂ ਪੰਡਿਤ ਨਹਿਰੂ ਦੇ ਕਾਲ ਵਿੱਚ ਘਟੀ ਘਟਨਾ ਇੱਕ ਬੀਜ ਮਾਤਰ ਸੀ, ਜੋ ਨਾਸੂਰ ਬਣ ਕੇ 1984 ਵਿੱਚ ਫ਼ਟਿਆ।
ਦਰਬਾਰ ਸਾਹਿਬ `ਤੇ ਹਮਲੇ ਬਾਰੇ ਭਾਵੇਂ ਸਰਕਾਰ ਨੇ ਅਤੇ ਭਾਵੇਂ ਸ਼੍ਰੋਮਣੀ ਕਮੇਟੀ ਨੇ ਵੀ ਵਾਈਟ ਪੇਪਰ ਛਾਪੇ ਹਨ, ਭਾਵੇਂ ਇਸ ਬਾਰੇ ਸੈਂਕੜੇ ਕਿਤਾਬਾਂ ਛਪ ਚੁਕੀਆਂ ਹਨ ਪਰ ਇਤਨੇ ਵੱਡੇ ਕਾਂਡ ਦੇ ਪਿਛੇ ਮਨਸ਼ਾ ਕੀ ਸੀ, ਇਸ ਬਾਰੇ ਬਹੁਤ ਕੁਝ ਜ਼ਾਹਿਰ ਹੋਣਾ ਬਾਕੀ ਹੈ। ਇਸ ਪਿਛੋਕੜ ਵਿੱਚ ਸ਼੍ਰੋਮਣੀ ਕਮੇਟੀ ਵਲੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਭਾਰਤ ਸਰਕਾਰ `ਤੇ 1000 ਕਰੋੜ ਦੇ ਹਰਜਾਨੇ ਦਾ ਮੁਕੱਦਮਾ ਦਰਜ ਕਰਵਾਇਆ ਸੀ। ਉਸ ਵਿੱਚ ਜਥੇਦਾਰ ਟੌਹੜਾ ਨੇ ਦਿੱਲੀ ਉੱਚ ਅਦਾਲਤ ਵਿੱਚ ਆਪਣਾ ਹਲਫੀਆ ਬਿਆਨ ਦਰਜ ਕਰਵਾਇਆ ਸੀ। ਇਹ ਇੱਕ ਅਹਿਮ ਕੜੀ ਅਤੇ ਦਸਤਾਵੇਜ਼ ਹੈ। ਇਸ ਵਿੱਚ ਅੰਕਿਤ ਹੈ ਕਿ ਇੰਦਰਾ ਗਾਂਧੀ ਨਾਲ ਇੱਕ ਮੀਟਿੰਗ ਹੋਈ। ਇਸ ਵਿੱਚ ਪ੍ਰਣਬ ਮੁਖਰਜੀ, ਜ਼ੈਲ ਸਿੰਘ, ਪ੍ਰਕਾਸ਼ ਸਿੰਘ ਬਾਦਲ, ਹਰਚੰਦ ਸਿੰਘ ਲੌਂਗੋਵਾਲ, ਰਵੀ ਇੰਦਰ ਸਿੰਘ ਅਤੇ ਦੋ ਵਜ਼ੀਰ ਸ਼ਾਮਲ ਸਨ। ਜਥੇਦਾਰ ਟੌਹੜਾ ਮੁਤਾਬਕ ਇੰਦਰਾ ਗਾਂਧੀ ਨੂੰ ਵਾਰ ਵਾਰ ਪੁੱਛਿਆ ਗਿਆ ਕਿ ਉਸ ਦਾ ਵਤੀਰਾ ਸਿੱਖਾਂ ਨਾਲ ਇਸ ਤਰ੍ਹਾਂ ਕਿਉਂ ਹੈ? ਜਵਾਬ ਉਹ ਦੇਣਾ ਨਹੀਂ ਸੀ ਚਾਹ ਰਹੀ। ਆਖ਼ਰ ਜ਼ਿਆਦਾ ਜ਼ੋਰ ਦੇਣ `ਤੇ ਇੰਦਰਾ ਗਾਂਧੀ ਨੇ ਕਿਹਾ ਕਿ ਤੁਸੀਂ ਅਕਾਲ ਤਖ਼ਤ ਤੋਂ ਐਮਰਜੈਂਸੀ ਵਿੱਚ ਮੋਰਚਾ ਲਗਾਇਆ। ਇਸ ਬਿਆਨ ਵਿੱਚ ਅੰਕਿਤ ਹੈ,
“ਮੇਰੇ ਵਲੋਂ ਜਵਾਬ ਲਈ ਜ਼ੋਰ ਦੇਣ `ਤੇ ਸ਼੍ਰੀਮਤੀ ਗਾਂਧੀ ਨੇ ਕਿਹਾ ਕਿ ਐਮਰਜੈਂਸੀ ਦੌਰਾਨ ਅਕਾਲੀ ਦਲ ਅਤੇ ਇਸਦੇ ਸਿੱਖਾਂ ਨੇ ਅਕਾਲ ਤਖ਼ਤ `ਤੇ ਅਰਦਾਸ ਕੀਤੀ, ਇਸੇ ਤਰ੍ਹਾਂ ਅਕਾਲ ਤਖ਼ਤ ਤੇ ਅਰਦਾਸ ਕਰਕੇ ਐਮਰਜੈਂਸੀ ਦੇ ਖਿਲਾਫ਼ ਮਾਰਚ ਲਈ ਦਿੱਲੀ ਆ ਰਹੇ ਸਨ। ਮੈਂ ਉਸਨੂੰ ਦੱਸਿਆ ਕਿ ਭਾਵੇਂ ਸਿੱਖਾਂ ਦੀ ਮਾਰ ਕੁੱਟ ਕੀਤੀ ਗਈ… ਰਸਤੇ ਵਿੱਚ ਮਧੂਬਨ ਉਨ੍ਹਾਂ `ਤੇ ਗੋਲੀ ਚਲਾਈ ਗਈ ਅਤੇ ਇਸ ਨਾਲ ਤਿੰਨ ਸ਼ਹੀਦ ਹੋ ਗਏ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਸ਼ਾਂਤਮਈ ਰਹਿਣ ਦੀ ਅਰਦਾਸ ਨੂੰ ਭੰਗ ਨਹੀਂ ਕੀਤਾ।… ਅਕਾਲ ਤਖ਼ਤ ਸਾਹਿਬ `ਤੇ ਸਾਡੀ ਅਰਦਾਸ ਸੀ ਕਿ ਮਾਰਚ ਵਿੱਚ ਅਸੀਂ ਸ਼ਾਂਤਮਈ ਰਹਾਂਗੇ ਅਤੇ ਕੋਈ ਨਾਅਰਾ ਨਹੀਂ ਲਾਵਾਂਗੇ, ਇਸ ਮੁਤਾਬਕ ਇਹ ਮਾਰਚ ਪੂਰੀ ਤਰ੍ਹਾਂ ਸ਼ਾਂਤਮਈ ਰਿਹਾ। ਕੇਵਲ ਤਖ਼ਤੀਆਂ ਚੁਕੀਆਂ ਹੋਈਆਂ ਸਨ। ਇੱਥੋਂ ਤਕ ਕਿ ਜੈਕਾਰਾ ਵੀ ਨਹੀਂ ਗਜਾਇਆ ਗਿਆ। ਸਾਨੂੰ ਇਸ ਤਰ੍ਹਾਂ ਜਾਪਿਆ ਜਿਵੇਂ ਸ਼੍ਰੀਮਤੀ ਗਾਂਧੀ ਸਿੱਖਾਂ ਵਲੋਂ ਐਮਰਜੈਂਸੀ ਦੌਰਾਨ ਹਿੱਸਾ ਲੈਣ ਲਈ ਖੁੰਦਕ ਰੱਖ ਰਹੀ ਸੀ।”
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਾਨਵ ਮਾਤਰ ਲਈ ਰੂਹਾਨੀਅਤ ਦਾ ਕੇਂਦਰ ਹੈ ਅਤੇ ਸ੍ਰੀ ਅਕਾਲ ਤਖ਼ਤ ਜ਼ੁਲਮ, ਨਾ-ਇਨਸਾਫੀ ਲਈ ਇੱਕ ਦੁਰਗ ਹੈ। ਹਾਲਾਂਕਿ ਇਸੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਬਲਾਵਾਂ ਨੂੰ ਮੁਕਤ ਕਰਵਾਉਣ ਲਈ ਕੁਰਬਾਨੀਆਂ ਦਿੱਤੀਆਂ ਗਈਆਂ। ਇਸੇ ਅਕਾਲ ਤਖ਼ਤ ਸਾਹਿਬ ਤੋਂ ਲਾਲ ਕੁੜਤੀ ਮੁਹਿੰਮ ਸਮੇਂ ਪਠਾਣਾਂ ਦੀ ਹਮਾਇਤ `ਤੇ ਜਥੇ ਭੇਜੇ ਗਏ। ਇਸੇ ਹੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਅਤੇ ਦੇਸ਼ ਦੀ ਆਜ਼ਾਦੀ ਲਈ ਜਦੋਜਹਿਦ ਹੋਈਆਂ। ਹੁਣ ਅਕਾਲ ਤਖ਼ਤ ਸਾਹਿਬ ਦਾ ਇਹੀ ਕਰਤਬ ਸਰਕਾਰ ਨੂੰ ਨਾ-ਮਨਜ਼ੂਰ ਹੋ ਗਿਆ। ਯਾਨਿ ਮੀਰੀ-ਪੀਰੀ ਦੇ ਇਸ ਸਥਾਨ ਤੋਂ ਕੋਈ ਮੋਰਚਾ ਜਾਂ ਮੁਹਿੰਮ ਨਹੀਂ ਚਲਣ ਦਿੱਤੀ ਜਾਏਗੀ। ਇਹ ਸਹੀ ਹੈ ਕਿ 1984 ਤੋਂ ਬਾਅਦ ਅਕਾਲ ਤਖ਼ਤ ਸਾਹਿਬ ਤੋਂ ਕੋਈ ਮੋਰਚਾ, ਭਾਵੇਂ ਸੰਕੇਤਕ ਹੀ ਕਿਉਂ ਨਾ ਹੋਵੇ, ਨਹੀਂ ਲਗਿਆ।
ਇੱਥੇ ਯਾਦ ਰੱਖਣ ਦੀ ਲੋੜ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਸਿਰਜੇ ਮੀਰੀ-ਪੀਰੀ ਦੇ ਇਸ ਤਖ਼ਤ ਦਾ ਮਾਲਕ ਖੁਦ ਅਕਾਲ ਪੁਰਖ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਦੇ ਹਨ ਕਿ ਅਕਾਲ ਪੁਰਖ ਹੀ ਮੀਰੀ-ਪੀਰੀ ਦਾ ਮਾਲਕ ਹੈ।
ਖੁਦਾਵੰਦ ਬਖਸ਼ਿੰਦਹੇ ਦਿਲ ਕਰਾਰ॥
ਰਜ਼ਾ ਬਖ਼ਸ਼ ਰੋਜ਼ੀ ਦਿਹੋ ਨਉਬਹਾਰ॥1॥
ਕਿ ਮੀਰ ਅਸਤ ਪੀਰ ਅਸਤ ਹਰ ਦੋ ਜਹਾਂ॥
ਖੁਦਾਵੰਦ ਬਖ਼ਸ਼ਿੰਦਹ ਹਰ ਯਕ ਅਮਾਂ॥2॥
(ਵਾਹਿਗੁਰੂ ਬਖ਼ਸ਼ਣ ਹਾਰ, ਮਨ ਨੂੰ ਟਿਕਉ ਦੇਣ ਵਾਲਾ ਅਤੇ ਹਮੇਸ਼ਾ ਖੇੜਾ ਬਖ਼ਸ਼ਣ ਵਾਲਾ ਹੈ। ਉਹ ਮੀਰੀ-ਪੀਰੀ ਦਾ ਬਾਦਸ਼ਾਹ, ਦੋਹਾਂ ਜਹਾਨਾਂ ਦਾ ਮਾਲਕ ਹੈ ਅਤੇ ਹਰ ਇੱਕ `ਤੇ ਬਖ਼ਸ਼ਿਸ਼ਾਂ ਕਰਨ ਵਾਲਾ ਹੈ।)
ਮੀਰੀ-ਪੀਰੀ ਦੇ ਇਸ ਸੰਕਲਪ ਦਾ ਵਾਰਿਸ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਹੈ। ਉਹ ਇਹ ਬਿਰਦ ਨਿਭਾਉਂਦਾ ਰਿਹਾ ਹੈ ਅਤੇ ਨਿਭਾਉਂਦਾ ਰਹੇਗਾ।