ਗਿਆਨੀ ਜਗਤਾਰ ਸਿੰਘ ਜਾਚਕ ਦੀ ਪੁਸਤਕ

ਵਿਚਾਰ-ਵਟਾਂਦਰਾ

‘ਪਾਠ-ਭੇਦ ਗਾਥਾ ਸ੍ਰੀ ਗੁਰੂ ਗ੍ਰੰਥ ਸਾਹਿਬ’
ਦਿਲਜੀਤ ਸਿੰਘ ਬੇਦੀ
ਫੋਨ: +91-9814898570
ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਭੇਦ ਦਾ ਮਾਮਲਾ ਅੱਜ ਨਵਾਂ ਨਹੀਂ ਹੈ। ਇਹ ਸਮੇਂ ਸਮੇਂ ਉਠਦਾ ਰਿਹਾ ਹੈ, ਪਰ ਬਿਨਾ ਕਿਸੇ ਸਿੱਟਾ ਕੱਢੇ ਦੇ ਬਗੈਰ ਹੀ ਇਹ ਮਾਮਲਾ ਪਹਿਲਾਂ ਦੀ ਤਰ੍ਹਾਂ ਹੀ ਅਮਲਅਸੇਧ ਹੋ ਜਾਂਦਾ ਹੈ। ਗਿਆਨੀ ਜਗਤਾਰ ਸਿੰਘ ਜਾਚਕ ਸਿਰੜੀ, ਮਿਹਨਤੀ ਤੇ ਗੁਰਬਾਣੀ ਗੁਰਮੁਖ ਜਨ ਹਨ। ਉਨ੍ਹਾਂ ਵੱਲੋਂ ਹਵਾਲਿਆਂ ਸਹਿਤ ਰਚੀ ਗਈ ਹਥਲੀ ਪੁਸਤਕ ਗੁਰਬਾਣੀ `ਤੇ ਕੰਮ ਰਹੇ ਜਾਂ ਪਾਠ ਭੇਦਾਂ ਬਾਰੇ ਵਿਚਾਰ ਕਰ ਰਹੇ ਗੁਰਮੁਖਾਂ/ਸਿੱਖਾਂ ਵਾਸਤੇ ਗਿਆਨ ਵਾਲੀ ਪੁਸਤਕ ਹੈ। ਰੂਹਾਨੀਅਤ ਦੇ ਅਬਿਨਾਸੀ ਸੂਰਜ, ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸੰਸਾਰ ਦੇ ਧਾਰਮਿਕ ਇਤਿਹਾਸ ਵਿੱਚ ਐਸੇ ਧਰਮ-ਗ੍ਰੰਥ ਹਨ,

ਜਿਨ੍ਹਾਂ ਨੂੰ ਗੁਰੂ ਸਾਹਿਬਾਨ ਨੇ ਆਪ ਸੰਪਾਦਿਤ ਕਰ ਕੇ ਮਾਨਵਤਾ ਦੀ ਸਰਬਪੱਖੀ ਤੇ ਸਦੀਵੀ ਅਗਵਾਈ ਲਈ ਗੁਰਿਆਈ ਤਖ਼ਤ ‘ਤੇ ਸੁਭਾਇਮਾਨ ਕੀਤਾ। ਸਤਿਗੁਰੂ ਜੀ ਦੀ ਨਿਗਰਾਨੀ ਹੇਠ ਸਮੁੱਚੀ ਬਾਣੀ ਲਿਖਣ ਦੀ ਜ਼ਿੰਮੇਵਾਰੀ ਭਾਈ ਗੁਰਦਾਸ ਜੀ ਨੇ ਨਿਭਾਈ, ਜੋ ਸੰਸਕ੍ਰਿਤ ਤੇ ਫ਼ਾਰਸੀ ਭਾਸ਼ਾ ਦੇ ਵਿਦਵਾਨ ਸਨ। ਗਿਆਨੀ ਜਗਤਾਰ ਸਿੰਘ ਜਾਚਕ ਵੱਲੋਂ ਪ੍ਰਕਾਸ਼ਿਤ ਹੋਈ ਇਸ ਕਿਤਾਬ ਦੇ 225 ਪੰਨੇ ਅਤੇ ਕੀਮਤ 495 ਰੁਪਏ ਹੈ।
ਗੁਰੂ ਕਾਲ ਦੇ ਵੇਲੇ ਹੋਏ ਸ਼ਰਧਾਵਾਨ ਸਿੱਖ ਕਾਤਿਬਾਂ ਨੇ ਗੁਰੂ ਜੀ ਦੀ ਬਾਣੀ ਨੂੰ ਸਤਿਕਾਰ ਸਹਿਤ ਲਿਖਿਆ, ਨਕਲਾਂ ਤਿਆਰ ਕੀਤੀਆਂ ਤੇ ਵੰਡੀਆਂ। ਇਸ ਗੱਲ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ, ਪਰ ਕਾਤਿਬ ਕਿੱਤਾਕਾਰਾਂ ਤੋਂ ਭੁੱਲਾਂ ਹੋਈਆਂ ਹਨ। ਇਹ ਪੁਸਤਕ ਸਾਨੂੰ ਕਾਤਿਬਾਂ ਦੀਆਂ ਅਜਿਹੀਆਂ ਭੁੱਲਾਂ ਨੂੰ ਯਾਦ ਕਰਵਾਉਂਦੀ ਹੈ ਅਤੇ ਭੁੱਲਾਂ ਨੂੰ ਸੁਧਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਪੰਥ ਪ੍ਰਮਾਣਿਤ ਪਾਵਨ ਬੀੜ ਸਿੱਖ ਸੰਗਤਾਂ ਨੂੰ ਦੇਣ ਲਈ ਪ੍ਰੇਰਿਤ ਕਰਦੀ ਹੈ। ਕਿਤਾਬ ਨੂੰ ਲੇਖਕ ਨੇ 7 ਭਾਗਾਂ ਵਿੱਚ ਵੰਡਿਆ ਹੈ, ਪਹਿਲੇ ਅਧਿਆਇ ਵਿਚ ਗਾਥਾ: ਧਰਮ ਗ੍ਰੰਥਾਂ ਦੀ ਲਿਖਤੀ ਪਰੰਪਰਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਸ਼ੇਸ਼ ਸਥਾਨ ਦੀ, ਦੂਸਰੇ ਅਧਿਆਇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਤੇ ਛਪਾਈ ਦੀ, ਤੀਸਰੇ ਅਧਿਆਇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ-ਲਿਖਤੀ ਪੁਰਾਤਨ ਬੀੜਾਂ ਦੇ ਖੋਜ ਦੀ, ਚੌਥੇ ਅਧਿਆਇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ-ਭੇਦਾਂ ਦੀ ਪੈਦਾਇਸ਼ ਤੇ ਸੋਧ-ਸੁਧਾਈ ਦੀ, ਪੰਜਵੇਂ ਅਧਿਆਇ ਵਿੱਚ ਪਾਵਨ ਬੀੜ ਦੀ ਸ਼ੁਧ ਛਪਾਈ ਲਈ ਸ਼੍ਰੋਮਣੀ ਕਮੇਟੀ ਦੇ ਖੋਜ ਕਾਰਜਾਂ ਦੀ, ਛੇਵੇਂ ਅਧਿਆਇ ਵਿਚ ਪਾਠ-ਭੇਦ ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਤੇ ਸਤਵੇਂ ਅਧਿਆਇ ਵਿਚ ਪਾਠ-ਭੇਦ ਗੁਰਬਾਣੀ ਪਾਠ ਦਰਸ਼ਨ ਦਰਜ਼ ਹੈ। ਕਿਤਾਬ ਦੇ ਮੁੱਖ ਪੰਨੇ `ਤੇ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਮੰਨੀ ਜਾਂਦੀ ਸੁਨਹਿਰੀ ਬੀੜ (ਦਮਦਮੀ) ਹੈ, ਜੋ ਹੁਣ ਦਰਸ਼ਨੀ ਢਿਉਢੀ ਵਾਲੇ ਤੋਸ਼ੇਖਾਨੇ ਵਿੱਚ ਸੁਰੱਖਿਅਤ ਹੈ। ਇਸੇ ਤਰ੍ਹਾਂ ਕਿਤਾਬ ਦੇ ਅਖਰੀਲੇ ਪੰਨਿਆਂ ਵਿੱਚ ਵੱਖ-ਵੱਖ ਬੀੜਾਂ ਦੇ 53 ਫੋਟੋ ਚਿੱਤਰ ਹਵਾਲੇ ਸਹਿਤ ਪ੍ਰਕਾਸ਼ਿਤ ਕੀਤੇ ਗਏ ਹਨ। ਅੰਤਿਕਾ ‘ਚ ਵਿਦਵਾਨਾਂ `ਤੇ ਆਧਾਰਿਤ ਬਣੀ ਕਮੇਟੀ ਦੀ ਰਿਪੋਰਟ ਵੀ ਦਰਜ ਹੈ।
ਵਿਸ਼ਵ ਧਰਮ ਗ੍ਰੰਥ ਪਰੰਪਰਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਗਟੀਕਰਨ ਬਗ਼ੈਰ ਕਿਸੇ ਮਿੱਥ, ਅਤਾਰਕਿਕ ਅਤੇ ਰਹੱਸ ਦੇ ਸਾਡੇ ਸਾਹਮਣੇ ਜਿਸ ਪ੍ਰਕਾਰ ਆਉਂਦਾ ਹੈ, ਉਸ ਨੂੰ ਵੇਖਦੇ ਹੋਏ ਇਹ ਗੱਲ ਕਰਨੀ ਸੁਭਾਵਿਕ ਹੋ ਜਾਂਦੀ ਹੈ। ਸਿੱਖਾਂ ਲਈ ਇਹ ਸਮੱਸਿਆ ਇਸ ਲਈ ਵੀ ਵੱਡੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਦੇ ਉਨ੍ਹਾਂ ਕੋਲ ਇੱਕ ਜਾਂ ਦੋ ਨਹੀਂ, ਕਈ ਸਾਰੇ ਪ੍ਰਮਾਣ ਹਨ। ਇਸ ਦੇ ਵੀ ਕਈ ਕਾਰਨ ਹਨ, ਜੋ ਅਸੀਂ ਹਥਲੀ ਕਿਤਾਬ ਵਿੱਚ ਦੇਖਾਂਗੇ। ਗਿਆਨੀ ਜਗਤਾਰ ਸਿੰਘ ਜਾਚਕ ਪਿਛਲੇ ਕਈ ਦਹਾਕਿਆਂ ਤੋਂ ਇਸ ਕਾਰਜ ਵਿੱਚ ਲੱਗੇ ਹੋਏ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਅਜਿਹਾ ਸਰੂਪ ਸਾਡੇ ਸਾਹਮਣੇ ਹੋਏ, ਜੋ ਨਾ ਸਿਰਫ਼ ਸ਼ਬਦ-ਜੋੜ ਤੇ ਲਗ-ਮਾਤਰੀ ਰੂਪ ਵਿੱਚ ਆਪਣੇ ਮੌਲਿਕ ਸਰੂਪ ਨੂੰ ਪ੍ਰਗਟ ਕਰੇ, ਬਲਕਿ ਜਿਸ ਦੀ ਪਹੁੰਚ ਜਨ-ਸਾਧਾਰਨ ਤਕ ਵੀ ਆਸਾਨੀ ਨਾਲ ਹੋਏ। ਇਹ ਗੱਲ ਤਾਂ ਬਿਲਕੁਲ ਸਪੱਸ਼ਟ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਾ ਬੀੜ ਅੰਦਰ ਲਿਖਤ ਦੀ ਮੌਲਿਕਤਾ ਖੰਡਿਤ ਹੋਈ ਹੈ। ਮੌਜੂਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਹੱਥ-ਲਿਖਤ ਬੀੜਾਂ ਨਾਲੋਂ ਨਾ ਸਿਰਫ਼ ਲਗ-ਮਾਤਰੀ, ਬਲਕਿ ਸ਼ਾਬਦਿਕ ਵਖਰੇਵੇਂ ਵੀ ਵੱਡੀ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਕਾਰਜ ਨੂੰ ਜਿੱਥੇ ਦਮਦਮੀ ਟਕਸਾਲ ਨੇ ਗੁਰਬਾਣੀ ਪਾਠ ਦਰਸ਼ਨ ਰਾਹੀਂ ਸਵੀਕਾਰਿਆ ਹੈ, ਉੱਥੇ ਹੀ ਸ਼੍ਰੋਮਣੀ ਕਮੇਟੀ ਤੇ ਹੋਰਨਾਂ ਧਿਰਾਂ ਨੇ ਪਾਠ-ਭੇਦਾਂ ਦੀ ਸੂਚੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬਾਰੇ ਜ਼ਰੂਰੀ ਵਾਕਫ਼ੀਅਤ ਆਦਿ ਪ੍ਰਕਾਸ਼ਿਤ ਕੰਮਾਂ ਰਾਹੀਂ ਮਾਨਤਾ ਦਿੱਤੀ ਹੈ।
ਅਸ਼ੁੱਧੀਆਂ ਹੱਥ-ਲਿਖਤ, ਪੱਥਰ ਛਾਪਾ ਤੇ ਪ੍ਰਿੰਟ- ਤਿੰਨਾਂ ਤਰ੍ਹਾਂ ਦੇ ਸਰੂਪਾਂ ਵਿੱਚ ਮਿਲਦੀਆਂ ਹਨ। ਫਿਰ ਇਸ ਗੱਲ ਦਾ ਕੀ ਅਰਥ ਰਹਿ ਜਾਂਦਾ ਹੈ ਕਿ ਅਸ਼ੁੱਧੀਆਂ ਦਾ ਵੱਡਾ ਕਾਰਨ ਸਿਰਫ਼ ਪਦ-ਛੇਦ ਸਰੂਪ ਹਨ? ਮਸਲਾ ਇਹ ਹੈ ਕਿ ਇਨ੍ਹਾਂ ਨੂੰ ਹੁਣ ਦੂਰ ਕਿਵੇਂ ਕੀਤਾ ਜਾਏ? ਗੁਰਬਾਣੀ ਵਿੱਚੋਂ ਇਹ ਅਸ਼ੁੱਧੀਆਂ ਦੂਰ ਕਰਨ ਦਾ ਮਸਲਾ ਹੀ ਦਰਅਸਲ ਕਈ ਸਮੱਸਿਆਵਾਂ ਦੀ ਜੜ੍ਹ ਹੈ। ਭੰਗਤਾ ਕੇਂਦਰ ਵਿੱਚ ਨਹੀਂ, ਬਲਕਿ ਉਸ ਦੇ ਭੌਤਿਕ ਸਰੂਪ ਵਿੱਚ ਹੈ। ਇਹ ਮਸਲਾ ਬੜਾ ਪੇਚੀਦਾ ਹੈ। ਇਹ ਸਿਰਫ਼ ਸਿੱਖਾਂ ਲਈ ਹੀ ਨਹੀਂ, ਸਾਰੇ ਧਰਮਾਂ ਲਈ ਕਦੀ ਨਾ ਕਦੀ ਚੁਣੌਤੀ ਬਣ ਕੇ ਸਾਹਮਣੇ ਆਇਆ ਹੋਇਆ ਹੈ।
ਗਿਆਨੀ ਜਗਤਾਰ ਸਿੰਘ ਜਾਚਕ ਹੁਰਾਂ ਕਿਤਾਬ ਵਿੱਚ ਧਰਮ ਗ੍ਰੰਥ ਪਰੰਪਰਾ ਅਤੇ ਭੌਤਿਕ ਸਰੂਪ ਦੀਆਂ ਸਮੱਸਿਆਵਾਂ ਤੇ ਉਨ੍ਹਾਂ ਦੇ ਇਤਿਹਾਸ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਹਵਾਲੇ ਨਾਲ ਇੱਕ ਬੱਝਵਾਂ ਸੰਵਾਦ ਵੀ ਸਿਰਜਿਆ ਹੈ। ਗਿਆਨੀ ਜਗਤਾਰ ਸਿੰਘ ਜਾਚਕ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਤੋਂ ਸਿੱਖਿਆ ਪ੍ਰਾਪਤ ਕਰ ਕੇ ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ਾਂ ਦੇ ਪ੍ਰਚਾਰ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੋਇਆ ਹੈ। ਉਨ੍ਹਾਂ ਨੂੰ ਕੁਝ ਸਮੇਂ ਲਈ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਗ੍ਰੰਥੀ ਵਜੋਂ ਵੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
ਉਨ੍ਹਾਂ ਨੇ ਡੂੰਘੇ ਅਧਿਐਨ, ਸਿਦਕ-ਸਾਧਨਾ ਤੇ ਅਭਿਆਸ ਨਾਲ ਗੁਰੂ ਨਾਨਕ ਪਾਤਿਸ਼ਾਹ ਦੇ ਨਿਰਮਲ ਉਪਦੇਸ਼ਾਂ ਦੀ ਵਿਆਖਿਆ ਕਰਨ ਵਿਚ ਚੋਖੀ ਮੁਹਾਰਤ ਹਾਸਲ ਕਰ ਲਈ ਹੈ, ਜੋ ਹਰ ਵਰਗ ਦੇ ਸਰੋਤੇ ਨੂੰ ਕੀਲ ਲੈਣ ਦੀ ਸਮਰੱਥਾ ਰੱਖਦੀ ਹੈ। ਗੁਰਬਾਣੀ ਅਰਥ-ਬੋਧ, ਉਚਾਰਣ, ਗੁਰ-ਇਤਿਹਾਸ, ਤੱਤ ਗੁਰਮਤੀ ਫ਼ਲਸਫ਼ੇ ਅਤੇ ਚਲੰਤ ਪੰਥਕ ਮੁੱਦਿਆਂ ਬਾਰੇ ਗਿਆਨੀ ਜਾਚਕ ਦੇ ਅਨੇਕਾਂ ਖੋਜ ਭਰਪੂਰ ਤੇ ਸੰਤੁਲਿਤ ਲੇਖ ਦੇਸ਼-ਵਿਦੇਸ਼ ਦੇ ਰਸਾਲਿਆਂ ਆਦਿ ਵਿੱਚ ਛਪ ਚੁੱਕੇ ਹਨ। ਡਾ. ਪਰਮਿੰਦਰ ਸਿੰਘ ਸ਼ੌਕੀ ਦੀ ਭੂਮਿਕਾ ਅਤੇ ਸ. ਗਗਨਦੀਪ ਸਿੰਘ ਦਾ ਧੰਨਵਾਦ ਪੁਸਤਕ ਬਾਰੇ ਪੱਖਾਂ ਨੂੰ ਉਘੇੜ ਦਿੰਦੇ ਹਨ। ਉਮੀਦ ਹੈ, ਇਸ ਕਿਤਾਬ ਦਾ ਸਿੱਖ ਜਗਤ ਭਰਪੂਰ ਸਵਾਗਤ ਕਰੇਗਾ ਤੇ ਇਹ ਕਿਤਾਬ ਬਹੁਤ ਸਾਰੀਆਂ ਉਲਝੀਆਂ ਤੰਦਾਂ ਨੂੰ ਸਮੇਟਣ ਵਿੱਚ ਸਾਨੂੰ ਸਫਲਤਾ ਪ੍ਰਦਾਨ ਕਰਾਏਗੀ।

Leave a Reply

Your email address will not be published. Required fields are marked *