ਗਰਮੀ ਨਾਲ ਭੁੱਝ ਹੁੰਦੀ ਦਿੱਲੀ ਵਿੱਚ ਪਾਣੀ ਦਾ ਗੰਭੀਰ ਸੰਕਟ

ਖਬਰਾਂ

ਹਾਏ, ਹਾਏ ਗਰਮੀ!
*ਤਾਪਮਾਨ 52 ਡਿਗਰੀ ਸੈਲਸੀਅਸ ਨੂੰ ਟੱਪਿਆ
ਪੰਜਾਬੀ ਪਰਵਾਜ਼ ਬਿਊਰੋ
ਇੱਕ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਉਲੀਕੇ ਗਏ ਪੌਣੇ ਤਿੰਨ ਮਹੀਨੇ ਲੰਬੇ ਚੋਣ ਅਮਲ ਦੇ ਹੋਰ ਵੀ ਕਈ ਨਾਂਹਮੁਖੀ ਪੱਖ ਹੋ ਸਕਦੇ ਹਨ, ਪਰ ਆਪਣੇ ਸਿਖ਼ਰ ਤੱਕ ਪਹੁੰਚਦਿਆਂ ਇਸ ਨੂੰ ਅਤਿ ਦੀ ਗਰਮੀ ਨੇ ਆਪਣੀ ਮਾਰ ਹੇਠ ਲੈ ਲਿਆ। ਚੋਣਾਂ ਦੇ ਆਖਰੀ ਦਿਨ ਪਹਿਲੀ ਜੂਨ ਨੂੰ ਸਮੁੱਚੇ ਦੇਸ਼ ਵਿੱਚ ਅਤਿ ਦੀ ਗਰਮੀ ਨੇ ਤਕਰੀਬਨ 58 ਵਿਅਕਤੀਆਂ ਦੀ ਜਾਨ ਲੈ ਲਈ। ਇਨ੍ਹਾਂ ਵਿੱਚ 33 ਚੋਣ ਅਧਿਕਾਰੀ ਸ਼ਾਮਲ ਸਨ। ਇਨ੍ਹਾਂ ਚੋਣ ਅਧਿਕਾਰੀਆਂ ਦੀ ਮੌਤ ਉੱਤਰ ਪ੍ਰਦੇਸ਼ ਵਿੱਚ ਹੋਈ।

ਇਸ ਤੋਂ ਇਲਾਵਾ ਇਸ ਦਿਨ ਬਿਹਾਰ, ਉੜੀਸਾ ਅਤੇ ਮੱਧ ਪ੍ਰਦੇਸ਼ ਤੋਂ ਵੀ ਗਰਮੀ ਕਾਰਨ ਮੌਤਾਂ ਹੋਣ ਦੀਆਂ ਖਬਰਾਂ ਮਿਲੀਆਂ; ਪਰ ਸਭ ਤੋਂ ਵੱਧ ਮੌਤਾਂ ਯੂ.ਪੀ. ਵਿੱਚ ਹੀ ਹੋਈਆਂ, ਜਿੱਥੇ ਚੋਣ ਅਮਲ ਦੇ ਇਸ ਆਖਰੀ ਗੇੜ ਵਿੱਚ 13 ਹਲਕਿਆਂ ਵਿੱਚ ਵੋਟਾਂ ਪਵਾਈਆ ਗਈਆਂ। ਉੱਤਰ ਪ੍ਰਦੇਸ਼ ਦੇ ਬਲੀਆ ਕਸਬੇ ਵਿੱਚ ਹੀਟ ਇੰਡੈਕਸ ਇਸ ਦਿਨ 61 ਡਿਗਰੀ ਸੈਲਸੀਅਸ ਨੂੰ ਛੂਹ ਗਿਆ। ਉੱਤਰ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਨੇ ਇਸ ਸੰਬੰਧ ਵਿੱਚ ਗੱਲ ਕਰਦਿਆਂ ਦੱਸਿਆ ਕਿ ਮਰਨ ਵਾਲਿਆਂ ਵਿੱਚ ਹੋਮਗਾਰਡ ਦੇ ਮੁਲਾਜ਼ਮ, ਸੈਨੀਟੇਸ਼ਨ ਵਰਕਰ ਅਤੇ ਹੋਰ ਪੋਲਿੰਗ ਸਟਾਫ ਨਾਲ ਸੰਬੰਧਤ ਮੁਲਾਜ਼ਮ ਸਨ। ਯਾਦ ਰਹੇ, ਇਸ ਤੋਂ ਇੱਕ ਦਿਨ ਪਹਿਲਾਂ ਵੀ ਪੋਲਿੰਗ ਸਟਾਫ ਨਾਲ ਸੰਬੰਧਤ 15 ਮੁਲਾਜ਼ਮ ਮਾਰੇ ਗਏ ਸਨ। ਮੁੱਖ ਚੋਣ ਅਧਿਕਾਰੀ ਨੇ ਮਾਰੇ ਗਏ ਵਿਅਕਤੀ ਲਈ 15 ਲੱਖ ਰੁਪਏ ਦੀ ਐਕਸਗਰੇਸ਼ੀਆ ਗਰਾਂਟ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਬਿਹਾਰ ਤੋਂ ਵੀ ਚੋਣ ਅਮਲੇ ਦੀਆਂ ਮੌਤਾਂ ਦੀਆਂ ਖ਼ਬਰਾਂ ਮਿਲੀਆਂ ਹਨ। ਬਿਹਾਰ ਵਿੱਚ ਪਹਿਲੀ ਜੂਨ ਵਾਲੇ ਦਿਨ ਚੋਣ ਅਮਲੇ ਦੀਆਂ 10 ਮੌਤਾਂ ਹੋਈਆਂ। ਬਿਹਾਰ ਦੇ ਡਿਜ਼ਾਸਟਰ ਮੈਨੇਜਮੈਂਟ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਸਭ ਤੋਂ ਜ਼ਿਆਦਾ ਮੌਤਾਂ ਭੋਜਪੁਰ ਇਲਾਕੇ ਵਿੱਚ ਹੋਈਆਂ, ਜਿੱਥੇ 5 ਚੋਣ ਅਧਿਕਾਰੀਆਂ ਦੀ ਮੌਤ ਹੋਈ। ਇਸੇ ਤਰ੍ਹਾਂ ਉੜੀਸਾ ਵਿੱਚ ਵੀ ਕਈ ਚੋਣ ਅਧਿਕਾਰੀਆਂ ਦੀ ਇੱਕ ਜੂਨ ਨੂੰ ਗਰਮੀ ਕਾਰਨ ਮੌਤ ਹੋ ਗਈ। ਮੌਜੂਦਾ ਹੀਟਵੇਵ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 150 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
ਗਰਮੀ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮੌਤਾਂ ਦਾ ਇਹ ਸਿਲਸਲਾ ਜਾਰੀ ਹੈ। ਉਂਝ ਰਾਜਸਥਾਨ ਅਤੇ ਪੰਜਾਬ ਦੇ ਕੁੱਝ ਹਿੱਸਿਆਂ ਵਿੱਚ ਹਲਕੀ ਬਾਰਸ਼ ਹੋਣ ਤੇ ਝੱਖੜ ਚੱਲਣ ਕਾਰਨ ਮੌਸਮ ਦੇ ਕੁਝ ਨਰਮ ਹੋਣ ‘ਤੇ ਲੋਕਾਂ ਨੂੰ ਰਾਹਤ ਮਿਲੀ ਹੈ; ਪਰ ਮੌਸਮ ਵਿਭਾਗ ਦਾ ਆਖਣਾ ਹੈ ਕਿ 6 ਜੂਨ ਤੋਂ ਬਾਅਦ ਗਰਮੀ ਦਾ ਪ੍ਰਕੋਪ ਮੁੜ ਵਧ ਜਾਵੇਗਾ। ਪਿਛਲੇ ਦਿਨੀਂ ਦਿੱਲੀ ਵਿੱਚ ਤਾਪਮਾਨ 52 ਡਿਗਰੀ ਸੈਲਸੀਅਸ ਤੋਂ ਉੱਪਰ ਚਲਾ ਗਿਆ, ਜਿਸ ਕਾਰਨ ਲੋਕ ਨਾ ਸਿਰਫ ਗਰਮੀ ਨਾਲ ਭੁੰਨ ਹੋਣ ਲੱਗੇ, ਸਗੋਂ ਕੌਮੀ ਰਾਜਧਾਨੀ ਵਿੱਚ ਪਾਣੀ ਦਾ ਇੱਕ ਗੰਭੀਰ ਸੰਕਟ ਖੜ੍ਹਾ ਹੋ ਗਿਆ। ਪਾਣੀ ਦੀ ਕਿੱਲਤ ਨੂੰ ਲੈ ਕੇ ਰਾਜਧਾਨੀ ਦੀ ‘ਆਪ’ ਸਰਕਾਰ ਹਰਿਆਣਾ ਅਤੇ ਰਾਜਸਥਾਨ ਨੂੰ ਅਪੀਲ ਕਰ ਰਹੀ ਹੈ ਕਿ ਇਸ ਸੰਕਟ ਦੀ ਘੜੀ ਉਸ ਨੂੰ ਵਧੇਰੇ ਪਾਣੀ ਦਿੱਤਾ ਜਾਵੇ। ਮਾਮਲੇ ਨੂੰ ਲੈ ਕੇ ਦਿੱਲੀ ਜਲ ਬੋਰਡ ਨੇ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਵੀ ਦਾਖਲ ਕੀਤੀ ਹੈ।
ਇਸ ਮਾਨਵੀ ਸੰਕਟ ਦੇ ਐਨ ਦਰਮਿਆਨ ਹਰਿਆਣਾ ਦੀ ਭਾਜਪਾ ਸਰਕਾਰ ਨੇ ਸਿਆਸਤ ਕਰਨੀ ਸ਼ੁਰੂ ਕਰ ਦਿੱਤੀ ਹੈ। ਹਰਿਆਣਾ ਸਰਕਾਰ ਦਾ ਆਖਣਾ ਹੈ ਕਿ ਉਸ ਵੱਲੋਂ ਕੌਮੀ ਰਾਜਧਾਨੀ ਲਈ ਮਿੱਥੇ ਕੋਟੇ ਤੋਂ ਪਹਿਲਾਂ ਹੀ ਵੱਧ ਪਾਣੀ ਛੱਡਿਆ ਜਾ ਰਿਹਾ ਹੈ। ਦਿੱਲੀ ਵਿੱਚ ਪਾਣੀ ਦੀ ਸਮੱਸਿਆ ‘ਆਪ’ ਸਰਕਾਰ ਦੀਆਂ ਆਪਣੀਆਂ ਗਲਤੀਆਂ ਕਾਰਨ ਹੈ। ਹਰਿਆਣਾ ਇਰੀਗੇਸ਼ਨ ਅਤੇ ਕੁਦਰਤੀ ਸੋਮਿਆਂ ਬਾਰੇ ਮੰਤਰੀ ਅਭੈ ਯਾਦਵ ਨੇ ਦੱਸਿਆ ਕਿ ਬਵਾਨਾ ਤੋਂ ਦਿੱਲੀ ਲਈ ਸਾਰੇ ਮਈ ਮਹੀਨੇ ਵਿੱਚ ਹਰ ਰੋਜ਼ 950 ਕਿਊਸਿਕ ਪਾਣੀ ਛੱਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪਾਣੀ ਦਿੱਲੀ ਦੇ ਮਿੱਥੇ ਕੋਟੇ ਤੋਂ ਵੱਧ ਹੈ। ਉਨ੍ਹਾਂ ਦਾ ਆਖਣਾ ਹੈ ਕਿ ਹਰਿਆਣਾ ਵੱਲੋਂ ਦਿੱਲੀ ਨੂੰ ਕੁੱਲ ਮਿਲਾ ਕੇ 1049 ਕਿਊਸਿਕ ਪਾਣੀ ਰੋਜ਼ਾਨਾ ਛੱਡਿਆ ਜਾ ਰਿਹਾ ਹੈ। ਹਰਿਆਣਾ ਦੇ ਅਧਿਕਾਰੀਆਂ ਦਾ ਆਖਣਾ ਹੈ ਕਿ ਵਜੀਰਾਬਾਦ ਹੈਡਵਰਕਸ ਸਮੇਤ ਦਿੱਲੀ ਦੇ ਆਪਣੇ ਖੇਤਰਾਂ ਵਿੱਚ ਹੁੰਦੀ ਪਾਣੀ ਦੀ ਬਰਬਾਦੀ ਅਤੇ ਚੋਰੀ ਨੂੰ ਰੋਕਣਾ ਦਿੱਲੀ ਸਰਕਾਰ ਦਾ ਕੰਮ ਹੈ। ਹਰਿਆਣਾ ਦੇ ਇੱਕ ਹੋਰ ਅਧਿਕਾਰੀ ਨੇ ਆਖਿਆ ਕਿ ਵਜੀਰਾਬਾਦ ਬੰਨ੍ਹ ਵਿੱਚ ਜੰਮੀ ਸਿਲਟ, ਪਾਣੀ ਦੀ ਲੀਕੇਜ ਅਤੇ ਇਸ ਦੀ ਹੋ ਰਹੀ ਚੋਰੀ ਰਾਜਧਾਨੀ ਵਿੱਚ ਪਾਣੀ ਦੀ ਘਾਟ ਦੇ ਅਸਲ ਕਾਰਨ ਹਨ। ਇਨ੍ਹਾਂ ਨੂੰ ਹੱਲ ਕਰਨਾ ਦਿੱਲੀ ਸਰਕਾਰ ਦਾ ਕੰਮ ਹੈ। ਯਾਦ ਰਹੇ, ਦਿੱਲੀ ਹਿਮਾਚਲ ਤੋਂ ਵੀ ਪਾਣੀ ਹਾਸਲ ਕਰਦੀ ਹੈ। ਦਿੱਲੀ ਵਿੱਚ ਆਏ ਪਾਣੀ ਦੇ ਸੰਕਟ ਨੂੰ ਲੈ ਕੇ ਇਹ ਤਿੰਨੋ ਸਰਕਾਰਾਂ ਮਿਹਣੋ-ਮਿਹਣੀ ਹੋਣ ਲੱਗੀਆਂ ਹਨ।
ਇਸ ਦੌਰਾਨ ਦਿੱਲੀ ਸਰਕਾਰ ਨੇ ਸੰਕਟ ਮੋਚਨ ਲਈ ਵਧੇਰੇ ਪਾਣੀ ਹਾਸਲ ਕਰਨ ਵਾਸਤੇ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਵੀ ਪਾਈ ਹੈ। ਇਸ ਪਟੀਸ਼ਨ ਵਿੱਚ ਦਿੱਲੀ ਸਰਕਾਰ ਨੇ ਕਿਹਾ ਕਿ ਵਧ ਰਹੀ ਅਣਕਿਆਸੀ ਗਰਮੀ ਅਤੇ ਤਾਪਮਾਨ ਦੇ 52.3 ਡਿਗਰੀ ਸੈਲਸੀਅਸ ਨੂੰ ਛੋਹ ਜਾਣ ਕਾਰਨ ਰਾਜ ਵਿੱਚ ਪਾਣੀ ਦੀ ਮੰਗ ਵਧ ਗਈ ਹੈ। ਇਸ ਦਰਮਿਆਨ ਗੁਆਂਢੀ ਰਾਜਾਂ ਵੱਲੋਂ ਪੂਰਾ ਪਾਣੀ ਨਾ ਮਿਲਣ ਕਾਰਨ ਰਾਜਧਾਨੀ ਸਟੇਟ ਵਿੱਚ ਪਾਣੀ ਦਾ ਤਕੜਾ ਸੰਕਟ ਖੜ੍ਹਾ ਹੋ ਗਿਆ ਹੈ। ਦਿੱਲੀ ਸਰਕਾਰ ਦੀ ਮੰਤਰੀ ਆਤਿਸ਼ੀ ਨੇ ਦੱਸਿਆ ਕਿ ਹਰਿਆਣਾ ਵਿੱਚ ਪੈਂਦੇ ਵਜ਼ੀਰਾਬਾਦ ਬੰਨ੍ਹ (ਜਿਸ ਰਾਹੀਂ ਦਿੱਲੀ ਨੂੰ ਪਾਣੀ ਸਪਲਾਈ ਕੀਤਾ ਜਾਂਦਾ ਹੈ) ਵਿੱਚ ਪਾਣੀ ਦਾ ਪੱਧਰ ਕਾਫੀ ਘਟ ਗਿਆ ਹੈ। ਹਰਿਆਣਾ ਵੱਲੋਂ ਯਮੁਨਾ ਵਿੱਚ ਲੋੜੀਂਦਾ ਪਾਣੀ ਨਹੀਂ ਛੱਡਿਆ ਜਾ ਰਿਹਾ। ਇਸ ਕਾਰਨ ਰਾਜਧਾਨੀ ਵਿੱਚ ਪਾਣੀ ਦਾ ਵੱਡਾ ਸੰਕਟ ਪੈਦਾ ਹੋ ਗਿਆ ਹੈ। ਦਿੱਲੀ ਸਰਕਾਰ ਅਨੁਸਾਰ ਹਰਿਆਣਾ ਵੱਲੋਂ ਦਿੱਲੀ ਨੂੰ 1000 ਮਿਲੀਅਨ ਗੈਲਨ ਪਾਣੀ ਛੱਡਿਆ ਜਾ ਰਿਹਾ ਹੈ, ਜਦੋਂ ਕਿ ਸੰਕਟ ਦੇ ਇਸ ਸਮੇਂ ਉਸ ਦੀ ਲੋੜ 1290 ਮਿਲੀਅਨ ਗੈਲਨ ਪਾਣੀ ਦੀ ਹੈ।
ਯਾਦ ਰਹੇ, ਦਿੱਲੀ ਨੂੰ ਪਾਣੀ ਦੀ ਸਪਲਾਈ ਦਾ ਮਾਮਲਾ ਪਹਿਲਾਂ ਵੀ ਕਈ ਵਾਰ ਸੁਪਰੀਮ ਕੋਰਟ ਵਿੱਚ ਜਾ ਚੁੱਕਾ ਹੈ। 23 ਜੁਲਾਈ 2021 ਨੂੰ ਸੁਪਰੀਮ ਕੋਰਟ ਨੇ ਦਿੱਲੀ ਜਲ ਬੋਰਡ ਵੱਲੋਂ ਇਸੇ ਕਿਸਮ ਦੀ ਇੱਕ ਪਟੀਸ਼ਨ ਰੱਦ ਕਰ ਦਿੱਤੀ ਸੀ। ਇਸ ਪਟੀਸ਼ਨ ਵਿੱਚ ਜਲ ਬੋਰਡ ਦੇ ਅਧਿਕਾਰੀਆਂ ਵੱਲੋਂ ਫਰਵਰੀ 1996 ਦੇ ਫੈਸਲੇ ਅਨੁਸਾਰ ਜਾਣ-ਬੁੱਝ ਕੇ ਪਾਣੀ ਨਾ ਦੇਣ ਦਾ ਦੋਸ਼ ਹਰਿਆਣੇ ‘ਤੇ ਲਗਾਇਆ ਗਿਆ ਸੀ, ਪਰ ਸੁਪਰੀਮ ਕੋਰਟ ਨੇ ਇਹ ਪਟੀਸ਼ਨ ਰੱਦ ਕਰ ਦਿੱਤੀ ਸੀ ਅਤੇ ਜਲ ਬੋਰਡ ਦੇ ਅਧਿਕਾਰੀਆਂ ਨੂੰ ਝਿੜਕਿਆ ਵੀ ਸੀ ਕਿ ਇਸ ਕਿਸਮ ਦੀਆਂ ਪਟੀਸ਼ਨਾਂ ਸੋਚ ਸਮਝ ਕੇ ਦਾਖਲ ਕੀਤੀਆਂ ਜਾਣ।
ਦਿੱਲੀ ਤੋਂ ਇਲਾਵਾ ਹਰਿਆਣਾ ਦੇ ਭਿਵਾਨੀ ਅਤੇ ਹਿਸਾਰ ਜ਼ਿਲਿ੍ਹਆਂ ਨਾਲ ਸੰਬੰਧਤ ਕੁਝ ਪਿੰਡਾਂ ਵਿੱਚੋਂ ਵੀ ਪਾਣੀ ਦਾ ਸੰਕਟ ਹੋਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਪਾਣੀ ਦੀ ਥੁੜ੍ਹ ਕਾਰਨ ਪ੍ਰਸ਼ਾਸਨ ਵੱਲੋਂ ਇਨ੍ਹਾਂ ਪਿੰਡਾਂ ਵਿੱਚ ਟੈਂਕਰਾਂ ਰਾਹੀਂ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿੱਚ ਗੱਲਬਾਤ ਕਰਦਿਆਂ ਹਿਸਾਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਕੀਰਤਨ ਦੇ ਰਮਨਦੀਪ ਸਿੰਘ ਨੇ ਦੱਸਿਆ ਕਿ ਬਹੁਤ ਜ਼ਿਆਦਾ ਗਰਮੀ ਕਾਰਨ ਪਿੰਡਾਂ ਦੇ ਜਲ ਘਰਾਂ ਦਾ ਪਾਣੀ ਸੁੱਕ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਲੋਕਾਂ ਨੂੰ 5000 ਲਿਟਰ ਦੇ ਪਾਣੀ ਦੇ ਟੈਂਕਰ ਦੀ ਸਪਲਾਈ ਲਈ 1000/ ਰੁਪਏ ਦੇਣੇ ਪੈ ਰਹੇ ਹਨ।
ਜ਼ਿਕਰਯੋਗ ਹੈ ਕਿ ਮੌਸਮ ਅਤੇ ਵਾਤਾਵਰਣ ਵਿਗਿਆਨੀਆਂ ਵੱਲੋਂ ਇਸ ਵਾਰ ਪਹਿਲਾਂ ਹੀ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਸਨ ਕਿ ਮਈ-ਜੂਨ ਦੇ ਮਹੀਨੇ ਵਿੱਚ ਹਿੰਦੁਸਤਾਨ ਦੇ ਬਹੁਤੇ ਹਿੱਸਿਆਂ ਵਿੱਚ ਅਣਕਿਆਸੀ ਗਰਮੀ ਪਵੇਗੀ। ਉਂਝ ਵੀ ਮਨੁੱਖੀ ਆਬਾਦੀ ਵੱਲੋਂ ਫੈਲਾਏ ਹਵਾ ਅਤੇ ਹੋਰ ਹਰ ਕਿਸਮ ਦੇ ਪ੍ਰਦੂਸ਼ਣ ਕਾਰਨ ਧਰਤੀ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ। ਇਸ ਕਾਰਨ ਐਕਸਟਰੀਮ ਵੈਦਰ ਕੰਡੀਸ਼ਨਜ਼ ਪੈਦਾ ਹੋਣ ਦੇ ਮਾਮਲੇ ਵੀ ਵਧ ਰਹੇ ਹਨ, ਜਿਨ੍ਹਾਂ ਤਹਿਤ ਕਿਸੇ ਵੇਲੇ ਹੱਦੋਂ ਵੱਧ ਠੰਡ ਪੈਣ ਲਗਦੀ ਹੈ ਅਤੇ ਕਦੀ ਹੱਦੋਂ ਵੱਧ ਗਰਮੀ। ਕਿਸੇ ਵੇਲੇ ਹੱਦ ਤੋਂ ਵੱਧ ਬਾਰਸ਼ ਹੋ ਜਾਂਦੀ ਅਤੇ ਕਿਸੇ ਹੋਰ ਵੇਲੇ ਕਿਸੇ ਖਿੱਤੇ ਨੂੰ ਤੇਜ਼ ਸੋਕੇ ਦੀ ਮਾਰ ਝੱਲਣੀ ਪੈਂਦੀ ਹੈ। ਬੀਤੇ ਸਾਲ ਸਰਦੀਆਂ ਦੇ ਸੀਜ਼ਨ ਵਿੱਚ ਯੂਰਪ ਵਿੱਚ ਕਾਫੀ ਸਰਦੀ ਨਹੀਂ ਪਈ ਅਤੇ ਮੌਸਮ ਸੀਤ ਜਿਹਾ ਰਿਹਾ ਹੈ। ਇੰਜ ਹੀ ਪੰਜਾਬ ਵਿੱਚ ਮਈ ਦੇ ਅੱਧ ਤੱਕ ਰਾਤਾਂ ਕਾਫੀ ਸਰਦ ਰਹੀਆਂ ਹਨ। ਇੰਝ ਖੁਦ ਸਾਡੇ ਖਿੱਤੇ ਵਿੱਚ ਵੀ ਰੁੱਤਾਂ ਦਾ ਸਹਿਜ ਪਰਿਵਰਤਨ ਟੁੱਟ ਗਿਆ ਹੈ। ਇਸ ਤੋਂ ਇਲਾਵਾ ਵਾਧੂ ਮੱਛੀ ਮੋਟਰਾਂ, ਝੋਨੇ ਦੀ ਫਸਲ, ਤੇਜ਼ ਸ਼ਹਿਰੀਕਰਣ ਅਤੇ ਟੋਭੇ-ਛੱਪੜਾਂ ਤੇ ਦਰਿਆਵਾਂ ਦੇ ਸੁੱਕ ਜਾਣ ਕਾਰਨ ਪੰਜਾਬ ਦਾ ਪਾਣੀ ਸੰਕਟ ਵੀ ਤੇਜ਼ੀ ਨਾਲ ਵਧ ਰਿਹਾ ਹੈ। ਇੱਕ ਪਾਸੇ ਧਰਤੀ ਹੇਠਲਾ ਪਾਣੀ ਡੂੰਘਾ ਜਾ ਰਿਹਾ ਹੈ, ਦੂਜੇ ਪਾਸੇ ਧਰਤੀ ਦੀ ਸਤਹ ਉੱਪਰਲੇ ਪਾਣੀ ਦੇ ਸੋਮੇਂ ਜਾਂ ਪ੍ਰਦੂਸ਼ਿਤ ਹੋ ਗਏ ਹਨ ਜਾਂ ਸੁਕਾਏ ਜਾ ਰਹੇ ਹਨ। ਪੰਜਾਬ ਦਾ ਪ੍ਰਮੁੱਖ ਦਰਿਆ ਸਤਲੁਜ, ਬਾਰਸ਼ਾਂ ਦੇ ਮਹੀਨੇ ਤੋਂ ਇਲਾਵਾ ਸਾਰਾ ਸਾਲ ਸੁੱਕਾ ਰਹਿੰਦਾ ਹੈ। ਇਸ ਤਰ੍ਹਾਂ ਧਰਤੀ ਹੇਠ ਪਾਣੀ ਰਿਸਣ ਦੀ ਸਮਰਥਾ ਵੀ ਕਮਜ਼ੋਰ ਹੋ ਰਹੀ ਹੈ। ਇਹ ਜ਼ਿੰਦਗੀ ਨੂੰ ਹਿਲਾ ਦੇਣ ਵਾਲੇ ਸੰਕਟ ਹਨ, ਜਿਹੜੇ ਜਲਦੀ ਹੀ ਸਾਡੇ ਸੂਬੇ ਵਿੱਚ ਵੀ ਮਹਿਸੂਸ ਹੋਣਗੇ। ਸਾਡੇ ਲੋਕਾਂ ਅਤੇ ਸਰਕਾਰਾਂ ਕੋਲ ਇਨ੍ਹਾਂ ਮਸਲਿਆਂ ‘ਤੇ ਵਿਚਾਰ ਕਰਨ ਲਈ ਕੋਈ ਵੇਹਲ ਨਹੀਂ ਹੈ। ਚੋਣਾਂ ਵੇਲੇ ਵੀ ਨਹੀਂ। ਲਗਦਾ ਹੈ ਅਸੀਂ ਆਫਤਾਂ ਦੀ ਉਡੀਕ ਕਰ ਰਹੇ ਹਨ। ਹਾਲਾਤ ਨਾਲ ਟੱਕਰਨ ਦੇ ਨਾ ਅਸੀਂ ਕਾਬਲ ਹਾਂ ਅਤੇ ਨਾ ਹੀ ਸਾਡੇ ਕੋਲ ਇਸ ਨਾਲ ਨਿਪਟਣ ਦੇ ਸਾਧਨ ਹਨ। ਆਉਂਦੀਆਂ ਬਾਰਸ਼ਾਂ ਹੀ ਸਾਡੀ ਪੋਲ ਖੋਲ੍ਹ ਦੇਣਗੀਆਂ। ਜ਼ਿਆਦਾ ਬਾਰਸ਼ ਕਾਰਨ ਪੈਦਾ ਹੋਣ ਵਾਲੀ ਹੜ੍ਹਾਂ ਦੀ ਹਾਲਤ ਨਾਲ ਨਿਪਟਣ ਲਈ ਰਾਜ ਕੋਲ ਨਾ ਕੋਈ ਯੋਜਨਾ ਹੈ, ਨਾ ਤਿਆਰੀ। ਲੋਕਾਂ ਨੂੰ ਆਪ ਹੀ ਆਪਣਾ ਸਿਰ ਗੁੰਦਣਾ ਪੈਂਦਾ ਹੈ।

Leave a Reply

Your email address will not be published. Required fields are marked *