ਕਾਰਵਾਂ

ਸ਼ਬਦੋ ਵਣਜਾਰਿਓ

ਪਰਮਜੀਤ ਢੀਂਗਰਾ
ਫੋਨ: +91-9417358120
ਅਰਬੀ ਕੋਸ਼ ਵਿੱਚ ਕਾਰਵਾਂ ਲਈ ‘ਕਾਰਵਾਂ ਸਰਾਏ’ ਸ਼ਬਦ ਮਿਲਦਾ ਹੈ, ਜਿਸਦਾ ਅਰਥ ਹੈ- ਕਾਰਵਾਨ ਸਰਾਂ; ਫ਼ ਕਾਰਵਾਨ= ਕਾਫਲਾ+ਫ਼ ਸਰਾਏ= ਘਰ, ਰਹਿਣ ਦੀ ਥਾਂ। ਕਾਫਲੇ ਦੇ ਪੜਾਓ ਦੀ ਥਾਂ, ਕਾਫਲੇ ਦਾ ਰੈਣ ਬਸੇਰਾ। ਫ਼ਾਰਸੀ ਕੋਸ਼ ਅਨੁਸਾਰ ਕਾਰਵਾਨ– ਕਾਫਲਾ, ਪਾਂਧੀਆਂ ਦਾ ਟੋਲਾ; ਕਾਰਵਾਨ-ਸਲਾਰ= ਕਾਫਲੇ ਦਾ ਸਿਰਦਾਰ; ਕਾਰਵਾਨ ਸਰਾਯ– ਉਹ ਸਰਾਂ ਜਿੱਥੇ ਕਾਫਲੇ ਰਾਤ ਨੂੰ ਠਹਿਰਦੇ ਹਨ; ਕਾਫਲਿਆਂ ਦੇ ਉਤਰਨ ਦੀ ਥਾਂ। ਪੰਜਾਬੀ ਕੋਸ਼ਾਂ ਵਿੱਚ ਵੀ ਅਜਿਹੇ ਹੀ ਅਰਥ ਮਿਲਦੇ ਹਨ: ਕਾਰਵਾਂ– ਬਹੁਤ ਸਾਰੇ ਮੁਸਾਫਰਾਂ, ਯਾਤਰੂਆਂ ਜਾਂ ਸੌਦਾਗਰਾਂ ਦਾ ਗਰੋਹ ਜਾਂ ਸੰਘ। ਕਾਰਵਾਨੀ- ਕਾਰਵਾਂ ਜਾਂ ਕਾਫਲੇ ਸੰਬੰਧੀ; ਕਾਰਵਾਂ ਦਾ ਕੋਈ ਬੰਦਾ ਜਾਂ ਹਿੱਸਾ।

ਫ਼ਾਰਸੀ ਕਾਰਵਾਂ ਸਰਾਏ ਅਸਲ ਵਿੱਚ ਉਨ੍ਹਾਂ ਰੈਣ ਬਸੇਰਿਆਂ ਲਈ ਵਰਤਿਆ ਜਾਂਦਾ ਹੈ, ਜਿਥੇ ਆ ਕੇ ਕਾਰਵਾਨ ਜਾਂ ਕਾਫਲੇ ਰੁਕਦੇ ਹਨ। ਪ੍ਰਾਚੀਨ ਕਾਲ ਵਿੱਚ ਇਨ੍ਹਾਂ ਯਾਤਰੂਆਂ ਜਾਂ ਸੌਦਾਗਰਾਂ ਲਈ ਰਾਜਿਆਂ ਵੱਲੋਂ ਅਜਿਹੀਆਂ ਠਾਹਰਾਂ ਬਣਾਈਆਂ ਜਾਂਦੀਆਂ ਸਨ। ਪੁਰਾਣੇ ਸਮਿਆਂ ਵਿੱਚ ਲੰਮੇ ਸਫਰ ਪੈਦਲ, ਘੋੜਿਆਂ ਜਾਂ ਊਠਾਂ ’ਤੇ ਕੀਤੇ ਜਾਂਦੇ ਸਨ ਤੇ ਇਨ੍ਹਾਂ ਨੂੰ ਰਸਤੇ ਵਿੱਚ ਸਾਹ ਦੁਆਉਣ ਲਈ ਪੜਾਅ ਕੀਤੇ ਜਾਂਦੇ ਸਨ। ਪ੍ਰਸਿਧ ਸਿਲਕ ਰੂਟ ਕਾਰਵਾਨਾਂ ਦਾ ਹੀ ਮਾਰਗ ਸੀ। ਭਾਵੇਂ ਬਾਅਦ ਵਿੱਚ ਬੈਲ ਗੱਡੀਆਂ ਦੇ ਕਾਫਲੇ ਚਲਣ ਲੱਗੇ, ਪਰ ਮਨੁੱਖ ਨੂੰ ਪੈਦਲ ਹੀ ਵਧੇਰੇ ਸਫਰ ਕਰਨਾ ਪੈਂਦਾ ਸੀ, ਜੋ ਬੜਾ ਔਖਾ ਤੇ ਮੁਸ਼ਕਲਾਂ ਭਰਿਆ ਹੁੰਦਾ ਸੀ। ਲੰਮੇ ਸਫਰ ਸਰਾਵਾਂ ਜਾਂ ਧਰਮਸ਼ਾਲਾਵਾਂ ਵਿੱਚ ਰੁਕੇ ਬਿਨਾ ਕਰਨੇ ਮੁਸ਼ਕਲ ਹੁੰਦੇ ਸਨ। ਇਕੱਲੇ ਯਾਤਰੀ ਖਤਰੇ ਤੋਂ ਖਾਲੀ ਵੀ ਨਹੀਂ ਸਨ ਹੁੰਦੇ। ਇਸ ਲਈ ਉਨ੍ਹਾਂ ਨੂੰ ਸਮੂਹਾਂ ਵਿੱਚ ਇਹ ਸਫਰ ਕਰਨੇ ਪੈਂਦੇ ਸਨ। ਭਾਵੇਂ ਸਮੂਹ ਆਪਣੇ ਆਪ ਵਿੱਚ ਆਸਰਾ ਹੁੰਦਾ ਹੈ, ਪਰ ਉਹਨੂੰ ਰਸਤੇ ਵਿੱਚ ਪਾਣੀ ਤੇ ਅਰਾਮ ਲਈ ਸਰਾਵਾਂ ਦੀ ਲੋੜ ਜ਼ਰੂਰੀ ਹੁੰਦੀ ਹੈ।
ਕਾਰਵਾਂ ਸਰਾਏ ਸ਼ਬਦ ਦੀ ਸਾਰਥਕਤਾ ਮੁਸਲਿਮ ਸ਼ਾਸਨ ਕਾਲ ਵਿੱਚ ਹੋਰ ਉਭਰਦੀ ਹੈ ਤੇ ਇਹ ਸ਼ਬਦ ਸਾਰਥਕਤਾ ਗ੍ਰਹਿਣ ਕਰਦਾ ਹੈ, ਜਦੋਂ ਸ਼ੇਰ ਸ਼ਾਹ ਸੂਰੀ ਨੇ ਪਿਸ਼ਾਵਰ ਤੋਂ ਕਲਕੱਤੇ ਤੱਕ ਜੀ.ਟੀ. ਰੋਡ ਦਾ ਨਿਰਮਾਣ ਕੀਤਾ ਤਾਂ ਇਸ ’ਤੇ ਅਨੇਕਾਂ ਸਰਾਵਾਂ ਵੀ ਤਾਮੀਰ ਕਰਵਾਈਆਂ। ਭਾਵੇਂ ਕਾਰਵਾਂ ਸ਼ਬਦ ਅਰਬੀ ਦਾ ਮੰਨਿਆ ਜਾਂਦਾ ਹੈ, ਪਰ ਇਹ ਇੰਡੋ-ਇਰਾਨੀ ਮੂਲ ਦਾ ਸ਼ਬਦ ਹੈ, ਜੋ ਵਾਇਆ ਫ਼ਾਰਸੀ ਦੁਨੀਆ ਭਰ ਦੀਆਂ ਭਾਸ਼ਾਵਾਂ ਵਿੱਚ ਪ੍ਰਚਲਤ ਹੋਇਆ। ਕਾਰਵਾਂ ਦੇ ਵਿਭਿੰਨ ਰੂਪ ਪ੍ਰਚਲਤ ਹਨ, ਜਿਵੇਂ ਅੰਗਰੇਜ਼ੀ ਵਿੱਚ ਕੈਰੇਵੈਨ (ਚਅਰਅਵਅਨ), ਡੱਚ ਵਿੱਚ ਇਹਦਾ ਰੂਪ ਕਾਰਵਾਨ ਹੈ। ਜਰਮਨ, ਡੈਨਿਸ਼ ਵਿੱਚ ਕਾਰਵਾਨੇ; ਫਰੈਂਚ ਵਿੱਚ ਕੈਰਵਨ। ਤੁਰਕੀ ਵਿੱਚ ਇਹਦਾ ਰੂਪ ਕੁਝ ਕੁਝ ‘ਕਿਰਿਆਵਾਂ’ ਵਰਗਾ ਹੈ।
ਸੰਸਕ੍ਰਿਤ ਦਾ ਇੱਕ ਸ਼ਬਦ ਹੈ– ‘ਕਾਪਰਟਿਕ’ ਜਿਸਦਾ ਅਰਥ ਹੈ- ਤੀਰਥ ਯਾਤਰੀਆਂ ਦਾ ਜਥਾ, ਵਪਾਰਕ ਸਮੂਹ, ਸਾਧੂ ਸੰਤਾਂ ਦਾ ਟੋਲਾ ਜਾਂ ਯਾਤਰੀਆਂ ਦਾ ਕਾਫਲਾ। ਹਿੰਦੀ ਸ਼ਬਦ ਸਾਗਰ ਵਿੱਚ ਇਹਦੇ ਕਈ ਅਰਥ ਦਿੱਤੇ ਗਏ ਹਨ, ਜਿਵੇਂ– ਤੀਰਥ ਯਾਤਰੀ, ਪਵਿਤਰ ਤੀਰਥ ਜਲ ਲੈ ਕੇ ਰੋਜ਼ੀ ਪ੍ਰਾਪਤ ਕਰਨ ਵਾਲਾ ਵਿਅਕਤੀ, ਤੀਰਥ ਯਾਤਰੀਆਂ ਦਾ ਕਾਰਵਾਂ, ਅਨੁਭਵੀ ਵਿਅਕਤੀ, ਵਿਸ਼ਵਾਸਪਾਤਰ ਆਦਿ। ਕਾਪਰਟਿਕ ਦਾ ਹੀ ਰੂਪ ਕਾਰਵਾਂ ਹੋਇਆ ਲਗਦਾ ਹੈ, ਕਿਉਂਕਿ ਇਨ੍ਹਾਂ ਵਿਚਲੀ ਮੂਲ ਧਾਤੂ /ਕੁ/ ਨਜ਼ਰ ਆ ਰਹੀ ਹੈ।
ਵੱਖ-ਵੱਖ ਪ੍ਰਸੰਗਾਂ ਵਿੱਚ ਕਾਰਵਾਂ ਦੀ ਸਕੀਰੀ ਕਾਪਰਟਿਕ ਨਾਲ ਜੁੜਦੀ ਹੈ। ਕਾਪਰਟਿਕ ਬਣਿਆ ਹੈ ਸੰਸਕ੍ਰਿਤ ਦੇ ‘ਕਪਰਟ’ ਤੋਂ, ਜਿਸਦਾ ਅਰਥ ਹੈ- ਚੀਥੜਾ, ਗੁਦੜ, ਮਲੀਨ, ਜਰਜਰ ਕੱਪੜਾ। ਦੋਵੇਂ ਹੀ /ਕੁ/ ਧਾਤੂ ਤੋਂ ਬਣੇ ਹਨ। ਇਸੇ ‘ਕੁ’ ਧਾਤੂ ਤੋਂ ਸੰਸਕ੍ਰਿਤ ਦੇ ਕਈ ਸ਼ਬਦ ਬਣਦੇ ਹਨ। ਇਸ ਧਾਤੂ ਦਾ ਅਰਥ ਹੈ- ਨਿਰਮਾਣ ਕਰਨਾ, ਬਣਾਉਣਾ, ਰਚਨਾ, ਧਾਰਨ ਕਰਨਾ, ਪਹਿਨਣਾ, ਗ੍ਰਹਿਣ ਕਰਨਾ ਆਦਿ। ਕ੍ਰਪਾਸ: (ਕਪਾਹ, ਰੂੰ) ਵਿੱਚ ਵੀ ਇਹੀ ਮੂਲ ਧਾਤੂ ਹੈ। ਕਪਾਹ ਤੋਂ ਰੂੰ ਦੀ ਪਿੰਜਾਈ, ਕਤਾਈ, ਸੂਤਰ, ਬੁਣਾਈ ਆਦਿ ਵਿੱਚ ਕੱਪੜੇ ਦਾ ਨਿਰਮਾਣ ਹੋ ਰਿਹਾ ਹੈ। ਫਿਰ ਵਸਤਰ ਧਾਰਨ ਕਰਨ ਤੱਕ ਕਈ ਕਿਰਿਆਵਾਂ ਹਨ। ਮਲੀਨ, ਚੀਥੜੇ ਦਾ ਸੰਬੰਧ ਲੰਮੀਆਂ ਯਾਤਰਾਵਾਂ ਨਾਲ ਹੈ, ਜਦੋਂ ਕੱਪੜੇ ਜਰਜਰ ਹੋ ਜਾਂਦੇ ਸਨ। ਚੀਥੜੇ ਪਹਿਣਨ ਵਾਲੇ ਨੂੰ ਕਾਪਰਟਿਕ ਕਹਿਣ ਦੀ ਇਸ ਤੋਂ ਸਮਝ ਆ ਜਾਂਦੀ ਹੈ। ਫਾਰਸੀ ਵਿੱਚ ਜਾ ਕੇ ਕਾਪਰਟਿਕ ਸਮੂਹ ਅਰਥਵਾਚੀ ਹੋ ਗਿਆ। ਅਨੁਗਮਨ ਵਿੱਚ ਇੱਕ ਦੇ ਪਿਛੇ ਇੱਕ ਚਲਣ ਦਾ ਭਾਵ ਹੈ। ਭੇਡ ਚਾਲ ਵਿੱਚ ਵੀ ਇਹੀ ਭਾਵ ਹੈ, ਜੋ ਕਾਰਵਾਂ ਨਾਲ ਮੇਲ ਖਾਂਦਾ ਹੈ।
ਕਾਰਵਾਂ ਅੰਗਰੇਜ਼ੀ ਵਿੱਚ ਕੈਰੇਵਾਨ ਦੇ ਰੂਪ ਵਿੱਚ ਦਾਖਲ ਹੋਇਆ, ਜੋ ਕਈ ਅਰਥਾਂ ਵਿੱਚ ਵਰਤਿਆ ਜਾਂਦਾ ਹੈ। ਰੇਗਿਸਤਾਨ ਵਿੱਚ ਸਫਰ ਕਰਨ ਵਾਲੇ ਯਾਤਰੀਆਂ ਦਾ ਕਾਫਲਾ, ਪਸ਼ੂਆਂ ਦੇ ਵਗ, ਬਹੁਤ ਸਾਰੇ ਵਾਹਨਾਂ ਦੇ ਸਮੂਹ ਇਸੇ ਨਾਲ ਜੁੜੇ ਹੋਏ ਹਨ, ਕਿਉਂਕਿ ਕਾਰਵਾਂ ਵਿੱਚ ਪੈਦਲਾਂ ਦੇ ਬਾਵਜੂਦ ਬੈਲ ਗੱਡੀਆਂ, ਘੋੜਾ ਗੱਡੀਆਂ, ਰੱਥ ਜਾਂ ਊਠ ਗੱਡੀਆਂ ਚਲਦੀਆਂ ਸਨ। ਇਸ ਲਈ ਅੰਗਰੇਜ਼ੀ ਕੈਰੇਵਾਨ ਦਾ ਅਰਥ ਵਿਸ਼ਾਲ ਸੈਲਾਨੀਆਂ ਦੇ ਸੰਦਰਭ ਨਾਲ ਜੁੜ ਗਿਆ। ਅੰਗਰੇਜ਼ੀ ਦਾ ਵੈਨ ਵੀ ਕੈਰੇਵਾਨ ਨਾਲ ਜੁੜਿਆ ਹੋਇਆ ਹੈ। ਅੱਜ ਵੀ ਗਾਡੀਵਾਨਾਂ ਦਾ ਕਬੀਲਾ ਆਪਣਾ ਸਾਰਾ ਸਮਾਨ ਗੱਡੀਆਂ ’ਤੇ ਲੱਦ ਕੇ ਇੱਕ ਥਾਂ ਤੋਂ ਦੂਜੀ ਥਾਂ ਪ੍ਰਸਥਾਨ ਕਰਦਾ ਹੈ। ‘ਗਾਡੀ> ਗਾਡੀ ਲੁਹਾਰ> ਗਾਡੀਵਾਨ’ ਇੱਕੋ ਸ਼ੇਡ ਦੇ ਸ਼ਬਦ ਹਨ।
ਪ੍ਰਾਚੀਨ ਭਾਰਤ ਵਿੱਚ ਕਾਰਵਾਂ ਵਰਗਾ ਹੀ ਸ਼ਬਦ ਸਾਰਥ+ਵਾਹ ਪ੍ਰਚਲਤ ਸੀ। ਭਾਵੇਂ ਅੱਜ ਇਹ ਲੁਪਤ ਹੋ ਗਿਆ ਹੈ, ਪਰ ਇਤਿਹਾਸਕ ਤੌਰ ’ਤੇ ਇਹ ਜਿੰਦਾ ਹੈ। ਆਪਟੇ ਕੋਸ਼ ਅਨੁਸਾਰ ਸਾਰਥ+ਵਾਹ= ਧਾਰਮਕ ਯਾਤਰੂਆਂ ਦਾ ਜਥਾ ਜਾਂ ਤੀਰਥ ਯਾਤਰੀ। ਇਹ ਬਣਿਆ ਹੈ ਸੰਸਕ੍ਰਿਤ ਦੇ ਸਾਰਥਵਾਹ ਤੋਂ, ਸਾਰਥ ਦਾ ਅਰਥ ਹੁੰਦਾ ਹੈ- ਸਮੂਹ, ਝੁੰਡ, ਇਕੱਠ, ਜਥਾ, ਸਮਾਜ, ਸਾਥੀ, ਦੋਸਤ। ਵਾਹ ਦਾ ਸੰਸਕ੍ਰਿਤ ਵਿੱਚ ਅਰਥ ਹੈ– ਜਾਣਾ, ਲੈ ਜਾਣਾ ਆਦਿ। ਵਹਾ ਇਸ ਤੋਂ ਹੀ ਬਣਿਆ ਹੈ, ਜਿਸਦਾ ਭਾਵ ਹੈ- ਲੈ ਜਾਣਾ। ਲੈ ਜਾਣ ਦੇ ਤੌਰ ’ਤੇ ਵਾਹਨ ਦੇ ਮੂਲ ਵਿੱਚ ਵਹਾ ਹੈ। ਇਸ ਲਈ ਵਾਹਿਨੀ ਸ਼ਬਦ ਦੇਖਿਆ ਜਾ ਸਕਦਾ ਹੈ। ਬੰਗਲਾ ਦੇਸ਼ ਬਣਨ ਵੇਲੇ ਭਾਰਤ ਨੇ ‘ਮੁਕਤੀ ਵਾਹਨੀ’ ਫੌਜ ਖੜ੍ਹੀ ਕੀਤੀ ਸੀ। ਜਿਸ ਤਰ੍ਹਾਂ ਕਾਰਵਾਂ ਦਾ ਅੰਗਰੇਜ਼ੀ ਰੂਪ ਯਾਨ ਦੇ ਅਰਥਾਂ ਵਿੱਚ ਕੈਰੇਵਾਨ ਜਾਂ ਵੈਨ ਹੋ ਗਿਆ, ਉਸੇ ਤਰ੍ਹਾਂ ਸਾਰਥ+ਵਾਹ ਤੋਂ ਵੀ ਯਾਨ ਦੇ ਅਰਥਾਂ ਵਿੱਚ ਵਾਹਨ ਸ਼ਬਦ ਜਨਮਿਆ ਹੈ। ਇਸ ਪ੍ਰਸੰਗ ਵਿੱਚ ਖਾਨ, ਖਾਨਾ ਜਾਂ ਖਾਨਗਾਹ ਸ਼ਬਦ ਦੇਖੇ ਜਾ ਸਕਦੇ ਹਨ। ਖਾਨ ਵਰਗੇ ਸ਼ਬਦ ਵਿੱਚ ਆਸਰੇ ਦਾ ਭਾਵ ਹੈ। ਇਹ ਇੰਡੋ-ਇਰਾਨੀ ਮੂਲ ਦਾ ਸ਼ਬਦ ਹੈ। ਖਾਨ ਜਾਂ ਖਾਨਾ ਵਪਾਰਕ ਮਾਰਗਾਂ ’ਤੇ ਚਲਣ ਵਾਲੇ ਕਾਫਲਿਆਂ ਜਾਂ ਕਾਰਵਾਨਾਂ ਦੇ ਯਾਤਰੀਆਂ ਦੇ ਅਸਥਾਈ ਟਿਕਾਣੇ ਹੁੰਦੇ ਸਨ, ਜਿਨ੍ਹਾਂ ਨੂੰ ਮੁਸਾਫਰਖਾਨਾ ਕਿਹਾ ਜਾਂਦਾ ਸੀ।
ਸੰਸਕ੍ਰਿਤ ਧਾਤੂ /ਖਨੑ/ ਦਾ ਅਰਥ ਹੈ– ਖੋਦਨਾ, ਪੁਟਣਾ, ਖੁਰਚਣਾ, ਖੋਖਲਾ ਕਰਨਾ। ਖਨੑ ਤੋਂ ਹੀ ਗੁਫਾ, ਕੰਦਰਾ ਜਾਂ ਖੁਡ, ਖੱਡੇ ਦਾ ਭਾਵ ਨਿਕਲਦਾ ਹੈ, ਜੋ ਨਿਵਾਸ ਹੈ। ਏਸੇ ਖਨੑ ਦਾ ਪ੍ਰਭਾਵ ਅਵੇਸਤਾ ਇਰਾਨੀ ਵਿੱਚ ਵੀ ਮਿਲਦਾ ਹੈ। ਖਾਨਾ ਮੂਲ ਰੂਪ ਵਿੱਚ ਫੌਜੀਆਂ ਵਪਾਰੀਆਂ ਕਾਰਵਾਂ ਦੇ ਕਾਫਲਿਆਂ ਦਾ ਵਿਸ਼ਰਾਮ ਕਰਨ ਦਾ ਟਿਕਾਣਾ ਹੈ। ਬਾਅਦ ਵਿੱਚ ਇਸ ਤੋਂ ਕਈ ਸ਼ਬਦ ਬਣੇ ਜਿਵੇਂ– ਬਜਾਜਖਾਨਾ, ਨੋਬਤਖਾਨਾ, ਜਨਾਨਖਾਨਾ, ਅਸਲਾਖਾਨਾ, ਡਾਕਖਾਨਾ, ਤੋਸ਼ਾਖਾਨਾ, ਕਾਰਖਾਨਾ, ਬਰਫ ਖਾਨਾ, ਤਹਿ ਖਾਨਾ ਆਦਿ। ਖਨੑ ਧਾਤੂ ਦੀ ਸਕੀਰੀ ਸੰਸਕ੍ਰਿਤ ਖੰਡ ਨਾਲ ਵੀ ਹੈ, ਜਿਸਦਾ ਅਰਥ ਹੈ- ਟੋਟੇ ਕਰਨਾ, ਤੋੜਨਾ, ਕੱਟਣਾ, ਨਸ਼ਟ ਕਰਨਾ। ਇਹ ਸਾਰੀਆਂ ਪਹਾੜੀ ਕਿਰਿਆਵਾਂ ਹਨ। ਖੰਡ ਤੋਂ ਹੀ ਬਣਿਆ ਖੰਡ: ਹੈ, ਜਿਸਦਾ ਅਰਥ ਹੈ- ਕਿਸੇ ਭਵਨ ਦਾ ਹਿੱਸਾ, ਕਮਰਾ, ਅੰਸ਼, ਭਾਗ, ਅਧਿਆਏ। ਅਲਮਾਰੀ ਜਾਂ ਕੰਧ ਵਿੱਚ ਬਣੀਆਂ ਥਾਵਾਂ ਨੂੰ ਵੀ ਖਾਨੇ ਕਿਹਾ ਜਾਂਦਾ ਹੈ। ਬੁੰਦੇਲਖੰਡ, ਉਤਰਾਖੰਡ, ਬਘੇਲਖੰਡ, ਰੁਹੇਲਖੰਡ ਵਰਗੇ ਨਾਂ ਇਸੇ ’ਤੇ ਆਧਾਰਤ ਹਨ। ਅਰਥਾਤ ਸੰਬੰਧਤ ਜਾਤੀ ਜਾਂ ਸਮੂਹ ਦਾ ਨਿਵਾਸ ਅਥਵਾ ਆਸਰਾ, ਬਸੇਰਾ। ਫ਼ਾਰਸੀ ਤੁਰਕੀ ਵਿੱਚ ਇਹਦਾ ਰੂਪ ਕੰਦ ਸ਼ਬਦ ਵਿੱਚ ਵਿਕਸਤ ਹੋਇਆ– ਸਮਰਕੰਦ, ਤਾਸ਼ਕੰਦ, ਯਾਰਕੰਦ ਆਦਿ ਵਿਚ।

Leave a Reply

Your email address will not be published. Required fields are marked *