ਇੰਡੀਅਨਐਪੋਲਿਸ ਦਾ ਪੰਜਾਬੀ ਮੇਲਾ ਬਨਾਮ ‘ਮਾਸੀ ਦੇ ਪਕੌੜੇ’

ਆਮ-ਖਾਸ ਖਬਰਾਂ

*ਹਰਜੀਤ ਹਰਮਨ ਤੇ ਗੁਲਾਬ ਸਿੱਧੂ ਨੇ ਮੇਲਾ ਲੁੱਟਿਆ
*ਮੇਲੇ ਵਿੱਚ ਵੱਡੀ ਗਿਣਤੀ `ਚ ਲੋਕ ਸ਼ਾਮਲ ਹੋਏ
ਕੁਲਜੀਤ ਦਿਆਲਪੁਰੀ
ਕੁਝ ਸਫਰ ਸੁਹਾਵਣੇ ਹੁੰਦੇ ਹਨ ਤੇ ਉਨ੍ਹਾਂ ਨਾਲ ਜੁੜੀਆਂ ਘਟਨਾਵਾਂ ਯਾਦ ਬਣ ਜਾਂਦੀਆਂ ਹਨ; ਇਸੇ ਤਰ੍ਹਾਂ ਕੁਝ ਮੇਲੇ ਯਾਦ ਬਣ ਜਾਂਦੇ ਹਨ ਤੇ ਕੁਝ ਘਟਨਾਵਾਂ! ਹਾਲ ਹੀ ਵਿੱਚ ਇੰਡੀਅਨਐਪੋਲਿਸ (ਇੰਡੀਆਨਾ) ਵਿੱਚ ਹੋਏ ਪੰਜਾਬੀ ਮੇਲੇ ਅਤੇ ਮੇਲੇ ‘ਤੇ ਜਾਣ ਦਾ ਸਫਰ ਵੀ ਕੁਝ ਅਜਿਹੇ ਹੀ ਅਹਿਸਾਸ ਦਾ ਅਨੁਭਵ ਸੀ। ਮੇਲੇ ‘ਤੇ ਪਹੁੰਚਣ ਲਈ ਦਰਸ਼ਨ ਬਸਰਾਓਂ ਦਾ ਸੱਦਾ ਕਈ ਦਿਨ ਪਹਿਲਾਂ ਹੀ ਮਿਲ ਗਿਆ ਸੀ, ਪਰ ਮੇਰੀ ਮਾਤਾ ਦੇ ਹਸਪਤਾਲ ਵਿੱਚ ਜੇਰੇ-ਇਲਾਜ ਹੋਣ ਕਾਰਨ ਮੈਨੂੰ ਅਚਨਚੇਤ ਪੰਜਾਬ ਜਾਣਾ ਪੈ ਗਿਆ ਅਤੇ ਮੇਲੇ ‘ਤੇ ਜਾਣ ਦਾ ਕੋਈ ਪੱਕ-ਠੱਕ ਨਹੀਂ ਸੀ। ਵਾਪਸ ਸ਼ਿਕਾਗੋ ਮੁੜਿਆ ਤਾਂ ਐਤਵਾਰ ਨੂੰ ਗੁਰਦੁਆਰਾ ਪੈਲਾਟਾਈਨ ਗਏ ਨੂੰ ਬਿੰਦਰ ਸੇਖੋਂ ਨੇ ਮੇਲੇ ‘ਤੇ ਜਾਣ ਦੀ ਸੁਲ੍ਹਾ ਮਾਰ ਲਈ। ਮੈਂ ਦੋਚਿੱਤੀ ਵਿੱਚ ਪੈ ਗਿਆ। “ਚੱਲ ਦੇਖਦਾਂ, ਮੈਂ ਤਾਂ ਮੱਥਾ ਵੀ ਹਾਲੇ ਟੇਕਿਆ ਨਹੀਂ… ਚਾਹ-ਪਾਣੀ ਤਾਂ ਛਕ ਲਈਏ।” ਕਹਿ ਕੇ ਮੈਂ ਤੁਰ ਪਿਆ।

ਲੰਗਰ ਹਾਲ ਵਿੱਚ ਹਾਲੇ ਚਾਹ ਦਾ ਘੁੱਟ ਹੀ ਭਰਿਆ ਸੀ ਕਿ ਪਾਲ ਧਾਲੀਵਾਲ ਨੇ ਫੋਨ ਖੜਕਾ ਦਿੱਤਾ। ਉਸ ਦੀ ਖਰਵੀਂ ਆਵਾਜ਼ ਮੇਰੇ ਕੰਨਾਂ ਵਿੱਚ ਗੂੰਜੀ, “ਕਿੱਥੇ ਤੂੰ? ਜਾਣਾ ਨ੍ਹੀਂ, ਆਪਾਂ ਲੇਟ ਹੋਈ ਜਾਂਦੇ ਆਂ।” ਮੈਂ ਕਿਹਾ ਕਿ ਪੰਜ ਮਿੰਟ ਤਾਂ ਦੇ, ਬਸ ਆਇਆ। ਉਹ ਹੋਰ ਭੜਕ ਪਿਆ, “ਯਾਰ ਕੀ ਕਰੀ ਜਾਂਦੇ ਤੁਸੀਂ, ਇੱਕ ਏਧਰ ਨੂੰ ਤੁਰ ਪੈਂਦਾ, ਦੂਜਾ ਓਧਰ ਨੂੰ।” ਪਾਲ ਨੇ ਨਾਲ ਹੀ ਮੈਨੂੰ ਤਾਕੀਦ ਕਰ ਦਿੱਤੀ ਕਿ ਪਕੌੜੇ ਤੇ ਚਾਹ ਹੱਥ `ਚ ਚੁੱਕ ਕੇ ਨਿਕਲ ਆ। ਮੈਂ ਕਾਹਲੀ ਕਾਹਲੀ ਚਾਹ ਦੇ ਸੜੂਕੇ ਮਾਰੇ ਅਤੇ ਮੱਥਾ ਟੇਕ ਕੇ ਕਾਰਸੇਵਾ ਵਾਲੇ ਕਮਰੇ ਵਿੱਚ ਪਹੁੰਚ ਗਿਆ; ਪਰ ਪਾਲ ਤਾਂ ਲਾਮ-ਲਸ਼ਕਰ ਲੈ ਕੇ ਤੁਰਦਾ ਹੋ ਗਿਆ ਸੀ।
ਕੈਪਟਨ ਗੁਰਬਚਨ ਸਿੰਘ ਕਾਰਸੇਵਾ ਵਾਲੇ ਕਮਰੇ ਵਿੱਚ ਬੈਠੇ ਜਗਜੀਤ ਸਿੰਘ ਢੀਂਡਸਾ ਦੀ ਉਡੀਕ ਕਰ ਰਹੇ ਸਨ, ਕਹਿਣ ਲੱਗੇ ਕਿ ਤੂੰ ਸਾਡੇ ਨਾਲ ਚੱਲੀਂ, ਪਾਲ ਨੇ ਤਾਂ ਰਸਤੇ ‘ਚੋਂ ਕੋਈ ਸਾਮਾਨ ਖਰੀਦਣਾ ਐ। ਮੈਨੂੰ ਵੱਟ ਚੜ੍ਹ ਗਿਆ ਕਿ ਚੰਗਾ ਬੰਦਾ ਪਾਲ, ਪਹਿਲਾਂ ਤਾਂ ਚਾਹ ਵੀ ਨਹੀਂ ਪੀਣ ਦਿੱਤੀ ਤੇ ਫਿਰ ਉਡੀਕਿਆ ਵੀ ਨਹੀਂ! ‘ਸੱਦੀ ਹੋਈ ਮਿੱਤਰਾਂ ਦੀ, ਪੈਰ ਜੁੱਤੀ ਨਾ ਪਾਵਾਂ’ ਵਾਂਗ ਕਰੀਬ ਸਾਢੇ ਤਿੰਨ ਘੰਟੇ ਦਾ ਕਾਰ ਸਫਰ ਕਰ ਕੇ ਪਾਲ ਨੂੰ ਮੇਲੇ ਪਹੁੰਚਣ ਦੀ ਕਾਹਲੀ ਸੀ। ਅਸੀਂ ਮਜ਼ਾਕ ਕਰਨ ਲੱਗ ਪਏ ਕਿ ਉਹਨੇ ਤਾਂ ਸਾਨੂੰ ਚਾਹ ਨਾਲ ਪਕੌੜੇ ਵੀ ਚੱਜ ਨਾਲ ਖਾਣ ਨਹੀਂ ਦਿੱਤੇ।
ਖੈਰ, ਜਗਜੀਤ ਸਿੰਘ ਢੀਂਡਸਾ ਆਏ ਤਾਂ ਕੁਝ ਮਿੰਟਾਂ ‘ਚ ਹੀ ਅਸੀਂ ਇੰਡੀਅਨਐਪੋਲਿਸ ਲਈ ਤੁਰ ਪਏ। ਕਿਣ-ਮਿਣ ਪਿੱਛੋਂ ਭਰਵਾਂ ਮੀਂਹ ਪੈਣ ਲੱਗ ਪਿਆ ਸੀ। ਰਸਤੇ ‘ਚ ਪਾਲ ਨੂੰ ਫੋਨ ਕੀਤਾ ਕਿ ਕਿੱਥੇ ਪਹੁੰਚ ਗਏ ਤਾਂ ਪਤਾ ਲੱਗ ਕਿ ਉਨ੍ਹਾਂ ਦਾ ਟੋਲਾ ਸਾਥੋਂ ਅੱਧੇ ਕੁ ਘੰਟੇ ਦੇ ਸਫਰ ਦੀ ਵਿੱਥ ‘ਤੇ ਹੈ। ਮੀਂਹ ਰੁਕ ਗਿਆ ਤਾਂ ਜਗਜੀਤ ਸਿੰਘ ਢੀਂਡਸਾ ਨੇ ਕਾਰ ਦੀ ਰੇਸ ਹੋਰ ਨੱਪ ਦਿੱਤੀ। ਇੰਨੇ ਨੂੰ ਕਾਉਂਕਿਆਂ ਵਾਲੇ ਇੰਦਰਜੀਤ ਸਿੰਘ ਸੇਖੋਂ ਦਾ ਸੁਨੇਹਾ ਆ ਗਿਆ ਕਿ ਮੇਲੇ ਜਾਣ ਤੋਂ ਪਹਿਲਾਂ ਮਾਸੀ ਦੇ ਘਰ ਜਾਣਾ ਹੈ। ਚਾਹ-ਪਾਣੀ ਉਹਦੀ ਮਾਸੀ ਦੇ ਘਰ ਛਕ ਕੇ ਮੇਲੇ ਪਹੁੰਚਣ ਦਾ ਪ੍ਰੋਗਰਾਮ ਤੈਅ ਹੋ ਗਿਆ।
ਹੁਣ ਇੱਕ ਫੋਨ ਦਾ ਨੈਵੀਗੇਸ਼ਨ ਮੇਲੇ ਦੀ ਵਾਟ ਕੱਢਦਾ ਜਾ ਰਿਹਾ ਸੀ, ਪਰ ਨਾਲ ਹੀ ਕੈਪਟਨ ਦੇ ਫੋਨ ਦੀ ‘ਗੂਗਲ ਨੈਵੀਗੇਸ਼ਨ ਮਾਸੀ’ ਇੰਦਰਜੀਤ ਦੀ ਮਾਸੀ ਦੇ ਘਰ ਦਾ ਪਤਾ ਦੱਸਣ ਲੱਗ ਪਈ। ਰਸਤੇ ਵਿੱਚ ਗੱਲਾਂਬਾਤਾਂ ਦਾ ਮਾਹੌਲ ਬਣਿਆ ਹੋਇਆ ਸੀ ਅਤੇ ਨਾਲ ਦੀ ਨਾਲ ਇੰਦਰਜੀਤ ਦੀ ‘ਮਾਸੀ ਦੇ ਘਰ ਤਲ਼ੇ ਜਾ ਰਹੇ ਪਕੌੜਿਆਂ ਦੀ ਮਹਿਕ’ ਸਾਡੇ ਨੱਕਾਂ ਨੂੰ ਚੜ੍ਹਨ ਲੱਗੀ। ਮੀਂਹ ਵਾਲੇ ਮੌਸਮ ਵਿੱਚ ਗੁਰਦੁਆਰੇ ਵਿੱਚ ਛੁਟ ਗਏ ਪਕੌੜਿਆਂ ਤੇ ਮਾਸੀ ਦੇ ਪਕੌੜਿਆਂ ਦੀ ਗੱਲਾਂ ਕਰ ਕਰ ਅਸੀਂ ਵਿਅੰਗਮਈ ਠਹਾਕੇ ਮਾਰ ਮਾਰ ਸਵਾਦ ਲੈਣ ਲੱਗ ਪਏ ਕਿ ‘ਲੈ ਬਈ ਹੁਣ ਤਾਂ ਮਾਸੀ ਦੇ ਘਰ ਜਾ ਕੇ ਹੀ ਪਕੌੜਿਆਂ ਦੀ ਤਹਿ ਲਾਵਾਂਗੇ।’ ਜੋਧ ਸਿੱਧੂ ਆਪਣਾ ਟਰੱਕ ਭਜਾਈ ਪਿੱਛੇ ਪਿੱਛੇ ਹੀ ਆ ਰਿਹਾ ਸੀ। ਉਸ ਨੂੰ ਵੀ ‘ਮਾਸੀ ਦੇ ਘਰ ਪਕੌੜੇ ਖਾਣ’ ਦੀ ਸੁਲ੍ਹਾ ਮਾਰੀ, ਪਰ ਉਸ ਨੇ ਲੋਡ ਚੁੱਕਿਆ ਹੋਇਆ ਸੀ ਤੇ ਮੇਲੇ ਤੋਂ ਥੋੜ੍ਹੀ ਦੂਰ ਟਰੱਕ ਪਾਰਕ ਕਰਨਾ ਸੀ।
ਹਾਲੇ ਕੁਝ ਸਮਾਂ ਪਹਿਲਾਂ ਹੀ ਜ਼ਿੰਦਗੀ ਦੇ ਤਜ਼ਰਬੇ ਸਾਂਝੇ ਕਰਦਿਆਂ ਜਗਜੀਤ ਸਿੰਘ ਢੀਂਡਸਾ ਨੇ ‘ਪੇਂਡੂ ਜੀਵਨ ਨਾਲ ਜੁੜੀ ਇੱਕ ਗੱਲ’ ਸਾਂਝੀ ਕਰਦਿਆਂ ਕਿਹਾ ਸੀ ਕਿ ਕਈ ਵਾਰ ਇੱਕ ਗਲਤੀ ਨਾਲ ਬੜਾ ਕੁਝ ਬਦਲ ਜਾਂਦਾ ਹੈ। ਗੱਲਾਂ ਕਰਦਿਆਂ ਬੇਧਿਆਨੇ ਵਿੱਚ ਸਾਡੇ ਤੋਂ ਵੀ ਗਲਤੀ ਹੋ ਗਈ ਸੀ। ਆਪਣੀ ਸਟੇਟ ਤੋਂ ਦੂਜੀ ਸਟੇਟ ਨੂੰ ਜਾਂਦੇ ਜਾਂਦੇ ਅਸੀਂ ਇੱਕ ਐਗਜ਼ਿਟ ਗਲਤ ਲੈ ਲਿਆ। ਨੈਵੀਗੇਸ਼ਨ ਨੇ ‘ਮਾਸੀ ਦੇ ਘਰ’ ਦੇ ਜਿਸ ਰਾਹ ਸਾਨੂੰ ਪਾਇਆ, ਉਹ ਕਿਧਰੇ ਹੋਰ ਹੀ ਲੈ ਗਿਆ। ਜਦ ਅਸੀਂ ਪਹੁੰਚੇ ਤਾਂ ਅਹਿਸਾਸ ਹੋ ਗਿਆ ਕਿ ਅਸੀਂ ਕਰੀਬ 17 ਮੀਲ ਦੂਰ ਗਲਤ ਪਤੇ `ਤੇ ਪਹੁੰਚ ਗਏ ਹਾਂ। ਸਾਡਾ ਪੈਂਡਾ ਵਧ ਗਿਆ ਸੀ ਤੇ ਭੁੱਖ ਵੀ ਵਧ ਗਈ ਸੀ; ਉਤੋਂ ‘ਮਾਸੀ ਦੇ ਪਕੌੜੇ’ ਵੀ ਠੰਢੇ ਹੁੰਦੇ ਜਾ ਰਹੇ ਸਨ!
ਖੈਰ! ਪਕੌੜਿਆਂ ਦਾ ਲਾਲਚ ਛੱਡ ਕੇ ਮੇਲੇ ਵਾਲੀ ਥਾਂ ਹੀ ਮਿਲਣ ਦਾ ਤੈਅ ਹੋਇਆ। ਉਥੇ ਪਹੁੰਚੇ ਤਾਂ ਕਾਰਾਂ ਪਾਰਕ ਕਰਨ ਲਈ ਕਰੀਬ ਅੱਧਾ ਮੀਲ ਲੰਮੀ ਲਾਈਨ ਲੱਗੀ ਹੋਈ ਸੀ। ਭੁੱਖੇ ਨੂੰ ਪੁੱਛਿਆ ਕਿ ‘ਦੋ ਅਤੇ ਦੋ ਕਿੰਨੇ ਹੁੰਦੇ ਹਨ?’ ਕਹਿੰਦਾ, ‘ਚਾਰ ਰੋਟੀਆਂ।’ ਬਸ ਅਜਿਹਾ ਹੀ ਹਾਲ ਸਾਡਾ ਸੀ। ਸੋਚਿਆ ਸੀ ਕਿ ‘ਮਾਸੀ ਦੇ ਪਕੌੜੇ’ ਤਾਂ ਚਲੋ ਸਾਡੇ ਨਸੀਬ ਵਿੱਚ ਨਹੀਂ, ਮੇਲੇ `ਤੇ ਪਹੁੰਚ ਕੇ ਹੀ ਢਿੱਡ ਨੂੰ ਝੁਲਕਾ ਦੇ ਲਵਾਂਗੇ; ਕਿਉਂਕਿ ਰਸਤੇ ਵਿੱਚ ਅਸੀਂ ਕੌਫੀ ਵਗੈਰਾ ਇਸ ਕਰਕੇ ਨਹੀਂ ਸੀ ਲਈ ਕਿ ‘ਮਾਸੀ ਦੇ ਘਰ’ ਚਾਹ ਨਾਲ ਪਕੌੜੇ ਖਾਵਾਂਗੇ। ਮਾੜੀ ਕਿਸਮਤ ਕਿ ਸਾਨੂੰ ਕਾਰ ਪਾਰਕ ਕਰਨ ਲਈ ਕਰੀਬ ਇੱਕ ਘੰਟਾ ਲੱਗ ਗਿਆ। ਸ਼ਿਕਾਗੋ ਤੋਂ ਕਰੀਬ ਦੁਪਹਿਰ ਬਾਰਾਂ ਵਜੇ ਦੇ ਤੁਰੇ ਅਸੀਂ ਕਾਰ ਪਾਰਕਿੰਗ ਵਿੱਚ ਛੇ ਕੁ ਵਜੇ ਦਾਖਲ ਹੋਏ। ਪੁਲਿਸ ਵਾਲੇ ਆਪਣੀ ਡਿਊਟੀ ਨਿਭਾਅ ਰਹੇ ਸਨ, ਪਰ ਕਾਰਾਂ ਪਾਰਕ ਕਰਨ ਲਈ ਥਾਂ ਥੋੜ੍ਹੀ ਪੈ ਗਈ। ਕਈਆਂ ਨੂੰ ਮੇਲਾ ਦੇਖੇ ਤੋਂ ਬਿਨਾ ਹੀ ਮੁੜਨਾ ਪਿਆ।
ਲੰਗਰ-ਪਾਣੀ ਦਾ ਪਤਾ ਕੀਤਾ ਤਾਂ ਦੱਸਿਆ ਗਿਆ ਕਿ ਪਿਛਲੇ ਸ਼ੈੱਡ ਵਿੱਚ ਫੂਡ ਸਟਾਲ ਲੱਗੇ ਹਨ, ਖਰੀਦੋ ਤੇ ਖਾਓ। ਸਾਡੀ ਟੋਲੀ ਦੇ ਚਾਰਾਂ ਜਣਿਆਂ- ਬਾਈ ਢੀਂਡਸਾ, ਕੈਪਟਨ, ਜਸਵੀਰ ਦਿਓਲ ਤੇ ਮੈਂ ਪਹਿਲਾਂ ਜਾਂਦਿਆਂ ਹੀ ਗੰਨੇ ਦਾ ਰਸ ਪੀਤਾ। ਬਾਅਦ ਵਿੱਚ ਜਗਜੀਤ ਢੀਂਡਸਾ ਨੇ ਫੂਡ ਆਰਡਰ ਕਰ ਦਿੱਤਾ। ਖਾ-ਪੀ ਕੇ ਅਸੀਂ ਤ੍ਰਿਪਤ ਹੋ ਗਏ। ਇੰਨੇ ਨੂੰ ਸਾਡੀ ਦੂਜੀ ਟੋਲੀ ਆਣ ਪਹੁੰਚੀ। ਜੋਧ ਸਿੱਧੂ ਨੂੰ ਉਨ੍ਹਾਂ ਨੇ ਟਰੱਕ ਵਾਲੀ ਥਾਂ ਤੋਂ ਚੁੱਕ ਲਿਆ ਸੀ। ਫੂਡ ਸਬੰਧੀ ਪ੍ਰਬੰਧਾਂ ਦਾ ਦੇਖ/ਸੁਣ ਕੇ ਸਾਡੀਆਂ ਦੋਹਾਂ ਟੋਲੀਆਂ ਨੂੰ ਸ਼ਿਕਾਗੋ ਦੇ ਮੇਲਿਆਂ ਦੀ ਯਾਦ ਆ ਗਈ ਅਤੇ ਨਾਲ ਹੀ ਸਾਰਿਆਂ ਨੂੰ ਇੰਦਰਜੀਤ ਦੀ ‘ਮਾਸੀ ਦੇ ਪਕੌੜੇ’ ਵੀ ਯਾਦ ਆ ਗਏ। ਜਿਹੜੇ ਚਾਹ ਨਾਲ ਪਕੌੜੇ ਤੇ ਬਰਫੀ ਛਕ ਆਏ ਸਨ, ਉਹ ਸਾਡੀ ਟੋਲੀ ਨੂੰ ਝੇਡਾਂ ਕਰਨੋਂ ਬਾਜ ਨਹੀਂ ਸਨ ਆ ਰਹੇ। ਸਾਰੇ ਮੇਲੇ ਵਿੱਚ ਅਤੇ ਵਾਪਸੀ ਸਮੇਂ ਰਸਤੇ `ਚ ਵੀ ਪਕੌੜਿਆਂ ਦਾ ਕਿੱਸਾ ਤਲ਼ ਹੁੰਦਾ ਰਿਹਾ; ਕਾਰਨ ਇਹ ਵੀ ਸੀ ਕਿ ਕਈਆਂ ਦੀ ਉਦੋਂ ਤੱਕ ਅੱਖ ਖੜ੍ਹੀ ਹੋ ਚੁਕੀ ਹੋਈ ਸੀ ਤੇ ਮਜ਼ਾਹੀਆ ਮਾਹੌਲ ਸਿਖਰ `ਤੇ ਸੀ। ਅਖੀਰ ਕਿਸਮਤ ਵਿੱਚ ਲਿਖੇ ਦਾਣੇ-ਪਾਣੀ ਦਾ ਵਿਚਾਰ ਕੇ ਮਸਲਾ ਠੰਡੇ ਬਸਤੇ ਪਿਆ।
ਦੂਜੇ ਪਾਸੇ ਮੈਰੀਆਨ ਕਾਊਂਟੀ ਫੇਅਰਗਰਾਊਂਡਜ਼ ਵਿਖੇ ਕਰਵਾਇਆ ਗਿਆ ‘ਪੰਜਾਬੀ ਮੇਲਾ’ ਪੂਰਾ ਭਖਿਆ ਹੋਇਆ ਸੀ। ਇੰਡੀਆਨਾ ਦੇ ਵੱਖ ਵੱਖ ਸ਼ਹਿਰਾਂ ਤੋਂ ਇਲਾਵਾ ਸ਼ਿਕਾਗੋ, ਵਿਸਕਾਨਸਿਨ, ਮਿਸ਼ੀਗਨ ਤੇ ਓਹਾਇਓ ਤੋਂ ਲੋਕ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਹੋਣ ਕਾਰਨ ਮੇਲਾ ਖੂਬ ਭਰਿਆ ਹੋਇਆ ਸੀ। ਪਹਿਲਾਂ ਮੇਲਾ ਬਾਹਰ ਖੁੱਲ੍ਹੇ ਮੈਦਾਨ ਵਿੱਚ ਜੁੜਨਾ ਸੀ, ਪਰ ਮੌਸਮ ਦੀ ਖਰਾਬੀ ਕਾਰਨ ਮੇਲੇ ਦਾ ਪ੍ਰਬੰਧ ਸਟੇਡੀਅਮ ਵਿੱਚ ਕਰਨਾ ਪਿਆ। ਸੋ, ਪ੍ਰਬੰਧਕਾਂ ਨੇ ਇਨਡੋਰ ਸਟੇਡੀਅਮ ਵਿੱਚ ਅਖਾੜਾ ਗੱਡ ਲਿਆ ਸੀ, ਪਰ ਇਹ ਗੱਲ ਵੱਖਰੀ ਕਿ ਇਸ ਲਈ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਤਰੱਦਦ ਕਰਨੇ ਪਏ।
ਗਾਇਕ ਵਾਰੋ ਵਾਰੀ ਆਪਣੀ ਗਾਇਕੀ ਦਾ ਮੁਜਾਹਰਾ ਕਰਦੇ ਰਹੇ, ਜਦਕਿ ਹਰਜੀਤ ਹਰਮਨ ਤੇ ਗੁਲਾਬ ਸਿੱਧੂ ਨੇ ਮੇਲਾ ਲੁੱਟ ਲਿਆ। ਰੇਡੀਓ ਚੰਨ ਪਰਦਸੀ ਦੇ ਸਰਵਣ ਸਿੰਘ ਟਿਵਾਣਾ ਸਮੇਤ ਕੁਝ ਲੋਕ ਹਰਜੀਤ ਹਰਮਨ ਦੀ ਗਾਇਕੀ ਦੇ ਦੀਵਾਨੇ ਸਨ, ਜਦਕਿ ਨਵੀਂ ਉਮਰ ਦੇ ਸਰੋਤੇ ਗੁਲਾਬ ਸਿੱਧੂ ਤੋਂ ਪ੍ਰਭਾਵਿਤ ਸਨ। ਗੁਲਾਬ ਸਿੱਧੂ ਜਦੋਂ ਆਪਣੇ ਹਿੱਟ ਗੀਤ ਗਾਉਣ ਪਿੱਛੋਂ ਹੋਰ ਗਾਇਕਾਂ ਦੇ ਗੀਤ ਗਾਉਣ ਲੱਗਾ ਤਾਂ ਇੱਕ ਸੱਜਣ ਨੇ ਕਿਹਾ, ਲੱਗਦਾ ਇਹਦੇ ਕੋਲ ਆਪਣਾ ਮਸਾਲਾ ਮੁੱਕ ਗਿਆ। ਇਸ ਤੋਂ ਪਹਿਲਾਂ ਰਾਜ ਕਾਕੜਾ ਤੇ ਗਾਇਕਾ ਹਰਮਨ ਦੀਪ ਨੇ ਵੀ ਗੀਤ ਪੇਸ਼ ਕੀਤੇ। ਸਟੇਜ ਦੇ ਮੂਹਰੇ ਭੰਗੜਚੀਆਂ ਦੀ ਇੱਕ ਟੋਲੀ ਭੰਗੜਾ ਪਾ ਰਹੀ ਸੀ, ਜਦਕਿ ਤਰਾਰੇ ਵਿੱਚ ਆਏ ਕੁਝ ਸੱਜਣ ਡਾਲਰਾਂ ਦੇ ਵਾਰਨੇ ਕਰਨ ਤੋਂ ਪਿੱਛੇ ਨਹੀਂ ਸਨ ਹਟ ਰਹੇ।
ਇੱਕ ਵੱਖਰੇ ਹਾਲ ਵਿੱਚ ਖਰੀਦੋ-ਫਰੋਖਤ ਦੇ ਸਟਾਲ ਲੱਗੇ ਹੋਏ ਸਨ। ਦੋ ਢਾਣੀਆਂ ਵਿੱਚ ਬੈਠੇ ਕੁਝ ਲੋਕ ਤਾਸ਼ ਦੀ ਬਾਜ਼ੀ ਲਾ ਰਹੇ ਸਨ। ਕੁੜਤੇ-ਪਜਾਮਿਆਂ ਅਤੇ ਡੱਬੀਆਂ ਵਾਲੇ ਪਰਨੇ ਬੰਨ੍ਹੀ ਕੁਝ ਲੋਕ ਆਪਣੀ ਹੀ ਮੌਜ ਵਿੱਚ ਸਨ। ਮੇਲੇ ਦੌਰਾਨ ਵਾਲੀਬਾਲ ਤੇ ਫੁੱਟਬਾਲ ਸਮੇਤ ਕੁਝ ਹੋਰ ਖੇਡਾਂ ਦੇ ਸ਼ੋਅ ਮੈਚ ਵੀ ਕਰਵਾਏ ਗਏ। ਰੱਸਾਕਸ਼ੀ ਦਾ ਮੁਕਾਬਲਾ ਦਿਲਚਸਪ ਸੀ, ਜੋ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ। ਚਸ਼ਮਦੀਦਾਂ ਅਨੁਸਾਰ ਇਉਂ ਲੱਗ ਰਿਹਾ ਸੀ, ਜਿਵੇਂ ਜ਼ੋਰ ਰੱਸਾ ਖਿੱਚਣ ਵਾਲਿਆਂ ਦਾ ਘੱਟ, ਪਰ ਦੇਖਣ ਵਾਲਿਆਂ ਦਾ ਵੱਧ ਲੱਗ ਰਿਹਾ ਹੋਵੇ। ਸਮਰਾ ਬ੍ਰਦਰਜ਼ ਵੱਲੋਂ ਤਿਆਰ ਕੀਤੀ ਟੀਮ ਪੂਰਾ ਜੌਹਰ ਦਿਖਾ ਰਹੀ ਸੀ। ਸੁਖਦੇਵ ਸਿੰਘ ਸਮਰਾ ਨੇ ਦੱਸਿਆ ਕਿ ਇਹ ਇੱਕ ਪੰਜਾਬੀ ਮੇਲਾ ਸੀ, ਪਰ ਇਸ ਦੌਰਾਨ ਖੇਡਾਂ ਦੇ ਮੁਕਾਬਲੇ ਮਨਪ੍ਰਚਾਵੇ ਲਈ ਹੀ ਕਰਵਾਏ ਗਏ ਸਨ।
ਮੇਲੇ ਵਿੱਚ ਮੁੰਡਿਆਂ ਦੀਆਂ ਦੋ ਟੋਲੀਆਂ ਟਰੈਕਟਰਾਂ ‘ਤੇ ਚੜ੍ਹ ਕੇ ਮੇਲਾ ਵੇਖਣ ਪਹੁੰਚੀਆਂ ਹੋਈਆਂ ਸਨ। ਇਕੱਲੇ ਮਰਦ ਮੇਲੀ ਹੀ ਨਹੀਂ, ਸਗੋਂ ਬੀਬੀਆਂ, ਬਜ਼ੁਰਗ ਤੇ ਬੱਚੇ ਵੀ ਹੁੰਮਹੁਮਾ ਕੇ ਪਹੁੰਚੇ ਹੋਏ ਸਨ। ਬਿਨਾ ਸ਼ੱਕ ਮੇਲਾ ਖੂਬ ਭਰਿਆ ਹੋਇਆ ਸੀ ਅਤੇ ਅਮਰੀਕਾ ਦੇ ਇੰਡੀਅਨਐਪੋਲਿਸ ਵਿੱਚ ‘ਜਰਗ ਦੇ ਮੇਲੇ’ ਦਾ ਭੁਲੇਖਾ ਪੈ ਰਿਹਾ ਸੀ। ਇੱਕ ਪ੍ਰਬੰਧਕ ਦਰਸ਼ਨ ਬਸਰਾਓਂ ਅਨੁਸਾਰ ਮੇਲਾ ਆਸ ਨਾਲੋਂ ਵੱਧ ਭਰਿਆ ਅਤੇ ਖੜ੍ਹੇ ਪੈਰ ਆਈਆਂ ਕੁਝ ਸਮੱਸਿਆਵਾਂ ਦੇ ਬਾਵਜੂਦ ਮੇਲਾ ਠੀਕ ਹੋ ਨਿਬੜਿਆ। ਮੇਲੇ ਦੀ ਪ੍ਰਬੰਧਕੀ ਟੀਮ- ਕਮਲ ਬੈਂਸ, ਗੁਰਬਖ਼ਸ਼ ਰੰਧਾਵਾ, ਦਰਸ਼ਨ ਬਸਰਾਓਂ, ਰਿੱਕ ਸਿੰਘ, ਜਸਪ੍ਰੀਤ ਗੋਲੇਵਾਲਾ, ਹਰਮਨਦੀਪ ਮੱਲ੍ਹੀ ਤੇ ਗੈਰੀ ਸੇਖੋਂ ਨੇ ਆਏ ਮਹਿਮਾਨਾਂ ਅਤੇ ਮੇਲੇ ਦੇ ਸਪਾਂਸਰਾਂ ਦਾ ਧੰਨਵਾਦ ਕੀਤਾ। ਸਟੇਜ ਦੀ ਜ਼ਿੰਮੇਵਾਰੀ ਗੁਰਪ੍ਰੀਤ ਸਿੰਘ ਬਰਾੜ, ਮੱਖਣ ਬਰਾੜ ਤੇ ਕਿਰਨ ਸ਼ਰਮਾ ਨੇ ਸੰਭਾਲੀ।
ਦਿਲਚਸਪ ਇਹ ਵੀ ਸੀ ਕਿ ਮੇਲੇ ਵਿੱਚ ਆਈਆਂ ਬਹੁਤੀਆਂ ਕਾਰਾਂ ਦੇ ਨੰਬਰ ਫੈਂਸੀ ਸਨ। ਉਂਜ ਇਸ ਗੱਲ ਦੀ ਤਸੱਲੀ ਸੀ ਕਿ ਕੈਨੇਡਾ ਵਿੱਚ ਕੁਝ ਪੰਜਾਬੀਆਂ ਵੱਲੋਂ ਖਰੀਦੀਆਂ ਦੋਹਰੇ ਅਰਥਾਂ ਵਾਲੀਆਂ ਨੰਬਰ ਪਲੇਟਾਂ ਦੀ ਥਾਂ ਇਸ ਮੇਲੇ ਵਿੱਚ ਨਾਂਵਾਂ ਤੇ ਗੋਤਾਂ ਸਮੇਤ ਵਿਸ਼ੇਸ਼ ਅੰਕਾਂ ਦੇ ਨਾਲ ਨਾਲ ਪੰਜਾਬੀ ਲਹਿਜੇ ਵਾਲੇ ਵਿਸ਼ੇਸ਼ ਨਾਂ ਵਾਲੀਆਂ ਪਲੇਟਾਂ ਕਈਆਂ ਦਾ ਧਿਆਨ ਖਿੱਚ ਰਹੀਆਂ ਸਨ।
ਖੁਲ੍ਹੇਆਮ ਤੇ ਬੇਰੋਕ-ਟੋਕ ਦਾਰੂ ਪੀਂਦੇ ਕੁਝ ਮੁੰਡਿਆਂ ਨੂੰ ਵੇਖ ਕੇ ਇੱਕ ਸੱਜਣ ਦੀ ਟਿੱਪਣੀ ਸੀ ਕਿ ਲੱਗਦਾ ਹੀ ਨਹੀਂ ਰਿਹਾ ਕਿ ਇਹ ਮੇਲਾ ਅਮਰੀਕਾ ਦੇ ਕਿਸੇ ਸ਼ਹਿਰ ਵਿੱਚ ਲੱਗ ਰਿਹਾ ਹੋਵੇ। ਇੱਕ ਸੱਜਣ ਦੀ ਟਿੱਪਣੀ ਸੀ, ‘ਇਸ ਨੂੰ ਕਿਹੜੇ ਮੇਲੇ ਦਾ ਨਾਂ ਦਈਏ?’ ਦੂਜੀ ਦੀ ਟਿੱਪਣੀ ਸੀ, ‘ਪੰਜਾਬੀ ਮੇਲਿਆਂ ਵਿੱਚ ਅਜਿਹਾ ਆਮ ਹੀ ਹੁੰਦਾ!’ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਗੌਣ-ਪਾਣੀ ਸੁਣ ਕੇ ਮੁੰਢ੍ਹੀਰ ਲੋਰ ਵਿੱਚ ਆਈ ਹੋਈ ਸੀ। ਇੱਕ ਵਾਰ ਤਾਂ ਮੁੰਢ੍ਹੀਰ ਦੇ ਉਤਸ਼ਾਹ ਤੇ ਖ਼ਰੂਦ ਦਾ ਮਿਲਗੋਭਾ ਵੇਖ ਕੇ ਪੁਲਿਸ ਕਰਮੀ ਵੀ ਕੁਝ ਕੁਝ ਤੈਸ਼ ਵਿੱਚ ਆ ਗਏ ਸਨ। ਇੱਕ ਸਮੇਂ ਤਾਂ ਸੁਰੱਖਿਆ ਅਮਲੇ ਵੱਲੋਂ ਮੇਲਾ ਬੰਦ ਕਰਨ ਦੀ ਨੌਬਤ ਆ ਗਈ ਸੀ, ਤੇ ਇੱਕ ਮਹਿਲਾ ਪੁਲਿਸ ਕਰਮੀ ਸਟੇਜ ਉਤੇ ਚੜ੍ਹ ਕੇ ਸਟੇਡੀਅਮ ਦੇ ਐਗਜ਼ਿਟ ਦੁਆਰਾ ਖਾਲੀ ਕਰਨ ਦੀ ਤਾਕੀਦ ਕਰ ਰਹੀ ਸੀ।
ਸਟੇਡੀਅਮ ਦੇ ਬਹਾਰ ਤਾਂ ਹਾਲ ਇਹ ਸੀ ਕਿ ਬਹੁਤੀਆਂ ਕਾਰਾਂ ਦੇ ਟਰੰਕ ਖੁੱਲ੍ਹੇ ਸਨ ਤੇ ਉਨ੍ਹਾਂ ਵਿੱਚ ਠੇਕੇ ਖੁਲ੍ਹੇ ਹੋਏ ਸਨ ਤੇ ਖਾਣ-ਪੀਣ ਦਾ ਸਾਮਾਨ ਪਿਆ ਸੀ। ‘ਜਦ ਘੁੱਟ ਕੁ ਅੰਦਰ ਜਾਂਦੀ ਐ, ਖੌਰ੍ਹੇ ਹੋ ਜਾਂਦਾ ਕੀ ਮਿੱਤਰੋ’ ਵਾਂਗ ਖ਼ਰੂਦੀ ਮਾਹੌਲ ਬਣ ਗਿਆ ਸੀ। ਅਖੀਰ ਇੱਕ ਚਿੱਟੇ ਰੰਗ ਦੀ ਗੱਡੀ ਵਿੱਚੋਂ ਇੱਕ ਪੁਲਿਸ ਕਰਮੀ ਨੇ ਸ਼ਰਾਬ ਦੀਆਂ ਬੋਤਲਾਂ ਜ਼ਬਤ ਕਰ ਲਈਆਂ। ਇੰਨੇ ਨੂੰ ਹੋਰਨਾਂ ਗੱਡੀਆਂ ਵਾਲੇ ਸੁਚੇਤ ਹੋ ਗਏ ਤੇ ਉਨ੍ਹਾਂ ਨੇ ਅੱਖ ਬਚਾ ਕੇ ਟਰੰਕ ਬੰਦ ਕਰਨੇ ਸ਼ੁਰੂ ਕਰ ਦਿੱਤੇ। ਦੇਖਦਿਆਂ ਹੀ ਦੇਖਦਿਆਂ ਮੇਲਾ ਖਿੰਡ ਗਿਆ ਤੇ ਲੋਕ ਘਰੋ-ਘਰੀਂ ਤੁਰ ਪਏ…।
ਸਾਡੀਆਂ ਕਾਰਾਂ ਵੀ ਸ਼ਹਿਰ ਸ਼ਿਕਾਗੋ ਨੂੰ ਦੌੜਨ ਲੱਗ ਪਈਆਂ। ਵਾਟਾਂ ਝਾਗਦੇ ਅਸੀਂ ਖਾਣ-ਪੀਣ ਲਈ ਦੋ ਵੱਖ-ਵੱਖ ਥਾਂਵਾਂ ‘ਤੇ ਰੁਕੇ, ਪਰ ਖਾਧਾ ਅਸੀਂ ਤੀਜੀ ਥਾਂ ਪਹੁੰਚ ਕੇ ਹੀ। ਉੱਥੋਂ ਤੁਰਨ ਲੱਗੇ ਤਾਂ ਇੰਦਰਜੀਤ ਦੀਆਂ ਬੋਲੀਆਂ ਉਬਾਲੇ ਮਾਰਨ ਲੱਗ ਪਈਆਂ। ਉਹਨੇ ਪਾਰਕਿੰਗ ਲਾਟ ਵਿੱਚ ਹੀ ਬੋਲੀਆਂ ਦਾ ਪਿੜ ਬੰਨ੍ਹ ਲਿਆ। ਹੁਣ ਉਹ ਸਾਡੀ ਕਾਰ ਵਿੱਚ ਬੈਠ ਗਿਆ ਸੀ, ਪਰ ਬੋਲੀਆਂ ਓਹਦੀਆਂ ਉਛਲ ਰਹੀਆਂ ਸਨ। ਰਾਤ ਵਧਦੀ ਜਾ ਰਹੀ ਤੇ ਸਫਰ ਘਟ ਰਿਹਾ ਸੀ।

Leave a Reply

Your email address will not be published. Required fields are marked *