ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦਾ ਬੇਰੋਕ ਪਤਨ

ਸਿਆਸੀ ਹਲਚਲ ਖਬਰਾਂ

ਕਿਧਰ ਨੂੰ ਜਾਵੇਗੀ ਨਵੀਂ ਉਭਰਦੀ ਸਿੱਖ ਸਿਆਸਤ?
ਜਸਵੀਰ ਸਿੰਘ ਸ਼ੀਰੀ
ਪੰਜਾਬ ਦੇ ਚੋਣ ਨਤੀਜਿਆਂ ਨੇ ਰਾਜਨੀਤਿਕ ਪਾਰਟੀਆਂ ਨੂੰ ਵੱਡੇ ਸਵਾਲ ਪਾ ਦਿੱਤੇ ਹਨ। ਖਾਸ ਕਰਕੇ ਪੰਜਾਬ ਵਿੱਚ ਸੱਤਾਧਾਰੀਆਂ ਵਜੋਂ ਵਿਚਰ ਰਹੀ ਆਮ ਆਦਮੀ ਪਾਰਟੀ, ਭਾਜਪਾ ਅਤੇ ਨਵੀਂ/ਪੁਰਾਣੀ ਸਿੱਖ ਸਿਆਸਤ ਨੂੰ ਵੀ। ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਸਾਹਮਣੇ ਇਹ ਸੁਆਲ ਜ਼ਿਆਦਾ ਵੱਡੇ ਹਨ। ਦੋ ਕੁ ਸਾਲ ਪਹਿਲਾਂ ਵਿਧਾਨ ਸਭਾ ਵਿੱਚ ਹੂੰਝਾ ਫੇਰ ਜਿੱਤ ਹਾਸਲ ਕਰਨ ਵਾਲੀ ‘ਆਪ’ ਇਸ ਵਾਰ 3 ਸੀਟਾਂ ਤੱਕ ਸੀਮਤ ਹੋ ਗਈ ਹੈ। ਇਸ ਤੋਂ ਇਲਾਵਾ ਦਿੱਲੀ ਅਤੇ ਗੁਜਰਾਤ ਵਿੱਚ ਵੀ ਪਾਰਟੀ ਦਾ ਪੱਤਾ ਸਾਫ ਹੋ ਗਿਆ ਹੈ।

ਸਵਾਲ ਤਾਂ ਸੱਤ ਸੀਟਾਂ ਜਿੱਤਣ ਵਾਲੀ ਕਾਂਗਰਸ ਪਾਰਟੀ ਅੱਗੇ ਵੀ ਕੁਝ ਨਾ ਕੁਝ ਖੜੇ੍ਹ ਹਨ, ਪਰ ‘ਆਪ’ ਨੂੰ ਆਪਣੇ ਸਾਹਮਣੇ ਖੜ੍ਹੇ ਪ੍ਰਸ਼ਨਾਂ ਦੇ ਜੁਆਬ ਫੌਰੀ ਲੱਭਣੇ ਪੈਣੇ ਹਨ। ਇਵੇਂ ਹੀ ਅਕਾਲੀ ਦਲ ਬਾਦਲ ਨੂੰ। ਨਵੇਂ ਉੱਭਰੇ ਦੋ ਸਿੱਖ ਸਿਆਸਤਦਾਨਾਂ ਸਾਹਮਣੇ ਚੁਣੌਤੀਆਂ ਵੱਖਰੀ ਕਿਸਮ ਦੀਆਂ ਹਨ।
ਪਹਿਲਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ। ‘ਆਪ’ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ 92 ਸੀਟਾਂ ‘ਤੇ ਜਿੱਤਣ ਵਾਲੀ ਆਮ ਆਦਮੀ ਪਾਰਟੀ ਪੂਰੇ ਦੇਸ਼ ਦੀ ਪਾਰਲੀਮੈਂਟ ਚੋਣ ਵਿੱਚ ਸਿਰਫ 3 ਸੀਟਾਂ ਤੱਕ ਕਿਉਂ ਸਿਮਟ ਗਈ? ਇਸ ਦੇ ਜੁਆਬ ਆਮ ਆਦਮੀ ਪਾਰਟੀ ਦੇ ਮੁਢਲੇ ਦੌਰ ਤੋਂ ਹੁਣ ਤੱਕ ਅਪਨਾਈ ਗਈ ਕੇਂਦਰੀਕ੍ਰਿਤ ਸਿਆਸੀ ਪਹੁੰਚ ਵਿੱਚ ਪਏ ਹਨ। ਆਪਣੀ ਦੂਜੀ ਪਾਰੀ ਵਿੱਚ ਹੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੂੰ ਜਦੋਂ ਬੰਪਰ ਬਹੁਮਤ ਮਿਲੀ ਤਾਂ ਪਹਿਲੇ ਹੀ ਇਕੱਠ ਵਿਚੋਂ ਕਈ ਸੁਆਲ ਉਠਾਉਣ ਵਾਲੇ ਆਗੂ ਹੂਰੇ ਮਾਰ-ਮਾਰ ਕੇ ਬਾਹਰ ਕਰ ਦਿੱਤੇ ਗਏ ਸਨ। ਕੇਜਰੀਵਾਲ ਪੱਖੀ ਗੁੱਟ ਵੱਲੋਂ ਕੀਤੀ ਗਈ ਇਸ ਕਾਰਵਾਈ ਖਿਲਾਫ ਆਮ ਆਦਮੀ ਪਾਰਟੀ ਦੇ ਕਈ ਬਾਨੀ ਆਗੂਆਂ ਨੇ ਤਿੱਖੇ ਪ੍ਰਤੀਕਰਮ ਪ੍ਰਗਟ ਕੀਤੇ ਸਨ ਅਤੇ ਲੀਡਰਸ਼ਿੱਪ ਦੇ ਵਿਹਾਰ ਨੂੰ ਡਿਕਟੇਟਰਾਨਾ ਆਖਿਆ ਸੀ।
ਪ੍ਰਸਿੱਧ ਵਕੀਲ ਅਤੇ ਰਾਜਨੀਤਿਕ ਐਕਟਿਵਿਸਟ ਪ੍ਰਸ਼ਾਂਤ ਭੂਸ਼ਨ ਦੇ ਪਿਤਾ ਸ਼ਾਂਤੀ ਭੂਸ਼ਨ ਨੇ ਮੀਟਿੰਗ ਵਾਲੀ ਥਾਂ ਤੋਂ ਬਾਹਰ ਆਉਂਦਿਆਂ ਹੀ ਇਸ ਕਾਰਵਾਈ ਦੀ ਤੁਲਨਾ ਹਿਟਲਰ ਨਾਲ ਕੀਤੀ ਸੀ। ਪਟਿਆਲਾ ਤੋਂ ਇਸ ਵਾਰ ਕਾਂਗਰਸ ਦੀ ਟਿਕਟ ‘ਤੇ ਦੂਜੀ ਵਾਰ ਪਾਰਲੀਮੈਂਟ ਮੈਂਬਰ ਬਣੇ ਧਰਮਵੀਰ ਗਾਂਧੀ ਨੇ ਵੀ ਇਸ ਵਿਹਾਰ ‘ਤੇ ਤਿੱਖੀ ਨਾਰਾਜ਼ਗੀ ਪਰਗਟ ਕੀਤੀ ਸੀ। ਇਸ ਘਟਨਾਕ੍ਰਮ ਤੋਂ ਪਿੱਛੋਂ ਆਪਣੇ ‘ਸਵਰਾਜ ਇੰਡੀਆ’ ਦੇ ਆਦਰਸ਼ ਨੂੰ ਭੁੱਲ ਕੇ ਰਵਾਇਤੀ ਪਾਰਟੀਆਂ ਦੀ ਤਰਜ਼ ‘ਤੇ ਇੱਕ ਬੇਹੱਦ ਕੇਂਦਰਕ੍ਰਿਤ ਪਾਰਟੀ ਦੀ ਉਸਾਰੀ ਸ਼ੁਰੂ ਕਰ ਦਿੱਤੀ ਗਈ। ਪਾਰਟੀ ‘ਸਵਰਾਜ ਇੰਡੀਆ’ ਵਰਗੇ ਵਿਚਾਰਧਾਰਕ ਬੰਧਨ ਤੋਂ ਵੀ ਮੁਕਤ ਹੋ ਗਈ। ਆਪਣੀ ਇਸ ਪਾਪੂਲਰ ਪਹੁੰਚ ਰਾਹੀਂ ਪੰਜਾਬ ਵਿੱਚ ਮਿਲੀ ਵੱਡੀ ਸਫਲਤਾ ਨੇ ‘ਆਪ’ ਲੀਡਰਸ਼ਿਪ ਨੂੰ ਹੋਰ ਵਧੇਰੇ ਮਗਰੂਰ ਬਣਾ ਦਿੱਤਾ। ਇਸ ਦਾ ਨਤੀਜਾ ਇਹ ਸੀ ਕਿ ਪੰਜਾਬ ਵਿੱਚ ਬਦਲਾਖੋਰੀ ਦੀ ਸਿਆਸਤ ਸ਼ੁਰੂ ਹੋ ਗਈ। ਇਸ ਦੇ ਨਾਲ ਹੀ ਆਪਣੀ ਸਿਆਸਤ ਨੂੰ ਕਾਹਲੀ ਨਾਲ ਅੱਗੇ ਵਧਾਉਣ ਲਈ ਕਿਸੇ ਵੀ ਸੋਮੇਂ ਤੋਂ ਪੈਸਾ ਇਕੱਠਾ ਕਰਨ ਦਾ ਰੁਝਾਨ ਉਭਰ ਆਇਆ। ਕਿਸੇ ਨੀਤੀ ਖਿਲਾਫ ਸਵਾਲ ਉਠਾਉਣ, ਕੁਝ ਦੱਸਣ-ਪੁੱਛਣ ਵਾਲਿਆਂ ਨੂੰ ਬਾਹਰ ਦਾ ਰਾਹ ਵਿਖਾਉਣ ਦਾ ਰਿਵਾਜ ਜਾਰੀ ਰਿਹਾ। ਸੁੱਚਾ ਸਿੰਘ ਛੋਟੇਪੁਰ ਅਤੇ ਸੁਖਪਾਲ ਸਿੰਘ ਖਹਿਰਾ ਇਸ ਨੀਤੀ ਦਾ ਸ਼ਿਕਾਰ ਹੋਏ।
ਪਾਰਟੀ ਦਾ ਇਹ ਵਰਤਾਅ ਅਖੀਰ ਸਵਾਤੀ ਮਾਲੀਵਾਲ ਵਾਲੇ ਘਟਨਾਕ੍ਰਮ ਤੱਕ ਆਣ ਪੁੱਜਾ। ਪਾਰਟੀ ਦੇ ਮੁਖੀ ਦੇ ਡਰਾਇੰਗਰੂਮ ਵਿੱਚ ਇੱਕ ਜਵਾਨ ਔਰਤ ਦੀ ਕੇਜਰੀਵਾਲ ਦੇ ਨਿੱਜੀ ਸਕੱਤਰ ਵੱਲੋਂ ਮਾਰਕੁੱਟ ਕੀਤੀ ਗਈ ਅਤੇ ਫਿਰ ਇਸ ‘ਤੇ ਨਾ ਸਿਰਫ ਪਰਦਾ ਪਾਉਣ ਦਾ ਯਤਨ ਕੀਤਾ ਗਿਆ, ਸਗੋਂ ਇੱਕ ਆਪਣੀ ਹੀ ਪਾਰਟੀ ਦੀ ਔਰਤ ਨਾਲ ਸ਼ਰੀਕਾਂ ਵਾਲਾ ਆਢਾ ਲਾਉਣ ਦਾ ਯਤਨ ਕੀਤਾ ਗਿਆ; ਉਹ ਵੀ ਚੋਣਾਂ ਦੇ ਐਨ ਵਿਚਕਾਰ। ਇਸ ਘਟਨਾ ਨੇ ਕੇਜਰੀਵਾਲ ਲਈ ਪੈਦਾ ਹੋਈ ਉਸ ਹਮਦਰਦੀ ਨੂੰ ਖਤਮ ਕਰ ਦਿੱਤਾ, ਜਿਹੜੀ ਉਨ੍ਹਾਂ ਨੂੰ ਕਥਿਤ ਸ਼ਰਾਬ ਨੀਤੀ ਵਿੱਚ ਜੇਲ੍ਹ ਅੰਦਰ ਭੇਜਣ ਤੋਂ ਬਾਅਦ ਪੈਦਾ ਹੋਈ ਸੀ। ਜੇ ਠੀਕ ਤਰ੍ਹਾਂ ਸੋਚਿਆ ਗਿਆ ਹੁੰਦਾ ਤਾਂ ਸਵਾਤੀ ਮਾਲੀਵਾਲ ਦੇ ਮਸਲੇ ਨੂੰ ਕਿਸੇ ਹੋਰ ਤਰ੍ਹਾਂ ਵੀ ਨਜਿਠਿਆ ਜਾ ਸਕਦਾ ਸੀ- ਨਰਮੀ, ਹਮਦਰਦੀ ਅਤੇ ਸ਼ਾਂਤੀ ਨਾਲ। ਇਸ ਦੇ ਉਲਟ ਆਮ ਆਦਮੀ ਪਾਰਟੀ ਤਾਂ ਸਗੋਂ ਸਵਾਤੀ ਖਿਲਾਫ ਬਰਾਬਰ ਦਾ ਕੇਸ ਦਰਜ ਕਰਵਾਉਣ ਤੱਕ ਚਲੀ ਗਈ ਅਤੇ ਮਾਰ-ਕੁੱਟ ਕਰਨ ਵਾਲੇ ਵੈਭਵ ਨੂੰ ਸੁਰੱਖਿਆ ਪ੍ਰਦਾਨ ਕਰਨ ਲੱਗੀ। ਲੱਗਦਾ ਹੈ, ਇਹ ਇਸ ਕੇਸ ਕਰਕੇ ਹੀ ਹੈ ਕਿ ‘ਆਪ’ ਅਤੇ ਕਾਂਗਰਸ ਗੱਠਜੋੜ ਨੂੰ ਦਿੱਲੀ ਵਿੱਚ ਇੱਕ ਸੀਟ ਵੀ ਨਹੀਂ ਮਿਲੀ। ਪੰਡਿਤਾਂ ਤਾਂ ਡੁੱਬਣਾ ਹੀ ਸੀ, ਨਾਲ ਜਜ਼ਮਾਨ ਵੀ ਡੋਬ ਲਏ!
ਹੁਣ ਗੱਲ ਰਹੀ ਸਿੱਖ ਸਿਆਸਤ ਦੀ। ਪਹਿਲਾਂ ਅਕਾਲੀ ਦਲ ਬਾਦਲ ਦੀ ਕਰਦੇ ਹਾਂ। ਇਸ ਪਾਰਟੀ ਨੇ ਬਠਿੰਡਾ ਤੋਂ ਸਿਵਾਏ ਆਪਣੀਆਂ ਸਾਰੀਆਂ ਸੀਟਾਂ ਗਵਾ ਲਈਆਂ ਹਨ। ਪੰਜ ਕੋਣੇ ਮੁਕਾਬਲੇ ਵਿੱਚ ਹਰਸਿਮਰਤ ਕੌਰ ਬਾਦਲ ਦੇ ਜਿੱਤਣ ਨਾਲ ਅਕਾਲੀ ਦਲ ਦੀ ਲੀਡਰਸ਼ਿੱਪ ਨੇ ਭਾਵੇਂ ਆਪਣਾ ਨਿੱਜੀ ਕਿਲ੍ਹਾ ਬਚਾ ਲਿਆ ਹੈ, ਪਰ ਪਾਰਟੀ ਦਾ ਪਤਨ ਰੁਕਦਾ ਵਿਖਾਈ ਨਹੀਂ ਦੇ ਰਿਹਾ। ਪੰਜਾਬ ਵਿੱਚ ਪਾਰਟੀ ਦਾ ਵੋਟ ਸ਼ੇਅਰ ਇਸ ਵਾਰ ਪਿਛਲੀਆਂ ਵਿਧਾਨ ਸਭਾ ਚੋਣਾਂ ਨਾਲੋਂ ਵੀ ਘਟ ਗਿਆ ਹੈ। ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ 13% ਤੋਂ ਕੁਝ ਵਧੇਰੇ ਵੋਟਾਂ ਮਿਲੀਆਂ ਹਨ, ਜਦ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦਾ ਵੋਟ ਸੇLਅਰ 18 ਫੀਸਦੀ ਤੋਂ ਕੁਝ ਵੱਧ ਸੀ। ਹੁਣ ਭਾਜਪਾ ਦਾ ਵੋਟ ਸੇLਅਰ 18 ਫੀਸਦੀ ਰਿਹਾ ਹੈ। ਇੰਜ ਵੋਟ ਸੇLਅਰ ਦੇ ਮਾਮਲੇ ਵਿੱਚ ਅਕਾਲੀ ਦਲ ਭਾਜਪਾ ਤੋਂ ਵੀ ਹੇਠਾਂ ਆ ਗਿਆ ਹੈ। ਇਸ ਹਾਲਤ ਵਿੱਚ ਆਉਣ ਵਾਲੇ ਕਿਸੇ ਵੀ ਅਕਾਲੀ-ਭਾਜਪਾ ਗੱਠਜੋੜ ਵਿੱਚ ਅਕਾਲੀ ਦਲ ਜੂਨੀਅਰ ਪਾਰਟਨਰ ਵਜੋਂ ਸ਼ਾਮਲ ਹੋਵੇਗਾ।
ਰਵਾਇਤੀ ਅਕਾਲੀ ਦਲ ਦੀ ਕਾਰਗੁਜ਼ਾਰੀ ਦੇ ਬਿਲਕੁਲ ਸਮਾਨੰਤਰ ਫਰੀਦਕੋਟ ਤੋਂ ਸਰਬਜੀਤ ਸਿੰਘ ਅਤੇ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਨੇ ਵੱਡੀਆਂ ਜਿੱਤਾਂ ਦਰਜ ਕਰਕੇ ਦਰਸਾ ਦਿੱਤਾ ਹੈ ਕਿ ਸਿੱਖ ਵੋਟਾਂ ਦੇ ਆਸਰੇ ਵੀ ਚੋਣਾਂ ਜਿੱਤੀਆਂ ਜਾ ਸਕਦੀਆਂ ਹਨ; ਪਰ ਨਵੇਂ ਉਭਰੇ ਇਨ੍ਹਾਂ ਸਿਖ ਨੌਜਵਾਨ ਸਿਆਸੀ ਆਗੂਆਂ ਨੇ ਵੀ ਜੇ ਪੰਜਾਬ ਵਿੱਚ ਸਿੱਖ ਸਿਆਸਤ ਦੇ ਪੁਨਰਉਥਾਨ ਦਾ ਬਾਇਸ ਬਣਨਾ ਹੈ ਤਾਂ ਉਨ੍ਹਾਂ ਨੂੰ ਬੜੀ ਤੇਜ਼ੀ ਨਾਲ ਪਾਰਟੀ ਉਸਾਰੀ ਦੇ ਵੱਡੇ ਕਾਰਜ ਨਾਲ ਮੱਥਾ ਮਾਰਨਾ ਪੈਣਾ ਹੈ।
ਇੱਕ ਸਮਰੱਥ ਅਤੇ ਵਿਚਾਰਧਾਰਕ ਤੌਰ ‘ਤੇ ਸਪਸ਼ਟ ਪਾਰਟੀ ਦੀ ਉਸਾਰੀ ਦੇ ਕਾਰਜ ਲਈ ਬੜਾ ਮੁਸ਼ਕਲ ਪੈਂਡਾ ਤੈਅ ਕਰਨਾ ਪੈ ਸਕਦਾ ਹੈ। ਇਨ੍ਹਾਂ ਨੌਜਾਵਾਨਾਂ ਨੂੰ ਉਤਸ਼ਾਹੀ ਨੌਜਵਾਨ ਕਾਡਰ ਮਿਲਣ ਦੀ ਤਾਂ ਕੋਈ ਘਾਟ ਨਹੀਂ ਰਹੇਗੀ, ਪਰ ਇਸ ਨੂੰ ਅੰਦਰੂਨੀ ਜਮਹੂਰੀਅਤ ਨਾਲ ਲੈਸ ਤੇ ਸਿੱਖ ਆਦਰਸ਼ਾਂ ਦੇ ਵਿਚਾਰ ਦੁਆਲੇ ਜੋੜੀ ਰੱਖਣਾ ਅਤੇ ਇਸ ਦਾ ਪ੍ਰੈਕਟੀਕਲ ਸਿਆਸਤ ਨਾਲ ਸੁਮੇਲ ਬਿਠਾਉਣਾ ਆਸਾਨ ਕਾਰਜ ਨਹੀਂ ਹੈ। ਇਸ ਮਕਸਦ ਲਈ ਲੰਮੇ ਦਾਅ ਦੀਆਂ ਵਿਚਾਰਕ ਨੀਤੀਆਂ ਅਤੇ ਪ੍ਰੈਕਟੀਕਲ ਸਿਆਸਤ ਦੀਆਂ ਲੋੜਾਂ ਨੂੰ ਇੱਕ ਸੁਰ ਕਰਨਾ ਹੋਵੇਗਾ। ਯਾਦ ਰਹੇ, ਦੁਨੀਆਂ ਦੀ ਹਰ ਆਦਰਸ਼ਕ ਸਿਆਸਤ ਉਦੋਂ ਨਿਵਾਣਾ ਵੱਲ ਤੁਰਦੀ ਹੈ, ਜਦੋਂ ਸਿਆਸੀ ਪ੍ਰੈਕਟਿਸ ਦੇ ਮੈਦਾਨ ਵਿੱਚ ਉਤਰਦੀ ਹੈ। ਇਹ ਠੀਕ ਹੈ ਕਿ ਦੁਨੀਆਂ ਦੀ ਕੋਈ ਵੀ ਸਿਆਸਤ ਆਪਣੇ ਆਦਰਸ਼ਾਂ ਨੂੰ ਹੂਬਹੂ ਰੂਪ ਵਿੱਚ ਧਰਤੀ ‘ਤੇ ਜੀਅ ਨਹੀਂ ਸਕਦੀ, ਪਰ ਆਪਣੀ ਕਹਿਣੀ ਨੂੰ ਆਪਣੇ ਅਮਲ ਦੇ ਘੱਟੋ ਘੱਟ ਨੇੜੇ ਰੱਖਣ ਦਾ ਯਤਨ ਤਾਂ ਕਰਨਾ ਹੀ ਪਏਗਾ; ਤੇ ਇਹ ਯਤਨ ਲੋਕਾਂ ਦੀ ਪ੍ਰਸੈਪਸ਼ਨ ਵਿੱਚ ਵਿਖਾਈ ਵੀ ਦੇਣਾ ਚਾਹੀਦਾ ਹੈ। ਜਿੱਥੋਂ ਤੱਕ ਕਾਂਗਰਸ ਦੇ ਪੰਜਾਬ ਵਿੱਚ 7 ਲੋਕ ਸਭਾ ਸੀਟਾਂ ਜਿੱਤ ਜਾਣ ਦਾ ਸਵਾਲ ਹੈ, ਉਸ ਦਾ ਕਾਰਨ ਇਹ ਸਬੱਬ ਹੀ ਹੈ ਕਿ ਜਦੋਂ ਆਮ ਆਦਮੀ ਪਾਰਟੀ ਲੋਕਾਂ ਦੇ ਮਨਾਂ ਵਿੱਚੋਂ ਲੱਥ ਰਹੀ ਹੈ ਤਾਂ ਕਾਂਗਰਸ ਹੀ ਕੁਝ ਮਜਬੂਤ ਵਿਖਾਈ ਦਿੰਦਾ ਬਦਲ ਸੀ, ਜਿਸ ਵੱਲ ਲੋਕ ਜਾ ਸਕਦੇ ਸਨ। ਕੌਮੀ ਪੱਧਰ ‘ਤੇ ਰਾਹੁਲ ਗਾਂਧੀ ਵੱਲੋਂ ਕਾਂਗਰਸ ਪਾਰਟੀ ਨੂੰ ਕੁਝ ਰਿਵਾਈਵ ਕਰਨ ਦੇ ਯਤਨਾਂ ਦਾ ਅਸਰ ਵੀ ਪੰਜਾਬ ਵਿੱਚ ਪਿਆ ਹੈ। ਖਾਸ ਕਰਕੇ ਜਿੰਨੀ ਫਸਵੀਂ ਟੱਕਰ ਇੰਡੀਆ ਗੱਠਜੋੜ ਨੇ ਕੌਮੀ ਪੱਧਰ `ਤੇ ਐਨ.ਡੀ.ਏ ਗੱਠਜੋੜ ਨੂੰ ਦਿੱਤੀ, ਉਸ ਨੇ ਸਾਰੇ ਦੇਸ਼ ਵਿੱਚ ਹੀ ਹਵਾ ਦਾ ਰੁਖ ਬਦਲਿਆ ਹੈ।
___
67,000 ਤੋਂ ਵੱਧ ਵੋਟਰਾਂ ਵੱਲੋਂ ‘ਨੋਟਾ’ ਦੀ ਵਰਤੋਂ
ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ 67,000 ਤੋਂ ਵੱਧ ਵੋਟਰਾਂ ਨੇ ‘ਨੋਟਾ’ ਵਿਕਲਪ ਦੀ ਚੋਣ ਕੀਤੀ। ਚੋਣ ਕਮਿਸ਼ਨ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 67,158 ਵੋਟਰਾਂ (ਕੁੱਲ ਪੋਲ ਹੋਈਆਂ ਵੋਟਾਂ ਦਾ 0.49 ਫੀਸਦੀ) ਨੇ ‘ਨੋਟਾ’ ਦਾ ਬਟਨ ਦਬਾਇਆ।

Leave a Reply

Your email address will not be published. Required fields are marked *