ਸਿਰਮੌਰ ਪੰਜਾਬੀ ਕਵੀ ਸੁਰਜੀਤ ਪਾਤਰ ਦੇ ਜਾਣ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਹ ਬਹੁਤ ਨਰਮ ਸੁਭਾਅ ਦੇ ਸਨ ਅਤੇ ਉੱਚ ਕੋਟੀ ਦੇ ਸ਼ਾਇਰ ਸਨ। ਉਹ ਪੰਜਾਬੀ ਦੇ ਕੁਝ ਅਜਿਹੇ ਕਵੀਆਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੂੰ ਸਿਰਫ਼ ਸਾਹਿਤਕਾਰ ਲੋਕ ਹੀ ਨਹੀਂ ਜਾਣਦੇ ਸਨ, ਸਗੋਂ ਪੰਜਾਬ ਦੇ ਜਨ-ਮਾਨਸ ਤੱਕ ਉਨ੍ਹਾਂ ਦੀ ਪਹੁੰਚ ਸੀ। ਉਹ ਵੱਡਿਆਂ ਅਤੇ ਨਿੱਕਿਆਂ ਸਾਰਿਆਂ ਨੂੰ ਬੜੇ ਪਿਆਰ ਤੇ ਨਿੱਘ ਨਾਲ ਮਿਲਦੇ ਸਨ।
ਸੁਰਜੀਤ ਪਾਤਰ ਦਾ ਜਨਮ ਜਨਵਰੀ 1945 ਵਿੱਚ ਜਲੰਧਰ ਦੇ ਪਿੰਡ ਪੱਤੜ ਕਲਾਂ ਵਿੱਚ ਹੋਇਆ। ਮਗਰੋਂ ਉਨ੍ਹਾਂ ਨੇ ਅੰਗਰੇਜ਼ੀ ਦੇ ਇੱਕ ਕਾਲਜ ਮੈਗਜ਼ੀਨ ਵਿੱਚ ਜਦੋਂ ਆਪਣੇ ਪਿੰਡ ਦਾ ਨਾਮ ‘ਫਅਟਟੲਰ’ ਲਿਖਿਆ ਤਾਂ ਉਹ ‘ਪਾਤਰ` ਬਣ ਗਿਆ ਅਤੇ ਉਨ੍ਹਾਂ ਨੇ ਇਹੀ ਵਰਤਣਾ ਸ਼ੁਰੂ ਕਰ ਦਿੱਤਾ ਕਿ ਮੈਂ ਪਾਤਰ ਬਣ ਗਿਆ।
ਜਦੋਂ ਪੰਜਾਬੀ ਯੂਨੀਵਰਸਿਟੀ ਬਣੀ ਤਾਂ ਸ਼ੁਰੂ ਵਿੱਚ ਇੱਥੇ ਹੋਸਟਲਾਂ ਦੀ ਕਮੀ ਸੀ। ਇਸ ਲਈ ਜ਼ਿਆਦਾਤਰ ਵਿਦਿਆਰਥੀ ਬਾਹਰ ਹੀ ਆਪੋ-ਆਪਣਾ ਇੰਤਜ਼ਾਮ ਕਰਕੇ ਰਹਿੰਦੇ ਸਨ। ਸੁਰਜੀਤ ਪਾਤਰ ਵੀ ਯੂਨੀਵਰਸਿਟੀ ਦੇ ਸ਼ੁਰੂਆਤੀ ਪੂਰ ਵਿੱਚ ਸ਼ਾਮਲ ਸਨ। ਯੂਨੀਵਰਸਿਟੀ ਦੇ ਕਈ ਵਿਦਿਆਰਥੀ ਜੋ ਅੱਗੇ ਜਾ ਕੇ ਪੰਜਾਬੀ ਬੌਧਿਕਤਾ ਦੇ ਉੱਘੇ ਨਾਮ ਬਣੇ, ਮਸ਼ਹੂਰ ਭੂਤਵਾੜਾ ਦਾ ਹਿੱਸਾ ਸਨ। ਪੰਜਾਬੀ ਬੌਧਿਕਤਾ ਨੂੰ ਭੂਤਵਾੜੇ ਦੀ ਬਹੁਤ ਵੱਡੀ ਦੇਣ ਹੈ। ਇੱਥੋਂ ਕਈ ਵੱਡੇ ਨਾਮ ਨਿਕਲੇ ਹਨ, ਜਿਵੇਂ ਸਤਿੰਦਰ ਸਿੰਘ ਨੂਰ, ਡਾ. ਗੁਰਭਗਤ ਸਿੰਘ, ਮੋਹਨਜੀਤ, ਹਰਦਿਲ ਜੀਤ ਸਿੰਘ ਸਿੱਧੂ ਉਰਫ਼ ਲਾਲੀ ਅਤੇ ਸੁਰਜੀਤ ਮਾਨ। ਸੁਰਜੀਤ ਪਾਤਰ ਨੂੰ ਵੀ ਭੂਤਵਾੜੇ ਦੇ ਮਹਾਂਪੁਰਸ਼ਾਂ ਦੀ ਸੰਗਤ ਪ੍ਰਪਤ ਸੀ। ਆਪਣੇ ਪੜ੍ਹਾਈ ਦੇ ਦਿਨਾਂ ਦੌਰਾਨ ਸੁਰਜੀਤ ਪਾਤਰ ਲਾਲੀ ਦੇ ਨਾਲ, ਜੋ ਕਥਾਵਾਂ ਸੁਣਾਉਣ ਲਈ ਮਸ਼ਹੂਰ ਸਨ, ਕਥਾਵਾਂ ਸੁਣਦੇ ਹੋਏ ਤੁਰਦੇ-ਤੁਰਦੇ ਹੀ ਸ਼ਹਿਰ ਜਾਇਆ ਕਰਦੇ ਸਨ।
ਡਾ. ਪਾਤਰ ਨੂੰ ਦਲੀਪ ਕੌਰ ਟਿਵਾਣਾ ਵਰਗੇ ਵਿਦਵਾਨਾਂ ਦੀ ਸੰਗਤ ਮਾਨਣ ਦਾ ਮੌਕਾ ਮਿਲਿਆ। ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਾਈ ਦੌਰਾਨ ਹੀ ਉਨ੍ਹਾਂ ਨੇ ਆਪਣੀ ਮਸ਼ਹੂਰ ਕਵਿਤਾ ‘ਕੋਈ ਡਾਲੀਆਂ `ਚੋਂ ਲੰਘਿਆ ਹਵਾ ਬਣ ਕੇ, ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣ ਕੇ’ ਲਿਖੀ। ਸੁਰਜੀਤ ਪਾਤਰ ਨੇ ਗੋਲਡ ਮੈਡਲ ਨਾਲ ਪੰਜਾਬੀ ਵਿੱਚ ਐੱਮ.ਏ. ਕੀਤੀ ਅਤੇ ਉਨ੍ਹਾਂ ਦੇ ਪੀਐੱਚ.ਡੀ. ਖੋਜ ਕਾਰਜ ਦਾ ਵਿਸ਼ਾ ‘ਲੋਕ ਧਾਰਾ ਦਾ ਨਾਨਕ ਬਾਣੀ ਵਿੱਚ ਰੂਪਾਂਤਰਣ’ ਸੀ। ਉਹ ਜਦੋਂ ਐੱਮ.ਏ. ਪੰਜਾਬੀ ਕਰ ਰਹੇ ਸਨ ਤਾਂ ਉਸ ਵੇਲੇ ਨਕਸਲਵਾਦੀ ਲਹਿਰ ਜ਼ੋਰਾਂ `ਤੇ ਸੀ। ਉਹ ਦੱਸਦੇ ਹੁੰਦੇ ਸਨ, “ਸਾਡੇ ਕੋਲ ਰਾਤ ਬਰਾਤੇ ਨਕਸਲਵਾਦੀ ਕਵੀ ਰੂਪੋਸ਼ ਹੋ ਕੇ ਆਉਂਦੇ ਸੀ। ਜਦੋਂ ਹਰਭਜਨ ਹਲਵਾਰਵੀ ਪਹਿਲੀ ਵਾਰੀ ਸਾਡੇ ਕੋਲ ਮਨੋਹਰ ਲਾਲ ਬਣ ਕੇ ਆਇਆ ਤਾਂ ਅਸੀਂ ਉਸ ਨੂੰ ਉਸ ਦੀ ਆਵਾਜ਼ ਤੋਂ ਪਛਾਣਿਆ।”
ਸੁਰਜੀਤ ਪਾਤਰ ਦੀਆਂ ਕਈ ਰਚਨਾਵਾਂ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਹੋ ਚੁੱਕੀਆਂ ਹਨ। ਉਹ ਹੋਰ ਭਾਸ਼ਾਵਾਂ ਦਾ ਸਹਿਤ ਵੀ ਪੜ੍ਹਦੇ ਰਹਿੰਦੇ ਸਨ। ਉਹ ਹਿੰਦੀ, ਉਰਦੂ ਅਤੇ ਅੰਗਰੇਜ਼ੀ ਦੇ ਸਾਹਿਤਾਕਾਰਾਂ ਤੋਂ ਪ੍ਰਭਾਵਿਤ ਸਨ। ਉਨ੍ਹਾਂ ਨੇ ਆਪ ਵੀ ਅਨੁਵਾਦ ਦਾ ਕੰਮ ਕੀਤਾ ਅਤੇ ਫੈਡਰੀਸੀਓ ਗਰੇਸੀਆ ਲੌਰਕਾ ਦੇ ਤਿੰਨ ਦੁਖਾਂਤਕ, ਗਰੀਸ਼ ਕਰਨਾਡ ਦਾ ਨਾਟਕ ਨਾਗਮੰਡਲ ਤੇ ਬੇਰਤੋਲਤ ਬਰੈਸ਼ ਅਤੇ ਪਾਬਲੋ ਨਰੂਦਾ ਦੀਆਂ ਕਵਿਤਾਵਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ।
ਮੌਜੂਦਾ ਸਮੇਂ ਵਿੱਚ ਉਹ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਚੇਅਰਮੈਨ ਸਨ। ਜਦੋਂ ਪਿਛਲੇ ਸਾਲਾਂ ਦੌਰਾਨ ਉਹ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਬਣੇ ਤਾਂ ਵਿਵਾਦ ਹੋਇਆ, ਪਰ ਫਿਰ ਵੀ ਉਨ੍ਹਾਂ ਨੇ ਕੁਰਸੀ ਉੱਤੇ ਬੈਠ ਕੇ ਕਦੇ ਵੀ ਸੱਤਾ ਦੇ ਸੋਹਲੇ ਨਹੀਂ ਗਾਏ।
ਸੁਰਜੀਤ ਪਾਤਰ ਨੇ ‘ਹੁਣ’ ਰਸਾਲੇ ਨੂੰ ਇੰਟਰਵਿਊ ਦੌਰਾਨ ਕਿਹਾ ਸੀ, “ਮੈਂ ਉਦੋਂ ਦੂਜੀ ਜਮਾਤ ਵਿੱਚ ਪੜ੍ਹਦਾ ਸਾਂ। ਮੈਨੂੰ ਉਹ ਸਵੇਰ ਯਾਦ ਹੈ, ਜਦੋਂ ਟਾਂਗੇ `ਤੇ ਬੈਠ ਕੇ ਉਹ ਕਰਤਾਰਪੁਰ ਗਏ ਅਤੇ ਉੱਥੇ ਗੱਡੀ ਚੜ੍ਹ ਕੇ ਬੰਬਈ ਫਿਰ ਜ਼ੰਜੀਰਾਬਾਦ। ਮੈਨੂੰ ਆਪਣੇ ਘਰ ਦਾ ਬੋੜਾ ਜਿਹਾ ਬੂਹਾ ਯਾਦ ਹੈ, ਜਿੱਥੇ ਅਸੀਂ ਸਾਰੇ ਖੜ੍ਹੇ ਸਾਂ, ਮੇਰੇ ਬੀ ਜੀ, ਮੇਰੀਆਂ ਚਾਰ ਭੈਣਾਂ ਅਤੇ ਇੱਕ ਛੋਟਾ ਭਰਾ। ਦੋ ਭੈਣਾਂ ਵਿਆਹੀਆਂ ਹੋਈਆਂ ਸਨ ਅਤੇ ਦੋ ਵਿਆਹੁਣ ਜੋਗੀਆਂ। ਪਿਤਾ ਜੀ ਚਾਰ ਪੰਜ ਸਾਲ ਦੀ ਮੁਸਾਫ਼ਰੀ ਬਾਅਦ ਆਉਂਦੇ, ਸਾਡੇ ਕੋਲ ਦੋ ਕੁ ਮਹੀਨੇ ਰਹਿੰਦੇ, ਫਿਰ ਚਲੇ ਜਾਂਦੇ। ਮੈਨੂੰ ਭਾਪਾ ਜੀ ਦੇ ਜਾਣ ਦੀ ਉਹ ਸਵੇਰ ਚੰਗੀ ਤਰ੍ਹਾਂ ਯਾਦ ਹੈ। ਇਸ ਬਾਰੇ ਬਹੁਤ ਸਾਲਾਂ ਬਾਅਦ ਇਹ ਗੀਤ ਲਿਖਿਆ ਸੀ, “ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਏ, ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ।”
ਸੁਰਜੀਤ ਪਾਤਰ ਦਾ ਜੀਵਨ ਕਾਲ ਲਗਭਗ ਅੱਠ ਦਹਾਕਿਆਂ ਵਿੱਚ ਫੈਲਿਆ ਹੋਇਆ ਹੈ। ਆਪਣੇ ਜੀਵਨ ਦੌਰਾਨ ਉਨ੍ਹਾਂ ਨੇ ਪੰਜਾਬ ਨੂੰ ਵੱਖ-ਵੱਖ ਮਰਹਲਿਆਂ ਵਿੱਚੋਂ ਗੁਜ਼ਰਦੇ ਦੇਖਿਆ ਅਤੇ ਆਪਣੇ ਅਨੁਭਵ ਦੀ ਕਾਵਿਕ ਪੇਸ਼ਕਾਰੀ ਕੀਤੀ। ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਮਾਂ ਬੋਲੀ ਦੇ ਨਿਘਾਰ ਦਾ ਫਿਕਰ, ਪੰਜਾਬ ਵਿੱਚ ਹਥਿਆਰਬੰਦ ਸੰਘਰਸ਼ ਦੇ ਦੁਖਾਂਤ, ਨਾਗਰਿਕਤਾ ਸੋਧ ਕਾਨੂੰਨ ਅਤੇ ਕਿਸਾਨੀ ਸੰਘਰਸ਼ ਵਰਗੇ ਵਿਸ਼ੇ ਮਿਲ ਜਾਂਦੇ ਹਨ। ਕਿਸਾਨ ਅੰਦੋਲਨ ਦੌਰਾਨ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਉਨ੍ਹਾਂ ਨੇ ਆਪਣਾ ਪਦਮਸ਼੍ਰੀ ਦਾ ਸਨਮਾਨ ਵੀ ਵਾਪਸ ਕਰ ਦਿੱਤਾ ਸੀ। ਉਨ੍ਹਾਂ ਇੱਕ ਇੰਟਰਵਿਊ ਦੌਰਾਨ ਕਿਹਾ ਸੀ, “ਜਿਸ ਸੰਵੇਦਨ-ਹੀਣਤਾ ਅਤੇ ਬੇਕਦਰੀ ਨਾਲ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਤੇ ਸ਼ਾਂਤਮਈ ਅੰਦੋਲਨ ਨਾਲ ਸਲੂਕ ਕੀਤਾ ਹੈ, ਉਸ ਨੇ ਮੇਰੇ ਦਿਲ ਨੂੰ ਠੇਸ ਪਹੁੰਚਾਈ ਹੈ।”
ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਵੀ ਇੱਕ ਕਵਿਤਾ ਲਿਖੀ ਸੀ। ਜਦੋਂ ਭਾਰਤੀ ਨਾਗਰਿਕਾਂ ਤੋਂ ਨਾਗਰਿਕਤਾ ਦੇ ਸਬੂਤ ਮੰਗੇ ਜਾਣ ਦੀ ਗੱਲ ਹੋ ਰਹੀ ਸੀ, ਉਦੋਂ ਉਨ੍ਹਾਂ ਨੇ ਪੰਜਾਬੀ ਦੇ ਸੂਫੀ ਕਵੀ ਬੁੱਲ੍ਹੇ ਸ਼ਾਹ ਦੇ ਹਵਾਲੇ ਨਾਲ ਲਿਖਿਆ ਸੀ। ਭ੍ਰਿਸ਼ਟਾਚਾਰ ਬਾਰੇ ਉਨ੍ਹਾਂ ਨੇ ਲਿਖਿਆ, “ਸੀਟੀ ਮਾਰੀ ਚੋਰ ਤੋਂ ਪੁੱਛ ਕੇ ਪਹਿਰੇਦਾਰ ਨੇ, ਦੋਵਾਂ ਨੂੰ ਹੀ ਰੱਖਿਆ ਹੈ ਵੱਡੀ ਸਰਕਾਰ ਨੇ।”
ਪੰਜਾਬੀ ਬੋਲੀ ਬਾਰੇ ਉਹ ਖਾਸ ਚਿੰਤਤ ਸਨ, ਉਨ੍ਹਾਂ ਨੇ ਆਪਣੇ ਦਰਦ ਨੂੰ ਇਸ ਤਰ੍ਹਾਂ ਬਿਆਨ ਕੀਤਾ, “ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ-ਸ਼ਬਦ ਵਾਕ-ਵਾਕ!” ਉਨ੍ਹਾਂ ਨੇ ਕਿਹਾ ਸੀ, “ਜਦੋਂ ਨਵੀਂ ਤਕਨੀਕ ਆਉਂਦੀ ਹੈ ਤਾਂ ਪੁਰਾਣੇ ਸ਼ਬਦ ਬਦਲ ਹੀ ਜਾਂਦੇ ਹਨ, ਪਰ ਜਿਨ੍ਹਾਂ ਲਫ਼ਜ਼ਾਂ ਦਾ ਤਕਨੀਕ ਨਾਲ ਕੋਈ ਸੰਬੰਧ ਨਹੀਂ ਸੀ, ਉਹ ਵੀ ਬਦਲ ਗਏ ਜਿਵੇਂ ਡੈਡੀ, ਮੰਮੀ, ਅੰਕਲ। ਇਸ ਦਾ ਕਾਰਨ ਸਾਡੀ ਮਾਨਸਿਕਤਾ ਹੈ। ਭਾਸ਼ਾ ਦਾ ਅਸੀਂ ਰਿਜ਼ਕ ਨਾਲ ਅਤੇ ਆਰਥਿਕਤਾ ਨਾਲ ਬਹੁਤ ਗਹਿਰਾ ਰਿਸ਼ਤਾ ਸਮਝਦੇ ਹਾਂ, ਤੇ ਇਸ ਤਰ੍ਹਾਂ ਹੁੰਦਾ ਵੀ ਹੈ। ਇਸ ਤੋਂ ਵੱਡੀ ਗੱਲ ਇਹ ਹੈ ਕਿ ਸਾਡਾ ਆਪਣੀ ਧਰਤੀ ਤੇ ਮਾਂ ਬੋਲੀ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਹੈ। ਮਾਵਾਂ ਸਾਰਿਆਂ ਦੀਆਂ ਸੋਹਣੀਆਂ ਹੁੰਦੀਆਂ ਹਨ ਪਰ ਅਸੀਂ ਕਿਸੇ ਨਾਲ ਆਪਣੀ ਮਾਂ ਵਟਾ ਨਹੀਂ ਸਕਦੇ। ਇਹ ਸਿਰਫ਼ ਬੋਲੀ ਦੇ ਮਰਨ ਦੀ ਗੱਲ ਨਹੀਂ, ਇਹ ਬੰਦੇ ਦੇ ਅੰਦਰ ਦੇ ਮਰਨ ਦੀ ਗੱਲ ਹੈ।”
ਪੰਜਾਬ ਦੇ ਕਾਲੇ ਦਿਨਾਂ ਬਾਰੇ ਉਨ੍ਹਾਂ ਦੀ ਕਵਿਤਾ “ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ” ਬੜੀ ਮਸ਼ਹੂਰ ਹੋਈ। ਕਵਿਤਾ ਵਿੱਚ ਨਿਆਂ ਪ੍ਰਣਾਲੀ ਬਾਰੇ ਵੀ ਤਨਜ਼ ਸੀ।
ਸੁਰਜੀਤ ਪਾਤਰ ਦੀਆਂ ਪ੍ਰਸਿੱਧ ਪ੍ਰਕਾਸ਼ਨਾਵਾਂ ਵਿੱਚ- ਹਵਾ ਵਿੱਚ ਲਿਖੇ ਹਰਫ਼, ਬਿਰਖ ਅਰਜ਼ ਕਰੇ, ਹਨੇਰੇ ਵਿੱਚ ਸੁਲਗਦੀ ਵਰਣਮਾਲਾ, ਲਫ਼ਜ਼ਾਂ ਦੀ ਦਰਗਾਹ, ਪੱਤਝੜ ਦੀ ਪਾਂਜੇਬ, ਸੁਰਜ਼ਮੀਨ, ਚੰਨ ਸੂਰਜ ਦੀ ਵਹਿੰਗੀ, ਹਾਏ ਮੇਰੀ ਕੁਰਸੀ ਹਾਏ ਮੇਰਾ ਮੇਜ਼, ਸੂਰਜ ਮੰਦਰ ਦੀਆਂ ਪੌੜ੍ਹੀਆਂ, ਅੱਗ ਦੇ ਕਲੀਰੇ, ਸਈਓ ਨੀ ਮੈਂ ਅੰਤ ਹੀਣ ਤਰਕਾਲਾਂ, ਸ਼ਹਿਰ ਮੇਰੇ ਦੀ ਪਾਗਲ ਔਰਤ, ਇੱਛਾਧਾਰੀ ਅਤੇ ਯੂਨਾਨ ਦੀ ਲੂਣਾ ਸ਼ਾਮਲ ਹਨ।
ਇਸ ਤੋਂ ਬਿਨਾ ਉਨ੍ਹਾਂ ਨੇ ਪੰਜਾਬੀ ਕਾਵਿਤਾ ਦੇ ਇਤਿਹਾਸ ਬਾਰੇ ਕੁਝ ਦਸਤਾਵੇਜ਼ੀ ਪ੍ਰੋਗਰਾਮਾਂ ਦੀ ਪੇਸ਼ਕਾਰੀ ਵੀ ਕੀਤੀ ਅਤੇ ਸਕਰਿਪਟ ਵੀ ਲਿਖੀ। ਉਨ੍ਹਾਂ ਨੂੰ ਆਪਣੇ ਜੀਵਨ ਦੌਰਾਨ ਕਈ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਜਿਵੇਂ ਪੰਜਾਬ ਸਾਹਿਤ ਅਕਾਦਮੀ ਪੁਰਸਕਾਰ (1979), ਸਾਹਿਤ ਅਕਾਦਮੀ ਪੁਰਸਕਾਰ (1993), ਗੁਰੂ ਨਾਨਕ ਯੂਨੀਵਰਸਿਟੀ ਤੋਂ ਆਨਰੇਰੀ ਡੀ.ਲਿਟ ਦੀ ਉਪਾਧੀ (2010), ਪਦਮਸ਼੍ਰੀ ਪੁਰਸਕਾਰ (2012) ਪੰਜਾਬੀ ਵਿਰਸਾ ਪਾਕਿਸਤਾਨ ਵੱਲੋਂ ਵਾਰਿਸ ਸ਼ਾਹ ਇੰਟਰਨੈਸ਼ਨਲ ਅਵਾਰਡ (2022)।
ਉਨ੍ਹਾਂ ਨੇ 1999 ਵਿੱਚ ਕੋਲੰਬੀਆ (ਲੈਟਿਨ ਅਮਰੀਕਾ) ਵਿੱਚ ਹੋਏ ਵਿਸ਼ਵ ਕਵਿਤਾ ਫੈਸਟੀਟਵਲ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਉਹ 2006 ਵਿੱਚ ਫਰੈਂਕਫਰਟ ਪੁਸਤਕ ਮੇਲੇ ਵਿੱਚ ਵੀ ਕਵੀ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ ਉਹ ਬ੍ਰਿਟੇਨ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਕੀਨੀਆ ਅਤੇ ਨਿਊਜ਼ੀਲੈਂਡ ਵਿੱਚ ਵੀ ਕਵਿਤਾ ਪਾਠ ਲਈ ਗਏ ਸਨ। ਬਰਨਾਲੇ ਵਿੱਚ ਆਪਣੇ ਆਖਰੀ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ‘ਬਾਲ ਮੋਮਬੱਤੀਆਂ’ ਕਵਿਤਾ ਪੜ੍ਹੀ ਸੀ। ਉਨ੍ਹਾਂ ਦੀ ਇੱਕ ਗਜ਼ਲ ਉਨ੍ਹਾਂ ਦੇ ਵਿਛੋੜੇ ਉੱਤੇ ਪੂਰੀ ਤਰ੍ਹਾਂ ਢੁਕਦੀ ਹੈ:
ਅਸਾਂ ਵੀ ਅੰਤ ਕਿਰ ਕੇ ਖ਼ਾਦ ਹੋਣਾ
ਕਦੀ ਸਾਂ ਫੁੱਲ ਇਹ ਕਿਸ ਨੂੰ ਯਾਦ ਹੋਣਾ।
ਕਿਸੇ ਦਿਸਣਾ, ਕਿਸੇ ਨੇ ਗੁੰਮ ਹੋਣਾ
ਕਿਸੇ ਗੁੰਬਦ, ਕਿਸੇ ਬੁਨਿਆਦ ਹੋਣਾ।
ਮੇਰੇ ਨ੍ਹੇਰੇ ਤੇ ਤੇਰੀ ਰੌਸ਼ਨੀ ਦਾ
ਹੈ ਮਨ ਵਿਚ ਉਮਰ ਭਰ ਸੰਵਾਦ ਹੋਣਾ।
ਸੁਲਗਦੇ ਲਫਜ਼ ਨੇ ਸੜ ਜਾਣਗੇ ਇਹ
ਨਹੀਂ ਇਹਨਾਂ ਕਦੇ ਫਰਿਆਦ ਹੋਣਾ।
ਉਦੋਂ ਸਮਝਣਗੇ ਲੋਕੀਂ ਦਿਲ ਦੀ ਅੱਗ ਨੂੰ
ਸਿਵੇ ਵਿੱਚ ਜਦ ਇਹਦਾ ਅਨੁਵਾਦ ਹੋਣਾ।