ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: +91-9781646008
ਸ਼ਿਵ ਬਟਾਲਵੀ ਦੀ ਕਰਮਭੂਮੀ ਬਟਾਲਾ ਵਿਖੇ ਜਨਮ ਲੈ ਕੇ ਵੀ ਮੈਂ ਆਪਣੇ ਆਪ ਨੂੰ ਇਸ ਪੱਖੋਂ ਸਦਾ ਬਦਕਿਸਮਤ ਹੀ ਸਮਝਦਾ ਰਿਹਾ ਹਾਂ ਕਿ ਮੈਂ ਸ਼ਿਵ ਦੀ ਜੀਵਨ ਲੀਲਾ ਸਮਾਪਤ ਹੋਣ ਮਗਰੋਂ ਜਨਮਿਆ ਸਾਂ ਤੇ ਉਸ ਅਜ਼ੀਮ ਹਸਤੀ ਦੇ ਸਾਖਿਆਤ ਦਰਸ਼ਨਾਂ ਤੋਂ ਵਾਂਝਾ ਰਹਿ ਗਿਆ ਸਾਂ, ਪਰ ਮੇਰੀ ਰੂਹ ਨੂੰ ਇਸ ਗੱਲ ਦਾ ਸਕੂਨ ਜ਼ਰੂਰ ਹੈ ਕਿ ਮੈਂ ਅਜੋਕੇ ਦੌਰ ਵਿੱਚ ਸ਼ਿਵ ਵਾਂਗ ਹੀ ਪਾਏਦਾਰ ਸ਼ਾਇਰੀ ਰਚਣ ਵਾਲੇ ਤੇ ਹਰੇਕ ਉਮਰ ਵਰਗ ਦੇ ਸਾਹਿਤ ਪ੍ਰੇਮੀਆਂ ਵਿੱਚ ਪੂਰਨ ਮਕਬੂਲ ਸਾਹਿਤਕਾਰ
ਤੇ ਯੁਗ ਕਵੀ ਸੁਰਜੀਤ ਪਾਤਰ ਦੇ ਦਰਸ਼ਨ ਕਰਨ ਤੇ ਉਨ੍ਹਾਂ ਨਾਲ ਦੋ ਬੋਲ ਸਾਂਝੇ ਕਰਨ ਦਾ ਸੁਭਾਗ ਜ਼ਰੂਰ ਹਾਸਿਲ ਕਰ ਗਿਆ ਸਾਂ। ਸੁਰਜੀਤ ਪਾਤਰ ਅਸਲ ਵਿੱਚ ਪੰਜਾਬੀ ਮਾਂ ਬੋਲੀ ਦਾ ਸੱਚਾ ਸਪੂਤ ਤੇ ਲੋਕ ਵੇਦਨਾ ਨੂੰ ਸੱਚੋ-ਸੱਚ ਪ੍ਰਗਟਾਉਣ ਵਾਲਾ ਬੇਬਾਕ ਸ਼ਾਇਰ ਸੀ। ਉਹ ਐਸਾ ਬੁਲੰਦ ਹੌਸਲੇ ਵਾਲਾ ਕਵੀ ਸੀ, ਜੋ ਆਪਣੇ ਸਮਿਆਂ ਦੇ ਸੱਚ ਨੂੰ ਬਿਆਨਦਿਆਂ ਤੇ ਸਥਾਪਿਤ ਸੱਤਾ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਇਹ ਆਖਣ ਤੋਂ ਰਤਾ ਨਹੀਂ ਝਿਜਕਿਆ ਸੀ, “ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮ੍ਹਾਦਾਨ ਕੀ ਕਹਿਣਗੇ?
ਸੁਰਜੀਤ ਪਾਤਰ ਸਚਮੁੱਚ ਹੀ ‘ਸੁਰਜੀਤ’ ਭਾਵ ‘ਜਿਊਂਦਾ ਜਾਗਦਾ’ ਸ਼ਾਇਰ ਸੀ। ਉਸਨੇ ਆਪਣੀ ਕਵਿਤਾ ਨੂੰ ਕੇਵਲ ਕਿਸੇ ਕੋਰੀ ਕਲਪਨਾ ਨਾਲ ਸਿਰਜੇ ਮਹਿਬੂਬ ਦੀਆਂ ਅਦਾਵਾਂ ਦੇ ਪ੍ਰਗਟਾਵੇ ਲਈ ਨਹੀਂ ਵਰਤਿਆ ਸੀ। ਉਹ ਲੋਕਾਂ ਦੀ ਗੱਲ ਕਰਨ ਵਾਲਾ ਕਵੀ ਸੀ। ਸ਼ਿਵ ਬਟਾਲਵੀ ਵਾਂਗ ਹੀ ਉਨ੍ਹਾਂ ਨੇ ਪੰਜਾਬੀ ਕਵਿਤਾ ਨੂੰ ਠੇਠ ਪੰਜਾਬੀ ਮੁਹਾਂਦਰਾ ਪ੍ਰਦਾਨ ਕਰਨ ਤੇ ਖ਼ਾਸ ਕਰਕੇ ਗ਼ਜ਼ਲ ਨੂੰ ਉਰਦੂ ਦੇ ਦਬਾਅ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਨਿਰਾਸ਼ਾ ਦੀ ਥਾਂ ਸਦਾ ਹੀ ਆਸ ਦਾ ਪੱਲਾ ਫੜ੍ਹਿਆ ਤੇ ਆਖ ਦਿੱਤਾ ਸੀ,
ਜੇ ਆਈ ਪਤਝੜ ਤਾਂ ਫੇਰ ਕੀ ਹੈ?
ਤੂੰ ਅਗਲੀ ਰੁੱਤ ’ਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤੋਂ ਲਿਆਉਨਾ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ।
ਡਾ. ਪਾਤਰ ਦੀ ਪੈਦਾਇਸ਼ ਪਿੰਡ ਪੱਤੜ ਕਲਾਂ ਵਿਖੇ ਵੱਸਦੇ ਸ. ਹਰਭਜਨ ਸਿੰਘ ਦੇ ਘਰ ਮਾਤਾ ਗੁਰਬਖ਼ਸ਼ ਕੌਰ ਦੀ ਕੁੱਖੋਂ 14 ਜਨਵਰੀ 1945 ਨੂੰ ਹੋਈ ਸੀ। ਉਨ੍ਹਾਂ ਦੇ ਵੱਡ-ਵਡੇਰੇ ਅਤੇ ਪਿਤਾ ਸ. ਹਰਭਜਨ ਸਿੰਘ ਪੰਜਾਬੀ ਮਾਂ ਬੋਲੀ ਦੇ ਪਹਿਰੇਦਾਰ ਰਹੇ ਸਨ ਤੇ ਉਨ੍ਹਾਂ ਨੇ ਹੀ ਆਪਣੇ ਪਿੰਡ ਵਿੱਚ ਪੰਜਾਬੀ ਦਾ ਚੌਮੁਖੀਆ ਚਿਰਾਗ਼ ਬਾਲ ਕੇ ਆਪਣੇ ਪਰਿਵਾਰ ਸਣੇ ਹੋਰ ਲੋਕਾਂ ਨੂੰ ਪੰਜਾਬੀ ਦੇ ਲੜ ਲਾਇਆ ਸੀ। ਪਿਤਾ ਵੱਲੋਂ ਪੰਜਾਬੀ ਨਾਲ ਜੁੜ੍ਹਨ ਦੀ ਦਿੱਤੀ ਗਈ ਗੁੜ੍ਹਤੀ ਆਖ਼ਰੀ ਸਾਹਾਂ ਤੱਕ ਉਨ੍ਹਾਂ ਦੇ ਸੰਗ ਨਿਭੀ। ਪੰਜਾਬੀ ਬੋਲੀ ਤੇ ਸਾਹਿਤ ਦੇ ਅਧਿਐਨ ਦੌਰਾਨ ਐਮ.ਏ. ਪੰਜਾਬੀ ਦੀ ਪ੍ਰੀਖਿਆ ਸੋਨ ਤਮਗਾ ਹਾਸਿਲ ਕਰਦਿਆਂ ਪਾਸ ਕੀਤੀ ਸੀ। ਉਪਰੰਤ ਐਮ.ਫ਼ਿਲ ਅਤੇ ਪੀਐਚ.ਡੀ. ਕੀਤੀ ਤੇ ਪੰਜਾਬੀ ਅਧਿਆਪਨ ਦੇ ਖੇਤਰ ਵਿੱਚ ਕਦਮ ਰੱਖਦਿਆਂ ਸੰਨ 1969 ਵਿੱਚ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਵਿਖੇ ਬਤੌਰ ਪੰਜਾਬੀ ਲੈਕਚਰਾਰ ਸੇਵਾ ਅਰੰਭ ਕੀਤੀ ਸੀ। ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਬਤੌਰ ਪ੍ਰੋਫ਼ੈਸਰ ਆਪਣੀ ਲੰਮੀ ਤੇ ਬੇਦਾਗ਼ ਸੇਵਾ ਨਿਭਾਉਣ ਉਪਰੰਤ ਉਹ ਸੇਵਾਮੁਕਤ ਹੋ ਗਏ ਸਨ।
ਸੁਰਜੀਤ ਪਾਤਰ ਨੇ ਆਪਣੀ ਪਹਿਲੀ ਕਵਿਤਾ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਇੱਕ ਸਮਾਗਮ ਦੌਰਾਨ ਪੜ੍ਹੀ ਸੀ ਤੇ ਉਨ੍ਹਾਂ ਨੂੰ ਨਕਦ ਇਨਾਮ ਵੀ ਹਾਸਿਲ ਹੋਇਆ ਸੀ। ਇਸ ਤੋਂ ਬਾਅਦ ਆਪਣੀ ਸਕੂਲ, ਕਾਲਜ ਅਤੇ ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਆਪਣੀ ਸ਼ਾਇਰੀ ਦੀ ਛਹਿਬਰ ਲਾਈ ਰੱਖੀ ਸੀ। ਉਮਰ ਦੇ ਅਠ੍ਹਾਰਵੇਂ ਵਰ੍ਹੇ ਤੱਕ ਆਉਂਦਿਆਂ-ਆਉਂਦਿਆਂ ਉਨ੍ਹਾਂ ਦੀਆਂ ਕਾਵਿ ਰਚਨਾਵਾਂ ਦੀ ਪ੍ਰਕਾਸ਼ਨਾ ਵੱਖ-ਵੱਖ ਰਸਾਲਿਆਂ ਵਿੱਚ ਅਰੰਭ ਹੋ ਗਈ ਸੀ। ਉਹ ਆਪਣੇ ਨਾਂ ਨਾਲ ਆਪਣੇ ਪਿੰਡ ਦਾ ਨਾਂ ‘ਪੱਤੜ’ ਲਿਖਿਆ ਕਰਦੇ ਸਨ ਤੇ ਜਦੋਂ ਆਪਣੀ ਇੱਕ ਰਚਨਾ ‘ਪ੍ਰੀਤਲੜੀ’ ਰਸਾਲੇ ਵਿੱਚ ਛਪਣ ਹਿਤ ਭੇਜੀ ਤਾਂ ਸਬੰਧਿਤ ਸੰਪਾਦਕ ਸਾਹਿਬ ਦੀ ਸਿਫ਼ਾਰਿਸ਼ ਅਤੇ ਨਾਟਕਾਕਾਰ ਸੁਰਜੀਤ ਸਿੰਘ ਸੇਠੀ ਦੇ ਸਮਰਥਨ ਸਦਕਾ ਉਨ੍ਹਾਂ ਦੇ ਨਾਂ ਨਾਲੋਂ ‘ਪੱਤੜ’ ਹਟਾ ਕੇ ਤਖੱਲਸ ‘ਪਾਤਰ’ ਕਰ ਦਿੱਤਾ ਗਿਆ ਸੀ, ਕਿਉਂਕਿ ਅੰਗਰੇਜ਼ੀ ਵਿੱਚ ਲਿਖੇ ਸ਼ਬਦ ‘ਪੱਤੜ’ ਨੂੰ ‘ਪਾਤਰ’ ਵਜੋਂ ਪੜ੍ਹਿਆ ਜਾਣਾ ਜ਼ਿਆਦਾ ਸ਼ੋਭਾਦਾਇਕ ਪ੍ਰਤੀਤ ਹੁੰਦਾ ਸੀ ਤੇ ਇੰਜ ਉਹ ਸੁਰਜੀਤ ਪੱਤੜ ਤੋਂ ਸੁਰਜੀਤ ਪਾਤਰ ਬਣ ਗਏ।
ਸਰੀਰ ਪੱਖੋਂ ਨਿੱਕੇ ਕੱਦ ਵਾਲੇ ਸੁਰਜੀਤ ਪਾਤਰ ਦਾ ਵਿਸ਼ਵ ਸਾਹਿਤ ਵਿੱਚ ਬਹੁਤ ਵੱਡਾ ਕੱਦ ਸੀ। ਉਹ ਅਜੋਕੇ ਸਮੇਂ ਦੇ ਸਭ ਤੋਂ ਵੱਧ ਚਰਚਿਤ ਤੇ ਸਭ ਤੋਂ ਵੱਧ ਪੜ੍ਹੇ-ਸੁਣੇ ਤੇ ਪਸੰਦ ਕੀਤੇ ਜਾਣ ਵਾਲੇ ਸ਼ਾਇਰ ਸਨ। ਉਨ੍ਹਾਂ ਨੇ ਉੱਚਕੋਟੀ ਦੇ ਕਾਵਿ-ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾ ਕੇ ਪੰਜਾਬੀ ਸਾਹਿਤ ਦਾ ਮਣਾਂਮੂੰਹੀਂ ਮਾਣ ਵਧਾਇਆ ਸੀ। ਮੁੱਲਵਾਨ ਰਚਨਾਵਾਂ ਲਈ ਉਨ੍ਹਾਂ ਨੂੰ ‘ਸਾਹਿਤ ਅਕਾਦਮੀ ਪੁਰਸਕਾਰ, ਸ਼੍ਰੋਮਣੀ ਪੰਜਾਬੀ ਕਵੀ ਸਨਮਾਨ, ਪੰਚਨਾਦ ਪੁਰਸਕਾਰ, ਸਰਸਵਤੀ ਸਨਮਾਨ ਅਤੇ ਡੀ.ਲਿਟ. ਦੀ ਆਨਰੇਰੀ ਉਪਾਧੀ’ ਸਣੇ ‘ਪਦਮ ਸ੍ਰੀ ਪੁਰਸਕਾਰ’ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੂੰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਅਤੇ ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਦਾ ਪ੍ਰਧਾਨ ਬਣਨ ਦਾ ਸ਼ਰਫ਼ ਵੀ ਹਾਸਿਲ ਹੋਇਆ ਸੀ ਤੇ ਉਹ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਵੀ ਬਣੇ ਸਨ। ਉਨ੍ਹਾਂ ਨੇ ਜਲੰਧਰ ਦੂਰਦਰਸ਼ਨ ਦੇ ‘ਸੂਰਜ ਦਾ ਸਿਰਨਾਵਾਂ, ਕਾਵਿਸ਼ਾਰ, ਲੋਕ ਰੰਗ ਅਤੇ ਰੂਬਰੂ’ ਆਦਿ ਪ੍ਰੋਗਰਾਮਾਂ ਦਾ ਸਫ਼ਲ ਸੰਚਾਲਨ ਕਰਕੇ ਖ਼ੂਬ ਨਾਮਣਾ ਖੱਟਿਆ ਸੀ।
ਡਾ. ਪਾਤਰ ਦਾ ਕੌਮਾਂਤਰੀ ਮੰਚ ’ਤੇ ਮਹੱਤਵ ਇਸ ਗੱਲ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ‘ਵਿਸ਼ਵ ਕਵਿਤਾ ਉਤਸਵ’ ਮੌਕੇ ਉਨ੍ਹਾਂ ਨੂੰ ਭਾਰਤੀ ਕਵਿਤਾ ਦੀ ਪ੍ਰਤੀਨਿਧਤਾ ਕਰਨ ਲਈ ਚੁਣਿਆ ਗਿਆ ਸੀ। ਫਿਰ ਭਾਵੇਂ ਜਰਮਨੀ ਵਿਖੇ ਹੋਏ ਪੁਸਤਕ ਮੇਲੇ ਦੀ ਗੱਲ ਹੋਵੇ ਜਾਂ ਫਿਰ ਨਿਊ ਯਾਰਕ ਵਿੱਚ ਸਾਹਿਤ ਦੀ ਵੱਡੀ ਕਾਨਫ਼ਰੰਸ ਵਿੱਚ ਸ਼ਮੂਲੀਅਤ ਦਾ ਮੁੱਦਾ, ਸੁਰਜੀਤ ਪਾਤਰ ਇਨ੍ਹਾਂ ਦੋਹਾਂ ਕੌਮਾਂਤਰੀ ਸਮਾਗਮਾਂ ਵਿੱਚ ਹਾਜ਼ਰ ਸਨ। ਇਹ ਫ਼ਖ਼ਰ ਦੀ ਗੱਲ ਸੀ ਕਿ ਉਹ ਚੀਨ ਵਿਖੇ ਸ਼ਿਰਕਤ ਕਰਨ ਵਾਲੇ ਭਾਰਤੀ ਸਾਹਿਤਕਾਰਾਂ ਦੇ ਵਫ਼ਦ ਦਾ ਵੀ ਹਿੱਸਾ ਸਨ ਤੇ ਆਬੂਧਾਬੀ ਵਿਖੇ ਆਯੋਜਿਤ ਕੀਤੇ ਗਏ ‘ਵਿਸ਼ਵ ਪੁਸਤਕ ਮੇਲੇ’ ਵਿੱਚ ਵੀ ਉਹ ਸਤਿਕਾਰ ਸਹਿਤ ਬੁਲਾਏ ਗਏ ਭਾਰਤੀ ਸਾਹਿਤਕਾਰਾਂ ਦੀ ਮਾਲਾ ਵਿਚਲੇ ਇੱਕ ਅਨਮੋਲ ਮੋਤੀ ਸਨ।
ਸੁਰਜੀਤ ਪਾਤਰ ਦੀ ਸ਼ਖ਼ਸੀਅਤ ਦੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਐਨੀਆਂ ਉਚੇਰੀਆਂ ਤੇ ਮਾਣਮੱਤੀਆਂ ਪ੍ਰਾਪਤੀਆਂ ਕਰਨ ਉਪਰੰਤ ਵੀ ਉਹ ਸਾਦ-ਮੁਰਾਦੇ ਤੇ ਨਿਮਰਤਾ ਭਰਪੂਰ ਰਹੇ। ਉਨ੍ਹਾਂ ਦੀਆਂ ਬਾਕਮਾਲ ਰਚਨਾਵਾਂ ਹੰਸ ਰਾਜ ਹੰਸ, ਲਖਵਿੰਦਰ ਵਡਾਲੀ, ਸੰਗਤਾਰ, ਚਚੇਰੇ ਭਰਾ ਦੀਦਾਰ ਸਿੰਘ ਪਰਦੇਸੀ ਅਤੇ ਕੁਝ ਹੋਰ ਗਾਇਕਾਂ ਵੱਲੋਂ ਗਾਈਆਂ ਗਈਆਂ ਸਨ। ਉਨ੍ਹਾਂ ਦੀ ਆਪਣੀ ਪੁਰਸੋਜ਼ ਆਵਾਜ਼ ਵਿੱਚ ਰਿਕਾਰਡ ਹੋਈਆਂ ਕਾਵਿ ਰਚਨਾਵਾਂ ਅੱਜ ਵੀ ਸਰੋਤਿਆਂ ਵੱਲੋਂ ਸੋਸ਼ਲ ਮੀਡੀਆ ’ਤੇ ਸੁਣੀਆਂ ਜਾ ਸਕਦੀਆਂ ਹਨ।
ਉਂਜ ਤਾਂ ਸੁਰਜੀਤ ਪਾਤਰ ਦੀਆਂ ਸਾਰੀਆਂ ਹੀ ਰਚਨਾਵਾਂ ਬਾਕਮਾਲ ਅਤੇ ਭਾਵਪੂਰਤ ਹਨ, ਪਰ ਹਰੇਕ ਮਹਿਫ਼ਿਲ ਵਿੱਚ ਉਨ੍ਹਾਂ ਕੋਲੋਂ ਵਾਰ-ਵਾਰ ਫ਼ਰਮਾਇਸ਼ ਕਰਕੇ ਸੁਣੀਆਂ ਜਾਣ ਵਾਲੀਆਂ ਕੁਝ ਕਾਵਿ ਸਤਰਾਂ ਇਸ ਪ੍ਰਕਾਰ ਹਨ:
ਘੱਟ ਗਿਣਤੀ ਨਹੀਂ
ਮੈਂ ਦੁਨੀਆਂ ਦੀ
ਸਭ ਤੋਂ ਵੱਡੀ ਬਹੁ-ਗਿਣਤੀ ਨਾਲ
ਸਬੰਧ ਰੱਖਦਾ ਹਾਂ।
ਬਹੁ ਗਿਣਤੀ ਜੋ ਉਦਾਸ ਹੈ
ਖ਼ਾਮੋਸ਼ ਹੈ
ਏਨੇ ਚਸ਼ਮਿਆਂ ਦੇ ਬਾਵਜੂਦ
ਪਿਆਸੀ ਹੈ।
ਏਨੇ ਚਾਨਣਾਂ ਦੇ ਬਾਵਜੂਦ
ਹਨੇਰੇ ਵਿੱਚ ਹੈ।
—
ਉਹ ਸੂਲੀ ’ਤੇ ਚੜ੍ਹਾ ਕੇ ਪੁੱਛਦੇ ਨੇ
ਤੂੰ ਸਾਡੇ ਤੋਂ ਉੱਚਾ ਮਨਸੂਰ ਕਿਉਂ ਹੈਂ।
ਉਹ ਆਪਣੇ ਹੀ ਦਿਲ ਦੀ ਅਗਨ ਸੀ ਰੌਸ਼ਨ
ਉਹ ਪੁੱਛਦੇ ਸੀ ਤੂੰ ਏਨਾ ਮਸ਼ਹੂਰ ਕਿਉਂ ਹੈ?
—
ਲੱਗੀ ਨਜ਼ਰ ਪੰਜਾਬ ਨੂੰ, ਇਹਦੀ ਨਜ਼ਰ ਉਤਾਰੋ
ਲੈ ਕੇ ਮਿਰਚਾਂ ਕੌੜੀਆਂ, ਇਹਦੇ ਸਿਰ ਤੋਂ ਵਾਰੋ।
—
ਕੋਈ ਡਾਲੀਆਂ ’ਚੋਂ ਲੰਘਿਆ ਹਵਾ ਬਣ ਕੇ
ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣ ਕੇ।
—
ਏਨਾ ਸੱਚ ਵੀ ਨਾ ਬੋਲ ਕਿ ’ਕੱਲਾ ਰਹਿ ਜਾਵੇਂ
ਚਾਰ ਕੁ ਬੰਦੇ ਛੱਡ ਲੈ, ਮੋਢਾ ਦੇਣ ਲਈ।
—
ਸ਼ੂਕ ਰਹੇ ਜੰਗਲ ਨੂੰ ਕੀਕਣ ਚੁੱਪ ਕਰਾਵਾਂ ਮੈਂ
’ਕੱਲੇ ’ਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ ਮੈਂ?
—
ਲੱਗੀ ਜੋ ਤੇਰੇ ਕਾਲਜੇ ਹਾਲੇ ਛੁਰੀ ਨਹੀਂ
ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ।
—
ਮੈਂ ਆਵਾਜ਼ਾਂ ਤੈਨੂੰ ਬੜੀਆਂ ਮਾਰੀਆਂ
ਤੇਰੀ ਚੁੱਪ ਨੇ ਜੀਰ ਲਈਆਂ ਸਾਰੀਆਂ।
—
ਦੋਸਤੀ ਤੇ ਦੁਸ਼ਮਣੀ ਦੇ ਸਿਲਸਿਲੇ ਸਭ ਤੋੜ ਕੇ
ਇੱਕ ਨਾ ਇੱਕ ਦਿਨ ਘੂਕ ਸੌਂ ਜਾਵਾਂਗਾ ਮਿੱਟੀ ਓੜ ਕੇ।
ਆਪਣੇ ਸੰਸਾਰਕ ਜੀਵਨ ਸਫ਼ਰ ਦੇ ਅੰਤਲੇ ਦਿਨਾਂ ਵਿੱਚ ਉਨ੍ਹਾਂ ਨੇ ਇੱਕ ਕਵਿਤਾ ਰਚਦਿਆਂ ਆਪਣੇ ਜੀਵਨ ਸਾਰ ਅਤੇ ਕੁਝ ਆਖ਼ਰੀ ਹਸਰਤਾਂ ਦਾ ਪ੍ਰਗਟਾਵਾ ਕੁਝ ਇੰਜ ਕੀਤਾ ਸੀ:
ਜੀਵਨ ਸ਼ਾਮਾਂ ਪੈ ਗਈਆਂ
ਕਈ ਗੱਲਾਂ ਦਿਲ ਵਿੱਚ ਰਹਿ ਗਈਆਂ।
ਕਈ ਕੰਮ ਅਣਕੀਤੇ ਰਹਿ ਗਏ ਨੇ
ਕਈ ਮਾਫ਼ੀਆਂ ਮੰਗਣ ਵਾਲੀਆਂ ਵੀ।
ਪਰ ਕੁਝ ਗੱਲਾਂ ਦਾ ਮਾਣ ਵੀ ਹੈ
ਜੋ ਸੁਣੀਆਂ, ਕਹੀਆਂ, ਕੀਤੀਆਂ ਨੇ।
ਸੀਨੇ ਵਿੱਚ ਲੱਥਣ ਵਾਲੀਆਂ ਵੀ
ਰੂਹਾਂ ਨੂੰ ਰੰਗਣ ਵਾਲੀਆਂ ਵੀ।
10 ਮਈ 2024 ਦੀ ਕਾਲੀ ਰਾਤ ਪੰਜਾਬੀ ਸਾਹਿਤ ਜਗਤ ਵਿੱਚ ਉਸ ਵੇਲੇ ਹਨੇਰਾ ਕਰ ਗਈ ਸੀ, ਜਦੋਂ ਆਪਣੇ ਪਲੰਘ ’ਤੇ ਸੁੱਤਾ ਇਹ ਸਿਰਮੌਰ ਸਾਹਿਤਕਾਰ 11 ਮਈ ਦੀ ਸਵੇਰ ਨੂੰ ਉੱਠਿਆ ਹੀ ਨਹੀਂ। ਉਨ੍ਹਾਂ ਨੇ 10 ਮਈ ਨੂੰ ਪੰਜਾਬੀ ਸਾਹਿਤ ਸਭਾ ਬਰਨਾਲਾ ਵੱਲੋਂ ਕਰਵਾਏ ਇੱਕ ਸਾਹਿਤਕ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਆਪਣੇ ਆਖ਼ਰੀ ਸੰਬੋਧਨ ਵਿੱਚ ਆਖਿਆ ਸੀ, ‘‘ਸ਼ਬਦ ਨਾਲ ਦਾ ਚੰਗਾ ਵੀ ਕੋਈ ਨਹੀਂ ਤੇ ਸ਼ਬਦ ਵਰਗਾ ਬੁਰਾ ਵੀ ਕੋਈ ਨਹੀਂ। ਜਦੋਂ ਸ਼ਬਦ ਹਿਟਲਰ ਵਰਗੇ ਦੇ ਮੂੰਹ ’ਤੇ ਆਉਂਦੇ ਹਨ ਤਾਂ ਹਜ਼ਾਰਾਂ ਯਹੂਦੀਆਂ ਦਾ ਕਤਲ ਹੁੰਦਾ ਹੈ ਤੇ ਜਦੋਂ ਚੰਗੇ ਸ਼ਬਦ ਵਰਤੇ ਜਾਂਦੇ ਹਨ ਤਾਂ ਅੰਮ੍ਰਿਤ ਵਰਸਦਾ ਹੈ।”
ਸੋ, ਇੰਜ ਸਾਰੀ ਉਮਰ ਸ਼ਬਦਾਂ ਦੀ ਸੇਵਾ ਤੇ ਸ਼ਬਦਾਂ ਦੀ ਗੱਲ ਕਰਦਾ ਸੁਰਜੀਤ ਪਾਤਰ ਅਖ਼ੀਰ ਸ਼ਬਦਾਂ ਦੀ ਦਰਗਾਹ ਵੱਲ ਨੂੰ ਹੋ ਤੁਰਿਆ ਸੀ। ਉਸ ਨੂੰ ‘ਸ਼ਬਦਾਂਜਲੀ’ ਭੇਟ ਕਰਦਿਆਂ ਸ਼ਾਇਰ ਪ੍ਰਤਾਪ ਪਾਰਸ ਗੁਰਦਾਸਪੁਰੀ ਨੇ ਸੱਚ ਹੀ ਲਿਖ਼ਿਆ ਹੈ,
ਬਣਨਾ-ਟੁੱਟਣਾ, ਆਉਣਾ-ਜਾਣਾ, ਮੁੜ ‘ਸੁਰਜੀਤ’ ਨਹੀਂ ਹੋਣਾ
‘ਪਾਤਰ’ ਇੱਕ ਦੇ ਬਾਝੋਂ ‘ਪਾਰਸ’, ਸੁੰਨੀਆਂ ਸਭ ਸਭਾਵਾਂ।
ਦੁਨੀਆਂ ਉੱਤੇ ਭੀੜ ਬੜੀ ਹੈ, ਜਿਸ ਪਾਸੇ ਵੀ ਜਾਈਏ
ਧਰਤੀ ਮਾਂ ਪਰ ਜੰਮਦੀ ਐਸਾ, ਸ਼ਖ਼ਸ ਹੈ ਟਾਂਵਾਂ-ਟਾਂਵਾਂ।