ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਪਿਛਲੇ ਕਿਸਾਨ ਸੰਘਰਸ਼ ਦੌਰਾਨ ਇੱਕ ਵਾਰ ਫਿਰ ਆਸ ਬੱਝੀ ਸੀ ਕਿ ਕਿਸਾਨੀ ਦਾ ਇਹ ਸ਼ਕਤੀ ਪ੍ਰਦਰਸ਼ਨ ਪੰਜਾਬ ਦੇ ਪੁਨਰ ਉਥਾਨ ਦਾ ਮੁੱਢ ਬੰਨੇ੍ਹਗਾ, ਪਰ ਇਹ ਦੌਰ ਵੀ ਇੱਕ ਤੇਜ਼ ਸੁਪਨੇ ਦੀ ਤਰ੍ਹਾਂ ਗੁਜ਼ਰ ਗਿਆ ਹੈ। ਇੱਕ ਵਾਰ ਫਿਰ ਵਕਤ ਦੇ ਸ਼ਾਹਸਵਾਰ ਪੰਜਾਬੀ ਚੇਤਨਾ ਦੇ ਵਿਹੜੇ ਸਾਹਮਣਿਓਂ ਦੀ ਇੱਕ ਝਲਕ ਮਾਤਰ ਦੇ ਕੇ ਗੁਜ਼ਰ ਗਏ ਹਨ।
ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿੱਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ। ਮਨੋਵਿਗਿਆਨੀ ਆਖਦੇ ਹਨ ਕਿ ਬੰਦੇ ਦਾ ਰੀਅਲ ਸੈਲਫ ਅਤੇ ਆਈਡਲ ਸੈਲਫ ਕਦੇ ਇੱਕ ਨਹੀਂ ਹੋ ਸਕਦੇ, ਪਰ ਆਪਣੇ ਆਦਰਸ਼ ਸੈਲਫ ਲਈ ਅਮੁੱਕ ਤਾਂਘ ਹੀ ਬੰਦੇ ਨੂੰ ਬਾਕੀ ਜਾਨਵਰ ਜਗਤ ਤੋਂ ਵੱਖ ਕਰਦੀ ਹੈ। ਕਿਸੇ ਸਮਾਜ ‘ਤੇ ਵੀ ਸ਼ਾਇਦ ਇਹੋ ਮਨੋਵਿਗਿਆਨਕ ਅਸੂਲ ਲਾਗੂ ਹੁੰਦਾ ਹੋਵੇ। ਆਪਣੇ ਇਤਿਹਾਸ ਵਿੱਚ ਬੀਜੇ ਆਦਰਸ਼ ਆਪਣੇ ਅਸਲ ਨਾਇਕਾਂ ਦੀ ਤਾਲਾਸ਼ ਵਿੱਚ ਸਦਾ ਪੰਜਾਬ ਦੀ ਜਵਾਨੀ ਨੂੰ ਬੇਚੈਨ ਰੱਖਦੇ ਹਨ। ਮੀਡੀਆ ਖੇਤਰ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ ਲੇਖਕ ਜਸਵੀਰ ਸਿੰਘ ਸ਼ੀਰੀ ਨੇ ਇਸ ਨਾਵਲ ਵਿੱਚ ਪੰਜਾਬ ਦੀ ਇਸ ਬੇਚੈਨ ਆਤਮਾ ਨੂੰ ਹੀ ਸੰਬੋਧਨ ਹੋਣ ਦੀ ਕੋਸ਼ਿਸ਼ ਕੀਤੀ ਹੈ। ਇਹ ਨਾਵਲ ਅਸੀਂ ਕਿਸ਼ਤ-ਦਰ-ਕਿਸ਼ਤ ਪ੍ਰਕਾਸ਼ਿਤ ਕਰ ਰਹੇ ਹਾਂ…
ਜਸਵੀਰ ਸਿੰਘ ਸ਼ੀਰੀ
ਹਾੜੀ-ਸਾਉਣੀ ਦੀ ਬਿਜਾਈ ਕਟਾਈ ਵੇਲੇ ਵੀਰਦੀਪ ਖੇਤੀ ਦੇ ਕੰਮ ਵਿੱਚ ਚਾਚੇ ਨਾਲ ਹੱਥ ਵਟਾ ਦਿੰਦਾ। ਇਨ੍ਹਾਂ ਦਿਨ੍ਹਾਂ ਵਿੱਚ ਉਹ ਕਾਲਜ ਵਿੱਚੋਂ ਅਕਸਰ ਛੁੱਟੀਆਂ ਕਰ ਲੈਂਦਾ। ਦਿਲਬਾਗ ਪੜ੍ਹਨ-ਲਿਖਣ ਵੱਲੋਂ ਅਲਗਰਜ਼ ਜ਼ਰੂਰ ਸੀ, ਪਰ ਉਹ ਦਿਮਾਗ ਵੱਲੋਂ ਤਿੱਖਾ ਸੀ। ਉਨ੍ਹਾਂ ਦੀ ਖੇਤੀ ਛੋਟੀ ਸੀ ਅਤੇ ਜ਼ਮੀਨ ਠੇਕੇ ‘ਤੇ ਦੇ ਦਿੰਦੇ ਸਨ। ਪਸ਼ੂਆਂ ਲਈ ਪੱਠੇ ਦੱਥੇ ਵਾਸਤੇ ਨੌਕਰ ਰੱਖਿਆ ਹੋਇਆ ਸੀ। ਫਿਰ ਵੀ ਘਰ ਦੇ ਬਹੁਤ ਸਾਰੇ ਕੰਮ ਹੁੰਦੇ, ਜਿਹਦੇ ਲਈ ਮਾਂ ਉਹਦੇ ਆਸਰੇ ਸੀ। ਵੱਡੀ ਭੈਣ ਵਿਆਹੀ ਹੋਈ ਸੀ। ਗਰਮੀ-ਸਰਦੀ ਦੀਆਂ ਛੁੱਟੀਆਂ ਵਿੱਚ ਬੱਚੇ ਲੈ ਕੇ ਉਹ ਪੇਕੇ ਆ ਜਾਂਦੀ। ਉਦੋਂ ਦਿਲਬਾਗ ਨੂੰ ਘਰ ਰਹਿਣਾ ਪੈਂਦਾ ਤਾਂ ਉਦੋਂ ਵੀ ਕਾਲਜ ਵੱਲ ਭੱਜਣ ਲਈ ਰੱਸੇ ਤੁੜਵਾਉਂਦਾ, ਪਰ ਮਾਂ ਉਸ ਨੂੰ ਘੇਰ-ਘੇਰ ਕੇ ਘਰੇ ਰੱਖਦੀ। ਭੈਣ ਤੇ ਬੱਚਿਆਂ ਨੂੰ ਲੈ ਕੇ ਉਹ ਘੁੰਮਣ ਲਈ ਨਿਕਲ ਜਾਂਦੇ। ਗਰਮੀਆਂ ਵਿੱਚ ਪਹਾੜਾਂ ਵੱਲ ਵੀ। ਇਨ੍ਹਾਂ ਫੇਰੀਆਂ ਵਿੱਚ ਉਸ ਨੇ ਸ਼ਿਵਾਲਿਕ ਦੇ ਨੀਮ ਪਹਾੜੀ ਇਲਾਕੇ ਪੂਰੀ ਤਰ੍ਹਾਂ ਗਾਹ ਮਾਰੇ ਸਨ। ਉਹ ਇਸ ਇਲਾਕੇ ਦੇ ਛੋਟੇ-ਛੋਟੇ ਰਸਤਿਆਂ ਅਤੇ ਪਗਡੰਡੀਆਂ ਤੋਂ ਵੀ ਜਾਣੂ ਹੋ ਗਿਆ ਸੀ। ਕਈ ਥਾਵਾਂ ਇੰਨੀਆਂ ਰਮਣੀਕ ਸਨ ਕਿ ਵੇਖ ਕੇ ਉਹਦਾ ਦਿਲ ਖਿੜ ਜਾਂਦਾ। ਉਹ ਭੈਣ ਨੂੰ ਸੰਬੋਧਨ ਹੁੰਦਾ, ‘ਵੇਖ ਲੈ ਭੈਣੇ ਲੋਕਾਂ ਨੂੰ ਪਤਾ ਈ ਨੀ ਬਈ ਪੰਜਾਬ ਵਿੱਚ ਵੀ ਇੰਨੀਆਂ ਖੂਬਸੂਰਤ ਥਾਵਾਂ ਨੇ। ਭੇਡਾਂ ਬੱਕਰੀਆਂ ਵਾਂਗ-ਘਰਾਂ ਵਿੱਚ ਹੀ ਤਾੜੇ ਰਹਿੰਦੇ।’
‘ਤੈਨੂੰ ਚਾਰ ਪੈਸੇ ਆਉਂਦੇ ਬਾਹਰੋਂ, ਤਾਂ ਤੂੰ ਘੁੰਮ ਲੈਨਾ, ਅਗਲਿਆਂ ਕੋਲ ਰੋਟੀ ਕਮਾਉਣ ਤੋਂ ਹੀ ਵਿਹਲ ਨਹੀਂ’ ਭੈਣ ਜਸਪ੍ਰੀਤ ਕੌਰ ਉਹਦੇ ਨਾਲੋਂ ਵੱਧ ਪ੍ਰੈਕਟੀਕਲ ਸੀ।
‘ਨਿਰੀ ਇੰਨੀ ਗੱਲ ਨੀ ਭੈਣੇ, ਕਈਆਂ ਕੋਲ ਬਥੇਰਾ ਪੈਸਾ, ਪਰ ਘਰੇ ਬੈਠੇ ਬੁੜ੍ਹੀਆਂ ਵਾਂਗ ਚੁਗਲੀਆਂ ਕਰੀ ਜਾਂਦੇ’ ਦਿਲਬਾਗ ਨੇ ਟਿਕਾਣੇ ਸਿਰ ਮਾਰੀ।
‘ਠੀਕ ਐ ਗੱਲ ਤੇਰੀ ਵੀ, ਤੇਰਾ ਜੀਜਾ ਵੇਖ ਲੈ ਨਸ਼ਾ ਕਰ ਕੇ ਘਰੇ ਪਿਆ ਰਹਿੰਦਾ ਸਾਰੀ ਦਿਹਾੜੀ। ਨਸ਼ੇ ਦੀ ਤੋਟ ਵੇਲੇ ਮਾਂ ਨਾਲ ਲੜੀ ਜਾਂਦਾ ਪੈਸਿਆਂ ਵਾਸਤੇ। ਸਾਡੇ ਅੱਧੇ ਪਿੰਡ ਦੇ ਮੁੰਡੇ ਚਿੱਟੇ `ਤੇ ਲੱਗੇ ਹੋਏ। ਸ਼ਾਮ ਨੂੰ ਆ ਜਾਂਦੇ ਪੁੜੀਆਂ ਵੇਚਣ ਵਾਲੇ। ਸਾਡੇ ਆਲੇ-ਦੁਆਲੇ ਦੇ ਪਿੰਡਾਂ ਦੇ ਮੁੰਡਿਆਂ ਦੀ ਲਾਈਨ ਲੱਗੀ ਹੁੰਦੀ ਪੁੜੀਆਂ ਖਰੀਦਣ ਲਈ। ਕਈ ਤਾਂ ਹਜ਼ਾਰ-ਹਜ਼ਾਰ ਰੁਪਏ ਦਾ ਨਸ਼ਾ ਇੱਕ ਇੱਕ ਦਿਨ ‘ਚ ਖਾ ਜਾਂਦੇ। ਕੋਈ ਕੁਸ਼ ਨੀ ਕਹਿੰਦਾ। ਪੁਲਿਸ ਕੋਲ ਦੀ ਲੰਘ ਜਾਂਦੀ ਪਾਸਾ ਵੱਟ ਕੇ।’ ਗੱਲਾਂ ਕਰਦੀ ਕਰਦੀ ਜਸਪ੍ਰੀਤ ਫਿੱਸ ਪੈਂਦੀ।
‘ਕੜੀਆਂ ਵਰਗੇ ਜੁਆਨ ਗਾਲ਼ ਕੇ ਮਿੱਟੀ ਬਣਾ ਦਿੱਤੇ ਚਿੱਟੇ ਨੇ’ ਹਾਲਾਤ ਬਾਰੇ ਸੁਣ ਕੇ ਦਿਲਬਾਗ ਗੁੱਸੇ ਨਾਲ ਲਾਲ ਹੋਣ ਲਗਦਾ।
‘ਵਿਆਹ ਵੇਲੇ ਤੇਰਾ ਜੀਜਾ ਵੇਖ ਲੈ ਚੰਗਾ ਭਲਾ ਸੀ, ਦਾਰੂ ਦੀ ਘੁੱਟ ਕਦੀ ਕਦਾਈਂ ਪੀ ਲੈਂਦਾ ਸੀ, ਪਿਤਾ (ਸਹੁਰਾ ਸਾਹਿਬ) ਜੀ ਨੇ ਸਾਰੀ ਉਮਰ ਪਰਦੇਸਾਂ ਵਿੱਚ ਲਾ ਦਿੱਤੀ ਇਨ੍ਹਾਂ ਵਾਸਤੇ, ਕੋਈ ਨਸ਼ਾ ਨ੍ਹੀਂ ਕੀਤਾ, ਇਨ੍ਹਾਂ ਨੂੰ ਪਤਾ ਨੀ ਕਿਵੇਂ ਲਤ ਲੱਗ ਗਈ’ ਜਸਪ੍ਰੀਤ ਲੰਮੀਆਂ ਕਹਾਣੀਆਂ ਪਾਉਣ ਲਗਦੀ।
‘ਮਾਹੌਲ ਹੀ ਖਰਾਬ ਹੋ ਗਿਆ ਭੈਣਾ। ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗੇ, ਫੇਰ ਇੱਦਾਂ ਈ ਹੁੰਦਾ। ਸਿਆਸਤਦਾਨਾਂ, ਪੁਲਿਸ ਅਤੇ ਵੱਡੀ ਅਫਸਰਸ਼ਾਹੀ ਦਾ ਇੱਕ ਮਾਫੀਆ ਬਣ ਗਿਆ, ਇਹੀ ਕਰੀ ਜਾਂਦੇ ਸਾਰਾ ਕੁਝ’ ਦਿਲਬਾਗ ਹੁਣ ਸਿਆਣਾ ਹੋਣ ਲੱਗਾ ਸੀ। ਵੀਰਦੀਪ ਦਾ ਸੰਗ ਮਾਨਣ ਦੇ ਪੱਜ ਉਹ ਵੀ ਰਾਜਨੀਤੀ ਵਿਗਿਆਨ ਦੀ ਐਮ.ਏ. ਕਰਨ ਲੱਗਾ। ਹੁਣ ਉਹ ਪਹਿਲਾਂ ਨਾਲੋਂ ਸਹਿਜ ਰਹਿਣ ਲੱਗਾ ਸੀ, ਪਰ ਹੁਣ ਵੀ ਕਦੋਂ ਉਸ ਦਾ ਗੁੱਸਾ ਉਬਾਲਾ ਮਾਰ ਜਾਂਦਾ, ਉਹਨੂੰ ਪਤਾ ਨਾ ਲਗਦਾ। ਪਿੰਡ ਹੁੰਦਿਆਂ ਉਹਦੇ ਬਾਪੂ ਦੀ ਸਰਪੰਚਾਂ ਦੇ ਲਾਣੇ ਨਾਲ ਡਾਢੀ ਦੁਸ਼ਮਣੀ ਰਹੀ ਸੀ। ਪੰਜਾਬ ਵਿੱਚ ਖਾੜਕੂ ਲਹਿਰ ਦੇ ਉਤਰਾਅ ਵਾਲੇ ਸਮਿਆਂ ਵਿੱਚ ਉਨ੍ਹਾਂ ਨੇ ਹੀ ਉਹਦੇ ਪਿਉ ਨੂੰ ਅਸਲੇ ਦੇ ਇੱਕ ਕੇਸ ਵਿੱਚ ਪੁਲਿਸ ਨੂੰ ਚੁਕਵਾ ਦਿੱਤਾ ਸੀ। ਇਸ ਪਿਛੋਂ ਜਦੋਂ ਉਹ ਜ਼ਮਾਨਤ ‘ਤੇ ਆਇਆ ਤਾਂ ਪੁਲਿਸ ਅਕਸਰ ਹੀ ਉਨ੍ਹਾਂ ਦੇ ਘਰ ਗੇੜੇ ਮਾਰਨ ਲੱਗੀ। ਜਦੋਂ ਆਲੇ-ਦੁਆਲੇ ਕਿਤੇ ਕੋਈ ਵਾਰਦਾਤ ਹੋ ਜਾਂਦੀ, ਪੁਲਿਸ ਉਹਦੇ ਪਿਓ ਨੂੰ ਚੁੱਕ ਲਿਜਾਂਦੀ। ਕਈ ਕਈ ਦਿਨ ਥਾਣੇ ਬਿਠਾਈ ਰੱਖਦੀ। ਕਦੀ ਕਦੀ ਨਿਹੱਕ ਹੀ ਕੁੱਟ ਮਾਰ ਕਰ ਛੱਡਦੀ। ਇਸ ਤੋਂ ਬਚਾਅ ਕਰਦਿਆਂ ਹੀ ਉਸ ਦਾ ਪਿਉ ਜਰਮਨ ਜਾ ਵੜਿਆ ਸੀ ਤੇ ਉਥੇ ਰਾਜਨੀਤਿਕ ਸ਼ਰਣ ਲੈ ਲਈ। ਇਸੇ ਕਾਰਨ ਉਹ ਦੇਸ ਵਾਪਸ ਵੀ ਨਹੀਂ ਸੀ ਆ ਸਕਿਆ। ਸ਼ਰੀਕਾਂ ਤੋਂ ਬਚਾਅ ਲਈ ਉਸ ਨੇ ਦਿਲਬਾਗ ਨੂੰ 32 ਬੋਰ ਦਾ ਲਾਈਸੈਂਸੀ ਪਿਸਤੌਲ ਲੈ ਦਿੱਤਾ। ਉਹ ਜਦੋਂ ਬਾਹਰ ਗਿਆ ਸੀ ਦਿਲਬਾਗ ਨਿਆਣਾ ਸੀ। ਉਹਦੇ ਪਿਉ ਨੂੰ ਉਸ ਦੇ ਗਰਮ ਮਿਜਾਜ਼ ਸੁਭਾਅ ਬਾਰੇ ਬਹੁਤਾ ਇਲਮ ਨਹੀਂ ਸੀ। ਦਿਲਬਾਗ ਦੀ ਮਾਂ ਬਥੇਰਾ ਆਖਦੀ ਰਹੀ, ‘ਇਹਨੂੰ ਹੈਥੇ ਈ ਬੁਲਾ ਲੈ, ਇਨ੍ਹੇ ਕੀ ਕਰਨਾ ਪਿਸਤੌਲ, ਕੋਈ ਨਵੀਂ ਦੁਸਮਣੀ ਸਹੇੜ ਲਊ।’ ਪਰ ਉਹਦਾ ਪਿਉ ਮੰਨਿਆ ਨਾ। ਉਹਨੂੰ ਆਪਣੀ ਗੈਰ-ਹਾਜ਼ਰੀ ਵਿੱਚ ਆਪਣੇ ਪਰਿਵਾਰ ਦੀ ਸੁਰੱਖਿਆ ਦਾ ਫਿਕਰ ਸੀ। ਦਿਲਬਾਗ ਇਨ੍ਹਾਂ ਚੀਜ਼ਾਂ ਦਾ ਪਹਿਲਾਂ ਹੀ ਸ਼ੁਕੀਨ ਸੀ। ਉਹਨੇ ਲਾਈਸੈਂਸੀ ਪਿਸਤੌਲ ਦੇ ਨਾਲ ਨਾਲ ਇੱਕ 32 ਬੋਰ ਦਾ ਨਾਜਾਇਜ਼ ਦੇਸੀ ਪਿਸਤੌਲ ਵੀ ਖਰੀਦ ਲਿਆ। ਪਟਿਆਲੇ ਦੀ ਇੱਕ ਸ਼ੂਟਿੰਗ ਰੇਂਜ ਵਿੱਚ ਕਈ ਵਾਰ ਪਿਸਟਲ ਸ਼ੂਟਿੰਗ ਕਰਨ ਵੀ ਚਲਾ ਜਾਂਦਾ।
—
ਕਾਲਜ ਵਿੱਚ ਉਨ੍ਹਾਂ ਦਾ ਵਿਰੋਧੀ ਧੜਾ ਵੀ ਕਾਫੀ ਤਕੜਾ ਹੋ ਗਿਆ ਸੀ, ਪਰ ਵੀਰਦੀਪ ਦੀ ਸਿਆਣਪ ਅਤੇ ਦਿਲਬਾਗ ਦੀ ਤੇਜ਼-ਤਰਾਰ ਸਰਗਰਮੀ ਕਾਰਨ ਉਹ ਆਪਣੇ ਵਿਰੋਧੀਆਂ ਨੂੰ ਮਾਤ ਦਿੰਦੇ ਆਏ ਸਨ। ਪਿਛਲੇ ਕਈ ਸਾਲਾਂ ਤੋਂ ਕਾਲਜ ਦੀ ਯੂਨੀਅਨ ਉਨ੍ਹਾਂ ਦੀ ਅਗਵਾਈ ਵਿੱਚ ਹੀ ਕੰਮ ਕਰਦੀ ਰਹੀ ਸੀ। ਵਿਰੋਧੀ ਧਿਰ ਨੂੰ ਪੰਜਾਬ ਵਿੱਚ ਰਾਜਸੱਤਾ ‘ਤੇ ਕਾਬਜ਼ ਪਾਰਟੀ ਨੇ ਵੀ ਹਮਾਇਤ ਦੇਣੀ ਸ਼ੁਰੂ ਕਰ ਦਿੱਤੀ। ਪਿਛਲੀਆਂ ਚੋਣਾਂ ਵਿੱਚ ਵੀਰਦੀਪ ਦੀ ਸਿਆਣਪ ਨਾਲ ਲੜਾਈ ਝਗੜੇ ਤੋਂ ਬਚਾਅ ਹੁੰਦਾ ਰਿਹਾ। ਇਸ ਵਾਰ ਚੋਣ ਪ੍ਰਚਾਰ ਦੌਰਾਨ ਵਿਰੋਧੀ ਮੁੰਡੇ ਸ਼ੱਰ੍ਹੇਆਮ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਲੱਗੇ। ਕਰੋਨਾ ਦੀ ਪਹਿਲੀ ਵੇਵ ਢਲ ਰਹੀ ਸੀ। ਸਰਕਾਰ ਨੇ ਸਕੂਲ-ਕਾਲਜ ਖੋਲ੍ਹਣ ਦਾ ਫੈਸਲਾ ਕੀਤਾ, ਪਰ ਮੂੰਹ ‘ਤੇ ਨਕਾਬ ਪਹਿਨਣੇ ਲਾਜ਼ਮੀ ਕਰ ਦਿੱਤੇ। ਥੋੜ੍ਹੀ ਦੇਰ ਬਾਅਦ ਕਾਲਜ ਦੀਆਂ ਚੋਣਾਂ ਆ ਗਈਆਂ। ਜਿਸ ਦਿਨ ਵੋਟਾਂ ਪੈਣੀਆਂ ਸਨ, ਖਿਚਾਧੂਹੀ ਵਿੱਚ ਲੜਾਈ ਹੋਣ ਦਾ ਖਤਰਾ ਸੀ। ਦਿਲਬਾਗ ਨੇ ਵੀਰਦੀਪ ਨੂੰ ਬਿਨਾ ਦੱਸੇ ਹੀ ਆਪਣੇ ਜੋਟੀਦਾਰ ਦੋ ਮੁੰਡਿਆਂ ਨੂੰ ਆਪਣੇ ਦੋਨੋ ਪਿਸਤੌਲ ਫੜਾ ਦਿੱਤੇ। ਉਹ ਛੋਟੇ ਕੱਦ ਦੇ ਗਠਵੇਂ ਸਰੀਰਾਂ ਵਾਲੇ ਮੁੰਡੇ ਸਨ। ਸਾਰਿਆਂ ਨੇ ਨਕਾਬ ਪਹਿਨੇ ਹੋਏ ਸਨ। ਵੋਟਾਂ ਵਾਲੇ ਦਿਨ ਬੂਥ ਦੇ ਨੇੜੇ ਦੋਹਾਂ ਗਰੁੱਪਾਂ ਵਿੱਚ ਝਗੜਾ ਹੋ ਗਿਆ। ਦੋਹਾਂ ਪਾਸਿਆਂ ਤੋਂ ਗੋਲੀ ਚੱਲਣ ਲੱਗੀ। ਭੀੜ ਵਿੱਚ ਭਗਦੜ ਮੱਚ ਗਈ। ਕਈ ਇੱਕ ਦਮ ਜ਼ਮੀਨ `ਤੇ ਡਿੱਗ ਪਏ। ਇੱਕ-ਦੋ ਮੁੰਡੇ ਮਾਮੂਲੀ ਜ਼ਖਮੀ ਹੋਏ ਸਨ। ਮਾਰ ਮਰਾਈ ਤੋਂ ਬਚਾਅ ਹੋ ਗਿਆ। ਵਿਰੋਧੀ ਧੜੇ ਦੇ ਇੱਕ ਮੁੰਡੇ ਦੇ ਬਾਂਹ ਵਿੱਚ ਗੋਲੀ ਲੱਗ ਗਈ ਸੀ। ਵੀਰਦੀਪ ਇਸ ਵਾਰ ਮਾਹੌਲ ਨੂੰ ਸ਼ਾਂਤ ਕਰਨ ਵਿੱਚ ਨਾਕਾਮ ਰਿਹਾ। ਫਿਰ ਕੁਝ ਅਣਪਛਾਤਿਆਂ ਦੇ ਨਾਲ ਦਿਲਬਾਗ ‘ਤੇ ਪੁਲਿਸ ਨੇ 307 ਦਾ ਪਰਚਾ ਦਰਜ ਕਰ ਦਿੱਤਾ ਸੀ। ਵੀਰਦੀਪ ਕੋਲੋਂ ਵੀ ਪੁਲਿਸ ਨੇ ਪੁੱਛ-ਗਿੱਛ ਕੀਤੀ, ਪਰ ਉਸ ਦਾ ਬਚਾਅ ਹੋ ਗਿਆ।
ਰਾਜ ਕਰ ਰਹੀ ਸਿਆਸੀ ਪਾਰਟੀ ਵੀ ਇਸ ਮੁੰਡੇ ਦੀ ਸਿਆਸੀ ਸਮਰੱਥਾ ਤੋਂ ਕਾਇਲ ਸੀ। ਉਹ ਇਸ ਨੂੰ ਆਪਣੀਆਂ ਸਫਾਂ ਵਿੱਚ ਸ਼ਾਮਲ ਕਰਨਾ ਚਾਹੁੰਦੀ ਸੀ। ਇਸ ਲਈ ਵੀ ਵੀਰਦੀਪ ਬਚ ਗਿਆ। ਦਿਲਬਾਗ ਨੂੰ ਪੁਲਿਸ ਨੇ ਕੇਸ ਪਾ ਕੇ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਭੇਜ ਦਿੱਤਾ। ਕੁਝ ਦਿਨਾਂ ਬਾਅਦ ਵੀਰਦੀਪ ਉਸ ਨੂੰ ਇਥੇ ਮਿਲਣ ਗਿਆ। ਉਹ ਫਿਰ ਦਿਲਬਾਗ ਨੂੰ ਨਸੀਹਤ ਕਰਨ ਲੱਗਾ। ਉਹਦਾ ਵੱਡਾ ਇਤਰਾਜ਼ ਇਹ ਸੀ ਕਿ ਹਥਿਆਰਾਂ ਬਾਰੇ ਦਿਲਬਾਗ ਨੇ ਉਹਨੂੰ ਹਨੇਰੇ ਵਿੱਚ ਕਿਉਂ ਰੱਖਿਆ। ਸਲਾਖਾਂ ਪਿੱਛੇ ਖੜ੍ਹਾ ਦਿਲਬਾਗ ਬਹੁਤਾ ਉਦਾਸ ਨਹੀਂ ਸੀ, ਪਰ ਸਲਾਖਾਂ ਤੋਂ ਬਾਹਰ ਖੜ੍ਹਾ ਵੀਰਦੀਪ ਉਸ ਦੇ ਭਵਿੱਖ ਬਾਰੇ ਚਿੰਤਤ ਸੀ। ‘ਤੂੰ ਮੈਨੂੰ ਦੱਸ ਤਾਂ ਦਿੰਦਾ ਯਾਰ ਹਥਿਆਰਾਂ ਬਾਰੇ, ਆਪਾਂ ਕੋਈ ਇੰਤਜ਼ਾਮ ਕਰਕੇ ਰੱਖਦੇ’ ਵੀਰਦੀਪ ਆਖਣ ਲੱਗਾ।
‘ਚਲ ਛੱਡ ਯਾਰ, ਜੋ ਹੋ ਗਿਆ ਸੋ ਹੋ ਗਿਆ, ਹੁਣ ਅਗਾਂਹ ਦੀ ਸੋਚੀਏ। ਗੋਲੀ ਮੇਰੇ ਲਾਈਸੈਂਸੀ ਪਿਸਤੌਲ ਵਿੱਚੋਂ ਨਹੀਂ ਚੱਲੀ। ਨਾ ਮੈਂ ਗੋਲੀ ਚਲਾਈ ਆ। ਕੋਈ ਅਣਜਾਣ ਬੰਦਾ ਗੋਲੀ ਚਲਾ ਗਿਆ। ਪੁਲਿਸ ਨੇ ਮੇਰਾ ਪਿਸਤੌਲ ਵੀ ਚੈਕ ਕਰ ਲਿਆ ਹੈ। ਫਿਰ ਵੀ ਮੇਰੇ ‘ਤੇ ਕੇਸ ਬਣਾ ਦਿੱਤਾ, ਸਾਜਿਸ਼ ਤਹਿਤ। ਮੇਰੀ ਜ਼ਮਾਨਤ ਹੋ ਸਕਦੀ। ਆਪਾਂ ਜ਼ਮਾਨਤ ਕਰਾਉਣ ਦਾ ਯਤਨ ਕਰੀਏ’ ਦਿਲਬਾਗ ਨੇ ਵੀਰਦੀਪ ਨੂੰ ਦੱਸਿਆ।
‘ਗੋਲੀ ਕੌਣ ਚਲਾ ਗਿਆ ਫਿਰ?’ ਵੀਰਦੀਪ ਨੇ ਪੁੱਛਿਆ।
‘ਪਤਾ ਨੀ ਕੌਣ ਚਲਾ ਗਿਆ, ਨਾਲੇ ਇਹ ਸਮਾਂ ਅਜਿਹੀਆਂ ਗੱਲਾਂ ਕਰਨ ਦਾ ਨਹੀਂ, ਅਗਲੀ ਵਾਰ ਆਪਾਂ ਕਚਹਿਰੀ ਮਿਲਦੇ ਹਾਂ ਤਰੀਕ ‘ਤੇ।’ ਦਿਲਬਾਗ ਨੇ ਵੀਰਦੀਪ ਨੂੰ ਲਗਪਗ ਹਦਾਇਤ ਕੀਤੀ ਤੇ ਮੁਲਾਕਾਤ ਦਾ ਸਮਾਂ ਖਤਮ ਹੋ ਗਿਆ।
—
ਸਿਮਰਨ ਅਤੇ ਹਰਜੀਤ ਬੀ.ਐਸਸੀ. ਕੰਪਿਊਟਰ ਸਾਇੰਸ ਕਰਨ ਤੋਂ ਬਾਅਦ ਇਸੇ ਕਾਲਜ ਦੀ ਮੈਨੇਜਮੈਂਟ ਵੱਲੋਂ ਚਲਾਏ ਜਾ ਰਹੇ ਇੱਕ ਹੋਰ ਕਾਲਜ ਵਿੱਚ ਬੀ.ਐਡ ਕਰਨ ਲੱਗ ਪਈਆਂ। ਉਹ ਅਤੇ ਨਾ ਹੀ ਉਨ੍ਹਾਂ ਦੇ ਘਰਾਂ ਵਾਲੇ ਪੜ੍ਹਾਈ ਨੂੰ ਲੰਮੀ ਖਿੱਚਣ ਦੇ ਹੱਕ ਵਿੱਚ ਸਨ। ਮਾਪਿਆਂ ਦੀ ਦਲੀਲ ਸੀ ਕਿ ਕੋਈ ਪੋ੍ਰਫੈਸ਼ਨਲ ਕੋਰਸ ਕਰਕੇ ਆਪਣੇ ਪੈਰਾਂ ਸਿਰ ਖੜਨ ਜੋਗੀਆਂ ਹੋਵੋ। ਦਿਲਬਾਗ ਦੇ ਜੇਲ੍ਹ ਚਲੇ ਜਾਣ ਤੋਂ ਬਾਅਦ ਸਿਮਰਨ ਤੇ ਹਰਜੀਤ ਡਿਗਰੀ ਕਾਲਜ ਦੀ ਕੰਟੀਨ ਵਿੱਚ ਵੀਰਦੀਪ ਨੂੰ ਮਿਲੀਆਂ। ਵਿਰੋਧੀਆਂ ਦੇ ਅੱਡੀ ਚੋਟੀ ਦੇ ਜ਼ੋਰ ਦੇ ਬਾਵਜੂਦ ਪ੍ਰਧਾਨਗੀ ਦੀ ਚੋਣ ਵੀਰਦੀਪ ਜਿੱਤ ਗਿਆ ਸੀ। ਇੱਕ ਹੋਰ ਮੈਂਬਰ ਉਨ੍ਹਾਂ ਦੇ ਧੜੇ ਦਾ ਜਿਤਿਆ ਸੀ, ਬਾਕੀ ਅਹੁਦੇ ਵਿਰੋਧੀ ਲੈ ਗਏ ਸਨ। ਸਿਮਰਨ ਨੇ ਵੀਰਦੀਪ ਤੋਂ ਦਿਲਬਾਗ ਦਾ ਹਾਲਚਾਲ ਪੁੱਛਿਆ। ‘ਅਸੀਂ ਮਿਲ ਆਈਏ ਉਸ ਨੂੰ ਜੇਲ੍ਹ ਵਿਚ’ ਸਿਮਰਨ ਵੀਰਦੀਪ ਤੋਂ ਜਿਵੇਂ ਇਜਾਜ਼ਤ ਮੰਗਣ ਲੱਗੀ।
‘ਤੁਸੀਂ ਕਾਹਨੂੰ ਨਿਗਾਹ ‘ਚ ਆਉਣਾ, ਮੈਂ ਆਪੇ ਤੁਹਾਡੀ ਫਿਕਰਮੰਦੀ ਉਸ ਤੱਕ ਪਹੁੰਚਾ ਦੇਵਾਂਗਾ’ ਵੀਰਦੀਪ ਨੇ ਜਵਾਬ ਦਿੱਤਾ।
‘ਤਾਂ ਕੀ ਹੁੰਦਾ, ਅਸੀਂ ਤਾਂ ਸਿੰਪਲ ਮੁਲਾਕਾਤ ਹੀ ਕਰਨੀ’ ਹਰਜੀਤ ਆਖਣ ਲੱਗੀ।
‘ਇਹ ਗੰਭੀਰ ਕ੍ਰਿਮੀਨਲ ਕੇਸ ਆ, ਗੋਲੀ ਚੱਲੀ ਤੇ ਬੰਦੇ ਜ਼ਖਮੀ ਹੋਏ, ਪੁਲਿਸ ਤੋਂ ਹਾਲੇ ਅਸਲੀ ਦੋਸ਼ੀ ਡਿਟੈਕਟ ਨਹੀਂ ਹੋਏ। ਤੁਸੀਂ ਖਾਹਮ-ਖਾਹ ਸ਼ੱਕ ਦੇ ਘੇਰੇ ਵਿੱਚ ਆਉਣਾ?’ ਵੀਰਦੀਪ ਨੇ ਉਨ੍ਹਾਂ ਨੂੰ ਨਸੀਹਤ ਦਿੱਤੀ।
‘ਚਲੋ ਠੀਕ ਹੈ’ ਦੋਨੋ ਇਕੱਠੀਆਂ ਬੋਲੀਆਂ।
‘ਹੋਰ ਗੱਲ ਕਰੋ ਤੁਸੀਂ ਕੋਈ, ਕਿਵੇਂ ਚਲਦੀ ਥੋਡੀ ਬੀ.ਐਡ’ ਵੀਰਦੀਪ ਨੇ ਪੁੱਛਿਆ।
‘ਹੋ ਗਈ ਬੱਸ ਕੰਪਲੀਟ, ਅਸੀਂ ਤਾਂ ਹੁਣ ਵਿਹਲੀਆ ਵਰਗੀਆਂ’ ਸਿਮਰਨ ਆਖਣ ਲੱਗੀ।
‘ਅੱਗੇ ਕੀ ਮਨ ਬਣਾਇਆ’ ਵੀਰਦੀਪ ਨੇ ਪੁੱਛਿਆ।
‘ਟੀਚਿੰਗ ਟੈਸਟ ਦੇਵਾਂਗੀਆਂ, ਕੁੜੀਆਂ ਦਾ ਤਾਂ ਇੱਥੋਂ ਤੱਕ ਈ ਨਿਸ਼ਾਨਾ ਮਿੱਥਦੇ ਮਾਪੇ, ਫਿਰ ਵਿਆਹ।’ ਸਿਮਰਨ ਨੇ ਜਵਾਬ ਦਿੱਤਾ।
‘ਚਲੋ ਨਿਸ਼ਾਨੇ ਹੋਣੇ ਚਾਹੀਦੇ, ਨਿਸ਼ਾਨਿਆਂ ਨਾਲ ਹੀ ਜ਼ਿੰਦਗੀ ਨੂੰ ਕੋਈ ਸੇਧ ਮਿਲਦੀ’ ਵੀਰਦੀਪ ਨੇ ਫਿਰ ਆਪਣਾ ਪਰਵਚਨੀ ਅੰਦਾਜ਼ ਅਪਨਾਇਆ।
‘ਅੱਛਾ… ਬਾਬਾ ਜੀ’ ਹਰਜੀਤ ਨੇ ਮਜ਼ਾਕੀਆ ਤਨਜ਼ ਕੀਤਾ।’
ਤੇ ਫਿਰ ਕੁੜੀਆਂ ਨੇ ਆਪਣੇ ਨਵੇਂ ਫੋਨ ਨੰਬਰ ਮੁੰਡੇ ਨੂੰ ਦਿੱਤੇ ਤੇ ਆਖਣ ਲੱਗੀਆਂ, ‘ਕੋਈ ਲੋੜ ਹੋਵੇ ਤਾਂ ਸਾਨੂੰ ਫੋਨ ਕਰਨਾ।’ ਇੰਨਾ ਆਖ ਕੇ ਉਹ ਤੁਰਨ ਲਈ ਉਠ ਖੜ੍ਹੀਆਂ ਹੋਈਆਂ। ਵੀਰਦੀਪ ਨੂੰ ਹੁਣ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦੇ ਮਸਲੇ ਵੀ ਆਪ ਨਜਿੱਠਣੇ ਪੈਂਦੇ। ਪਹਿਲਾਂ ਇਹ ਕੰਮ ਦਿਲਬਾਗ ਕਰ ਲਿਆ ਕਰਦਾ ਸੀ। ਇਸ ਦੇ ਨਾਲ ਨਾਲ ਉਸ ਨੂੰ ਦਿਲਬਾਗ ਦੇ ਕੇਸ ਦੀ ਪੈਰਵੀ ਵੀ ਕਰਨੀ ਪੈਂਦੀ। ਦਿਲਬਾਗ ਨੂੰ ਜ਼ਮਾਨਤ ‘ਤੇ ਬਾਹਰ ਲਿਆਉਣ ਦਾ ਵੀ ਉਸ ਨੂੰ ਫਿਕਰ ਸੀ। ਨਹੀਂ ਤਾਂ ਪੜ੍ਹਾਈ ਵਿੱਚ ਉਸ ਦਾ ਸਾਲ ਮਰ ਜਾਣਾ ਸੀ।
—
ਵੀਰਦੀਪ ਨੂੰ ਮਿਲਣ ਤੋਂ ਬਾਅਦ ਸਿਮਰਨ ਤੇ ਹਰਜੀਤ ਬੀ.ਐਡ ਕਾਲਜ ਵੱਲ ਚਲੀਆਂ ਗਈਆਂ। ਤੁਰਦਿਆਂ ਉਨ੍ਹਾਂ ਦੀ ਗੱਲਬਾਤ ਦਿਲਬਾਗ ਦੁਆਲੇ ਹੀ ਕੇਂਦਰਤ ਰਹੀ। ‘ਕਿੰਨਾ ਟੇਲੈਂਟਿਡ ਮੁੰਡਾ, ਕਿਧਰ ਨੂੰ ਤੁਰ ਪਿਆ ਫਰਸਟੇਸ਼ਨ ‘ਚ’ ਹਰਜੀਤ ਆਖਣ ਲੱਗੀ।
‘ਫਰਸਟੇਸ਼ਨ ਵਿੱਚ ਤਾਂ ਨੀ ਲਗਦਾ ਦਿਲਬਾਗ, ਅਨੰਦ ਲੈਂਦਾ ਉਹ ਇਹੋ ਜਿਹੀਆਂ ਕਾਰਵਾਈਆਂ ‘ਚ, ਰਾਜਨੀਤੀ ਵੱਲ ਮੂੰਹ ਕਰ ਲਿਆ ਲਗਦਾ ਇਹਨੇ’ ਸਿਮਰਨ ਦਿਲਬਾਗ ਦੇ ਮੂਵ ਨੂੰ ਸਹੀ ਤਰ੍ਹਾਂ ਸਮਝਣ ਦਾ ਯਤਨ ਕਰ ਰਹੀ ਸੀ।
‘ਰਾਜਨੀਤੀ ਕਰਨ ਲਈ ਬੰਦੂਕਾਂ ਚਲਾਉਣੀਆਂ ਜ਼ਰੂਰੀ ਨੇ’ ਹਰਜੀਤ ਪੁੱਛਣ ਲੱਗੀ।
‘ਗੋਲੀ ਕਹਿੰਦੇ ਦਿਲਬਾਗ ਨੇ ਨਹੀਂ ਚਲਾਈ, ਕੋਈ ਹੋਰ ਹੀ ਚਲਾ ਗਿਆ, ਦਸਦਾ ਤਾਂ ਸੀ ਵੀਰਦੀਪ’ ਸਿਮਰਨ ਆਖਣ ਲੱਗੀ।
‘ਤੂੰ ਵੀ ਸ਼ੁਦੈਣ ਈ ਏਂ, ਕਿਸੇ ਹੋਰ ਨੂੰ ਕੀ ਲੋੜ ਸੀ ਇਨ੍ਹਾਂ ਵੱਲੋਂ ਗੋਲੀ ਚਲਾਉਣ ਦੀ।’ ਹਰਜੀਤ ਨੇ ਦਲੀਲ ਦਿੱਤੀ।
‘ਇਨ੍ਹਾਂ ਨੂੰ ਕਾਨੂੰਨੀ ਸ਼ਿਕੰਜੇ ਵਿੱਚ ਫਸਾਉਣ ਲਈ ਵਿਰੋਧੀਆਂ ਨੇ ਵੀ ਚਲਾਈ ਹੋ ਸਕਦੀ ਗੋਲੀ’ ਸਿਮਰਨ ਨੇ ਦਿਲਬਾਗ ਨੂੰ ਸੇਫ ਕਰਨ ਦਾ ਯਤਨ ਕੀਤਾ।
‘ਤੈਨੂੰ ਉਦਾਂ ਵਕਾਲਤ ਕਰਨੀ ਚਾਹੀਦੀ ਸੀ, ਗਲਤ ਪਾਸੇ ਆ ਗਈ ਏਂ, ਸਾਰੀ ਉਮਰ ਮੱਥਾ ਮਾਰਦੀ ਰਹੇਂਗੀ ਸਟੂਡੈਂਟਾਂ ਨਾਲ’ ਹਰਜੀਤ ਨੇ ਮਜ਼ਾਕ ਕੀਤਾ।
‘ਯੈਸ ਯੂਅਰ ਆਨਰ’ ਸਿਮਰਨ ਵੀ ਮਜ਼ਾਕੀਆ ਹੋਣ ਲੱਗੀ।
ਕਾਲਜ ਦੇ ਪ੍ਰਸ਼ਾਸਨਿਕ ਦਫਤਰ ਵਿੱਚ ਕਿਸੇ ਕੰਮ ਲਈ ਉਹ ਅੱਜ ਕਾਲਜ ਆਈਆਂ ਸਨ। ਉਂਝ ਉਨ੍ਹਾਂ ਦਾ ਕੋਰਸ ਪੂਰਾ ਹੋ ਚੁੱਕਾ ਸੀ। ਦੋਹਾਂ ਨੇ ਰਾਜ ਸਰਕਾਰ ਦਾ ਟੀਚਿੰਗ ਵਾਸਤੇ ਅਲਿਜੀਬਿਲਟੀ ਟੈਸਟ ਦੇਣ ਲਈ ਫਾਰਮ ਭਰਨੇ ਸਨ। ਇਹਦੇ ਲਈ ਉਨ੍ਹਾਂ ਨੂੰ ਕੁਝ ਕਾਗਜ਼ ਪੱਤਰਾਂ ਦੀ ਲੋੜ ਸੀ। ਕੰਮ ਪੂਰਾ ਹੋਣ ਤੋਂ ਬਾਅਦ ਘਰਾਂ ਵੱਲ ਮੁੜਨ ਵਾਸਤੇ ਲੋਕਲ ਬੱਸ ਸਟੈਂਡ ਵੱਲ ਤੁਰ ਪਈਆਂ। ਇਸ ਦੌਰਾਨ ਉਨ੍ਹਾਂ ਆਪਣੇ ਸਹੇਲ ਪੁਣੇ, ਵੀਰਦੀਪ ਤੇ ਦਿਲਬਾਗ ਬਾਰੇ ਅਤੇ ਹੋਰ ਆਪਣੇ ਕਲਾਸਮੇਟ ਵਿਦਿਆਰਥੀਆਂ ਬਾਰੇ ਢੇਰ ਸਾਰੀਆਂ ਗੱਲਾਂ ਕੀਤੀਆਂ। ਉਨ੍ਹਾਂ ਦੀ ਸਾਰੀ ਗੱਲਬਾਤ ਅਖੀਰ ਨੂੰ ਆਣ ਕੇ ਵੀਰਦੀਪ ਅਤੇ ਦਿਲਬਾਗ ‘ਤੇ ਟਿਕ ਜਾਂਦੀ। ਉਨ੍ਹਾਂ ਕੋਲ ਇੱਕ ਦੂਜੇ ਦੇ ਫੋਨ ਨੰਬਰ ਸਨ, ਉਨ੍ਹਾਂ ਇੱਕੋ ਟੈਸਟ ਦੇਣਾ ਸੀ ਅਤੇ ਇੱਕੋ ਕਿੱਤੇ ਵਿੱਚ ਜਾਣਾ ਸੀ, ਪਰ ਹੁਣ ਉਨ੍ਹਾਂ ਨੂੰ ਕਦੀ ਕਦੀ ਹੀ ਮਿਲਣ ਦਾ ਮੌਕਾ ਮਿਲਣਾ ਸੀ। ਇਸ ਸਾਰੇ ਕੁਝ ਬਾਰੇ ਗੱਲਾਂ ਕਰਦੀਆਂ ਉਹ ਵਿਛੜਨ ਵੇਲੇ ਕੁਝ ਜਜ਼ਬਾਤੀ ਹੋ ਗਈਆਂ। ਜ਼ਿੰਦਗੀ ਦੇ ਉਹ ਸਾਰੇ ਇੱਕ ਚੌਰਾਹੇ ‘ਤੇ ਪਹੁੰਚ ਗਏ ਸਨ, ਜਿੱਥੋਂ ਪਤਾ ਨਹੀਂ ਕੀਹਨੇ ਕਿਧਰ ਨੂੰ ਤੁਰ ਜਾਣਾ ਸੀ।
‘ਹੁਣ ਤੱਕ ਅਸੀਂ ਸੁਪਨਿਆਂ ਦੀ ਜ਼ਿੰਦਗੀ ਜਿਉਂਦੇ ਰਹੇ ਹਾਂ, ਹੁਣ ਜ਼ਿੰਦਗੀ ਅਸਲੀ ਸ਼ੁਰੂ ਹੋ ਜਾਏਗੀ ਤੇ ਮਿਲਿਆ ਸੁਪਨਿਆਂ ‘ਚ ਕਰਾਂਗੇ’ ਸਿਮਰਨ ਭਾਵਨਾਵਾਂ ਦੇ ਵਹਿਣ ਵਿੱਚ ਜਿਵੇਂ ਗੂਹੜ ਗਿਆਨ ਬੋਲਣ ਲੱਗੀ।
‘ਪਤਾ ਨੀ ਰੱਬ ਸੱਚ ਵਿੱਚ ਵੀ ਮਿਲਾ ਦੇਵੇ ਕਿਸੇ ਨੂੰ, ਸੁਪਨੇ ਕਈ ਵਾਰ ਸੱਚ ਵੀ ਤਾਂ ਹੋ ਜਾਂਦੇ’ ਹਰਜੀਤ ਆਖਣ ਲੱਗੀ।
‘ਹੋ ਸਕਦੈ, ਸੁਪਨੇ ਅਸਲੀਅਤ ਦੇ ਨੇੜੇ ਹੋਣ ਤਾਂ ਅਕਸਰ ਸੱਚ ਹੋ ਜਾਂਦੇ ਨੇ’ ਸਿਮਰਨ ਨੇ ਉਹਨੂੰ ਵਿਸ਼ਵਾਸ ਦਿਵਾਇਆ।
‘ਫੋਨ ਤਾਂ ਹੈਗੇ ਈ ਆ, ਗੱਲਬਾਤ ਹੁੰਦੀ ਰਹੇਗੀ, ਬਹੁਤੇ ਵਿਰਾਗ ਦੀ ਵੀ ਨੀ ਲੋੜ, ਹੁਣ ਕਿਹੜਾ ਇਹ ਪੁਰਾਣੇ ਜ਼ਮਾਨੇ ਨੇ ਬਈ ਗੱਲ ਨੀ ਹੋਣੀ’ ਹਰਜੀਤ ਨੇ ਸਿਮਰਨ ਨੂੰ ਤੇ ਆਪਣੇ ਆਪ ਨੂੰ ਵੀ ਧਰਵਾਸ ਜਿਹਾ ਦਿਵਾਇਆ।
ਜਾਣ ਲੱਗੀਆਂ ਦੋਨੋ ਜੱਫੀ ਪਾ ਕੇ ਮਿਲੀਆਂ ਤੇ ਆਪੋ ਆਪਣੇ ਪਿੰਡਾਂ ਨੂੰ ਜਾਂਦੀ ਬੱਸ ਚੜ੍ਹ ਗਈਆਂ।
—
ਇੱਕ ਦਿਨ ਹਰਜੀਤ ਨੇ ਵੀਰਦੀਪ ਨੂੰ ਫੋਨ ਕੀਤਾ ਤੇ ਪੁੱਛਣ ਲੱਗੀ, ‘ਕੀ ਬਣਿਆ ਦਿਲਬਾਗ ਦੀ ਜ਼ਮਾਨਤ ਦਾ?’
‘ਲਾਈ ਸੀ ਜ਼ਮਾਨਤ ਲਈ ਅਰਜ਼ੀ, ਪਰ ਜੱਜ ਨੇ ਅਰਜ਼ੀ ਰੱਦ ਕਰ ਦਿੱਤੀ।’ ਵੀਰਦੀਪ ਨੇ ਦੱਸਿਆ।
‘ਜਮਾਨਤ ਰੱਦ ਕਿਉਂ ਕਰ ਦਿੱਤੀ ਜੱਜ ਨੇ?’ ਕੁੜੀ ਨੇ ਅਗਲਾ ਸਵਾਲ ਕੀਤਾ।
‘ਸਰਕਾਰੀ ਵਕੀਲ ਦਲੀਲ ਦੇ ਰਿਹਾ ਕਿ ਨਾਜਾਇਜ਼ ਹਥਿਆਰ ਵਿੱਚੋਂ ਗੋਲੀਆਂ ਚੱਲੀਆਂ ਨੇ, ਜਿਹਦੇ ਨਾਲ ਵਿਰੋਧੀਆਂ ਦਾ ਬੰਦਾ ਜ਼ਖਮੀ ਹੋਇਆ। ਪੁਲਿਸ ਆਖ ਰਹੀ ਕਿ ਨਾਜਾਇਜ਼ ਪਿਸਤੌਲ ਬਰਾਮਦ ਨਹੀਂ ਹੋਇਆ। ਦਿਲਬਾਗ ਹੋਰਾਂ ਵਾਲੇ ਪਾਸੇ ਖਲੋ ਕੇ ਗੋਲੀ ਚਲਾਉਣ ਵਾਲੇ ਮੁੰਡੇ ਵੀ ਫੜੇ ਨਹੀਂ ਗਏ ਅਤੇ ਨਾ ਹੀ ਉਨ੍ਹਾਂ ਦੀ ਪਹਿਚਾਣ ਹੋਈ ਹੈ, ਇਸ ਲਈ ਜ਼ਮਾਨਤ ਰੱਦ ਹੋ ਗਈ। ਪੁਲਿਸ ਵਾਲੇ ਤਾਂ ਦਿਲਬਾਗ ਦਾ ਰਿਮਾਂਡ ਲੈਣ ਨੂੰ ਫਿਰਦੇ ਸਨ, ਪਰ ਜੱਜ ਨੇ ਦਿੱਤਾ ਨਹੀਂ।’ ਵੀਰਦੀਪ ਨੇ ਵਿਸਥਾਰ ਵਿੱਚ ਜਵਾਬ ਦਿੱਤਾ।
‘ਕੇਸ ਲਮਕ ਵੀ ਸਕਦਾ?’ ਕੁੜੀ ਪੁੱਛਣ ਲੱਗੀ।
‘ਹਾਂ’ ਮੁੰਡੇ ਨੇ ਇੱਕ ਲਫਜ਼ ਵਿੱਚ ਜਵਾਬ ਦਿੱਤਾ।
‘ਫਿਰ ਤਾਂ ਸਾਲ ਮਰ ਗਿਆ ਦਿਲਬਾਗ ਦਾ ਸਮਝੋ’ ਹਰਜੀਤ ਬੋਲੀ।
‘ਵੇਖਦੇ ਆਂ ਕੀ ਹੁੰਦਾ’ ਵੀਰਦੀਪ ਨੂੰ ਹਾਲੇ ਵੀ ਆਸ ਸੀ। ਇੰਨਾ ਆਖ ਕੇ ਵੀਰਦੀਪ ਨੇ ਕਿਹਾ ‘ਚਲੋ ਠੀਕ ਹੈ, ਤੁਸੀਂ ਚਿੰਤਾ ਨਾ ਕਰੋਂ ਮੈਂ ਵੇਖਦਾਂ। ਸਾਰਾ ਕੁਝ ਸਹੀ ਹੋ ਜਾਣਾ।’
(ਅਗਲੀ ਕਿਸ਼ਤ ਅਗਲੇ ਅੰਕ ਵਿੱਚ)