ਖਿਡਾਰੀ ਪੰਜ-ਆਬ ਦੇ (18)
ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਵਾਲੀਬਾਲ ਖਿਡਾਰੀ ਸੁਖਪਾਲ ਪਾਲੀ ਦੇ ਜੀਵਨ ਦਾ ਸੰਖੇਪ ਵੇਰਵਾ ਹੈ। ਲੇਖਕ ਨੇ ਦਰਜ ਕੀਤਾ ਹੈ ਕਿ
ਭਾਰਤ ਦੀ ਵਾਲੀਬਾਲ ਖੇਡ ਵਿੱਚ ਕੌਮਾਂਤਰੀ ਨਕਸ਼ੇ `ਤੇ ਜਿੰਨੀ ਕੁ ਪਛਾਣ ਬਣ ਸਕੀ ਹੈ, ਉਹ ਪਾਲੀ ਵਰਗੇ ਖਿਡਾਰੀਆਂ ਦੀ ਬਦੌਲਤ ਹੀ ਸੰਭਵ ਹੋਈ ਹੈ। ਉਹ ਭਾਰਤੀ ਵਾਲੀਬਾਲ ਦੇ ਖੇਡ ਇਤਿਹਾਸ ਦਾ ਇਕਲੌਤਾ ਖਿਡਾਰੀ ਹੋਇਆ, ਜਿਹੜਾ ਇੱਕੋ ਸਮੇਂ ਮੈਚ ਦੌਰਾਨ ਕਾਊਂਟਰ ਅਟੈਕਰ ਤੇ ਸੈਂਟਰ ਬਲਾਕ ਦੀਆਂ ਪੁਜੀਸ਼ਨਾਂ ਉਤੇ ਖੇਡਦਾ ਰਿਹਾ।
ਨਵਦੀਪ ਸਿੰਘ ਗਿੱਲ
ਫੋਨ: +91-9780036216
ਸੁਖਪਾਲ ਸਿੰਘ ਪਾਲੀ ਵਾਲੀਬਾਲ ਦਾ ਸਿਰਕੱਢਵਾਂ ਖਿਡਾਰੀ ਹੋਇਆ। ਭਾਰਤੀ ਵਾਲੀਬਾਲ ਦਾ ਉਸ ਨੂੰ ਸਭ ਤੋਂ ਸਿਖਰਲਾ ਖਿਡਾਰੀ ਵੀ ਕਿਹਾ ਜਾ ਸਕਦਾ। ਜਿੱਡਾ ਉਹ ਕੱਦ-ਕਾਠ ਵਿੱਚ ਲੰਬਾ, ਉਨੀਆਂ ਹੀ ਉਸ ਦੀਆਂ ਪ੍ਰਾਪਤੀਆਂ। ਭਾਰਤ ਦੀ ਵਾਲੀਬਾਲ ਖੇਡ ਵਿੱਚ ਕੌਮਾਂਤਰੀ ਨਕਸ਼ੇ `ਤੇ ਜਿੰਨੀ ਕੁ ਪਛਾਣ ਬਣ ਸਕੀ ਹੈ, ਉਹ ਪਾਲੀ ਵਰਗੇ ਖਿਡਾਰੀਆਂ ਦੀ ਬਦੌਲਤ ਹੀ ਸੰਭਵ ਹੋਈ ਹੈ। ਕੌਮਾਂਤਰੀ ਮੰਚ ਉਤੇ ਵਾਲੀਬਾਲ ਖੇਡ ਵਿੱਚ ਭਾਰਤ ਦੀ ਪੁਜੀਸ਼ਨ ਕੋਈ ਬਹੁਤੀ ਚੰਗੀ ਨਹੀਂ ਰਹੀ। ਇਸ ਖੇਡ ਵਿੱਚ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਪੋਟਿਆਂ `ਤੇ ਗਿਣਿਆ ਜਾ ਸਕਦਾ ਹੈ, ਜਿਨ੍ਹਾਂ ਵਿੱਚੋਂ ਪਾਲੀ ਸਿਰਕੱਢਵਾਂ ਖਿਡਾਰੀ ਹੋਇਆ ਹੈ। ਪਾਲੀ ਦੀ ਖੇਡ ਦੇਖਣ ਵਾਲੇ ਉਸ ਦੀਆਂ ਬਾਹਾਂ ਨੂੰ ਹੱਡ-ਮਾਸ ਦੀਆਂ ਨਹੀਂ, ਸਗੋਂ ਸਟੀਲ ਦੀਆਂ ਬਾਹਾਂ ਸਮਝਦੇ ਸਨ, ਜਿਸ ਵਿੱਚ ਮਣਾਂ ਮੂੰਹੀ ਜਾਨ ਸੀ। ਪਾਲੀ ਦੀ ਵਾਲੀ ਛੇਤੀ ਕੀਤਿਆਂ ਬਲੌਕ ਨਹੀਂ ਹੁੰਦੀ ਸੀ। ਦੁਨਾਲੀ ਦੇ ਫਾਇਰ ਵਾਂਗ ਲਗਾਈ ਉਸ ਦੀ ਵਾਲੀ ਟੀਮ ਲਈ ਪੱਕਾ ਅੰਕ ਲੈ ਕੇ ਆਉਂਦੀ ਸੀ। ਪੌਣੇ 12 ਫੁੱਟ ਤੱਕ ਉਸ ਦੀ ਬਲੌਕ ਦਾ ਰਿਕਾਰਡ ਹੈ ਅਤੇ ਸਪਾਈਕ ਰੀਚ ਉਸ ਦੀ ਸਾਢੇ 12 ਫੁੱਟ ਸੀ। ਸਾਢੇ ਛੇ ਫੁੱਟ ਦਾ ਪਾਲੀ ਜਦੋਂ 12 ਫੁੱਟ ਉਪਰ ਤੋਂ ਵਾਲੀ ਮਾਰਦਾ ਤਾਂ ਸਾਹਮਣੀ ਟੀਮ ਨੂੰ ਲੱਗਦਾ ਜਿਵੇਂ ਉਤਲੀ ਮੰਜ਼ਿਲ ਉਤੋਂ ਫਾਇਰ ਕੀਤਾ ਹੋਵੇ। ਕਈ ਵਾਰ ਤਾਂ ਪੂਰੇ-ਪੂਰੇ ਟੂਰਨਾਮੈਂਟ ਵਿੱਚ ਪਾਲੀ ਦੀ ਇੱਕ ਵੀ ਵਾਲੀ ਬਲਾਕ ਨਾ ਹੁੰਦੀ ਅਤੇ ਸਾਹਮਣੇ ਵਾਲੀ ਟੀਮ ਨੂੰ ਬਲਾਕ ਕਰਦਿਆਂ ਪਾਲੀ ਦਾ ਬਲੌਕ ਜਮਰੌਦ ਦਾ ਕਿਲਾ ਬਣ ਜਾਂਦਾ ਸੀ। ਉਹ ਭਾਰਤੀ ਵਾਲੀਬਾਲ ਦੇ ਖੇਡ ਇਤਿਹਾਸ ਦਾ ਇਕਲੌਤਾ ਖਿਡਾਰੀ ਹੋਇਆ, ਜਿਹੜਾ ਇੱਕੋ ਸਮੇਂ ਮੈਚ ਦੌਰਾਨ ਕਾਊਂਟਰ ਅਟੈਕਰ ਤੇ ਸੈਂਟਰ ਬਲਾਕ ਦੀਆਂ ਪੁਜੀਸ਼ਨਾਂ ਉਤੇ ਖੇਡਦਾ ਰਿਹਾ। ਜਿਵੇਂ ਹਾਕੀ ਤੇ ਫੁਟਬਾਲ ਵਿੱਚ ਕੋਈ ਖਿਡਾਰੀ ਇੱਕੋ ਸਮੇਂ ਫਾਰਵਰਡ ਤੇ ਫੁੱਲਬੈਕ ਖੇਡੇ।
11 ਸਾਲ ਭਾਰਤੀ ਵਾਲੀਬਾਲ ਟੀਮ ਦਾ ਖਿਡਾਰੀ ਅਤੇ ਚਾਰ ਸਾਲ ਕਪਤਾਨ ਰਹੇ ਪਾਲੀ ਨੇ ਭਾਰਤ ਨੂੰ 1986 ਦੀਆਂ ਸਿਓਲ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿਤਾਇਆ। ਪਾਲੀ ਨੇ ਸੈਫ ਖੇਡਾਂ ਵਿੱਚ ਵੀ ਇੱਕ ਵਾਰ ਸੋਨੇ ਤੇ ਦੋ ਵਾਰ ਚਾਂਦੀ ਦਾ ਤਮਗਾ ਜਿਤਾਇਆ ਹੈ। ਕੌਮਾਂਤਰੀ ਪੱਧਰ ਦੇ ਹੋਰ ਵੀ ਕਈ ਟੂਰਨਾਮੈਂਟਾਂ ਵਿੱਚ ਉਸ ਨੇ ਭਾਰਤ ਨੂੰ ਤਮਗੇ ਜਿਤਾਏ। ਵੀਹ ਵਰ੍ਹੇ ਉਹ ਕੌਮੀ ਮੁਕਾਬਲਿਆਂ ਵਿੱਚ ਛਾਇਆ ਰਿਹਾ। ਆਲ ਇੰਡੀਆ ਪੁਲਿਸ ਖੇਡਾਂ ਵਿੱਚ ਉਸ ਨੇ ਲਗਾਤਾਰ 9 ਸਾਲ ਪੰਜਾਬ ਪੁਲਿਸ ਨੂੰ ਚੈਂਪੀਅਨ ਬਣਾਇਆ। ਨਿੱਕੇ ਪਾਲੀ ਨੇ ਪਹਿਲੇ ਹੀ ਟੂਰਨਾਮੈਂਟ ਵਿੱਚ ਹੀਰੋ ਸਾਈਕਲ ਜਿੱਤਣ ਤੋਂ ਲੈ ਕੇ ਅਰਜੁਨਾ ਐਵਾਰਡੀ ਸੁਖਪਾਲ ਸਿੰਘ ਬਣਨ ਤੱਕ ਵੱਡਾ ਪੈਂਡਾ ਤੈਅ ਕੀਤਾ ਹੈ।
ਪਾਲੀ ਦਾ ਪੂਰਾ ਨਾਮ ਸੁਖਪਾਲ ਸਿੰਘ ਬਰਾੜ ਹੈ, ਜਿਸ ਦਾ ਜਨਮ 18 ਦਸੰਬਰ 1962 ਨੂੰ ਹੋਇਆ। ਜੋਗਿੰਦਰ ਸਿੰਘ ਤੇ ਪਵਿੱਤਰਜੀਤ ਕੌਰ ਦੇ ਪੁੱਤਰ ਸੁਖਪਾਲ ਸਿੰਘ ਦਾ ਜੱਦੀ ਪਿੰਡ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲੇ ਦੇ ਸੰਗਰੀਆ ਕਸਬੇ ਕੋਲ ਮੱਲ੍ਹੜ ਖੇੜਾ ਹੈ। ਨਾਨਕੇ ਪਿੰਡ ਦਿਓਣ ਖੇੜਾ (ਸ੍ਰੀ ਮੁਕਤਸਰ ਸਾਹਿਬ) ਜੰਮੇ ਤੇ ਪਲੇ ਪਾਲੀ ਦਾ ਛੋਟੇ ਹੁੰਦੇ ਤੋਂ ਚੰਗਾ ਕੱਦ ਕਰਕੇ ਵਾਲੀਬਾਲ ਖੇਡ ਵਿੱਚ ਰੁਝਾਨ ਹੋ ਗਿਆ। ਪਾਲੀ ਦਾ ਮਾਮਾ ਗੁਰਗੱਜ ਸਿੰਘ ਹੀ ਉਸ ਦਾ ਮੁੱਢਲਾ ਗੁਰੂ ਸੀ, ਜਿਸ ਨੇ ਆਪਣੇ ਭਾਣਜੇ ਨੂੰ ਵੱਡਾ ਖਿਡਾਰੀ ਬਣਾਉਣ ਲਈ ਚੰਗੀ ਖੁਰਾਕ ਦੇਣੀ। ਕਰਨਾਟਕਾ ਵਿਖੇ ਹੋਈਆਂ ਅੰਡਰ-16 ਕੌਮੀ ਪੇਂਡੂ ਖੇਡਾਂ ਵਿੱਚ ਉਹ ਸਰਵੋਤਮ ਖਿਡਾਰੀ ਚੁਣਿਆ ਗਿਆ। ਉਸ ਨੇ ਇੱਕ ਸਾਲ ਮਲੋਟ ਕਾਲਜ ਲਾਇਆ, ਜਿੱਥੇ ਉਸ ਨੇ ਵਾਲੀਬਾਲ ਖੇਡਣ ਕਰਕੇ ਪੇਪਰ ਵਿਚਾਲੇ ਹੀ ਛੱਡ ਦਿੱਤੇ। ਵਾਲੀਬਾਲ ਖਿਡਾਰੀ ਗਮਦੂਰ ਸਿੰਘ ਨੇ ਪਾਲੀ ਨੂੰ ਓਸਵਾਲ ਮਿਲ ਦੀ ਟੀਮ ਵਿੱਚ ਭਰਤੀ ਕਰਵਾ ਦਿੱਤਾ। ਕੋਚ ਗੁਰਦੇਵ ਸਿੰਘ ਨੇ ਉਸ ਨੂੰ ਸਰਕਾਰੀ ਕਾਲਜ ਲੁਧਿਆਣਾ ਵਿਖੇ ਭਰਤੀ ਕਰ ਲਿਆ। ਪਾਲੀ ਬਦੌਲਤ ਸਰਕਾਰੀ ਕਾਲਜ ਲੁਧਿਆਣਾ ਨੇ 1982 ਵਿੱਚ ਪਹਿਲੀ ਵਾਰ ਪੰਜਾਬ ਯੂਨੀਵਰਸਿਟੀ ਚੈਂਪੀਅਨਸ਼ਿਪ ਜਿੱਤੀ। ਪਾਲੀ ਪਹਿਲਾ ਸਿੱਧਾ ਸੀਨੀਅਰ ਪੰਜਾਬ ਟੀਮ ਅਤੇ ਫੇਰ ਸਰਵ ਭਾਰਤੀ ਅੰਤਰ `ਵਰਸਿਟੀ ਖੇਡਾਂ ਲਈ ਯੂਨੀਵਰਸਿਟੀ ਟੀਮ ਵਿੱਚ ਚੁਣਿਆ ਗਿਆ। ਪੰਜਾਬ ਪੁਲਿਸ ਨੇ ਵੀ ਪਾਲੀ ਨੂੰ ਭਰਤੀ ਕਰ ਲਿਆ। ਪਾਲੀ ਦੀ ਗੁੱਡੀ ਅਜਿਹੀ ਚੜ੍ਹੀ ਕਿ ਦੋ ਸਾਲਾਂ ਵਿੱਚ ਹੀ ਉਹ ਭਾਰਤੀ ਟੀਮ ਵਿੱਚ ਚੁਣਿਆ ਗਿਆ।
1984 ਵਿੱਚ ਉਹ ਪਹਿਲੀ ਵਾਰ ਭਾਰਤੀ ਟੀਮ ਵੱਲੋਂ ਖੇਡਣ ਲਈ ਸੋਵੀਅਤ ਸੰਘ (ਹੁਣ ਰੂਸ) ਦੇ ਦੌਰੇ `ਤੇ ਗਿਆ। ਉਸ ਨੇ ਸਾਊਦੀ ਅਰਬ ਵਿਖੇ ਹੋਈ ਏਸ਼ੀਅਨ ਯੁਵਾ ਵਾਲੀਬਾਲ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ। 1985 ਵਿੱਚ ਉਸ ਨੇ ਜਪਾਨ ਖਿਲਾਫ ਭਾਰਤ ਵਿੱਚ ਖੇਡੇ ਦੋ ਟੈਸਟ ਮੈਚਾਂ ਵਿੱਚ ਹਿੱਸਾ ਲਿਆ। ਉਹ ਕੰਬਾਈਡ ਯੂਨੀਵਰਸਿਟੀ ਟੀਮ ਦਾ ਕਪਤਾਨ ਚੁਣਿਆ ਗਿਆ, ਜਿੱਥੇ ਉਸ ਨੇ ਜਪਾਨ ਵਿਖੇ ਹੋਈਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ ਭਾਰਤੀ ਯੂਨੀਵਰਸਿਟੀਆਂ ਦੀ ਵਾਲੀਬਾਲ ਟੀਮ ਦੀ ਅਗਵਾਈ ਕੀਤੀ। ਪਾਲੀ ਨੇ 1985 ਵਿੱਚ ਸਾਊਦੀ ਅਰਬ ਦੇ ਟੂਰ ਉਤੇ ਚਾਰ ਟੈਸਟ ਮੈਚ ਖੇਡੇ।
1986 ਵਿੱਚ ਪਾਲੀ ਦੀ ਖੇਡ ਸਿਖਰ `ਤੇ ਸੀ। ਹੈਦਰਾਬਾਦ ਵਿਖੇ ਗੋਲਡ ਕੱਪ ਕੌਮਾਂਤਰੀ ਟੂਰਨਾਮੈਂਟ ਵਿੱਚ ਝੰਡੇ ਗੱਡਣ ਤੋਂ ਬਾਅਦ ਪਾਲੀ ਸਿਓਲ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਗਿਆ। ਪਾਲੀ ਦੀਆਂ ਵਾਲੀਆਂ ਨੇ ਪੂਰੀ ਏਸ਼ੀਆ ਵਿੱਚ ਧੂੰਮ ਮਚਾ ਦਿੱਤੀ। ਭਾਰਤ ਨੇ ਹਾਂਗਕਾਂਗ ਨੂੰ 3-0, ਬਹਿਰੀਨ ਨੂੰ 3-0, ਸਾਊਦੀ ਅਰਬ ਨੂੰ 3-1, ਇੰਡੋਨੇਸ਼ੀਆ ਨੂੰ 3-0 ਅਤੇ ਕਹਿੰਦੀ ਕਹਾਉਂਦੀ ਜਪਾਨ ਦੀ ਟੀਮ ਨੂੰ 3-0 ਨਾਲ ਹਰਾਇਆ। ਭਾਰਤ ਇਕੱਲਾ ਦੱਖਣੀ ਕੋਰੀਆ ਹੱਥੋਂ ਮੈਚ ਹਾਰਿਆ ਅਤੇ ਭਾਰਤੀ ਟੀਮ ਕਾਂਸੀ ਦਾ ਤਮਗਾ ਜਿੱਤ ਕੇ ਵਾਪਸ ਪਰਤੀ। ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਭਾਰਤੀ ਵਾਲੀਬਾਲ ਟੀਮ ਦਾ ਇਹ ਦੂਜਾ ਤਮਗਾ ਹੈ। ਪਾਲੀ ਨੇ ਭਾਰਤੀ ਵਾਲੀਬਾਲ ਨੂੰ ਜਿੱਤਾਂ ਦੇ ਰਾਹ ਉਤੇ ਪਾ ਦਿੱਤਾ। 1987 ਵਿੱਚ ਭਾਰਤ ਨੇ ਕਲਕੱਤਾ ਵਿਖੇ ਹੋਈਆਂ ਸੈਫ ਖੇਡਾਂ ਵਿੱਚ ਸੋਨੇ ਦਾ ਤਮਗਾ, 1989 ਵਿੱਚ ਜਪਾਨ ਕੱਪ ਵਿੱਚ ਚਾਂਦੀ ਦਾ ਤਮਗਾ, ਇਸਲਾਮਾਬਾਦ ਵਿਖੇ ਹੋਈਆਂ ਸੈਫ ਖੇਡਾਂ ਵਿੱਚ ਪਾਲੀ ਨੇ ਚਾਂਦੀ ਦਾ ਤਮਗਾ, ਚੀਨੀ ਲੀਗ ਵਿੱਚ ਚਾਂਦੀ ਦਾ ਤਮਗਾ, 1990 ਵਿੱਚ ਹੈਦਰਾਬਾਦ ਵਿਖੇ ਐਲਵਿਨ ਕੌਮਾਂਤਰੀ ਗੋਲਡ ਕੱਪ ਟੂਰਨਾਮੈਂਟ ਵਿੱਚ ਚਾਂਦੀ ਦਾ ਤਮਗਾ ਜਿਤਾਇਆ।
1990 ਵਿੱਚ ਭਾਰਤੀ ਟੀਮ 1986 ਦੇ ਮੁਕਾਬਲਤਨ ਬਹੁਤ ਵਧੀਆ ਸੀ। ਫੈਡਰੇਸ਼ਨ ਨੇ ਟੀਮ ਨੂੰ 1990 ਦੀਆਂ ਬੀਜਿੰਗ ਏਸ਼ਿਆਈ ਖੇਡਾਂ ਵਿੱਚ ਨਾ ਭੇਜਿਆ। ਜਿਸ ਭਾਰਤੀ ਟੀਮ ਨੇ ਚੀਨ ਨੂੰ ਇੱਕ ਸਾਲ ਪਹਿਲਾਂ ਹਰਾਇਆ ਸੀ, ਉਸੇ ਚੀਨ ਨੇ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ। 1992 ਵਿੱਚ ਪਾਲੀ ਨੂੰ ਭਾਰਤੀ ਟੀਮ ਦਾ ਕਪਤਾਨ ਬਣਾ ਦਿੱਤਾ। ਆਪਣੀ ਕਪਤਾਨੀ ਵਿੱਚ ਪਾਲੀ ਨੇ ਭਾਰਤ ਨੂੰ ਸਿਵਾਂਥੀ ਗੋਲਡ ਕੱਪ ਵਿੱਚ ਕਾਂਸੀ ਦਾ ਤਮਗਾ ਅਤੇ 1993 ਵਿੱਚ ਹੋਈਆਂ ਸੈਫ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿਤਾਇਆ। 1994 ਵਿੱਚ ਕਤਰ ਦੀ ਰਾਜਧਾਨੀ ਦੋਹਾ ਵਿਖੇ ਆਪਣੇ ਕੌਮਾਂਤਰੀ ਖੇਡ ਕਰੀਅਰ ਦਾ ਆਖਰੀ ਟੂਰਨਾਮੈਂਟ ਖੇਡਦਿਆਂ ਪਾਲੀ ਨੇ ਭਾਰਤ ਨੂੰ ਸੋਨੇ ਦਾ ਤਮਗਾ ਜਿਤਾਇਆ।
17 ਸਾਲ ਉਹ ਪੰਜਾਬ ਵੱਲੋਂ ਖੇਡਿਆ ਅਤੇ ਕਈ ਤਮਗੇ ਜਿਤਾਏ। ਅੰਤਰ-ਵਿਭਾਗੀ ਟੂਰਨਾਮੈਂਟ ਅਤੇ ਫੈਡਰੇਸ਼ਨ ਕੱਪ ਵਿੱਚ ਵੀ ਉਸ ਨੇ ਜੌਹਰ ਦਿਖਾਏ। ਆਲ ਇੰਡੀਆ ਪੁਲਿਸ ਖੇਡਾਂ ਵਿੱਚ ਤਾਂ ਉਹ ਇਕੱਲਾ ਆਪਣੇ ਦਮ `ਤੇ ਟੀਮ ਨੂੰ ਪੰਜਾਬ ਪੁਲਿਸ ਨੂੰ ਜਿਤਾ ਲਿਆਉਂਦਾ ਸੀ। ਉਹ 15 ਸਾਲ ਪੰਜਾਬ ਪੁਲਿਸ ਵੱਲੋਂ ਖੇਡਿਆ ਅਤੇ ਕਿਸੇ ਸਾਲ ਵੀ ਖਾਲੀ ਹੱਥ ਨਹੀਂ ਪਰਤਿਆ। ਉਸ ਨੇ 9 ਸੋਨ ਤਮਗਿਆਂ ਸਣੇ ਕੁੱਲ 15 ਤਮਗੇ ਜਿਤਾਏ। 1992 ਤੋਂ 2000 ਤੱਕ ਲਗਾਤਰ 9 ਸੋਨ ਤਮਗੇ ਜਿਤਾਏ। ਇਸ ਤੋਂ ਪਹਿਲਾਂ ਉਸ ਨੇ 1987 ਤੋਂ 1989 ਤੱਕ ਤਿੰਨ ਕਾਂਸੀ ਦੇ ਤਮਗੇ ਅਤੇ 1990 ਤੇ 1991 ਵਿੱਚ ਦੋ ਚਾਂਦੀ ਦੇ ਤਮਗੇ ਜਿਤਾਏ। ਪਾਲੀ ਇਕੱਲਾ ਹੀ ਦੂਜੀ ਟੀਮ ਲਈ ਕਾਫੀ ਹੁੰਦਾ ਸੀ।
ਪਾਲੀ ਦਾ ਕੱਦ-ਕਾਠ ਇੰਨਾ ਹੈ ਕਿ ਉਹ ਬਾਸਕਟਬਾਲ ਕੋਰਟ ਵਿੱਚ ਖੜ੍ਹਾ ਖਲੋਤਾ ਬਿਨਾ ਛਾਲ ਮਾਰਿਆਂ ਡੰਕ ਮਾਰ ਦਿੰਦਾ। ਇਸੇ ਕਰਕੇ ਅਰਜੁਨਾ ਐਵਾਰਡੀ ਬਾਸਕਟਬਾਲ ਖਿਡਾਰੀ ਸੱਜਣ ਸਿੰਘ ਚੀਮਾ ਅਕਸਰ ਉਸ ਨੂੰ ਬਾਸਕਟਬਾਲ ਵਾਲੇ ਪਾਸੇ ਆਉਣ ਨੂੰ ਕਹਿੰਦੇ। 1986 ਵਿੱਚ ਬੰਗਲੌਰ ਵਿਖੇ ਏਸ਼ਿਆਈ ਖੇਡਾਂ ਦੇ ਕੈਂਪ ਦੌਰਾਨ ਉਹ ਅਥਲੈਟਿਕਸ ਫੀਲਡ ਵਿੱਚ ਉਚੀ ਛਾਲ ਦੇ ਗੱਦਿਆਂ ਕੋਲੋਂ ਲੰਘਦਾ ਅਰਾਮ ਨਾਲ ਜੰਪ ਮਾਰ ਜਾਂਦਾ। ਉਸ ਵੇਲੇ ਉਚੀ ਛਾਲ ਦੇ ਕੋਚ ਭੀਮ ਸਿੰਘ ਨੇ ਪਾਲੀ ਨੂੰ ਕਹਿਣਾ ਕਿ ਉਹ ਅਥਲੈਟਿਕਸ ਸ਼ੁਰੂ ਕਰ ਲਵੇ, ਪਰ ਪਾਲੀ ਤਾਂ ਜੰਮਿਆ ਪਲਿਆ ਹੀ ਵਾਲੀਬਾਲ ਖੇਡਣ ਲਈ ਸੀ। ਪਾਲੀ ਨੇ ਸਾਰੀ ਉਮਰ ਆਪਣਾ ਵਜ਼ਨ 75 ਕਿਲੋ ਤੋਂ ਵਧਣ ਨਹੀਂ ਦਿੱਤਾ। ਇਸੇ ਕਰਕੇ ਉਸ ਵਰਗਾ ਛਾਂਟਵੇਂ ਸਰੀਰ ਦਾ ਛੋਹਲਾ ਖਿਡਾਰੀ ਹਰ ਫੁਰਤੀ ਵਾਲੀ ਖੇਡ ਲਈ ਫਿੱਟ ਸੀ।
ਸੁਖਪਾਲ ਪਾਲੀ ਨੂੰ ਬੈਸਟ ਆਊਟਸਾਈਡ ਹਿੱਟਰ ਆਫ ਇੰਡੀਆ, ਦੇਸ਼ ਦਾ ਬਿਹਤਰੀਨ ਸਪਾਈਕਰ ਕਿਹਾ ਜਾਂਦਾ ਹੈ। ਪੰਜਾਬ ਸਰਕਾਰ ਨੇ ਉਸ ਨੂੰ 1989 ਵਿੱਚ ‘ਮਹਾਰਾਜਾ ਰਣਜੀਤ ਸਿੰਘ ਐਵਾਰਡ’ ਅਤੇ ਭਾਰਤ ਸਰਕਾਰ ਨੇ 2000 ਵਿੱਚ ‘ਅਰਜੁਨਾ ਐਵਾਰਡ’ ਨਾਲ ਸਨਮਾਨਿਆ। ਨਿੱਪੀ ਤੇ ਬੱਲੂ ਤੋਂ ਬਾਅਦ ਪਾਲੀ ਤੀਜਾ ਪੰਜਾਬੀ ਵਾਲੀਬਾਲ ਖਿਡਾਰੀ ਹੈ, ਜਿਸ ਨੂੰ ਇਹ ਸਨਮਾਨ ਮਿਲਿਆ। ਕੋਟਲਾ ਸ਼ਾਹੀਆ ਵਿਖੇ ਕਮਲਜੀਤ ਖੇਡਾਂ-2017 ਦੌਰਾਨ ਉਸ ਨੂੰ ‘ਮੇਜਰ ਵਜਿੰਦਰ ਸਿੰਘ ਸ਼ਾਹੀ ਪੰਜਾਬ ਦਾ ਗੌਰਵ’ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
ਪੰਜਾਬ ਪੁਲਿਸ ਵਿੱਚ ਆਈ.ਪੀ.ਐਸ. ਅਫ਼ਸਰ ਵਜੋਂ ਸੇਵਾਵਾਂ ਨਿਭਾਉਣ ਵਾਲਾ ਪਾਲੀ ਡਿਊਟੀ ਕਰਦਾ ਬਹੁਤ ਪ੍ਰੈਕਟੀਕਲ ਰਿਹਾ। ਕਾਗਜ਼ੀ ਕਾਰਵਾਈ ਨਾਲੋਂ ਮੌਕੇ ਦੀ ਸਥਿਤੀ ਅਨੁਸਾਰ ਫੈਸਲਾ ਲੈਣ ਦੀ ਉਹ ਸਮਰੱਥਾ ਰੱਖਦਾ ਹੈ। ਪਾਲੀ ਦਾ ਖੇਡ ਤੇ ਪੁਲਿਸ ਅਫਸਰ ਵਜੋਂ ਜੀਵਨ ਜਿੱਥੇ ਸੁਖਦ ਤੇ ਤਸੱਲੀਬਖ਼ਸ਼ ਰਿਹਾ ਹੈ, ਉਥੇ ਉਸ ਨਾਲ ਪਰਿਵਾਰਕ ਜੀਵਨ ਵਿੱਚ ਬਹੁਤ ਵੱਡੀ ਅਣਹੋਣੀ ਹੋਈ। 2017 ਵਿੱਚ ਉਸ ਦੀ 52 ਵਰਿ੍ਹਆਂ ਦੀ ਪਤਨੀ ਬਲਜੀਤ ਕੌਰ ਪਾਲੀ ਅਤੇ ਆਪਣੀਆਂ ਦੋ ਧੀਆਂ ਨੂੰ ਛੱਡ ਕੇ ਇਸ ਦੁਨੀਆਂ ਤੋਂ ਚਲੀ ਗਈ। ਟਾਂਡਾ (ਹੁਸ਼ਿਆਰਪੁਰ) ਦੀ ਰਹਿਣ ਵਾਲੀ ਉਸ ਦੀ ਪਤਨੀ ਵੀ ਕੌਮੀ ਪੱਧਰ ਦੀ ਵੱਡੀ ਖਿਡਾਰਨ ਸੀ ਅਤੇ ਭਾਰਤੀ ਮਹਿਲਾ ਵਾਲੀਬਾਲ ਟੀਮ ਵੱਲੋਂ ਵੀ ਉਸ ਨੇ ਕੁਝ ਮੈਚ ਖੇਡੇ ਹਨ।