ਸੁਰਜੀਤ ਪਾਤਰ: ਸ਼ਾਇਰੀ ਦੇ ਭਰ ਵਗਦੇ ਦਰਿਆ ਦਾ ਅਕਾਲ ਚਲਾਣਾ
ਪਰਮਜੀਤ ਸੋਹਲ
11 ਮਈ ਦੀ ਸਵੇਰ ਨੂੰ ਦੋਸਤ ਕਵੀ ਗੁਰਪ੍ਰੀਤ ਦਾ ਮਾਨਸੇ ਤੋਂ ਫ਼ੋਨ ਆਇਆ। ਕਹਿਣ ਲੱਗਾ, ‘ਤੈਂ ਸੁਰਜੀਤ ਪਾਤਰ ਜੀ ਬਾਰੇ ਫੇਸ ਬੁੱਕ ’ਤੇ ਨਹੀਂ ਦੇਖਿਆ?’ ਮੇਰਾ ਮੱਥਾ ਠਣਕਿਆ। ਘਬਰਾਹਟ ’ਚ ਪੁੱਛਿਆ, ‘ਨਹੀਂ, ਕੀ ਗੱਲ?’ ਕਹਿਣ ਲੱਗਾ, ‘ਬੜੀ ਮਾੜੀ ਖ਼ਬਰ ਹੈ। ਸੁਰਜੀਤ ਪਾਤਰ ਨਹੀਂ ਰਹੇ।’ ਕੁਝ ਮਿੰਟਾਂ ਲਈ ਗੁੰਮ ਸੁੰਮ ਹੋ ਗਿਆ, ਯਕੀਨ ਨਹੀਂ ਸੀ ਆ ਰਿਹਾ।
ਫਿਰ ਸਵਰਨਜੀਤ ਸਵੀ ਨੂੰ ਫੋਨ ਕੀਤਾ, ਅੱਗੋਂ ਉਹਦੀ ਭੁੱਬ ਨਿਕਲ ਗਈ, ਕਹਿਣ ਲੱਗਾ, ‘ਹਾਂ, ਸਵੇਰੇ ਉੱਠੇ ਹੀ ਨਹੀਂ। ਮੈਂ ਉਨ੍ਹਾਂ ਦੇ ਘਰੇ ਆਂ, ਅਮਰਜੀਤ ਗਰੇਵਾਲ ਵੀ…।’ ਉਹਦੀ ਆਵਾਜ਼ ਵਿੱਚ ਹਟਕੋਰੇ ਸਨ। ਮੈਂ ਕਿਹਾ, ‘ਮੈਂ ਵੀ ਆਉਨਾਂ…।’ ਪਰ ਸਾਰਾ ਦਿਨ ਘਰੇ ਉਦਾਸੀ ਦੇ ਆਲਮ ’ਚ ਬੈਠਾ ਰਿਹਾ। ਹਿਆ ਹੀ ਨਹੀਂ ਪਿਆ ਜਾਣ ਦਾ। ਦੂਜੇ ਦਿਨ ਗਿਆ। ਉਨ੍ਹਾਂ ਦੇ ਘਰ ਦਾ ਗੇਟ ਵੜਨ ਵੇਲੇ ਦੇਵ ਦਿਲਦਾਰ ਮਿਲ ਗਿਆ। ਪਾਤਰ ਸਾਹਿਬ ਬਾਰੇ ਗੱਲਾਂ ਕਰਦਿਆਂ ਦੱਸਣ ਲੱਗਾ, ਤੁਹਾਡੇ ਟੱਪੇ ਸੁਰਜੀਤ ਪਾਤਰ ਜੀ ਨੇ ਚੁਣ ਕੇ ਉਸਨੂੰ ਗਾਉਣ ਲਈ ਦਿੱਤੇ ਸਨ। ਦਿਲ ’ਚ ਕਿੰਨਾ ਕੁਝ ਉਬਾਲੇ ਮਾਰ ਮਾਰ, ਰਿਝ ਰਿਹਾ ਸੀ, ਪਰ ਕਹਿਣ ਜੋਗੇ ਲਫ਼ਜ਼ ਮੁੱਕ ਗਏ ਸਨ। ਸੁਰਜੀਤ ਪਾਤਰ ਜੀ ਦੀ ਜੀਵਨ ਸਾਥਣ ਭੁਪਿੰਦਰ ਕੌਰ ਪਾਤਰ ਤੇ ਉਨ੍ਹਾਂ ਦੇ ਬੇਟੇ ਮਨਰਾਜ ਦਾ ਰੋ ਰੋ ਕੇ ਬੁਰਾ ਹਾਲ ਸੀ। ਅੰਕੁਰ ਬੇਟੇ ਨੇ ਵਿਦੇਸ਼ੋਂ ਆਉਣਾ ਸੀ। ਮੈਨੂੰ ਆਪਣੀ ਸਾਹਿਤਕ ਸ਼ੁਰੂਆਤ ਦੇ ਦਿਨ ਚੇਤੇ ਆ ਗਏ, ਜਦੋਂ ਮੈਂ ਇਸ ਘਰ ਵਿੱਚ ਮਨਰਾਜ ਤੇ ਅੰਕੁਰ ਵਾਂਗ ਹੀ ਮਹਿਸੂਸ ਕਰਿਆ ਕਰਦਾ ਸਾਂ।
ਸੁਰਜੀਤ ਪਾਤਰ ਦਾ ‘ਹੈ’ ਤੋਂ ‘ਸੀ’ ਹੋ ਜਾਣਾ ਜਿਸਮਾਨੀ ਤੌਰ ’ਤੇ ਸੱਚ ਹੈ, ਪਰ ਦੂਜੇ ਪੱਖ ਤੋਂ ਝੂਠ ਵੀ। ਭਾਵੇਂ ਸ਼ਾਇਰੀ ਵਿੱਚ ਜਿਊਣ ਵਾਲੇ ਮਹਾਨ ਕਵੀ ਦਾ ਜਿਸਮ ਨਿਸੱਤਾ ਹੋ ਗਿਆ ਹੈ, ਪਰ ਹਰਮਨ ਪਿਆਰੀ ਸ਼ਖ਼ਸੀਅਤ ਅਤੇ ਸ਼ਾਇਰੀ ਸਦਕਾ ਉਹ ਚਹੇਤਿਆਂ ਦੀਆਂ ਰੂਹਾਂ ਵਿੱਚ ਸ਼ਰਾਇਤ ਕਰ ਗਿਆ ਹੈ। ਸੁਰਜੀਤ ਪਾਤਰ ਦੀ ਸ਼ਾਇਰੀ ਦਾ ਸੁਹਜ ‘ਹੈ ਭੀ ਸਚੁ, ਹੋਸੀ ਭੀ ਸਚੁ’ ਦੇ ਪਾਕ ਮੁਕਾਮ ਤੱਕ ਲੈ ਜਾਣ ਵਾਲੇ ਕ੍ਰਿਸ਼ਮੇ ਵਰਗਾ ਹੈ। ‘ਸੀ’ ਕਹਿਣ ਨੂੰ, ਪਰ ‘ਹੈ’ ਤੇ ਸਦਾ ‘ਹੋਵੇਗਾ’ ਸੁਰਜੀਤ ਪਾਤਰ। ਇਨ੍ਹਾਂ ਵਿਆਕਰਣਿਕ ਸਹਾਇਕ ਕਿਰਿਆਵਾਂ ‘ਸੀ’, ‘ਹੈ’, ‘ਹੋਵੇਗਾ’ ਤੋਂ ਪਰ੍ਹੇ ਸਤਿ ਸੁਭਮ ਸਤਿ ਅਫ਼ਜੂ ਵਾਂਗ।
ਉਸ ਦੀ ਜ਼ਹੀਨ ਸੁਰਤਿ ਕੋਲ ਪੰਜਾਬੀ ਕਵਿਤਾ ਦੀ ਮਾਣ-ਮੱਤੀ ਵਿਰਾਸਤ ਸੀ। ਉਹਦੀ ਸ਼ਾਇਰੀ ਦੁਨੀਆ ਭਰ ਦੀ ਚੰਗੀ ਸ਼ਾਇਰੀ ਵਿੱਚ ਸ਼ੁਮਾਰ ਕਰਨਯੋਗ ਹੈ। ਇਸੇ ਗੁਣਵੱਤਾ ਕਰਕੇ ਉਹ ਪੰਜਾਬੀ ਦਾ ਅਜ਼ੀਮ ਕਵੀ ਹੈ ਤੇ ਹਮੇਸ਼ਾ ਬਣਿਆ ਰਹੇਗਾ। ਉਹ ਪੰਜਾਬੀ ਸ਼ਾਇਰੀ ਦਾ ਸੁਨਹਿਰੀ ਤਾਜ ਬਣ ਕੇ ਜੀਵਿਆ ਤੇ ਸਦਾ ਸ਼ੁਭਾਇਮਾਨ ਰਿਹਾ ਹੈ। ਉਹਦੀ ਸ਼ਾਇਰੀ ਕਰੁਣਾਮਈ ਬੋਲਾਂ ’ਚ ਪੰਜਾਬੀ ਬੰਦੇ ਦੀ ਗੌਰਵਸ਼ਾਲੀ ਗਾਥਾ ਦਾ ਗੁਣਗਾਨ ਹੈ। ਵਿਲਕਦਾ, ਤੜਪਦਾ, ਰੋਹੀ ਵਿਦਰੋਹੀ ਧੁਨਾਂ ਅਲਾਪਦਾ ਪੰਜਾਬ ਉਹਦੀਆਂ ਗ਼ਜ਼ਲਾਂ ਦੇ ਸ਼ਿਅਰਾਂ ’ਚੋਂ ਢਾਈ ਆਬਾਂ ਵਾਂਗ ਹੀ ਅਣਮਨ ਜਿਹਾ ਵਗਦਾ ਦਿਸਦਾ ਹੈ। ਕਵਿਤਾ ਨੂੰ ਮੋਹ ਕਰਨ ਵਾਲੀ ਹਰ ਧਿਰ ਨੂੰ ਉਹਦਾ ਸਰੀਰਕ ਵਿਛੋੜਾ ਇੰਜ ਮਹਿਸੂਸ ਹੋਇਆ ਹੈ, ਜਿਵੇਂ ਪੰਜਾਬੀ ਸ਼ਾਇਰੀ ਦਾ ਬਾਬਲ ਤੁਰ ਗਿਆ ਹੋਵੇ ਤੇ ਆਧੁਨਿਕ ਪੰਜਾਬੀ ਕਵਿਤਾ ਯਤੀਮ ਹੋ ਗਈ ਹੋਵੇ। ਸੱਚੀਂ ਮੁੱਚੀਂ ਪਾਤਰ ਦੁਨੀਆਂ ਤੋਂ ਚਲੇ ਗਿਆ, ਯਕੀਨ ਕਰਨ ਵਾਲੀ ਗੱਲ ਨਹੀਂ ਹੈ। ਪਰ ਸੱਚ ਤਾਂ ਸੱਚ ਹੀ ਹੈ।
ਸੁਰਜੀਤ ਪਾਤਰ ਚਲੇ ਗਿਆ ਜਿਸਮ ਦੀ ਕੈਦ ਤੋਂ ਨਿਜਾਤ ਪਾ ਗਿਆ, ਪਰ ਉਸਦੀ ਰੂਹ ਪੰਜਾਬੀ ਕਵਿਤਾ ਦੀਆਂ ਅਣਲਿਖੀਆਂ ਕਵਿਤਾਵਾਂ ਵਿੱਚ ਸ਼ਰਾਇਤ ਕਰ ਗਈ ਹੈ। ਉਸਦੀ ਨਿਰਾਕਾਰੀ ਰੂਹ ਦੀ ਹਾਜ਼ਰੀ ਆਪਣੇ ਨਜ਼ਦੀਕ ਮਹਿਸੂਸਦੇ ਰਹਿਣਾ ਉਸ ਪ੍ਰਤੀ ਸਾਡੇ ਪਿਆਰ ਦੀ ਗਵਾਹੀ ਹੋਵੇਗੀ। ਉਹਦੀ ਸ਼ਾਇਰੀ ਅੱਧੇ ਅਧੂਰਿਆਂ, ਖੁਰਦੇ ਭੁਰਦਿਆਂ, ਮਰਦੇ ਮਿਟਦਿਆਂ ਦੀ ਪੂਰਨ ਜੋਗੀ ਬਣ ਜਾਣ ਵਰਗੀ ਆਸ ਦਾ ਤਰਜਮਾ ਹੈ। ਉਹਦੀ ਲਿਖਤ ਖ਼ੁਦਕਸ਼ੀ ਕਰਨ ਜਾ ਰਹੇ ਬੰਦੇ ਨੂੰ ਜ਼ਿੰਦਗੀ ਦੇ ਹੁਸੀਨ ਪਲਾਂ ਵੱਲ ਮੋੜ ਲਿਆਉਂਦੀ ਹੈ। ਉਹ ਪੰਜਾਬੀ ਮਨ ਦੀ ਨਬਜ਼ ਫੜ ਕੇ ਆਖਦਾ ਹੈ, ‘ਆ ਮੈਂ ਤੈਨੂੰ ਸਾਵੇ ਬਾਗ਼ਾਂ ਦੀ ਸੈਰ ਕਰਾ ਲਿਆਵਾਂ… ਮੈਨੂੰ ਆਪਣੇ ਦੁੱਖ ਦੇ ਦੇ, ਲਿਆ ਮੈਂ ਤੇਰੇ ਹੰਝੂ ਪੂੰਝ ਕੇ ਤੇਰੀਆਂ ਤਲੀਆਂ ’ਤੇ ਖਿੜੇ ਫੁੱਲ ਧਰ ਦਿਆਂ…।’
ਸੁਰਜੀਤ ਪਾਤਰ ਦੀ ਹਿੱਕ ’ਚ ‘ਸਰੋਦੀ/ਵਿਯੋਗੀ ਸੁਰਾਂ ਦਾ ਆਲ੍ਹਣਾ’ ਸੀ। ਮਰਹੂਮ ਸ਼ਾਇਰ ਮੋਹਨਜੀਤ ਅਨੁਸਾਰ ‘ਉਹਦੇ ਦਿਲ ਵਿੱਚ ਡੂੰਘਾ ਟੋਆ ਹੈ, ਜਿਸ ਵਿੱਚ ਦਰੀਆਂ ਵਿਛੀਆਂ ਹੋਈਆਂ ਨੇ।’ ਇਸੇ ਲਈ ਉਹ ‘ਸੁਰਜ਼ਮੀਨ’ ਵਰਗੇ ਨਵੇਂ ਲਫ਼ਜ਼ ਘੜਦਾ ਹੈ ਤੇ ਨਵੇਂ ਫੁੱਟਦੇ ਪੱਤਿਆਂ ਲਈ ਬਿਰਖ-ਸਾਜ਼ ਬਣ ਕੇ ਅਜਿਹੀ ਜ਼ਮੀਨ ਵੀ ਤਿਆਰ ਕਰਦਾ ਹੈ, ਜਿਸ ਵਿੱਚ ਗੀਤਾਂ, ਗ਼ਜ਼ਲਾਂ ਤੇ ਕਵਿਤਾਵਾਂ ਦੀਆਂ ਗੁਲਾਬੀ ਕਲਮਾਂ ਬੀਜੀਆਂ ਜਾ ਸਕਣ। ਇੱਕ ਉਦਾਸ ਚੁੱਪ ਦਾ ਦਰਿਆ ਹੈ ਸੁਰਜੀਤ ਪਾਤਰ… ਸ਼ਾਇਰੀ ਦਾ ਭਰ ਵਗਦਾ ਦਰਿਆ ਜੋ ਏਧਰਲੇ ਪੰਜਾਬ ਦੇ ਦਰਿਆਵਾਂ- ਸਤਿਲੁਜ, ਬਿਆਸ ਤੇ ਰਾਵੀ ਦਾ ਕਾਸਦ ਬਣ ਕੇ ਓਧਰਲੇ ਦਰਿਆਵਾਂ- ਜਿਹਲਮ ਤੇ ਝਨਾਂ ਨੂੰ ਛੱਲਾਂ ਦੇ ਰੂਪ ਵਿੱਚ ‘ਸਲਾਮ’ ਆਖਣ ਗਿਆ ਹੈ।
ਸ਼ਾਇਦ ਹੁਨਾਲ, ਸਿਆਲ ਜਾਂ ਕਿਸੇ ਅਗਲੇਰੇ ਸਾਲ ਪਰਤ ਆਵੇਗਾ। ਸੁਰਜੀਤ ਪਾਤਰ ਆਪਣੇ ਕਾਵਿਕ ਸਰੋਦੀ ਬੋਲ ਸਿਰਜ ਕੇ ਪਾਠਕਾਂ ਤੇ ਸਰੋਤਿਆਂ ਦੇ ਮਨਾਂ ਅੰਦਰ ਨ੍ਹੇਰੀਆਂ ਵਗਣ ਲਾ ਦਿੰਦਾ ਹੈ, ਜਿਨ੍ਹਾਂ ਵਿੱਚ ਪੰਜਾਬੀ ਮਨ ਦੀ ਹੇਕ ਤੇ ਹੂਕ ਰਲੀ ਹੁੰਦੀ ਹੈ, ਜਿਹੜੀ ਵਕਤ ਦੇ ਸ਼ਾਹ-ਸਵਾਰਾਂ ਨੂੰ ਦ੍ਰਵਿਤ ਕਰਨ ਦੀ ਪੁਰਜ਼ੋਰ ਅਪੀਲ ਵੀ ਬਣ ਜਾਂਦੀ ਹੈ। ਪੰਜਾਬੀ ਦੀ ਦਸ਼ਾ, ਦਿਸ਼ਾ ਤੇ ਦ੍ਰਿਸ਼ਾਵਲੀ ਨੰਕ ਜਿਨ੍ਹਾਂ ਕੋਣਾਂ ਤੋਂ ਸੁਰਜੀਤ ਪਾਤਰ ਦੇ ਦੂਰ-ਅੰਦੇਸ਼ੀ ਦਿੱਬ-ਨੇਤਰ ਵੇਖ ਕੇ ਸ਼ਾਇਰੀ ਦਾ ਜਾਮਾ ਪਹਿਨਾ ਦਿੰਦੇ ਹਨ, ਉਸ ਵਰਗਾ ਸਿੱਧ-ਹਸਤ ਕਵੀ ਸਦੀਆਂ ਲੰਮੀ ਸੜਕ ’ਤੇ ਤੁਰਦਾ ਹੋਇਆ ਵੀ ਵੇਖਣ ਨੂੰ ਨਹੀਂ ਮਿਲ ਸਕੇਗਾ। ਉਸਦੀ ਸੰਗਤ ’ਚ ਵਿਚਰਦੇ ਹਰ ਵਿਅਕਤੀ ਨੂੰ ਆਪਣਾ ਆਪਾ ਖਿੜਿਆ-ਖਿੜਿਆ, ਤਰੰਨਮ-ਤਰੰਨਮ ਲੱਗਣ ਲੱਗ ਜਾਂਦਾ ਸੀ।
ਮਧੁਰਭਾਸ਼ੀ ਸ਼ਾਇਰਾਨਾ ਅੰਦਾਜ਼, ਟਿਕਾਉ, ਬਾਅਦਬ ਸਲੀਕੇ ਦਾ ਫ਼ਕੀਰਾਨਾ ਬਾਦਸ਼ਾਹੀ ਆਲਮ ਉਸਦੀ ਜ਼ਿੰਦਗੀ ’ਚੋਂ ਸਦਾਬਹਾਰੀ ਮਹਿਕ ਵਾਂਗ ਝਰਦਾ ਰਹਿੰਦਾ ਸੀ। ਹਰੇਕ ਛੋਟੇ ਤੋਂ ਵੱਡੇ ਮਨੁੱਖ ਤੱਕ ਉਸ ਦੀ ਨਿਮਰਤਾ, ਮਿਲਣਸਾਰਤਾ, ਸਾਦਗੀ ਤੇ ਸੁਹਿਰਦਤਾ ਦੀ ਚੁੰਬਕੀ ਕਸ਼ਿਸ਼ ਅਸਰ-ਅੰਦਾਜ਼ ਹੁੰਦੀ ਸੀ। ਕਿਸੇ ਬੰਦੇ ਵਿੱਚ ਏਨੇ ਮੀਰੀ ਗੁਣ ਹੋਣ, ਅਸੰਭਵ ਜਿਹਾ ਜਾਪਦਾ ਹੈ। ਉਸ ਨੇ ਜਿਸ ਵੀ ਤਾਰ ਨੂੰ ਪੋਟੇ ਛੁਹਾਏ, ਉਹ ਸੁਰਬੱਧ ਹੋ ਗਈ ਤੇ ਜਿਸ ਵੀ ਲਫ਼ਜ਼ ਨੂੰ ਸਪਰਸ਼ ਕੀਤਾ ਉਹ ਕਾਵਿਕਤਾ ਦੇ ਵੇਗ ਨਾਲ ਲਰਜ਼ ਉਠਿਆ। ਉਹਦੀ ਹਰ ਬਾਤ ਤੇ ਮੁਦਰਾ ’ਚ ਕਿੰਨੀਆਂ ਹੀ ਪਾਕੀਜ਼ਗੀਆਂ ਦੇ ਕਿਰਦਾਰ ਘੁਲੇ ਹੋਏ ਸਨ। ਉਹਦੀ ਆਵਾਜ਼ ਵਿੱਚ ਸਦੀਓਂ ਪਾਰਲੇ ਇਸਰਾਰ ਬਿਰਾਜਮਾਨ ਸਨ। ਉਹ ਆਪਣੇ ਲਫ਼ਜ਼ਾਂ ਦੇ ਨੈਣਾਂ ਵਿੱਚ ਨਾ ਕੇਵਲ ਪੰਜਾਬੀ ਰਹਿਤਲ ਤੇ ਨਸਲਾਂ ਦੇ ਦਰਦ ਸੀਰ ਲੈਂਦਾ ਸੀ; ਸਗੋਂਂ ਗਾਹੇ-ਬਗਾਹੇ ਪੁਰਖਿਆਂ ਦੇ ਹੰਝੂ ਵੀ ਉਹਦੀਆਂ ਪਲਕਾਂ ’ਚੋਂ ਕਿਰਦੇ ਰਹਿੰਦੇ ਸਨ। ਸੁਰਜੀਤ ਪਾਤਰ ਦਾ ਕਹਿਣਾ ਹੈ, ‘ਕਵਿਤਾ ਮਾਨਵਤਾ ਦੀ ਸਭ ਤੋਂ ਗਹਿਰੀ ਆਵਾਜ਼ ਹੈ। ਪਿਆਰ, ਵਿਛੋੜਾ, ਦੁੱਖ ਕਵਿਤਾ ਦੀਆਂ ਸੁਰਾਂ ਹਨ।’
ਕਸ਼ੀਦ ਕੀਤੇ ਦੁੱਖਾਂ ਦੇ ਭਾਵ ਸ਼ਿਅਰਾਂ ’ਚ ਢਾਲ ਕੇ ਉਹ ਹਰ ਮਸਤਕ ਨੂੰ ਹੈਰਾਨ ਕਰ ਦਿੰਦਾ ਹੈ ਅਤੇ ਉਸਦੇ ਸਰੋਦੀ ਬੋਲ ਵਿਸਮਾਦੀ ਆਭਾ ਬਿਖੇਰਦੇ ਪੌਣਾਂ ਦੇ ਹਮਸਫ਼ਰ ਹੋ ਜਾਂਦੇ ਹਨ।
‘ਇਹ ਲਫ਼ਜ਼ ਮੇਰੇ ਨਹੀਂ, ਪਰ ਇਹ ਵਾਕ ਮੇਰਾ ਹੈ,
ਜਾਂ ਖ਼ਬਰੇ ਇਹ ਵੀ ਨਹੀਂ, ਮੈਂ ਐਵੇਂ ਗੁਮਾਨ ’ਚ ਹਾਂ।’
ਜਿਸਮਾਨੀ ਤੌਰ ’ਤੇ ਵਿਛੜਿਆ ਸੁਰਜੀਤ ਪਾਤਰ ਪੰਜ ਤੱਤਾਂ ’ਚ ਵਿਲੀਨ ਹੋ ਕੇ ਵੀ ਆਪਣੇ ਬੋਲਾਂ ਰਾਹੀਂ ਰੂਹਾਂ, ਖੂਹਾਂ, ਜੂਹਾਂ, ਕਿੱਕਰਾਂ, ਟਾਹਲੀਆਂ, ਨਿੰਮਾਂ, ਪਿੱਪਲਾਂ, ਬੋਹੜਾਂ, ਧੁੱਪਾਂ, ਛਾਵਾਂ, ਹਾੜਾਂ, ਚੇਤਾਂ ਦੇ ਕਾਇਨਾਤੀ ਜ਼ੁਜ਼ਾਂ ਵਿੱਚ ਅਤੇ ਪੰਜਾਬੀ ਰਹਿਤਲ, ਲੋਕ ਗਥਾਵਾਂ, ਕਿਰਸਾਨਾਂ, ਲੋਹਾਰਾਂ, ਘਮਿਆਰਾਂ ਜਿਹੇ ਮਿਹਨਤਕਸ਼ ਲੋਕਾਂ ਦਾ ਹਮਾਇਤੀ ਬਣਿਆ ਨਦੀਆਂ, ਦਰਿਆਵਾਂ, ਹਵਾਵਾਂ ਦੇ ਰੂਪ ਵਿੱਚ ਵਿਚਰਦਾ ਸਦਾ ਸਾਡੇ ਅੰਗ-ਸੰਗ ਰਹੇਗਾ। ਇਸ ਤੋਂ ਵੱਡਾ ਭਲਾਂ ਹੋਰ ਕੀ ਮੁਕਾਮ ਹੋ ਸਕਦਾ ਹੈ? ਸਾਨੂੰ ਉਹਦੀ ਰਚਨਾ ਵਿੱਚੋਂ ਕਦੇ ਨਹੀਂ ਲੱਗੇਗਾ ਕਿ ਉਹ ਸਾਥੋਂ ਦੂਰ ਚਲੇ ਗਿਆ ਹੈ, ਹਮੇਸ਼ਾ ਇਉਂ ਹੀ ਲਗਦਾ ਰਹੇਗਾ ਕਿ ਉਹ ਹਵਾ ਵਾਂਗ ਹੁਣੇ ਏਥੇ ਸੀ, ਹੁਣੇ ਨਹੀਂ ਹੈ। ਸੁਰਜੀਤ ਪਾਤਰ ਨੂੰ ਚਾਹੁਣ ਵਾਲੇ ਜਾਂ ਉਸਦੀ ਰਚਨਾ ਨੂੰ ਪਿਆਰ ਕਰਨ ਵਾਲੇ ਉਸਦੇ ਬੇਸ਼ੁਮਾਰ ਚਹੇਤਿਆਂ ਕੋਲ ਉਸਦੀ ਸੁਹਬਤ, ਸ਼ਾਇਸ਼ਤਗੀ ਤੇ ਸ਼ਾਇਰੀ ਨਾਲ ਜੁੜੀਆਂ ਅਨੇਕਾਂ ਸਿਮਰਤੀਆਂ ਤੇ ਯਾਦਾਂ ਸੁਰੱਖਿਅਤ ਹਨ। ਕਈ ਰੰਗਾਂ, ਰੂਪਾਂ ਵਿੱਚ ਉਹ ਸਾਡੇ ਅੰਦਰ ਜ਼ਜ਼ਬ ਹੁੰਦਾ ਰਹੇਗਾ ਅਤੇ ਸਾਨੂੰ ਆਪਣੀ ਸ਼ਾਇਰੀ ਦੇ ਸਾਫ਼-ਸਫ਼ਾਫ਼ ਕਲਾਵਿਆਂ ਅੰਦਰ ਭਰ ਲਵੇਗਾ। ਸੁਰਜੀਤ ਪਾਤਰ ਨਮਿਤ ‘ਮੁਰਸ਼ਦਨਾਮਾ’ ਵਿੱਚ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਆਖਦੀ ਹੈ:
“ਤੁਹਾਡਾ ਦੁਨੀਆ ’ਤੇ ਆਉਣਾ ਅਤੇ ਸੁਹਣਾ, ਸਿਰਜਣਾਤਮਕ, ਤੇਜੱਸਵੀ ਜੀਵਨ ਜਿਉਂ ਕੇ ਬਿਨਾਂ ਕਿਸੇ ਕਸ਼ਟ ਤੋਂ, ਬਿਨਾਂ ਕਿਸੇ ਆਹਟ ਤੋਂ ਆਪਣੇ ਸਹਿਜ ਸੁਭਾਅ ਵਾਂਗ ਇਸ ਫ਼ਾਨੀ ਜਹਾਨ ਤੋਂ ਵਿਦਾ ਹੋ ਜਾਣਾ ਵੀ ਕੁਦਰਤ ਦੀ ਕਿਸੇ ਅਸੀਸ ਵਰਗਾ ਹੀ ਜਾਪਦਾ ਹੈ।”
ਸੁਰਜੀਤ ਪਾਤਰ ਜੀ ਦੇ ਇੱਕ ਸ਼ਿਅਰ ਨਾਲ ਮੈਂ ਬਾਣੀ ਨੂੰ ਵਿਰਾਮ ਦਿੰਦਾ ਹਾਂ:
‘ਕੰਡਿਆਂ ਵਿੱਚ ਨਹੀਂ ਉਲਝੀਦਾ, ਨਾ ਫੁੱਲਾਂ ’ਤੇ ਹੱਕ ਧਰੀਦਾ
ਬੱਸ ਹਵਾ ਹੀ ਹੋ ਜਾਈਦਾ, ਇਸ ਦੁਨੀਆਂ ’ਚੋਂ ਗੁਜ਼ਰਨ ਲੱਗਿਆਂ।’