‘ਉਹ ਪੰਜਾਬ ਬਣ ਕੇ ਆਇਆ ਤੇ ਪਿਆਰ ਹੂੰਝ ਕੇ ਲੈ ਗਿਆ’
ਕੁਲਜੀਤ ਦਿਆਲਪੁਰੀ
ਸ਼ਿਕਾਗੋ: ਓ`ਹੇਅਰ ਏਅਰਪੋਰਟ ਦੇ ਨੇੜੇ ਰੋਜ਼ਮਾਂਟ ਵਿੱਚ ਪੈਂਦੇ ਆਲਸਟੇਟ ਅਰੀਨਾ ਹਾਲ ਵਿੱਚ ਦਿਲਜੀਤ ਦੋਸਾਂਝ ਦੀ ਖ਼ਰੂਦੀ ਪੰਜਾਬੀ ਪੇਸ਼ਕਾਰੀ ਨੇ ਸਰੋਤਿਆਂ/ਦਰਸ਼ਕਾਂ ਦੇ ਦਿਲ ਜਿੱਤੇ ਹੀ ਨਹੀਂ, ਸਗੋਂ ਉਹ ਤਾਂ ਦਿਲ ਕੱਢ ਕੇ ਹੀ ਲੈ ਗਿਆ ਸਮਝੋ! ਉਸ ਦੀ ਗਾਇਕੀ ਦਾ ਜਾਦੂ ਤਾਂ ਲੋਕਾਂ ਦੇ ਸਿਰ ਚੜ੍ਹ ਬੋਲਿਆ ਹੀ, ਸਗੋਂ ਉਸ ਦੇ ਨਸੀਹਤ ਭਰੇ ਬੋਲਾਂ ਦਾ ਸਰੋਦੀ ਅਸਰ ਵੀ ਲੋਕਾਂ ਨੇ ਕਬੂਲਿਆ। ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਦਿਲਜੀਤ ਨੇ ਸ਼ਿਕਾਗੋਲੈਂਡ ਵਿੱਚ ਪੰਜਾਬੀ ਗਾਇਕੀ ਦਾ ਇੱਕ ਨਵਾਂ ਅਧਿਆਏ ਲਿਖ ਦਿੱਤਾ ਯਾਨਿ ਦਿਲਜੀਤ ਸ਼ਿਕਾਗੋ ਵਿੱਚ ‘ਖੁੱਤੀ ਪਾ ਕੇ ਚਲਾ ਗਿਆ’, ਪਰ ਉਹ ਲੋਕਾਂ ਦੀਆਂ ਯਾਦਾਂ ਵਿੱਚ ਲੰਮਾ ਸਮਾਂ ਰਹੇਗਾ। ਇਹ ਇਤਿਹਾਸ ਉਸਨੇ ਆਪਣੀ ਲਗਨ ਨਾਲ, ਜ਼ਿੱਦ ਨਾਲ ਅਤੇ ਕਲਾ ਦੇ ਸਿਰ ਉਤੇ ਸਿਰਜਿਆ ਹੈ।
ਦਿਲਜੀਤ ਦੇ ਸ਼ੋਅ ਦੌਰਾਨ ਸੋਸ਼ਲ ਮੀਡੀਆ ਉਤੇ ਜਿਸ ਕਿਸਮ ਦੀ ਉਸ ਪ੍ਰਤੀ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਦੀ ਦੀਵਾਨਗੀ ਦੇਖਣ ਨੂੰ ਮਿਲੀ, ਉਹ ਕਿਸੇ ਤੋਂ ਲੁਕੀ-ਛਿਪੀ ਨਹੀਂ ਰਹਿ ਗਈ। ਜਿਨ੍ਹਾਂ ਨੇ ਉਹਦਾ ਸ਼ੋਅ ਪ੍ਰਤੱਖ ਦੇਖਿਆ, ਉਨ੍ਹਾਂ ਦੇ ਦੋਹੀਂ ਹੱਥੀਂ ਲੱਡੂ ਸਨ ਤੇ ਜਿਹੜੇ ਦੇਖ ਨਾ ਸਕੇ, ਉਨ੍ਹਾਂ ਨੂੰ ਝੋਰਾ ਤਾਂ ਜ਼ਰੂਰ ਹੀ ਰਹੇਗਾ! ਨਿਰਸੰਦੇਹ ਉਸ ਨੂੰ ਦਰਸ਼ਕਾਂ ਦੀਆਂ ਅੱਖਾਂ, ਕੰਨਾਂ ਤੇ ਦਿਮਾਗ ਨੂੰ ਆਪਣੇ ਵੱਸ ਵਿੱਚ ਕਰਨ ਦਾ ਵੱਲ ਆਉਂਦਾ ਹੈ, ਕਿਉਂਕਿ ਉਹ ਲੋਕਾਂ ਲਈ ਅਤੇ ਲੋਕਾਂ ਦਾ ਹੋ ਕੇ ਗਾਉਂਦਾ ਹੈ।
ਦਿਲਜੀਤ ਜਦੋਂ ਚਿੱਟੇ ਚਾਦਰੇ ਅਤੇ ਕੁੜਤੇ ਤੇ ਤੁਰਲੇ ਵਾਲੀ ਪੱਗ ਬੰਨ੍ਹੀਂ ਅਤੇ ਕਾਲੇ ਰੰਗ ਦੇ ਕੱਪੜੇ ਪਾਈ ਤੇ ਸਿਰ `ਤੇ ਕਾਲੇ ਹੀ ਰੰਗ ਦੀਆਂ ਦਸਤਾਰਾਂ ਬੰਨੀ 15-16 ਨੌਜਵਾਨਾਂ ਦੇ ਵਿਚਕਾਰ ਘਿਰਿਆ ਆਪਣੇ ਚਹੇਤਿਆਂ ਦੇ ਰੂਬਰੂ ਹੋਇਆ ਤਾਂ ਹਾਲ ਉਤਸ਼ਾਹ ਨਾਲ ਗੂੰਜ ਉਠਿਆ। ਉਸ ਨੇ ਆਉਂਦਿਆਂ ਹੀ ਅਜਿਹਾ ਰੰਗ ਬੰਨਿ੍ਹਆ ਕਿ ਹਰ ਕੋਈ ਅਸ਼ ਅਸ਼ ਕਰ ਉਠਿਆ- ਚਾਹੇ ਕੋਈ ਹਾਲ ਵਿੱਚ ਹਾਜ਼ਰ ਸੀ, ਚਾਹੇ ਕੋਈ ਉਸ ਨੂੰ ਸੋਸ਼ਲ ਮੀਡੀਆ ਰਾਹੀਂ ਲਾਈਵ ਦੇਖ ਰਿਹਾ ਸੀ। ਉਹ ਪੱਗ ਬੰਨ੍ਹੀਂ ਸਟੇਜ ਮਾਣਦਾ ਤੇ ਹੰਢਾਉਂਦਾ ਇਸ ਊਰਜਾ ਨਾਲ ਲਰਜਿਆ ਕਿ ਸਭ ਪੰਜਾਬੀ ਮਾਣ ਨਾਲ ਭਰੇ ਭਰੇ ਮਹਿਸੂਸ ਕਰਨ ਲੱਗੇ ਅਤੇ ਅਥਾਹ ਖੁਸ਼ੀ ਵਿੱਚ ਕਈਆਂ ਦੇ ਰੌਂਗਟੇ ਖੜ੍ਹੇ ਹੋ ਗਏ।
ਪੰਜਾਬੀ ਲਹਿਜੇ ਤੇ ਪੰਜਾਬੀ ਪਸੰਦ ਦੀ ਧੂੰਆਂਧਾਰ ਗਾਇਕੀ ਅਤੇ ਪੰਜਾਬੀਆਂ ਲਈ ਸੁਚੱਜਾ ਸੁਨੇਹਾ ਵਿੰਡੀਸਿਟੀ ਦੀਆਂ ਫਿਜ਼ਾਵਾਂ ਵਿੱਚ ਇਸ ਕਦਰ ਘੁਲ ਗਿਆ ਕਿ ‘ਦਿਲਜੀਤ, ਦਿਲਜੀਤ’ ਹੋਈ ਪਈ ਹੈ- ਐਨ ਉਸੇ ਤਰ੍ਹਾਂ ਜਿਸ ਤਰ੍ਹਾਂ ਅੰਬਰੀਂ ਉਡਦਾ ਜੰਗੀ ਜਹਾਜ਼ ਆਪਣੇ ਪਿੱਛੇ ਲੀਕ ਜਿਹੀ ਛੱਡਦਾ ਜਾਂਦਾ ਹੈ; ਜਾਂ ਜਿਸ ਤਰ੍ਹਾਂ ਮੀਂਹ ਪੈਣ ਪਿੱਛੋਂ ਹਵਾ ਦੇ ਬੁੱਲੇ ਰਾਹਤ ਦਿੰਦੇ ਹਨ, ਹਾਲ ਅੰਦਰ ਸ਼ੋਅ ਦਾ ਪੂਰੇ ਜੋਸ਼-ਓ-ਖਰੋਸ਼ ਨਾਲ ਅਨੰਦ ਮਾਣਦੇ ਬੈਠੇ, ਪਰ ਬਹੁ-ਗਿਣਤੀ ਖੜ੍ਹੇ ਲੋਕਾਂ ਨੇ ਉਸੇ ਤਰ੍ਹਾਂ ਦਾ ਹੀ ਅਨੁਭਵ ਮਹਿਸੂਸ ਕੀਤਾ। ਨਾ ਦਿਲਜੀਤ ਸਟੇਜ ਉਤੇ ਆਪ ਭੜਥੂ ਪਾਉਣ ਤੋਂ ਹਟਿਆ ਤੇ ਨਾ ਹੀ ਓਹਨੇ ਆਪਣੇ ਚਾਹੁਣ ਵਾਲਿਆਂ ਨੂੰ ਨਿਰਾਸ਼ ਕੀਤਾ। ਇੱਕ ਪਿੱਛੋਂ ਇੱਕ ਆਪਣੇ ਹਿੱਟ ਗੀਤਾਂ ਦੇ ਨਾਲ ਨਾਲ ‘ਚਮਕੀਲੇ’ ਦੇ ਕੁਝ ਗੀਤ ਕੇ ਵੀ ਪੂਰਾ ਰੰਗ ਬੰਨਿ੍ਹਆ।
ਗਾਉਂਦਾ ਗਾਉਂਦਾ ਉਹ ਸਟੇਜ ਉਤੇ ਇਸ ਤਰ੍ਹਾਂ ਲਹਿਰਾਅ ਰਿਹਾ ਸੀ, ਜਿਵੇਂ ਉਸ ਦੇ ਪੈਰਾਂ ਨੂੰ ਸਪਰਿੰਗ ਲੱਗੇ ਹੋਣ ਤੇ ਹੱਥਾਂ-ਬਾਹਾਂ ਨੂੰ ਖੰਭ! ਮੈਨੂੰ ਯਾਦ ਹੈ, ਉਹ ਆਪਣੀ ਇੱਕ ਇੰਟਰਵਿਊ ਵਿੱਚ ਕਹਿ ਰਿਹਾ ਸੀ, “ਸਟੇਜ `ਤੇ ਜੋLਰ ਬਹੁਤ ਲੱਗਦਾ, ਖੁਰਾਕ ਤਾਂ ਫੇਰ ਭਾਈ ਖਾਣੀ ਪੈਂਦੀ ਐ।” ਸੱਚਮੁੱਚ ਉਹ ਪੂਰੇ ਜ਼ੋਰ, ਸੰਗੀਤ ਦੇ ਸ਼ੋਰ ਅਤੇ ਗਾਇਕੀ ਦੀ ਲੋਰ ਵਿੱਚ ਆਇਆ ਹੋਇਆ ਸੀ ਤੇ ਸਰੋਤੇ ਵੀ ਉਹਦਾ ਹੀ ਪਰਛਾਵਾਂ ਬਣੇ ਉਹਦੇ ਨਾਲ ਨਾਲ ਨੱਚ-ਗਾ ਰਹੇ ਸਨ। ਪੰਜਾਬੀਆਂ ਦੀ ਤਾਂ ਗੱਲ ਛੱਡੋ, ਕਈ ਗੈਰ-ਪੰਜਾਬੀ ਸਰੋਤਿਆਂ ਦੇ ਦਿਲਜੀਤ ਪ੍ਰਤੀ ਬੋਲ ਉਤਸ਼ਾਹ ਨਾਲ ਭਰੇ ਪਰ ਭਾਵੁਕ ਕਰ ਦੇਣ ਵਾਲੇ ਵੀ ਸਨ। ਇਸ ਤਰ੍ਹਾਂ ਲੱਗ ਰਿਹਾ ਸੀ, ਜਿਵੇਂ ਗੈਰ-ਪੰਜਾਬੀ ਸਰੋਤਿਆਂ ਨੂੰ ਪੰਜਾਬ ਦੀ ਹਵਾ ਲੱਗ ਗਈ ਹੋਵੇ ਤੇ ਉਹ ਦਿਲਜੀਤ ਦੀ ਗਾਇਕੀ ਤੇ ਪੇਸ਼ਕਾਰੀ ਨੂੰ ਸਜਦਾ ਕਰਨ ਪਹੁੰਚੇ ਹੋਣ।
ਆਪਣੇ ਸ਼ੋਅ ਦੌਰਾਨ ਦਿਲਜੀਤ ਨੇ ਕਿਹਾ ਕਿ ਜੇ ਪੰਜਾਬੀ ਹੀ ਪੰਜਾਬੀ ਦੀ ਸੁਪੋਰਟ ਕਰ ਦੇਵੇ ਤਾਂ ਦੁਨੀਆਂ ਦੀ ਕੋਈ ਤਾਕਤ ਕਿਸੇ ਸਰਦਾਰ ਨੂੰ ਇਸ ਮੁਕਾਮ `ਤੇ ਪਹੁੰਚਣ ਤੋਂ ਨਹੀਂ ਰੋਕ ਸਕਦੀ। ਉਸ ਨੇ ਗਿਲ੍ਹਾ ਵੀ ਕੀਤਾ, ਪਰ ਸਾਡੀ ਤ੍ਰਾਸਦੀ ਹੈ ਕਿ ਅੱਜ ਪੱਗ ਨੂੰ ਪੱਗਾਂ ਵਾਲਿਆਂ ਤੋਂ ਹੀ ਖਤਰਾ ਹੈ। ਅਸੀਂ ਆਪਣਿਆਂ ਦੀਆਂ ਹੀ ਲੱਤਾਂ ਖਿੱਚਦੇ ਹਾਂ। ਅੱਜ ਸਾਨੂੰ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ। ਦੁਨੀਆਂ ਕਿੱਥੋਂ ਦੀ ਕਿੱਥੇ ਪਹੁੰਚ ਗਈ, ਪਰ ਅਸੀਂ ਅੱਜ ਵੀ ਇੱਕ ਛੋਟੀ ਸੋਚ ਦੇ ਸ਼ਿਕਾਰ ਹਾਂ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦਿਲਜੀਤ ਇੱਕ ਪੇਸ਼ੇਵਰ ਗਾਇਕ ਹੈ ਅਤੇ ਦੇਸ-ਦੇਸਾਂਤਰਾਂ ਵਿੱਚ ਉਹ ਆਪਣੇ ਸ਼ੋਅ ਖ਼ਰਾਇਤੀ ਨਹੀਂ ਕਰਦਾ, ਪਰ ਸ਼ਿਕਾਗੋ ਸ਼ੋਅ ਦੌਰਾਨ ਬਤੌਰ ਗਾਇਕ ਵੱਖ-ਵੱਖ ਮੂਲ ਦੇ ਲੋਕਾਂ ਨਾਲ ਭਰੇ ਮੇਲੇ ਵਿੱਚ ਦਿਲਜੀਤ ਦਾ ਸੂਖਮ ਪਰ ਡੂੰਘੇ ਅਰਥਾਂ ਵਾਲਾ ਸੁਨੇਹਾ ਲਾਉਣਾ ਵੱਡੀ ਤੇ ਸੂਝ ਵਾਲੀ ਗੱਲ ਹੈ। ਕੁਝ ਲੋਕਾਂ ਦਾ ਵਿਚਾਰ ਸੀ ਕਿ ਦਿਲਜੀਤ ਨੇ ਇਹ ਸੁਨੇਹਾ ਲਾ ਕੇ ਪੰਜਾਬੀ ਹੋਣ ਦਾ ਕਰਜ਼ ਅਦਾ ਕੀਤਾ ਹੈ। ਕੁਝ ਲੋਕ ਕਹਿ ਰਹੇ ਸਨ, ਉਸ ਦੇ ਇਸ ਸੁਨੇਹੇ ਵਿੱਚ ਪੰਜਾਬੀਆਂ ਦੇ ਏਕੇ ਦੀ ਹੀ ਨਹੀਂ, ਸਗੋਂ ‘ਸਿੱਖਾਂ ਦੇ ਮਿਲ ਇਕੱਤਰ ਹੋਣ ਦੀ’ ਗੁਹਾਰ ਸੀ।
ਸ਼ੋਅ ਵੇਖਣ ਆਈ ਇੱਕ ਗੁਜਰਾਤਣ ਦਾ ਬਿਆਨ ਸੀ, “ਮੈਂ ਗੁਜਰਾਤੀ ਹੂੰ, ਪਰ ਕੌਨਸਰਟ ਸੁਨ ਕੇ ਲਗਾ, ਮੈਂ ਪੰਜਾਬ ਹੂੰ।” ਇੱਕ ਹੋਰ ਬੀਬੀ ਆਖ ਰਹੀ ਸੀ, “ਇਹ ਮੇਰੀ ਜ਼ਿੰਦਗੀ ਦਾ ਨਵਾਂ ਤਜ਼ਰਬਾ ਹੈ।” ਇੱਕ ਮਰਾਠੀ ਪ੍ਰਸ਼ੰਸਕ ਦੇ ਬੋਲ ਸਨ, “ਸ਼ੱਪਤ! ਮਜ਼ਾ ਆਈ ਲਾ, ਸ਼ੋਅ ਏਕ ਨੰਬਰ” (ਸਹੁੰ ਲੱਗੇ, ਸਵਾਦ ਆ ਗਿਆ! ਸ਼ੋਅ ਇੱਕ ਨੰਬਰ ਸੀ)। ‘ਉਹ ਪੰਜਾਬ ਬਣ ਕੇ ਆਇਆ ਤੇ ਪਿਆਰ ਹੂੰਝ ਕੇ ਲੈ ਗਿਆ’, ‘ਇਹ ਹੈ ਦਿਲਜੀਤ ਦਾ ਇੰਪਾਇਰ…’, ‘ਪੰਜਾਬੀ ਹੋਣਾ ਹੀ ਦਿਲਜੀਤ ਦਾ ਹਾਸਲ ਹੈ’ ਸਮੇਤ ਲੋਕਾਂ ਦੀਆਂ ਕਈ ਅਜਿਹੀਆਂ ਟਿੱਪਣੀਆਂ ਸਨ, ਜਿਸ ਤੋਂ ਜ਼ਾਹਰ ਸੀ ਕਿ ਦਿਲਜੀਤ ਪੇਸ਼ਕਾਰੀ ਸਟੇਜ `ਤੇ ਕਰ ਰਿਹਾ ਹੁੰਦਾ ਹੈ, ਪਰ ਨੱਚਦਾ ਉਹ ਆਪਣੇ ਪ੍ਰਸ਼ੰਸਕਾਂ ਦੇ ਦਿਲ ਵਿੱਚ ਹੈ!
ਸ਼ੋਅ ਵਾਲੇ ਹਾਲ ਦਾ ਮੰਜ਼ਰ ਇਹ ਸੀ ਜਿਵੇਂ ਪੰਜਾਬ ਦਾ ਕੋਈ ਵੱਡਾ ਮੇਲਾ ਲੱਗਿਆ ਹੋਵੇ। ਰੰਗ-ਬਰੰਗੀਆਂ ਰੋਸ਼ਨੀਆਂ ਦੇ ਚਮਕਾਰੇ ਇਸ ਤਰ੍ਹਾਂ ਪੈ ਰਹੇ ਸਨ, ਜਿਵੇਂ ਜਗਰਾਵਾਂ ਦੇ ਮੇਲੇ ਵਿੱਚ ਰੋਸ਼ਨੀਆਂ ਪੈਂਦੀਆਂ ਹੋਣ! ਦਿਲਚਸਪ ਗੱਲ ਇਹ ਸੀ ਕਿ ਕੰਮਕਾਰ ਵਾਲੇ ਦਿਨ ਬੁੱਧਵਾਰ ਨੂੰ ਡੇਢ ਦਰਜਨ ਹਜ਼ਾਰ ਤੋਂ ਵੀ ਵੱਧ ਕੁਰਸੀਆਂ ਵਾਲਾ ਹਾਲ ਖਚਾ ਖਚ ਭਰਿਆ ਹੋਇਆ ਸੀ। ਲੋਕ ਕੁਰਸੀਆਂ `ਤੇ ਬਹਿਣ ਨਾਲੋਂ ਨੱਚ-ਝੂਮ ਕੇ ਸ਼ੋਅ ਮਾਣ ਰਹੇ ਸਨ। ਅਸਲ ਵਿੱਚ ਦਿਲਜੀਤ ਦੇ ਸ਼ੋਅ ਬਹਿ ਕੇ ਵੇਖਣ ਵਾਲੇ ਤਾਂ ਹੁੰਦੇ ਹੀ ਨਹੀਂ! ਢਾਈ-ਤਿੰਨ ਘੰਟੇ ਹਾਲ ਦਾ ਇਹੋ ਨਜ਼ਾਰਾ ਬਣਿਆ ਹੋਇਆ ਸੀ। ਸ਼ੋਅ ਸ਼ੁਰੂ ਹੋਣ ਤੋਂ ਕਾਫੀ ਸਮਾਂ ਪਹਿਲਾਂ ਹੀ ਬਹੁਤੇ ਲੋਕ ਦਿਲਜੀਤ ਦੀ ਝਲਕ ਪਾਉਣ ਲਈ ਬੇਸਬਰੇ ਹੋਏ ਪਏ ਸਨ।
ਜਦੋਂ ਕਰੀਬ ਦਹਾਕਾ ਪਹਿਲਾਂ ਉਹ ਸ਼ਿਕਾਗੋ ਆਇਆ ਸੀ ਤਾਂ ਬਹੁਤੇ ਲੋਕੀਂ ਨਹੀਂ ਸਨ ਜੁੜੇ। ਉਦੋਂ ਆਸ ਮੁਤਾਬਕ ਟਿਕਟਾਂ ਵੀ ਨਹੀਂ ਸਨ ਵਿਕੀਆਂ। ਖਰਚਾ ਤਾਂ ਕੀ ਨਿਕਲਣਾ ਸੀ, ਸਗੋਂ ਪ੍ਰਬੰਧਕਾਂ ਨੂੰ ਪੱਲਿਓਂ ਅਤੇ ਸਪਾਂਸਰਾਂ ਨੂੰ ਵਾਧੂ ਬੋਝ ਝੱਲਣਾ ਪੈ ਗਿਆ ਸੀ। ਇਹ ਦਿਲਜੀਤ ਦੀ ਮਿਹਨਤ ਤੇ ਪਰਮਾਤਮਾ ਦੀ ਕਿਰਪਾ ਹੀ ਹੈ ਕਿ ਉਹਦੇ ਸ਼ੋਅ ਟਿੱਪ-ਟੌਪ ਹੋ ਰਹੇ ਹਨ, ਜਿਨ੍ਹਾਂ ਵਿੱਚੋਂ ਹਾਲ ਹੀ ਵਿੱਚ ਕੈਨੇਡਾ ਤੇ ਅਮਰੀਕਾ ਦੇ ਸ਼ੋਅ ਸ਼ੁਮਾਰ ਹਨ।
ਦਿਲਜੀਤ ਵਾਂਗ ਹੀ ਚਿੱਟੇ ਕੁੜਤੇ-ਚਾਦਰਿਆਂ ਤੇ ਪੱਗਾਂ ਅਤੇ ਕਾਲੀ ਜੈਕਟਾਂ ਪਾਈ ‘ਭੰਗੜਾ ਰਾਈਮਜ਼ ਸ਼ਿਕਾਗੋ’ ਦੇ ਭੰਗੜਚੀ- ਗੁਰਈਸਰ ਸਿੰਘ ਕੁਲਾਰ, ਅਜੇ ਸਿੰਘ ਤੇ ਇਕਾਗਰ ਸਿੰਘ ਬਰਾੜ ਉਸ ਨਾਲ ਬਰਾਬਰ ਨੱਚ ਰਹੇ ਸਨ। ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਦਿਲਜੀਤ ਨੇ ਆਪਣੀ ਜੈਕਟ ਤੋਹਫਾ ਕਰ ਦਿੱਤੀ, ਤੇ ਕਰਮਨ ਸਿੰਘ ਨੂੰ ਡਰੱਮ ਸਟਿੱਕਸ ਦਿੱਤੀਆਂ। ਭੰਗੜਾ ਰਾਈਮਜ਼ ਦੇ ਅਮਨਦੀਪ ਕੁਲਾਰ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ। ਸਟੇਜ ਉਤੇ ਐਵੇਂ ਤਾਂ ਨਹੀਂ ਉਹਦੇ ਬੋਲ ਗੂੰਜ ਰਹੇ ਸਨ, ‘ਰਾਤੋ-ਰਾਤ ਨਹੀਂ ਹੋਈ ਸਾਡੀ ਆਹ ਚੜ੍ਹਾਈ।’ ‘ਕਹਿੰਦੇ ਦੋਸਾਂਝਾਂ ਵਾਲਿਆ ਕੀ ਖੱਟਿਆ? ਦੋਸਾਂਝਾਂ ਵਾਲੇ ਨੇ ਬੱਸ ਆਹੀ ਖੱਟਿਆ।’ ਉਸ ਦਾ ਇਸ਼ਾਰਾ ਲੋਕਾਂ ਦੇ ਮਿਲ ਰਹੇ ਅਥਾਹ ਪਿਆਰ ਵੱਲ ਸੀ।
ਸ਼ੋਅ ਦੌਰਾਨ ਸਿਰਫ ਪੰਜਾਬੀ ਹੀ ਨਹੀਂ, ਸਗੋਂ ਗੁਜਰਾਤੀ, ਹਰਿਆਣਵੀ, ਰਾਜਸਥਾਨੀ, ਚੰਡੀਗੜ੍ਹੀਏ ਅਤੇ ਭਾਰਤ ਦੀਆਂ ਸਾਊਥ ਸਾਈਡ ਸਟੇਟਾਂ ਨਾਲ ਸਬੰਧਤ ਲੋਕਾਂ ਸਮੇਤ ਸਥਾਨਕ ਮੂਲ ਦੇ ਲੋਕ ਵੀ ਦਿਲਜੀਤ ਦੋਸਾਂਝ ਦੀ ਗਾਇਕੀ ਦਾ ਅਖਾੜਾ ਦੇਖਣ ਇਸ ਤਰ੍ਹਾਂ ਪਹੁੰਚੇ ਹੋਏ ਸਨ, ਜਿਸ ਤਰ੍ਹਾਂ ਗੁੜ ਨੂੰ ਮੱਖੀਆਂ ਪੈਂਦੀਆਂ ਹੋਣ। ਲੋਕ ਦਿਲਜੀਤ ਦਾ ਸ਼ੋਅ ਵੇਖ ਕੇ ਬਾਗੋਬਾਗ ਸਨ। ਸ਼ਿਕਾਗੋਲੈਂਡ ਵਿੱਚ ਇਹ ਅਜਿਹੀ ਕਿਸਮ ਦਾ ਪਹਿਲਾ ਪੰਜਾਬੀ ਸ਼ੋਅ ਸੀ, ਜਿਸ ਲਈ ਪ੍ਰਬੰਧਕਾਂ ਵੱਲੋਂ ਲੋਕਾਂ ਨੂੰ ਟਿਕਟਾਂ ਵੇਚਣ ਜਾਂ ਸਰੋਤਿਆਂ ਨੂੰ ਆਉਣ ਲਈ ਮਿੰਨਤਾਂ ਨਹੀਂ ਸਨ ਕਰਨੀਆਂ ਪਈਆਂ। ਮਿਡਵੈਸਟ ਦੀਆਂ ਕਰੀਬ ਕਰੀਬ ਸਾਰੀਆਂ ਸਟੇਟਾਂ ਤੋਂ ਇਲਾਵਾ ਕੈਨੇਡਾ ਤੋਂ ਵੀ ਸਰੋਤੇ ਆਣ ਹਾਜ਼ਰ ਹੋਏ ਸਨ।
ਪੰਜਾਬੀ ਰੰਗਮੰਚ ਨਾਲ ਜੁੜੇ ਹੋਏ ਗੁਰਮੁਖ ਸਿੰਘ ਭੁੱਲਰ ਦੇ ਸ਼ਬਦਾਂ ਵਿੱਚ, “ਮੈਂ ਅਮਰੀਕਾ ਰਹਿੰਦਿਆਂ ਆਪਣੇ 34 ਸਾਲਾਂ ਦੌਰਾਨ ਬੜੇ ਵੱਡੇ-ਵੱਡੇ ਹਿੰਦੀ ਦੇ ਛੇ-ਛੇ ਸਟਾਰਾਂ ਵਾਲੇ ਕਹਿੰਦੇ-ਕਹਾਉਂਦੇ ਸ਼ੋਅ ਵੀ ਵੇਖੇ, ਪਰ ਐਨਾ ਇਕੱਠ ਕਿਸੇ ਸ਼ੋਅ ਵਿੱਚ ਮੈਂ ਅੱਜ ਤੱਕ ਨਹੀਂ ਦੇਖਿਆ। ਜਿਸ ਦਿਨ ਸ਼ੋਅ ਹੋਣ ਦਾ ਐਲਾਨ ਹੋਇਆ ਸੀ ਤਾਂ ਬਹੁਤ ਸਾਰੇ ਮੇਰੇ ਵਰਗੇ ਇਹੀ ਗੱਲ ਕਰਦੇ ਸਨ ਕਿ ਵੀਕ ਡੇਅ ਦੇ ਵਿੱਚ ਸ਼ੋਅ ਰੱਖਣਾ ਵੱਡੀ ਗਲਤੀ ਹੋਵੇਗੀ, ਪਰ ਜਦ ਲੋਕਾਂ ਨੇ ਸ਼ੋਅ ਵਾਲੇ ਦਿਨ ਇਹ ਨਜ਼ਾਰਾ ਦੇਖਿਆ ਤਾਂ ਫਿਰ ਸੁਭਾਵਿਕ ਹੀ ਮੂੰਹੋਂ ਨਿਕਲ ਗਿਆ, ‘ਦਿਲਜੀਤ ਸਿਹਾਂ! ਇਹ ਬੱਸ ਤੇਰੇ ਹਿੱਸੇ ਹੀ ਆਇਆ ਹੈ।’ ਦਿਲਜੀਤ ਇਸ ਮੁਕਾਮ `ਤੇ ਪਹੁੰਚ ਕੇ ਜਿਹੜਾ ਮਾਣ ਸਤਿਕਾਰ ਪੱਗ ਨੂੰ ਦਿੰਦਾ ਹੈ, ਉਹ ਕਿਸੇ ਹੋਰ ਕਲਾਕਾਰ ਦੇ ਹਿੱਸੇ ਨਹੀਂ ਆਇਆ ਹੈ, ਕਿਉਂਕਿ ਉਸ ਦੀ ਟੀਮ ਦੇ ਵਿੱਚ ਬਹੁਤੇ ਸਰਦਾਰ ਮੁੰਡੇ ਹਨ।”
ਨਾਮੀ ਕਲਾਕਾਰ ਰਾਣਾ ਰਣਬੀਰ ਨੇ ਕੁਝ ਸਮਾਂ ਪਹਿਲਾਂ ਦਿਲਜੀਤ ਦੋਸਾਂਝ ਬਾਰੇ ਕੁਝ ਇਉਂ ਲਿਖਿਆ ਸੀ, “ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਦੋਸਾਂਝਾਂ ਵਾਲੇ ਦਿਲਜੀਤ ਦੀ ਰਾਸ਼ੀ, ਜਾਤ ਅਤੇ ਧਰਮ ਕੀ ਹੈ। ਦਿਲਜੀਤ ਦੀ ਰਾਸ਼ੀ ਸਟੇਜ ਹੈ, ਜਾਤ ਕਲਾਕਾਰੀ ਹੈ ਤੇ ਧਰਮ ਉਸਦਾ ਮੁਹੱਬਤ ਹੀ ਹੈ।” ਸ਼ਿਕਾਗੋ ਦਾ ਸ਼ੋਅ ਵੀ ਮੁਹੱਬਤ `ਚ ਮੁਹੱਬਤ ਹੋਏ ਦੀ ਪ੍ਰਾਪਤੀ ਕਿਹਾ ਜਾ ਸਕਦਾ ਹੈ। ਉਹ ਸਰੋਤਿਆਂ ਨੂੰ ਅਕਾਸ਼ `ਚ ਖੜ੍ਹੇ ਹੋਣ ਦਾ ਅਹਿਸਾਸ ਕਰਵਾ ਕੇ ਆਪ ਧਰਤੀ (ਸਟੇਜ) ਉਤੇ ਮਸਤੀ ਦਾ ਨਾਚ ਕਰ ਜਾਂਦਾ ਹੈ।
ਹਰਬੀਰ ਵਿਰਕ ਦੇ ਸ਼ਬਦਾਂ ਵਿੱਚ, “ਦਿਲਜੀਤ ਦੋਸਾਂਝ ਵਾਂਗ ਸੱਚਮੁੱਚ ਕੋਈ ਵੀ ਭਾਰਤੀ ਕਲਾਕਾਰ ਕਦੇ ਵੀ ਦਰਸ਼ਕਾਂ ਨੂੰ ਮੰਤਰਮੁਗਧ ਕਰਨ ਦੇ ਇੰਨਾ ਯੋਗ ਨਹੀਂ ਹੋਇਆ ਹੈ, ਜਿਵੇਂ ਉਹਨੇ ਭਰ ਅਖਾੜਿਆਂ ਵਿੱਚ ਕੀਤਾ ਹੈ। ਉਹਦੀ ਪ੍ਰਤਿਭਾ, ਨਜ਼ਰੀਆ, ਵਿਭਿੰਨਤਾ ਅਤੇ ਨਿਮਰਤਾ ਦਾ ਮੇਲ ਨਹੀਂ ਕੀਤਾ ਜਾ ਸਕਦਾ। ਉਹਦੇ ਸੰਗੀਤ ਤੋਂ ਇਲਾਵਾ ਪ੍ਰਦਰਸ਼ਨ ਵਿੱਚ ਉਹਦੇ ਸੂਖਮ ਪਰ ਡੂੰਘੇ ਸੰਦੇਸ਼ ਬਹੁਤ ਸ਼ਕਤੀਸ਼ਾਲੀ ਹਨ।”
ਸ਼ਿਕਾਗੋ ਸ਼ੋਅ ਉਪਰੰਤ ਦਿਲਜੀਤ ਨੇ ਸੋਸ਼ਲ ਮੀਡੀਆ `ਤੇ ਆਪਣੇ ਪਿੰਡ ਦੋਸਾਂਝ ਕਲਾਂ ਤੋਂ ਬੱਬੀ ਭੈਣ ਨੂੰ ਮਿਲਣ ਦੀ ਖੁਸ਼ੀ ਵੀ ਜ਼ਾਹਰ ਕੀਤੀ ਹੈ, ਇਸ ਵਿੱਚ ਉਸ ਨੇ ਲਿਖਿਆ ਹੈ, “ਜਦ ਮੈਂ ਛੋਟਾ ਹੁੰਦਾ ਰੋਟੀ ਨਹੀਂ ਸੀ ਖਾਂਦਾ ਤਾਂ ਗਵਾਂਢ `ਚ ਰਹਿੰਦੀ ਬੱਬੀ ਭੈਣ ਨੇ ਗੁੜ ਨਾਲ ਰੋਟੀ ਖਾਣ ਲਾਇਆ।… ਫਿਰ ਇੱਕ ਦਿਨ ਅਚਾਨਕ ਸਾਰਾ ਪਰਿਵਾਰ ਯੂ.ਐਸ.ਏ. ਮੂਵ ਹੋ ਗਿਆ। ਮੈਂ ਬਹੁਤ ਕਿਹਾ ਕਿ ਮੈਨੂੰ ਨਾਲ ਲੈ ਜਾਓ, ਕਹਿੰਦੇ ‘ਹਾਂ ਬੈਗ `ਚ ਪਾ ਕੇ ਲੈ ਜਾਵਾਂਗੇ।’… ਜਦੋਂ ਸਾਰਾ ਪਰਿਵਾਰ ਯੂ.ਐਸ.ਏ. ਚਲਾ ਗਿਆ ਤਾਂ ਮੈਂ ਬਹੁਤ ਰੋਇਆ। ਇਹ ਸ਼ਾਇਦ ਪਹਿਲਾ ਸਬਕ ਸੀ ਰਿਸ਼ਤਿਆਂ ਤੋਂ ਦੂਰ ਹੋਣ ਦਾ…।”