*ਸਵਾਤੀ ਮਾਲੀਵਾਲ ਦੀ ਕੁੱਟਮਾਰ ਦੇ ਕੇਸ ‘ਚ ਕੇਜਰੀਵਾਲ ਦਾ ਨਿੱਜੀ ਸਕੱਤਰ ਗ੍ਰਿਫਤਾਰ
*ਸ਼ਰਾਬ ਘੁਟਾਲੇ ਵਿੱਚ ਨਵੀਂ ਚਾਰਜਸ਼ੀਟ ਦਾਖਲ, ‘ਆਪ’ ਅਤੇ ਕੇਜਰੀਵਾਲ ਨੂੰ ਪਾਰਟੀ ਬਣਾਇਆ
ਪੰਜਾਬੀ ਪਰਵਾਜ਼ ਬਿਊਰੋ
ਆਮ ਆਦਮੀ ਪਾਰਟੀ ਖਿਲਾਫ ਮਾਮਲਿਆਂ ਦਾ ਕੰਬਲ ਲਗਾਤਾਰ ਭਾਰੀ ਹੋ ਰਿਹਾ ਹੈ। ਦਿੱਲੀ ਦੀ ਸ਼ਰਾਬ ਨੀਤੀ ਵਿੱਚ ‘ਸਾਊਥ ਗਰੁੱਪ’ ਤੋਂ ਕਥਿਤ ਤੌਰ ‘ਤੇ 100 ਕਰੋੜ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਈ.ਡੀ. ਦੀ ਹਿਰਾਸਤ ਅਤੇ ਜੇਲ੍ਹ ਵਿੱਚ ਰਹਿ ਆਏ ਹਨ। ਹੁਣ ਸੁਪਰੀਮ ਕੋਰਟ ਵੱਲੋਂ ਆਪਣੀ ਪਾਰਟੀ ਲਈ ਚੋਣ ਪ੍ਰਚਾਰ ਕਰਨ ਦੇ ਮਕਸਦ ਨਾਲ ਉਹ ਪਹਿਲੀ ਜੂਨ ਤੱਕ ਅੰਤ੍ਰਿਮ ਜ਼ਮਾਨਤ ‘ਤੇ ਹਨ।
ਪਰ ਇਸੇ ਦੌਰਾਨ ਦਿੱਲੀ ਦੇ ਸਿਵਲ ਲਾਈਨ ਇਲਾਕੇ ਵਿੱਚ ਸਥਿਤ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ‘ਤੇ ਉਨ੍ਹਾਂ ਦੀ ਆਪਣੀ ਹੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੀ ਕੁੱਟਮਾਰ ਦਾ ਸਨਸਨੀਖੇਜ਼ ਮਾਮਲਾ ਉਭਰ ਆਇਆ ਹੈ। ਸਵਾਤੀ ਮਾਲੀਵਾਲ ਨੇ ਦਿੱਲੀ ਪੁਲਿਸ ਦੇ ਸਿਵਲਾਈਨ ਥਾਣੇ ਵਿੱਚ ਦਰਜ ਕਰਵਾਈ ਸ਼ਿਕਾਇਤ ਵਿੱਚ ਦੋਸ਼ ਲਾਏ ਹਨ ਕਿ ਕੌਮੀ ਰਾਜਧਾਨੀ ਦੇ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਵੈਭਵ ਕੁਮਾਰ ਨੇ ਉਸ ਦੀ ਕੁੱਟਮਾਰ ਕੀਤੀ। ਇਸ ਕਾਰਨ ਮਾਲੀਵਾਲ ਦੇ ਚਿਹਰੇ ਅਤੇ ਲੱਤ ‘ਤੇ ਸੱਟ ਲੱਗਣ ਦੀ ਗੱਲ ਮੈਡੀਕਲ ਰਿਪੋਰਟ ਵਿੱਚ ਕਹੀ ਗਈ ਹੈ। ਇਸ ਮਾਮਲੇ ਨੂੰ ਲੈ ਕੇ ਦਿੱਲੀ ਪੁਲਿਸ ਨੇ ਮੁਢਲੀ ਜਾਂਚ ਪੜਤਾਲ ਤੋਂ ਬਾਅਦ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਵੈਭਵ ਕੁਮਾਰ ਨੂੰ ਗ੍ਰਿਫਤਾਰ ਕਰਕੇ ਦਿੱਲੀ ਦੀ ਇਕ ਅਦਾਲਤ ਤੋਂ ਉਸ ਦਾ 5 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਮਾਲੀਵਾਲ ਦੀ ਸ਼ਿਕਾਇਤ ‘ਤੇ ਵੈਭਵ ਕੁਮਾਰ ਦੇ ਖਿਲਾਫ ਸਿਵਲ ਲਾਈਨ ਪੁਲਿਸ ਥਾਣੇ ਵਿੱਚ ਧਾਰਾ 308, 341, 354-ਬੀ, 506 ਅਤੇ 509 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ, ਜਿਹੜੀ ਇਸ ਮਾਮਲੇ ਨੂੰ ਪਾਰਟੀ ਘੇਰਿਆਂ ਵਿੱਚ ਹੀ ਸੁਲਝਾਉਣ ਦਾ ਯਤਨ ਕਰ ਰਹੀ ਸੀ, ਪੂਰੀ ਤਰ੍ਹਾਂ ਵੈਭਵ ਕੁਮਾਰ ਦੀ ਪਿੱਠ ‘ਤੇ ਆ ਗਈ ਹੈ। ਪਾਰਟੀ ਨੇ ਇਹ ਵੀ ਦੋਸ਼ ਲਾਇਆ ਕਿ ਸਵਾਤੀ ਮਾਲੀਵਾਲ ਪਿਛਲੇ ਤਕਰੀਬਨ ਤਿੰਨ ਮਹੀਨੇ ਤੋਂ ਭਾਜਪਾ ਦੇ ਸੰਪਰਕ ਵਿੱਚ ਸੀ ਅਤੇ ਇਹ ਸਾਰੀ ਸਾਜ਼ਿਸ਼ ਭਾਜਪਾ ਦੇ ਇਸ਼ਾਰੇ ‘ਤੇ ਘੜੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ 25 ਮਈ ਨੂੰ ਦਿੱਲੀ ਦੀਆਂ ਲੋਕ ਸਭਾ ਚੋਣਾਂ ਤੋਂ ਪਾਰਟੀ ਦਾ ਧਿਆਨ ਭਟਕਾਉਣ ਲਈ ਅਜਿਹੇ ਹੱਥਕੰਡੇ ਵਰਤੇ ਜਾ ਰਹੇ ਹਨ।
ਇਸ ਸੰਬੰਧ ਵਿੱਚ ਬਿਆਨ ਜਾਰੀ ਕਰਦਿਆਂ ਆਮ ਆਦਮ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਖੁਦ ਅਤੇ ਆਮ ਆਦਮੀ ਪਾਰਟੀ ਦੇ ਹੋਰ ਸੀਨੀਅਰ ਆਗੂ ਭਾਜਪਾ ਦੇ ਮੁੱਖ ਦਫਤਰ ਤੱਕ ਮਾਰਚ ਕਰਨਗੇ, ਕੇਂਦਰ ਸਰਕਾਰ ਜਿਸ ਨੂੰ ਵੀ ਗ੍ਰਿਫਤਾਰ ਕਰਨਾ ਚਾਹੁੰਦੀ ਹੈ, ਕਰ ਲਵੇ। ਇਸ ਦਰਮਿਆਨ ‘ਆਪ’ ਲੀਡਰਸ਼ਿਪ ਨੇ ਬੀਤੇ ਐਤਵਾਰ ਦਿੱਲੀ ਸਥਿਤ ਭਾਜਪਾ ਦਫਤਰ ਤੱਕ ਮਾਰਚ ਕੱਢਣ ਦਾ ਯਤਨ ਕੀਤਾ ਵੀ; ਪਰ ਉਨ੍ਹਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ ਗਿਆ। ‘ਆਪ’ ਦੀ ਲੀਡਰਸ਼ਿਪ ਗ੍ਰਿਫਤਾਰੀ ਲਈ ਅੱਧਾ ਘੰਟਾ ਸੜਕ ‘ਤੇ ਬੈਠੀ ਰਹੀ ਅਤੇ ਬਾਅਦ ਵਿਚ ਵਾਪਸ ਪਰਤ ਗਈ।
ਇੱਥੇ ਜ਼ਿਕਰਯੋਗ ਹੈ ਕਿ ਮਾਲੀਵਾਲ ਦੀ ਸ਼ਿਕਾਇਤ ਦੇ ਮੁਕਾਬਲੇ ਵੈਭਵ ਕੁਮਾਰ ਨੇ ਵੀ ਆਪਣੀ ਇਕ ਸ਼ਿਕਾਇਤ ਆਨਲਾਈਨ ਦਰਜ ਕਰਵਾਈ ਹੈ। ਇਸ ਵਿੱਚ ਉਸ ਨੇ ਕਿਹਾ ਕਿ ਮਾਲੀਵਾਲ ਨੇ ਜ਼ਬਰਦਸਤੀ ਮੁੱਖ ਮੰਤਰੀ ਦੀ ਰਿਹਾਇਸ਼ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਮਾਲੀਵਾਲ ਨੂੰ ਅੰਦਰ ਦਾਖਲ ਹੋਣ ਤੋਂ ਜ਼ਰੂਰ ਰੋਕਿਆ ਸੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਮਾਲੀਵਾਲ ਨੇ ਉਨ੍ਹਾਂ ਨੂੰ ਇਸ ਮੌਕੇ ‘ਤੇ ਗਾਲ੍ਹਾਂ ਵੀ ਕੱਢੀਆਂ। ਇਸ ਦਰਮਿਆਨ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਕਥਿਤ ਅਪਰਾਧੀ ਨੂੰ ਪਨਾਹ ਦੇ ਰਿਹਾ ਹੈ।
ਪੁਲਿਸ ਕੇਸ ਦਰਜ ਹੋਣ ਤੋਂ ਬਾਅਦ ਸਵਾਤੀ ਮਾਲੀਵਾਲ ਦੀ ਏਮਸ ਹਸਪਤਾਲ ਵਿੱਚ ਹੋਈ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਉਸ ਦੀ ਸੱਜੀ ਗੱਲ੍ਹ ਅਤੇ ਖੱਬੀ ਲੱਤ ‘ਤੇ ਸੱਟ ਲੱਗੀ ਹੈ। ਖੱਬੀ ਲੱਤ ‘ਤੇ ਕਰੀਬ ਤਿੰਨ ਬਾਈ ਦੋ ਸੈਂਟੀਮੀਟਰ ਅਤੇ ਅੱਖ ਦੇ ਹੇਠਾਂ ਸੱਜੀ ਗੱਲ੍ਹ ‘ਤੇ ਦੋ ਬਾਈ ਦੋ ਸੈਂਟੀਮੀਟਰ ਦਾ ਸੱਟ ਦਾ ਨਿਸ਼ਾਨ ਹੈ। ਇਸ ਤੋਂ ਜਾਪਦਾ ਹੈ ਕਿ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਕੁਝ ਨਾ ਕੁਝ ਵਾਪਰਿਆ ਜ਼ਰੂਰ ਹੈ, ਪਰ ਪੁਲਿਸ ਵੱਲੋਂ ਜਬਤ ਕੀਤੀ ਗਈ ਮੁੱਖ ਮੰਤਰੀ ਦੀ ਰਿਹਾਇਸ਼ ਦੇ ਕੈਮਰਿਆਂ ਦੀ ਫੁਟੇਜ ਤੋਂ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ, ਪੁਲਿਸ ਦਾ ਆਖਣਾ ਹੈ ਕਿ ਕੈਮਰਿਆਂ ਦੀ ਰਿਕਾਰਡਿੰਗ ਦੀ ਫੁਟੇਜ ਡਲੀਟ ਕਰ ਦਿੱਤੀ ਗਈ ਹੈ। ਇਹ ਦੋਸ਼ ਵੀ ਲੱਗੇ ਹਨ ਕਿ ਵੈਭਵ ਕੁਮਾਰ ਨੇ ਆਪਣਾ ਆਈ ਫੋਨ ਵੀ ਫਾਰਮੈਟ ਕਰਵਾ ਦਿੱਤਾ ਹੈ।
ਉਧਰ ਸਵਾਤੀ ਮਾਲੀਵਾਲ ਨੇ ਵੀ ਕਿਹਾ ਹੈ ਕਿ ਕੈਮਰਿਆਂ ਦੀ ਫੁੱਟੇਜ ਗਾਇਬ ਕੀਤੀ ਗਈ ਹੈ ਅਤੇ ਵੈਭਵ ਦਾ ਫੋਨ ਫਾਰਮੈਟ ਕਰਵਾਇਆ ਗਿਆ ਹੈ। ਮਾਲੀਵਾਲ ਨੇ ਕਿਹਾ ਕਿ ਕਦੀ ਅਸੀਂ ਨਿਰਭੈ ਕਾਂਡ ਦਾ ਵਿਰੋਧ ਕਰਨ ਲਈ ਇਕੱਠੇ ਸੜਕਾਂ ‘ਤੇ ਨਿਕਲੇ ਸਾਂ, ਪਰ ਹੁਣ ਇਹ ਅੋਰਤ ‘ਤੇ ਹਮਲਾ ਕਰਨ ਵਾਲੇ ਇੱਕ ਵਿਅਕਤੀ ਨੂੰ ਬਚਾਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੰਨਾ ਹੀ ਜ਼ੋਰ ਇਨ੍ਹਾਂ ਨੇ ਜੇ ਮਨੀਸ਼ ਸਿਸੋਦੀਆ ਨੂੰ ਬਾਹਰ ਲਿਆਉਣ ਲਈ ਲਾਇਆ ਹੁੰਦਾ, ਤਾਂ ਉਹ ਕਦੋਂ ਦੇ ਰਿਹਾ ਹੋ ਗਏ ਹੁੰਦੇ। ਮਾਲੀਵਾਲ ਨੇ ਸਿਸੋਦੀਆ ਦੀ ਹਮਦਰਦੀ ਆਪਣੇ ਪੱਖ ਵਿੱਚ ਜਿੱਤਣ ਦਾ ਯਤਨ ਕਰਦਿਆਂ ਕਿਹਾ ਕਿ ‘ਜੇ ਮਨੀਸ਼ ਸਿਸੋਦੀਆ ਬਾਹਰ ਹੁੰਦੇ ਤਾਂ ਮੇਰੇ ਨਾਲ ਇਹ ਕੁਝ ਨਹੀਂ ਸੀ ਵਾਪਰਨਾ।’
ਉਧਰ ਕੇਜਰੀਵਾਲ ਨੇ ਕਿਹਾ ਹੈ ਕਿ ਭਾਜਪਾ ਰਾਘਵ ਚੱਢਾ, ਦਿੱਲੀ ਸਰਕਾਰ ਦੇ ਮੰਤਰੀਆਂ, ਆਤਿਸ਼ੀ ਅਤੇ ਸੌਰਵ ਭਾਰਦਵਾਜ ਨੂੰ ਵੀ ਗ੍ਰਿਫਤਾਰ ਕਰਨ ਦੀ ਤਾਕ ਵਿੱਚ ਹੈ। ਯਾਦ ਰਹੇ, ਦਿੱਲੀ ਦੇ ਉਪ-ਮੁੱਖ ਮੰਤਰੀ ਅਤੇ ‘ਆਪ’ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਤੇ ਇੱਕ ਹੋਰ ਮੰਤਰੀ ਸਤਿੰਦਰ ਜੈਨ ਪਹਿਲਾਂ ਹੀ ਜੇਲ੍ਹ ਵਿੱਚ ਹਨ, ਜਦਕਿ ਕੇਜਰੀਵਾਲ ਪਹਿਲੀ ਜੂਨ ਤੱਕ ਅੰਤ੍ਰਿਮ ਜ਼ਮਾਨਤ ਤਹਿਤ ਜੇਲ੍ਹ ਤੋਂ ਬਾਹਰ ਹਨ। ਸੰਜੇ ਸਿੰਘ ਵੀ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਏ ਹਨ।
ਲੰਘੇ ਐਤਵਾਰ ਕੇਜਰੀਵਾਲ ਖਿਲਾਫ ਈ.ਡੀ. ਨੇ ਇਕ ਨਵੀਂ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ, ਜਿਸ ਵਿੱਚ ਹੁਣ ਖਤਮ ਕਰ ਦਿੱਤੀ ਗਈ ਦਿੱਲੀ ਸ਼ਰਾਬ ਐਕਸਾਈਜ਼ ਨੀਤੀ ਮਾਮਲੇ ਵਿੱਚ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਨੂੰ ਕਥਿਤ ਦੋਸ਼ੀਆਂ ਵਜੋਂ ਸ਼ਾਮਲ ਕਰ ਲਿਆ ਹੈ। ਅਰਵਿੰਦ ਕੇਜਰੀਵਾਲ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਭਾਜਪਾ ਆਮ ਆਦਮੀ ਪਾਰਟੀ ਦੇ ਖਿਲਾਫ ਉਪਰੇਸ਼ਨ ਝਾੜੂ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਨੂੰ ਡਰ ਹੈ ਕਿ ਆਮ ਆਦਮੀ ਪਾਰਟੀ ਉਨ੍ਹਾਂ ਲਈ ਵੱਡੀ ਚਣੌਤੀ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ‘ਉਹ ਸਾਡੇ ਸਾਰੇ ਵੱਡੇ ਨੇਤਾਵਾਂ ਨੂੰ ਗ੍ਰਿਫਤਾਰ ਕਰਨਗੇ। ਸਾਡੇ ਬੈਂਕ ਖਾਤੇ ਜ਼ਬਤ ਕਰਨਗੇ ਅਤੇ ਸਾਡੇ ਬੈਂਕ ਖਾਤੇ ਖਾਲੀ ਕਰਵਾਉਣਗੇ। ਸਾਨੂੰ ਸੜਕਾਂ ‘ਤੇ ਲਿਆਉਣਗੇ। ਪ੍ਰਧਾਨ ਮੰਤਰੀ ਸੋਚਦੇ ਹਨ ਕਿ ਉਹ ‘ਆਪ’ ਨੂੰ ਤਬਾਹ ਕਰ ਦੇਣਗੇ, ਪਰ ਅਜਿਹਾ ਨਹੀਂ ਹੋਵੇਗਾ।’
ਲੰਘੇ ਐਤਵਾਰ ਦਿੱਲੀ ਪੁਲਿਸ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਤੋਂ ਇੱਕ ਲੈਪਟਾਪ ਅਤੇ ਉਨ੍ਹਾਂ ਦਾ ਮੋਬਾਈਲ ਵੀ ਜਬਤ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਕੇਜਰੀਵਾਲ ਦੀ ਰਿਹਾਇਸ਼ ਤੋਂ ਜਬਤ ਕੀਤੀ ਗਈ ਫੁਟੇਜ ਸੀ.ਸੀ.ਟੀ.ਵੀ. ਖਾਲੀ ਨਿਕਲੀ ਹੈ। ਪੁਲਿਸ ਅਨੁਸਾਰ ਇਹ ਸਬੂਤਾਂ ਨੂੰ ਸੋਚ ਸਮਝ ਕੇ ਮਿਟਾਉਣ ਦਾ ਮਾਮਲਾ ਹੈ।