ਆਜ਼ਾਦ/ਆਜ਼ਾਦੀ

ਸ਼ਬਦੋ ਵਣਜਾਰਿਓ

ਸ਼ਬਦੋ ਵਣਜਾਰਇਓ
ਪਰਮਜੀਤ ਢੀਂਗਰਾ
ਫੋਨ: +91-88476 10125
ਕਈ ਸ਼ਬਦ ਮਨੁੱਖ ਦੀ ਲੋਚਾ ਵਿੱਚੋਂ ਪੈਦਾ ਹੁੰਦੇ ਹਨ। ਸਦੀਆਂ ਤੋਂ ਮਨੁੱਖ ਨੇ ਆਪਣੀ ਹਸਤੀ ਤੇ ਹੋਂਦ ਦੀਆਂ ਲੜਾਈਆਂ ਲੜੀਆਂ ਹਨ। ਇਸ ਹਸਤੀ ਤੇ ਹੋਂਦ ਨੂੰ ਕਾਇਮ ਰੱਖਣ ਲਈ ਉਹਨੇ ਨਾਬਰੀ ਵਰਗਾ ਸ਼ਬਦ ਘੜਿਆ ਤੇ ਦੂਜਿਆਂ ਨੂੰ ਅਧੀਨ ਕਰਨ ਲਈ ਗੁਲਾਮੀ ਸ਼ਬਦ ਬਣਾਇਆ। ਆਪਣੀ ਹੋਂਦ ਤੇ ਹਸਤੀ ਦਾ ਪਰਚਮ ਲਹਿਰਾਉਣ ਲਈ ਉਹਨੇ ਆਜ਼ਾਦ ਤੇ ਆਜ਼ਾਦੀ ਵਰਗੇ ਸ਼ਬਦ ਘੜੇ।

ਮਨੁੱਖ ਦੀ ਆਜ਼ਾਦ ਰਹਿਣ ਦੀ ਚਾਹਤ ਸਦੀਆਂ ਪੁਰਾਣੀ ਹੈ ਤੇ ਜਿਹੜੀ ਧਿਰ ਉਹਨੂੰ ਅਧੀਨ ਰੱਖਣਾ ਚਾਹੁੰਦੀ ਹੈ, ਉਹਦੇ ਲਈ ਗੁਲਾਮੀ ਸ਼ਬਦ ਵੀ ਓਨਾ ਹੀ ਪੁਰਾਣਾ ਹੈ। ਨਿਰੁਕਤ ਕੋਸ਼ ਅਨੁਸਾਰ ਆਜ਼ਾਦ ਦਾ ਅਰਥ ਹੈ- ਸੁਤੰਤਰ, ਸਵਾਧੀਨ; ਮੂਲ ਅਰਥ ਹੈ- ਕੁਲੀਨ ਵਰਗ ਦਾ, ਭੱਦਰ ਪੁਰਸ਼ (ਗੁਲਾਮ ਜਾਂ ਦਾਸ ਦੇ ਉਲਟ)- ਫਾਰਸੀ ਆਜ਼ਾਦ, ਸੁਤੰਤਰ (ਜ਼ੰਦ ਆਜ਼ਾਤ<ਅਗੇ। ਆ+ਜ਼ਾਤ, ਪੈਦਾ ਹੋਇਆ)+ਸੰਸ। ਅਜਾਨਿਯਾ, ਸਾਊ ਜਾਤੀ ਦਾ, ਅਸਲੀ, ਜਨਮ ਜਾਤ ਲਾਤੀਨੀ-ਗੲਨਟਲੲ, ਸਾਊ, ਸ਼ਰੀਫ, ਚੰਗੇ ਖਾਨਦਾਨ ਦਾ, ਅਸੀਲ। ਪੰਜਾਬੀ ਕੋਸ਼ਾਂ ਅਨੁਸਾਰ ਸੁਤੰਤਰ, ਸਵਾਧੀਨ, ਖੁਦਮੁਖਤਿਆਰ ਜੋ ਕਿਸੇ ਦੀ ਕੈਦ ਵਿੱਚ ਨਹੀਂ; ਬਰੀ, ਮੁਕਤ, ਆਵਾਰਾ, ਆਪਹੁਦਰਾ, ਬੇਫਿਕਰਾ, ਬੇਪਰਵਾਹ। ਆਜ਼ਾਦੀ ਦਾ ਐਲਾਨ, ਆਜ਼ਾਦ ਖਿਆਲ ਪਾਰਟੀ, ਆਜ਼ਾਦ ਖਿਆਲਾਂ ਦਾ ਧਾਰਨੀ ਵਰਗੇ ਵਾਕੰਸ਼ ਇਸ ਤੋਂ ਬਣੇ ਹਨ। ਅਰਬੀ-ਫਾਰਸੀ ਕੋਸ਼ ਅਨੁਸਾਰ ਬੇਕੈਦ, ਖੁਦਮੁਖਤਾਰ, ਸਵੈਧੀਨ, ਰਿਹਾਅ, ਬਰੀ। ਸੁਤੰਤਰਤਾ, ਸਵੈਧੀਨਤਾ, ਰਿਹਾਈ, ਛੁਟਕਾਰਾ, ਨਿਜਾਤ, ਬਰੀਅਤ ਇਸ ਨਾਲ ਸਬੰਧਤ ਸ਼ਬਦ ਹਨ। ਫਾਰਸੀ-ਪੰਜਾਬੀ ਕੋਸ਼ ਅਨੁਸਾਰ ਆਜ਼ਾਦ ਦਾ ਅਰਥ ਹੈ- ਸੁਤੰਤਰ, ਖੁੱਲ੍ਹਾ, ਅਸੰਬੰਧਤ, ਬਿਨਾ ਤੁਅੱਲਕ ਦੇ, ਬੇਕੈਦ, ਬੇਐਬ, ਇੱਕ ਪ੍ਰਕਾਰ ਦਾ ਫਕੀਰ, ਦਰਵੇਸ਼, ਭਗਤ, ਇੱਕ ਸੁਆਦੀ ਮੱਛੀ, ਸਰੂ ਦਾ ਰੁੱਖ। ਇਸ ਤੋਂ ਨਿਰਮਤ ਕਈ ਸ਼ਬਦਾਂ ਦੇ ਹਵਾਲੇ ਮਿਲਦੇ ਹਨ, ਜਿਵੇਂ- ਆਜ਼ਾਦ ਆਵਾ-ਆਜ਼ਾਦ ਆਵਾਜ਼, ਰੱਬ ਦਾ ਜੱਸ ਗਾਇਨ ਕਰਨ ਦਾ ਤਰੀਕਾ; ਆਜ਼ਾਦ ਖ਼ੂ-ਖੁੱਲ੍ਹੇ ਡੁੱਲ੍ਹੇ ਸੁਭਾਅ ਵਾਲਾ, ਨੇਕ; ਆਜ਼ਾਦ ਰੌ-ਆਜ਼ਾਦਾਨਾ, ਸੈਰ ਕਰਨ ਵਾਲਾ, ਸੈਲਾਨੀ, ਆਜ਼ਾਦ ਤਬੀਅਤ ਵਾਲਾ, ਫਕੀਰ, ਨਿਡਰ; ਆਜ਼ਾਦ ਸਰਵ-ਸਰੂ ਦਾ ਰੁੱਖ, ਇੱਕ ਵਿਅਕਤੀ ਦਾ ਨਾਂ ਜਿਸਤੋਂ ਫਿਰਦੌਸੀ ਨੇ ਰੁਸਤਮ ਦੀ ਮੌਤ ਦੀ ਕਹਾਣੀ ਲਈ; ਆਜ਼ਾਦ ਤਬਅ-ਖੁੱਲ੍ਹੇ ਸੁਭਾਅ ਵਾਲਾ, ਨਿਰਲੇਪ, ਮਲੰਗ, ਲਬ ਲੋਭ ਨਾ ਰੱਖਣ ਵਾਲਾ, ਕਿਸੇ ਦੇ ਦਬਾਅ ਵਿੱਚ ਨਾ ਆਉਣ ਵਾਲਾ, ਨਿਡਰ ਤਬੀਅਤ ਵਾਲਾ, ਸਾਫ ਗੱਲ ਕਹਿਣ ਵਾਲਾ; ਆਜ਼ਾਦਗਾਨ-ਬੇਤੁਅੱਲਕ ਆਦਮੀ, ਜਿਹੜੇ ਗੁਲਾਮ ਜਾਂ ਕੈਦੀ ਨਾ ਹੋਣ; ਆਜ਼ਾਦ ਮਰਦ-ਸੁਤੰਤਰ, ਸੂਫੀ, ਦਰਵੇਸ਼, ਕਾਮਲ; ਆਜ਼ਾਦ-ਮਰਦੀ-ਖੁਦਮੁਖਤਿਆਰੀ, ਸੁਤੰਤਰਤਾ, ਆਪਹੁਦਰਾਪਣ, ਵੀਰਤਾ, ਸੂਰਮਗਤੀ; ਆਜ਼ਾਦ ਨਾਮਾ-ਕਿਸੇ ਗੁਲਾਮ ਦੀ ਰਿਹਾਈ ਦਾ ਪਰਵਾਨਾ। ਆਜ਼ਾਦ ਤੋਂ ਆਜ਼ਾਦੀ ਸ਼ਬਦ ਬਣਿਆ ਤੇ ਆਜ਼ਾਦੀ ਕਿਸਨੂੰ ਪਿਆਰੀ ਨਹੀਂ ਹੁੰਦੀ। ਇਸ ਵਿੱਚ ਖੁਦਾਰੀ, ਹੌਸਲਾ, ਭਰੋਸਾ, ਸਕੂਨ ਵਰਗੇ ਅਰਥ ਪਏ ਹਨ। ਜ਼ਿੰਦਗੀ ਦਾ ਦੂਜਾ ਨਾਂ ਹੀ ਆਜ਼ਾਦੀ ਰੱਖ ਲਿਆ ਜਾਵੇ ਤਾਂ ਕੋਈ ਹਰਜ ਨਹੀਂ, ਪਰ ਜ਼ਿੰਦਗੀ ਨੂੰ ਜਿਨ੍ਹਾਂ ਬੰਧਨਾਂ ਵਿੱਚ ਬੰਨਿ੍ਹਆ ਹੋਇਆ ਹੈ, ਉਹ ਇਸਨੂੰ ਆਜ਼ਾਦ ਨਹੀਂ ਰਹਿਣ ਦੇਂਦੇ। ਪੈਰ ਪੈਰ `ਤੇ ਮਨੁੱਖ ਨੂੰ ਜਕੜਨ ਲਈ ਬੇੜੀਆਂ ਦਾ ਜਾਲ ਵਿਛਾਇਆ ਹੋਇਐ। ਆਜ਼ਾਦੀ ਦੀ ਚਾਹਤ ਹਰ ਇਨਸਾਨ, ਪਸ਼ੂ, ਪੰਛੀ, ਜਾਨਵਰ ਨੂੰ ਹੁੰਦੀ ਹੈ। ਕਿੱਲੇ ਨਾਲ ਬੱਝਾ ਪਸ਼ੂ ਮੁਕਤ ਹੋ ਕੇ ਖੁਸ਼ ਹੁੰਦਾ ਹੈ, ਜੇ ਮੁਕਤ ਨਾ ਕੀਤਾ ਜਾਵੇ ਤਾਂ ਕਿੱਲੇ, ਰੱਸੇ ਤੁੜਾ ਕੇ ਬਾਗੀ ਹੋ ਜਾਂਦਾ ਹੈ। ਪਿੰਜਰੇ ਵਿੱਚ ਪਿਆ ਪੰਛੀ ਆਜ਼ਾਦ ਹੋਣ ਲਈ ਤਾਂਘਦਾ, ਅਕਾਸ਼ੀ ਉਡਾਣਾਂ ਦੇ ਸੁਪਨੇ ਲੈਂਦਾ ਰਹਿੰਦਾ ਹੈ। ਇਹ ਵੀ ਸੱਚ ਹੈ ਕਿ ਆਜ਼ਾਦੀ ਦਾ ਅਹਿਸਾਸ ਉਹਨੂੰ ਹੀ ਭਲੀਭਾਂਤ ਹੁੰਦਾ ਹੈ, ਜਿਸਨੇ ਗੁਲਾਮੀ ਝੱਲੀ ਹੋਵੇ। ਬੰਦਿਸ਼ਾਂ ਤੋਂ ਬਿਨਾ ਆਜ਼ਾਦੀ ਬੇਲੱਜ਼ਤ ਹੈ। ਆਜ਼ਾਦ ਸ਼ਬਦ ਮੂਲ ਰੂਪ ਵਿੱਚ ਫਾਰਸੀ ਦਾ ਹੈ। ਇਹ ਇੰਡੋ-ਯੂਰਪੀ ਭਾਸ਼ਾ ਪਰਿਵਾਰ ਦੀ ਭਾਰਤੀ- ਇਰਾਨੀ ਸ਼ਾਖਾ ਪੂਰਵ ਵੈਦਿਕ ਸ਼ਬਦ ਸਮੂਹ ਵਿੱਚੋਂ ਵਿਕਸਿਤ ਹੋਇਆ ਹੈ। ਆਜ਼ਾਦ ਦਾ ਮੂਲ ਅਰਥ ਹੈ-ਖੁਦਮੁਖਤਾਰ, ਸਵਾਧੀਨ, ਸੁਤੰਤਰ, ਆਤਮ ਨਿਰਭਰ, ਬੰਧਨ ਮੁਕਤ, ਬੇਪਰਵਾਹ, ਨਿਡਰ ਆਦਿ। ਫਾਰਸੀ ਦਾ ਆਜ਼ਾਦ ਮੱਧਕਾਲੀ ਫਾਰਸੀ ਵਿੱਚ ਆਜ਼ਾਤ ਸੀ। ਪ੍ਰਾਚੀਨ ਅਵੇਸਤਾ ਵਿੱਚ ਵੀ ਇਹਦਾ ਇਹੀ ਰੂਪ ਮਿਲਦਾ ਹੈ। ਫਾਰਸੀ ਵਿੱਚ ਇਹ ਅਵੇਸਤਾ ਦੇ ਏਸੇ ਰੂਪ ਵਿੱਚ ਪਹੁੰਚਿਆ ਤੇ ਫਿਰ /ਤ/ ਦਾ /ਦ/ ਵਿੱਚ ਰੂਪਾਂਤਰ ਹੋ ਗਿਆ ਤੇ ਆਜ਼ਾਤ ਆਜ਼ਾਦ ਬਣ ਗਿਆ। ਮੂਲ ਆਜ਼ਾਦ ਵਿੱਚ ਜ਼ਾਦ: ਛੁਪਿਆ ਹੋਇਆ ਹੈ। ਜ਼ਾਦ ਨਾਲ ‘ਆ’ ਅਗੇਤਰ ਜੁੜਨ ਨਾਲ ਇਹ ਆਜ਼ਾਦ ਬਣ ਗਿਆ। ਫਾਰਸੀ ਵਿੱਚ ਆਜ਼ਾਦ ਦਾ ਅਰਥ ਹੈ- ਪੀੜ੍ਹੀ, ਨਸਲ, ਵੰਸ਼, ਖਾਨਦਾਨ ਆਦਿ। ਜ਼ਾਦ: ਵੀ ਏਸੇ ਕੜੀ ਦਾ ਹੈ, ਜਿਸਦਾ ਅਰਥ ਹੈ ਪੁੱਤਰ, ਸੰਤਾਨ, ਉਤਪੰਨ, ਜਨਮਿਆ ਹੋਇਆ ਆਦਿ। ਹਰਾਮਜ਼ਾਦਾ, ਨਵਾਬਜ਼ਾਦਾ, ਸਾਹਿਬਜ਼ਾਦਾ ਵਰਗੇ ਸ਼ਬਦ ਏਸੇ ਕੜੀ ਦੇ ਹਨ। ਜ਼ਾਦ ਦਾ ਪੂਰਵ ਰੂਪ ਜ਼ਾਤ ਸੀ, ਜਿਸ ਵਿੱਚ ਵੰਸ਼, ਨਸਲ, ਪੀੜ੍ਹੀ, ਕੁਲ, ਬਰਾਦਰੀ, ਖਾਨਦਾਨ, ਸ਼ਖਸੀਅਤ, ਵਿਅਕਤਿਤਵ, ਸੁਭਾਅ, ਚਰਿੱਤਰ, ਕੌਮ, ਅਸਤਿਤਵ, ਜਾਤ ਆਦਿ ਸ਼ਾਮਲ ਸਨ। ਸੰਸ। ਦੀ ਧਾਤੂ ਜਨੑ ਵਿੱਚ ਪੈਦਾ ਹੋਣ, ਉਤਪੰਨ ਹੋਣ, ਉੱਗਣ, ਉੱਠਣ, ਫੁੱਟਣ, ਬਣਨ, ਨਿਰਮਾਣ ਸਿਰਜਣ, ਰਚਣ ਵਰਗੇ ਭਾਵ ਮਿਲਦੇ ਹਨ। ਜਨੑ ਤੋਂ ਹੀ ਜੀਵ ਜਾਂ ਪ੍ਰਾਣੀ ਸ਼ਬਦ ਬਣਿਆ ਹੈ। ਜੀਵ ਉਹ ਹੈ, ਜਿਸਦਾ ਜਨਮ ਹੋਇਆ ਹੈ। ਜਨੑ ਧਾਤੂ ਦਾ ਹੀ ਰੂਪਾਂਤਰ ਅਵੇਸਤਾ ਦਾ ਜ਼ਾਤ ਹੈ। ਇਸ ਵਿੱਚ ਉਦਭਵ, ਜਨਮ, ਕੁਲ, ਪਰਿਵਾਰ, ਵੰਸ਼, ਗੋਤਰ ਵਰਗੇ ਭਾਵ ਪਏ ਹਨ। ਜਾਤ ਸ਼ਬਦ ਜਨੑ ਤੋਂ ਹੀ ਨਿਰਮਤ ਹੋਇਆ ਹੈ। ਆਜ਼ਾਦ ਦੇ ਅਰਥਾਂ ਵਿੱਚ ਜਨੑ ਤੋਂ ਬਣੇ ਜ਼ਾਤ ਸ਼ਬਦ ਦੀ ਘੋਖ ਕਰੀਏ ਤਾਂ ਸਪਸ਼ਟ ਹੁੰਦਾ ਹੈ ਕਿ ਪ੍ਰਕਿਰਤੀ ਪੱਖੋਂ ਇਹ ਸੁਤੰਤਰ ਹੈ ਤੇ ਇਹਦਾ ਮੂਲ ਰੂਪ ਆਜ਼ਾਦ ਹੈ। ਅਵੇਸਤਾ ਦੇ ਆਜ਼ਾਤ ਤੇ ਫਾਰਸੀ ਦੇ ਆਜ਼ਾਦ ਵਿੱਚ ਇਹੀ ਭਾਵ ਪਏ ਹਨ। ਜਨਮ ਤੋਂ ਕੋਈ ਵੀ ਪ੍ਰਾਣੀ ਗੁਲਾਮ ਨਹੀਂ ਹੁੰਦਾ। ਜਨੑ ਵਿਚਲੇ ਉੱਗਣ, ਉਤਪੰਨ, ਫੁੱਟਣ, ਪੈਦਾ ਹੋਣ ਦੇ ਅਰਥਾਂ ਨੂੰ ਦੇਖੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਗੁਲਾਮੀ ਜਾਂ ਬੰਧਨ ਜਨਮ ਤੋਂ ਬਾਅਦ ਪੈਦਾ ਹੁੰਦੇ ਹਨ। ਇਸ ਤਰ੍ਹਾਂ ਜਨੑ ਤੋਂ ਨਿਰਮਤ /ਜ਼ਾਤ<(ਆ)+ਜ਼ਾਤ>ਆਜ਼ਾਤ>ਆਜ਼ਾਦ/ ਦੀ ਕੜੀ ਬਣਦੀ ਹੈ। ਅੰਗਰੇਜ਼ੀ ਦੇ ਜੈਨਰੇਸ਼ਨ, ਜਰਨੇਟਰ, ਜੈਨਰਿਕ, ਜੈਨਰੇਟਿਵ ਵਰਗੇ ਸ਼ਬਦਾਂ ਨਾਲ ਇਹਦੀ ਸਕੀਰੀ ਹੈ। ਜੀਵਨ ਤੇ ਜ਼ਿੰਦਗੀ ਵਰਗੇ ਸ਼ਬਦ ਇਸੇ ਰੂਪ ਵਿੱਚ ਬਣੇ ਹਨ। ਜਨੑ ਤੋਂ ਵੀ ਕਈ ਸ਼ਬਦ ਨਿਰਮਤ ਹੋਏ ਹਨ।
ਅਰਬੀ-ਫਾਰਸੀ ਵਿੱਚ ਔਰਤਾਂ ਲਈ ਜ਼ਨ ਸ਼ਬਦ ਵਰਤਿਆ ਜਾਂਦਾ ਹੈ, ਇਸਦੀ ਸਕੀਰੀ ਇੰਡੋ-ਇਰਾਨੀ ਭਾਸ਼ਾ ਪਰਿਵਾਰ ਦੇ ਜਨੑ ਸ਼ਬਦ ਨਾਲ ਹੈ। ਜਨਾਨੀ, ਜਨਾਨ, ਜਨਾਨਖਾਨਾ ਵਰਗੇ ਰੂਪ ਇਸ ਤੋਂ ਬਣੇ ਹਨ। ਸੰਸਕ੍ਰਿਤ ਵਿੱਚ ਉਤਪੰਨ ਕਰਨ, ਪੈਦਾ ਕਰਨ ਦੇ ਰੂਪ ਵਿੱਚ ਜਨੑ ਧਾਤੂ ਹੈ। ਇਸ ਤੋਂ ਬਣੇ ਸ਼ਬਦ ਹਨ- ਜਨਿਕਾ, ਜਨੀ, ਜਨਨੀ ਜਿਨ੍ਹਾਂ ਦਾ ਅਰਥ ਹੈ ਔਰਤ, ਮਾਤਾ, ਪਤਨੀ। ਉਰਦੂ ਵਿੱਚ ਜਨਮ, ਜਨਨੀ, ਜਾਨ, ਜੰਤੂ ਵਰਗੇ ਸ਼ਬਦ ਏਸੇ ਕੜੀ ਦੇ ਹਨ। ਭਾਸ਼ਾ ਵਿਗਿਆਨੀ ਜ਼ਨ, ਜ਼ਨਾਨ, ਜਨਨੀ, ਜ਼ਨਾਨੀ ਵਰਗੇ ਸ਼ਬਦਾਂ ਨੂੰ ਪ੍ਰੋਟੋ ਇੰਡੋ-ਯੂਰਪੀ ਮੂਲ ਦਾ ਮੰਨਦੇ ਹਨ। ਕਵੀਨ, ਰਾਣੀ, ਰਾਗੀ, ਮਹਾਰਾਗੀ ਵਰਗੇ ਸ਼ਬਦ ਏਸੇ ਮੂਲ ਦੇ ਹਨ। /ਜ+ਯ/ ਵਰਗੀ ਧੁਨੀ ਹਜ਼ਾਰਾਂ ਸਾਲਾਂ ਤੱਕ ਆਰੀਆਂ ਦੇ ਵਿਭਿੰਨ ਭਾਸ਼ਾ ਸਮੂਹਾਂ ਵਿੱਚ ਮੌਜੂਦ ਰਹੀ, ਅੱਜ ਇਸਦਾ ਰੂਪ /ਗ+ਯ/ ਹੋ ਗਿਆ ਹੈ। ਗਾਇਨੇਕੋਲੌਜੀ ਵਰਗਾ ਸ਼ਬਦ ਵੀ ਏਸੇ ਕੜੀ ਦਾ ਹੈ, ਜੋ ਔਰਤਾਂ ਨਾਲ ਸੰਬੰਧ ਰਖਦਾ ਹੈ। ਇਸ ਤਰ੍ਹਾਂ ਜਨੑ ਸ਼ਬਦ ਤੋਂ ਆਜ਼ਾਦੀ/ਆਜ਼ਾਦ ਵਰਗੇ ਸ਼ਬਦ ਜਨਮੇ, ਜਿਨ੍ਹਾਂ ਦਾ ਸੰਬੰਧ ਜਨਨੀ, ਉੱਗਣ, ਫੁੱਟਣ, ਪੈਦਾ ਹੋਣ, ਉਤਪੰਨਤਾ ਨਾਲ ਹੈ। ਕੁਦਰਤ ਨਾਲ ਇਹਦਾ ਮੇਲ ਆਜ਼ਾਦ ਹਸਤੀ ਤੇ ਹੋਂਦ ਰਾਹੀਂ ਜੁੜਿਆ ਹੋਇਆ ਹੈ।

Leave a Reply

Your email address will not be published. Required fields are marked *