*ਦੋਨੋਂ ਧਿਰਾਂ ਵੱਲੋਂ ਆਪੋ-ਆਪਣੀ ਲੀਡ ਦੇ ਦਾਅਵੇ
*ਭਾਜਪਾ ਡਿਫੈਂਸਿਵ ਹੁੰਦੀ ਵਿਖਾਈ ਦਿੱਤੀ ਇਸ ਗੇੜ ਦੀ ਮੁਹਿੰਮ ਵਿੱਚ
ਜਸਵੀਰ ਸਿੰਘ ਸ਼ੀਰੀ
ਹਿੰਦੁਸਤਾਨ ਵਿੱਚ ਚੋਣਾਂ ਦੇ ਪੰਜਵੇਂ ਗੇੜ ਲਈ ਵੋਟਾਂ ਪੈ ਗਈਆਂ ਹਨ। ਦੋਨੋਂ- ਭਾਜਪਾ ਦੀ ਅਗਵਾਈ ਵਾਲਾ ਐਨ.ਡੀ.ਏ. ਗੱਠਜੋੜ ਅਤੇ ਕਾਂਗਰਸ ਪਾਰਟੀ ਦੀ ਅਗਵਾਈ ਵਾਲਾ ਇੰਡੀਆ ਗੱਠਜੋੜ, ਵੱਡੀ ਜਿੱਤ ਦੇ ਦਾਅਵੇ ਕਰ ਰਹੇ ਹਨ। ਪਰ ਸਥਿਤੀ ਕਿਸ ਰੁਖ ਪਲਟੇਗੀ, ਇਸ ਦਾ ਸਟੀਕ ਅਨੁਮਾਨ ਲਾਉਣਾ ਹਾਲੇ ਵੀ ਸੰਭਵ ਨਹੀਂ। ਪੰਜਵੇਂ ਗੇੜ ਵਿੱਚ ਭਾਵੇਂ ਉੱਤਰ ਪ੍ਰਦੇਸ਼ ਦੇ ਫੂਲਪੁਰ ਵਿੱਚ ਰਾਹੁਲ ਗਾਂਧੀ ਅਤੇ ਅਖਿਲੇਸ਼ ਯਾਦਵ ਦੀ ਇੱਕ ਚੋਣ ਰੈਲੀ ਵਿੱਚ ਬੇਹਿਸਾਬ ਭੀੜ ਉਮੜ ਪਈ, ਜਿਸ ਕਾਰਨ ਇਸ ਰੈਲੀ ਨੂੰ ਸੰਬੋਧਨ ਕਰਨਾ ਵੀ ਮੁਸ਼ਕਿਲ ਹੋ ਗਿਆ
ਅਤੇ ਦੋਨੋਂ ਨੇਤਾ ਇੱਥੇ ਸਟੇਜ ‘ਤੇ ਇੱਕ ਗੈਰ-ਰਸਮੀ ਚੋਣ ਚਰਚਾ ਕਰਕੇ ਪਰਤ ਗਏ। ਕਈ ਥਾਵਾਂ ‘ਤੇ ਇਸ ਕਿਸਮ ਦੇ ਭਾਵੁਕ ਰਿਸਪੌਂਸ ਤੋਂ ਜਾਪਦਾ ਹੈ ਕਿ ਸਰਕਾਰ ਵਿਰੋਧੀ ਗੱਠਜੋੜ ਦੇ ਹੱਕ ਵਿੱਚ ਸਤਹਿ ਦੇ ਹੇਠਾਂ ਇੱਕ ਲਹਿਰ ਚੱਲ ਰਹੀ ਹੈ। ਖਾਸ ਕਰਕੇ ਨੌਜਵਾਨਾਂ ਅਤੇ ਔਰਤਾਂ ਵਿੱਚ, ਪਰ ਸਰਕਾਰੀ ਦਬਾਅ ਕਾਰਨ ਇਸ ਦਾ ਸਪਸ਼ਟ ਪ੍ਰਗਟਾਵਾ ਨਹੀਂ ਹੋ ਰਿਹਾ।
ਯਾਦ ਰਹੇ, ਪੰਜਵੇਂ ਗੇੜ ਵਿੱਚ ਕੁੱਲ 49 ਸੀਟਾਂ ‘ਤੇ ਵੋਟਾਂ ਪਈਆਂ ਹਨ। ਇਨ੍ਹਾਂ ਵਿੱਚੋਂ ਮਹਾਰਾਸ਼ਟਰ ਦੀਆਂ 13, ਉਤਰ ਪ੍ਰਦੇਸ਼ ਦੀਆਂ 14, ਪੱਛਮੀ ਬੰਗਾਲ ਦੀਆਂ 7, ਬਿਹਾਰ ਦੀਆਂ 5, ਝਾਰਖੰਡ ਦੀਆਂ 3, ਉੜੀਸਾ ਦੀਆਂ 5, ਜੰਮੂ ਕਸ਼ਮੀਰ ਅਤੇ ਲੱਦਾਖ ਦੀ ਇੱਕ-ਇੱਕ ਸੀਟ ‘ਤੇ ਵੋਟਾਂ ਪਈਆਂ ਹਨ। ਇਸ ਤੋਂ ਬਾਅਦ ਦੋ ਗੇੜਾਂ ਵਿੱਚ- 25 ਮਈ ਅਤੇ ਪਹਿਲੀ ਜੂਨ ਨੂੰ ਕੁੱਲ 115 ਸੀਟਾਂ ‘ਤੇ ਹੋਰ ਵੋਟਾਂ ਪੈਣੀਆਂ ਹਨ। 25 ਮਈ ਨੂੰ ਕੁੱਲ 58 ਸੀਟਾਂ ‘ਤੇ ਵੋਟਾਂ ਪੈਣਗੀਆਂ, ਜਿਨ੍ਹਾਂ ਵਿੱਚ ਬਿਹਾਰ ਦੀਆਂ 8, ਦਿੱਲੀ ਦੀਆਂ 7, ਹਰਿਆਣਾ ਦੀਆਂ 10, ਜੰਮੂ ਕਸ਼ਮੀਰ ਦੀ 1, ਝਾਰਖੰਡ ਦੀਆਂ ਚਾਰ, ਉੜੀਸਾ ਦੀਆਂ 6, ਉੱਤਰ ਪ੍ਰਦੇਸ਼ ਦੀਆਂ 14 ਅਤੇ ਪੱਛਮੀ ਬੰਗਾਲ ਦੀਆਂ 8 ਸੀਟਾਂ ‘ਤੇ ਵੋਟਾਂ ਪੈਣਗੀਆਂ।
ਇਸੇ ਤਰ੍ਹਾਂ ਪਹਿਲੀ ਜੂਨ ਨੂੰ ਕੁੱਲ 57 ਸੀਟਾਂ ‘ਤੇ ਵੋਟਾਂ ਪੈਣੀਆਂ ਹਨ। ਇਸ ਗੇੜ ਦੌਰਾਨ ਬਿਹਾਰ ਵਿੱਚ 8, ਚੰਡੀਗੜ੍ਹ ਵਿੱਚ 1, ਹਿਮਾਚਲ ਪ੍ਰਦੇਸ਼ ਦੀਆਂ 4, ਝਾਰਖੰਡ ਦੀਆਂ 3, ਉੜੀਸਾ ਦੀਆਂ ਛੇ, ਪੰਜਾਬ ਦੀਆਂ 13, ਉੱਤਰ ਪ੍ਰਦੇਸ਼ ਦੀਆਂ 13 ਅਤੇ ਪੱਛਮੀ ਬੰਗਾਲ ਦੀਆਂ 9 ਸੀਟਾਂ ‘ਤੇ ਵੋਟਾਂ ਪੈਣਗੀਆਂ। ਇਸ ਤੋਂ ਪਹਿਲਾਂ ਚਾਰ ਗੇੜਾਂ ਵਿੱਚ ਵੱਖ ਵੱਖ ਸੂਬਿਆਂ ਦੀਆਂ 378 ਸੀਟਾਂ ‘ਤੇ ਵੋਟਾਂ ਪੈ ਚੁੱਕੀਆਂ ਹਨ। ਇਸ ਤਰ੍ਹਾਂ ਹੁਣ ਤੱਕ ਪੰਜ ਗੇੜਾਂ ਵਿੱਚ ਕੁੱਲ 427 ਸੀਟਾਂ ‘ਤੇ ਵੋਟਾਂ ਪੈ ਚੁੱਕੀਆਂ ਹਨ।
ਯੂ.ਪੀ. ਦੀਆਂ ਪੰਜਾਹ ਸੀਟਾਂ ‘ਤੇ ਲੋਕਾਂ ਨਾਲ ਵਿਚਰਨ ਵਾਲੇ ਇੱਕ ਨਿਰਪੱਖ ਪੱਤਰਕਾਰ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਰਾਮ ਮੰਦਰ ਦਾ ਪ੍ਰਭਾਵ ਹੈ ਅਤੇ ਇਹ ਬੀ.ਜੇ.ਪੀ. ਦੇ ਹੱਕ ਵਿੱਚ ਵੋਟ ਵਿੱਚ ਵੀ ਬਦਲ ਰਿਹਾ ਹੈ। ਇਸ ਹਾਲਤ ਵਿੱਚ ਭਾਜਪਾ ਉਤਰ ਪ੍ਰਦੇਸ਼ ਵਿੱਚ 60-65 ਸੀਟਾਂ ਕੱਢ ਸਕਦੀ ਹੈ। ਭਾਜਪਾ ਨੂੰ ਨੁਕਸਾਨ ਕਰਨਾਟਕਾ, ਪੱਛਮੀ ਬੰਗਾਲ, ਬਿਹਾਰ, ਪੰਜਾਬ, ਹਰਿਆਣਾ, ਕੇਰਲਾ ਅਤੇ ਮਹਾਰਾਸ਼ਟਰ ਵਿੱਚ ਹੋਵੇਗਾ। ਉੜੀਸਾ ਅਤੇ ਆਂਧਰਾ ਪ੍ਰਦੇਸ਼ ਵਿੱਚ ਐਨ.ਡੀ.ਏ. ਗੱਠਜੋੜ ਨੂੰ ਫਾਇਦਾ ਹੁੰਦਾ ਵਿਖਾਈ ਦੇ ਰਿਹਾ ਹੈ। ਮੱਧ ਪ੍ਰਦੇਸ਼ ਵੈਸੇ ਗਊ ਬੈਲਟ ਹੈ, ਪਰ ਇਸ ਦੀ ਕੋਈ ਪੇਸ਼ੀਨਗੋਈ ਕੀਤੀ ਨਹੀਂ ਜਾ ਸਕਦੀ। ਇਸ ਤਰਜ਼ ‘ਤੇ ਇਸ ਪੱਤਰਕਾਰ ਨੇ ਦੱਸਿਆ ਕਿ ਸੀਟਾਂ ਭਾਵੇਂ ਘਟ ਜਾਣ, ਪਰ ਬੀ.ਜੇ.ਪੀ. ਬਹੁਮਤਿ ਹਾਸਲ ਕਰ ਜਾਵੇਗੀ। ਕੁਝ ਇਸ ਕਿਸਮ ਦੇ ਹੀ ਵਿਚਾਰ ਵੱਖ–ਵੱਖ ਪਾਰਟੀਆਂ ਦੇ ਚੋਣ ਰਣਨੀਤੀਕਾਰ ਰਹੇ ਪ੍ਰਸ਼ਾਂਤ ਕਿਸ਼ੋਰ ਨੇ ਪ੍ਰਗਟ ਕੀਤੇ ਹਨ। ਉਸ ਦਾ ਦਾਅਵਾ ਹੈ ਕਿ ਭਾਜਪਾ ਪਿਛਲੀ ਵਾਰ ਨਾਲੋਂ ਵੱਧ ਸੀਟਾਂ ਲਵੇਗੀ। ਇਸੇ ਤਰ੍ਹਾਂ ਬਹੁਤੇ ਮੇਨ ਸਟਰੀਮ ਚੈਨਲ ਭਾਜਪਾ ਦੀ ਸਰਕਾਰ ਬਣਦੀ ਵਿਖਾ ਰਹੇ ਹਨ। ਪਰ ਬਹੁਤੇ ਵੈਬ ਚੈਨਲ ਅਤੇ ਸੋਸ਼ਿਲ ਮੀਡੀਆ ਵਿੱਚ ਭਾਜਪਾ ਨੂੰ 200 ਤੋਂ ਘੱਟ ਸੀਟਾਂ ਮਿਲਣ ਦੀ ਪੇਸ਼ੀਨਗੋਈ ਕੀਤੀ ਜਾ ਰਿਹਾ ਹੈ। ਉਂਝ ਅਖਿਲੇਸ਼ ਯਾਦਵ, ਰਾਹੁਲ ਗਾਂਧੀ, ਬਿਹਾਰ ਵਿੱਚ ਤੇਜਸਵੀ ਯਾਦਵ, ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਅਤੇ ਮਹਾਰਾਸ਼ਟਰ ਵਿੱਚ ਊਧਵ ਠਾਕਰੇ ਨੂੰ ਜਿਸ ਕਿਸਮ ਦਾ ਜਨਤਕ ਹੁੰਘਾਰਾ ਮਿਲਿਆ ਹੈ, ਉਹ ਸਰਕਾਰ ਪਲਟ ਜਾਣ ਵਾਲੀ ਸੰਭਾਵਨਾਂ ਵੱਲ ਇਸ਼ਾਰਾ ਕਰਦਾ ਹੈ। ਉਨ੍ਹਾਂ ਦੇ ਇਹ ਭਰਵੇਂ ਚੋਣ ਜਲਸੇ ਵੋਟ ਪਰਚੀ ਵਿੱਚ ਪਲਟਦੇ ਹਨ ਕਿ ਨਹੀਂ, ਇਸ ਬਾਰੇ 4 ਜੂਨ ਨੂੰ ਹੀ ਪਤਾ ਲੱਗੇਗਾ, ਜਦੋਂ ਈ.ਵੀ.ਐਮ. ਮਸ਼ੀਨਾਂ ਖੁੱਲ੍ਹਣਗੀਆਂ। ਵਿਰੋਧੀ ਗੱਠਜੋੜ ‘ਇੰਡੀਆ’ ਦਾ ਕਲਿਆਣ ਇਸ ਤੱਥ/ਸੱਚ ‘ਤੇ ਵੀ ਮੁਨੱਸਰ ਕਰਦਾ ਹੈ ਕਿ ਈ.ਵੀ.ਐਮ. ਮਸ਼ੀਨਾਂ ਨਾਲ ਛੇੜ-ਛਾੜ ਕੀਤੀ ਗਈ ਹੈ ਜਾਂ ਨਹੀਂ! ਕਿਉਂਕਿ ਵੋਟਾਂ ਪੈਣ ਦੇ ਇੱਕ ਗੇੜ ਵਿੱਚ ਤਕਰੀਬਨ ਇੱਕ ਹਫਤੇ ਬਾਅਦ ਵੋਟ ਫੀਸਦੀ ਵਿੱਚ 6 ਫੀਸਦੀ ਦਾ ਵਾਧਾ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਵੀ ਸੁਣਵਾਈ ਅਧੀਨ ਹੈ। ਯਾਦ ਰਹੇ, ਸੁਪਰੀਮ ਕੋਰਟ ਦੇ ਵਕੀਲਾਂ ਦੇ ਇੱਕ ਧੜੇ ਵੱਲੋਂ ਵੋਟਾਂ ਬੈਲਟ ਪੇਪਰਾਂ ‘ਤੇ ਕਰਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਣ ਦੇ ਬਾਵਜੂਦ ਪ੍ਰਮੁੱਖ ਵਿਰੋਧੀ ਸਿਆਸੀ ਪਾਰਟੀਆਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਸੁਪਰੀਮ ਕੋਰਟ ਨੇ ਈ.ਵੀ.ਐਮ. ਮਸ਼ੀਨਾਂ ਹਟਾਉਣ ਦੇ ਹੱਕ ਵਿੱਚ ਫੈਸਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਦਿਲਸਪ ਤੱਥ ਇਹ ਵੀ ਹੈ ਕਿ ਇੱਕ ਪਾਸੇ ਤਾਂ ਮੋਦੀ ਸਰਕਾਰ ਲੋਕ ਸਭਾ ਅਤੇ ਰਾਜ ਵਿਧਾਨ ਸਭਾ ਦੀਆਂ ਚੋਣਾਂ ਇੱਕੋ ਵਾਰ, ਇਕੱਠੀਆਂ ਕਰਵਾਉਣ ਦੀ ਦਲੀਲ ਦੇ ਰਹੀ ਹੈ, ਪਰ ਲੋਕ ਸਭਾ ਚੋਣਾਂ ਕਰਾਉਣ ਦਾ ਖਿਲਾਰਾ 80 ਦਿਨਾਂ ਵਿੱਚ ਖਿਲਾਰ ਦਿੱਤਾ ਗਿਆ ਹੈ। ਭਾਰਤੀ ਜਨਤਾ ਪਾਰਟੀ ਨੇ ਵੋਟਾਂ ਹਾਸਲ ਕਰਨ ਲਈ ਰਾਮ ਮੰਦਰ ਤੋਂ ਆਪਣੀ ਮੁਹਿੰਮ ਸ਼ੁਰੂ ਕੀਤੀ ਤੇ ਮੁਸਲਮਾਨਾਂ ਖਿਲਾਫ ਧਰੁਵੀਕਰਣ ਦੀ ਕੋਸ਼ਿਸ਼ ਅਤੇ ਅਤਿ ਨੀਵੇਂ ਫਿਰਕੂ ਪੱਤੇ ਵਿੱਚੋਂ ਲੰਘਦਿਆਂ ਦੇਸ਼ ਦੀ ਯੋਗ ਅਗਵਾਈ ਤੇ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦੀ ਵਧ ਰਹੀ ਪ੍ਰਤਿਸ਼ਠਾ ਲਈ ਵੋਟ ਮੰਗੀ। ਮੋਦੀ ਨੇ ਲੋਕਾਂ ਨੂੰ ਇਹ ਆਖ ਕੇ ਡਰਾਇਆ ਕਿ ਜੇ ਕਾਂਗਰਸ ਅਤੇ ਉਸ ਦੇ ਭਾਈਵਾਲ ਸੱਤਾ ਵਿੱਚ ਆ ਗਏ ਤਾਂ ਰਾਮ ਮੰਦਰ ‘ਤੇ ਬੁਲਡੋਜਰ ਚਲਾ ਦੇਣਗੇ। ਲੋਕਾਂ ਨੂੰ ਇਹ ਆਖ ਕੇ ਵੀ ਡਰਾਇਆ ਗਿਆ ਕਿ ਕਾਂਗਰਸ ਅਤੇ ਉਸ ਦੇ ਭਾਈਵਾਲ ਤੁਹਾਡਾ ਗਹਿਣਾ ਗੱਟਾ ਅਤੇ ਮੰਗਲ ਸੂਤਰ ਵੀ ਲਾਹ ਲੈਣਗੇ।
ਦੂਜੇ ਪਾਸੇ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਚਲਦੇ ਵਿਰੋਧੀ ਧਿਰ ਦੇ ‘ਇੰਡੀਆ’ ਗੱਠਜੋੜ ਨੇ ਆਪਣਾ ਪ੍ਰਮੁੱਖ ਜ਼ੋਰ ਲੋਕਾਂ ਦੇ ਆਰਥਿਕ ਮੁੱਦਿਆਂ ‘ਤੇ ਦਿੱਤਾ। ਖਾਸ ਕਰਕੇ ਮਹਿੰਗਾਈ, ਬੇਰੁਜ਼ਗਾਰੀ ਅਤੇ ਅਮੀਰ-ਗਰੀਬ ਦੇ ਵਧ ਰਹੇ ਪਾੜੇ ‘ਤੇ ਆਪਣੀ ਚੋਣ ਮੁਹਿੰਮ ਕੇਂਦਰਤ ਕੀਤੀ। ਵਿਰੋਧੀ ਧਿਰ ਨੇ ਆਪਣੀ ਮੁਹਿੰਮ ਵਿੱਚ ਸੰਵਿਧਾਨ ਦੀ ਰਾਖੀ ਅਤੇ ਇਸ ਕਰਕੇ ਪਛੜੇ ਵਰਗਾਂ ਨੂੰ ਮਿਲ ਰਹੀ ਰਿਜ਼ਰਵੇਸ਼ਨ ‘ਤੇ ਆਪਣੇ ਆਪ ਨੂੰ ਕੇਂਦਰਤ ਕੀਤਾ। ਵਿਰੋਧੀ ਗੱਠਜੋੜ ਦੇ ਆਗੂ ਸੰਵਿਧਾਨ ਦੀ ਕਾਪੀ ਹੱਥ ਵਿੱਚ ਲੈ ਸਟੇਜਾਂ ਉਤੇ ਇਹ ਵਾਰ-ਵਾਰ ਕਹਿੰਦੇ ਨਜ਼ਰ ਆਏ ਕਿ ਜੇ ਭਾਰਤੀ ਜਨਤਾ ਪਾਰਟੀ ਸੱਤਾ ਵਿੱਚ ਆ ਗਈ ਤਾਂ ਉਹ ਸੰਵਿਧਾਨ ਨੂੰ ਰੱਦ ਕਰ ਦੇਵੇਗੀ ਅਤੇ ਇਸ ਦੇ ਨਾਲ ਹੀ ਪਛੜੇ ਵਰਗਾਂ ਨੂੰ ਮਿਲ ਰਹੀ ਰਿਜ਼ਰਵੇਸ਼ਨ ਦਾ ਵੀ ਖਾਤਮਾ ਹੋ ਜਾਵੇਗਾ। ਇਸ ਤੋਂ ਇਲਾਵਾ ਕਾਂਗਰਸ ਵੱਲੋਂ ਗਰੀਬ ਔਰਤਾਂ ਨੂੰ ਹਰ ਸਾਲ ਇੱਕ ਲੱਖ ਰੁਪਏ ਦੇਣ ਦਾ ਵਾਅਦਾ ਵੀ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤਾ ਗਿਆ। ਹਰ ਗਰੈਜੂਏਟ ਨੌਜਵਾਨ ਲਈ ਇੱਕ ਸਾਲ ਦੀ ਅਪਰੈਂਟਸ਼ਿਪ ਪੱਕੀ ਕਰਨ ਅਤੇ ਇਸ ਇੱਕ ਸਾਲ ਲਈ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ। ਇਸ ਤੋਂ ਇਲਾਵਾ ਕਿਸਾਨਾਂ ਨਾਲ ਐਮ.ਐਸ.ਪੀ. ਦੀ ਕਾਨੂੰਨੀ ਗਾਰੰਟੀ ਦੇਣ ਅਤੇ ਫੌਜ ਵਿੱਚ ਭਾਜਪਾ ਵੱਲੋਂ ਲਾਗੂ ਕੀਤੀ ਗਈ ਅਗਨੀਵੀਰ ਸਕੀਮ ਨੂੰ ਖਤਮ ਕਰਨ ਦਾ ਵੀ ਵਾਅਦਾ ਕੀਤਾ ਗਿਆ। ਯਾਦ ਰਹੇ, ਭਾਜਪਾ ਵੱਲੋਂ ਫੌਜ ਵਿੱਚ ਪੱਕੀ ਨੌਕਰੀ ਅਤੇ ਪੈਨਸ਼ਨ ਦੀ ਯੋਜਨਾ ਖਤਮ ਕਰ ਦਿੱਤੀ ਗਈ ਹੈ ਅਤੇ ਇਸ ਦੀ ਥਾਂ ਚਾਰ ਸਾਲਾਂ ਲਈ ਅਗਨੀਵੀਰ ਭਰਤੀ ਕੀਤੇ ਜਾਣ ਲੱਗੇ ਹਨ।
ਚੋਣ ਮੁਹਿੰਮ ਜਿਉਂ-ਜਿਉਂ ਅੱਗੇ ਵਧੀ ਤਾਂ ਆਮ ਪ੍ਰਭਾਵ ਇਹ ਬਣਦਾ ਵਿਖਾਈ ਦਿੱਤਾ ਕਿ ਇੰਡੀਆ ਗੱਠਜੋੜ ਨੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਗੱਠਜੋੜ ਨੂੰ ਮੁੱਦਿਆਂ ਦੇ ਮਾਮਲੇ ਵਿੱਚ ਡਿਫੈਂਸਿਵ ਕਰ ਦਿਤਾ ਹੈ। ਇਹ ਪ੍ਰਭਾਵ ਵੋਟ ਪੈਟਰਨ ਵਿੱਚ ਬਦਲਿਆ ਹੈ ਜਾਂ ਨਹੀਂ, ਇਸ ਦਾ ਪਤਾ ਨਤੀਜੇ ਆਉਣ ਤੋਂ ਬਾਅਦ ਹੀ ਲੱਗੇਗਾ। ਇਸ ਤੋਂ ਪਹਿਲਾਂ ਵੱਖ-ਵੱਖ ਧੜਿਆਂ ਨਾਲ ਜੁੜੇ ਮੀਡੀਆ ਦੇ ਸਿਰਫ ਕਿਆਸ ਹਨ, ਜਿਨ੍ਹਾਂ ਦੇ ਗਲਤ ਠੀਕ ਹੋਣ ਦੀ ਪੁਸ਼ਟੀ ਕੋਈ ਨਹੀਂ ਕਰ ਸਕਦਾ।