ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਪਿਛਲੇ ਕਿਸਾਨ ਸੰਘਰਸ਼ ਦੌਰਾਨ ਇੱਕ ਵਾਰ ਫਿਰ ਆਸ ਬੱਝੀ ਸੀ ਕਿ ਕਿਸਾਨੀ ਦਾ ਇਹ ਸ਼ਕਤੀ ਪ੍ਰਦਰਸ਼ਨ ਪੰਜਾਬ ਦੇ ਪੁਨਰ ਉਥਾਨ ਦਾ ਮੁੱਢ ਬੰਨੇ੍ਹਗਾ,
ਪਰ ਇਹ ਦੌਰ ਵੀ ਇੱਕ ਤੇਜ਼ ਸੁਪਨੇ ਦੀ ਤਰ੍ਹਾਂ ਗੁਜ਼ਰ ਗਿਆ ਹੈ। ਇੱਕ ਵਾਰ ਫਿਰ ਵਕਤ ਦੇ ਸ਼ਾਹਸਵਾਰ ਪੰਜਾਬੀ ਚੇਤਨਾ ਦੇ ਵਿਹੜੇ ਸਾਹਮਣਿਓਂ ਦੀ ਇੱਕ ਝਲਕ ਮਾਤਰ ਦੇ ਕੇ ਗੁਜ਼ਰ ਗਏ ਹਨ। ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿੱਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ। ਮਨੋਵਿਗਿਆਨੀ ਆਖਦੇ ਹਨ ਕਿ ਬੰਦੇ ਦਾ ਰੀਅਲ ਸੈਲਫ ਅਤੇ ਆਈਡਲ ਸੈਲਫ ਕਦੇ ਇੱਕ ਨਹੀਂ ਹੋ ਸਕਦੇ, ਪਰ ਆਪਣੇ ਆਦਰਸ਼ ਸੈਲਫ ਲਈ ਅਮੁੱਕ ਤਾਂਘ ਹੀ ਬੰਦੇ ਨੂੰ ਬਾਕੀ ਜਾਨਵਰ ਜਗਤ ਤੋਂ ਵੱਖ ਕਰਦੀ ਹੈ। ਕਿਸੇ ਸਮਾਜ ‘ਤੇ ਵੀ ਸ਼ਾਇਦ ਇਹੋ ਮਨੋਵਿਗਿਆਨਕ ਅਸੂਲ ਲਾਗੂ ਹੁੰਦਾ ਹੋਵੇ। ਆਪਣੇ ਇਤਿਹਾਸ ਵਿੱਚ ਬੀਜੇ ਆਦਰਸ਼ ਆਪਣੇ ਅਸਲ ਨਾਇਕਾਂ ਦੀ ਤਾਲਾਸ਼ ਵਿੱਚ ਸਦਾ ਪੰਜਾਬ ਦੀ ਜਵਾਨੀ ਨੂੰ ਬੇਚੈਨ ਰੱਖਦੇ ਹਨ। ਮੀਡੀਆ ਖੇਤਰ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ ਲੇਖਕ ਜਸਵੀਰ ਸਿੰਘ ਸ਼ੀਰੀ ਨੇ ਇਸ ਨਾਵਲ ਵਿੱਚ ਪੰਜਾਬ ਦੀ ਇਸ ਬੇਚੈਨ ਆਤਮਾ ਨੂੰ ਹੀ ਸੰਬੋਧਨ ਹੋਣ ਦੀ ਕੋਸ਼ਿਸ਼ ਕੀਤੀ ਹੈ। ਇਹ ਨਾਵਲ ਅਸੀਂ ਕਿਸ਼ਤ-ਦਰ-ਕਿਸ਼ਤ ਪ੍ਰਕਾਸ਼ਿਤ ਕਰ ਰਹੇ ਹਾਂ…
ਜਸਵੀਰ ਸਿੰਘ ਸ਼ੀਰੀ
ਅਗਲੇ ਕਈ ਦਿਨ ਉਹ ਕੰਟੀਨ ਆਉਂਦੀਆਂ ਰਹੀਆਂ। ਵੀਰਦੀਪ ਉਨ੍ਹਾਂ ਨੂੰ ਕਿਤੇ ਨਾ ਮਿਲਿਆ। ਉਹ ਪੜ੍ਹਾਈ ਵਿੱਚ ਰੁਝ ਗਿਆ ਸੀ। ਵਿਹਲਾ ਹੁੰਦਾ ਤਾਂ ਲਾਇਬਰੇਰੀ ਜਾ ਵੜਦਾ। ਦਿਲਬਾਗ ਇਲੈਕਟਿਵ ਪੰਜਾਬੀ, ਫਿਜ਼ੀਕਲ ਐਜੂਕੇਸ਼ਨ ਤੇ ਪੁਲਿਟੀਕਲ ਸਾਇੰਸ ਵਿੱਚ ਬੀ.ਏ. ਕਰ ਰਿਹਾ ਸੀ। ਉਹ ਪੜ੍ਹਨ ਵੱਲੋਂ ਥੋੜ੍ਹਾ ਅਵੇਸਲਾ ਜਿਹਾ ਰਹਿੰਦਾ। ਸਿਰਫ ਵੀਰਦੀਪ ਦੇ ਸਾਥ ਲਈ ਲਾਇਬਰੇਰੀ ਆ ਜਾਂਦਾ। ਫੁੱਟਬਾਲ ਖੇਡਦਿਆਂ ਉਹ ਵੀਰਦੀਪ ਦੇ ਮੁਕਾਬਲੇ ਹਮਲਾਵਰ ਦਿਸਦਾ ਹੁੰਦਾ ਸੀ। ਵਿਰੋਧੀ ਖਿਡਾਰੀਆਂ ਨੂੰ ਰੋਕਣ ਲਈ ਫਾਊਲ ਵੀ ਖੇਡ ਜਾਂਦਾ। ਬਾਲ ਨਿਕਲ ਜਾਂਦੀ ਤਾਂ ਬੰਦੇ ਨੂੰ ਸੁੱਟ ਲੈਂਦਾ। ਡਿਫੈਂਸ ਵਿੱਚ ਖੇਡਦਿਆਂ ਵਿਰੋਧੀ ਟੀਮ ਦੇ ਗੋਲਾਂ ਤੱਕ ਜਾ ਪੁੱਜਦਾ। ਇਸੇ ਲਈ ਉਨ੍ਹਾਂ ਦਾ ਕੋਚ ਇੱਕ ਖਿਡਾਰੀ ਨੂੰ ਸੈਂਟਰ ਬੈਕ ਵਜੋਂ ਖਿਡਾਉਂਦਾ। ਕੋਚ ਖੇਡ ਤੋਂ ਪਹਿਲਾਂ ਕਾਗਜ਼ ‘ਤੇ ਰਣਨੀਤੀ ਸਮਝਾਉਂਦਾ। ਗਰਾਉਂਡ ਵਿੱਚ ਜਾ ਕੇ ਦਿਲਬਾਗ ਸਭ ਭੁੱਲ ਜਾਂਦਾ। ਉਹਦਾ ਅਗਰੈਸਿਵ ਇਨਸਟਿੰਕਟ ਉਸ ਦੀ ਖੇਡ ‘ਤੇ ਭਾਰੂ ਹੋ ਜਾਂਦਾ। ਕਾਲਜ ਦੀ ਟੀਮ ਵੱਲੋਂ ਅਤੇ ਇੰਟਰ ਯੂਨੀਵਰਸਿਟੀ ਖੇਡਦਿਆਂ ਉਹ ਆਪਣੇ ਸੁਭਾਅਵਾਂ ਦੇ ਅੰਤਰ ਦੇ ਬਾਵਜੂਦ ਗਹਿਰੇ ਦੋਸਤ ਬਣ ਗਏ। ਉਨ੍ਹਾਂ ਵਿਚਕਾਰ ਸਕੇ ਭਰਾਵਾਂ ਵਰਗਾ ਨਿੱਘ ਸੀ। ਕਈ ਵਾਰ ਕਿਸੇ ਗੱਲ ਬਾਰੇ ਵੀਰਦੀਪ ਹਾਲੇ ਸੋਚ ਰਿਹਾ ਹੁੰਦਾ, ਦਿਲਬਾਗ ਉਹੀ ਗੱਲ ਮੂੰਹੋਂ ਬੋਲ ਦਿੰਦਾ। ਵੀਰਦੀਪ ਆਖਦਾ, ‘ਸੋਚ ਤਾਂ ਯਾਰ ਮੈਂ ਵੀ ਇਵੇਂ ਰਿਹਾ ਸੀ।’
ਦਿਲਬਾਗ ਨੂੰ ਤਾਂ 100 ਫੀਸਦੀ ਵਿਸ਼ਵਾਸ ਸੀ ਕਿ ਉਸ ਦੀ ਚੋਣ ਕੌਮੀ ਟੀਮ ਵਿੱਚ ਹੋ ਜਾਵੇਗੀ। ਨਾ ਚੁਣੇ ਜਾਣ ਕਾਰਨ ਉਹਨੂੰ ਵੀਰਦੀਪ ਨਾਲੋਂ ਜ਼ਿਆਦਾ ਨਿਰਾਸ਼ਾ ਹੋਈ। ਵੀਰਦੀਪ ਚੜ੍ਹੀ ਉੱਤਰੀ ਦੀ ਘੱਟ ਪ੍ਰਵਾਹ ਕਰਦਾ ਸੀ। ਵਧੇਰੇ ਸਹਿਜ ਰਹਿੰਦਾ। ਵੀਰਦੀਪ ਤੇ ਦਿਲਬਾਗ ਦੋਨੋ ਲੈਫਟ ਰਾਈਟ ਫੁੱਲ ਬੈਕ ਖੇਡਦੇ, ਪਰ ਉਨ੍ਹਾਂ ਦੀ ਖੇਡ ਵਿੱਚ ਜ਼ਮੀਨ ਆਸਮਾਨ ਦਾ ਅੰਤਰ ਸੀ। ਦਿਲਬਾਗ ਦੇ ਮੁਕਾਬਲੇ ਵੀਰਦੀਪ ਹਰ ਹਾਲਤ ਵਿੱਚ ਸ਼ਾਂਤ ਰਹਿੰਦਾ। ਉਹ ਬਹੁਤ ਘੱਟ ਫਾਊਲ ਕਰਦਾ। ਡਿਫੈਂਸ ਕਰਨ ਵੇਲੇ ਵੀ ਬੜੀ ਸਫਾਈ ਨਾਲ ਫਾਰਵਰਡਾਂ ਕੋਲੋਂ ਬਾਲ ਖੋਂਹਦਾ। ਕਿਸੇ ਨੂੰ ਸੱਟ ਮਾਰਨ ਜਾਂ ਸੁਟਣ ਦਾ ਯਤਨ ਨਾ ਕਰਦਾ। ਉਹਦੇ ਪਾਸ ਵੀ ਵਧੇਰੇ ਸਟੀਕ ਹੁੰਦੇ, ਬਾਲ ਕੰਟਰੋਲ ਵਿੱਚ ਤਾਂ ਦੋਨੋ ਮਾਹਿਰ ਸਨ ਪਰ ਵੀਰਦੀਪ ਅਤਿ ਸੰਕਟ ਵਿੱਚ ਵੀ ਆਪਣੇ ਖਿਡਾਰੀਆਂ ਕੋਲ ਬਾਲ ਪਹੁੰਚਾ ਦਿੰਦਾ। ਜ਼ੋਰ ਘੱਟ ਲਾਉਂਦਾ, ਦਿਮਾਗ ਦੀ ਵਰਤੋਂ ਵੱਧ ਕਰਦਾ। ਆਪ ਭੱਜਣ ਨਾਲੋਂ ਬਾਲ ਨੂੰ ਜ਼ਿਆਦਾ ਭਜਾਉਂਦਾ, ਪਰ ਦਿਲਬਾਗ ਅਕਸਰ ਵਧੇਰੇ ਦੌੜ੍ਹਦਾ, ਫਾਰਵਰਡਾਂ ਦੀ ਪੁਜੀਸ਼ਨ ‘ਤੇ ਜਾ ਕੇ ਕਈ ਵਾਰ ਗੋਲ ਕਰਨ ਵਿੱਚ ਵੀ ਕਾਮਯਾਬ ਹੋ ਜਾਂਦਾ ਸੀ। ਇੰਜ ਬਹੁਤੀ ਵਾਰ ਉਹ ਅਤਿ ਆਤਮਵਿਸ਼ਵਾਸੀ ਹੋ ਜਾਂਦਾ। ਦਿਲਬਾਗ ਘਰੋਂ ਵਧੇਰੇ ਸੌਖਾ ਸੀ। ਜ਼ਮੀਨ ਭਾਵੇਂ ਘੱਟ ਸੀ ਪਰ ਉਸ ਦਾ ਪਿਤਾ ਨੱਬੇਵਿਆਂ ਦੇ ਅਖੀਰ ਵਿੱਚ ਇਟਲੀ ਚਲਾ ਗਿਆ ਸੀ। ਫਿਰ ਉਥੋਂ ਜਰਮਨ ਚਲਾ ਗਿਆ ਅਤੇ ਰਾਜਨੀਤਿਕ ਸ਼ਰਣ ਲੈ ਲਈ। ਹੌਲੀ ਹੌਲੀ ਵਰਕ ਪਰਮਿਟ ਲੈ ਲਿਆ ਅਤੇ ਘਰ ਦਾ ਗੁਜ਼ਾਰਾ ਸੌਖਾ ਸੀ। ਉਹਨੂੰ ਇਹ ਵੀ ਸੀ ਕਿ ਹੋਰ ਕੁਝ ਨਾ ਬਣਿਆ ਤਾਂ ਬਾਹਰ ਚਲੇ ਜਾਵਾਂਗੇ। ਉਹਦੀ ਮਾਤਾ ਦਾ ਵੀ ਜਰਮਨ ਆਉਣ-ਜਾਣ ਹੋ ਗਿਆ ਸੀ।
ਵੀਰਦੀਪ ਹੁਣ ਪੜ੍ਹਾਈ ਵਿੱਚ ਪੂਰੀ ਤਰ੍ਹਾਂ ਖੁਭ ਗਿਆ। ਉਸ ਦੀ ਦਿਲਚਸਪੀ ਜ਼ਿਆਦਾ ਰਾਜਨੀਤੀ ਸ਼ਾਸ਼ਤਰ ਵਿੱਚ ਸੀ। ਸਮਾਜ ਵਿਗਿਆਨ ਵੀ ਉਹਨੂੰ ਚੰਗੀ ਲਗਦੀ ਪਰ ਇਤਿਹਾਸ ਉਹਨੂੰ ਕਿਸੇ ਨਾਵਲ ਵਾਂਗ ਦਿਲਚਸਪ ਲਗਦਾ। ਉਸ ਨੇ ਰਾਜਨੀਤੀ ਵਿਗਿਆਨ ਵਿੱਚ ਪੀਐਚ.ਡੀ. ਕਰਕੇ ਪ੍ਰੋਫੈਸਰ ਲੱਗਣ ਦੀ ਧਾਰ ਲਈ। ਇਸ ਵਿਚਕਾਰ ਦਿਲਬਾਗ ਦਾ ਕੋਈ ਖਾਸ ਨਿਸ਼ਾਨਾ ਨਹੀਂ ਸੀ। ਉਹ ਵੀਰਦੀਪ ਦੇ ਨਾਲ ਲਾਇਬਰੇਰੀ ਵਿੱਚ ਹੁੰਦਾ ਤਾਂ ਤਰ੍ਹਾਂ ਤਰ੍ਹਾਂ ਦੇ ਰਸਾਲੇ ਫਰੋਲਣ ਲਗਦਾ। ਡਿਫੈਂਸ ਸਟਡੀਜ਼ ‘ਤੇ ਇੱਕ ਮੈਗਜ਼ੀਨ ਆਉਂਦਾ ਸੀ, ਉਸ ਵਿੱਚ ਨਵੇਂ-ਨਵੇਂ ਹਥਿਆਰਾਂ ਦੀਆਂ ਤਸਵੀਰਾਂ ਵੇਖਣ ਲਗਦਾ। ਸਫੇ ਪਲਟਦਾ ਰਹਿੰਦਾ। ਇੱਕ ਨਵਾਂ ਸ਼ੌਕ ਉਸ ਨੇ ਹੋਰ ਪਾਲ ਲਿਆ ਸੀ। ਵੀਰਦੀਪ ਨੂੰ ਲਾਇਬਰੇਰੀ ਵਾੜ ਕੇ ਆਪ ਕਾਲਜ ਦੀ ਤੀਰ-ਅੰਦਾਜ਼ੀ ਦੀ ਟਰੇਨਿੰਗ ਲੈ ਰਹੇ ਮੁੰਡਿਆਂ ਕੋਲ ਚਲਾ ਜਾਂਦਾ। ਆਪ ਵੀ ਨਿਸ਼ਾਨੇ ਲਗਾਉਣ ਲਗਦਾ। ਕਈ ਵਾਰ ਤਾਂ ਤੀਰ ਅੰਦਾਜ਼ੀ ਸਿੱਖ ਰਹੇ ਵਿਦਿਆਰਥੀਆਂ ਨਾਲੋਂ ਵੀ ਸਟੀਕ ਨਿਸ਼ਾਨੇ ਮਾਰਦਾ। ਕੋਚ ਉਹਨੂੰ ਗੇਮ ਵਿੱਚ ਆਉਣ ਲਈ ਕਹਿੰਦਾ, ਪਰ ਉਹ ਜੁਆਬ ਦੇ ਦਿੰਦਾ। ਫੁੱਟਬਾਲ ਵਾਲੇ ਕਿੱਸੇ ਨੇ ਉਸ ਦਾ ਖੇਡ ਫੈਡਰੇਸ਼ਨਾਂ ਵਿੱਚ ਵਿਸ਼ਵਾਸ ਭੰਗ ਕਰ ਦਿੱਤਾ ਸੀ। ‘ਆਪਾਂ ਤਾਂ ਕੋਚ ਸ੍ਹਾਬ ਸ਼ੌਂਕ ਪੂਰਾ ਕਰਨਾ’ ਉਹ ਅਕਸਰ ਹੀ ਅਲਗਰਜ਼ ਜਿਹਾ ਜੁਆਬ ਦਿੰਦਾ।
ਅਗਲੇ ਸਾਲ ਫੁੱਟਬਾਲ ਕੋਚ ਨੇ ਵੀਰਦੀਪ ਤੇ ਦਿਲਬਾਗ ਨੂੰ ਕਾਲਜ ਦੀ ਟੀਮ ਵਾਸਤੇ ਖੇਡਣ ਲਈ ਕਿਹਾ। ਦੋਹਾਂ ਨੇ ਸਪਸ਼ਟ ਜੁਆਬ ਦੇ ਦਿੱਤਾ। ‘ਵੀਰਦੀਪ ਤੇ ਹੁਣ ਪੜ੍ਹਾਕੂ ਹੋ ਗਿਆ, ਤੂੰ ਤੇ ਖੇਡ ਲੈ ਟੀਮ ਲਈ’ ਕੋਚ ਦਿਲਬਾਗ ਨੂੰ ਸੰਬੋਧਨ ਹੋਇਆ। ‘ਆਪਾਂ ਇਹਦੇ ਬੌਡੀਗਾਰਡ ਬਣ ਕੇ ਰਹਿਣਾ ਹੁਣ, ਹੋਰ ਨੀ ਜੀ ਆਪਣੇ ਕੋਲ ਵਿਹਲ’ ਦਿਲਬਾਗ ਵੀ ਸਾਫ ਮੁੱਕਰ ਗਿਆ। ਇਸ ਵਾਰ ਫਿਰ ਕੋਚ ਨੇ ਉਨ੍ਹਾਂ ਦੀ ਥਾਂ ਨਵੇਂ ਖਿਡਾਰੀ ਚੁਣ ਲਏ ਸਨ। ਕਾਲਜ ਪ੍ਰਿੰਸੀਪਲ ਨੇ ਵੀ ਉਨ੍ਹਾਂ ਨੂੰ ਬੁਲਾ ਕੇ ਖੇਡਣ ਲਈ ਕਿਹਾ, ਪਰ ਉਹ ਮੰਨੇ ਨਾ।
ਕਾਲਜ ਦੀ ਸਟੂਡੈਂਟ ਯੂਨੀਅਨ ਦੀ ਚੋਣ ਆਉਣ ਵਾਲੀ ਸੀ। ਦੋਹਾਂ ਨੇ ਕਾਲਜ ਦੀਆਂ ਚੋਣਾਂ ਲੜਨ ਦਾ ਮਨ ਬਣਾਇਆ। ਵੀਰਦੀਪ ਨੇ ਪ੍ਰਧਾਨਗੀ ਲਈ ਅਤੇ ਦਿਲਬਾਗ ਨੇ ਜਨਰਲ ਸਕੱਤਰੀ ਵਾਸਤੇ। ਚੋਣ ਮੁਹਿੰਮ ਦੌਰਾਨ ਬਥੇਰੀ ਘੜਮੱਸ ਪਈ। ਕਈ ਵਾਰ ਟਕਰਾਅ ਹੁੰਦਾ ਹੁੰਦਾ ਬਚਿਆ। ਹਰ ਵਾਰ ਦਿਲਬਾਗ ਤਾਅ ਖਾ ਜਾਂਦਾ, ਪਰ ਵੀਰਦੀਪ ਸਿਆਣਪ ਨਾਲ ਸਾਰੇ ਮਾਮਲੇ ਨੂੰ ਠੰਡਾ ਕਰ ਲੈਂਦਾ। ਉਹ ਵਿਰੋਧੀਆਂ ਨਾਲ ਵੀ ਬੜੇ ਸਲੀਕੇ ਨਾਲ ਪੇਸ਼ ਆਉਂਦਾ। ਉਹ ਦੋਵੇਂ ਜਿੱਤ ਗਏ। ਬਾਕੀ ਮੈਂਬਰ ਵਿਰੋਧੀ ਗਰੁੱਪ ਦੇ ਜਿੱਤ ਗਏ ਸਨ। ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਨੇ ਇੱਕ ਹੋਰ ਰੁਝੇਵਾਂ ਛੇੜ ਲਿਆ ਸੀ। ਵੀਰਦੀਪ ਨੇ ਰੁਝੇਵਾਂ ਇਹ ਸੋਚ ਕੇ ਪੈਦਾ ਕੀਤਾ ਸੀ ਕਿ ਛੋਟੇ ਪੱਧਰ ‘ਤੇ ਹੀ ਸਹੀ, ਉਨ੍ਹਾਂ ਨੂੰ ਚੋਣ ਸਿਆਸਤ ਦਾ ਤਜ਼ਰਬਾ ਹੋ ਜਾਵੇਗਾ। ਰਾਜਨੀਤੀ ਸ਼ਾਸ਼ਤਰ ਵਿੱਚ ਉਸਦੀ ਦਿਲਚਸਪੀ ਜਿਉਂ ਸੀ। ਦਿਲਬਾਗ ਇਹੋ ਜਿਹੇ ਕੰਮਾਂ ਵਿੱਚ ਉਂਝ ਹੀ ਬਾਗੋ-ਬਾਗ ਰਹਿੰਦਾ। ਉਹਨੂੰ ਇਹ ਵੀ ਸੀ ਕਿ ਚਲੋ ਵੀਰਦੀਪ ਨਾਲ ਜੋਟੀ ਬਣੀ ਰਹੂ।
ਪਿਛਲੇ ਸਾਲ ਕੰਟੀਨ ਵਾਲੀ ਮੁਲਾਕਾਤ ਤੋਂ ਬਾਅਦ ਵੀਰਦੀਪ ਅਤੇ ਸਿਮਰਨ ਹੋਰਾਂ ਦਾ ਟਾਕਰਾ ਨਹੀਂ ਸੀ ਹੋਇਆ। ਉਹ ਰਾਹ ਜਾਂਦਿਆਂ ਕਈ ਵਾਰ ਮਿਲਦੇ, ਪਰ ਸਰਸਰੀ ਦੁਆ ਸਲਾਮ ਤੋਂ ਬਾਅਦ ਗੱਲ ਅੱਗੇ ਨਾ ਤੁਰਦੀ। ਚੋਣਾਂ ਵੇਲੇ ਉਹ ਹਰਜੀਤ ਤੇ ਸਿਮਰਨ ਨੂੰ ਮਿਲੇ ਸਨ ਅਤੇ ਵੋਟਾਂ ਲਈ ਹਮਾਇਤ ਵੀ ਮੰਗੀ ਸੀ। ਕੁੜੀਆਂ ਖੁੱਲ੍ਹ ਕੇ ਤਾਂ ਉਨ੍ਹਾਂ ਦੇ ਪੱਖ ਵਿੱਚ ਨਾ ਆਈਆਂ, ਪਰ ਅੰਦਰੋ ਅੰਦਰੀ ਉਨ੍ਹਾਂ ਦੋਹਾਂ ਦੇ ਪੱਖ ਵਿੱਚ ਕਾਫੀ ਜ਼ੋਰ ਲਾਇਆ।
ਹੁਣ ਵੀਰਦੀਪ ਹੋਰਾਂ ਨੂੰ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦੇ ਮਸਲੇ ਵੀ ਨਜਿੱਠਣੇ ਪੈਂਦੇ। ਵੀਰਦੀਪ ਲਈ ਪੜ੍ਹਾਈ ਵੀ ਜ਼ਰੂਰੀ ਸੀ। ਉਹਨੇ ਯੂਨੀਅਨ ਦੇ ਕੰਮਾਂ ਲਈ ਦਿਲਬਾਗ ਦੀ ਡਿਊਟੀ ਲਾ ਦਿੱਤੀ। ਉਹ ਇਹੋ ਜਿਹੇ ਕੰਮਾਂ ਵਿੱਚ ਖੁਸ਼ ਰਹਿੰਦਾ। ਜਿੱਥੇ ਲੋੜ ਪੈਂਦੀ ਦਬਕਾ ਸ਼ਬਕਾ ਵੀ ਮਾਰ ਲੈਂਦਾ। ਜਦੋਂ ਮਸਲੇ ਅੜ ਜਾਂਦੇ ਤਾਂ ਵੀਰਦੀਪ ਦੀ ਸਲਾਹ ਲੈਂਦਾ। ਕਦੀ ਕਦੀ ਉਹਨੂੰ ਨਾਲ ਵੀ ਲੈ ਜਾਂਦਾ। ਬਹੁਤੀ ਵਾਰ ਆਪਣੇ ਵਾਈਸ ਪ੍ਰਧਾਨ ਨਾਲ ਕੰਮ ਸਾਰਦਾ। ਥੋਰੇ-ਫੇਰੇ ਦੌਰਾਨ ਹਰਜੀਤ ਤੇ ਸਿਮਰਨ ਦਿਲਬਾਗ ਨੂੰ ਅਕਸਰ ਮਿਲ ਜਾਂਦੀਆਂ। ‘ਤੇਰਾ ਜੋਟੀਦਾਰ ਕਿੱਧਰ ਗਾਇਬ ਹੋ ਗਿਆ?’ ਇੱਕ ਦਿਨ ਸਿਮਰਨ ਦਿਲਬਾਗ ਨੂੰ ਪੁੱਛਣ ਲੱਗੀ। ‘ਉਹ ਲਾਇਬਰੇਰੀ ਹੋਣਾ, ਹੋਰ ਉਹਨੇ ਕਿੱਥੇ ਜਾਣਾ’ ਦਿਲਬਾਗ ਨੇ ਜੁਆਬ ਦਿੱਤਾ। ‘ਅਸੀਂ ਕੰਟੀਨ ਬੈਠੀਆਂ ਉਹਨੂੰ ਲੈ ਕੇ ਆਵੀਂ। ਉਹ ਤਾਂ ਪੱਕਾ ਈ ਸਿਆਸਤਦਾਨ ਨਿਕਲਿਆ, ਵੋਟਾਂ ‘ਚ ਜਿੱਤਣ ਬਾਅਦ ਦਿਸਿਆ ਈ ਨੀ।’ ਕੁੜੀ ਨੇ ਦਿਲਬਾਗ ਨੂੰ ਇੱਕ ਤਰ੍ਹਾਂ ਨਾਲ ਹੁਕਮ ਦਿੱਤਾ। ਦਿਲਬਾਗ ਨੇ ਲਾਇਬਰੇਰੀ ਇੰਚਾਰਜ ਨੂੰ ਫੋਨ ਮਿਲਾਇਆ ਤੇ ਵੀਰਦੀਪ ਨੂੰ ਕੰਟੀਨ ਵੱਲ ਆਉਣ ਲਈ ਸੁਨੇਹਾ ਦੇਣ ਵਾਸਤੇ ਕਿਹਾ। ਥੋੜ੍ਹੀ ਦੇਰ ਬਾਅਦ ਦੋਨੋਂ ਕੰਟੀਨ ਪਹੁੰਚ ਗਏ। ਅੱਜ ਹਰਜੀਤ ਤੇ ਸਿਮਰਨ ਆਪਣੇ ਸਾਇੰਸ ਵਾਲੇ ਗਰੁੱਪ ਨਾਲ ਨਹੀਂ ਸਨ। ਉਹ ਚਾਰ ਕੁਰਸੀਆਂ ਵਾਲੇ ਟੇਬਲ ਦੇ ਦੋਨੋਂ ਪਾਸੇ ਆਹਮੋ ਸਾਹਮਣੇ ਬੈਠ ਗਏ।
ਉਹ ਹਾਲੇ ਬੈਠੇ ਹੀ ਸਨ ਤੇ ਸਿਮਰਨ ਨੇ ਵਿਅੰਗ ਕੀਤਾ, ‘ਕਿੱਦਾਂ ਸਿਆਸਤਦਾਨੋ, ਵੋਟਾਂ ਲੈਣ ਮਗਰੋਂ ਮੂੰਹ ਈ ਨੀ ਵਿਖਾਇਆ।’
‘ਬਸ ਰੁਝ ਈ ਜ਼ਿਆਦਾ ਗਏ ਸਿਮਰਨ, ਇਹ ਯੂਨੀਅਨ ਦੇ ਕੰਮਾਂ ‘ਚ ਤੇ ਮੈਂ ਪੜ੍ਹਾਈ ਵਿੱਚ’ ਵੀਰਦੀਪ ਨੇ ਜੁਆਬ ਦਿੱਤਾ।
‘ਏਡਾ ਤਾਂ ਪੜ੍ਹਾਕੂ ਨੀ ਸੀ ਤੂੰ’ ਸਿਮਰਨ ਮਜ਼ਾਕ ਦੇ ਮੂਡ ਵਿੱਚ ਸੀ।
‘ਹੁਣ ਹੋ ਗਿਆ ਇਹ ਪੜ੍ਹਾਕੂ’ ਦਿਲਬਾਗ ਨੇ ਜੁਆਬ ਦਿੱਤਾ।
‘ਤੇ ਤੂੰ ਕੀ ਖੱਟੀ ਕਰਦਾਂ ਯੂਨੀਅਨ `ਚੋਂ’ ਹਰਜੀਤ ਪੁਛਣ ਲੱਗੀ।
‘ਮੈਂ ਤਾਂ ਮੌਜ ਮੇਲਾ ਕਰਦਾਂ’ ਦਿਲਬਾਗ ਦਾ ਜਵਾਬ ਸੀ।
ਦਿਲਬਾਗ ਦਾ ਜੁਆਬ ਸੁਣ ਕੇ ਕੁੜੀਆਂ ਖਿੜ-ਖਿੜਾ ਕੇ ਹੱਸ ਪਈਆਂ, ‘ਲੈ ਸੁਣ ਲੈ ਇਹਦੇ ਲਤੀਫੇ’ ਸਿਮਰਨ ਕਹਿਣ ਲੱਗੀ।
‘ਤੈਨੂੰ ਬਾਪੂ ਦੀ ਕਮਾਈ ਜਿਉਂ ਆਉਂਦੀ।’ ਇਸ ਵਾਰ ਸਿਮਰਨ ਨੇ ਸਵਾਲ ਕਰਨ ਵਾਂਗ ਕਿਹਾ।
‘ਬਾਪੂਆਂ ਦੇ ਸਿਰ ‘ਤੇ ਐਸ਼ਾਂ ਹੁੰਦੀਆਂ’ ਦਿਲਬਾਗ ਹੁਣ ਗਲੋਟੇ ਵਾਂਗ ਉਧੜ ਰਿਹਾ ਸੀ।
‘ਆਪ ਵੀ ਆਪਦੇ ਬਾਰੇ ਕੁਝ ਸੋਚ ਲੈਣਾ ਚਾਹੀਦਾ’ ਸਿਮਰਨ ਨੇ ਫਿਰ ਉਹਨੂੰ ਘੇਰਨ ਦੀ ਕੋਸ਼ਿਸ਼ ਕੀਤੀ।
‘ਸੋਚਣ ਲਈ ਆਹ ਸਾਡਾ ਵੱਡਾ ਬਾਈ ਹੈਗਾ’, ਦਿਲਬਾਗ ਨੇ ਵੀਰਦੀਪ ਦੇ ਮੋਢਿਆਂ ਤੋਂ ਦੀ ਬਾਂਹ ਵਲਦਿਆਂ ਕਿਹਾ।
‘ਇਦਾਂ ਨੀ ਤੁਸੀਂ ਇਹਨੂੰ ਘੇਰ ਸਕਦੀਆਂ, ਇਹ ਵਿਰੋਧੀਆਂ ਦੀ ਸਾਰੀ ਟੀਮ ਪਛਾੜ ਕੇ ਗੋਲ ਕਰ ਆਉਂਦਾ ਸੀ’ ਹੁਣ ਵੀਰਦੀਪ ਨੇ ਦਿਲਬਾਗ ਦੀ ਸਿਫਤ ਕੀਤੀ।
‘ਹਾਂ ਸੱਚ ਤੁਹਾਡਾ ਪਿਛਲੀ ਵਾਰ ਨੈਸ਼ਨਲ ਟੀਮ ਵਾਲੇ ਟਰਾਇਲ ‘ਚ ਕੀ ਬਣਿਆ ਸੀ ’ਸਿਮਰਨ ਨੇ ਸਵਾਲ ਕੀਤਾ।
‘ਬਣਨਾ ਕੀ ਸੀ, ਲੰਡੂ ਜੇ ਪਲੇਅਰ ਚੁਣ ਲੇ ਸਾਲਿਆਂ ਨੇ, ਕਈ ਸਿਫਾਰਸ਼ੀ ਨੌਮੀਨੇਟ ਕਰ ਲੇ, ਸਾਡੇ ਵਰਗੇ ਖੇਡਣ ‘ਤੇ ਹੀ ਜ਼ੋਰ ਲਾਉਂਦੇ ਮਰਗੇ, ਹਿੰਦੁਸਤਾਨ ‘ਚ ਪੰਜਾਬ ਨਾਲ ਜੋ ਹੁੰਦਾ ਉਹੀ ਸਾਡੇ ਨਾਲ ਹੋਇਆ।’ ਵੀਰਦੀਪ ਨੇ ਰਾਜਨੀਤਿਕ ਵਿਗਿਆਨ ਦੀ ਭਾਸ਼ਾ ਵਿੱਚ ਖੇਡ ਨੂੰ ਪਰਿਭਾਸ਼ਤ ਕੀਤਾ।
‘ਮਤਲਬ ਸਮਝਾਉ ਇਹਦਾ ਸਾਨੂੰ’ ਸਿਮਰਨ ਨੇ ਡਿਟੇਲ ਪੁੱਛੀ।
‘ਪੰਜਾਬ ਦੇ ਚਾਰ ਪਲੇਅਰ ਚੋਣ ਦੇ ਕਾਬਲ ਸਨ, 2 ਰੱਖ ਲਏ ਤੇ ਸਾਨੂੰ ਦੋਹਾਂ ਨੂੰ ਮੋੜ‘ਤਾ, ਅਖੇ ਸਾਰੇ ਪੰਜਾਬ ਦੇ ਥੋੜੀ ਰੱਖਣੇ ਆ, ਬਾਕੀ ਵੀ ਸਾਰਾ ਹਿੰਦੁਸਤਾਨ ਪਿਆ’ ਦਿਲਬਾਗ ਨੇ ਜਿਵੇਂ ਵੀਰਦੀਪ ਦਾ ਉਲਥਾ ਕੀਤਾ।
‘ਅੱਛਾ ਇਦਾਂ ਵੀ ਹੁੰਦਾ, ਫਿਰ ਯੋਗਤਾ ਦਾ ਕੀ ਮੁੱਲ ਐ ਇਥੇ’ ਸਿਮਰਨ ਨੇ ਹੁੰਘਾਰਾ ਦਿੱਤਾ।
ਯੋਗਤਾ-ਯਾਗਤਾ ਨੂੰ ਕੌਣ ਪੁੱਛਦਾ ਇਥੇ, ਅੰਨ੍ਹੀ ਪੀਂਹਦੀ ਕੁੱਤੇ ਚੱਟੀ ਜਾਂਦੇ’ ਦਿਲਬਾਗ ਦਾ ਗੁੱਸਾ ਹਾਲੇ ਵੀ ਉਵੇਂ ਮਘਦਾ ਸੀ।
‘ਫੇਰ ਆਹ ਡਿਗਰੀਆਂ ਜਹੀਆਂ ਕਾਹਨੂੰ ਕਰੀ ਜਾਨੇਂ ਆਪਾਂ’ ਦੇਰ ਤੋਂ ਸੁਣਦੀ ਹਰਜੀਤ ਅਖੀਰ ਬੋਲ ਈ ਪਈ।
‘ਆਪਾਂ ਤਾਂ ਤਾਹੀਂ ਮੌਜ ਮੇਲਾ ਕਰਨ ਦਾ ਫੈਸਲਾ ਕਰ ਲਿਆ, ਬਾਈ ਵੀਰਦੀਪ ਕਰੂ ਮੇਰੇ ਹੁੰਦੀ ਡਿਗਰੀ ਵੀ’ ਦਿਲਬਾਗ ਨੇ ਹੁਣ ਮਾਹੌਲ ਹਾਸ ਰਸ ਵਾਲਾ ਬਣਾ ਦਿੱਤਾ।
‘ਮਾੜੀ ਹੋਈ ਫੇਰ ਤੇ ਬਈ ਤੁਹਾਡੇ ਨਾਲ’ ਸਿਮਰਨ ਫਿਰ ਮਾਯੂਸੀ ‘ਚ ਬੋਲੀ।
‘ਦਿਲਬਾਗ ਤਾਂ ਚੋਣ ਕਮੇਟੀ ਦੇ ਚੇਅਰਮੈਨ ਨਾਲ ਔਖਾ ਭਾਰਾ ਵੀ ਹੋ ਗਿਆ ਸੀ, ਅਗਲੇ ਹੋਰ ਖਿਝ ਗਏ’ ਸਾਰੀ ਕਹਾਣੀ ਵੀਰਦੀਪ ਨੇ ਦੱਸੀ।
‘ਛੱਡੋ ਪਰੇ ਯਾਰ ਹੁਣ, ਰਾਤ ਗਈ ਤੇ ਬਾਤ ਗਈ’ ਦਿਲਬਾਗ ਮੌਜੂਦਾ ਮਾਹੌਲ ਦਾ ਆਨੰਦ ਲੈਣਾ ਚਾਹੁੰਦਾ ਸੀ।
‘ਇਸ ਵਾਰ ਟਰਾਈ ਕਰ ਲੈਣਾ ਸੀ ਤੁਸੀਂ’ ਸਿਮਰਨ ਦੀ ਕੁੰਡੀ ਹਾਲੇ ਵੀ ਉਥੇ ਹੀ ਫਸੀ ਹੋਈ ਸੀ।
‘ਹੁਣ ਨੀ ਬਣਨੀ ਗੱਲ’ ਵੀਰਦੀਪ ਨੇ ਦੋ ਤਿੰਨ ਲਫਜ਼ਾਂ ‘ਚ ਗੱਲ ਮੁਕਾਈ।
‘ਛੱਡੋ ਵੀ ਯਾਰ, ਕਾਹਨੂੰ ਆਠਰੇ ਜ਼ਖਮ ਹਰੇ ਕਰੀ ਜਾਨੇ ਉਂ’ ਦਿਲਬਾਗ ਖਿਝ ਗਿਆ, ਤੇ ਸਾਰੇ ਚੁੱਪ ਕਰ ਗਏ।
ਹੁਣ ਸਿਮਰਨ ਨੇ ਦਿਲਬਾਗ ਵੱਲ ਧਿਆਨ ਨਾਲ ਵੇਖਿਆ, ਉਹਦਾ ਗੁਲਾਬੀ ਭਾਅ ਮਾਰਦਾ ਚਿਹਰਾ ਪੀਲਾ ਪੈ ਗਿਆ ਸੀ, ਬੁੱਲ੍ਹ ਕਾਲੇ ਤੇ ਰੁਖੇ ਜਿਹੇ ਹੋ ਗਏ ਸਨ।
‘ਤੂੰ ਐਵੇਂ ਡਿਸਟਰਬ ਹੋਈ ਜਾਨਾਂ, ਸਾਡਾ ਵੀਰਦੀਪ ਵੇਖ ਲੈ ਭੋਰਾ ਡਿਸਟਰਬ ਨੀ ਹੁੰਦਾ’ ਸਿਮਰਨ ਨੇ ਮੁੰਡੇ ਨੂੰ ਨਾਰਮਲ ਕਰਨ ਲਈ ਆਖਿਆ।
‘ਵੀਰ ਥੋਡਾ ਜਿਉਂ ਹੋਇਆ’ ਦਿਲਬਾਗ ਵਿਅੰਗ ਜਿਹੇ ਨਾਲ ਮੁਸਕਰਾਇਆ।
‘ਇਹ ਮੇਰੇ ਨਾਲੋਂ ਚੰਗਾ ਖਿਡਾਰੀ ਆ, ਇਹਦੀ ਸਰੀਰਕ ਬਣਤਰ ਵੀ ਐਥਲੀਟਾਂ ਵਾਲੀ ਐ, ਸਪਰਿੰਟਰ ਵੀ ਤਕੜਾ ਮੇਰੇ ਨਾਲੋਂ, ਕੈਂਪ ਵਿੱਚ ਸਾਰਿਆਂ ਤੋਂ ਅੱਗੇ ਰਹਿੰਦਾ, ਇਸੇ ਲਈ ਇਹ ਵੱਧ ਦੁਖੀ ਹੁੰਦਾ’ ਵੀਰਦੀਪ ਦੇ ਇਨ੍ਹਾਂ ਬੋਲਾਂ ਨਾਲ ਦਿਲਬਾਗ ਸਹਿਜ ਹੋਣ ਲੱਗਾ। ਥੋੜ੍ਹੇ ਕੁ ਪਲਾਂ ‘ਚ ਉਹਦੇ ਚਿਹਰੇ ਦੀ ਰੌਣਕ ਪਰਤਣ ਲੱਗੀ।
ਦਿਲਬਾਗ ਨੇ ਦੋਹਾਂ ਕੁੜੀਆਂ ਦਾ ਹੁਣ ਧਿਆਨ ਖਿੱਚਿਆ। ਕੱਦ ਉਹਦਾ ਵੀਰਦੀਪ ਕੁ ਜਿੰਨਾ ਹੀ ਸੀ, ਸਰੀਰ ਕੁਝ ਹਲਕਾ, ਕੱਟੇ ਹੋਏ ਵਾਲ ਤੇ ਦਾਹੜੀ ਭਰਵੀਂ, ਪਰ ਥੋੜ੍ਹੀ ਥੋੜ੍ਹੀ ਕਤਰੀ ਹੋਈ। ਰੰਗ ਵੀਰਦੀਪ ਨਾਲੋਂ ਕੁਝ ਸਾਫ ਸੀ। ਖੁਸ਼ ਹੁੰਦਾ ਤਾਂ ਚਿਹਰਾ ਗੁਲਾਬੀ ਭਾਅ ਮਾਰਨ ਲਗਦਾ। ਆਮ ਤੌਰ ‘ਤੇ ਖੁਸ਼ ਹੀ ਰਹਿੰਦਾ। ਕਾਹਲ਼ੀ ਨਾਲ ਤੁਰਦਾ, ਉਹਦੇ ਨਾਲ ਤੁਰਨ ਵਾਲੇ ਨੂੰ ਕਈ ਵਾਰ ਭੱਜ ਕੇ ਨਾਲ ਰਲਣਾ ਪੈਂਦਾ। ਪਰ ਮਾੜੇ ਹਾਲਾਤ ਵਿੱਚ ਝੱਟ ਗੁੱਸੇ ਨਾਲ ਉੱਬਲਣ ਲਗਦਾ, ਸ਼ਾਂਤ ਕਰਨਾ ਔਖਾ ਹੋ ਜਾਂਦਾ। ਵੀਰਦੀਪ ਦੇ ਲਗਪਗ ਉਲਟ ਸੁਭਾਅ ਸੀ ਉਹਦਾ। ਪਰ ਛੋਟੇ ਭਰਾਵਾਂ ਵਾਂਗ ਉਹਦੇ ਅੱਗੇ ਪਿਛੇ ਘੁੰਮਦਾ ਰਹਿੰਦਾ। ਉਹਦੇ ਨਾਲ ਤੁਰਦਿਆਂ ਦਿਲਬਾਗ ਦੀ ਤੋਰ ਵੀ ਸਹਿਜ ਹੋ ਜਾਂਦੀ।
‘ਮੁੰਡੇ ਕਾਹਦੇ ਆ, ਰਾਮ ਲਛਮਣ ਦੀ ਜੋੜੀਓ ਆ, ਕਿੰਨੇ ਸੈਂਸਿਟਿਵ ਆ ਇੱਕ-ਦੂਜੇ ਪ੍ਰਤੀ।’ ਕਲਾਸ ਵੱਲ ਵਾਪਸ ਪਰਤਦਿਆਂ ਹਰਜੀਤ ਕਹਿਣ ਲੱਗੀ।
‘ਸੁਭਾਅ ਵੇਖ ਲਾ ਕਿੰਨੇ ਉਲਟ ਨੇ ਦੋਹਾਂ ਦੇ, ਫਿਰ ਵੀ ਭਰਾਵਾਂ ਵਾਂਗ ਪੱਖ ਪੂਰਦੇ ਇੱਕ ਦੂਜੇ ਦਾ’ ਸਿਮਰਨ ਨੇ ਅਗਲੀ ਗੱਲ ਕੀਤੀ।
‘ਆਪਣੀਆਂ ਕੁੜੀਆਂ ਵੇਖ ਲਾ ਮਿੰਟਾਂ ‘ਚ ਮਿਹਣੋ ਮੇਹਣੀ ਹੋ ਜਾਂਦੀਆਂ। ਜੈਲਸੀ ਕੁੱਟ-ਕੁੱਟ ਕੇ ਭਰੀ ਹੁੰਦੀ ਕੁੜੀਆਂ ‘ਚ’ ਹਰਜੀਤ ਨੇ ਜਵਾਬ ਦਿੱਤਾ।
‘ਵੀਰਦੀਪ ਬਿਲਕੁਲ ਡਿਸਟਰਬ ਨੀ ਹੁੰਦਾ ਪਾਸਟ ਬਾਰੇ ਗੱਲ ਕਰਦਿਆਂ, ਦਿਲਬਾਗ ਆ ਕਿ ਫੱਕ ਹੋ ਗਿਆ ਦੋ ਮਿੰਟ ‘ਚ’ ਹਰਜੀਤ ਨੇ ਦੋਹਾਂ ਦੀ ਤੁਲਨਾ ਕੀਤੀ।
‘ਇਹੀ ਕੁਦਰਤ ਆ, ਸੁਭਾਅ ਹੁੰਦੇ ਆਪੋ ਆਪਣੇ’ ਸਿਮਰਨ ਨੇ ਹਰਜੀਤ ਨੂੰ ਸਮਝਾਉਣ ਦਾ ਯਤਨ ਕੀਤਾ।
ਗੱਲੀਂ ਪਈਆਂ ਕਦੋਂ ਕਲਾਸ ‘ਚ ਆ ਗਈਆਂ ਪਤਾ ਹੀ ਨਹੀਂ ਸੀ ਲੱਗਾ। ਕੰਟੀਨ ਵਿੱਚ ਬੈਠੀਆਂ ਨੇ ਅੱਜ ਇੱਕ ਕਲਾਸ ਵੀ ਮਿੱਸ ਕਰ ਦਿੱਤੀ ਸੀ, ਆਖਰੀ ਪੀਰੀਅਡ ਬਾਅਦ ਹੁਣ ਛੁੱਟੀ ਹੋ ਜਾਣੀ ਸੀ।
ਸਿਮਰਨ ਤੇ ਹਰਜੀਤ ਇਸ ਵਾਰ ਬੀ.ਐਸਸੀ. ਫਾਈਨਲ ਵਿੱਚ ਸਨ। ਵੀਰਦੀਪ ਹੋਰੀਂ ਫੁੱਟਬਾਲ ਦੇ ਚੱਕਰ ਵਿੱਚ ਇੱਕ ਸਾਲ ਮਿੱਸ ਕਰ ਬੈਠੇ ਸਨ ਤੇ ਬੀ.ਏ. ਦੂਜੇ ਸਾਲ ਦੇ ਵਿਦਿਆਰਥੀ ਸਨ। ਅਗਲੇ ਤਿੰਨ ਸਾਲ ਉਨ੍ਹਾਂ ਇਸੇ ਕਾਲਜ ਵਿੱਚ ਪੜ੍ਹਨਾ ਸੀ।
—
ਮੁੰਡਾ ਹੋਣ ਤੋਂ ਬਾਅਦ ਨਸੀਬੋ ਦਾ ਨਵੇਂ ਘਰ ਵਿੱਚ ਦਿਲ ਲੱਗਣ ਲੱਗਾ ਸੀ। ਉਹਦਾ ਮਾਣ-ਤਾਣ ਵੀ ਵਧ ਗਿਆ। ਨਸੀਬੋ ਦੀ ਸੱਸ ਪੋਤੇ ਨੂੰ ਲੋਰੀਆਂ ਦਿੰਦੀ ਨਸੀਬੋ ਨੂੰ ਵੀ ਅਸੀਸਾਂ ਦਿੰਦੀ ਰਹਿੰਦੀ। ਪਹਿਲਾਂ ਪਹਿਲ ਉਹ ਨਸੀਬ ਕੁਰ ਦੀ ਜਾਤ-ਕੁਜਾਤ ਵੀ ਪਰਖ ਦਿੰਦੀ ਸੀ। ਗੁਰਮੀਤ ਦੀ ਪਹਿਲੀ ਕੁੜੀ 12ਵੀਂ ਟੱਪ ਗਈ ਸੀ। ਉਹ ਪੜ੍ਹਨ ਨੂੰ ਤੇਜ਼ ਨਿਕਲੀ। ਉਹਨੇ ਮੈਡੀਕਲ ਵਿੱਚ 12ਵੀਂ ਪਾਸ ਕੀਤੀ ਅਤੇ ਐਮ.ਬੀ.ਬੀ.ਐਸ. ਲਈ ਦਾਖਲਾ ਟੈਸਟ ਪਾਸ ਕਰ ਗਈ ਤੇ ਪਟਿਆਲੇ ਰਾਜਿੰਦਰਾ ਮੈਡੀਕਲ ਕਾਲਜ ਵਿੱਚ ਐਮ.ਬੀ.ਬੀ.ਐਸ. ਦੀ ਡਿਗਰੀ ਕਰਨ ਲੱਗੀ। ਨਸੀਬੋ ਤੋਂ ਗੁਰਮੀਤ ਦਾ ਮੁੰਡਾ ਹੁਣ ਦੂਜੀ ਜਮਾਤ ਵਿੱਚ ਪੜ੍ਹਦਾ ਸੀ। ਉਹਦੇ ਵਿੱਚ ਵੀ ਪੜ੍ਹਾਕੂਆਂ ਵਾਲੇ ਲੱਛਣ ਸਨ। ਉਹ ਸਕੂਲੋਂ ਆਉਣ ਬਾਅਦ ਵੀ ਬਹੁਤਾ ਸਮਾਂ ਕਿਤਾਬਾਂ ਨਾਲ ਖੇਡਦਾ ਰਹਿੰਦਾ। ਖਾਲੀ ਕਾਪੀਆਂ ‘ਤੇ ਕੁਝ ਨਾ ਕੁਝ ਝਰੀਟਦਾ ਰਹਿੰਦਾ। ਨਸੀਬੋ ਆਪ ਤਾਂ ਪੰਜਵੀਂ ਤੱਕ ਹੀ ਪੜ੍ਹੀ ਸੀ, ਉਸ ਨੂੰ ਕਿਤਾਬਾਂ ਵਿੱਚ ਬਹੁਤੀ ਰੁਚੀ ਵੀ ਨਹੀਂ ਸੀ। ਆਪਣੇ ਦੂਜੇ ਵਿਆਹ ਤੋਂ ਬਾਅਦ ਕਈ ਸਾਲਾਂ ਤੱਕ ਨਸੀਬੋ ਨੂੰ ਵੀਰਦੀਪ ਤੇ ਹੁਕਮਾ ਭੁੱਲਦੇ ਨਹੀਂ ਸਨ। ਉਹ ਉਨ੍ਹਾਂ ਨੂੰ ਪਲ-ਪਲ ਯਾਦ ਕਰਦੀ, ਪਰ ਨਵੇਂ ਘਰ ਬੱਚਾ ਹੋ ਜਾਣ ਤੋਂ ਬਾਅਦ ਉਹ ਦੋਨੋ ਨਸੀਬੋ ਦੇ ਚੇਤੇ ਵਿੱਚੋਂ ਵਿਸਰਨ ਲੱਗੇ। ਹੁਣ ਤਾਂ ਉਹ ਕਦੀ ਕਦੀ ਹੀ ਨਸੀਬੋ ਨੂੰ ਯਾਦ ਆਉਂਦੇ। ਉਹਨੂੰ ਫਿਰ ਪਛਤਾਵਾ ਜਿਹਾ ਵੀ ਹੁੰਦਾ, ਹਾਏ ਮੈਂ ਤਾਂ ਉਨ੍ਹਾਂ ਨੂੰ ਭੁੱਲ ਈ ਗਈ। ਕਦੀ ਕਦੀ ਉਹ ਵੀਰਦੀਪ ਨੂੰ ਮਿਲਣ ਲਈ ਖਾਸੀ ਵੈਰਾਗ ਜਾਂਦੀ। ਉਹ ਕਰਮੇ ਨੂੰ ਫੋਨ ਕਰਦੀ ਕਿ ਵੀਰਦੀਪ ਨੂੰ ਉਹਨੂੰ ਮਿਲਾ ਦੇਵੇ। ਕਰਮੇ ਨੇ ਉਹਨੂੰ ਵੀਰਦੀਪ ਦਾ ਫੋਨ ਵੀ ਦੇ ਦਿੱਤਾ ਸੀ। ਇੱਕ ਵਾਰ ਜਦੋਂ ਨਸੀਬੋ ਨੇ ਵੀਰਦੀਪ ਨੂੰ ਫੋਨ ਕੀਤਾ ਤਾਂ ਉਹਨੇ ਅੱਗੋਂ ਮਿਲਣ ਤੋਂ ਇਨਕਾਰ ਕਰ ਦਿੱਤਾ, ‘ਆਪਾਂ ਮਾਤਾ ਹੁਣ ਮਿਲ ਕੇ ਕੀ ਕਰਨਾ, ਇੱਕ ਦੂਜੇ ਨੂੰ ਤੰਗ ਹੀ ਕਰਾਂਗੇ। ਆਪੋ-ਆਪਣੇ ਘਰ ਖੁਸ਼ ਰਹੋ।’ ਨਸੀਬੋ ਉਦਾਸ ਹੋ ਗਈ। ਉਹ ਕਈ ਦਿਨਾਂ ਤੱਕ ਆਪਣੇ ਘਰ ਉੱਖੜੀ-ਉੱਖੜੀ ਰਹੀ। ਉਹਦਾ ਉਤਰਿਆ ਜਿਹਾ ਚਿਹਰਾ ਵੇਖ ਕੇ ਨਸੀਬੋ ਦੀ ਸੱਸ ਨੇ ਪੁਛਿਆ, ‘ਕੀ ਹੋਇਆ ਨਸੀਬ ਕੁਰੇ, ਤੂੰ ਅੱਜ ਕੱਲ੍ਹ ਹੋਰੂੰ ਹੋਰੂੰ ਜਿਹੀ ਰਹਿੰਦੀ?’ ‘ਕੁਸ਼ ਨੀ ਬਸ ਮਨ ਜਿਆ ਨੀ ਲਗਦਾ।’ ਉਹਨੇ ਜਵਾਬ ਦਿੱਤਾ।
ਅਜਿਹੇ ਮੌਕੇ ਉਹਨੂੰ ਹੁਕਮਾ ਵੀ ਬਹੁਤ ਯਾਦ ਆਉਂਦਾ। ਆਮ ਸਮਿਆਂ ਵਿੱਚ ਤਾਂ ਉਹ ਮਹਿਸੂਸ ਕਰਦੀ ਸੀ ਪਈ ਨਵੇਂ ਘਰ ਨੇ ਉਸ ਨੂੰ ਵਧੇਰੇ ਸੁਖ ਸਹੂਲਤਾਂ ਤੇ ਜ਼ਿਆਦਾ ਸੋਹਣੀ ਜ਼ਿੰਦਗੀ ਦਿੱਤੀ। ਕਈ ਵਾਰ ਉਹਨੂੰ ਲਗਦਾ ਕਿ ਰੱਬ ਜੋ ਕਰਦਾ ਚੰਗਾ ਈ ਕਰਦਾ। ਮੈਨੂੰ ਕਿੱਥੋਂ ਕਿੱਥੇ ਪਹੁੰਚਾ ਦਿੱਤਾ। ਹੁਣ ਘਰ ਬੱਝੀ ਤਨਖਾਹ ਆ ਹੀ ਜਾਂਦੀ ਤੇ ਗੁਰਮੀਤ ਨੂੰ ‘ਉਪਰੋਂ’ ਵੀ ਕਾਫੀ ਆਮਦਨ ਹੋ ਜਾਂਦੀ ਸੀ। ਗਾਹੇ-ਬਗਾਹੇ ਗੁਰਮੀਤ ਉਹਨੂੰ ਉਹਦੇ ਪੇਕੀਂ ਜਾਂ ਹੋਰ ਆਸੇ-ਪਾਸੇ ਵੀ ਘੁਮਾ ਲਿਆਉਂਦਾ ਸੀ। ਘਰ ‘ਚ ਖਾਣ-ਪੀਣ, ਫਲਾਂ, ਸਬਜੀਆਂ ਆਦਿ ਦੀ ਕੋਈ ਕਮੀ ਨਹੀਂ ਸੀ ਰਹਿੰਦੀ। ਵੇਖਣ ਨੂੰ ਉਹ ਹੁਣ ਘਰ ਦੀ ਰਾਣੀ ਸੀ, ਪਰ ਕੁਝ ਹੋਰ ਸੀ ਜੋ ਗਾਇਬ ਸੀ। ਕੁਝ ਡੂੰਘਾ, ਦਿਲ ਅੰਦਰਲੀ ਕਿਸੇ ਡੂੰਘੀ ਖੁਸ਼ੀ ਨੂੰ ਤੁਣਕਾ ਮਾਰਨ ਵਾਲਾ ਕੋਈ ਆਸੇ-ਪਾਸੇ ਕਿਤੇ ਨਹੀਂ ਸੀ।
ਉਹਦੇ ਪਿਛਲੇ ਵਿਆਹ ਵੇਲੇ ਕਰਮਾ ਬਾਈ ਤੇ ਨਵਜੋਤ ਸਨ, ਜਿਨ੍ਹਾਂ ਨੂੰ ਵੇਖਦਿਆਂ ਹੀ ਉਸ ਨੂੰ ਚਾਅ ਜਿਹਾ ਚੜ੍ਹ ਜਾਂਦਾ ਸੀ। ਹੁਕਮਾ ਭਾਵੇਂ ਘੱਟ ਪੈਸੇ ਕਮਾਉਂਦਾ ਸੀ, ਪਰ ਉਹਦੇ ਵਿੱਚ ਕੋਈ ਖਾਸ ਜਿਹੀ ਖਿੱਚ ਜਿਉਂਦੀ ਜਾਗਦੀ ਸੀ। ਉਹਦੀ ਉਡੀਕ ਵਿੱਚ ਵੀ ਉਹਨੂੰ ਕੋਈ ਡੂੰਘਾ ਚਾਅ ਨਸੀਬ ਹੁੰਦਾ। ਨਵਜੋਤ ਨਾਲ ਉਹ ਦਿਲ ਦੀਆਂ ਗੱਲਾਂ ਕਰਦੀ, ਅੰਤਾਂ ਦੀ ਖੁਸ਼ੀ ਮਿਲਦੀ। ਕਰਮੇ ਵੀਰ ਨੂੰ ਵੇਖ ਕੇ ਹੀ ਜਿਵੇਂ ਰੱਬ ਦੇ ਦੀਦਾਰ ਕਰਨ ਵਰਗਾ ਅਨੁਭਵ ਹੁੰਦਾ। ਉਹਨੂੰ ਲਗਦਾ ਰੱਬ ਜੇ ਕਿਤੇ ਹੋਇਆ ਤਾਂ ਬਿਲਕੁਲ ਕਰਮੇ ਵੀਰ ਵਰਗਾ ਹੋਵੇਗਾ।
ਇੱਥੇ ਹੋਰ ਸਾਰਾ ਕੁਝ ਸੀ, ਸਾਰੀਆਂ ਸਹੂਲਤਾਂ ਸਨ ਪਰ ਰਿਸ਼ਤੇ ਨੀਰਸਤਾ ਦੇ ਮਾਰੇ ਹੋਏ ਸਨ। ਗੁਰਮੀਤ ਨੇ ਆਪਣੀ ਕੁੜੀ ਤਾਂ ਪੰਜਾਬੀ ਸਕੂਲ ਵਿੱਚ ਪੜ੍ਹਾਈ ਸੀ, ਪਰ ਮੁੰਡਾ ਅੰਗਰੇਜ਼ੀ ਸਕੂਲ ਵਿੱਚ ਪਾਇਆ। ਉਹ ਜਾਂ ਪੜ੍ਹਦਾ ਜਾਂ ਫਿਰ ਟੈਲੀਵਿਜ਼ਨ ਅੱਗੇ ਬੈਠਾ ਕਾਰਟੂਨ ਵੇਖਦਾ ਰਹਿੰਦਾ। ਉਹ ਜਦੋਂ ਗੱਲਾਂ ਕਰਦਾ ਤਾਂ ਨਸੀਬੋ ਨੂੰ ਲਗਦਾ ਜਿਵੇਂ ਮਸ਼ੀਨ ਗੱਲਾਂ ਕਰ ਰਹੀ ਹੋਵੇ। ਵੀਰਦੀਪ ਦੀਆਂ ਕਵੱਲੀਆਂ ਵੀ ਉਸ ਨੂੰ ਖੁਸ਼ੀ ਦੇ ਜਾਂਦੀਆਂ ਸਨ। ਉਸ ਦੀਆਂ ਇੱਲਤਾਂ ਤੋਂ ਵੀ ਉਹਨੂੰ ਖਿਝ ਨਹੀਂ ਸੀ ਆਉਂਦੀ, ਪਰ ਬਿੱਟੂ ਦੀ ਅੱਧੀ ਅੰਗੇਰਜ਼ੀ ਨਾਲ ਰਲਗੱਡ ਪੰਜਾਬੀ ਅਕਸਰ ਉਸ ਨੂੰ ਖਿਝਾ ਦਿੰਦੀ। ਉਹ ਵਾਰ ਵਾਰ ਪਛਤਾਉਂਦੀ, ਸੋਚਦੀ ਬਈ ਉਸ ਨੂੰ ਖਿਝਣਾ ਨਹੀਂ ਚਾਹੀਦਾ, ਪਰ ਮੁੜ ਘਿੜ ਕੇ ਉਹ ਫਿਰ ਖਿਝ ਜਾਂਦੀ। ਆਪਣੀ ਮਤਰੇਈ ਧੀ ਨਾਲ ਨਸੀਬੋ ਹੁਣ ਵਧੇਰੇ ਸਹਿਜ ਰਹਿੰਦੀ ਸੀ। ਉਹ ਦੋਨੋਂ ਇੱਕ ਦੂਜੀ ਨੂੰ ਸਮਝਣ ਲੱਗੀਆਂ ਸਨ। ਉਹ ਜਦੋਂ ਵੀ ਘਰ ਆਉਂਦੀ ਤਾਂ ਨਸੀਬੋ ਦਾ ਘਰ ਵਿੱਚ ਜੀਅ ਲੱਗਣ ਲਗਦਾ। ਕੁੜੀ ਆਪਣੀ ਮਤਰੇਈ ਮਾਂ ਨਾਲ ਸਿੱਧੀ ਪੱਧਰੀ ਪੰਜਾਬੀ ਵਿੱਚ ਗੱਲਾਂ ਕਰਦੀ। ਠੇਠ ਪੇਂਡੂ ਸ਼ਬਦਾਂ ਦੀ ਵਰਤੋਂ ਕਰਦੀ। ਨਸੀਬੋ ਨੂੰ ਲਗਦਾ ਕਿ ਜਿਵੇਂ ਨਵਜੋਤ ਵਾਪਸ ਆ ਗਈ ਹੋਵੇ। ਉਹ ਆਪਸ ਵਿੱਚ ਢੇਰ ਸਾਰੀਆਂ ਗੱਲਾਂ ਕਰਦੀਆਂ। ਗੁਰਮੀਤ ਬਾਰੇ, ਗੁਰਮੀਤ ਦੀ ਪਹਿਲੀ ਘਰ ਵਾਲੀ ਬਾਰੇ, ਵੀਰਦੀਪ ਬਾਰੇ। ਕੁੜੀ ਵੀਰਦੀਪ ਨੂੰ ਮਿਲਣ ਦੀ ਚਾਹਤ ਵੀ ਪ੍ਰਗਟ ਕਰਦੀ। ਇਹਦੇ ਨਾਲ ਕੁੜੀ ਨਸੀਬੋ ਨੂੰ ਹੋਰ ਚੰਗੀ ਲੱਗਣ ਲਗਦੀ।
ਨਸੀਬੋ ਨੇ ਫਿਰ ਕਈ ਵਾਰ ਵੀਰਦੀਪ ਨੂੰ ਮਿਲਣ ਲਈ ਫੋਨ ਕੀਤਾ। ਉਸ ਨੂੰ ਸੀ ਕਿ ਉਹ ਆਪਣੀ ਮਤਰੇਈ ਧੀ ਨੂੰ ਨਾਲ ਲੈ ਕੇ ਵੀਰਦੀਪ ਨੂੰ ਮਿਲ ਆਵੇਗੀ, ਪਰ ਵੀਰਦੀਪ ਹਰ ਵਾਰ ਇਨਕਾਰ ਕਰ ਦਿੰਦਾ। ਉਹ ਕਿਸੇ ਤਰ੍ਹਾਂ ਵੀ ਪਿਛਾਂਹ ਮੁੜਨ ਲਈ ਤਿਆਰ ਨਹੀਂ ਸੀ। ਉਸ ਨੂੰ ਲਗਦਾ ਸੀ ਕਿ ਮੋਹ ਦੀਆਂ ਇਹ ਤੰਦਾਂ ਮੇਰੀ ਨਵੀਂ ਜ਼ਿੰਦਗੀ ਖਰਾਬ ਕਰ ਦੇਣਗੀਆਂ। ਜਦੋਂ ਵੀਰਦੀਪ ਮਿਲਣ ਲਈ ਨਾ ਮੰਨਿਆ ਤਾਂ ਹਾਰ ਕੇ ਨਸੀਬੋ ਨੇ ਕਰਮਜੀਤ ਨੂੰ ਦੁਬਾਰਾ ਫੋਨ ਕੀਤਾ, ਦੱਸਿਆ ਕਿ ਵੀਰਦੀਪ ਮਿਲਣ ਤੋਂ ਇਨਕਾਰ ਕਰੀ ਜਾਂਦਾ। ਉਹਨੇ ਤਰਲਾ ਕੀਤਾ ਬਈ ਮੈਨੂੰ ਉਹਨੂੰ ਮਿਲਾ ਦੇਵੇ। ਸ਼ਾਮੀਂ ਜਦੋਂ ਵੀਰਦੀਪ ਘਰੇ ਆਇਆ ਤਾਂ ਉਹਨੇ ਰਾਤ ਦੀ ਰੋਟੀ ਖਾਣ ਵੇਲੇ ਉਹਦੇ ਨਾਲ ਨਸੀਬੋ ਦੇ ਫੋਨ ਬਾਰੇ ਗੱਲ ਤੋਰੀ। ਵੀਰਦੀਪ ਦੱਸਣ ਲੱਗਾ, ‘ਮੈਨੂੰ ਵੀ ਆਇਆ ਸੀ ਦੋ ਤਿੰਨ ਵਾਰ ਉਨ੍ਹਾਂ ਦਾ ਫੋਨ, ਮੈਂ ਮਿਲਣ ਤੋਂ ਇਨਕਾਰ ਕਰ ਦਿੱਤਾ’ ਵੀਰਦੀਪ ਨੇ ਜੁਆਬ ਦਿੱਤਾ। ‘ਵੀਰਦੀਪ ਅਖੀਰ ਤੈਨੂੰ ਜਨਮ ਦੇਣ ਵਾਲੀ ਤੇਰੀ ਮਾਂ ਹੈ ਉਹ, ਮਿਲ ਲੈ ਉਹਨੂੰ’ ਨਵਜੋਤ ਵਿਚਾਲਿਉਂ ਬੋਲੀ।
‘ਨਹੀਂ ਚਾਚੀ, ਮੈਂ ਆਪਣੀ ਮਮਤਾ ਦਾ ਹੁਣ ਬਟਵਾਰਾ ਨੀ ਕਰਨਾ ਚਾਹੁੰਦਾ। ਉਹਦਾ ਹੈਗਾ ਹੁਣ ਆਪਣਾ ਟੱਬਰ। ਮੇਰੇ ਤਾਂ ਤੁਸੀਂ ਹੀ ਮਾਂ ਬਾਪ ਓ ਹੁਣ।’ ਵੀਰਦੀਪ ਆਪਣੇ ਫੈਸਲੇ ‘ਤੇ ਅਟੱਲ ਸੀ।
ਵੀਰਦੀਪ ਦੀ ਗੱਲ ਸੁਣ ਕੇ ਦੋਨੋਂ ਚੁੱਪ ਕਰ ਗਏ। ਫਿਰ ਵੀਰਦੀਪ ਦੀ ਪੜ੍ਹਾਈ ਬਾਰੇ ਗੱਲਾਂ ਹੁੰਦੀਆਂ ਰਹੀਆਂ ਤੇ ਬਾਅਦ ਵਿੱਚ ਐਧਰ ਉਧਰ ਦੀਆਂ। ਪਿੱਛੋਂ ਕਰਮਾ ਆਪਣੇ ਸ਼ਰੀਕਾਂ ਦੇ ਵਰਤਾਅ ਬਾਰੇ ਗੱਲਾਂ ਕਰਨ ਲੱਗਾ, ਜਿਹੜੇ ਵੀਰਦੀਪ ਨੂੰ ਅਡੌਪਟ ਕਰਨ ਤੋਂ ਪਹਿਲਾਂ ਕਰਮੇ ਨਾਲ ਮਿੱਠੇ ਪਿਆਰੇ ਰਹਿੰਦੇ ਸਨ ਅਤੇ ਵੀਰਦੀਪ ਦੀ ਆਮਦ ਤੋਂ ਬਾਅਦ ਔਖੇ ਭਾਰੇ ਰਹਿਣ ਲੱਗੇ। ਕਰਮੇ ਨੇ ਵੀਰਦੀਪ ਨੂੰ ਸੁਚੇਤ ਕੀਤਾ, ‘ਘੁੱਲੇਕਿਆਂ ਦਾ ਟੱਬਰ ਉਂਝ ਕੋਈ ਮਾੜੀ ਹਰਕਤ ਕਰਨ ਜੋਗੀ ਹਿੰਮਤ ਦਾ ਮਾਲਕ ਤਾਂ ਨਹੀਂ, ਪਰ ਫਿਰ ਵੀ ਉਨ੍ਹਾਂ ਤੋਂ ਸੁਚੇਤ ਰਹੀਂ। ਸ਼ਰੀਕ ਮਿੱਟੀ ਦਾ ਵੀ ਮਾੜਾ ਹੁੰਦਾ।’ ਕਰਮੇ ਦੇ ਕਹੇ ਨੂੰ ਵੀਰਦੀਪ ਹਮੇਸ਼ਾ ਗੰਭੀਰਤਾ ਨਾਲ ਲੈਂਦਾ। ਉਸ ਨੂੰ ਪਤਾ ਸੀ ਚਾਚਾ ਜੋ ਕੁਝ ਸੋਚੇਗਾ ਉਸ ਦੇ ਭਲੇ ਵਿੱਚ ਹੀ ਹੋਵੇਗਾ। ਹੁਣ ਉਹ ਘੁੱਲੇਕਿਆਂ ਦੀ ਹਰ ਹਰਕਤ ਤੋਂ ਸੁਚੇਤ ਰਹਿਣ ਲੱਗਾ। ਆਉਂਦੇ-ਜਾਂਦੇ ਵੀ ਸੁਚੇਤ ਰਹਿੰਦਾ, ਆਪਣੇ ਆਲੇ-ਦੁਆਲੇ ਤੋਂ ਸਤਰਕ ਰਹਿੰਦਾ।
ਕਰਮੇ ਨੂੰ ਇੱਕ ਦਿਨ ਫਿਰ ਨਸੀਬੋ ਦਾ ਫੋਨ ਆਇਆ। ਉਹਨੇ ਮੁੜ ਵੀਰਦੀਪ ਨੂੰ ਮਿਲਣ ਦੀ ਚਾਹਤ ਪ੍ਰਗਟ ਕੀਤੀ। ਕਰਮੇ ਨੇ ਵੀਰਦੀਪ ਨੂੰ ਬਿਨਾ ਪੁੱਛੇ ਅਗਲੇ ਐਤਵਾਰ ਨਸੀਬੋ ਨੂੰ ਆਪਣੇ ਘਰ ਸੱਦ ਲਿਆ। ਉਹਨੂੰ ਸੀ ਪਈ ਵੀਰਦੀਪ ਨੂੰ ਪੁੱਛਿਆ ਉਹਨੇ ਮੰਨਣਾ ਤਾਂ ਹੈ ਨਹੀਂ, ਘਰ ਆਈ ਨੂੰ ਮਿਲਣ ਤੋਂ ਇਨਕਾਰ ਵੀ ਨੀ ਕਰ ਹੋਣਾ ਇਹਤੋਂ। ਨਸੀਬੋ ਤੇ ਉਹਦੀ ਮਤਰੇਈ ਧੀ ਅਗਲੇ ਐਤਵਾਰ ਦਸ ਕੁ ਵਜੇ ਕਰਮੇ ਕੀ ਬਹਿਕ ‘ਤੇ ਪੁੱਜ ਗਈਆਂ। ਵੀਰਦੀਪ ਘਰ ਹੀ ਸੀ ਅਤੇ ਆਪਣੇ ਕਮਰੇ ਵਿੱਚ ਕੋਈ ਕਿਤਾਬ ਪੜ੍ਹਨ ਵਿੱਚ ਰੁੱਝਾ ਹੋਇਆ ਸੀ। ਨਸੀਬੋ ਨੇ ਨਵਜੋਤ ਨੂੰ ਜੱਫੀ ਵਿੱਚ ਘੁੱਟ ਲਿਆ। ਉਹ ਕਿੰਨੀ ਹੀ ਦੇਰ ਜੱਫੀ ਵਿੱਚ ਖੜ੍ਹੀਆਂ ਰਹੀਆਂ। ਨਸੀਬੋ ਉਹਨੂੰ ਮਿਲ ਕੇ ਭਾਵੁਕ ਹੋ ਗਈ। ਹੰਝੂ ਪਰਲ-ਪਰਲ ਉਸ ਦੀਆਂ ਗੱਲ੍ਹਾਂ ਤੋਂ ਦੀ ਵਹਿਣ ਲੱਗੇ। ਨਵਜੋਤ ਨੇ ਮਸਾਂ ਉਸ ਨੂੰ ਸਹਿਜ ਕੀਤਾ। ਜਦੋਂ ਚਾਹ ਬਣ ਕੇ ਆ ਗਈ ਤਾਂ ਕਰਮੇ ਨੇ ਵੀਰਦੀਪ ਨੂੰ ਉਪਰੋਂ ਆਵਾਜ਼ ਮਾਰੀ। ਉਹ ਹੇਠਾਂ ਉਤਰਿਆ ਤਾਂ ਨਸੀਬੋ ਨੂੰ ਵੇਖ ਕੇ ਹੈਰਾਨ ਰਹਿ ਗਿਆ। ਨਸੀਬੋ ਦਾ ਚਿਹਰਾ ਹੁਣ ਭਾਰਾ ਹੋ ਗਿਆ ਸੀ ਅਤੇ ਸਰੀਰ ਵੀ। ਨਾਲ ਸਾਂਵਲੇ ਜਿਹੇ ਰੰਗ ਦੀ ਤਿੱਖੇ ਨੈਣ ਨਕਸ਼ਾਂ ਵਾਲੀ ਜਵਾਨ ਕੁੜੀ ਸੀ। ਉਹਨੇ ਮਾਤਾ ਦੇ ਪੈਰੀਂ ਹੱਥ ਲਗਾਏ, ਕੁੜੀ ਨੂੰ ਹੱਥ ਜੋੜ ਕੇ ਫਤਿਹ ਬੁਲਾਈ। ਵੀਰਦੀਪ ਨੂੰ ਖੁੱਲ੍ਹੇ ਹੱਡ ਪੈਰਾਂ, ਖੁਲ੍ਹੀ ਅਣਕੱਟੀ ਦਾਹੜੀ ਵਾਲਾ ਭਰਵਾਂ ਜਵਾਨ ਵੇਖ ਕੇ ਨਸੀਬੋ ਨੂੰ ਖੁਸ਼ੀ ਹੋਈ। ਉਹਨੂੰ ਲੱਗਾ, ਮੇਰੇ ਘਰ ਇਹ ਐਡਾ ਭਰਵਾਂ, ਸੋਹਣਾ ਜਵਾਨ ਤੇ ਨਹੀਂ ਸੀ ਹੋ ਸਕਦਾ। ਆਮਦਨ ਹੀ ਏਨੀ ਕੁ ਸੀ। ਉਹਨੂੰ ਮੁੰਡੇ ਨੂੰ ਵੇਖ ਕੇ ਜਿਵੇਂ ਰੱਜ ਜਿਹਾ ਆ ਗਿਆ। ਵੀਰਦੀਪ ਜਿਸ ਪੱਧਰ ‘ਤੇ ਪੜ੍ਹ-ਲਿਖ ਰਿਹਾ ਸੀ, ਨਸੀਬੋ ਉਹਤੋਂ ਇਹਦੇ ਬਾਰੇ ਬਹੁਤਾ ਕੁਝ ਤਾਂ ਪੁੱਛ ਨਹੀਂ ਸੀ ਸਕਦੀ, ਪਰ ਉਹਦੀ ਮਤਰੇਈ ਧੀ ਕਵੰਲਜੀਤ ਕੌਰ ਵੀਰਦੀਪ ਨਾਲ ਉਹਦੀ ਪੜ੍ਹਾਈ ਲਿਖਾਈ ਬਾਰੇ ਗੱਲੀਂ ਪੈ ਗਈ। ਇੱਕ-ਦੂਜੇ ਦੀ ਪੜ੍ਹਾਈ ਬਾਰੇ ਉਨ੍ਹਾਂ ਖਾਸੀਆਂ ਗੱਲਾਂ ਕੀਤੀਆਂ। ਕਰਮੇ ਨੇ ਨਸੀਬੋ ਦੇ ਨਵੇਂ ਟੱਬਰ ਬਾਰੇ ਹਾਲਚਾਲ ਪੁੱਛਿਆ, ਉਨ੍ਹਾਂ ਦੇ ਵਰਤੋਂ ਵਿਹਾਰ, ਗੁਰਮੀਤ ਦੇ ਸੁਭਾਅ ਬਾਰੇ ਗੱਲਾਂ ਬਾਤਾਂ ਕੀਤੀਆਂ। ਨਸੀਬੋ ਨੇ ਰਸਮੀ ਸੰਤੁਸ਼ਟੀ ਤੋਂ ਇਲਾਵਾ ਕੋਈ ਗੱਲ ਅੱਗੇ ਨਾ ਤੋਰੀ। ਨਵਜੋਤ ਨੇ ਕੰਵਲ ਨੂੰ ਕੁਝ ਪੈਸੇ ਸ਼ਗਨ ਵਜੋਂ ਦਿੱਤੇ। ਉਹ ਨਾਂਹ ਕਰਨ ਲੱਗੀ। ‘ਤੂੰ ਪਹਿਲੀ ਵਾਰ ਸਾਡੇ ਘਰ ਆਈ ਏਂ, ਇਹ ਤਾਂ ਸਾਡਾ ਹੱਕ ਬਣਦਾ’, ਨਵਜੋਤ ਆਖਣ ਲੱਗੀ। ਕੰਵਲ ਨੇ ਪੈਸੇ ਫੜ ਲਏ। ਨਸੀਬੋ ਨੇ ਵੀਰਦੀਪ ਨੂੰ ਸ਼ਗਨ ਵਜੋਂ ਕੁਝ ਪੇਸੇ ਦੇਣੇ ਚਾਹੇ, ਪਰ ਉਸ ਨੇ ਇਨਕਾਰ ਕਰ ਦਿੱਤਾ। ਥੋੜ੍ਹੀ ਦੇਰ ਬਾਅਦ ਨਸੀਬੋ ਤੇ ਕੰਵਲ ਜਦੋਂ ਜਾਣ ਲੱਗੀਆਂ ਤਾਂ ਵੀਰਦੀਪ ਨੇ ਫਿਰ ਆਪਣੀ ਮਾਂ ਨੂੰ ਕਿਹਾ, ‘ਬੀਬੀ ਤੁਸੀਂ ਇੱਥੇ ਨਾ ਹੀ ਆਇਆ ਕਰੋਂ ਤਾਂ ਚੰਗਾ। ਮੇਰੇ ਲਈ ਤਾ ਕਰਮੇ ਚਾਚੇ ਹੋਰੀਂ ਹੀ ਹੁਣ ਮੇਰੇ ਮਾਂ ਬਾਪ ਹਨ। ਮੇਰੀ ਮਮਤਾ ਦਾ ਬਟਵਾਰਾ ਨਾ ਕਰੋ।’ ਇੰਨੀ ਗੱਲ ਕਹਿ ਕਿ ਵੀਰਦੀਪ ਚੁੱਪ ਕਰ ਗਿਆ। ਇਹ ਸੁਣ ਕੇ ਨਸੀਬੋ ਦਾ ਰੰਗ ਉਡ ਗਿਆ।
‘ਇਉਂ ਨੀ ਕਹੀਦਾ ਵੀਰਦੀਪ।’ ਨਵਜੋਤ ਨੇ ਟੋਕਿਆ। ਵੀਰਦੀਪ ਚੁੱਪ ਰਿਹਾ, ਨਸੀਬ ਕੁਰ ਹੋਰੀਂ ਵੀ ਚੁੱਪ ਰਹੀਆਂ। ਉਹ ਤੁਰ ਕੇ ਜਾਣ ਲੱਗੀਆਂ ਤਾਂ ਕਰਮਾ ਗੱਡੀ ਵਿੱਚ ਉਨ੍ਹਾਂ ਨੂੰ ਬੱਸ ਸਟੈਂਡ ਤੱਕ ਛੱਡ ਆਇਆ। ਜਾਂਦਿਆਂ ਨਸੀਬੋ ਉੱਖੜੀ ਜਿਹੀ ਰਹੀ। ਉਹ ਕੰਵਲਜੀਤ ਨਾਲ ਵੀ ਬਹੁਤਾ ਨਾ ਬੋਲੀ। ਆਖਰ ਕੰਵਲਜੀਤ ਨੇ ਹੀ ਚੁੱਪ ਤੋੜੀ, ‘ਮਾਤਾ ਮੁੰਡਾ ਬੜਾ ਸਿਆਣਾ, ਉਹਦੀ ਪੜ੍ਹਾਈ ਠੀਕ ਚੱਲ ਰਹੀ। ਉਹਨੇ ਕੁਸ਼ ਬਣ ਜਾਣਾ। ਗੱਲ ਉਹ ਠੀਕ ਕਹਿੰਦਾ, ਉਹਨੂੰ ਹੁਣ ਆਪਾਂ ਆਪਣੇ ਘਰ ਰਾਜ਼ੀ ਰਹਿਣ ਦੇਈਏ, ਇਹੀ ਠੀਕ ਆ।’ ਫਿਰ ਹੌਲੀ ਹੌਲੀ ਨਸੀਬੋ ਸਹਿਜ ਹੋਣ ਲੱਗੀ ਅਤੇ ਕਰਮੇ ਹੋਰਾਂ ਨਾਲ ਮਿਲਣ ਦਾ ਖੇੜਾ ਉਦਾਸੀ ‘ਤੇ ਭਾਰੂ ਪੈਣ ਲੱਗਾ।
(ਅਗਲੀ ਕਿਸ਼ਤ ਅਗਲੇ ਅੰਕ ਵਿੱਚ ਪੜ੍ਹੋ)