ਐਸਟਰਾਜ਼ੈਨੇਕਾ (ਏਜ਼ੀ) ਬਰਤਾਨੀਆ ਦੀ ਇੱਕ ਪ੍ਰਮੁੱਖ ਦਵਾ ਕੰਪਨੀ ਹੈ, ਜਿਸ ਨੇ ਹੁਣ ਇਹ ਕਬੂਲ ਕੀਤਾ ਹੈ ਕਿ ਉਸ ਵੱਲੋਂ ਕੋਵਿਡ-19 ਦੀ ਬਣਾਈ ਗਈ ਵੈਕਸੀਨ ਦੇ ‘ਕੁਝ ਖ਼ਾਸ ਸੂਰਤਾਂ’ ਵਿੱਚ ਉਲਟ ਅਸਰ ਹੋ ਸਕਦੇ ਹਨ। ਲੰਡਨ ਵਿੱਚ ਹਾਈਕੋਰਟ ਆਫ ਜਸਟਿਸ ਵਿੱਚ ਇੱਕ ਕੇਸ ਦੀ ਸੁਣਵਾਈ ਦੌਰਾਨ ਇਹ ਖ਼ੁਲਾਸਾ ਹੋਇਆ ਹੈ। ਇਕਵੰਜਾ ਪਟੀਸ਼ਨਰਾਂ ਨੇ ਦੋਸ਼ ਲਾਇਆ ਸੀ ਕਿ ‘ਏਜ਼ੀ’ ਦੀ ਵੈਕਸੀਨ ਲਗਵਾਉਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਜੀਆਂ ਅਤੇ ਮਿੱਤਰ ਪਿਆਰਿਆਂ ਨੂੰ ਟੀ.ਟੀ.ਐੱਸ. (ਥਰੌਂਬੋਸਿਸ ਵਿਦ ਥਰੌਂਬੋਸਾਇਟੋਪੇਨੀਆ ਸਿੰਡਰੋਮ) ਦੇ ਅਸਰ ਹੋਏ ਸਨ।
ਇਸ ਸਿੰਡਰੋਮ ਤਹਿਤ ਮਰੀਜ਼ਾਂ ਵਿੱਚ ਖ਼ੂਨ ਦੇ ਥੱਕੇ ਬਣਨ ਜਾਂ ਖੂਨ ਦੇ ਪਲੇਟਲੈਟਸ ਬਹੁਤ ਜ਼ਿਆਦਾ ਘਟਣ ਦੇ ਲੱਛਣ ਦਿਖਾਈ ਦਿੰਦੇ ਹਨ; ਇਸ ਨਾਲ ਜਾਨ ਲਈ ਖ਼ਤਰਾ ਬਣਨ ਵਾਲੇ ਲੱਛਣਾਂ ਵਿੱਚ ਬ੍ਰੇਨ ਡੈਮੇਜ, ਦਿਲ ਦਾ ਦੌਰਾ, ਫੇਫੜਿਆਂ ਦੀ ਸੋਜ਼ਿਸ਼ ਅਤੇ ਅੰਗ ਖੜ੍ਹਨਾ ਆਦਿ ਸ਼ਾਮਲ ਹਨ। ਪਟੀਸ਼ਨਰਾਂ ਨੇ ਬਰਤਾਨੀਆ ਦੇ ਖ਼ਪਤਕਾਰ ਸੁਰੱਖਿਆ ਕਾਨੂੰਨ ਤਹਿਤ ਕੰਪਨੀ ਤੋਂ ਹਰਜਾਨੇ ਦੀ ਮੰਗ ਕੀਤੀ ਹੈ ਅਤੇ ਪਤਾ ਲੱਗਿਆ ਹੈ ਕਿ ਉਨ੍ਹਾਂ ਅਜਿਹੇ ਸਬੂਤ ਹਾਸਲ ਕਰ ਲਏ ਹਨ, ਜਿਨ੍ਹਾਂ ਤੋਂ ਸਿੱਧ ਹੁੰਦਾ ਹੈ ਕਿ ਇਸ ਵੈਕਸੀਨ ਕਰ ਕੇ ਉਨ੍ਹਾਂ ਦੇ ਰਿਸ਼ਤੇਦਾਰਾਂ/ਸਨੇਹੀਆਂ ਦੀ ਜਾਨ ਗਈ ਸੀ ਜਾਂ ਉਨ੍ਹਾਂ ਦਾ ਨੁਕਸਾਨ ਹੋਇਆ ਸੀ।
ਇਹ ਕੇਸ ਭਾਰਤ ਲਈ ਵੀ ਬਹੁਤ ਅਹਿਮੀਅਤ ਰੱਖਦਾ ਹੈ, ਕਿਉਂਕਿ ਭਾਰਤ ਵਿੱਚ ਪੁਣੇ ਦੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਐਸਟਰਾਜ਼ੈਨੇਕਾ ਨਾਲ ਮਿਲ ਕੇ ਕੋਵਿਡ-19 ਲਈ ਕੋਵੀਸ਼ੀਲਡ ਵੈਕਸੀਨ ਤਿਆਰ ਕੀਤੀ ਸੀ। ਕੋਵਿਡ ਕਾਲ ਦੌਰਾਨ ਭਾਰਤ ਵਿੱਚ ਕਰੀਬ 90 ਫ਼ੀਸਦੀ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਗਾਈ ਗਈ ਸੀ। ਹਾਲਾਂਕਿ ‘ਏਜ਼ੀ’ ਨੇ ਆਖਿਆ ਸੀ ਕਿ ਉਸ ਲਈ ਮਰੀਜ਼ਾਂ ਦੀ ਸੁਰੱਖਿਆ ਸਭ ਤੋਂ ਉਪਰ ਹੈ, ਪਰ ਭਾਰਤ ਦੇ ਲੋਕਾਂ ਅੰਦਰ ਵੀ ਕੋਵੀਸ਼ੀਲਡ ਵੈਕਸੀਨ ਨੂੰ ਲੈ ਕੇ ਜੋ ਸ਼ੱਕ ਸ਼ੁਬਹੇ ਪੈਦਾ ਹੋਏ ਹਨ, ਉਨ੍ਹਾਂ ਦੀ ਪੂਰੀ ਜਾਂਚ ਕਰਵਾਏ ਜਾਣ ਦੀ ਲੋੜ ਹੈ। ਇਹ ਇਸ ਲਈ ਵੀ ਜ਼ਰੂਰੀ ਹੈ, ਕਿਉਂਕਿ ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਸੀ, ਜਿੱਥੇ ਇੱਕ ਪਟੀਸ਼ਨਰ ਨੇ ਵੈਕਸੀਨ ਦੇ ਉਲਟ ਅਸਰਾਂ ਦੀ ਜਾਂਚ ਲਈ ਮੈਡੀਕਲ ਮਾਹਿਰਾਂ ਦੀ ਇੱਕ ਕਮੇਟੀ ਕਾਇਮ ਕਰਨ ਬਾਬਤ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਸੀ। ਅਦਾਲਤ ਨੂੰ ਇਹ ਬੇਨਤੀ ਵੀ ਕੀਤੀ ਗਈ ਸੀ ਕਿ ਉਹ ਕੇਂਦਰ ਸਰਕਾਰ ਨੂੰ ਵੈਕਸੀਨ ਦੇ ਨੁਕਸਾਨ ਦੀ ਭਰਪਾਈ ਲਈ ਇੱਕ ਅਜਿਹਾ ਸਿਸਟਮ ਕਾਇਮ ਕਰਨ ਦਾ ਹੁਕਮ ਦੇਵੇ, ਜੋ ਕੋਵਿਡ ਵੈਕਸੀਨ ਕਾਰਨ ਅਪੰਗ ਹੋਏ ਜਾਂ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਮੁਆਵਜ਼ੇ ਦੀ ਅਦਾਇਗੀ ਕਰ ਸਕੇ।
ਬੇਸ਼ੱਕ ਕੋਵਿਡ ਮਹਾਮਾਰੀ ਦੇ ਦਿਨਾਂ ਵਿੱਚ ਵੈਕਸੀਨ ਦੇ ਕਾਫ਼ੀ ਫਾਇਦੇ ਵੀ ਹੋਏ ਸਨ, ਪਰ ਇਸ ਦੇ ਉਲਟ ਅਸਰ ਬਾਰੇ ਜੋ ਸ਼ੰਕੇ ਉਠ ਰਹੇ ਹਨ, ਉਨ੍ਹਾਂ ਕਰ ਕੇ ਇਸ ਦੀ ਸੁਰੱਖਿਆ ’ਤੇ ਵੱਡਾ ਸੁਆਲੀਆ ਨਿਸ਼ਾਨ ਲੱਗ ਗਿਆ ਹੈ। ਇਸ ਦੇ ਨਾਲ ਹੀ ਰੈਗੂਲੇਟਰੀ ਸੰਸਥਾਵਾਂ ਦੀ ਭੂਮਿਕਾ ਵੀ ਸੁਆਲਾਂ ਦੇ ਘੇਰੇ ਵਿੱਚ ਆ ਗਈ ਹੈ, ਜਿਨ੍ਹਾਂ ਦਾ ਜ਼ਿੰਮਾ ਹਰ ਤਰ੍ਹਾਂ ਦੀਆਂ ਦਵਾਈਆਂ ਅਤੇ ਵੈਕਸੀਨਾਂ ਦੀ ਸੁਰੱਖਿਅਤ ਵਰਤੋਂ ਯਕੀਨੀ ਬਣਾਉਣਾ ਹੁੰਦਾ ਹੈ। ਕੋਵਿਡ ਦੀ ਵੈਕਸੀਨ ਲਗਵਾਉਣ ਲਈ ਇੱਕ ਤਰ੍ਹਾਂ ਲੋਕਾਂ ਨੂੰ ਮਜਬੂਰ ਕਰ ਦਿੱਤਾ ਗਿਆ ਸੀ। ਆਸ ਕੀਤੀ ਜਾਣੀ ਚਾਹੀਦੀ ਹੈ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਨਾਲ ਹੀ ਜਵਾਬਦੇਹੀ ਨਿਰਧਾਰਤ ਕੀਤੀ ਜਾਵੇਗੀ ਤਾਂ ਕਿ ਅਗਾਂਹ ਤੋਂ ਇਸ ਸਬੰਧ ਵਿੱਚ ਵਧੇਰੇ ਪਾਰਦਰਸ਼ਤਾ ਹੋ ਸਕੇ।
—
ਕੋਵਿਸ਼ੀਲਡ ’ਤੇ ਹਾਹਾਕਾਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਕੇ ਵਾਰਾਣਸੀ ਵਿੱਚ ਇਨ੍ਹੀਂ ਦਿਨੀਂ ਕੋਵਿਸ਼ੀਲਡ ਵੈਕਸੀਨ ਕਾਰਨ ਹਾਹਾਕਾਰ ਮਚੀ ਹੋਈ ਹੈ। ਇਸ ਦਾ ਕਾਰਨ ਇੱਕ ਵੀਡੀਓ ਹੈ, ਜਿਸ ਨੇ ਪੂਰਵਾਂਚਲ ਦੇ ਲੋਕਾਂ ਦੀਆਂ ਧੜਕਣਾਂ ਤੇਜ਼ ਕਰ ਦਿੱਤੀਆਂ ਹਨ। ਵਾਰਾਣਸੀ ਦੇ ਪੀਅਰੀ ਇਲਾਕੇ ਦਾ ਇੱਕ ਨੌਜਵਾਨ ਬੀਤੇ ਦਿਨੀਂ ਜਿੰਮ ਵਿੱਚ ਕਸਰਤ ਕਰਦਿਆਂ ਇੱਕਦਮ ਡਿੱਗ ਕੇ ਤੜਫਣ ਲੱਗਾ ਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਹਾਰਟ ਅਟੈਕ ਨਾਲ ਜਾਨ ਗੁਆਉਣ ਵਾਲੇ ਦੀਪਕ ਦੇ ਭਰਾ ਦਿਲੀਪ ਗੁਪਤਾ ਦਾ ਕਹਿਣਾ ਹੈ, ‘ਮੇਰਾ ਭਰਾ ਪਿਛਲੇ 10 ਸਾਲਾਂ ਤੋਂ ਰੋਜ਼ ਜਿੰਮ ਵਿੱਚ ਕਸਰਤ ਕਰਦਾ ਸੀ। ਉਸ ਨੂੰ ਕੋਈ ਬਿਮਾਰੀ ਨਹੀਂ ਸੀ। ਉਸ ਨੇ ਕੋਰੋਨਾ ਸਮੇਂ ਕੋਵਿਸ਼ੀਲਡ ਦਾ ਟੀਕਾ ਲਗਾਇਆ ਸੀ।’
ਇਸ ਘਟਨਾ ਤੋਂ ਕਾਫ਼ੀ ਸਮਾਂ ਪਹਿਲਾਂ ਵਾਰਾਣਸੀ ਦੇ ਹੀ ਪਿਪਲਾਨੀ ਕਟਰਾ ਨਿਵਾਸੀ ਮਨੋਜ ਵਿਸ਼ਵਕਰਮਾ ਆਪਣੇ ਭਤੀਜੇ ਦੀ ਸ਼ਾਦੀ ਵਿੱਚ ਡਾਂਸ ਕਰ ਰਹੇ ਸਨ। ਅਚਾਨਕ ਉਹ ਡਿੱਗ ਪਏ ਤੇ ਉਨ੍ਹਾਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਦੀ ਘਟਨਾ ਅਯੁੱਧਿਆ ਵਿੱਚ ਹੋਈ, ਜਿੱਥੇ ਇੱਕ ਨੌਜਵਾਨ ‘ਖਾਈਕੇ ਪਾਨ ਬਨਾਰਸ ਵਾਲਾ’ ਗਾਣੇ ਉਤੇ ਡਾਂਸ ਕਰ ਰਿਹਾ ਸੀ। ਆਸ-ਪਾਸ ਖੜ੍ਹੇ ਬੱਚੇ, ਨੌਜਵਾਨ ਤੇ ਔਰਤਾਂ ਤਾੜੀਆਂ ਮਾਰ ਰਹੀਆਂ ਸਨ। ਇਸੇ ਦੌਰਾਨ ਅਚਾਨਕ ਨੌਜਵਾਨ ਡਿੱਗ ਪੈਂਦਾ ਹੈ। ਉਸ ਨੂੰ ਤੁਰੰਤ ਹਸਪਤਾਲ ਲੈ ਕੇ ਜਾਂਦੇ ਹਨ। ਡਾਕਟਰਾਂ ਮੁਤਾਬਕ ਉਹ ਮਰ ਚੁੱਕਾ ਸੀ। ਜਿੰਮ ਦੇ ਟਰੈੱਡਮਿਲ ਉੱਤੇ ਦੌੜ ਰਹੇ ਪ੍ਰਸਿੱਧ ਕਮੇਡੀਅਨ ਰਾਜੂ ਸ੍ਰੀਵਾਸਤਵ ਦੀ ਅਚਾਨਕ ਮੌਤ ਦੀ ਘਟਨਾ ਉਤਰ ਭਾਰਤ ਦੇ ਲੋਕ ਦੁਬਾਰਾ ਯਾਦ ਕਰ ਰਹੇ ਹਨ। ਰਾਜੂ ਦੇ ਵੀ ਸੀਨੇ ’ਚ ਦਰਦ ਹੋਇਆ ਸੀ ਤੇ ਉਸ ਦੀ ਡਿੱਗਦਿਆਂ ਸਾਰ ਮੌਤ ਹੋ ਗਈ ਸੀ। ਇਸੇ ਤਰ੍ਹਾਂ ਕੰਨੜ ਫਿਲਮੀ ਕਲਾਕਾਰ ਪੁਨੀਤ ਰਾਜਕੁਮਾਰ ਵੀ ਜਿੰਮ ਵਿੱਚ ਕਸਰਤ ਕਰ ਰਿਹਾ ਸੀ। ਅਚਾਨਕ ਦਿਲ ਦਾ ਦੌਰਾ ਪਿਆ ਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।
ਵਾਰਾਣਸੀ ਤੋਂ ਮੋਦੀ ਵਿਰੁੱਧ ਚੋਣ ਲੜ ਰਹੇ ਅਜੈ ਰਾਏ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, ‘ਪ੍ਰਧਾਨ ਮੰਤਰੀ ਮੋਦੀ ਨੇ 52 ਕਰੋੜ ਚੋਣ ਚੰਦਾ ਲੈ ਕੇ ਦੇਸ਼ ਦੇ 40 ਕਰੋੜ ਲੋਕਾਂ ਦੀਆਂ ਜ਼ਿੰਦਗੀਆਂ ਦਾ ਸੌਦਾ ਕੀਤਾ ਹੈ। ਕੰਪਨੀ ਨੇ ਸਾਫ਼ ਮੰਨਿਆ ਹੈ ਕਿ ਉਨ੍ਹਾਂ ਦੀ ਵੈਕਸੀਨ ਦੇ ਸਾਈਡ ਇਫੈਕਟ ਨਾਲ ਹਾਰਟ ਅਟੈਕ ਤੇ ਬ੍ਰੇਨ ਸਟ੍ਰੋਕ ਹੋ ਸਕਦਾ ਹੈ। ਭਾਜਪਾ ਸਰਕਾਰ ਨੇ ਲੋਕਾਂ ਨੂੰ ਟੀਕਾ ਲਵਾਉਣ ਲਈ ਮਜਬੂਰ ਕੀਤਾ। ਮੋਦੀ ਨੇ ਕੰਪਨੀ ਦੇ ਬ੍ਰਾਂਡ ਅੰਬੈਸਡਰ ਦੀ ਤਰ੍ਹਾਂ ਪ੍ਰਚਾਰ ਕੀਤਾ। ਕੀ ਇਹੋ ਮੋਦੀ ਦੀ ਗਾਰੰਟੀ ਹੈ?’
ਅਜੈ ਰਾਏ ਇਹ ਵੀ ਕਹਿੰਦੇ ਹਨ, ‘ਮੋਦੀ ਸਰਕਾਰ ਨੇ ਕੋਰੋਨਾ ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕੋਵਿਸ਼ੀਲਡ ਦੇ ਨਾਂ ਉੱਤੇ ਵੋਟ ਮੰਗਿਆ ਸੀ। ਭਾਜਪਾ ਪ੍ਰਧਾਨ ਜੇ.ਪੀ. ਨੱਢਾ ਕਹਿੰਦੇ ਸਨ ਕਿ ਮੋਦੀ ਨੇ ਕੋਵਿਸ਼ੀਲਡ ਲਿਆ ਕੇ ਜਨਤਾ ਦੀ ਜਾਨ ਬਚਾਈ ਹੈ।’
ਇਸੇ ਦੌਰਾਨ ਕਾਸ਼ੀ ਹਿੰਦੂ ਯੂਨੀਵਰਸਿਟੀ ਦੇ ਦਿਲ ਦੇ ਰੋਗ ਵਿਭਾਗ ਦੇ ਪ੍ਰੋਫ਼ੈਸਰ ਓਮ ਸ਼ੰਕਰ ਨੇ ਕਿਹਾ ਹੈ, ‘ਕੋਰੋਨਾ ਵਾਂਗ ਹੀ ਹੁਣ ਨਵੇਂ ਦੌਰ ਦਾ ਹਾਰਟ ਅਟੈਕ ਲੋਕਾਂ ਦੀ ਜਾਨ ਲੈ ਰਿਹਾ ਹੈ। ਮੈਂ ਸ਼ੁਰੂ ਤੋਂ ਹੀ ਕੋਵਿਸ਼ੀਲਡ ਲਵਾਉਣ ਦਾ ਵਿਰੋਧ ਕਰ ਰਿਹਾ ਹਾਂ। ਮੈਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਹ ਵੈਕਸੀਨ ਸੁਰੱਖਿਅਤ ਨਹੀਂ ਹੈ। ਮੈਂ ਇਸ ਦੀ ਇੱਕ ਵੀ ਡੋਜ਼ ਨਹੀਂ ਲਈ। ਭਾਰਤ ਦੇ 67.18 ਫ਼ੀਸਦੀ ਲੋਕਾਂ ਨੇ ਇਸ ਦੀਆਂ ਪੂਰੀਆਂ ਖੁਰਾਕਾਂ ਲੈ ਰੱਖੀਆਂ ਹਨ। ਇਨ੍ਹਾਂ ਸਭ ਲੋਕਾਂ ਦਾ ਜੀਵਨ ਖਤਰੇ ’ਚ ਹੈ।’
ਓਮ ਸ਼ੰਕਰ ਕਹਿੰਦੇ ਹਨ, ‘ਕੋਵਿਸ਼ੀਲਡ ਕੋਰੋਨਾ ਰੋਕਣ ਵਿੱਚ ਕਿੰਨੀ ਕਾਰਗਰ ਹੋਈ, ਇਸ ਦਾ ਵੀ ਕੋਈ ਸਬੂਤ ਨਹੀਂ। ਜਦੋਂ ਕਿ ਇਸ ਦੇ ਸਾਈਡ ਇਫੈਕਟ ਨਾਲ ਹੋਣ ਵਾਲੀਆਂ ਮੌਤਾਂ ਚਿੰਤਾ ਦਾ ਵਿਸ਼ਾ ਹਨ।’ ਉਨ੍ਹਾਂ ਕਿਹਾ, ‘ਮੈਂ ਸੋਸ਼ਲ ਮੀਡੀਆ ’ਤੇ ਓ.ਪੀ.ਡੀ. ਮਰੀਜ਼ਾਂ ਨੂੰ ਲਗਾਤਾਰ ਸਲਾਹ ਦਿੰਦਾ ਰਿਹਾ ਕਿ ਉਹ ਵੈਕਸੀਨ ਨਾ ਲਵਾਉਣ। ਉਸ ਸਮੇਂ ਬੀ.ਐੱਚ.ਯੂ. ਦੇ ਸਭ ਡਾਕਟਰਾਂ ਨੇ ਮੇਰੇ ਖਿਲਾਫ਼ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ। ਕੋਈ ਮੈਨੂੰ ਪਾਗਲ ਤੇ ਕੋਈ ਨੇਤਾ ਕਹਿ ਕੇ ਚਿੜਾ ਰਿਹਾ ਸੀ। ਕੁਝ ਨੇ ਤਾਂ ਮੈਨੂੰ ਦੇਸ਼ਧ੍ਰੋਹੀ ਕਰਾਰ ਦੇ ਦਿੱਤਾ ਸੀ। ਜਨਤਾ ਉਤੇ ਵੈਕਸੀਨ ਮੜ੍ਹਨਾ ਸੰਗੀਨ ਜੁਰਮ ਹੈ। ਅਸਲੀਅਤ ਹੈ ਕਿ 70 ਫ਼ੀਸਦੀ ਲੋਕ ਤਾਂ ਕੋਰੋਨਾ ਤੋਂ ਖੁਦ ਹੀ ਮੁਕਤ ਹੋ ਗਏ ਸਨ।’
ਇਸੇ ਦੌਰਾਨ ਲੋਕ ਇਸ ਗੱਲ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਉੱਤੇ ਹਮਲੇ ਕਰ ਰਹੇ ਹਨ ਕਿ ਉਨ੍ਹਾਂ ਖੁਦ ਕੋਵਿਸ਼ੀਲਡ ਦਾ ਟੀਕਾ ਨਹੀਂ ਲਵਾਇਆ ਸੀ।