ਰਵਿੰਦਰ ਸਿੰਘ ਸੋਢੀ, ਕੈਨੇਡਾ
ਫੋਨ: 604-369-2371
ਦੁਨੀਆਂ ਦਾ ਇੱਕ ਅਜਿਹਾ ਮਨੋਰੰਜਨ ਪਾਰਕ, ਜਿਸ ਨੂੰ ਸਹੀ ਢੰਗ ਨਾਲ ਦੇਖਣ ਦੀ ਜਾਣਕਾਰੀ ਲੈਣ ਲਈ ਲੋਕ 40 ਅਮਰੀਕਨ ਡਾਲਰ ਫ਼ੀਸ ਭਰ ਕੇ ਆਨ ਲਾਈਨ ਕਲਾਸਾਂ ਲਾਉਣ ਨੂੰ ਤਿਆਰ ਰਹਿੰਦੇ ਹਨ। ਜਿਸ ਨੂੰ ਦੇਖਣ ਵਾਲਿਆਂ ਦੀ ਗਿਣਤੀ 66 ਸਾਲਾਂ ਵਿੱਚ 757 ਮਿਲੀਅਨ ਤੋਂ ਪਾਰ ਹੋ ਗਈ ਸੀ, ਪਰ ਜਿਸ ਦਿਨ ਇਹ ਪਾਰਕ ਪਹਿਲੀ ਵਾਰ ਕੁਝ ਖਾਸ ਮਹਿਮਾਨਾਂ ਲਈ ਖੋਲਿ੍ਹਆ ਗਿਆ ਸੀ ਤਾਂ ਉਸ ਦਿਨ ਸਭ ਕੁਝ ਠੀਕ ਨਹੀਂ ਸੀ ਰਿਹਾ।
ਕੁਝ ਰਾਈਡ ਚਲੇ ਹੀ ਨਹੀਂ ਸੀ, ਕੁਝ ਚਲਣ ਤੋਂ ਬਾਅਦ ਰੁਕ ਗਏ ਸੀ। ਤਕਰੀਬਨ ਸੱਤ ਹਫ਼ਤੇ ਇਸ ਤਰ੍ਹਾਂ ਹੀ ਚਲਦਾ ਰਿਹਾ। ਜਦੋਂ ਇੱਕ ਵਾਰ ਗੱਡੀ ਲੀਹ `ਤੇ ਪੈ ਗਈ ਤਾਂ ਉਸ ਤੋਂ ਬਾਅਦ ਇਸ ਪਾਰਕ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਪਿਛਲੇ 69 ਸਾਲ ਤੋਂ ਦੁਨੀਆਂ ਭਰ ਦੇ ਮਨੋਰੰਜਨ ਪਾਰਕਾਂ ਵਿੱਚੋਂ ਕਿਸੇ ਨੇ ਇਸ ਦਾ ਮੁਕਾਬਲਾ ਤਾਂ ਕੀ ਕਰਨਾ ਹੈ, ਇਸ ਦੇ ਨੇੜੇ ਵੀ ਨਹੀਂ ਢੁੱਕ ਸਕਿਆ।
ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੇ ਇਸ ਵਿਸ਼ਵ ਪ੍ਰਸਿੱਧ ਮਨੋਰੰਜਨ ਪਾਰਕ ਨੂੰ ਸ਼ੁਰੂ ਕਰਨ ਪਿੱਛੇ ਵੀ ਇਸ ਦੇ ਮਾਲਕ ਵਾਲਟ ਡਿਜ਼ਨੀ ਦੇ ਦਿਮਾਗ ਵਿੱਚ ਅਚਨਚੇਤ ਫੁਰਿਆ ਇੱਕ ਫੁਰਨਾ ਹੀ ਸੀ। ਇੱਕ ਦਿਨ ਉਹ ਆਪਣੀਆਂ ਦੋਵੇਂ ਬੇਟੀਆਂ ਨਾਲ ਇੱਕ ਪਾਰਕ ਵਿੱਚ ਗਿਆ। ਉਸ ਦੀਆਂ ਬੇਟੀਆਂ ‘ਮੈਰੀ ਗੋ ਰਾਊਂਡ’ ਦਾ ਆਨੰਦ ਮਾਣ ਰਹੀਆਂ ਸਨ। ਬੇਟੀਆਂ ਦੀ ਖੁਸ਼ੀ ਨੂੰ ਦੇਖਦੇ ਹੋਏ ਵਾਲਟ ਦੇ ਦਿਮਾਗ ਵਿੱਚ ਬਿਜਲੀ ਦੇ ਲਿਸ਼ਕਾਰੇ ਦੀ ਤਰ੍ਹਾਂ ਇੱਕ ਖਿਆਲ ਆਇਆ ਕਿ ਕੋਈ ਸਾਫ-ਸੁਥਰਾ ਮਨੋਰੰਜਨ ਪਾਰਕ ਹੋਣਾ ਚਾਹੀਦਾ ਹੈ। ਉਸ ਨੇ ਇਸ ਸੰਬੰਧੀ ਬਹੁਤ ਸੋਚਿਆ, ਪਰ ਜਲਦੀ ਹੀ ਇਹ ਵਿਚਾਰ ਠੰਡੇ ਬਸਤੇ ਵਿੱਚ ਪੈ ਗਿਆ। ਅਖੀਰ ਉਸ ਨੇ 1948 ਵਿੱਚ ਇਸ ਪ੍ਰੋਜੈਕਟ ਨੂੰ ਅਮਲੀ ਰੂਪ ਦੇਣ ਲਈ ਮਾਹਿਰਾਂ ਦੀ ਇੱਕ ਟੀਮ ਬਣਾਈ। ਉਨ੍ਹਾਂ ਨੂੰ ਅਮਰੀਕਾ ਅਤੇ ਦੁਨੀਆਂ ਦੇ ਹੋਰ ਹਿੱਸਿਆਂ ਵਿੱਚ ਚੱਲ ਰਹੇ ਮਨੋਰੰਜਨ ਪਾਰਕਾਂ ਨੂੰ ਘੋਖਣ ਲਈ ਭੇਜਿਆ ਅਤੇ ਇੱਕ ਨਿਵੇਕਲੇ ਪਾਰਕ ਦੀ ਯੋਜਨਾ ਉਲੀਕੀ। ਇਸ ਮੰਤਵ ਲਈ ਉਸ ਨੇ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਤੋਂ ਤਕਰੀਬਨ 35 ਮੀਲ ਦੂਰ ਇੱਕ ਸਥਾਨ ਐਨਾਹਾਈਮ ਦੀ ਚੋਣ ਕੀਤੀ ਅਤੇ 500 ਏਕੜ ਜ਼ਮੀਨ ਖਰੀਦ ਲਈ। 1954 ਨੂੰ ਇਸ ਪਾਰਕ ਦਾ ਕੰਮ ਸ਼ੁਰੂ ਹੋਇਆ। ਇੱਕ ਸਾਲ ਵਿੱਚ ਹੀ ਇਸ ਦੇ ਨਿਰਮਾਣ ਦਾ ਕੰਮ ਪੂਰਾ ਕਰ ਲਿਆ ਅਤੇ 18 ਜੁਲਾਈ 1955 ਨੂੰ ਇਹ ਪਾਰਕ ਲੋਕਾਂ ਲਈ ਖੋਲ੍ਹ ਦਿੱਤਾ।
ਵਾਲਟ ਡਿਜ਼ਨੀ ਨੇ ਇਸ ਵੱਡੇ ਪਾਰਕ ਦੇ ਛੋਟੇ-ਛੋਟੇ ਹਿੱਸਿਆਂ ਨੂੰ ਵਿਸ਼ੇਸ਼ ‘ਥੀਮ’ (ਕੇਂਦਰੀ ਨੁਕਤੇ) ‘ਤੇ ਕੇਂਦਰਿਤ ਕੀਤਾ। ਬੱਚਿਆਂ ਦੇ ਪੱਧਰ ਅਤੇ ਉਨ੍ਹਾਂ ਦੀ ਉਮਰ ਦੇ ਸ਼ੌਕ ਅਨੁਸਾਰ ਪ੍ਰਚਲਿਤ ‘ਬੇਬੀ ਰਾਈਮਜ਼’ ਅਨੁਸਾਰ ਪਾਰਕਾਂ ਨੂੰ ਉਲੀਕਿਆ ਗਿਆ ਤਾਂ ਜੋ ਬੱਚੇ ਉਨ੍ਹਾਂ ਨਾਲ ਜਲਦੀ ਇੱਕ-ਮਿੱਕ ਹੋ ਜਾਣ। ਬੱਚਿਆਂ ਲਈ ਛੋਟੀਆਂ-ਛੋਟੀਆਂ ਰੇਲਾਂ, ਕਿਸ਼ਤੀਆਂ ਆਦਿ ਵਾਲੇ ਥੀਮ ਪਾਰਕਾਂ ਦਾ ਨਿਰਮਾਣ ਕੀਤਾ, ਜਿਨ੍ਹਾਂ ਦੇ ਆਲੇ-ਦੁਆਲੇ ਨੂੰ ਉਨ੍ਹਾਂ ਦੀ ਪਸੰਦ ਮੁਤਾਬਿਕ ਹੀ ਸਜਾਇਆ। ਵਾਲਟ ਨੂੰ ਇਹ ਪਤਾ ਸੀ ਕਿ ਨੌਜਵਾਨ ਕੁਝ ਜੋਖਮ ਭਰੀਆਂ ਗਤੀਵਿਧੀਆਂ ਤੋਂ ਜ਼ਿਆਦਾ ਆਨੰਦ ਪ੍ਰਾਪਤ ਕਰਦੇ ਹਨ, ਇਸ ਲਈ ਉਨ੍ਹਾਂ ਲਈ ਕੁਝ ਰੁਮਾਂਚ ਪੈਦਾ ਕਰਨ ਵਾਲੇ ਥੀਮ ਪਾਰਕ ਉਲੀਕੇ ਗਏ। ਅੱਜ ਵੀ ਅਜਿਹੇ ਰਾਈਡਜ਼ ਦਾ ਲੁਤਫ਼ ਲੈਂਦੇ ਨੌਜਵਾਨਾਂ ਦੀਆਂ ਖੁਸ਼ੀ ਵਿੱਚ ਮਾਰੀਆਂ ਕਿਲਕਾਰੀਆਂ ਆਲੇ-ਦੁਆਲੇ ਦੇ ਮਾਹੌਲ ਨੂੰ ਖ਼ੁਸ਼ਗਵਾਰ ਕਰ ਦਿੰਦੀਆਂ ਹਨ।
ਡਿਜ਼ਨੀ ਲੈਂਡ ਦੇ ਪਹਿਲੇ ਹਿੱਸੇ `ਤੇ 1954-55 ਵਿੱਚ 17 ਮਿਲੀਅਨ ਅਮਰੀਕੀ ਡਾਲਰ ਖਰਚ ਹੋਏ ਸਨ, ਜੋ ਉਸ ਸਮੇਂ ਬਹੁਤ ਵੱਡੀ ਰਕਮ ਸੀ। ਇਸ ਤੋਂ ਬਾਅਦ ਵੀ ਸਮੇਂ-ਸਮੇਂ `ਤੇ ਜੋ ਨਵੇਂ ‘ਥੀਮ ਪਾਰਕ’ ਬਣਾਏ, ਉਨ੍ਹਾਂ ਦਾ ਖਰਚਾ ਵੱਖਰਾ ਹੈ। ਜਿਵੇਂ ‘ਸਟਾਰ ਵਾਰ’ ਉਤੇ ਹੀ ਇੱਕ ਬਿਲੀਅਨ ਤੋਂ ਵੀ ਵੱਧ ਡਾਲਰ ਦਾ ਖਰਚ ਹੋਇਆ ਸੀ। 2012 ਵਿੱਚ ‘ਰੇਡੀਏਟਰ ਸਪਰਿੰਗ ਰੇਸਰਸ’ ਵਾਲੇ ਪਾਰਕ `ਤੇ 200 ਮਿਲੀਅਨ ਡਾਲਰ ਖਰਚ ਕੀਤੇ ਗਏ ਸਨ। ਇਹ ਡਿਜ਼ਨੀ ਲੈਂਡ ਦੀ ਸਭ ਤੋਂ ਮਹਿੰਗੀ ਰਾਈਡ ਹੈ।
ਡਿਜ਼ਨੀ ਲੈਂਡ ਸ਼ੁਰੂ ਹੋਣ ਸਮੇਂ ਸਿਰਫ 33 ਰਾਈਡਜ਼ ਸਨ। ਅੱਜ ਕੱਲ੍ਹ ਇਨ੍ਹਾਂ ਦੀ ਗਿਣਤੀ 52 ਹੋ ਗਈ ਹੈ। ਸਮੇਂ-ਸਮੇਂ `ਤੇ ਕੁਝ ਪੁਰਾਣੇ ਰਾਈਡਜ਼ ਬੰਦ ਕਰ ਕੇ ਕੁਝ ਨਵੇਂ ਸ਼ੁਰੂ ਕੀਤੇ ਜਾਂਦੇ ਹਨ।
ਡਿਜ਼ਨੀ ਲੈਂਡ ਦੇ ਕੁਝ ਰਾਈਡਜ਼:
1955 ਵਿੱਚ ਜਦੋਂ ਇਹ ਪਾਰਕ ਸ਼ੁਰੂ ਹੋਇਆ ਤਾਂ ਉਸ ਸਮੇਂ ਦੇ ਕੁਝ ਪ੍ਰਸਿੱਧ ਰਾਈਡਜ਼ ਸਨ- ਪੀਟਰ ਪੈਨਲੈਂਡ ਰੇਲ ਰੋਡ, ਮੈਡ ਟੀ ਪਾਰਟੀ, ਮਾਰਕ ਟਵੈਨ ਰਿਵਰ ਬੋਟ, ਜੰਗਲ ਕਰੂਜ਼, ਸਟੋਰੀ ਬੁੱਕ ਲੈਂਡ ਕੈਨਲ ਬੋਟਸ, ਕੈਸੀ ਜੂਨੀਅਰ ਸਰਕਸ ਟਰੇਨ, ਡੁੰਬੋ ਦਿ ਫਲਾਇੰਗ ਐਲੀਫੈਂਟ, ਮੇਨ ਸਟਰੀਟ ਸਿਨੇਮਾ, ਦਿ ਗੋਲਡਨ ਹੋਰਸ ਸ਼ੂ, ਐਲਿਸ ਇਨ ਵੰਡਰ ਲੈਂਡ, ਸਬਮੈਰਿਨ ਵੋਗੇਜ ਆਦਿ।
ਅੱਜ ਕੱਲ੍ਹ ਦੀਆਂ ਕੁਝ ਹੋਰ ਰਾਈਡਜ਼ ਦੇ ਨਾਂ ਇਸ ਤਰ੍ਹਾਂ ਹਨ: ਅਟੋਪਲਾ, ਬਿਗ ਥੰਡਰ ਮਾਊਂਨਟੇਨ ਰੇਲ ਰੋਡ, ਫਾਇੰਡਿੰਗ ਨੈਮੋ ਸਬਮੈਰਾਈਨ ਵੋਗੇਜ, ਇੰਡੀਆਨਾ ਜੋਨਜ਼ ਐਡਵੈਂਚਰ, ਸਪੇਸ ਮਾਊਂਨਟੇਨ, ਸਟਾਰ ਟੂਰਜ਼, ਹੋਂਟਿਡ ਮੈਨਸਨ, ਸੋਰੇਨ ਓਵਰ ਕੈਲੀਫੋਰਨੀਆ, ਇਨਕਰਪੇਡੀ ਕੋਸਟਰ, ਟੁਆਇ ਸਟੋਰੀ ਮਿਡਵੇ ਮੈਨੀਆ, ਗਰਿਜਲੀ ਰਿਵਰ ਰਨ, ਸਟਾਰ ਵਾਰਜ਼ ਲਾਂਚ ਵੇ, ਫਰੰਟੀਅਰ ਲੈਂਡ ਸ਼ੂਟਿੰਗ ਐਕਸਪੋਜਿਸ਼ਨ, ਟੂਮਾਰੋ ਲੈਂਡ, ਡਿਜ਼ਨੀ ਗੈਲਰੀ, ਪਾਇਰੇਟਸ ਆਫ ਕੈਰੀਬਿਅਨ, ਸੇਲਿੰਗ ਸ਼ਿਪ ਕੋਲੰਬੀਆ, ਮਿੱਕੀ ਹਾਊਸ ਐਂਡ ਮੀਟ ਮਿੰਨੀ, ਰੋਜ਼ਰ ਰੈਬਿਟ ਕਾਰ ਟੂਨ ਸਪਿਨ, ਡੋਨਲਡ ਡੱਕ ਪੌਂਡ, ਸਲਿਪਿੰਗ ਬਿਊਟੀ ਕੈਸਲ, ਡਿਜ਼ਨੀ ਲੈਂਡ ਮੋਨੋ ਰੇਲ, ਸਟਾਰ ਵਾਰਜ਼, ਰਾਈਜ਼ ਆਫ ਦਿ ਰਜਿਸਟੈਂਸ ਆਦਿ। ਇਨ੍ਹਾਂ ਵਿੱਚੋਂ ਕੁਝ ਖਤਰਨਾਕ ਰਾਈਡਜ਼ ਹਨ, ਜਿਵੇਂ- ਸਪੇਸ ਮਾਊਂਨਟੇਨ, ਹੋਂਟਿਡ ਮੈਨਸਨ, ਬਿਗ ਥੰਡਰ ਮਾਊਂਨਟੇਨ ਰੇਲ ਰੋਡ, ਦਿ ਟਵੀਲਾਈਟ ਜੋਨ ਟਾਵਰ ਆਫ ਟੈਰਰ, ਸਪਲੈਸ਼ ਮਾਊਂਨਟੇਨ, ਮਿਸ਼ਨ ਸਪੇਸ, ਡਾਇਨਾਸੋਰ, ਐਕਸੀਪੀਡੀਸ਼ਨ ਐਵਰੈਸਟ, ਸੈਵਨ ਡਵਾਰਫ ਮਾਈਨ ਟਰੇਨ ਆਦਿ। ਦਿ ਮੈਟਰਹਾਰਨ ਰਾਈਡ ਤਾਂ ਬੰਦੇ ਦੀਆਂ ਹੱਡੀਆਂ ਖੜਕਾ ਦੇਣ ਵਾਲਾ ਹੈ। ਇਹ ਰਾਈਡ ਲੈਣ ਵੇਲੇ ਮੈਂ ਆਪਣੀ ਪੱਗ ਨੂੰ ਦੋਵੇਂ ਹੱਥਾਂ ਨਾਲ ਘੁਟ ਕੇ ਫੜ ਲਿਆ ਸੀ। ਜੇ ਕਿਸੇ ਨੂੰ ਪਹਿਲਾਂ ਪਿੱਠ ਦਰਦ ਦੀ ਸ਼ਿਕਾਇਤ ਹੋਵੇ, ਉਨ੍ਹਾਂ ਨੂੰ ਇਸ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ।
ਡਿਜ਼ਨੀ ਕੈਲੀਫੋਰਨੀਆ ਐਡਵੈਂਚਰ:
ਡਿਜ਼ਨੀ ਲੈਂਡ ਵਿੱਚ ਨਵੀਨਤਾ ਲਿਆਉਣ ਲਈ 1995 ਵਿੱਚ ਪ੍ਰਬੰਧਕੀ ਬੋਰਡ ਵੱਲੋਂ ਇੱਕ ਨਵੇਂ ਪਾਰਕ ਦੀ ਯੋਜਨਾ ਉਲੀਕੀ ਗਈ। ਨਵੇਂ ਪਾਰਕ ਦੀ ਵਿਉਂਤਬੰਦੀ ਵਿੱਚ ਤਿੰਨ ਸਾਲ ਲੱਗ ਗਏ। ਡਿਜ਼ਨੀ ਲੈਂਡ ਦੇ ਸਾਹਮਣੇ ਹੀ ਜਿਹੜੀ ਕਾਰ ਪਾਰਕਿੰਗ ਸੀ, ਉਸ ਥਾਂ `ਤੇ ਨਵੇਂ ਪਾਰਕ ਦੀ ਉਸਾਰੀ ਕੀਤੀ ਗਈ। ਜੂਨ 1998 ਵਿੱਚ ਨਵੇਂ ਪਾਰਕ ਨੂੰ ਬਣਾਉਣ ਦਾ ਕੰਮ ਸ਼ੁਰੂ ਹੋਇਆ ਅਤੇ ਜਨਵਰੀ 2001 ਵਿੱਚ ‘ਡਿਜ਼ਨੀਜ਼ ਕੈਲੀਫੋਰਨੀਆ ਐਡਵੈਂਚਰ’ ਦਾ ਕੰਮ ਪੂਰਾ ਹੋ ਗਿਆ। 600 ਮਿਲੀਅਨ ਡਾਲਰ ਦੀ ਲਾਗਤ ਨਾਲ ਉਸਰਿਆ ਇਹ ਨਵਾਂ ਅਜੂਬਾ, 8 ਜੂਨ 2001 ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ, ਪਰ ਦਰਸ਼ਕਾਂ ਵੱਲੋਂ ਇਸ ਨੂੰ ਨਾ-ਮਾਤਰ ਹੀ ਹੁੰਗਾਰਾ ਮਿਲਿਆ। ਇਸ ਦਾ ਸਭ ਤੋਂ ਵੱਡਾ ਕਾਰਨ ਸੀ ਕਿ ਨਵੇਂ ਪਾਰਕ ਵਿੱਚ ਬੱਚਿਆਂ ਦੇ ਮਨੋਰੰਜਨ ਵਾਲੀ ਕੋਈ ਚੀਜ਼ ਨਹੀਂ ਸੀ। ਦਰਸ਼ਕਾਂ ਨੂੰ ਨਵੇਂ ਪਾਰਕ ਵੱਲ ਖਿੱਚਣ ਲਈ ਪ੍ਰਬੰਧਕਾਂ ਨੇ ਡਿਜ਼ਨੀ ਲੈਂਡ ਦੀ ਇੱਕ ਟਿਕਟ ਨਾਲ ਡਿਜ਼ਨੀਜ਼ ਕੈਲੀਫੋਰਨੀਆ ਦੀ ਇੱਕ ਟਿਕਟ ਮੁਫ਼ਤ ਦੇਣੀ ਸ਼ੁਰੂ ਕਰ ਦਿੱਤੀ, ਪਰ ਬਹੁਤਾ ਫਰਕ ਨਾ ਪਿਆ। ਇੱਕ ਥੀਮ ਪਾਰਕ ਤੋਂ ਦੂਜੇ ਪਾਰਕ ਜਾਣ ਲਈ ਤੁਰਨਾ ਵੀ ਬਹੁਤ ਪੈਂਦਾ ਸੀ। ਦਰਸ਼ਕਾਂ ਦੀ ਬੇਰੁਖ਼ੀ ਨੂੰ ਦੇਖਦੇ ਹੋਏ ਪ੍ਰਬੰਧਕਾਂ ਨੇ ਇਸ ਵਿੱਚ ਸੁਧਾਰ ਕਰਨ ਦੀ ਯੋਜਨਾ ਉਲੀਕੀ। 600 ਮਿਲੀਅਨ ਦੀ ਲਾਗਤ ਨਾਲ ਬਣਾਏ ਪਾਰਕ ਵਿੱਚ ਜਰੂਰੀ ਸੁਧਾਰਾਂ ਲਈ 1.1 ਬਿਲੀਅਨ ਡਾਲਰ ਖਰਚੇ ਗਏ। ਨਵੇਂ ਰੂਪ ਵਿੱਚ ਬੱਚਿਆਂ ਦੀ ਪਸੰਦ ਦਾ ਵਿਸ਼ੇਸ਼ ਧਿਆਨ ਰਖਿਆ ਗਿਆ।
ਅੱਜ ਕੱਲ੍ਹ ਬੱਚਿਆਂ ਲਈ ਡਿਜ਼ਨੀ ਜੂਨੀਅਰ ਡਾਂਸ ਪਾਰਟੀ, ਐਨੀਮੇਸ਼ਨ ਅਕੈਡਮੀ, ਮਿਕੀ ਮਾਊਸ ਥਰੀ ਡਾਇਮੈਨਸ਼ਨਲ ਫਿਲਮ ਸ਼ੋਅ, ਸੋਰਕਰਸ ਵਰਕਸ਼ਾਪ, ਦਿ ਲਿਟਲ ਮੇਰੀ ਮੇਡ ਅੰਡਰ ਸੀ, ਟਰੈਕਟਰ ਅਤੇ ਕਾਰਾਂ ਵਾਲਾ ਪਾਰਕ ਆਦਿ ਵਿਸ਼ੇਸ਼ ਖਿੱਚ ਦੇ ਸਾਧਨ ਹਨ। ਨੌਜਵਾਨਾਂ ਲਈ ਰੇਡੀਏਟਰ ਸਪਰਿੰਗਜ਼ ਰੇਸਰਜ਼ ਅਤੇ ਰੋਲਰ ਕੋਸਟਰ, ਇਨ ਸਾਈਡ ਆਊਟ ਇਮੋਸ਼ਨਲ ਵਰਲਵਿੰਡਰ, ਪਿਕਸਰ ਪਾਲ (ਇਸ ਵਿੱਚ ਦੋ ਤਰ੍ਹਾਂ ਦੇ ਝੂਲੇ ਹਨ- ਫਿਕਸ ਅਤੇ ਹਿੱਲਣ ਵਾਲੇ। ਹਿੱਲਣ ਵਾਲਿਆਂ ਵਿੱਚ ਕਾਫੀ ਡਰ ਲੱਗਦਾ ਹੈ)। ਇਸ ਪਾਰਕ ਵਿੱਚ ਹੀ ਇੱਕ ਹੋਰ ਵਿਸ਼ੇਸ਼ ਸ਼ੋਅ ਹੈ- ਵੈਬ ਸਲਿੰਜਰਜ਼: ਏ ਸਪਾਈਡਰ ਮੈਨ ਐਡਵੈਂਚਰ। ਇੱਕ ਟਰੇਨ ਵਿੱਚ ਬਿਠਾ ਕੇ ਸਪੇਸ ਦੀ ਸੈਰ ਕਰਵਾਉਂਦੇ ਹਨ। ਇਸ ਸੈਰ ਦੀ ਖ਼ਾਸੀਅਤ ਇਹ ਹੈ ਕਿ ਤੁਹਾਡੇ ਵੱਲ ਰੰਗ-ਬਰੰਗੀਆਂ ਲੇਜ਼ਰ ਕਿਰਨਾਂ ਆਉਂਦੀਆਂ ਹਨ। ਤੁਸੀਂ ਉਨ੍ਹਾਂ ਨੂੰ ਆਪਣੇ ਹੱਥ ਦੇ ਅੰਗੂਠੇ ਅਤੇ ਸਭ ਤੋਂ ਛੋਟੀ ਉਂਗਲ ਨਾਲ ਰੋਕਣਾ ਹੈ। ਜਿੰਨੀਆਂ ਕਿਰਨਾਂ ਨੂੰ ਤੁਸੀਂ ਰੋਕੋਗੇ, ਉਸ ਦਾ ਸਕੋਰ ਤੁਹਾਡੇ ਸਾਹਮਣੇ ਲੱਗੀ ਸਕਰੀਨ `ਤੇ ਆਈ ਜਾਂਦਾ ਹੈ। ਕੈਲੀਫੋਰਨੀਆ ਐਡਵੈਂਚਰ ਦੀ ਇੱਕ ਹੋਰ ਰੇਲ ਵਿੱਚ ਵੀ ਹਰ ਰਾਈਡਰ ਦੇ ਸਾਹਮਣੇ ਲੇਜ਼ਰ ਗਨ ਲੱਗੀ ਹੁੰਦੀ ਹੈ। ਕੁਝ ਥਾਂਵਾਂ `ਤੇ ਆਉਂਦੇ ਨੰਬਰਾਂ ਨੂੰ ਲੇਜ਼ਰ ਗਨ ਚਲਾ ਕੇ ਸਕੋਰ ਬਣਾਉਣੇ ਹੁੰਦੇ ਹਨ। ਰਾਤ ਦੇ ਸਮੇਂ ਫੁਹਾਰਿਆਂ ਦੇ ਪਾਣੀ `ਤੇ ਪੈਂਦੀਆਂ ਰੰਗ-ਬਰੰਗੀਆਂ ਰੋਸ਼ਨੀਆਂ ਦਾ ਸ਼ੋਅ ਵੀ ਦੇਖਣ ਵਾਲਿਆਂ ਨੂੰ ਮੰਤਰ-ਮੁਗਧ ਕਰ ਦਿੰਦਾ ਹੈ।
ਵਾਲਟ ਡਿਜ਼ਨੀ: ਸੰਖੇਪ ਜਾਣਕਾਰੀ
ਵਾਲਟ ਡਿਜ਼ਨੀ ਦਾ ਜਨਮ 5 ਦਸੰਬਰ 1901 ਨੂੰ ਸ਼ਿਕਾਗੋ ਵਿਖੇ ਹੋਇਆ। ਉਹ ਪੰਜ ਭੈਣ-ਭਰਾ ਸਨ। ਉਸ ਨੂੰ ਬਚਪਨ ਤੋਂ ਹੀ ਡਰਾਇੰਗ ਦਾ ਸ਼ੌਕ ਸੀ। ਉਹ ਸਕੂਲ ਦੇ ਅਖ਼ਬਾਰ ਲਈ ਕਾਰਟੂਨ ਵੀ ਬਣਾਉਂਦਾ। ਕੁਝ ਪੈਸੇ ਕਮਾਉਣ ਲਈ ਉਹ ਆਪਣੇ ਭਰਾ ਨਾਲ ਸਵੇਰੇ ਅਤੇ ਸ਼ਾਮ ਦੇ ਸਮੇਂ ਅਖ਼ਬਾਰ ਵੇਚਣ ਜਾਂਦਾ। 18 ਸਾਲ ਦੀ ਉਮਰ ਵਿੱਚ ਹੀ ਉਸ ਨੇ ਤਸਵੀਰਾਂ ਬਣਾ ਕੇ ਵੇਚਣੀਆਂ ਸ਼ੁਰੂ ਕਰ ਦਿੱਤੀਆਂ। 1920 ਵਿੱਚ ਉਹ ਕੈਲੀਫੋਰਨੀਆ ਆ ਗਿਆ ਅਤੇ ਆਪਣੇ ਭਰਾ ਰੌਏ ਡਿਜ਼ਨੀ ਨਾਲ ਮਿਲ ਕੇ ਸਟੂਡੀਓ ਸਥਾਪਿਤ ਕਰ ਲਿਆ। 1928 ਵਿੱਚ ਉਸ ਨੇ ਆਪਣੇ ਇੱਕ ਸਾਥੀ ਨਾਲ ਮਿਲ ਕੇ ‘ਮਿੱਕੀ ਮਾਊਸ’ ਦਾ ਕਾਰਟੂਨ ਘੜਿਆ, ਜੋ ਅੱਜ ਸਾਰੀ ਦੁਨੀਆਂ ਵਿੱਚ ਪ੍ਰਸਿੱਧ ਹੈ। ਹੌਲੀ-ਹੌਲੀ ‘ਐਨੀਮੇਟਿਡ ਫਿਲਮਾਂ’ ਦੇ ਖੇਤਰ ਵਿੱਚ ਉਸ ਦਾ ਨਾਂ ਨਿਰਮਾਤਾ, ਨਿਰਦੇਸ਼ਕ ਦੇ ਤੌਰ `ਤੇ ਵੀ ਪ੍ਰਸਿੱਧ ਹੋ ਗਿਆ। ਉਸ ਨੇ ਆਪਣੀ ਜ਼ਿੰਦਗੀ ਵਿੱਚ 26 ‘ਅਕੈਡਮੀ ਅਵਾਰਡ’ ਜਿੱਤੇ, ਜੋ ਇੱਕ ਰਿਕਾਰਡ ਹੈ।
1954 ਵਿੱਚ ਉਸ ਨੇ ਡਿਜ਼ਨੀ ਲੈਂਡ ਬਣਾਉਣਾ ਸ਼ੁਰੂ ਕੀਤਾ। ਇਸ ਲਈ ਪੈਸਾ ਇਕੱਠਾ ਕਰਨ ਲਈ ਉਸ ਨੇ ਟੈਲੀਵਿਜ਼ਨ ਸ਼ੋਅ ਵੀ ਬਣਾਉਣੇ ਸ਼ੁਰੂ ਕੀਤੇ। 1965 ਵਿੱਚ ਉਸ ਨੇ ਐਰਲੈਂਡੋ ਵਾਲਾ ਡਿਜ਼ਨੀ ਵਰਲਡ ਰਿਜ਼ੌਰਟ ਬਣਾਉਣ ਦਾ ਐਲਾਨ ਕਰ ਦਿੱਤਾ, ਪਰ 15 ਦਸੰਬਰ 1966 ਵਿੱਚ ਉਹ ਫੇਫ਼ੜਿਆਂ ਦੇ ਕੈਂਸਰ ਕਾਰਨ 65 ਸਾਲ ਦੀ ਉਮਰ ਵਿੱਚ ਹੀ ਦੁਨੀਆਂ ਤੋਂ ਰੁਖ਼ਸਤ ਹੋ ਗਿਆ। ਉਸ ਤੋਂ ਬਾਅਦ ਉਸ ਦਾ ਭਰਾ ਰੌਏ ਡਿਜ਼ਨੀ ਇਸ ਸੰਸਥਾ ਦੀ ਦੇਖ-ਭਾਲ ਕਰ ਰਿਹਾ ਹੈ।
ਜੇ ਕਿਸੇ ਨੇ ਸਟਾਰ ਵਾਰਜ਼ ਨੂੰ ਅੱਖਾਂ ਸਾਹਮਣੇ ਹੁੰਦੇ ਦੇਖਣਾ ਹੈ, ਸਪੇਸ ਵਾਲੇ ਫਰਜ਼ੀ ਜੀਵਾਂ ਨੂੰ ਆਪਣੇ ਵੱਲ ਆਉਂਦੇ ਦੇਖਣਾ ਹੈ, ਫਰਜ਼ੀ ਹਥਿਆਰਾਂ ‘ਚੋਂ ਨਿਕਲਦੀਆਂ ਚੰਗਿਆੜੀਆਂ ਦੇਖਣੀਆਂ ਹਨ, ਕੁਰਸੀਆਂ `ਤੇ ਬੈਠੇ ਹੀ ਖਤਰਨਾਕ ਨਜ਼ਾਰਿਆਂ ਦਾ ਸਾਹਮਣਾ ਕਰਨਾ ਹੈ, ਦੁਨੀਆਂ ਦੇ ਸੱਤ ਅਜੂਬਿਆਂ ਦੇ ਉਪਰ ਦੀ ਲੰਘਣਾ ਹੈ, ਐਵਰੈਸਟ ਦੀ ਚੋਟੀ ਅਤੇ ਪੈਰਿਸ ਦੇ ਆਈਫਲ ਟਾਵਰ ਨੂੰ ਆਪਣੇ ਪੈਰਾਂ ਨਾਲ ਛੁਹਣਾ ਹੈ, ਸੰਘਣੇ ਜੰਗਲਾਂ, ਵਿਸ਼ਾਲ ਮਾਰੂਥਲ ਦੇ ਦੀਦਾਰ ਕਰਨੇ ਹਨ, ਪਣਡੁੱਬੀ ਵਰਗੇ ਮਾਡਲ ਵਿੱਚ ਬੈਠ ਕੇ ਸਮੁੰਦਰ ਦੀ ਅੰਦਰਲੀ ਦੁਨੀਆਂ ਦੇਖਣੀ ਹੈ, ਪੁਰਾਣੀ ਸਮੁੰਦਰੀ ਕਿਸ਼ਤੀ ਦੀ ਸੈਰ ਕਰਨੀ ਹੈ, ਹਨੇਰੀਆਂ ਗੁਫਾਵਾਂ ਵਿੱਚੋਂ ਲੰਘਣਾ ਹੈ, ਜੇ ਡਰ ਨਾਂ ਵਾਲੀ ਚੀਜ਼ ਤੋਂ ਤੁਸੀਂ ਵਾਕਿਫ ਨਹੀਂ ਅਤੇ ਸਰੀਰ ਦੀਆਂ ਸਾਰੀਆਂ ਹੱਡੀਆਂ-ਪਸਲੀਆਂ ਦੇ ਕੜਕ ਜਾਣ ਤੋਂ ਤੁਸੀਂ ਨਵੇਂ ਜੋਸ਼ ਵਿੱਚ ਆਉਂਦੇ ਹੋ ਤਾਂ ਮੌਕਾ ਮਿਲਦੇ ਹੀ ਦੁਨੀਆਂ ਭਰ ਵਿੱਚ ਬਣੇ ਛੇ ਡਿਜ਼ਨੀ ਲੈਂਡਜ਼ ਵਿੱਚੋਂ ਕਿਸੇ ਇੱਕ ਦਾ ਚੱਕਰ ਜਰੂਰ ਲਾਓ। ਮੈਂ ਤਾਂ ਉਮਰ ਦੇ ਸਤਵੇਂ ਦਹਾਕੇ ਵਿੱਚ ਇਸ ਸਭ ਦਾ ਨਜ਼ਾਰਾ ਲੈਣ ਦਾ ਸੁਭਾਗ ਪ੍ਰਾਪਤ ਕਰ ਲਿਆ ਹੈ।
ਡਿਜ਼ਨੀ ਲੈਂਡ ਦੀ ਚਾਰ ਦਿਨ ਦੀ ਫੇਰੀ ਤੋਂ ਬਾਅਦ ਮੈਂ ਮਹਿਸੂਸ ਕੀਤਾ ਕਿ ਮਨੁੱਖੀ ਦਿਮਾਗ ਅਤੇ ਵਿਗਿਆਨ ਦੇ ਸੁਚੱਜੇ ਸੁਮੇਲ ਨੇ ਵਾਲਟ ਡਿਜ਼ਨੀ ਦੇ ਸੁਫਨੇ ਨੂੰ ਇੱਕ ਅਜਿਹੇ ਰੂਪ ਵਿੱਚ ਸਾਕਾਰ ਕੀਤਾ ਹੈ, ਜੋ ਆਪਣੇ ਆਪ ਵਿੱਚ ਅਜੂਬਾ ਬਣ ਗਿਆ ਹੈ।