ਇੰਡੀਅਨਐਪੋਲਿਸ, ਇੰਡੀਆਨਾ (ਅਨੁਰੀਤ ਕੌਰ ਢਿੱਲੋਂ): ਮਿਸ ਅਤੇ ਮਿਸਿਜ਼ ਮਿਡਵੈਸਟ ਯੂ.ਐਸ.ਏ. 2024 ਮੁਕਾਬਲਾ 23 ਜੂਨ, ਐਤਵਾਰ ਨੂੰ ਇੰਡੀਅਨਐਪੋਲਿਸ ਦੇ ‘ਦ ਗਰੈਂਡ ਹਾਲ’ (400 N. High School Rd.) ਵਿਖੇ ਦੁਪਹਿਰ 12 ਵਜੇ ਤੋਂ ਸ਼ਾਮ 6 ਤੱਕ ਹੋਵੇਗਾ। ਇਨ੍ਹਾਂ ਮੁਕਾਬਲਿਆਂ ਸਬੰਧੀ ਲੰਘੇ ਐਤਵਾਰ ਮਿਲਵਾਕੀ ਅਤੇ ਸ਼ਿਕਾਗੋ ਵਿੱਚ ਆਡੀਸ਼ਨ ਵੀ ਹੋਏ, ਜਦਕਿ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੀਆਂ ਬਹੁਤੀਆਂ ਬੀਬੀਆਂ ਨੇ ਵਰਚੁਅਲ ਆਡੀਸ਼ਨ ਵੀ ਦਿੱਤੇ ਹਨ,
ਜਿਸ ਦੌਰਾਨ ਉਨ੍ਹਾਂ ਦੀ ਪੰਜਾਬੀ ਸੱਭਿਆਚਾਰ, ਲੋਕ-ਗੀਤਾਂ, ਗਿੱਧੇ ਆਦਿ ਸਬੰਧੀ ਜਾਣਕਾਰੀ ਦਾ ਮਿਆਰ ਨਾਪਿਆ ਗਿਆ ਅਤੇ ਪੰਜਾਬ ਨਾਲ ਸਬੰਧਤ ਕੁਝ ਸਵਾਲ-ਜਵਾਬ ਵੀ ਕੀਤੇ ਗਏ।
ਇਹ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕਾਂ ਵਿੱਚੋਂ ਬਲਜੀਤ ਕੌਰ ਫਗੂੜਾ ਤੇ ਲਵਲੀਨ ਕੌਰ ਮੁਲਤਾਨੀ ਨੇ ਦੱਸਿਆ ਕਿ ਇਸ ਮੌਕੇ ਨਾਮੀ ਗਾਇਕ ਜੈਜ਼ੀ ਬੀ. ਮੁਕਾਬਲੇ ਦੀਆਂ ਜੇਤੂਆਂ ਨੂੰ ਤਾਜ ਪਹਿਨਾਉਣਗੇ ਅਤੇ ਆਪਣੀ ਗਾਇਕੀ ਦਾ ਅਖਾੜਾ ਵੀ ਲਾਉਣਗੇ। ਮੁਕਾਬਲੇ ਵਿੱਚ ਅਠਾਰਾਂ ਸਾਲ ਤੋਂ ਉਪਰ ਕੋਈ ਵੀ ਕੁੜੀ, ਬੀਬੀ ਜਾਂ ਬੇਬੇ ਹਿੱਸਾ ਲੈ ਸਕਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਮੁਕਾਬਲਾ ਸ਼ੁਰੂ ਕੀਤਾ ਸੀ ਤਾਂ ਮਿਸ ਮਿਡਵੈਸਟ ਮੁਕਾਬਲਾ ਕਰਵਾਉਣ ਬਾਰੇ ਹੀ ਸੋਚਿਆ ਸੀ, ਪਰ ਇਸ ਵਾਰ ਮਿਸ ਅਤੇ ਮਿਸਿਜ਼ ਮਿਡਵੈਸਟ ਵੱਖਰੇ ਵੱਖਰੇ ਤੌਰ `ਤੇ ਚੁਣੀ ਜਾਵੇਗੀ। ਇਸ ਤੋਂ ਇਲਾਵਾ ਦੋਹਾਂ ਮੁਕਾਬਲਿਆਂ ਵਿੱਚੋਂ ਰਨਰ-ਅਪ ਵੀ ਚੁਣੀਆਂ ਜਾਣਗੀਆਂ। ਇਸ ਵਾਰ ਜੇਤੂਆਂ ਨੂੰ ਤਾਜ ਦੇਣ ਤੋਂ ਇਲਾਵਾ ਉਨ੍ਹਾਂ ਲਈ ਕੁਝ ਹੋਰ ਵਿਸ਼ੇਸ਼ ਵੀ ਕੀਤਾ ਜਾਵੇਗਾ। ਜੱਜਾਂ ਦਾ ਪੈਨਲ ਹੋਰਨਾਂ ਸਟੇਟਾਂ ਤੋਂ ਹੋਵੇਗਾ।
ਪ੍ਰਬੰਧਕਾਂ ਅਨੁਸਾਰ ਬੇਸ਼ੱਕ ਇਨ੍ਹਾਂ ਮੁਕਾਬਲਿਆਂ ਦਾ ਟਾਈਟਲ ਮਿਡਵੈਸਟ ਹੈ, ਪਰ ਕਿਸੇ ਵੀ ਸਟੇਟ ਤੋਂ ਹਿੱਸਾ ਲਿਆ ਜਾ ਸਕਦਾ ਹੈ। ਇਸ ਲਈ ਹੋਰਨਾਂ ਸਟੇਟਾਂ ਤੋਂ ਵੀ ਕੁੜੀਆਂ/ਬੀਬੀਆਂ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਹਨ। ਟੀਮ ਦੀਆਂ ਦੂਜੀਆਂ ਮੈਂਬਰਾਨ ਹੋਰਨਾਂ ਸਟੇਟਾਂ ਵਿੱਚ ਆਡੀਸ਼ਨ ਲੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਖੂਬਸੂਰਤੀ ਦਾ ਮਿਆਰ ਸਿਰਫ ਦਿਖ ਤੋਂ ਥੋੜ੍ਹਾ ਬਦਲ ਕੇ ਪੇਸ਼ ਕੀਤਾ ਜਾਵੇਗਾ। ਇਹ ਇੱਕ ਪਰਿਵਾਰਕ ਸ਼ੋਅ ਹੋਵੇਗਾ। ਇਸ ਸਾਲ ਇਹ ਦੂਜਾ ਸ਼ੋਅ ਹੈ। ਇਸ ਤੋਂ ਇਲਾਵਾ ਇਸ ਸਾਲ ਤੀਆਂ ਦਾ ਮੇਲਾ ਵੀ ਕਰਵਾਇਆ ਜਾਵੇਗਾ, ਜਿਸ ਦੀ ਤਰੀਕ ਜਲਦੀ ਹੀ ਐਲਾਨ ਦਿੱਤੀ ਜਾਵੇਗੀ।
ਇਨ੍ਹਾਂ ਮੁਕਾਬਲਿਆਂ ਦੇ ਮਕਸਦ ਤਹਿਤ ਨਾਰੀ ਸਸ਼ਕਤੀਕਰਨ ਦੇ ਮੱਦੇਨਜ਼ਰ ਘਰ ਬੈਠੀਆਂ ਜਵਾਨ ਕੁੜੀਆਂ ਜਾਂ ਵਿਆਹੀਆਂ ਨੂੰ ਆਪਣੀ ਪ੍ਰਤਿਭਾ ਉਭਾਰਨ ਦਾ ਮੌਕਾ ਦਿੱਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਦਾ ਆਪਣੇ-ਆਪ ‘ਤੇ ਵਿਸ਼ਵਾਸ ਪੱਕਾ ਹੋ ਸਕੇ। ਉਨ੍ਹਾਂ ਕਿਹਾ ਕਿ ਜਿਹੜੀਆਂ ਕੁੜੀਆਂ ਇੱਥੋਂ ਦੀਆਂ ਜੰਮਪਲ ਹਨ, ਉਨ੍ਹਾਂ ਨੂੰ ਅੱਗੇ ਵਧਣ ਦੇ ਕਾਫੀ ਮੌਕੇ ਮਿਲਦੇ ਹਨ, ਪਰ ਜਿਹੜੀਆਂ ਵਿਆਹ ਪਿੱਛੋਂ ਇੱਥੇ ਆਈਆਂ ਹਨ ਜਾਂ ਜਿਨ੍ਹਾਂ ਦੀ ਕਾਫੀ ਜ਼ਿੰਦਗੀ ਲੰਘ ਚੁਕੀ ਹੈ ਤੇ ਗ੍ਰਹਿਸਥ ਜੀਵਨ ਬਿਤਾਉਂਦਿਆਂ ਉਨ੍ਹਾਂ ਦਾ ਕਾਫੀ ਕੁਝ ਛੁਟ ਗਿਆ ਹੈ, ਉਨ੍ਹਾਂ ਲਈ ਇੱਕ ਪਲੈਟਫਾਰਮ ਮੁਹੱਈਆ ਕੀਤਾ ਗਿਆ ਹੈ ਤਾਂ ਜੋ ਉਹ ਆਪਣੇ ਸੁਪਨਿਆਂ ਤੇ ਚਾਅਵਾਂ ਨੂੰ ਪੂਰਾ ਕਰ ਸਕਣ।
ਇੱਕ ਹੋਰ ਪ੍ਰਬੰਧਕ ਸਿਮਰਨ ਬਾਜਵਾ ਸੇਖੋਂ ਅਨੁਸਾਰ, ਕਿਉਂਕਿ ਜ਼ਿਆਦਾਤਰ ਲੋਕ ਖੂਬਸੂਰਤੀ ਨੂੰ ਦਿੱਖ ਦੇ ਤੌਰ ‘ਤੇ ਪਰਿਭਾਸ਼ਿਤ ਕਰ ਦਿੰਦੇ ਹਨ, ਜਦਕਿ ਖੂਬਸੂਰਤੀ ਸਿਰਫ ਦਿਸਣ ਵਾਲੀ ਚੀਜ਼ ਨਹੀਂ ਹੈ, ਸੋਚ-ਸਮਝ ਤੇ ਗੁਣ ਵੀ ਖੂਬਸੂਰਤੀ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਰੰਗ, ਕੱਦ ਜਾਂ ਚਿਹਰੇ ਦੇ ਨੈਣ-ਨਕਸ਼ਾਂ ਨੂੰ ਲੈ ਕੇ ਪੰਜਾਬੀਆਂ ਵਿੱਚ ਭੇਦਭਾਵ ਆਮ ਵਰਤਾਰਾ ਹੈ, ਪਰ ਇਨ੍ਹਾਂ ਮੁਕਾਬਲਿਆਂ ਵਿੱਚ ਅਜਿਹੇ ਵਿਤਕਰੇ ਲਈ ਕੋਈ ਥਾਂ ਨਹੀਂ ਹੈ, ਬਲਕਿ ਸਭ ਨੂੰ ਉਨ੍ਹਾਂ ਦੇ ਗੁਣਾਂ ਮੁਤਾਬਕ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸ਼ੋਅ ਕਰਨ ਤੋਂ ਪਹਿਲਾਂ ਇਹੋ ਸੋਚਿਆ ਸੀ ਕਿ ਇਨ੍ਹਾਂ ਸਭ ਚੀਜ਼ਾਂ ਤੋਂ ਉਪਰ ਉਠ ਕੇ ਨਾਰੀ ਸਸ਼ਕਤੀਕਰਨ ਲਈ ਕੰਮ ਕੀਤਾ ਜਾਵੇਗਾ।
ਹੋਰ ਜਾਣਕਾਰੀ ਲਈ ਲਵਲੀਨ ਮੁਲਤਾਨੀ 317-970-3439, ਬਲਜੀਤ ਫਗੂੜਾ ਫੋਨ: 571-230-4452 ਜਾਂ ਸਿਮਰਨ ਬਾਜਵਾ ਸੇਖੋਂ ਨਾਲ ਫੋਨ: 209-242-6704 ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ। ਪ੍ਰਬੰਧਕਾਂ ਵਿੱਚ ਪ੍ਰਭਦੀਪ ਚਾਹਲ, ਜਸਪ੍ਰੀਤ ਦਿਓਲ ਤੇ ਜਸਪ੍ਰੀਤ ਬਸਰਾ ਵੀ ਸ਼ਾਮਲ ਹਨ।