*ਗ੍ਰਿਫਤਾਰ ਹੋਏ ਤਿੰਨ ਨੌਜਵਾਨਾਂ ਦਾ ਬਿਸ਼ਨੋਈ ਗਰੁੱਪ ਨਾਲ ਸੰਬੰਧਤ ਹੋਣ ਦੇ ਦੋਸ਼
*ਦੋਸ਼ ਨਿੱਗਰ ਨਹੀਂ –ਭਾਰਤ
ਜੇ.ਐਸ. ਮਾਂਗਟ
ਕੈਨੇਡਾ ਅਤੇ ਭਾਰਤ ਵਿਚਕਾਰ ਆਪਸੀ ਸੰਬੰਧ ਲਗਾਤਾਰ ਹੇਠਾਂ ਵੱਲ ਖਿਸਕ ਰਹੇ ਹਨ। ਕੈਨੇਡਾ ਵਿੱਚ ਵੱਸਦੇ ਵੱਡੀ ਗਿਣਤੀ ਭਾਰਤੀ ਪਰਵਾਸੀਆਂ ਲਈ ਇਹ ਹੋਰ ਵੀ ਫਿਕਰ ਵਾਲੀ ਸਥਿਤੀ ਹੈ। ਦੋਹਾਂ ਦੇਸ਼ਾਂ ਵਿੱਚ ਆਮ ਚੋਣਾਂ ਦੇ ਚੱਲ ਰਹੇ ਇਸ ਦੌਰ ਅਤੇ ਇਸ ਨੂੰ ਜਿੱਤਣ ਦੀ ਸਿਆਸੀ ਲਾਲਸਾ, ਦੋਹਾਂ ਮੁਲਕਾਂ ਦੇ ਆਪਸੀ ਰਿਸ਼ਤਿਆਂ ਨੂੰ ਹੋਰ ਨਿਵਾਣਾ ਵੱਲ ਧੱਕ ਰਹੀ ਹੈ। ਭਾਰਤ ਵਾਂਗ ਹੀ ਵੋਟ ਬੈਂਕ ਦੀ ਰਾਜਨੀਤੀ ਦਾ ਅਸਰ ਕੈਨੇਡਾ ਦੀ ਸਿਆਸਤ ‘ਤੇ ਵੀ ਪ੍ਰਭਾਵੀ ਹੁੰਦਾ ਵਿਖਾਈ ਦੇ ਰਿਹਾ ਹੈ।
ਇਸ ਦੇ ਨਾਲ ਹੀ ਇਹ ਜ਼ਿਕਰ ਕਰਨਾ ਵੀ ਦਿਲਚਸਪ ਹੋਵੇਗਾ ਕਿ ਬੀਤੇ ਹਫਤੇ ਹੀ ਅਮਰੀਕਾ ਵਿੱਚ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਸੰਬੰਧ ਗੈਂਗਸਟਰ ਗੋਲਡੀ ਬਰਾੜ ਦੇ ਮਾਰੇ ਜਾਣ ਦੀ ਅਫਵਾਹ ਸਾਹਮਣੇ ਆਏ ਸੀ, ਪਰ ਬਾਅਦ ਵਿੱਚ ਇਹ ਝੂਠੀ ਸਾਬਤ ਹੋਈ। ਇਸੇ ਦੌਰਾਨ ਅਮਰੀਕਾ ਦੇ ਇੱਕ ਵੱਡੇ ਅਖ਼ਬਾਰ ਨੇ ਸਿੱਖਸ ਫਾਰ ਜਸਟਿਸ (ਐਸ.ਐਫ.ਜੇ.) ਦੇ ਆਗੂ ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਦੀ ਕਥਿੱਤ ਸਾਜ਼ਿਸ਼ ਨਾਲ ਸੰਬੰਧਤ ਭਾਰਤੀ ਖੁਫੀਆ ਏਜੰਸੀ ਰਾਅ ਦੇ ਅਫਸਰਾਂ ਦੇ ਨਾਂਵਾਂ ਤੋਂ ਪਰਦਾ ਚੁੱਕਿਆ ਹੈ। ਇਸ ਤੋਂ ਬਾਅਦ ਹੀ ਕੈਨੇਡਾ ਰੌਇਲ ਮਾਉਂਟਿਡ ਪੁਲਿਸ ਨੇ ਨਿੱਝਰ ਕਤਲ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਬਾਰੇ ਵੇਰਵੇ ਦਿੱਤੇ ਹਨ। ਲਗਦਾ ਹੈ, ਇਨ੍ਹਾਂ ਸਾਰੀਆਂ ਘਟਨਾਵਾਂ ਬਾਰੇ ਜਾਣਕਾਰੀਆਂ ਅਮਰੀਕਾ ਅਤੇ ਕੈਨੇਡਾ ਨੇ ਆਪਸ ਵਿੱਚ ਸਾਂਝੀਆਂ ਕਰਨ ਤੋਂ ਬਾਅਦ ਹੀ ਜਾਰੀ ਕੀਤੀਆਂ ਹਨ। ਕੈਨੇਡਾ ਵਿੱਚ ਗ੍ਰਿਫਤਾਰ ਕੀਤੇ ਗਏ ਨੌਜਵਾਨ ਤਿੰਨ ਹੋਰ ਕਤਲਾਂ ਵਿੱਚ ਵੀ ਸ਼ਾਮਲ ਦੱਸੇ ਜਾਂਦੇ ਹਨ, ਜਿਨ੍ਹਾਂ ਵਿੱਚੋਂ ਇੱਕ ਜਣਾ ਗੈਂਗਸਟਰ ‘ਬੰਬੀਹਾ ਗਰੁੱਪ’ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਲਾਰੈਂਸ ਬਿਸ਼ਨੋਈ ਤੇ ਬੰਬੀਹਾ ਗਰੁੱਪ ਦੀ ਆਪਸੀ ਦੁਸ਼ਮਣੀ ਜੱਗ ਜ਼ਾਹਰ ਹੈ ਅਤੇ ਪੰਜਾਬੀ ਦਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਵੀ ਇਸੇ ਦਾ ਸ਼ਿਕਾਰ ਹੋਇਆ। ਇਸ ਕੇਸ ਨਾਲ ਸੰਬੰਧਤ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਤਕਰੀਬਨ ਦੋ ਦਰਜਨ ਤੋਂ ਵੱਧ ਵਿਅਕਤੀਆਂ ਖਿਲਾਫ ਦੋਸ਼ ਆਇਦ ਕੀਤੇ ਗਏ ਹਨ।
ਯਾਦ ਰਹੇ, ਬੀਤੇ ਹਫਤੇ ਕੈਨੇਡਾ ਸਰਕਾਰ ਵੱਲੋਂ ਦਿੱਤੀ ਗਈ ਇੱਕ ਜਾਣਕਾਰੀ ਅਨੁਸਾਰ ਰੌਇਲ ਮਾਉਂਟਿਡ ਪੁਲਿਸ ਨੇ ਪੰਜਾਬੀ ਮੂਲ ਦੇ ਤਿੰਨ ਵਿਅਕਤੀਆਂ- ਕਮਲਪ੍ਰੀਤ ਸਿੰਘ, ਕਰਨਪ੍ਰੀਤ ਸਿੰਘ ਅਤੇ ਕਰਨ ਬਰਾੜ ਨੂੰ ਗ੍ਰਿਫਤਾਰ ਕੀਤਾ ਹੈ, ਜਿਹੜੇ ਖਾਲਿਸਤਾਨ ਪੱਖੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਸ਼ਾਮਲ ਹਨ। ਰੌਇਲ ਕੈਨੇਡੀਅਨ ਪੁਲਿਸ ਤੋਂ ਮਿਲੀ ਜਾਣਕਾਰੀ ‘ਤੇ ਆਧਾਰਤ ਸਥਾਨਕ ਮੀਡੀਆ ਵਿੱਚ ਛਪੀਆਂ ਰਿਪੋਰਟਾਂ ਅਨੁਸਾਰ ਇਨ੍ਹਾਂ ਨੌਜਵਾਨਾਂ ਦਾ ਸੰਬੰਧ ਲਾਰੈਂਸ ਬਿਸ਼ਨੋਈ ਨਾਲ ਸੰਬੰਧਤ ਗੈਂਗ ਨਾਲ ਹੈ। ਇਨ੍ਹਾਂ ਤਿੰਨਾਂ ਨੂੰ ਐਲਬਰਟਾ ਸਟੇਟ ਦੇ ਐਡਮਿੰਟਨ ਸ਼ਹਿਰ ਵਿੱਚੋਂ ਗ੍ਰਿਫਤਾਰ ਕੀਤਾ ਗਿਆ। 22 ਸਾਲਾ ਕਮਲਪ੍ਰੀਤ ਸਿੰਘ ਨਕੋਦਰ ਲਾਗੇ ਜਲੰਧਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਚੱਕ ਕਲਾਂ ਦੇ ਚੰਗੇ ਖਾਂਦੇ-ਪੀਂਦੇ ਕਿਸਾਨੀ ਪਰਿਵਾਰ ਨਾਲ ਸੰਬੰਧਤ ਹੈ। ਕਮਲਪ੍ਰੀਤ ਸਿੰਘ ਦੇ ਪਿਤਾ ਸਤਨਾਮ ਸਿੰਘ ਪਿੰਡ ਦੇ ਨੰਬਰਦਾਰ ਹਨ। ਉਨ੍ਹਾਂ ਦੀ ਸ਼ੰਕਰ ਦੀ ਦਾਣਾਮੰਡੀ ਵਿੱਚ ਆੜ੍ਹਤ ਦੀ ਦੁਕਾਨ ਵੀ ਹੈ। ਪਿੰਡ ਦੇ ਸਰਪੰਚ ਤੀਰਥ ਸਿੰਘ ਨੇ ਦੱਸਿਆ ਕਿ ਨਾ ਤਾਂ ਸਥਾਨਕ ਪੁਲਿਸ ਨੇ ਅਤੇ ਨਾ ਹੀ ਕੈਨੇਡੀਅਨ ਪੁਲਿਸ ਨੇ ਕਮਲਪ੍ਰੀਤ ਦੇ ਪਰਿਵਾਰ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਹੈ।
ਇਸ ਤੋਂ ਇਲਾਵਾ ਕਰਨਪ੍ਰੀਤ ਸਿੰਘ ਬਟਾਲਾ ਨੇੜੇ ਸਥਿਤ ਘਣੀਏ ਕੇ ਬਾਂਗਰ ਥਾਣੇ ਵਿੱਚ ਪੈਂਦੇ ਪਿੰਡ ਸੁੰਦਰ ਦਾ ਰਹਿਣ ਵਾਲਾ ਹੈ। ਕਮਲਪ੍ਰੀਤ ਦੇ ਮਾਪਿਆਂ ਨੇ ਇਹ ਗੱਲ ਸਵੀਕਾਰ ਕੀਤੀ ਹੈ ਕਿ ਕਰਨਪ੍ਰੀਤ ਨਾਲ ਉਨ੍ਹਾਂ ਦੇ ਬੇਟੇ ਦੀ ਗਹਿਰੀ ਦੋਸਤੀ ਹੈ। ਕਰਨਪ੍ਰੀਤ ਸਿੰਘ ਦੇ ਪਿਤਾ ਪਿੰਡ ਦੇ ਗੁਰਦੁਆਰੇ ਦੇ ਗ੍ਰੰਥੀ ਹਨ ਅਤੇ ਕਿਸੇ ਕਿਸਾਨ ਜਥੇਬੰਦੀ ਨਾਲ ਵੀ ਉਨ੍ਹਾਂ ਦੇ ਸੰਬੰਧ ਹਨ। ਕੈਨੇਡਾ ਜਾਣ ਤੋਂ ਪਹਿਲਾਂ ਉਹ ਆਪਣੇ ਪਿਤਾ ਨਾਲ ਦੁਬਈ ਵਿੱਚ ਟਰੱਕ ਡਰਾਈਵਿੰਗ ਵੀ ਕਰਦਾ ਰਿਹਾ। ਕੈਨੇਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਤੀਜੇ ਕਥਿਤ ਦੋਸ਼ੀ ਕਰਨ ਬਰਾੜ, ਜ਼ਿਲ੍ਹਾ ਫਰੀਦਕੋਟ ਦੇ ਪਿੰਡ ਕੋਟ ਸੁਖੀਆ ਦਾ ਵਸਨੀਕ ਹੈ। ਉਸ ਦਾ ਅਸਲ ਨਾਮ ਕਿਰਨਜੀਤ ਸਿੰਘ ਹੈ। ਉਸ ਦੀ ਅਚਾਨਕ ਗ੍ਰਿਫਤਾਰੀ ਤੋਂ ਬਾਅਦ ਉਹਦੇ ਮਾਪੇ ਸਦਮੇ ਵਿੱਚ ਵਿਖਾਈ ਦਿੱਤੇ। ਉਹ 2020 ਵਿੱਚ ਬਾਰਵੀਂ ਕਰਨ ਤੋਂ ਬਾਅਦ ਸਟਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ। ਸਥਾਨਕ ਪੁਲਿਸ ਅਨੁਸਾਰ ਕਰਨ ਬਰਾੜ ਦਾ ਵੀ ਪੰਜਾਬ ਵਿੱਚ ਕਿਸੇ ਕਿਸਮ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੈ।
ਇੱਧਰ ਭਾਰਤ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਕੈਨੇਡਾ ਵੱਲੋਂ ਭਾਰਤ ‘ਤੇ ਆਧਾਰਹੀਣ ਦੋਸ਼ ਲਾਏ ਜਾ ਰਹੇ ਹਨ। ਖਾਲਸਾ ਡੇਅ ਪ੍ਰੇਡ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤੀਆ ਗਈ ਟਿੱਪਣੀਆਂ ਅਤੇ ਉਥੇ ਲਗਾਏ ਗਏ ਖਾਲਿਸਤਾਨ ਦੇ ਨਾਹਰਿਆਂ ਵੱਲ ਉਂਗਲ ਕਰਦਿਆਂ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਬੋਲਣ ਦੀ ਆਜ਼ਾਦੀ ਦੇ ਨਾਂ ‘ਤੇ ਕੈਨੇਡਾ ਵੱਲੋਂ ਖਾਲਿਸਤਾਨੀ ਵੱਖਵਾਦੀਆਂ ਨੂੰ ਜਿਹੜੀ ਰਾਜਨੀਤਿਕ ਸਪੇਸ ਮੁਹੱਈਆ ਕੀਤੀ ਜਾ ਰਹੀ ਹੈ, ਉਹ ਭਾਰਤ ਲਈ ਵੱਡੀ ਸਿਰਦਰਦੀ ਹੈ। ਭਾਰਤ ਨੇ ਇਸ ਮਾਮਲੇ ਨੂੰ ਲੈ ਕੇ ਕੈਨੇਡਾ ਦੇ ਰਾਜਦੂਤ ਨੂੰ ਤਲਬ ਵੀ ਕੀਤਾ ਅਤੇ ਉਨ੍ਹਾਂ ਕੋਲ ਆਪਣਾ ਇਤਰਾਜ ਜਤਾਇਆ। ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਦੇਸ਼ ਵਿੱਚ ਕਾਨੂੰਨ ਦਾ ਰਾਜ ਹੈ। ਉਨ੍ਹਾਂ ਕਿਹਾ ਕਿ ਨਿੱਝਰ ਮਾਮਲੇ ਵਿੱਚ ਰੌਇਲ ਮਾਉਂਟਿਡ ਪੁਲਿਸ ਦੀ ਜਿਹੜੀ ਜਾਂਚ ਚੱਲ ਰਹੀ ਹੈ, ਉਸ ਵਿੱਚ ਨਿੱਝਰ ਕਤਲ ਕੇਸ ਨਾਲ ਸੰਬੰਧਤ ਕੁਝ ਹੋਰਨਾਂ ਲੋਕਾਂ ਦੇ ਫੜੇ ਜਾਣ ਦੀ ਵੀ ਉਮੀਦ ਹੈ।
ਯਾਦ ਰਹੇ, ਬੀਤੇ ਸਾਲ ਸਤੰਬਰ ਵਿੱਚ ਕੈਨੇਡੀਅਨ ਪਾਰਲੀਮੈਂਟ ਵਿੱਚ ਬੋਲਦਿਆਂ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਕੈਨੇਡਾ ਵਿੱਚ ਕਤਲ ਕੀਤੇ ਗਏ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਸੀਆਂ ਦਾ ਹੱਥ ਹੋ ਸਕਦਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਵੱਲੋਂ ਇਸ ਕਿਸਮ ਦੇ ਬਿਆਨ ਬਾਅਦ ਵਿੱਚ ਵੀ ਕਈ ਵਾਰ ਦੁਹਰਾਏ ਗਏ, ਜਦੋਂਕਿ ਭਾਰਤ ਨੇ ਵਾਰ-ਵਾਰ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਹੈ। ਭਾਰਤ ਦਾ ਆਖਣਾ ਹੈ ਕਿ ਕੈਨੇਡਾ ਵੱਲੋਂ ਇਸ ਮਾਮਲੇ ਵਿੱਚ ਭਾਰਤ ਨੂੰ ਕੋਈ ਜਚਣਯੋਗ (ਸਬਸਟੈਂਸ਼ੀਅਲ) ਸਬੂਤ ਨਹੀਂ ਦਿੱਤੇ ਗਏ। ਹੁਣ ਵੀ ਭਾਰਤ ਵੱਲੋਂ ਇਹੋ ਕਿਹਾ ਗਿਆ ਹੈ ਕਿ ਕਥਿਤ ਭਾਰਤੀ ਏਜੰਟਾਂ ਖਿਲਾਫ ਲਗਾਏ ਗਏ ਦੋਸ਼ ਆਧਾਰਹੀਣ ਹਨ।
ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐਸ. ਜੈਸ਼ੰਕਰ ਨੇ ਉਲਟੇ ਦੋਸ਼ ਲਾਉਂਦਿਆਂ ਕਿਹਾ ਕਿ ਨਵੀਂ ਦਿੱਲੀ ਵੱਲੋਂ ਵਾਰ-ਵਾਰ ਦਿੱਤੀਆਂ ਗਈਆਂ ਚਿਤਾਵਨੀਆਂ ਦੇ ਬਾਵਜੂਦ ਕੈਨੇਡਾ ਭਾਰਤ ਵਿੱਚ ਜਥੇਬੰਦ ਜ਼ੁਰਮਾਂ ਨਾਲ ਸੰਬੰਧਤ ਵਿਅਕਤੀਆਂ ਨੂੰ ਵੀਜ਼ੇ ਦੇ ਰਿਹਾ ਹੈ। ਆਪਣੀ ਕਿਤਾਬ ‘ਵਾਏ ਭਾਰਤ ਮੈਟਰ’ ਬਾਰੇ ਭੁਬਨੇਸ਼ਵਰ ਵਿੱਚ ਬੁੱਧੀਜੀਵੀਆਂ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਖਾਲਿਸਤਾਨ ਪੱਖੀ ਆਗੂਆਂ ਨੇ ਆਪਣੇ ਆਪ ਨੂੰ ਰਾਜਨੀਤਿਕ ਰੂਪ ਵਿੱਚ ਜਥੇਬੰਦ ਕਰ ਲਿਆ ਹੈ ਅਤੇ ਪ੍ਰਭਾਵਸ਼ਾਲੀ ਰਾਜਨੀਤਿਕ ਲੌਬੀ ਬਣ ਗਏ ਹਨ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਅਮਰੀਕਾ ਵਿੱਚ ਇਸ ਕਿਸਮ ਦੀ ਸਮੱਸਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਸਾਡੀ ਸਭ ਤੋਂ ਵੱਡੀ ਸਮੱਸਿਆ ਕੈਨੇਡਾ ਵਿੱਚ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ “ਕੈਨੇਡਾ ਦੀ ਸੱਤਾ ਵਿੱਚ ਮੌਜੂਦ ਪਾਰਟੀ ਨੇ ਅਤਿਵਾਦੀ (ਐਕਸਟਰਮਿਸਟ) ਕਿਸਮ ਦੇ ਖਾਲਿਸਤਾਨੀਆਂ ਨੂੰ, ਜੋ ਹਿੰਸਾ ਦੀ ਵਕਾਲਤ ਕਰਦੇ ਹਨ, ਬੋਲਣ ਦੀ ਆਜ਼ਾਦੀ ਦੇ ਨਾਂ ‘ਤੇ ਖੁੱਲ੍ਹ ਦੇ ਦਿੱਤੀ ਹੈ। ਇੱਥੇ ਹੀ ਬੱਸ ਨਹੀਂ ਸਗੋਂ ਗੈਂਗਵਾਰ ਅਤੇ ਜੁਰਮ ਨਾਲ ਸੰਬੰਧਤ ਬਹੁਤ ਸਾਰੇ ਵਿਅਕਤੀਆਂ ਨੂੰ ਕੈਨੇਡਾ ਵਿੱਚ ਪਨਾਹ ਦੇ ਦਿੱਤੀ ਹੈ। ਇਹ ਮਾਰਖੋਰੇ ਅਨਸਰ ਹੁਣ ਕੈਨੇਡਾ ਵਿੱਚ ਵੀ ਸਰਗਰਮ ਹੋ ਗਏ ਹਨ।”
ਕੈਨੇਡੀਅਨ ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੇ ਨਾਲ-ਨਾਲ ਨਿੱਜਰ ਦੇ ਕਤਲ ਵਿੱਚ ਵਰਤੀ ਗਈ ਟੋਏਟਾ ਕਰੋਲਾ ਗੱਡੀ ਦੀਆਂ ਫੋਟੋਆਂ ਵੀ ਜਾਰੀ ਕੀਤੀਆਂ ਹਨ। ਇਸ ਕੇਸ ਦੀ ਪੜਤਾਲ ਕਰ ਰਹੀ ਇੰਟੈਗਰੇਟਿਡ ਹੋਮੀਸਾੲਡਿ ਇਨਵੈਸਟੀਗੇਸ਼ਨ ਟੀਮ (ਆਈ.ਐਚ.ਆਈ.ਟੀ.) ਦੇ ਅਧਿਕਾਰੀ ਡੇਵਿਡ ਟੇਬੁਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਭਾਰਤੀ ਏਜੰਸੀਆਂ ਵੱਲੋਂ ਕਥਿੱਤ ਤੌਰ ‘ਤੇ ਨਿਭਾਈ ਗਈ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਕੈਨੇਡੀਅਨ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਨੌਜਵਾਨ 20 ਸਤੰਬਰ 2023 ਨੂੰ ਵਿੰਨੀਪੈਗ ਵਿੱਚ 34 ਸਾਲਾ ਸੁਖਦੂਲ ਸਿੰਘ ਗਿੱਲ ਦੇ ਹੋਏ ਕਤਲ ਵਿੱਚ ਵੀ ਸ਼ਾਮਲ ਸਨ। ਇਸ ਤੋਂ ਬਾਅਦ ਐਡਮਿੰਟਨ ਵਿੱਚ 41 ਸਾਲਾ ਹਰਪ੍ਰੀਤ ਸਿੰਘ ਉਪਲ ਦਾ ਉਸ ਦੇ 11 ਸਾਲਾ ਬੱਚੇ ਸਮੇਤ ਕਤਲ ਕਰ ਦਿੱਤਾ ਗਿਆ। ਸੁਖਦੂਲ ਸਿੰਘ ਗਿੱਲ ਬੰਬੀਹਾ ਗਰੁੱਪ ਦਾ ਮੈਂਬਰ ਸਮਝਿਆ ਜਾ ਰਿਹਾ ਸੀ। ਗ੍ਰਿਫਤਾਰ ਨੌਜਵਾਨ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਸੰਬੰਧਤ ਦੱਸੇ ਜਾ ਰਹੇ ਹਨ। ਕੈਨੇਡੀਅਨ ਪੁਲਿਸ ਅਨੁਸਾਰ ਖੁਫੀਆ ਏਜੰਸੀਆਂ ਵੱਲੋਂ ਖਾਸ ਵਿਅਕਤੀਆਂ ਦੇ ਕਤਲਾਂ ਲਈ ਇਨ੍ਹਾਂ ਨੂੰ ਵਰਤਿਆ ਗਿਆ ਹੈ।
ਇੱਥੇ ਜ਼ਿਕਰਯੋਗ ਹੈ ਕਿ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦਾ ਕਤਲ 18 ਜੂਨ 2023 ਨੂੰ ਗੋਲੀਆਂ ਮਾਰ ਕੇ ਉਦੋਂ ਕਰ ਦਿੱਤਾ ਗਿਆ ਸੀ, ਜਦੋਂ ਉਹ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਤੋਂ ਬਾਅਦ ਵਾਪਸ ਪਰਤ ਰਹੇ ਸਨ। ਬੀਤੇ ਸਾਲ ਅਗਸਤ ਮਹੀਨੇ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਦੇ ਕਤਲ ਵਿੱਚ ਸੰਭਾਵਿਤ ਤੌਰ ‘ਤੇ ਭਾਰਤੀ ਏਜੰਸੀਆਂ ਦੇ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ। ਇੱਧਰ ਭਾਰਤ ਦਾ ਦੋਸ਼ ਹੈ ਕਿ ਨਿੱਝਰ ਖਾਲਿਸਤਾਨ ਟਾਈਗਰ ਫੋਰਸ ਦਾ ਮੁਖੀ ਸੀ ਅਤੇ ਕੈਨੇਡਾ ਵਿੱਚ ਵੱਖਵਾਦੀ ਕਾਰਵਾਈਆਂ ਨੂੰ ਉਗਾਸਾ ਦੇ ਰਿਹਾ ਸੀ। ਨਿੱਝਰ ਨੂੰ ਭਾਰਤ ਸਰਕਾਰ ਵੱਲੋਂ ਸਾਲ 2020 ਵਿੱਚ ਅਤਿਵਾਦੀ ਐਲਾਨ ਦਿੱਤਾ ਗਿਆ ਸੀ।
ਇਸੇ ਦਰਮਿਆਨ ਅਮਰੀਕਾ ਵਿੱਚ ਛਪਦੀ ਇੱਕ ਅਖਬਾਰ, ‘ਵਾਸ਼ਿੰਗਟਨ ਪੋਸਟ’ ਨੇ ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂੰ ਨੂੰ ਕਤਲ ਕਰਨ ਦੀ ਕਥਿਤ ਸਾਜ਼ਿਸ਼ ਵਿੱਚ ਸ਼ਾਮਲ ਦੱਸੇ ਜਾਂਦੇ ਭਾਰਤੀ ਖੁਫੀਆ ਏਜੰਸੀ ਦੇ ਅਧਿਕਾਰੀਆਂ ਵਿਕਰਮ ਯਾਦਵ ਅਤੇ ਉਸ ਸਮੇਂ ਦੇ ‘ਰਾਅ’ ਦੇ ਮੁਖੀ ਰਹੇ ਸ੍ਰੀ ਗੋਇਲ ਵੱਲ ਉਂਗਲ ਕੀਤੀ ਹੈ। ਯਾਦ ਰਹੇ, ਕੁਝ ਦਿਨ ਪਹਿਲਾਂ ਭਾਰਤ ਨੇ ਕਿਹਾ ਸੀ ਕਿ ਸਰਕਾਰ ਵੱਲੋਂ ਗੈਰ-ਪ੍ਰਵਾਨਿਤ, ਪੰਨੂੰ ਹੱਤਿਆ ਕਾਂਡ ਦੀ ਸਾਜ਼ਿਸ਼ ਵਿੱਚ ਸ਼ਾਮਲ ਅਧਿਕਾਰੀ ਨੂੰ ਉਸ ਦੇ ਫੋਰਸ ਵਿੱਚ ਵਾਪਸ ਭੇਜ ਦਿੱਤਾ ਗਿਆ। ਪੰਨੂੰ ਸਾਜ਼ਿਸ਼ ਕਾਂਡ ਨੂੰ ਲੈ ਕੇ ਨਿਖਿਲ ਗੁਪਤਾ ਨਾਂ ਦੇ ਇੱਕ ਸਖ਼ਸ਼ ਨੂੰ ਚੈਕ ਗਣਰਾਜ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਵਿੱਚ ਉਸ ਖਿਲਾਫ ਮੈਨਹਟਨ ਦੀ ਇੱਕ ਅਦਾਲਤ ਵਿੱਚ ਇੱਕ ਮੁਕੱਦਮਾ ਦਾਇਰ ਕੀਤਾ ਗਿਆ। ਉਸ ‘ਤੇ ਦੋਸ਼ ਹੈ ਕਿ ਉਸ ਨੇ ਹਿੰਦੋਸਤਾਨੀ ਖੁਫੀਆ ਅਧਿਕਾਰੀ, ਸੀ ਸੀ-1 ਦੇ ਨਿਰਦੇਸ਼ ‘ਤੇ ਇੱਕ ਸ਼ੂਟਰ ਨੂੰ ਪੈਸੇ ਦਿੱਤੇ ਸਨ, ਜਿਹੜਾ ਅਮਰੀਕੀ ਖੁਫੀਆ ਏਜੰਸੀ ਦਾ ਗੁਪਤ ਏਜੰਟ ਸੀ। ਇਸ ਤਰ੍ਹਾਂ ਇਸ ਕਥਿਤ ਸਾਜ਼ਿਸ਼ ਤੋਂ ਪਰਦਾ ਚੁੱਕਿਆ ਗਿਆ ਸੀ। ਨਿਖਿਲ ਗੁਪਤਾ ਦੀ ਚੈਕ ਗਣਰਾਜ ਤੋਂ ਅਮਰੀਕਾ ਹਵਾਲਗੀ ਹਾਲੇ ਪੈਂਡਿੰਗ ਪਈ ਹੈ।