ਫਿਲਮ ‘ਸ਼ਾਇਰ’ ਅਤੇ ‘ਚਮਕੀਲਾ’ ਦੇ ਰੰਗ-ਢੰਗ

ਆਮ-ਖਾਸ ਵਿਚਾਰ-ਵਟਾਂਦਰਾ

ਪੰਜਾਬੀ ਪਰਵਾਜ਼ ਫੀਚਰ
ਬੀਤੇ ਮਹੀਨੇ ਰਿਲੀਜ਼ ਹੋਈਆਂ ਦੋ ਫਿਲਮਾਂ ਬਾਰੇ ਕੁਝ ਪੱਖਾਂ ਤੋਂ ਗੱਲ ਕਰਨੀ ਬਣਦੀ ਹੈ। ਇਹ ਫਿਲਮਾਂ ਹਨ- ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ‘ਸ਼ਾਇਰ’ ਅਤੇ ਦੂਜੀ ਹੈ ਡਾਇਰੈਕਟਰ ਇਮਤਿਆਜ਼ ਅਲੀ ਵੱਲੋਂ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ਤੇ ਉਸ ਦੇ ਖਾੜਕੂਵਾਦ ਹੱਥੋਂ ਮਾਰੇ ਜਾਣ ਬਾਰੇ ਬਣੀ ਫਿਲਮ, ‘ਚਮਕੀਲਾ’। ਜਿੱਥੋਂ ਤੱਕ ਸਿਨੇਮਾ ਨਾਲ ਸੰਬੰਧਤ ਤਕਨੀਕੀ ਸੋਹਜ ਅਤੇ ਕਾਰੀਗਰੀ ਦਾ ਸਵਾਲ ਹੈ, ਦੋਨੇ ਫਿਲਮਾਂ ਬਹੁਤ ਸੋਹਣੀਆਂ ਬਣੀਆਂ ਹਨ।

‘ਸ਼ਾਇਰ’ ਦੀ ਕਹਾਣੀ ਇੱਕ ਕਿਸਮ ਦੀ ਰੁਮਾਂਟਿਕ ਸਟੋਰੀ ਹੈ। ਫਿਲਮ ਦੇ ਵਾਰਤਾਲਾਪ ਚੰਗੇ ਹਨ। ਅਦਾਕਾਰੀ ਦੇ ਪੱਖ ਤੋਂ ਪਹਿਲੇ ਅੱਧ ਵਿੱਚ ਨੀਰੂ ਬਾਜਵਾ ਸਾਰੀ ਫਿਲਮ ਦੀ ਤੋਰ ‘ਤੇ ਭਾਰੂ ਪੈਂਦੀ ਨਜ਼ਰ ਆਉਂਦੀ ਹੈ, ਪਰ ਪਿਛਲੇ ਅੱਧ ਵਿੱਚ ਸਤਿੰਦਰ ਸਰਤਾਜ ਵੀ ਉਸ ਨੂੰ ਟੱਕਰ ਦੇਣ ਲਗਦਾ ਹੈ। ਉਂਝ ਇਹ ਫਿਲਮ ਜਿਸ ਗਤੀ ਅਤੇ ਜਿਸ ਪਿੱਠ ਭੂਮੀ ਵਿੱਚ ਅੱਗੇ ਤੁਰਦੀ ਹੈ, ਕਮਰਸ਼ੀਅਲ ਨਾਲੋਂ ਆਰਟ ਫਿਲਮਾਂ ਦੇ ਜ਼ਿਆਦਾ ਨਜ਼ਦੀਕ ਚਲੀ ਜਾਂਦੀ ਹੈ। ਫਿਲਮ ਦੀ ਸਿਨੇਮਾਟੋਗਰਾਫੀ ਖਾਸ ਤੌਰ ‘ਤੇ ਮਨ ਨੂੰ ਮੋਹੰਦੀ ਹੈ। ਕਹਾਣੀ ਤੋਂ ਲੈ ਕੇ ਸਕਰੀਨ ਪਲੇਅ ਤੱਕ ਸਾਰਾ ਕੰਮ ਜਗਦੀਪ ਵੜਿੰਗ ਦਾ ਹੈ ਅਤੇ ਬੇਹੱਦ ਪਾਏਦਾਰ ਹੈ। ਲੀਡ ਐਕਟਰਾਂ ਤੋਂ ਸਿਵਾਏ ਯੋਗਰਾਜ ਸਿੰਘ, ਕੇਵਲ ਧਾਲੀਵਾਲ ਦੀਆਂ ਭੂਮਿਕਾਵਾਂ ਵੀ ਕਾਫੀ ਜਾਨਦਾਰ ਹਨ। ਇਹ ਪਾਤਰਾਂ ਦੀ ਮਾਨਸਿਕਤਾ ਵਿੱਚ ਖੁਭ ਕੇ ਕੀਤਾ ਗਿਆ ਕੰਮ ਹੈ। ਇੱਕ ਵਧੀਆ ਫਿਲਮ ਹੋਣ ਦੇ ਬਾਵਜੂਦ ਇਹ ਫਿਲਮ ਪੂਰਬੀ ਪੰਜਾਬ ਦੇ ਸਿਨਮਿਆਂ ਵਿੱਚ ਦਰਸ਼ਕ ਨਹੀਂ ਖਿੱਚ ਸਕੀ। ਕਾਰਨ ਇਹਦਾ ਸ਼ਾਇਦ ਇਹ ਹੈ ਕਿ ਪੰਜਾਬੀ ਸਮਾਜ ਹਾਲੇ ਵੀ ਮਿਆਰੀ ਫਿਲਮਾਂ ਵੇਖਣ ਦੇ ਕਾਬਲ ਨਹੀਂ ਹੋਇਆ। ਸਾਡੀ ਮੋਟੀ ਠੁੱਲ੍ਹੀ ਸੋਚ ਸਤਿੰਦਰ ਸਰਤਾਜ ਜਾਂ ਉਸ ਦੇ ਸੰਗੀ ਐਕਟਰਾਂ ਦੇ ਹਾਣ ਦੀ ਵੀ ਨਹੀਂ ਹੈ। ਇਸ ਮਾਮਲੇ ਵਿੱਚ ਸਮਾਜਕ ਅਤੇ ਸਭਿਆਚਾਰਕ ਤੌਰ ‘ਤੇ ਅਸੀਂ ਹਾਲੇ ਗੰਡਾਸੀਆਂ, ਗਲਾਸੀਆਂ ਅਤੇ ਬੰਦੂਕਾਂ ਦੀ ਠੂਹ-ਠਾਹ ਵਾਲੇ ਸਭਿਆਚਾਰ ਵਿੱਚ ਫਸੇ ਹੋਏ ਹਾਂ। ਜਾਂ ਫਿਰ ਘਟੀਆ ਕਿਸਮ ਦੀਆਂ ਕਾਮੇਡੀ ਫਿਲਮਾਂ ਵੇਖਣ ਦੇ ਆਦੀ ਹਾਂ- ਜਿਨ੍ਹਾਂ ਵਿੱਚ ਨਾ ਕੋਈ ਕਹਾਣੀ ਲੱਭਦੀ ਹੈ ਅਤੇ ਨਾ ਹੀ ਫਿਲਮ ਬਣਾਉਣ ਦਾ ਮਕਸਦ। ਇਹ ਅਰਥਹੀਣਤਾ ਗਲੋਬਲ ਸਭਿਅਤਾ ਦੇ ਕਥਿਤ ਵਿਕਾਸ ਨਾਲ ਹੋਰ ਤੇਜ਼ ਹੋ ਰਹੀ ਹੈ। ਇਹੋ ਜਿਹੇ ਦੌਰ ਵਿੱਚ ‘ਸ਼ਾਇਰ’ ਵਰਗੀ ਫਿਲਮ ਦਾ ਸਾਡੇ ਵੱਡੇ ਪਰਦੇ ‘ਤੇ ਆਉਣਾ ਪੰਜਾਬੀ ਸਿਨੇਮਾ ਲਈ ਸ਼ੁਭ ਸ਼ਗਨ ਵਾਂਗ ਹੈ।
ਭਾਰਤ ਦੇ ਬਾਕੀ ਖਿੱਤਿਆਂ ਨਾਲੋਂ ਪੰਜਾਬ ਨੂੰ ਆਧੁਨਿਕੀਕਰਨ ਅਤੇ ਪੱਛਮੀਕਰਨ ਦੀ ਹਵਾ ਜ਼ਿਆਦਾ ਲੱਗੀ ਹੈ। ਇਸ ਨਾਲ ਸਿਰ ਚੁੱਕ ਕੇ ਮੜਿੱਕਣ ਅਤੇ ਆਪਣੀਆਂ ਤੰਦਰੁਸਤ ਕਦਰਾਂ-ਕੀਮਤਾਂ ਨੂੰ ਬਚਾਅ ਕੇ ਰੱਖਣ ਦਾ ਕਾਰਜ ਉਂਝ ਹੀ ਘੱਟੇ ਕੌਡੀਏਂ ਰੁਲ ਗਿਆ ਹੈ। ਸਾਡੇ ਕੋਲ ਅਜਿਹਾ ਕੋਈ ਸ਼ਹਿਰ ਵੀ ਨਹੀਂ, ਜਿਹੜਾ ਵਿੱਤੀ ਸੰਸਾਰੀਕਰਨ ਅਤੇ ਇਹਦੇ ਨਾਲ ਜੁੜ ਕੇ ਆ ਰਹੇ ਸਭਿਆਚਰਕ ਝੱਲ-ਵਲੱਲ ਦਾ ਨੱਕ ਮੋੜ ਸਕੇ।
1947 ਤੋਂ ਪਹਿਲਾਂ ਲਾਹੌਰ ਪੰਜਾਬ ਦਾ ਸਭਿਆਚਾਰਕ ਕੇਂਦਰ ਹੈ ਸੀ, ਬਾਅਦ ਵਿੱਚ ਪੰਜਾਬ ਦੇ ਪਿੰਡ ਉਜਾੜ ਕੇ ਬਣਾਇਆ ਚੰਡੀਗੜ੍ਹ ਸਾਡੇ ਗਲ ਵਿੱਚ ਫਾਹੀ ਦੀ ਤਰ੍ਹਾਂ ਲਟਕਾ ਦਿੱਤਾ ਗਿਆ। ਥੋੜ੍ਹੀ ਵੀ ਹਿਲਜੁਲ ਕਰੋਗੇ ਤਾਂ ਜਾਨ ਤੋਂ ਹੱਥ ਧੋਅ ਬੈਠੋਗੇ! ਸਤਿੰਦਰ ਸਰਤਾਜ ਦੀ ਪਿਛਲੀ ਫਿਲਮ ‘ਕਲੀ ਜੋਟਾ’ ਵੀ ਲੀਕ ਤੋਂ ਕਾਫੀ ਹਟਵੀਂ ਫਿਲਮ ਸੀ, ਪਰ ਉਸ ਵਿੱਚ ਐਕਸ਼ਨ ਤੇਜ਼ੀ ਨਾਲ ਅੱਗੇ ਤੁਰਦਾ ਸੀ। ਉਸ ਦੇ ਮੁਕਾਬਲੇ ਸ਼ਾਇਰ ਸੁਸਤ ਹੈ ਅਤੇ ਤਕਰੀਬਨ ਆਰਟ ਫਿਲਮ ਹੀ ਬਣ ਗਈ ਹੈ। ਪੰਜਾਬ ਵਿੱਚ ਕਾਫੀ ਚੰਗੇ ਆਰਟਿਸਟ ਹੋਏ ਹਨ, ਪਰ ਪੰਜਾਬ ਦੇ ਆਮ ਲੋਕਾਂ ਦਾ ਆਰਟ ਅਤੇ ਸਾਹਿਤ ਨਾਲ ਬਹੁਤ ਦੂਰ ਦਾ ਵਾਸਤਾ ਹੈ। ਇਸ ਲਈ ਚੰਗੀਆਂ ਫਿਲਮਾਂ ਬਣਾਉਣ ਵੇਲੇ ਵੀ ਇਹ ਧਿਆਨ ਰੱਖਣਾ ਪਏਗਾ ਕਿ ਇਹ ਆਮ ਦਰਸ਼ਕਾਂ ਨੂੰ ਖਿੱਚ ਸਕਣ। ਪੰਜਾਬ ਦੀ ਲੋਕ ਸੁਰਤ ਨੂੰ ਅਪੀਲ ਕਰਦਾ ਮਸਾਲਾ ਪਾਉਣ ਤੋਂ ਬਿਨਾ ਤੁਸੀਂ ਪੂਰਬੀ ਪੰਜਾਬ ਵਿੱਚ ਰਹਿੰਦੇ ਦਰਸ਼ਕਾਂ ਨੂੰ ਖਿਚ ਨਹੀਂ ਸਕਦੇ। ਪੰਜਾਬੀ ਸੁਭਾਅ ਗੰਭੀਰ ਦ੍ਰਿਸ਼ਾਂ ਨੂੰ ਲੰਮੀ ਦੇਰ ਤੱਕ ਬਰਦਾਸ਼ਤ ਕਰਨ ਦਾ ਆਦੀ ਨਹੀਂ ਹੈ। ਇਸ ਨੂੰ ਪ੍ਰਚਾਈ ਰੱਖਣ ਲਈ ਫਿਲਮੀ ਗੰਭੀਰਤਾ ਨੂੰ ਤੋੜਦੀ ਫੂਹੜ ਜਿਹੀ ਕਮੇਡੀ ਦੀ ਲੋੜ ਲਗਾਤਾਰ ਪੈਂਦੀ ਹੈ। ਆਪਣੇ ਮਨ ‘ਤੇ ਮਸਲਿਆਂ ਦਾ ਬੋਝ ਪਾਉਣ ਤੋਂ ਪੰਜਾਬ ਦੀ ਸਿਆਸਤ ਨੇ ਪੰਜਾਬੀਆਂ ਨੂੰ ਮੁਕਤ ਕਰ ਦਿੱਤਾ ਹੈ। ਇਸੇ ਕਰਕੇ ਸਾਡੀ ਰਾਜਨੀਤਿਕ ਅਗਵਾਈ ਵੀ ਅੱਜ ਕਾਮੇਡੀਅਨਾਂ ਦੇ ਹੱਥ ਹੈ।
ਜਿੱਥੋਂ ਤੱਕ ਫਿਲਮ ‘ਚਮਕੀਲਾ’ ਦਾ ਸੰਬੰਧ ਹੈ, ਇਹ ਖਾੜਕੂਆਂ ਹੱਥੋਂ ਮਾਰੇ ਗਏ ਪੰਜਾਬੀ ਗਾਇਕ ਅਮਰ ਸਿੰਘ ਚਮਕੀਲੇ ਦੀ ਬਾਇਉ ਪਿਕ ਹੈ। ਕਲਾਤਮਕ ਪੱਖੋਂ ਫਿਲਮ ਉੱਚ ਪਾਏ ਦੀ ਹੈ, ਪਰ ਪੂਰੀ ਫਿਲਮ ਵੇਖਣ ਤੋਂ ਬਾਅਦ ਮਹਿਸੂਸ ਹੁੰਦਾ ਹੈ ਕਿ ਬੜੇ ਸੂਖਮ ਰੂਪ ਵਿੱਚ ਫਿਲਮ ਜਿਵੇਂ ਸਿੱਖ ਰਹੁ-ਰੀਤਾਂ ਦਾ ਮਖੌਲ ਉਡਾਉਣ ਲਈ ਬਣਾਈ ਗਈ ਹੋਵੇ। ਮੈਂ ਚਮਕੀਲੇ ‘ਤੇ ਫਿਲਮ ਬਣਾਉਣ ਦਾ ਵਿਰੋਧੀ ਨਹੀਂ ਹਾਂ, ਪਰ ਜਿਸ ਤਰ੍ਹਾਂ ਚਮਕੀਲਾ ਅਤੇ ਅਮਰਜੋਤ ਕੌਰ ਦੀਆਂ ਲਾਸ਼ਾਂ ਵਾਰ-ਵਾਰ ਵਿਖਾਈਆਂ ਜਾਂਦੀਆਂ ਹਨ, ਇਸ ਦਾ ਕੀ ਮਕਸਦ ਹੈ? ਕੀ ਇਹ ਨਵੀਂ ਪੀੜ੍ਹੀ ਵਿੱਚ ਆਪਣੇ ਹੀ ਇਤਿਹਾਸ ਖਿਲਾਫ ਨਫਰਤ ਬੀਜਣ ਦਾ ਯਤਨ ਨਹੀਂ? ਇੰਨੇ ਸੰਵੇਦਨਸ਼Lੀਲ ਮਸਲੇ ‘ਤੇ ਬਣੀ ਫਿਲਮ ਨੂੰ ਆਪਣੇ ਅਤੀਤ ਨੂੰ ਵੇਖਣ ਲਈ ਸਵਾਲਾਂ ਦੀ ਜਾਗ ਲਾਉਣੀ ਚਾਹੀਦੀ ਹੈ, ਨਾ ਕਿ ਇੱਕ ਪੂਰੇ ਭਾਈਚਾਰੇ ਖਿਲਾਫ ਨਫਰਤ ਦਾ ਸੰਚਾਰ ਕਰਨ ਦਾ ਯਤਨ ਕੀਤਾ ਜਾਵੇ। ਇਸ ਤੋਂ ਇਲਾਵਾ ਅਮਰਜੋਤ ਕੌਰ ਦੇ ਸਿੱਖ ਮਾਪਿਆਂ ਨੂੰ ਵੀ ਬੜੇ ਨੈਗੇਟਿਵ ਰੂਪ ਵਿੱਚ ਵਿਖਾਇਆ ਗਿਆ ਹੈ। ਜਾਣਕਾਰ ਜਾਣਦੇ ਹਨ ਕਿ ਇਹ ਬੜਾ ਨਫੀਸ ਪਰਿਵਾਰ ਸੀ।
ਸਿੱਖ ਭਾਈਚਾਰੇ ਦੀਆਂ ਕਦਰਾਂ-ਕੀਮਤਾਂ ਦੇ ਪੱਖ ਤੋਂ ਸਭ ਤੋਂ ਚੁਭਵੀਂ ਗੱਲ ਇਹ ਹੈ ਕਿ ਜਦੋਂ ਕੈਨੇਡਾ ਵਿੱਚ ਚਮਕੀਲੇ ਦੀ ਮੁਲਾਕਤ ਸਿੱਖ ਸੰਘਰਸ਼ ਦੇ ਨੁਮਾਇੰਦਿਆਂ ਨਾਲ ਹੁੰਦੀ ਹੈ ਅਤੇ ਉਹ ਉਸ ਨੂੰ ਗੰਦੇ ਗੀਤ ਬੰਦ ਕਰਨ, ਸ਼ਰਾਬ ਛੱਡਣ ਅਤੇ ਬੀੜੀਆਂ ਨਾ ਪੀਣ ਦੀ ਤਾਕੀਦ ਕਰਦੇ ਹਨ। ਤਮਾਕੂ ਪੰਜਾਬੀ ਸਮਾਜ, ਖਾਸ ਕਰਕੇ ਸਿੱਖ ਸਮਾਜ ਲਈ ਵਰਜਿਤ ਹੈ। ਸਿੱਖ ਰੈਡੀਕਲ ਧਿਰਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਤੋਂ ਬਾਅਦ ਚਮਕੀਲਾ ਜਦੋਂ ਵਾਪਸ ਪਰਤਦਾ ਹੈ ਤਾਂ ਪਹਿਲਾ ਕੰਮ ਬੀੜੀ ਲਾਉਣ ਦਾ ਕਰਦਾ ਹੈ। ਇਸ ਦ੍ਰਿਸ਼ ਨੂੰ ਫਿਲਮ ਵਿੱਚ ਗਲੈਮਰਾਈਜ਼ ਕੀਤਾ ਗਿਆ ਹੈ। (ਮੈਨੂੰ ਨਹੀਂ ਲਗਦਾ ਕੇ ਆਪਣੇ ਪਿਛਲੇ ਸਮੇਂ ਵਿੱਚ ਚਮਕੀਲਾ ਬੀੜੀਆਂ ਪੀਂਦਾ ਹੋਵੇਗਾ) ਕੀ ਇਹ ਸਿੱਖ/ਪੰਜਾਬੀ ਭਾਈਚਾਰੇ ਦੀ ਤਮਾਕੂ ਵਿਰੋਧੀ ਤੰਦਰੁਸਤ ਰਵਾਇਤਾਂ ‘ਤੇ ਹਮਲਾ ਨਹੀਂ? ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਫਿਲਮ ਸਿੱਖ ਕਿਰਦਾਰਾਂ ਅਤੇ ਸਭਿਆਚਾਰਕ ਰਵਾਇਤਾਂ ਪ੍ਰਤੀ ਤ੍ਰਿਸਕਾਰ ਨਾਲ ਭਰੀ ਪਈ ਹੈ। ਇਸ ਨੂੰ ਪਹਿਚਾਨਣ ਲਈ ਫਿਲਮ ਨੂੰ ਥੋੜ੍ਹੀ ਨੀਝ ਲਾ ਕੇ ਵੇਖਣ ਦੀ ਲੋੜ ਹੈ।

Leave a Reply

Your email address will not be published. Required fields are marked *