ਡਾ. ਅਰਵਿੰਦਰ ਸਿੰਘ ਭੱਲਾ
ਪ੍ਰਿੰਸੀਪਲ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ।
ਫੋਨ: +91-9463062603
ਅਜੋਕੇ ਸਮੇਂ ਵਿੱਚ ਇਹ ਸਵਾਲ ਆਪਣੇ ਆਪ ਵਿੱਚ ਬੇਹੱਦ ਮਹੱਤਵਪੂਰਨ ਹੈ ਕਿ ਪੰਜਾਬ ਨੂੰ ਕੌਣ, ਕਿੱਧਰ ਅਤੇ ਕਿਉਂ ਲਿਜਾ ਰਿਹਾ ਹੈ? ਦਰਅਸਲ ਜਦੋਂ ਅਸੀਂ ਪੰਜਾਬ ਦੇ ਵਰਤਮਾਨ ਹਾਲਾਤ ਦਾ ਮੁਲੰਕਣ ਕਰਦੇ ਹਾਂ ਤਾਂ ਇਹ ਸਹਿਜੇ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਪੰਜਾਬ ਦੀ ਮੌਜੂਦਾ ਅਧੋਗਤੀ ਲਈ ਬਹੁਤ ਸਾਰੀਆਂ ‘ਅਦਿੱਖ ਤਾਕਤਾਂ’ ਜ਼ਿੰਮੇਵਾਰ ਹਨ। ਇੱਕ ਤਰਫ਼ ਇਹ ਵੀ ਇੱਕ ਇਤਿਹਾਸਕ ਤੱਥ ਹੈ ਕਿ ਸਥਿਰ, ਸੁਰੱਖਿਅਤ, ਸ਼ਾਂਤੀਪੂਰਨ, ਖੁਸ਼ਹਾਲ, ਅਣਖੀਲਾ ਅਤੇ ਜਝਾਰੂ ਪੰਜਾਬ ਕਦੇ ਵੀ ਸੱਤਾ ਦੇ ਗਲਿਆਰਿਆਂ ਵਿੱਚ ਸਰਗਰਮ ਇਨ੍ਹਾਂ ‘ਅਦਿੱਖ ਤਾਕਤਾਂ’ ਉੱਪਰ ਆਧਾਰਿਤ ਵਿਸ਼ਿਸ਼ਟ ਵਰਗ ਨੂੰ ਰਾਸ ਨਹੀਂ ਆਉਂਦਾ ਹੈ,
ਕਿਉਂਕਿ ਇਹ ‘ਅਦਿੱਖ ਤਾਕਤਾਂ’ ਹਮੇਸ਼ਾ ਤੋਂ ਹੀ ਪੰਜਾਬ ਵਿੱਚ ਅਸਥਿਰਤਾ, ਅਸੁਰੱਖਿਆ, ਅਸ਼ਾਂਤੀ, ਬਦਹਾਲੀ, ਖੜੋਤ ਅਤੇ ਤਣਾਓ ਦਾ ਮਾਹੌਲ ਕਾਇਮ ਕਰਕੇ ਸੱਤਾ ਉੱਪਰ ਸਥਾਈ ਤੌਰ ਉੱਪਰ ਕਾਬਜ਼ ਰਹਿਣ ਦੀਆਂ ਨਿਰੰਤਰ ਕੋਸ਼ਿਸ਼ਾਂ ਕਰਦੀਆਂ ਰਹੀਆਂ ਹਨ ਅਤੇ ਦੂਸਰੀ ਤਰਫ਼ ਸੋਚ, ਸੁਭਾਅ, ਆਦਤਾਂ, ਵਿਚਾਰਧਾਰਾ ਅਤੇ ਵਿਹਾਰ ਪੱਖੋਂ ਪੰਜਾਬੀਆਂ ਦੀ ਤਰਜ਼-ਏ-ਜ਼ਿੰਦਗੀ ਤੇ ਉਨ੍ਹਾਂ ਦਾ ਨੁਕਤਾ-ਏ-ਨਜ਼ਰ ਵੀ ਹੋਰਨਾਂ ਖਿੱਤਿਆਂ ਨਾਲ ਸਬੰਧਤ ਲੋਕਾਂ ਤੋਂ ਕਾਫੀ ਹੱਦ ਤੱਕ ਮੁਖ਼ਤਲਿਫ਼ ਹੈ। ਤਵਾਰੀਖ਼ ਵੀ ਇਸ ਗੱਲ ਦੀ ਗਵਾਹ ਹੈ ਕਿ ਪੰਜਾਬ ਨੂੰ ਧੋਖੇ ਅਤੇ ਪਿਆਰ ਨਾਲ ਤਾਂ ਜਿੱਤਿਆ ਜਾ ਸਕਦਾ ਹੈ, ਲੇਕਿਨ ਜ਼ਬਰ-ਜ਼ੁਲਮ ਢਾਹ ਕੇ ਕੋਈ ਵੀ ਧਿਰ ਬਹੁਤੀ ਦੇਰ ਤੱਕ ਪੰਜਾਬ ਉੱਪਰ ਆਪਣੀ ਧੌਂਸ ਨਹੀਂ ਜਮਾ ਸਕਦੀ ਹੈ।
ਪਿਛਲੇ ਲੰਮੇ ਸਮੇਂ ਤੋਂ ਇਹ ਵਰਤਾਰਾ ਆਪਣੇ-ਆਪ ਵਿੱਚ ਬੇਹੱਦ ਗ਼ੌਰਤਲਬ ਹੈ ਕਿ ਇਨ੍ਹਾਂ ‘ਅਦਿੱਖ ਤਾਕਤਾਂ’ ਵੱਲੋਂ ਪੰਜਾਬ ਦੇ ਨਾਇਕ ਦੇ ਸੰਕਲਪ ਨਾਲ ਜਾਣ-ਬੁੱਝ ਕੇ ਖਿਲਵਾੜ ਕੀਤਾ ਜਾ ਰਿਹਾ ਹੈ। ਅਜੋਕੇ ਹਾਲਾਤ ਨੂੰ ਦੇਖਦਿਆਂ ਇੱਕ ਗੱਲ ਬੜੀ ਸਪੱਸ਼ਟ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਨੌਜਵਾਨਾਂ ਦਾ ਮੁਸਤਕਬਿਲ ਕਾਫੀ ਹੱਦ ਤੱਕ ਇਸ ਗੱਲ ਉੱਪਰ ਮੁਨੱਸਰ ਕਰੇਗਾ ਕਿ ਨੌਜਵਾਨ ਪੀੜ੍ਹੀ ਦੇ ਸਾਹਮਣੇ ਪੰਜਾਬ ਦੇ ਨਾਇਕ ਦਾ ਸੰਕਲਪ ਕਿਹੋ ਜਿਹਾ ਹੋਵੇਗਾ? ਇਹ ਵੀ ਇੱਕ ਕੌੜਾ ਸੱਚ ਹੈ ਕਿ ਅੱਜ ਪੰਜਾਬ ਦੇ ਵਧੇਰੇ ਕਰਕੇ ਨੌਜਵਾਨਾਂ ਦਾ ਨਾਇਕ ਸਾਡੇ ਗੌਰਵਸ਼ਾਲੀ ਇਤਿਹਾਸ ਅਤੇ ਮਾਣਮੱਤੇ ਵਿਰਸੇ ਦਾ ਕੋਈ ਗੌਰਵਮਈ ਪਾਤਰ ਨਹੀਂ ਹੈ। ਅੱਜ ਪੰਜਾਬੀਆਂ ਦਾ ਨਾਇਕ ਨਾ ਤਾਂ ਇਖ਼ਲਾਕ ਦੇ ਪੈਮਾਨਿਆਂ ਉੱਪਰ ਪੂਰਾ ਉਤਰਦਾ ਹੈ ਅਤੇ ਨਾ ਹੀ ਉਹ ਨੌਜਵਾਨ ਪੀੜ੍ਹੀ ਨੂੰ ਕੋਈ ਉਸਾਰੂ ਤੇ ਸਕਾਰਾਤਮਕ ਸੇਧ ਦੇਣ ਦੇ ਸਮਰੱਥ ਹੈ। ਕਲਮ, ਕਿਤਾਬ, ਨੈਤਿਕਤਾ, ਅਧਿਆਤਮਿਕਤਾ ਅਤੇ ਵਿਰਸੇ ਨਾਲੋਂ ਟੁੱਟ ਕੇ ਤਹਿਸ਼ ਵਿੱਚ ਆ ਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣੇ ਲਈ ਨਿੱਤ ਨਵਾਂ ਨਾਇਕ ਸਿਰਜ ਕੇ ਦਵੰਦ, ਦੁਬਿਧਾਵਾਂ, ਵਿਵਾਦਾਂ ਅਤੇ ਤਕਰਾਰਬਾਜ਼ੀ ਵਿੱਚ ਉਲਝੀ ਹੋਈ ਦਿਖਾਈ ਦੇ ਰਹੀ ਹੈ। ਪੰਜਾਬ ਵਿੱਚ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਮੋਬਾਇਲ ਫੋਨਾਂ ਉੱਪਰ ਸਕਰੋਲਿੰਗ ਕਰਨ ਵਾਲਿਆਂ, ਪੰਜਾਬ ਵਿੱਚ ਨਸ਼ਿਆਂ ਦੀ ਦਲਦਲ ਵਿੱਚ ਫ਼ਸਣ ਵਾਲਿਆਂ, ਪੰਜਾਬ ਵਿੱਚ ਸਕੂਲਾਂ/ਕਾਲਜਾਂ ਵਿੱਚ ਪੜ੍ਹਨ ਦੀ ਬਜਾਏ ਮੰਡੀਰ ਦੀ ਸ਼ਕਲ ਵਿੱਚ ਸਾਰਾ-ਸਾਰਾ ਦਿਨ ਫੁਕਰੀਆਂ ਤੇ ਗੇੜੀਆਂ ਮਾਰਨ ਵਾਲਿਆਂ, ਪੰਜਾਬ ਵਿੱਚ ਗੁਰੂ ਸਾਹਿਬਾਨ ਦੇ ਸਰਬ ਸਾਂਝੀਵਾਲਤਾ ਦੇ ਇਲਾਹੀ ਸੰਦੇਸ਼ ਨੂੰ ਭੁਲਾ ਕੇ ਹਥਿਆਰਾਂ ਤੇ ਜਾਤੀਸੂਚਕ ਸ਼ਬਦਾਂ ਦਾ ਬਿਨਾ ਕਿਸੇ ਖ਼ੌਫ਼ ਜਾਂ ਹਿਚਕਚਾਹਟ ਦੇ ਪ੍ਰਯੋਗ ਕਰਨ ਵਾਲਿਆਂ, ਪੰਜਾਬ ਵਿੱਚ ਆਪਣੇ ਵਿਰਸੇ ਨੂੰ ਭੁਲਾ ਕੇ ਲੱਚਰਪੁਣੇ ਦਾ ਸ਼ਿਕਾਰ ਹੋਣ ਵਾਲਿਆਂ, ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਪਾਸ ਕਰਕੇ ਆਹਲਾ ਦਰਜੇ ਦੇ ਅਫ਼ਸਰ ਬਣਨ ਦੀ ਬਜਾਏ ਆਪਣੇ ਪੁਰਖਿਆਂ ਦੀਆਂ ਜ਼ਮੀਨਾਂ-ਜਾਇਦਾਦਾਂ ਵੇਚ ਕੇ ਆਈਲੈਟਸ ਪਾਸ ਕਰਕੇ ਜਾਂ ਡੌਂਕੀ ਲਾ ਕੇ ਵਿਦੇਸ਼ਾਂ ਵਿੱਚ ਨਿਗੂਣੀਆਂ ਜਿਹੀਆਂ ਨੌਕਰੀਆਂ ਦੀ ਭਾਲ ਕਰਨ ਵਾਲਿਆਂ, ਪੰਜਾਬ ਵਿੱਚ ਅੱਲ੍ਹੜ ਉਮਰੇ ਆਪਣੀ ਮਾਸੂਮੀਅਤ ਗਵਾ ਕੇ ਤੇ ਨੈਤਿਕਤਾ ਦਾ ਰਾਹ ਤਿਆਗ ਕੇ ਗੈਂਗਸਟਰ ਬਣਨ ਵਾਲਿਆਂ, ਪੰਜਾਬ ਵਿੱਚ ਹੱਡ ਭੰਨਵੀਂ ਮਿਹਨਤ ਕਰਨ ਤੇ ਕਿਰਤ ਕਮਾਈ ਕਰਨ ਦੀ ਬਜਾਏ ਰਾਤੋਂ ਰਾਤ ਅਮੀਰ ਬਣਨ ਦੀ ਖ਼ਾਹਸ਼ ਰੱਖਣ ਵਾਲਿਆਂ, ਪੰਜਾਬ ਵਿੱਚ ਜ਼ਮੀਨੀ ਹਕੀਕਤਾਂ ਤੋਂ ਕੋਹਾਂ ਦੂਰ ਖੜ੍ਹੇ ਹੋ ਕੇ ਖੋਖਲੇ ਦਾਅਵੇ ਕਰਨ ਵਾਲਿਆਂ, ਪੰਜਾਬ ਵਿੱਚ ਦੇਸ਼ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਕਰਨ ਵਾਲਿਆਂ ਦੀਆਂ ਕੁਰਬਾਨੀਆਂ ਨੂੰ ਵਿਸਾਰ ਕੇ ਫੋਕੇ ਲਲਕਾਰੇ ਮਾਰਨ ਵਾਲਿਆਂ ਅਤੇ ਪੰਜਾਬ ਵਿੱਚ ਆਪਣੇ ਗੁਰੂ ਦੇ ਸਰੂਪ ਤੇ ਗੁਰਮਤਿ ਸਿਧਾਂਤਾਂ ਤੋਂ ਮੂੰਹ ਫੇਰਨ ਵਾਲਿਆਂ ਨੂੰ ਦੇਖ ਕੇ ਇਹ ਤਾਂ ਭਲੀਭਾਂਤੀ ਸਾਰੇ ਹੀ ਜਾਣਦੇ ਹਨ ਕਿ ਵਰਤਮਾਨ ਸਮੇਂ ਵਿੱਚ ਪੰਜਾਬੀਆਂ ਦਾ ਨਾਇਕ ਕੌਣ ਹੈ? ਅਜੋਕੇ ਸਮੇਂ ਵਿੱਚ ਸਾਡੇ ਨਾਇਕ ਦੇ ਸੰਕਲਪ ਵਿੱਚ ਆਏ ਲਗਾਤਾਰ ਨਿਘਾਰ ਨੂੰ ਦੇਖਦੇ ਹੋਏ ਇਹ ਵਰਤਾਰਾ ਆਪਣੇ ਆਪ ਵਿੱਚ ਬੇਹੱਦ ਚਿੰਤਾਜਨਕ ਹੈ ਕਿ ਸਾਡੇ ਪੰਜਾਬ ਦੇ ਨੌਜਵਾਨ ਆਖ਼ਰ ਕਿਹੋ ਜਿਹੇ ਦਿਸਣਾ ਜਾਂ ਬਣਨਾ ਚਾਹੁੰਦੇ ਹਨ? ਜਿਸ ਅਜ਼ੀਮੋਸ਼ਾਨ ਅਤੇ ਮਾਣਮੱਤੀ ਧਰਤੀ ਉੱਪਰ ਵੇਦ, ਉਪਨਿਸ਼ਦ ਅਤੇ ਧਾਰਮਿਕ ਗ੍ਰੰਥ ਰਚੇ ਗਏ ਹੋਣ, ਜਿਸ ਧਰਤੀ ਉੱਪਰ ਭਗਵਤ ਗੀਤਾ ਦੇ ਸੰਦੇਸ਼ ਦਾ ਨੂਰ ਪਸਰਿਆ ਹੋਵੇ, ਜਿਥੇ ਗੁਰੂ ਸਾਹਿਬਾਨ ਦਾ ਅਦੁੱਤੀ ਫ਼ਲਸਫ਼ਾ ਕਣ-ਕਣ ਵਿੱਚ ਰਮਿਆ ਹੋਵੇ, ਜਿੱਥੋਂ ਦੇ ਨੌਜਵਾਨਾਂ ਨੇ ਗ਼ੈਰਤ ਅਤੇ ਸੂਰਬੀਰਤਾ ਦੀ ਬੇਮਿਸਾਲ ਗਾਥਾ ਲਿਖੀ ਹੋਵੇ, ਉਹ ਹੀ ਪੰਜਾਬ ਅੱਜ ਬੌਧਿਕ ਕੰਗਾਲੀ ਦੇ ਰਾਹ ਉੱਪਰ ਚਲ ਰਿਹਾ ਹੋਵੇ, ਦੇਸ਼ ਦਾ ਅੰਨਦਾਤਾ ਅੱਜ ਜਗ੍ਹਾ-ਜਗ੍ਹਾ ਜ਼ਲੀਲ-ਓ-ਖ਼ੁਆਰ ਹੋ ਰਿਹਾ ਹੋਵੇ, ਜਿਨ੍ਹਾਂ ਪੰਜਾਬੀਆਂ ਦੀ ਜ਼ਹਾਨਤ ਅਤੇ ਬਹਾਦਰੀ ਦੀ ਸਾਰਾ ਸੰਸਾਰ ਮਿਸਾਲ ਦਿੰਦਾ ਹੋਵੇ ਅਤੇ ਉਸੇ ਪੰਜ ਦਰਿਆਵਾਂ ਦੀ ਧਰਤੀ ਦੇ ਵਾਰਸ ਜੇਕਰ ਅੱਜ ਖੜੋਤ, ਭਟਕਣ ਅਤੇ ਨਿਰਾਸ਼ਾ ਦਾ ਸ਼ਿਕਾਰ ਹੋਣ ਤਾਂ ਇਹ ਆਪਣੇ-ਆਪ ਵਿੱਚ ਇੱਕ ਬੇਹੱਦ ਸੰਜੀਦਾ ਅਤੇ ਚਿੰਤਾਜਨਕ ਮਸਲਾ ਹੈ।
ਦੇਸ਼ ਦੇ ਬਟਵਾਰੇ ਤੇ ਪੰਜਾਬ ਦੇ ਪੁਨਰਗਠਨ ਫ਼ਲਸਰੂਪ ਪੈਦਾ ਹੋਈਆਂ ਗੁੰਝਲਦਾਰ ਸਮੱਸਿਆਵਾਂ, ਅਤਿਵਾਦ ਦੇ ਕਾਲੇ ਦੌਰ ਦੀਆਂ ਅਭੁੱਲ ਤੇ ਕੌੜੀਆਂ ਯਾਦਾਂ, ਨਸ਼ਿਆਂ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਧਸੇ ਹੋਏ ਪੰਜਾਬ ਦੇ ਨੌਜਵਾਨਾਂ, ਪੰਜਾਬ ਦੇ ਪੌਣ-ਪਾਣੀਆਂ ਵਿੱਚ ਘੁਲੇ ਜ਼ਹਿਰ, ਪੰਜਾਬ ਦੇ ਲੜਖੜਾਉਂਦੇ ਸਿੱਖਿਆ ਦੇ ਨਿਜ਼ਾਮ, ਉਦਯੋਗਾਂ ਦੀ ਘਾਟ, ਬੇਰੁਜ਼ਗਾਰੀ ਵਿੱਚ ਹੋਏ ਬੇਤਹਾਸ਼ਾ ਵਾਧੇ, ਆਰਥਿਕ ਖੜੋਤ, ਚੌਫੇਰੇ ਪਸਰੀ ਉਦਾਸੀਨਤਾ, ਦਿਸ਼ਾਹੀਣ ਸਰਕਾਰਾਂ, ਆਪਸੀ ਰਿਸ਼ਤਿਆਂ ਵਿੱਚ ਪਾਈ ਜਾ ਰਹੀ ਕਸ਼ੀਦਗੀ ਅਤੇ ਆਪਣੇ ਸ਼ਾਨਦਾਰ ਵਿਰਸੇ ਤੋਂ ਕੋਹਾਂ ਦੂਰ ਖੜ੍ਹੇ ਪੰਜਾਬੀਆਂ ਨੂੰ ਦੇਖ ਕੇ ਹੁਣ ਇਉਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਪੰਜਾਬ ਦੀ ਰਫ਼ਤਾਰ, ਗੁਫ਼ਤਾਰ ਅਤੇ ਦਸਤਾਰ ਨੂੰ ਕਿਸੇ ਚੰਦਰੇ ਦੀ ਨਜ਼ਰ ਲੱਗ ਗਈ ਹੋਵੇ। ਹੁਣ ਬੜੀ ਸ਼ਿੱਦਤ ਨਾਲ ਇਹ ਵੀ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਪੰਜਾਬੀਆਂ ਨੂੰ ਕੋਈ ਜ਼ਬਰਦਸਤੀ ਹੱਕ ਕੇ ਕਿਸੇ ਬੰਦ ਗਲ਼ੀ ਵੱਲ ਜਾਂਦੇ ਰਸਤੇ ਉੱਪਰ ਤੁਰਨ ਲਈ ਮਜਬੂਰ ਕਰ ਰਿਹਾ ਹੋਵੇ। ਹੁਣ ਇਵੇਂ ਜਾਪਦਾ ਹੈ ਕਿ ਜਿਵੇਂ ਪੰਜਾਬੀਆਂ ਦੀ ਮਟਕ, ਸਵੈਮਾਣ, ਸਾਹਸ, ਸੂਰਬੀਰਤਾ ਅਤੇ ਵਿਲੱਖਣਤਾ ਇਨ੍ਹਾਂ ‘ਅਦਿੱਖ ਤਾਕਤਾਂ’ ਨੂੰ ਬੜੀ ਬੁਰੀ ਤਰ੍ਹਾਂ ਰੜਕ ਰਹੀ ਹੋਵੇ। ਦਰਅਸਲ ਇਨ੍ਹਾਂ ‘ਅਦਿੱਖ ਤਾਕਤਾਂ’ ਦੇ ਸਰੋਕਾਰਾਂ, ਤਰਜ਼ੀਹਾਂ ਅਤੇ ਸਮੀਕਰਣਾਂ ਵਿੱਚ ਪੰਜਾਬ ਨੂੰ ਕਦੇ ਵੀ ਕੋਈ ਸਨਮਾਨਜਨਕ ਸਥਾਨ ਹਾਸਲ ਨਹੀਂ ਹੋਇਆ ਹੈ। ਇਹ ‘ਅਦਿੱਖ ਤਾਕਤਾਂ’ ਕਿਸੇ ਵੀ ਸੂਰਤ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਹਿਤੈਸ਼ੀ ਨਹੀਂ ਹਨ।
ਇਨ੍ਹਾਂ ‘ਅਦਿੱਖ ਤਾਕਤਾਂ’ ਉੱਪਰ ਆਧਾਰਿਤ ਵਿਸ਼ਿਸ਼ਟ ਵਰਗ ਦੀ ਰਚਨਾ ਵੀ ਆਪਣੇ-ਆਪ ਵਿੱਚ ਬੜੀ ਦਿਲਚਸਪ ਹੈ। ਇਨ੍ਹਾਂ ‘ਅਦਿੱਖ ਤਾਕਤਾਂ’ ਉੱਪਰ ਆਧਾਰਿਤ ਵਿਸ਼ਿਸ਼ਟ ਵਰਗ ਵਿੱਚ ਸ਼ਾਮਿਲ ਵੱਖ-ਵੱਖ ਧਿਰਾਂ ਜਾਂ ਲੋਕਾਂ ਦਾ ਸੰਬੰਧ ਕਿਸੇ ਵਿਸ਼ੇਸ਼ ਮਜ਼ਹਬ, ਜ਼ੁਬਾਨ, ਜ਼ਾਤ, ਬਰਾਦਰੀ, ਸ਼੍ਰੇਣੀ, ਕਿੱਤੇ, ਧੜੇ, ਰਾਜਸੀ ਪਾਰਟੀ, ਜਥੇਬੰਦੀ, ਪਿੰਡ, ਕਸਬੇ, ਸ਼ਹਿਰ ਆਦਿ ਨਾਲ ਨਹੀਂ ਹੈ, ਸਗੋਂ ‘ਅਦਿੱਖ ਤਾਕਤਾਂ’ ਉੱਪਰ ਆਧਾਰਿਤ ਇਸ ਵਿਸ਼ਿਸ਼ਟ ਵਰਗ ਵਿੱਚ ਬੁਨਿਆਦੀ ਤੌਰ ਉੱਪਰ ਉਨ੍ਹਾਂ ਪੰਜਾਬ ਦੋਖੀ ਸਫੈਦਪੋਸ਼, ਮੁਫ਼ਾਦਪ੍ਰਸਤ, ਮੌਕਾਪ੍ਰਸਤ, ਕਮਜਰਫ਼ ਅਤੇ ਗਿਰਗਿਟ ਦੀ ਤਰ੍ਹਾਂ ਰੰਗ ਬਦਲਣ ਦੀ ਸਲਾਹੀਅਤ ਰੱਖਣ ਵਾਲੇ ਲੋਕਾਂ ਜਾਂ ਲੋਕਾਂ ਦੇ ਸਮੂਹਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ, ਜਿਨ੍ਹਾਂ ਦਾ ਮਨੋਰਥ ਹਮੇਸ਼ਾ ਤੋਂ ਸੱਤਾ, ਤਾਕਤ ਅਤੇ ਪ੍ਰਭਾਵ ਦੇ ਇਸਤੇਮਾਲ ਰਾਹੀਂ ਪੰਜਾਬ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਅਤੇ ਬਿਹਤਰ ਬਣਾਉਣਾ ਹੈ। ਸੱਚ ਜਾਣਿਓ! ਅਜਿਹੇ ਲੋਕਾਂ ਲਈ ਪੰਜਾਬ ਦਾ ਦਰਦ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜੇ ਹੋਏ ਵੱਖ-ਵੱਖ ਮਸਲੇ ਬੁਨਿਆਦੀ ਤੌਰ ਉੱਪਰ ਕਦੇ ਵੀ ਕੋਈ ਮਾਇਨੇ ਨਹੀਂ ਰੱਖਦੇ ਹਨ।
ਇਹ ‘ਅਦਿੱਖ ਤਾਕਤਾਂ’ ਕਦੇ ਮਜ਼ਹਬ ਦਾ ਲਿਬਾਸ ਪਾ ਕੇ, ਕਦੇ ਸਿਆਸੀ ਚਾਲਾਂ ਚਲ ਕੇ ਅਤੇ ਕਦੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਆਪਣਾ ਫ਼ਰਜ਼ੀ ਜਿਹਾ ਤੇ ਵਕਤੀ ਹੇਜ ਜਤਾ ਕੇ ਖੁਦ ਨੂੰ ਪੰਜਾਬ ਦੇ ਖੈਰਖਾਹ ਸਾਬਿਤ ਕਰਨ ਦਾ ਹਰ ਰੋਜ਼ ਢੋਂਗ ਕਰਨ ਵਿੱਚ ਮਸ਼ਰੂਫ ਰਹਿੰਦੀਆਂ ਹਨ। ਅੱਜ ਪੰਜਾਬ ਜਿਸ ਚੌਰਾਹੇ ਉੱਪਰ ਖੜ੍ਹਾ ਦਿਖਾਈ ਦੇ ਰਿਹਾ ਹੈ ਅਤੇ ਜਿਸ ਤਰ੍ਹਾਂ ਦੇ ਭਵਿੱਖ ਵੱਲ ਪੰਜਾਬ ਵੱਧ ਰਿਹਾ ਹੈ, ਉਸ ਨੂੰ ਦੇਖਦਿਆਂ ਇਹ ਨਿਸ਼ਚਿਤ ਤੌਰ ਉੱਪਰ ਕਿਹਾ ਜਾ ਸਕਦਾ ਹੈ ਕਿ ਜੇਕਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਅਲੰਬਰਦਾਰ ਅਤੇ ਹਿਤੈਸ਼ੀ ਇਸੇ ਤਰ੍ਹਾਂ ਗਫ਼ਲਤ ਦੀ ਗਹਿਰੀ ਨੀਂਦ ਸੁੱਤੇ ਰਹੇ ਤਾਂ ਰੰਗਲੇ, ਖੁਸ਼ਹਾਲ ਤੇ ਅਮਨ ਪਸੰਦ ਪੰਜਾਬ ਦਾ ਉਨ੍ਹਾਂ ਦਾ ਸੁਪਨਾ ਕਦੇ ਵੀ ਸਾਕਾਰ ਨਹੀਂ ਹੋ ਪਾਏਗਾ, ਪੰਜਾਬੀ ਲੋਕ ਪੰਜਾਬ ਵਿੱਚ ਹੀ ਖ਼ੁਦ ਨੂੰ ਕਦੇ ਮਹਿਫੂਜ਼ ਨਹੀਂ ਸਮਝਣਗੇ, ਪੰਜਾਬ ਦੀ ਜਰਖੇਜ਼ ਧਰਤੀ ਬੰਜਰ ਹੋਣ ਦੀ ਕਗਾਰ ਉੱਤੇ ਪਹੁੰਚ ਜਾਵੇਗੀ ਅਤੇ ਫਲਸਰੂਪ ਸਾਡੇ ਪੰਜਾਬ ਦੇ ਨੌਜਵਾਨਾਂ ਦੀ ਬੇਕਦਰੀ ਹੋਰ ਵਧੇਗੀ। ਲਿਹਾਜ਼ਾ ਅਜੋਕੇ ਸਮੇਂ ਵਿੱਚ ਇਨ੍ਹਾਂ ‘ਅਦਿੱਖ ਤਾਕਤਾਂ’ ਦੇ ਪੰਜਾਬ ਵਿਰੋਧੀ ਮਨਸੂਬਿਆਂ ਦੀ ਸਮੇਂ ਸਿਰ ਪਛਾਣ ਕਰਕੇ ਸਾਨੂੰ ਪੰਜਾਬੀਆਂ ਨੂੰ ਚੌਕੰਨੇ ਹੋਣ ਦੀ ਬੇਹੱਦ ਜ਼ਰੂਰਤ ਹੈ ਤਾਂ ਜੋ ਪੰਜਾਬ ਸੰਸਾਰ ਭਰ ਵਿੱਚ ਆਪਣੀ ਮੁਨਫ਼ਰਿਦ ਪਹਿਚਾਣ ਨੂੰ ਕਾਇਮ ਰੱਖਣ ਵਿੱਚ ਸਫ਼ਲ ਹੋ ਸਕੇ।