ਸਥਾਨਕ ਇਤਿਹਾਸ, ਇਤਿਹਾਸਕਾਰੀ ਦੀ ਹੇਠਲੀ ਪਰ ਮਹੱਤਵਪੂਰਨ ਪਰਤ ਹੈ। ਵਿਅਕਤੀ ਵਿਸ਼ੇਸ਼, ਪਿੰਡ ਅਤੇ ਨਗਰ ਦਾ ਇਤਿਹਾਸ ਇਸ ਦਾ ਖੇਤਰ ਹਨ। ਭਾਰਤ ਪਿੰਡਾਂ ਦਾ ਦੇਸ਼ ਹੈ, ਪ੍ਰੰਤੂ ਮੁਲਕ ਦੀ ਸਭ ਤੋਂ ਛੋਟੀ ਇਕਾਈ ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ।
ਸੋ, ਅਕਸਰ ਹੀ ਬਜ਼ੁਰਗਾਂ ਅਤੇ ਪੀੜ੍ਹੀ-ਦਰ-ਪੀੜ੍ਹੀ ਦੰਦ-ਕਥਾਵਾਂ ਉੱਤੇ ਨਿਰਭਰ ਕਰਨਾ ਪੈਂਦਾ ਹੈ। ਹਾਲੇ ਵੀ ਵੇਲਾ ਹੈ ਕਿ ਜਿੰਨਾ ਕੁ ਅਤੇ ਜਿਸ ਵੀ ਰੂਪ ਵਿੱਚ ਮਿਲ ਸਕਦਾ ਹੈ, ਸਾਂਭ ਲਈਏ; ਨਹੀਂ ਤਾਂ ਪਿੰਡਾਂ ਦਾ, ਸਾਡੇ ਚੇਤਿਆਂ ‘ਚ ਪਿਆ ਇਤਿਹਾਸ ਵੀ ਲੁਪਤ ਹੋ ਜਾਵੇਗਾ। ਉਕਤ ਦੇ ਮੱਦੇਨਜ਼ਰ ਪਾਠਕਾਂ ਦੀ ਜਾਣਕਾਰੀ ਲਈ ਅਸੀਂ ਇੱਕ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਜਾਵੇਗੀ। ਪੇਸ਼ ਹੈ, ਗ਼ਦਰੀ ਬਾਬਿਆਂ ਦੇ ਪਿੰਡ ਸਕਰੂਲੀ ਬਾਰੇ ਲੇਖ…
ਵਿਜੈ ਬੰਬੇਲੀ
ਫੋਨ: +91-9463439075
ਵੀਹਵੀਂ ਸਦੀ ਦਾ ਦੂਜਾ ਦਹਾਕਾ ਮੁਕਦਿਆਂ, ਹੁਸ਼ਿਆਰਪੁਰ-ਚੰਡੀਗੜ੍ਹ ਸ਼ਾਹ ਰਾਹ ਅਤੇ ਪ੍ਰਾਚੀਨ ਜੈਜੋਂ-ਫਗਵਾੜਾ ਚੌਰਸਤੇ ’ਤੇ ਪੈਂਦੇ ਪਿੰਡ ਮਾਹਿਲਪੁਰ ਵਿੱਚ ਇੱਕ ਕਰਖਾਨੇ ਦੇ ਬਾਹਰ ਉਰਦੂ ਅਤੇ ਗੁਰਮੁਖੀ- ਦੋ ਭਾਸ਼ਾਵਾਂ ਵਿੱਚ ਇੱਕ ਇਸ਼ਤਿਹਾਰੀ ਬੋਰਡ ਲੱਗਾ, “ਇਸ ਕਾਰਖਾਨੇ ਮੇਂ ਲੋਹੇ ਕੇ ਬੇਲਨੇ ਖਰਾਦੇ ਜਾਤੇ ਹੈ। ਇੰਜਨੋਂ ਕੇ ਪੁਰਜ਼ੇ, ਲੋਹੇ ਕੀ ਕੁਰਸੀਆਂ, ਸੈਮੀਆਂ ਔਰ ਬਦਾਮ ਰੋਗਨ ਨਿਕਾਲਨੇ ਕੀ ਮਸ਼ੀਨੇ, ਚੌਰਸ ਚੂੜੀ ਕੇ ਕਾਬਲੇ ਔਰ ਨੱਟ ਹਰ ਕਿਸਮ, ਲੋਹੇ ਕੇ ਭਾਰੀ ਸੰਦੂਕ, ਚਾਰਪਾਈਓਂ ਕੇ ਪਾਵੇ ਬਨਾਏ ਜਾਤੇ ਹੈ। ਲੱਕੜੀ ਹਰ ਕਿਸਮ ਕੇ ਤਖ਼ਤੇ ਔਰ ਬਾਲੇ ਮਸ਼ੀਨ ਸੇ ਚੀਰੇ ਜਾਤੇ ਹੈ। ਡੰਗਰੋਂ ਕਾ ਚਾਰਾ ਕੜਬ, ਚਰੀ, ਜੂਠ ਬਰੀਕ ਕੁਤਰੀ ਜਾਤੀ ਹੈ। ਅਕਸੀ ਤਸਵੀਰੇਂ ਵੀ ਖੈਂਚੀ ਜਾਤੀ ਹੈ।”
ਇਸ ਕਸਬੇ ਦਾ ਉਸਰੀਆ ਸੀ ਮਾਹਿਲਪੁਰ ਕਸਬੇ ਦੀ ਦੱਖਣੀ-ਪੱਛਮੀ ਗੁੱਠ ਵਿੱਚ ਢਾਈ ਕੁ ਮੀਲ ਹੱਟਵੇਂ ਵਸੇ ਹੋਏ, ਗੜ੍ਹਸ਼ੰਕਰ ਤਹਿਸੀਲ ਦੇ ਮਸ਼ਾਹੂਰ ਪਿੰਡ ਸਕਰੂਲੀ ਦਾ ਅਮਰੀਕਾ ਰੀਟਰਨ ਅਮਰ ਸਿੰਘ ਸੰਘਾ, ਜਿਸਦਾ ਭਾਈ ਬਾਵਾ ਸਿੰਘ ਗ਼ਦਰ ਲਹਿਰ ਦੇ ਦੂਜੇ ਦੌਰ ‘ਚ, ਔਖੇ ਵੇਲੀਂ, ਗ਼ਦਰ ਪਾਰਟੀ ਦਾ ਮੀਤ ਪ੍ਰਧਾਨ ਬਣਿਆ ਸੀ। ਇਹੀ ਨਹੀਂ, ਪੰਡਿਤ ਬਾਲ ਮੁਕੰਦ ਸਮੇਤ ਇਸ ਪਿੰਡ ਦੇ ਕੁਝ ਹੋਰ ਗ਼ਦਰੀ ਰੁਕਨ ਵੀ ਹੋਏ ਸਨ। ਇਹ ਉਹੀ, ਉੱਚ-ਤਾਲੀਮ ਯਾਫ਼ਤਾ ਗ਼ਦਰੀ ਬਾਲ ਮੁਕੰਦ ਸੀ, ਜਿਹੜਾ ਕੈਨੇਡਾਈ ਸਰਕਾਰ ਵੱਲੋਂ ਕੈਨੇਡਾ ਵਿਚਲੇ ਹਿੰਦੀਆਂ ਨੂੰ ਦਰ-ਬਦਰ ਕਰਕੇ ਹਾਂਡੂਰਸ ਦੇ ਬਦਤਰ ਖੇਤੀ ਸਮੂਹਾਂ ਵਿੱਚ ਭੇਜਣ ਦੇ ਵਿਰੋਧ ਵਿੱਚ ਸੰਨ 1908 ’ਚ ਕੈਨੇਡਾ ਦੇ ਘਰੋਗੀ ਮਹਿਕਮੇ ਦੇ ਉੱਚ ਸਕੱਤਰ ਜ.ਬ. ਹਰਕਿੰਸਨ ਨੂੰ ਮਿਲਣ ਵਾਲੇ ਵਫਦ ਵਿੱਚ ਸ਼ਾਮਿਲ ਸੀ। ਮਗਰੋਂ ਸਕਰੂਲੀ ਦੀ ਜ਼ਿਆਦਾ ਪ੍ਰਸਿੱਧੀ ਦਾ ਕਾਰਨ ਇਸ ਦੀਆਂ ਲਗਾਤਾਰ ਦੇਸ਼-ਭਗਤਕ ਲਹਿਰਾਂ, ਅਰਥਾਤ ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ, ਕਿਰਤੀ ਲਹਿਰ, ਆਦਿ-ਧਰਮ ਮੰਡਲ, ਲਾਲ ਪਾਰਟੀ, ਕਮਿਊਨਿਸਟ ਅਤੇ ਕਿਰਤੀ-ਕਿਸਾਨ ਘੋਲ ਬਣੇ।
ਪੀੜ੍ਹੀ-ਦਰ-ਪੀੜ੍ਹੀ ਤੁਰੀ ਆਉਂਦੀ ਦੰਦ ਕਥਾ ਅਤੇ ਕੁਝ ਦਸਤਾਵੇਜ਼ੀ ਤੇ ਹਰਦੁਆਰੀ ਸਬੂਤਾਂ ਅਨੁਸਾਰ ਅਰਸਾ ਕਰੀਬ ਛੇ ਸਦੀਆਂ ਪਹਿਲਾਂ ਮਾਲਵਾ ਖਿੱਤੇ ਦੇ ਇੱਕ ਪਿੰਡ ਡਰੋਲੀ ਭਾਈ ਤੋਂ ਉੱਠ ਕੇ ਸੰਘਾਂ ਨਾਂ ਦੇ ਦਾਨੇ ਬਜ਼ੁਰਗ ਦੀ ਔਲਾਦ ਦੇ ਕੁਝ ਵਡੇਰੇ, ਜੋ ਕਿ ਵਪਾਰੀ ਕਿਸਮ ਦੇ ਡੰਗਰਾਂ ਦੇ ਪਾਲੀ ਸਨ, ਨਵੀਆਂ ਚਰਗਾਹਾਂ ਮੱਲਣ ਲਈ ਹੁਣ ਦੇ ਕਪੂਰਥਲੇ ਜ਼ਿਲ੍ਹੇ ਵਿੱਚ ਆ ਪਹੁੰਚੇ। ਉਨ੍ਹਾਂ ਦੇ ਇੱਕ ਪ੍ਰਮੁੱਖ ਕਾਲਾ ਨੇ ਜਿਸ ਪਿੰਡ ਦੀ ਮੋੜ੍ਹੀ ਗੱਡੀ, ਉਸ ਬਜ਼ੁਰਗ ਕਾਲਾ ਅਤੇ ਉਸਦੇ ਗੋਤਰ ਸੰਘਾ ਦੇ ਨਾਂ ਤੋਂ ਹੀ ਅੱਜ ਦਾ ਮਸ਼ਹੂਰ ਪਿੰਡ ਕਾਲਾ ਸੰਘਿਆਂ ਵਿਗਸਿਆ-ਪਨਪਿਆ। ਸਮਾਂ ਪਾ ਕੇ ਉਥੋਂ ਦੇ ਕੁਝ ਬਾਸ਼ਿੰਦੇ ਜੰਡੂ ਨਾਂ ਦੇ ਵਡੇਰੇ ਦੀ ਅਗਵਾਈ ਹੇਠ ਆ ਪੁੱਜੇ ਜਲੰਧਰ ਦੀ ਜੂਹ ਵਿੱਚ। ਜਿਸ ਗਰਾਂ ਦਾ ਬਾਨਣੂੰ ਉਸ ਬੰਨਿ੍ਹਆ, ਉਹ ਜਲੰਧਰ-ਹੁਸ਼ਿਆਰਪੁਰ ਮਾਰਗ ਉੱਤੇ, ਹੁਣ ਜੰਡੂ ਸੰਘਾਂ ਨਹੀਂ ਜੰਡੂ ਸਿੰਘਾਂ ਅਖਵਾਉਂਦਾ ਹੈ। ਇੱਥੋਂ ਹੀ ਇੱਕ ਫੱਕਰ ਪਰ ਧੜਵੈਲ ਯੋਧੇ ਭਰੋ ਦੀ ਅਗਵਾਈ ਹੇਠ ਸੰਘਿਆਂ ਦਾ ਇੱਕ ਪੂਰ, ਆਪਣੇ ਡੰਗਰ-ਵੱਛੇ ਹੱਕ, ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ-ਬਾੜੀਆਂ ਖਿੱਤੇ ਨੂੰ ਹੋ ਤੁਰਿਆ। ਕਾਰਨ ਇਹ ਸੀ ਕਿ ਵਧਦੀਆਂ ਲੋੜਾਂ ਅਤੇ ਚਰਾਂਦਾ-ਜਲ ਸੋਮਿਆਂ ਹਿੱਤ ਨਿਵੇਕਲੇ ਖਿੱਤੇ ਦੀ ਲੋੜ ਸੀ। ਕੰਢੀ ਦੇ ਪੈਰਾਂ ਵਿੱਚ ਇਧਰ ਸਨ ਉਦੋਂ ਸਰ-ਸਬਜ਼ ਚਰਗਾਹਾਂ ਅਤੇ ਭਰੇ-ਭਕੁੰਨੇ ਜਲ-ਸੋਮੇ, ਇਹੀ ਗੱਲ ਉਨ੍ਹਾਂ ਦੇ ਇਧਰ ਆਉਣ ਦਾ ਸਬੱਬ ਬਣੀ।
ਉਸਦੀ ਦਾਨਸ਼ਮੰਦ ਚੜ੍ਹਤ ਤੋਂ ਪ੍ਰਭਾਵਿਤ ਹੋ, ਉਸਦੇ ਡੇਰੇ (ਸਕਰੂਲੀ) ਨੇੜਲੇ ਢਾਡਾ ਪਿੰਡ ਵਾਲਿਆਂ ਕਿਸੇ ਸੁਰੱਖਿਅਤ ਲੋੜ ਕਾਰਨ ਆਪਣੀ ਇੱਕ ਸੁਘੜ-ਸਿਆਣੀ ਧੀ ਮੱਗੋ ਦਾ ਲੜ ਉਸਨੂੰ ਫੜ੍ਹਾ ਦਿੱਤਾ, ਜਿਸ ਕਾਰਨ ਇਸ ਖਿੱਤੇ ਵਿੱਚ ਦੋਵੇਂ ਧਿਰਾਂ ਹੋਰ ਵੀ ਪੱਕੇ ਪੈਰੀਂ ਹੋ ਗਈਆਂ। ਬਾਬਾ ਭਰੋ ਦੀ ਪਹਿਲੀ ਤ੍ਰੀਮਤ ਦਾ ਨਾਂ ਮਾਈ ਸ਼ਕਰੋ ਸੀ। ਕਹਿੰਦੇ ਹਨ ਕਿ ਯੋਧਾ ਭਰੋ, ਪਹਿਲਾਂ-ਪਹਿਲ ਇਧਰ ਦੇ ਇੱਕ ਸਥਾਨਕ ਰਾਜੇ ਦੀ ਸੈਨਾ ਵਿੱਚ ਵੀ ਸਿਪਾਹ-ਸਾਲਾਰ ਰਿਹਾ, ਜਿਸਦੀ ਕਿਸੇ ਅੱਲੋਕਾਰੀ ਬਹਾਦਰੀ ਤੋਂ ਖੁਸ਼ ਹੋ ਕੇ ਰਾਜੇ ਨੇ ਉਸਨੂੰ ਲੋੜ ਮੁਤਾਬਿਕ ਜ਼ਮੀਨ ਬਗਲ ਲੈਣ ਨੂੰ ਕਿਹਾ। ਉਪਰੰਤ ਬਾਬਾ ਭਰੋ ਨੇ ਆਪਣੇ ਕਲਾਵੇ ਵਿੱਚ ਲਈ ਜ਼ਮੀਨ ਦੀ ਇੱਕ ਉੱਚੀ ਪਰ ਮਹੱਤਵਪੁਰਨ ਤੇ ਸੁਰੱਖਿਅਤ ਥਾਂਵੇਂ ਜਿਸ ਨਾਲ ਖਹਿੰਦਾ ਸਦਾ-ਬਹਾਰ ਚੌਅ ਵਗਦਾ ਸੀ, ਆਪਣੀ ਵੱਡੀ ਪਤਨੀ ਮਾਈ ਸ਼ਕਰੋ ਦੇ ਨਾਂ ‘ਤੇ ਪਿੰਡ ਦੀ ਮੋੜ੍ਹੀ ਗੱਡੀ, ਜਿਸਦਾ ਨਾਂ ਵਿਗੜਦਾ-ਸੰਵਰਦਾ ਸਕਰੂਲੀ ਪੈ ਗਿਆ। ਹਾਂ! ਇਸੇ ਸਕਰੂਲੀ, ਜਿਥੇ ਕਾਮਰੇਡ ਤੇਜਾ ਸਿੰਘ ਸੁਤੰਤਰ ਉੱਘਾ ਗ਼ਦਰੀ ਵੀ ਪਨਾਹ ਲੈਂਦਾ ਰਿਹਾ, ਦਾ ਚੌਧਰੀ ਨਾਨਕ ਚੰਦ ਤਾ-ਉਮਰ ਡਾ. ਅੰਬੇਦਕਰ ਦਾ ਅਤਿ-ਭਰੋਸੇਯੋਗ ਸੈਕਟਰੀ ਰਿਹਾ, ਜਿਸਨੂੰ ਜਿਉਂਦੇ-ਜੀਅ ਹੀ ਅੰਬੇਦਕਰ ਜੀ ਨੇ ਆਪਣਾ ਉੱਤਰਾ-ਅਧਿਕਾਰੀ ਥਾਪ ਦਿੱਤਾ ਸੀ।