ਖਿਡਾਰੀ ਪੰਜ-ਆਬ ਦੇ (17)
ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਹਾਕੀ ਖਿਡਾਰੀਆਂ ਵਿੱਚੋਂ ਅਖ਼ਤਰ ਰਸੂਲ ਤੇ ਅਜੀਤ ਪਾਲ ਨੂੰ ਇਹੋ ਮਾਣ ਰਹੇਗਾ ਕਿ ਉਨ੍ਹਾਂ ਵਰਗਾ ਵਿਸ਼ਵ ਦਾ ਸੈਂਟਰ ਹਾਫ਼ ਖਿਡਾਰੀ ਨਹੀਂ ਹੋਇਆ। ਦੋਵੇਂ ਆਪੋ-ਆਪਣੀਆਂ ਕੌਮੀ ਟੀਮਾਂ ਦਾ ਧੁਰਾ ਰਹੇ ਹਨ। ਪੰਜ ਆਬਾਂ ਦੀ ਧਰਤੀ ਨੂੰ ਆਪਣੇ ਮਾਣਮੱਤੇ ਪੁੱਤਰਾਂ ਉਤੇ ਸਦਾ ਮਾਣ ਰਹੇਗਾ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਲੜੀਵਾਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ।
ਹਥਲੇ ਲੇਖ ਵਿੱਚ ਅਖ਼ਤਰ ਰਸੂਲ ਦੇ ਜੀਵਨ ਦਾ ਸੰਖੇਪ ਵੇਰਵਾ ਹੈ। ਅਖ਼ਤਰ ਰਸੂਲ ਨੇ 1971 ਤੋਂ 1982 ਤੱਕ 12 ਸਾਲ ਪਾਕਿਸਤਾਨ ਲਈ ਖੇਡਦਿਆਂ ਬੇਸ਼ੁਮਾਰ ਜਿੱਤਾਂ ਅਤੇ ਪ੍ਰਾਪਤੀਆਂ ਹਾਸਲ ਕੀਤੀਆਂ, ਜੋ ਕਿ ਆਧੁਨਿਕ ਹਾਕੀ ਵਿੱਚ ਦੁਨੀਆਂ ਦੇ ਕਿਸੇ ਵੀ ਖਿਡਾਰੀ ਦੇ ਹਿੱਸੇ ਨਹੀਂ ਆਈਆਂ। ਅਖ਼ਤਰ ਰਸੂਲ ਨੂੰ ਪਾਕਿਸਤਾਨ ਦਾ ਸਰਵਉੱਚ ਨਾਗਰਿਕ ਸਨਮਾਨ ‘ਪ੍ਰਾਈਡ ਆਫ਼ ਪ੍ਰਫਾਰਮੈਂਸ’ ਨਾਲ ਵੀ ਸਨਮਾਨਿਆ ਗਿਆ।
ਨਵਦੀਪ ਸਿੰਘ ਗਿੱਲ
ਫੋਨ: +91-9780036216
ਹਾਕੀ ਖੇਡ ਵਿੱਚ ਜੋ ਪ੍ਰਾਪਤੀਆਂ ਤੇ ਰੁਤਬਾ ਭਾਰਤ ਤੇ ਪਾਕਿਸਤਾਨ ਅਤੇ ਇੱਥੋਂ ਦੇ ਖਿਡਾਰੀਆਂ ਨੂੰ ਹਾਸਲ ਹੈ, ਉਹ ਕੁੱਲ ਆਲਮ ਵਿੱਚ ਹੋਰ ਕਿਸੇ ਮੁਲਕ ਜਾਂ ਉਥੋਂ ਦੇ ਖਿਡਾਰੀਆਂ ਨੂੰ ਨਹੀਂ। ਓਲੰਪਿਕ ਖੇਡਾਂ ਵਿੱਚ ਜੇ ਸਭ ਤੋਂ ਵੱਧ 8 ਸੋਨ ਤਮਗ਼ੇ ਭਾਰਤ ਨੇ ਜਿੱਤੇ ਹਨ, ਉਥੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਨੇ ਸਭ ਤੋਂ ਵੱਧ 4 ਵਾਰ ਸੋਨ ਤਮਗ਼ਾ ਜਿੱਤਿਆ ਹੈ। ਭਾਰਤੀ ਹਾਕੀ ਵਿੱਚ ਧਿਆਨ ਚੰਦ, ਬਲਬੀਰ ਸਿੰਘ ਸੀਨੀਅਰ ਤੇ ਲੈਜਲੀ ਕਲਾਡੀਅਸ ਨੂੰ ਤਿੰਨ ਵਾਰ ਓਲੰਪਿਕਸ ਸੋਨ ਤਮਗ਼ੇ ਜਿੱਤਣ ਦਾ ਮਾਣ ਹਾਸਲ ਹੈ, ਉਥੇ ਪਾਕਿਸਤਾਨ ਦੇ ਅਖ਼ਤਰ ਰਸੂਲ ਨੇ ਤਿੰਨ ਵਾਰ ਵਿਸ਼ਵ ਕੱਪ ਵਿੱਚ ਸੋਨ ਤਮਗ਼ਾ ਜਿੱਤਿਆ ਹੈ। ਅੱਜ ਦੇ ਕਾਲਮ ਵਿੱਚ ਦੁਨੀਆਂ ਦੇ ਮਹਾਨ ਸੈਂਟਰ ਹਾਫ਼ ਅਤੇ ਪਾਕਿਸਤਾਨ ਹਾਕੀ ਦੇ ਧੁਰਾ ਆਖੇ ਜਾਂਦੇ ਅਖ਼ਤਰ ਰਸੂਲ ਦੀ ਗੱਲ ਕਰਾਂਗੇ।
ਅਖ਼ਤਰ ਰਸੂਲ ਦਾ ਜਨਮ 13 ਜਨਵਰੀ 1954 ਨੂੰ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਫੈਸਲਾਬਾਦ ਵਿੱਚ ਹੋਇਆ, ਜਿਸ ਨੂੰ ਪਹਿਲਾਂ ਲਾਇਲਪੁਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਅਖ਼ਤਰ ਰਸੂਲ ਦੇ ਪਰਿਵਾਰ ਦਾ ਸਬੰਧ ਵੰਡ ਤੋਂ ਪਹਿਲਾਂ ਚੜ੍ਹਦੇ ਪੰਜਾਬ ਨਾਲ ਸੀ। ਉਨ੍ਹਾਂ ਦੇ ਪਿਤਾ ਚੌਧਰੀ ਅਖ਼ਤਰ ਰਸੂਲ ਅੰਮ੍ਰਿਤਸਰ ਦੇ ਜੰਮਪਲ ਸਨ, ਜੋ ਵੰਡ ਤੋਂ ਬਾਅਦ ਫੈਸਲਾਬਾਦ ਅਤੇ ਫੇਰ ਲਾਹੌਰ ਵਿੱਚ ਆ ਕੇ ਵਸ ਗਏ। ਅਖ਼ਤਰ ਰਸੂਲ ਖੁਦ ਹਾਕੀ ਦੇ ਵੱਡੇ ਖਿਡਾਰੀ ਸਨ, ਜਿਨ੍ਹਾਂ ਪਾਕਿਸਤਾਨ ਵੱਲੋਂ ਖੇਡਦਿਆਂ 1960 ਵਿੱਚ ਰੋਮ ਓਲੰਪਿਕਸ ਵਿੱਚ ਸੋਨੇ ਅਤੇ 1956 ਵਿੱਚ ਮੈਲਬਰਨ ਓਲੰਪਿਕਸ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। 1962 ਵਿੱਚ ਜਕਾਰਤਾ ਏਸ਼ਿਆਈ ਖੇਡਾਂ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। ਅਖ਼ਤਰ ਰਸੂਲ ਪੜ੍ਹਾਈ ਵਿੱਚ ਵੀ ਬਹੁਤ ਹੁਸ਼ਿਆਰ ਸਨ, ਜਿਨ੍ਹਾਂ ਐਮ.ਐਸਸੀ. ਐਗਰੀਕਲਚਰ ਕੀਤੀ ਤੇ ਕਾਲਜ ਵਿੱਚ ਲੈਕਚਰਾਰ ਰਹੇ ਅਤੇ ਲਹਿੰਦੇ ਪੰਜਾਬ ਦੇ ਸਕੱਤਰ ਖੇਤੀਬਾੜੀ ਵਿੱਚੋਂ ਰਿਟਾਇਰ ਹੋਏ। ਅਖ਼ਤਰ ਰਸੂਲ ਨੂੰ ਪਾਕਿਸਤਾਨ ਦਾ ਸਰਵਉੱਚ ਨਾਗਰਿਕ ਸਨਮਾਨ ‘ਪ੍ਰਾਈਡ ਆਫ਼ ਪ੍ਰਫਾਰਮੈਂਸ’ ਨਾਲ ਵੀ ਸਨਮਾਨਿਆ ਗਿਆ।
ਖੇਡ ਪਰਿਵਾਰ ਵਿੱਚ ਜਨਮੇ ਅਖ਼ਤਰ ਨੂੰ ਹਾਕੀ ਦੀ ਗੁੜ੍ਹਤੀ ਆਪਣੇ ਪਿਤਾ ਤੋਂ ਮਿਲੀ। ਸਰਕਾਰੀ ਕਾਲਜ ਲਾਹੌਰ ਤੋਂ ਗਰੈਜੂਏਸ਼ਨ ਕਰਦਿਆਂ ਅਖ਼ਤਰ ਨੇ ਇੰਟਰ `ਵਰਸਿਟੀ ਮੁਕਾਬਲਿਆਂ ਵਿੱਚ ਕਾਲਜ ਦੀ ਹਾਕੀ ਟੀਮ ਦੀ ਕਪਤਾਨੀ ਕੀਤੀ। 1971 ਵਿੱਚ ਉਹ ਪਾਕਿਸਤਾਨ ਦੀ ਕੌਮੀ ਹਾਕੀ ਟੀਮ ਵਿੱਚ ਚੁਣਿਆ ਗਿਆ ਅਤੇ ਉਸ ਤੋਂ ਬਾਅਦ ਫੇਰ ਪਿੱਛੇ ਮੁੜ ਕੇ ਨਹੀਂ ਵੇਖਿਆ। 1971 ਤੋਂ 1982 ਤੱਕ 12 ਸਾਲ ਪਾਕਿਸਤਾਨ ਲਈ ਖੇਡਦਿਆਂ ਬੇਸ਼ੁਮਾਰ ਜਿੱਤਾਂ ਅਤੇ ਪ੍ਰਾਪਤੀਆਂ ਹਾਸਲ ਕੀਤੀਆਂ, ਜੋ ਕਿ ਆਧੁਨਿਕ ਹਾਕੀ ਵਿੱਚ ਦੁਨੀਆਂ ਦੇ ਕਿਸੇ ਵੀ ਖਿਡਾਰੀ ਦੇ ਹਿੱਸੇ ਨਹੀਂ ਆਈਆਂ। ਅਖ਼ਤਰ ਹਾਕੀ ਖੇਡ ਦੀ ਜਿੰਦ-ਜਾਨ ਮੰਨੀ ਜਾਂਦੀ ਸੈਂਟਰ ਹਾਫ਼ ਦੀ ਪੁਜੀਸ਼ਨ ਉਤੇ ਖੇਡਦਾ ਪਾਕਿਸਤਾਨ ਹਾਕੀ ਦਾ ਧੁਰਾ ਹੁੰਦਾ ਸੀ। ਪੂਰੀ ਟੀਮ ਉਸ ਦੇ ਦੁਆਲੇ ਘੁੰਮਦੀ ਸੀ। ਉਹ ਸੈਂਟਰ ਹਾਫ਼ ਉਤੇ ਖੇਡਦਾ ਡਿਫੈਂਸ ਦਾ ਸਾਥ ਦਿੰਦਾ ਅਤੇ ਫੇਰ ਪਾਕਿਸਤਾਨ ਹਮਲਿਆਂ ਦਾ ਮੁੱਢ ਬੱਝਦਾ ਹੋਇਆ ਸਟਰਾਈਕਰਾਂ ਨੂੰ ਮਿਣਵੇਂ ਪਾਸ ਸੁੱਟਦਾ, ਜਿਸ ਨਾਲ ਸ਼ਰਤੀਆ ਗੋਲ ਹੁੰਦਾ। ਗੇਂਦ ਉਪਰ ਕੰਟਰੋਲ, ਟੈਕਲਿੰਗ, ਡਰਿਬਲਿੰਗ ਅਤੇ ਨਾਪਤੋਲ ਦੇ ਪਾਸ ਦੇਣ ਦੀ ਮੁਹਾਰਤ ਰੱਖਦੇ ਅਖ਼ਤਰ ਬਾਰੇ ਹਾਕੀ ਦੇ ਜਾਣੂੰ ਆਖਦੇ ਸਨ ਕਿ ਅਖ਼ਤਰ ਨੂੰ ਇਹ ਪਤਾ ਹੁੰਦਾ ਹੈ ਕਿ ਕਿਸ ਸਮੇਂ ਕਿਸ ਖਿਡਾਰੀ ਨੂੰ ਕਿੱਥੇ ਬਾਲ ਦੇਣੀ ਹੈ। 70ਵੇਂ ਦਹਾਕੇ ਵਿੱਚ ਪਾਕਿਸਤਾਨ ਦਾ ਅਖ਼ਤਰ ਰਸੂਲ ਅਤੇ ਭਾਰਤ ਦਾ ਅਜੀਤ ਪਾਲ ਸਿੰਘ ਦੁਨੀਆਂ ਦੇ ਚੋਟੀ ਦੇ ਸੈਂਟਰ ਹਾਫ਼ ਖਿਡਾਰੀ ਸਨ, ਜਿਨ੍ਹਾਂ ਵਰਗਾ ਖਿਡਾਰੀ ਨਾ ਪਹਿਲਾ ਪੈਦਾ ਹੋਇਆ ਅਤੇ ਨਾ ਹੀ ਬਾਅਦ ਵਿੱਚ।
ਅਖ਼ਤਰ ਦੇ ਹੁੰਦਿਆਂ ਪਾਕਿਸਤਾਨ ਨੇ 1971 ਵਿੱਚ ਬਾਰਸੀਲੋਨਾ ਵਿਖੇ ਖੇਡਿਆ ਪਹਿਲਾ ਵਿਸ਼ਵ ਕੱਪ ਖੇਡਿਆ। ਪਾਕਿਸਤਾਨ ਨੇ ਫ਼ਾਈਨਲ ਵਿੱਚ ਮੇਜ਼ਬਾਨ ਸਪੇਨ ਨੂੰ 1-0 ਨਾਲ ਹਰਾਇਆ। 1972 ਵਿੱਚ ਮਿਊਨਿਖ ਓਲੰਪਿਕ ਖੇਡਾਂ ਵਿੱਚ ਅਖ਼ਤਰ ਆਪਣੀ ਪਹਿਲੀ ਓਲੰਪਿਕਸ ਖੇਡਿਆ ਅਤੇ ਪਾਕਿਸਤਾਨ ਟੀਮ ਨੇ ਚਾਂਦੀ ਦਾ ਤਮਗ਼ਾ ਜਿੱਤਿਆ। ਫ਼ਾਈਨਲ ਵਿੱਚ ਪਾਕਿਸਤਾਨ ਟੀਮ ਨੂੰ ਪੱਛਮੀ ਜਰਮਨੀ ਹੱਥੋਂ 0-1 ਦੀ ਹਾਰ ਮਿਲੀ। 1974 ਵਿੱਚ ਤਹਿਰਾਨ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਪਾਕਿਸਤਾਨ ਨੇ ਸੋਨੇ ਦਾ ਤਮਗ਼ਾ ਜਿੱਤਿਆ। ਸੋਨ ਤਮਗ਼ਾ ਜੇਤੂ ਟੀਮ ਵਿੱਚ ਅਖ਼ਤਰ ਦਾ ਚਚੇਰਾ ਭਰਾ ਅਰਸ਼ਦ ਅਲੀ ਚੌਧਰੀ ਵੀ ਸ਼ਾਮਲ ਸੀ। 1975 ਵਿੱਚ ਕੁਆਲਾ ਲੰਪੁਰ ਵਿਖੇ ਖੇਡੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਨੂੰ ਫ਼ਾਈਨਲ ਵਿੱਚ ਭਾਰਤ ਹੱਥੋਂ ਹਾਰ ਮਿਲੀ, ਜਿਸ ਕਾਰਨ ਚਾਂਦੀ ਦੇ ਤਮਗ਼ੇ ਉਤੇ ਸਬਰ ਕਰਨਾ ਪਿਆ। 1976 ਵਿੱਚ ਮਾਂਟਰੀਅਲ ਓਲੰਪਿਕ ਖੇਡਾਂ ਵਿੱਚ ਜਦੋਂ ਪਹਿਲੀ ਵਾਰ ਹਾਕੀ ਮੁਕਾਬਲੇ ਐਸਟੋਟਰਫ ਉਪਰ ਖੇਡੇ ਜਾਣ ਲੱਗੇ ਤਾਂ ਪਾਕਿਸਤਾਨ ਟੀਮ ਨੇ ਕਾਂਸੀ ਦਾ ਤਮਗ਼ਾ ਜਿੱਤਿਆ। ਤੀਜੇ ਸਥਾਨ ਵਾਲੇ ਮੈਚ ਵਿੱਚ ਪਾਕਿਸਤਾਨ ਨੇ ਹਾਲੈਂਡ ਨੂੰ 3-2 ਨਾਲ ਹਰਾਇਆ। ਇਸ ਵਿੱਚ ਇੱਕ ਗੋਲ ਅਖ਼ਤਰ ਰਸੂਲ ਨੇ ਵੀ ਕੀਤਾ। ਉਂਝ ਅਖ਼ਤਰ ਨੇ ਓਲੰਪਿਕਸ ਵਿੱਚ ਦੋ ਗੋਲ ਕੀਤੇ। 1978 ਵਿੱਚ ਬੈਂਕਾਕ ਵਿਖੇ ਏਸ਼ਿਆਈ ਖੇਡਾਂ ਵਿੱਚ ਅਖ਼ਤਰ ਨੇ ਪਾਕਿਸਤਾਨ ਵੱਲੋਂ ਖੇਡਦਿਆਂ ਦੂਜੀ ਵਾਰ ਸੋਨੇ ਦਾ ਤਮਗ਼ਾ ਜਿੱਤਿਆ। ਇਸੇ ਓਲੰਪਿਕਸ ਵਿੱਚ ਅਖ਼ਤਰ ਦਾ ਚਚੇਰਾ ਭਰਾ ਅਰਸ਼ਦ ਅਲੀ ਚੌਧਰੀ ਵੀ ਖੇਡਿਆ। ਇਸ ਤਰ੍ਹਾਂ ਫੈਸਲਾਬਾਦ ਦੇ ਇਸ ਚੌਧਰੀ ਪਰਿਵਾਰ ਦੇ ਤਿੰਨ ਜੀਆਂ ਨੇ ਓਲੰਪਿਕਸ ਵਿੱਚ ਤਮਗ਼ੇ ਜਿੱਤੇ।
1978 ਵਿੱਚ ਬਿਓਨਸ ਆਇਰਸ ਵਿਖੇ ਖੇਡੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਨੇ ਫ਼ਾਈਨਲ ਵਿੱਚ ਹਾਲੈਂਡ ਨੂੰ 3-2 ਨਾਲ ਹਰਾ ਕੇ ਸੋਨੇ ਦਾ ਤਮਗ਼ਾ ਜਿੱਤਿਆ। ਤਿੰਨ ਗੋਲਾਂ ਵਿੱਚ ਇੱਕ ਗੋਲ ਅਖ਼ਤਰ ਰਸੂਲ ਦਾ ਵੀ ਸੀ, ਜੋ ਉਸ ਨੇ ਪੈਨਲਟੀ ਸਟਰੋਕ ਉਪਰ ਕੀਤਾ। 1982 ਦਾ ਵਿਸ਼ਵ ਕੱਪ ਬੰਬਈ ਵਿਖੇ ਖੇਡਿਆ ਗਿਆ ਅਤੇ ਅਖ਼ਤਰ ਰਸੂਲ ਕੋਲ ਪਾਕਿਸਤਾਨ ਟੀਮ ਦੀ ਕਪਤਾਨੀ ਸੀ। ਰਸੂਲ ਆਪਣੇ ਪੁਰਖਿਆਂ ਦੀ ਧਰਤੀ ਉਤੇ ਖੇਡਣ ਆਇਆ ਸੀ। ਅਖ਼ਤਰ ਦੀ ਕਪਤਾਨੀ ਵਿੱਚ ਪਾਕਿਸਤਾਨ ਨੇ ਫ਼ਾਈਨਲ ਵਿੱਚ ਪੱਛਮੀ ਜਰਮਨੀ ਨੂੰ 3-1 ਨਾਲ ਹਰਾ ਕੇ ਸੋਨ ਤਮਗ਼ਾ ਜਿੱਤਿਆ ਅਤੇ ਅਖ਼ਤਰ ਨੇ ਵਿਸ਼ਵ ਕੱਪ ਵਿੱਚ ਗੋਲਡਨ ਹੈਟ੍ਰਿਕ ਪੂਰੀ ਕੀਤੀ। ਅਖ਼ਤਰ ਨੇ ਵਿਸ਼ਵ ਕੱਪ ਦੀ ਜਿੱਤ ਤੋਂ ਬਾਅਦ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕਰਦਿਆਂ ਵਿਸ਼ਵ ਚੈਂਪੀਅਨ ਬਣ ਕੇ ਖੇਡ ਦੀ ਸਿਖਰ ਤੋਂ ਖੇਡ ਨੂੰ ਅਲਵਿਦਾ ਆਖੀ। ਅਜਿਹੀ ਮਾਣਮੱਤੀ ਰਿਟਾਇਰਮੈਂਟ ਖੇਡ ਜਗਤ ਵਿੱਚ ਵਿਰਲੇ ਖਿਡਾਰੀਆਂ ਦੇ ਹੀ ਹਿੱਸੇ ਆਉਂਦੀ ਹੈ।
ਖੇਡ ਤੋਂ ਸੰਨਿਆਸ ਲੈਣ ਤੋਂ ਬਾਅਦ ਅਖ਼ਤਰ ਨੇ ਕੋਚਿੰਗ ਵੀ ਦਿੱਤੀ ਅਤੇ ਫੇਰ ਬਤੌਰ ਪ੍ਰਸ਼ਾਸਕ ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਮੁਖੀ ਵੀ ਰਹੇ। ਉਸ ਵੇਲੇ ਪਾਕਿਸਤਾਨ ਹਾਕੀ ਫੈਡਰੇਸ਼ਨ ਦੀਵਾਲੀਆ ਹੋਈ ਸੀ ਅਤੇ ਵਿਵਾਦਾਂ ਵਿੱਚ ਚੱਲਦੀ ਫੈਡਰੇਸ਼ਨ ਨੂੰ ਸੰਕਟ ਵਿੱਚੋਂ ਕੱਢਣ ਦਾ ਕੰਮ ਵੀ ਅਖ਼ਤਰ ਨੇ ਕੀਤਾ। ਅਖ਼ਤਰ ਨੇ ਪਾਕਿਸਤਾਨ ਦੀ ਹਾਕੀ ਟੀਮ ਦੀ ਚੋਣ ਕਮੇਟੀ ਦੇ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾਈਆਂ। ਇਸ ਦੇ ਨਾਲ ਹੀ ਉਹ ਲਹਿੰਦੇ ਪੰਜਾਬ ਸੂਬੇ ਵਿੱਚ ਪੰਜਾਬ ਸਪੋਰਟਸ ਬੋਰਡ, ਪੰਜਾਬ ਹਾਕੀ ਐਸੋਸੀਏਸ਼ਨ ਅਤੇ ਪੰਜਾਬ ਅਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ। ਪਾਕਿਸਤਾਨ ਸਰਕਾਰ ਨੇ 1983 ਵਿੱਚ ਅਖ਼ਤਰ ਰਸੂਲ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ‘ਪ੍ਰਾਈਡ ਆਫ਼ ਪ੍ਰਫਾਰਮੈਂਸ’ ਨਾਲ ਸਨਮਾਨਤ ਕੀਤਾ। ਇਸ ਤਰ੍ਹਾਂ ਪਰਿਵਾਰ ਵਿੱਚ ਪਿਓ-ਪੁੱਤਰ, ਦੋਵਾਂ ਦੀ ਜੋੜੀ ਨੂੰ ਇਹ ਸਨਮਾਨ ਮਿਲਿਆ। ਅਖ਼ਤਰ ਰਸੂਲ ਨੇ 1985 ਵਿੱਚ ਸਿਆਸਤ ਵਿੱਚ ਪੈਰ ਪਾਇਆ, ਜਿੱਥੇ ਉਸ ਨੂੰ ਹਾਕੀ ਵਾਂਗ ਹੀ ਸਫਲਤਾ ਮਿਲੀ ਅਤੇ ਤਿੰਨ ਵਾਰ ਲਹਿੰਦੇ ਪੰਜਾਬ ਦੀ ਅਸੈਂਬਲੀ ਦੇ ਮੈਂਬਰ ਤੇ ਇੱਕ ਵਾਰ ਐਮ.ਪੀ. ਬਣੇ। 1986 ਵਿੱਚ ਉਹ ਲਹਿੰਦੇ ਪੰਜਾਬ ਦੇ ਆਬਕਾਰੀ ਤੇ ਕਰ ਮੰਤਰੀ ਅਤੇ 1988 ਵਿੱਚ ਖੇਡ ਮੰਤਰੀ ਵੀ ਬਣੇ।