ਸ਼ਿਕਾਗੋ: ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਮਿਡਵੈਸਟ ਦੇ ਗੁਰੂ ਘਰਾਂ ਵਿੱਚ ਨਾ ਜਾਣ ਨੂੰ ਲੈ ਕੇ ਪਿਛਲੇ ਦਿਨਾਂ ਦੌਰਾਨ ਚਰਚਾ ਛਿੜੀ ਰਹੀ ਹੈ। ਜ਼ਿਕਰਯੋਗ ਹੈ ਕਿ ਜਥੇਦਾਰ ਸਾਹਿਬ ਕਰੀਬ ਤੇਰਾਂ ਦਿਨਾਂ ਲਈ ਅਮਰੀਕਾ ਦੌਰੇ ‘ਤੇ ਸਨ। ਇਸ ਦੌਰਾਨ ਉਨ੍ਹਾਂ ਵੱਖ ਵੱਖ ਸ਼ਰਧਾਲੂਆਂ ਦੇ ਸੱਦੇ ਉਤੇ ਉਨ੍ਹਾਂ ਦੇ ਗ੍ਰਹਿ ਵਿਖੇ ਨਿੱਜੀ ਤੌਰ ‘ਤੇ ਇਕੱਤਰਤਾਵਾਂ ਅਤੇ ਵਿਚਾਰਾਂ ਕੀਤੀਆਂ।
ਜਥੇਦਾਰ ਦੀ ਨਿੱਜੀ ਫੇਰੀ ਸਬੰਧੀ ਸੋਸ਼ਲ ਮੀਡੀਆ ਉਤੇ ਵਾਇਰਲ ਹੋਈਆਂ ਤਸਵੀਰਾਂ ਨੂੰ ਲੈ ਕੇ ਲੰਘੇ ਐਤਵਾਰ ਗੁਰਦੁਆਰਾ ਪੈਲਾਟਾਈਨ ਵਿਖੇ ਚਰਚਾ ਹੁੰਦੀ ਰਹੀ। ਇਸ ਸਬੰਧੀ ਕੁਝ ਲੋਕਾਂ ਦੇ ਸਵਾਲ ਸਨ- ਕੀ ਜਥੇਦਾਰ ਸਾਹਿਬ ਗੁਰਦੁਆਰਾ ਪੈਲਾਟਾਈਨ ਵਿਖੇ ਵੀ ਆ ਰਹੇ ਹਨ? ਕੀ ਜਥੇਦਾਰ ਨਿੱਜੀ ਫੇਰੀ ‘ਤੇ ਹੀ ਅਮਰੀਕਾ ਆਏ ਸਨ? ਕੀ ਜਥੇਦਾਰ ਵੱਲੋਂ ਆਪਣੀ ਫੇਰੀ ਦੌਰਾਨ ਗੁਰਦੁਆਰਾ ਪੈਲਾਟਾਈਨ ਤੋਂ ਦੂਰੀ ਬਣਾਈ ਰੱਖਣ ਦਾ ਕਾਰਨ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਰਮਿਆਨ ਸਿਆਸੀ ਮਤਭੇਦ ਤਾਂ ਨਹੀਂ? ਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਆਸੀ ਮਤਭੇਦ ਇੱਕ ਪਾਸੇ ਰੱਖ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਗੁਰਦੁਆਰਾ ਆਉਣ ਅਤੇ ਸੰਗਤ ਦੇ ਨਾਂ ਸੰਦੇਸ਼ ਦੇਣ ਦਾ ਸੱਦਾ ਨਹੀਂ ਸੀ ਦੇਣਾ ਚਾਹੀਦਾ? ਅਜਿਹੇ ਹੀ ਮਿਲਦੇ-ਜੁਲਦੇ ਹੋਰ ਕੁਝ ਸਵਾਲ ਉਠ ਰਹੇ ਸਨ ਅਤੇ ਜਥੇਦਾਰ ਦੀ ਸ਼ਿਕਾਗੋ ਫੇਰੀ ਦੇ ਅਰਥ ਕੁਝ ਹੋਰ ਕੱਢੇ ਜਾ ਰਹੇ ਸਨ।
ਜ਼ਿਕਰਯੋਗ ਹੈ ਕਿ ਜਥੇਦਾਰ ਰਘਬੀਰ ਸਿੰਘ ਇੱਕ ਹੋਰ ਸ਼ਰਧਾਲੂ ਦੇ ਘਰ ਨਿੱਜੀ ਇਕੱਠ ਨੂੰ ਵੀ ਮਿਲੇ ਅਤੇ ਗੱਲਬਾਤ ਕੀਤੀ। ਇਸ ਮੌਕੇ ਸ਼ਿਕਾਗੋ ਵਿੱਚ ਸਥਿਤ ਭਾਰਤੀ ਕੌਂਸਲ ਜਨਰਲ ਸੋਮ ਨਾਥ ਘੋਸ਼ ਅਤੇ ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਥੀ ਤੋਂ ਇਲਾਵਾ ਹੋਰਨਾਂ ਜਥੇਬੰਦੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ। ਇਹ ਗੱਲ ਵੀ ਚੱਲੀ ਕਿ ਸਿੱਖ ਭਾਈਚਾਰੇ ਦੇ ਕੇਂਦਰੀ ਅਸਥਾਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਦੇ ਨਾਤੇ ਗਿਆਨੀ ਰਘਬੀਰ ਸਿੰਘ ਦਾ ਰੁਤਬਾ ਉਚ ਹੈ ਅਤੇ ਉਨ੍ਹਾਂ ਦਾ ਕਿਸੇ ਵੀ ਧਰਮ ਜਾਂ ਧਿਰ ਦੇ ਲੋਕਾਂ ਨਾਲ ਮੁਲਾਕਾਤ ਕਰਨਾ ਗਲਤ ਨਹੀਂ ਹੈ; ਕਿਉਂਕਿ ਸਿੱਖ ਧਰਮ ਸਾਂਝੀਵਾਲਤਾ ਦਾ ਮੁਦੱਈ ਹੈ।
ਗੁਰਦੁਆਰਾ ਪੈਲਾਟਾਈਨ `ਚ ਸੰਗਤ ਦੇ ਕੁਝ ਗਿਣੇ-ਚੁਣੇ ਮੈਂਬਰਾਂ ਦਾ ਇਹ ਵਿਚਾਰ ਸੀ ਕਿ ਜੇ ਅਕਾਲ ਤਖਤ ਦੇ ਜਥੇਦਾਰ ਸ਼ਿਕਾਗੋ ਆਏ ਹੀ ਸਨ ਤਾਂ ਉਨ੍ਹਾਂ ਨੂੰ ਗੁਰੂਘਰ ਜ਼ਰੂਰ ਆਉਣਾ ਚਾਹੀਦਾ ਸੀ ਅਤੇ ਕੌਮ ਦੇ ਨਾਂ ਸੰਦੇਸ਼ ਦੇਣ ਤੇ ਪੰਥਕ ਮਸਲਿਆਂ ਉਤੇ ਗੱਲਬਾਤ ਕਰਨੀ ਚਾਹੀਦੀ ਸੀ। ਬੇਸ਼ੱਕ ਪ੍ਰਬੰਧਕੀ ਧਿਰਾਂ ਕਿਸੇ ਵੀ ਸਿਆਸੀ ਪਾਰਟੀ ਨਾਲ ਜੁੜੀਆਂ ਹੋ ਸਕਦੀਆਂ ਹਨ, ਪਰ ਗੁਰੂ ਘਰਾਂ ਦੀ ਬਹੁ-ਗਿਣਤੀ ਸੰਗਤ ਅਕਾਲ ਤਖਤ ਨੂੰ ਸਮਰਪਿਤ ਹੈ।
ਇਹ ਵੀ ਚਰਚਾ ਸੀ ਕਿ ਗੁਰਦੁਆਰਾ ਪੈਲਾਟਾਈਨ ਦੇ ਪ੍ਰਬੰਧ ਨਾਲ ਜੁੜੇ ਧੜੇ ਵਿੱਚ ਗਰਮਖਿਆਲੀਆਂ ਦਾ ਕਥਿਤ ਤੌਰ ‘ਤੇ ਦਬਦਬਾ ਹੋਣ ਕਾਰਨ ਗੁਰਦੁਆਰਾ ਪੈਲਾਟਾਈਨ ਵਿਖੇ ਜਥੇਦਾਰ ਦੇ ਆਉਣ ਦੇ ਸਬੱਬ ਨੂੰ ਬੂਰ ਨਾ ਪਿਆ। ਜਾਣਕਾਰੀ ਅਨੁਸਾਰ ਜਥੇਦਾਰ ਦੀ ਸ਼ਿਕਾਗੋ ਫੇਰੀ ਦੇ ਪ੍ਰਬੰਧਨ ਵਿੱਚ ਸ਼ਾਮਲ ਕੁਝ ਸ਼ਖਸੀਅਤਾਂ ਨੇ ‘ਖਾਲਿਸਤਾਨ ਪੱਖੀ’ ਸ਼ਖਸੀਅਤਾਂ ਵੱਲੋਂ ਕਿਸੇ ਤਰ੍ਹਾਂ ਦੇ ਸਵਾਲ-ਜਵਾਬ ਜਾਂ ਸੰਭਾਵੀ ਵਿਰੋਧ ਦੇ ਮੱਦੇਨਜ਼ਰ ਗੁਰੂਘਰ ਦੀ ਫੇਰੀ ਲਈ ਬਹੁਤਾ ਤਰੱਦਦ ਨਾ ਕੀਤਾ। ਇਸ ਗੱਲ ਨੂੰ ਲੈ ਕੇ ਦਲੀਲ ਪੇਸ਼ ਸੀ ਕਿ ਜੋ ਵੀ ਹੋਵੇ, ਪਰ ਗਿਆਨੀ ਰਘਬੀਰ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਤਾਂ ਹਨ ਹੀ!
ਕਾਰਨ ਕੁਝ ਵੀ ਹੋਣ- ਨਿਜੀ ਜਾਂ ਸਿਆਸੀ, ਪਰ ਜਥੇਦਾਰ ਦੀ ਫੇਰੀ ਚਰਚਾ ਦਾ ਵਿਸ਼ਾ ਬਣੀ ਰਹੀ। ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਆਉਂਦੇ ਰਹੇ ਅਕਾਲ ਤਖਤ ਦੇ ਜਥੇਦਾਰ ਸਾਹਿਬਾਨ ਅਤੇ ਹੋਰ ਪੰਥਕ ਜਥੇਬੰਦੀਆਂ ਦੇ ਬਹੁਤੇ ਨੁਮਾਇੰਦੇ ਵੀ ਨਿੱਜੀ ਇਕੱਤਰਤਾਵਾਂ ਤੱਕ ਹੀ ਸੀਮਤ ਰਹੇ ਹਨ, ਕੁਝ ਇੱਕ ਨੂੰ ਛੱਡ ਕੇ।