ਬਾਬੇ ਨਾਨਕ ਦੇ ਚਰਨਾਂ ਦੀ ਛੋਹ ਨਾਲ ਚੀਨ ਦੀ ਧਰਤੀ ਨੂੰ ਵੀ ਭਾਗ ਲੱਗੇ ਹਨ। ਤੀਜੀ ਉਦਾਸੀ ਦੌਰਾਨ ਗੁਰੂ ਨਾਨਕ ਸਾਹਿਬ ਚੀਨ ਦੇ ਦੱਖਣ-ਪੱਛਮੀ ਇਲਾਕੇ ਵਿੱਚ ਵੀ ਪੁੱਜੇ ਸਨ। ਉਥੋਂ ਦੇ ਲੋਕਾਂ ਨੂੰ ‘ਮਨੁੱਖਤਾ ਨੂੰ ਇੱਕ ਮਾਲਾ ’ਚ ਪਰੋ ਕੇ ਰੱਖਣ ਵਾਲੀ’ ਗੁਰੂ ਨਾਨਕ ਦੀ ਸੱਚੀ-ਸੁੱਚੀ ਵਿਚਾਰਧਾਰਾ ਬੇਹੱਦ ਪਸੰਦ ਆਈ ਸੀ। ਲੋਕਾਂ ਨੇ ਉਨ੍ਹਾਂ ਨੂੰ ‘ਬਾਬਾ ਫ਼ੂਸਾ’ ਆਖ਼ ਕੇ ਸੰਬੋਧਿਤ ਕੀਤਾ ਸੀ।
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: +91-9781646008
ਸਿੱਖ ਧਰਮ ਦੇ ਵੇਦ ਵਿਆਸ ਆਖੇ ਜਾਂਦੇ ਭਾਈ ਗੁਰਦਾਸ ਜੀ ਦੇ ਬਚਨ ਹਨ, “ਜਿਥੇ ਬਾਬਾ ਪੈਰੁ ਧਰਿ, ਪੂਜਾ ਆਸਣੁ ਥਾਪਣਿ ਸੋਆ॥” ਭਾਈ ਸਾਹਿਬ ਵੱਲੋਂ ਉਚਾਰੇ ਗਏ ਇਨ੍ਹਾਂ ਪਾਵਨ ਬਚਨਾਂ ਅਨੁਸਾਰ ਸੰਸਾਰ ਦੀ ਉਹ ਹਰੇਕ ਥਾਂ ਪਾਵਨ ਅਤੇ ਪੂਜਣਯੋਗ ਹੈ, ਜਿੱਥੇ ਲੋਕਾਈ ਦੇ ਰਹਿਬਰ ਤੇ ਸੱਚ-ਧਰਮ ਦੇ ਪ੍ਰਚਾਰਕ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਚਰਨ ਪਾਏ ਸਨ। ਇਸੇ ਤਰ੍ਹਾਂ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਨੇ ਵੀ ਗੁਰਬਾਣੀ ਵਿੱਚ ਫ਼ੁਰਮਾਇਆ ਹੈ, “ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ॥” ਭਾਵ ਜਿੱਥੇ ਵੀ ਸਤਿਗੁਰਾਂ ਨੇ ਆਪਣੇ ਮੁਬਾਰਕ ਕਦਮ ਰੱਖੇ, ਉਸ ਧਰਤੀ ਦਾ ਕਣ-ਕਣ ਸੁਹਾਵਣਾ ਹੋ ਗਿਆ। ਗੁਰੂ ਨਾਨਕ ਪਾਤਸ਼ਾਹ ਜਗਤ ਦੇ ਕਲਿਆਣ ਹਿਤ ਜਦੋਂ ਸੰਨ 1514 ਤੋਂ 1518 ਦੌਰਾਨ ਆਪਣੀ ਤੀਜੀ ਉਦਾਸੀ ’ਤੇ ਨਿਕਲੇ ਸਨ ਤਾਂ ਚੱਲਦਿਆਂ-ਚੱਲਦਿਆਂ ਉਹ ਚੀਨ ਦੇ ਦੱਖਣ-ਪਛਮੀ ਇਲਾਕੇ ਵਿੱਚ ਵੀ ਪੁੱਜੇ ਸਨ। ਚੀਨ ਦੇ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਦੀ ਸੱਚੀ-ਸੁੱਚੀ ਅਤੇ ਸਮੁੱਚੀ ਮਨੁੱਖਤਾ ਨੂੰ ਇੱਕ ਮਾਲਾ ’ਚ ਪਰੋ ਕੇ ਰੱਖਣ ਵਾਲੀ ਵਿਚਾਰਧਾਰਾ ਬੇਹੱਦ ਪਸੰਦ ਆਈ ਸੀ ਤੇ ਉਨ੍ਹਾਂ ਨੇ ਸਤਿਗੁਰੂ ਜੀ ਨੂੰ ਨਮਸਕਾਰ ਕਰਦਿਆਂ ਕਈ ਲਕਬ ਪ੍ਰਦਾਨ ਕੀਤੇ ਸਨ, ਜਿਵੇਂ ਕਿ ਤਿੱਬਤ ਦੇ ਵਾਸੀਆਂ ਨੇ ਉਨ੍ਹਾਂ ਨੂੰ ‘ਨਾਨਕ ਲਾਮਾ’ ਤੱਕ ਆਖ਼ ਕੇ ਸਤਿਕਾਰ ਦਿੱਤਾ ਸੀ। ਚੇਤੇ ਰਹੇ, ਤਿੱਬਤ ਵਿੱਚ ‘ਲਾਮਾ’ ਦਾ ਅਰਥ ਹੁੰਦਾ ਹੈ, ‘ਗੁਰੂ’ ਜਾਂ ‘ਰਹਿਬਰ।’ ਇਸੇ ਪ੍ਰਕਾਰ ਜਦੋਂ ਸੱਚੇ ਪਾਤਸ਼ਾਹ ਜੀ ਚੀਨ ਦੇ ਕੁਝ ਹੋਰ ਭਾਗਾਂ ਵਿੱਚ ਵਿਚਰੇ ਸਨ ਤਾਂ ਉਨ੍ਹਾਂ ਨੂੰ ‘ਬਾਬਾ ਫ਼ੂਸਾ’ ਆਖ਼ ਕੇ ਸੰਬੋਧਿਤ ਕੀਤਾ ਗਿਆ ਸੀ।
ਸਿੱਖਾਂ ਨਾਲ ਚੀਨ ਦੇ ਸਬੰਧ ਬਾਬਾ ਨਾਨਕ ਤੋਂ ਬਾਅਦ ਵੀ ਬਣੇ ਰਹੇ ਸਨ। ਸੰਨ 1947 ਵਿੱਚ ਭਾਰਤ ਨੂੰ ਮਿਲੀ ਆਜ਼ਾਦੀ ਤੋਂ ਲਗਪਗ ਸਵਾ ਕੁ ਸੌ ਸਾਲ ਪਹਿਲਾਂ ਦੇ ਅਰਸੇ ਦੌਰਾਨ ਚੀਨ ਦੀ ‘ਸ਼ੰਘਾਈ ਮਿਊਂਸੀਪਲ ਪੁਲਿਸ’ ਅਤੇ ‘ਹਾਂਗਕਾਂਗ ਪੁਲਿਸ’ ਵਿੱਚ ਕਈ ਸਿੱਖ ਨੌਜਵਾਨਾਂ ਨੂੰ ਭਰਤੀ ਕੀਤਾ ਗਿਆ ਸੀ। ‘ਸ਼ੰਘਾਈ ਮਿਊਂਸੀਪਲ ਪੁਲਿਸ’ ਵਿੱਚ ਭਰਤੀ ਲਈ ਪੰਜਾਬ ਤੋਂ ਸਿੱਖ ਨੌਜਵਾਨਾਂ ਦੀ ਭਰਤੀ ਸੰਨ 1880 ਦੇ ਆਸ-ਪਾਸ ਸ਼ੁਰੂ ਹੋ ਗਈ ਸੀ। ਸੰਨ 1920 ਦੌਰਾਨ ਇਸ ਪੁਲਿਸ ਦੀ ‘ਸਿੱਖ ਬ੍ਰਾਂਚ’ ਵਿੱਚ 573 ਸਿੱਖ ਨੌਜਵਾਨ ਸ਼ਾਮਿਲ ਹੋ ਚੁੱਕੇ ਸਨ ਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਤਾਂ ਬਤੌਰ ਅਫ਼ਸਰ ਆਪਣੀ ਡਿਊਟੀ ਕਰ ਰਹੇ ਸਨ। ਗੁਰੂ ਕਿਆਂ ਸਿੱਖਾਂ ਵੱਲੋਂ ਸੰਨ 1908 ਵਿੱਚ ਸ਼ੰਘਾਈ ਵਿਖੇ ਇੱਕ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ ਸੀ, ਜੋ ਡੌਂਗ ਬੌਕਸਿੰਗ ਰੋਡ ’ਤੇ ਸਥਿਤ ਸੀ। ਨੋਬਲ ਪੁਰਸਕਾਰ ਵਿਜੇਤਾ ਗੁਰੂਦੇਵ ਰਵਿੰਦਰਨਾਥ ਟੈਗੋਰ ਨੇ ਸੰਨ 1924 ਵਿੱਚ ਸ਼ੰਘਾਈ ਦੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਸਨ ਤੇ ਇੱਥੇ ਮੌਜੂਦ ਸਿੱਖਾਂ ਨਾਲ ਯਾਦਗਾਰੀ ਤਸਵੀਰ ਵੀ ਖਿਚਵਾਈ ਸੀ। ਜ਼ਿਕਰਯੋਗ ਹੈ ਕਿ ਸ਼ੰਘਾਈ ਵਿਖੇ ਵੱਸਦੇ ਸਿੱਖ ‘ਗ਼ਦਰ ਪਾਰਟੀ’ ਵੱਲੋਂ ਭਾਰਤ ਦੀ ਸੁਤੰਤਰਤਾ ਲਈ ਛੇੜੀ ਗਈ ਗ਼ਦਰ ਲਹਿਰ ਦੇ ਅਤੇ ਸੁਭਾਸ਼ ਚੰਦਰ ਬੋਸ ਵੱਲੋਂ ਬਣਾਈ ਗਈ ‘ਆਜ਼ਾਦ ਹਿੰਦ ਫ਼ੌਜ’ ਦੇ ਖੁੱਲ੍ਹੇ ਸਮਰਥਕ ਸਨ।
ਸ਼ੰਘਾਈ ਵਿਖੇ ਹੀ ਆਤਮਾ ਸਿੰਘ ਨਾਮਕ ਇੱਕ ਪੁਲਿਸ ਕਰਮਚਾਰੀ ਦੇ ਮਾੜੇ ਕਾਰੇ ਕਰਕੇ ਸਿੱਖਾਂ ਦੀ ਥੋੜ੍ਹੀ ਬਦਨਾਮੀ ਹੋਈ ਸੀ। ਦਰਅਸਲ ਸੰਨ 1936 ਵਿੱਚ ਆਤਮਾ ਸਿੰਘ ਨੇ ਆਪਣੇ ਹੀ ਇੱਕ ਸਹਿਕਰਮੀ ਤੇ ਸਿੱਖ ਨੌਜਵਾਨ ਨੂੰ ਬੜੀ ਬੇਦਰਦੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜਾਂਚ ਉਪਰੰਤ ਪਤਾ ਲੱਗਾ ਸੀ ਕਿ ਇਹ ‘ਅਣਖ ਖ਼ਾਤਿਰ ਕੀਤਾ ਗਿਆ ਕਤਲ’ ਸੀ, ਕਿਉਂਕਿ ਮਾਰੇ ਗਏ ਸਿੱਖ ਨੌਜਵਾਨ ਨੇ ਆਤਮਾ ਸਿੰਘ ਦੀ ਪਤਨੀ ਨਾਲ ਬਦਸਲੂਕੀ ਕੀਤੀ ਸੀ। ਕਤਲ ਦੇ ਦੋਸ਼ ਵਿੱਚ ਆਤਮਾ ਸਿੰਘ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਗਈ ਸੀ, ਪਰ ਫ਼ਾਂਸੀ ਵੇਲੇ ਵਰਤੀ ਜਾ ਰਹੀ ਰੱਸੀ ਅਚਾਨਕ ਟੁੱਟ ਗਈ ਤੇ ਉਹ ਫ਼ਾਂਸੀ ਚੜ੍ਹਨ ਤੋਂ ਬਚ ਗਿਆ। ਉਸਦੇ ਸਾਥੀਆਂ ਨੇ ਇਸ ਘਟਨਾ ਨੂੰ ‘ਰੱਬੀ ਚਮਤਕਾਰ’ ਦੇ ਨਾਂ ਨਾਲ ਧੁਮਾ ਦਿੱਤਾ ਤੇ ਅਗਲੇ ਦਿਨ ਇਹ ਸਾਰੀ ਘਟਨਾ ਚੀਨ ਦੀਆਂ ਅਖ਼ਬਾਰਾਂ ਦੀ ਸੁਰਖ਼ੀ ਬਣ ਗਈ ਸੀ। ਅਦਾਲਤ ਨੇ ਬਾਅਦ ਵਿੱਚ ਉਸਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਸੀ।
ਸੰਨ 1940 ਦੇ ਆਸ-ਪਾਸ ਹੀ ਪਟਿਆਲਾ ਰਿਆਸਤ ਦੀ ਰਾਜਕੁਮਾਰੀ ਸੁਮਾਇਰਾ, ਜੋ ਕਿ ਵਿਸ਼ਵ ਪ੍ਰਸਿੱਧ ਪੰਜਾਬੀ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ ਦੀ ਚਚੇਰੀ ਭੈਣ ਸੀ, ਸ਼ੰਘਾਈ ਵਿਖੇ ਪਧਾਰੀ ਸੀ। ਉਹ ਸਿਰੇ ਦੀ ਫ਼ੈਸ਼ਨਬਾਜ਼ ਮੁਟਿਆਰ ਸੀ ਤੇ ਉਸਨੇ ਇੱਥੇ ਆ ਕੇ ਆਪਣੀ ਐਸ਼ੋ-ਇਸ਼ਰਤ ਵਾਸਤੇ ਪੈਸਾ ਪਾਣੀ ਵਾਂਗ ਖ਼ਰਚ ਕੀਤਾ ਸੀ। ਉਸਨੇ ਭਾਰਤ ਵਿੱਚ ਆਪਣਾ ਪਤੀ ਮੌਜੂਦ ਹੋਣ ਦੇ ਬਾਵਜੂਦ ਇੱਕ ਅਮਰੀਕੀ ਸ਼ਖ਼ਸ ਨਾਲ ਵਿਆਹ ਕਰ ਲਿਆ ਸੀ।
ਦੁਨੀਆਂ ਵਿੱਚ ਪਹਿਲਾ ਵਿਸ਼ਵ ਯੁੱਧ ਸੰਨ 1914 ਤੋਂ 1918 ਤੱਕ ਚੱਲਿਆ ਸੀ ਤੇ ਇਸ ਯੁੱਧ ਦੀ ਸਮਾਪਤੀ ਉਪਰੰਤ ਜ਼ਿਆਦਾਤਰ ਸਿੱਖਾਂ ਨੇ ਚੀਨ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਸੀ। ਵੀਹਵੀਂ ਸਦੀ ਦੇ ਤੀਜੇ ਅਤੇ ਚੌਥੇ ਦਹਾਕਿਆਂ ਵਿੱਚ ਕਾਫੀ ਸਾਰੇ ਸਿੱਖ ਇੱਥੋਂ ਚਲੇ ਗਏ, ਕਿਉਂਕਿ ਉਨ੍ਹਾਂ ਨੇ ਜਾਪਾਨੀ ਫ਼ੌਜਾਂ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਜਾਪਾਨੀ ਫ਼ੌਜ ਦੀ ਮਦਦ ਨਾਲ ਨੇਤਾ ਜੀ ਸੁਭਾਸ਼ ਚੰਦਰ ਬੋਸ ਵੱਲੋਂ ਖੜ੍ਹੀ ਕੀਤੀ ਗਈ ‘ਆਜ਼ਾਦ ਹਿੰਦ ਫ਼ੌਜ’ ਵਿੱਚ ਸ਼ਮੂਲੀਅਤ ਸ਼ੁਰੂ ਕਰ ਦਿੱਤੀ ਸੀ। ਅਖ਼ੀਰ ਸੰਨ 1945 ਵਿੱਚ ਚੀਨ ਦੀ ਸਰਕਾਰ ਨੇ ‘ਸ਼ੰਘਾਈ ਮਿਊਂਸੀਪਲ ਪੁਲਿਸ’ ਹੀ ਭੰਗ ਕਰ ਦਿੱਤੀ ਸੀ। ਇੱਥੇ ਪਿੱਛੇ ਰਹਿ ਗਏ ਸਿੱਖਾਂ ਦੀ ਸੰਖਿਆ ਕਾਫੀ ਘਟ ਗਈ ਸੀ, ਪਰ ਇਨ੍ਹਾਂ ਪਿੱਛੇ ਰਹਿ ਗਏ ਸਿੱਖਾਂ ਨੇ ਇੱਥੇ ਹੀ ਵਿਆਹ ਕਰਵਾ ਲਏ ਸਨ ਅਤੇ ਪੱਕੇ ਤੌਰ ’ਤੇ ਇੱਥੇ ਹੀ ਵੱਸ ਗਏ ਸਨ। ਸੰਨ 1962 ਵਿੱਚ ਜਦੋਂ ਭਾਰਤ-ਚੀਨ ਜੰਗ ਹੋਈ ਸੀ ਤਾਂ ਇਥੇ ਵੱਸਦੇ ਸਿੱਖਾਂ ਵਿੱਚੋਂ ਕਾਫੀ ਸਾਰੇ ਸਿੱਖ ਚੀਨ ਛੱਡ ਆਏ ਸਨ ਤੇ ਭਾਰਤ ਜਾਂ ਹੋਰ ਮੁਲਕਾਂ ਵਿੱਚ ਚਲੇ ਗਏ ਸਨ।
ਹੁਣ ਜੇਕਰ ਜੁਲਾਈ 2016 ਦੇ ਜਨ ਸੰਖਿਆ ਅੰਕੜਿਆਂ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਚੀਨ ਵਿੱਚ ਉਸ ਵੇਲੇ ਲਗਪਗ ਵੀਹ ਲੱਖ ਬੋਧੀ, ਪੌਣੇ ਪੰਜ ਲੱਖ ਪ੍ਰੋਟੈਸਟੈਂਟ, ਚਾਰ ਲੱਖ ਦੇ ਕਰੀਬ ਰੋਮਨ ਕੈਥੋਲਿਕ, ਇੱਕ ਲੱਖ ਹਿੰਦੂ, ਛੇ ਹਜ਼ਾਰ ਯਹੂਦੀ ਅਤੇ ਬਾਰ੍ਹਾਂ ਹਜ਼ਾਰ ਦੇ ਕਰੀਬ ਸਿੱਖ ਵੱਸਦੇ ਸਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਸਿੱਖ ਬਤੌਰ ਵਪਾਰੀ ਹਾਂਗਕਾਂਗ ਵਿੱਚ ਵਪਾਰ ਕਰਦੇ ਸਨ ਤੇ ਸ਼ੰਘਾਈ ਵਿਖੇ ਸਥਿਤ ਉਕਤ ਗੁਰਦੁਆਰਾ ਸਾਹਿਬ ਤੋਂ ਇਲਾਵਾ ਹਾਂਗਕਾਂਗ ਵਿਖੇ ਵੀ ‘ਖ਼ਾਲਸਾ ਦੀਵਾਨ’ ਚਲਾਉਂਦੇ ਸਨ ਤੇ ਕੁਝ ਕੁ ਸਿੱਖ ਪਰਿਵਾਰਾਂ ਨੇ ਆਪਣੇ ਘਰਾਂ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਸੀ। ਸਾਲ 2024 ਵਿੱਚ ਪ੍ਰਾਪਤ ਜਨਸੰਖਿਆ ਬਾਰੇ ਅੰਕੜੇ ਦੱਸਦੇ ਹਨ ਕਿ ਚੀਨ ਵਿੱਚ ਵੱਸਦੇ ਸਿੱਖਾਂ ਦੀ ਕੁੱਲ ਸੰਖਿਆ 7500 ਦੇ ਕਰੀਬ ਹੈ।
___________________________
ਹਾਂਗਕਾਂਗ ਵਿੱਚ ਪਹਿਲਾ ਗੁਰਦੁਆਰਾ, ਜਿਸ ਨੂੰ ਸ੍ਰੀ ਗੁਰੂ ਸਿੰਘ ਸਭਾ ਕਿਹਾ ਜਾਂਦਾ ਹੈ, 1901 ਵਿੱਚ ਹਾਂਗਕਾਂਗ ਵਿੱਚ ਤਾਇਨਾਤ ਬ੍ਰਿਟਿਸ਼ ਆਰਮੀ ਰੈਜੀਮੈਂਟ ਦੇ ਸਿੱਖ ਮੈਂਬਰਾਂ ਦੁਆਰਾ ਬਣਾਇਆ ਗਿਆ ਸੀ, 1930 ਦੇ ਦਹਾਕੇ ਵਿੱਚ ਸਿੱਖਾਂ ਦੀ ਗਿਣਤੀ ਲਗਾਤਾਰ ਵਧਦੀ ਗਈ ਅਤੇ ਗੁਰਦੁਆਰਾ ਸਾਹਿਬ ਨੂੰ ਦੁਬਾਰਾ ਬਣਾਉਣ ਦੀ ਜ਼ਰੂਰਤ ਸੀ।
1940 ਦੇ ਦਹਾਕੇ ਦੇ ਸ਼ੁਰੂ ਵਿੱਚ ਪ੍ਰਸ਼ਾਂਤ ਯੁੱਧ ਦੌਰਾਨ ਗੁਰਦੁਆਰੇ ਨੂੰ ਦੋ ਵਾਰ ਬੰਬ ਨਾਲ ਉਡਾਇਆ ਗਿਆ ਸੀ, ਜਿਸ ਨਾਲ ਭਾਰੀ ਨੁਕਸਾਨ ਹੋਇਆ ਸੀ। ਇੱਕ ਹਮਲੇ ਵਿੱਚ ਉਸ ਸਮੇਂ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਨੰਦ ਸਿੰਘ ਮੁੱਖ ਹਾਲ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਪਾਠ ਕਰਦੇ ਸਮੇਂ ਘਾਤਕ ਜ਼ਖ਼ਮੀ ਹੋ ਗਏ ਸਨ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ। ਬਹੁਤ ਸਾਰੇ ਸਿੱਖਾਂ ਅਤੇ ਗੈਰ-ਸਿੱਖਾਂ ਨੇ ਗੁਰਦੁਆਰੇ ਵਿੱਚ ਸ਼ਰਨ ਲਈ ਸੀ ਅਤੇ ਉਨ੍ਹਾਂ ਵਿੱਚੋਂ ਕੁਝ ਨੂੰ ਸੱਟਾਂ ਲੱਗੀਆਂ ਸਨ। ਯੁੱਧ ਤੋਂ ਬਾਅਦ ਗੁਰਦੁਆਰੇ ਦੇ ਨੁਕਸਾਨੇ ਗਏ ਖੇਤਰਾਂ ਨੂੰ ਸਿੱਖਾਂ ਅਤੇ ਗੈਰ-ਸਿੱਖਾਂ ਦੁਆਰਾ ਮੁੜ ਬਣਾਇਆ ਗਿਆ ਸੀ।
1980 ਦੇ ਦਹਾਕੇ ਵਿੱਚ ਗੁਰਦੁਆਰੇ ਦੇ ਮੁੱਖ ਹਾਲ ਦਾ ਵਿਸਤਾਰ ਕੀਤਾ ਗਿਆ ਸੀ ਅਤੇ ਇੱਕ ਢਕੇ ਹੋਏ ਪੁਲ ਰਾਹੀਂ ਕਵੀਂਸ ਰੋਡ ਈਸਟ ਨਾਲ ਜੋੜਿਆ ਗਿਆ ਸੀ, ਜੋ ਸ਼ਰਧਾਲੂਆਂ ਲਈ ਆਸਾਨ ਪਹੁੰਚ ਪ੍ਰਦਾਨ ਕਰਦਾ ਹੈ। ਇਹ ਪ੍ਰੋਜੈਕਟ ਵੀ ਸਿੱਖਾਂ ਅਤੇ ਗੈਰ-ਸਿੱਖਾਂ ਦੁਆਰਾ ਫੰਡ ਕੀਤਾ ਗਿਆ ਸੀ।
2008 ਵਿੱਚ ਇੱਕ 4 ਮੰਜ਼ਿਲਾ ਐਕਸਟੈਂਸ਼ਨ ਬਲਾਕ ਬਣਾਇਆ ਗਿਆ ਸੀ। ਇਸ ਵਿੱਚ ਇੱਕ ਛੋਟਾ ਪ੍ਰਾਰਥਨਾ ਹਾਲ, ਸੋਸ਼ਲ ਹਾਲ, ਲੰਗਰ ਹਾਲ ਅਤੇ ਸਟਾਫ਼ ਕੁਆਰਟਰ ਹਨ ਅਤੇ ਪੁਰਾਣੀ ਇਮਾਰਤ ਦਾ ਨਵੀਨੀਕਰਨ ਕੀਤਾ ਗਿਆ ਸੀ। ਬਦਕਿਸਮਤੀ ਨਾਲ 2013 ਵਿੱਚ ਪੁਰਾਣੀ ਗੁਰਦੁਆਰਾ ਇਮਾਰਤ ਵਿੱਚ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ। ਇਮਾਰਤ ਨੂੰ ਬਚਾਉਣ ਲਈ ਸਾਰੇ ਉਪਾਅ ਕੀਤੇ ਗਏ ਸਨ ਅਤੇ ਪੇਸ਼ੇਵਰ ਇੰਜੀਨੀਅਰਾਂ ਦੁਆਰਾ ਇਸਦੀ ਜਾਂਚ ਕੀਤੀ ਗਈ ਸੀ, ਜਿਨ੍ਹਾਂ ਨੇ ਅੰਤ ਵਿੱਚ ਇਮਾਰਤ ਨੂੰ ਗੈਰ-ਸੁਰੱਖਿਅਤ ਘੋਸ਼ਿਤ ਕਰ ਦਿੱਤਾ ਸੀ।
ਇਸ ਤੋਂ ਉਪਜਦਿਆਂ ਅਤੇ ਕੋਈ ਬਦਲ ਨਾ ਦੇਖਦਿਆਂ ਖਾਲਸਾ ਦੀਵਾਨ ਦੀ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤ ਅਤੇ ਗੈਰ-ਸਿੱਖ ਲੋਕਾਂ ਦੇ ਸਹਿਯੋਗ ਨਾਲ ਹਾਂਗਕਾਂਗ ਵਿੱਚ ਮੌਜੂਦਾ ਸਥਾਨ `ਤੇ ਇੱਕ ਨਵੀਂ ਇਮਾਰਤ ਉਸਾਰੀ ਗਈ, ਜੋ ਚਾਰ ਮੰਜ਼ਿਲਾ ਬਲਾਕ ਦੀ ਹੈ। ਇਸ ਵਿੱਚ ਦੋ ਦੀਵਾਨ ਹਾਲ, ਲਾਇਬ੍ਰੇਰੀ, ਅਜਾਇਬ ਘਰ, ਸੈਮੀਨਾਰ ਹਾਲ, ਲੰਗਰ ਹਾਲ, ਰਸੋਈ, ਕਾਰ ਪਾਰਕ, ਵਾਸ਼ਰੂਮ, ਕਿੰਡਰਗਾਰਟਨ, ਟਿਊਟੋਰੀਅਲ ਕਲਾਸਰੂਮ ਸਮੇਤ ਨਿੱਜੀ ਸਮਾਗਮਾਂ ਲਈ ਕਮਰੇ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਮੁਹੱਈਆ ਹਨ। ਕੋਵਿਡ ਮਹਾਂਮਾਰੀ ਅਤੇ ਵਧਦੀਆਂ ਲਾਗਤਾਂ ਤੇ ਅਣਕਿਆਸੀ ਦੇਰੀ ਕਾਰਨ ਇਮਾਰਤ ਦੀ ਉਸਾਰੀ ਦੀ ਕੁੱਲ ਲਾਗਤ 170 ਮਿਲੀਅਨ ਹਾਂਗਕਾਂਗ ਡਾਲਰ ਦੇ ਮੂਲ ਅਨੁਮਾਨ ਦੇ ਮੁਕਾਬਲੇ 220 ਮਿਲੀਅਨ ਹਾਂਗਕਾਂਗ ਡਾਲਰ ਨੂੰ ਜਾ ਪਹੁੰਚੀ।