ਗੁਰਮਤਿ ਸਕੂਲ ਦੇ ਬੱਚਿਆਂ ਵੱਲੋਂ ਵਿਸਾਖੀ ਨੂੰ ਸਮਰਪਿਤ ਸਮਾਗਮ

ਆਮ-ਖਾਸ ਖਬਰਾਂ

ਕੁਲਜੀਤ ਦਿਆਲਪੁਰੀ
ਸ਼ਿਕਾਗੋ: ਬੱਚਿਆਂ ਨੂੰ ਵਿਸਾਖੀ ਦੀ ਇਤਿਹਾਸਕ ਮਹੱਤਤਾ ਦ੍ਰਿੜ ਕਰਵਾਉਣ ਅਤੇ ਅਕੀਦੇ ਤੇ ਵਿਰਾਸਤ ਨਾਲ ਜੋੜਨ ਦੇ ਮਕਸਦ ਲਈ ਗੁਰਦੁਆਰਾ ਪੈਲਾਟਾਈਨ ਦੇ ਗੁਰਮਤਿ ਸਕੂਲ ਵੱਲੋਂ ਵਿਸਾਖੀ ਨੂੰ ਸਮਰਪਿਤ ਇੱਕ ਧਾਰਮਿਕ ਸਮਾਗਮ ਕੀਤਾ ਗਿਆ, ਜਿਸ ਦੌਰਾਨ ਸਕੂਲ ਦੇ ਵੱਖ-ਵੱਖ ਲੈਵਲਾਂ ਦੇ ਬੱਚਿਆਂ ਨੇ ਗੁਰਬਾਣੀ ਸ਼ਬਦ ਦਾ ਗਾਇਨ ਕਰਨ ਸਮੇਤ ਵਿਸਾਖੀ ਸਬੰਧੀ ਤਕਰੀਰਾਂ ਕਰ ਕੇ ਅਤੇ ਕਵਿਤਾਵਾਂ, ਕਵੀਸ਼ਰੀ ਪੇਸ਼ ਕਰ ਕੇ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ।

ਦੀਵਾਨ ਹਾਲ ਵਿੱਚ ਸੰਗਤ ਦੇ ਰੂਬਰੂ ਵਿਸਾਖੀ ਸਮਾਗਮ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਪ੍ਰਤੀ ਬੱਚਿਆਂ ਵਿੱਚ ਕਾਫੀ ਉਤਸ਼ਾਹ ਸੀ। ਸਾਰੇ ਸਮਾਗਮ ਦਾ ਪਰਵਾਹ ਬੱਚਿਆਂ ਨੇ ਖੁਦ ਚਲਾਇਆ। ਸ਼ਬਦ ਕੀਰਤਨ ਦੌਰਾਨ ਬੱਚਿਆਂ ਨੇ ਤਬਲਾ ਤੇ ਹਾਰਮੋਨੀਅਮ ਵਜਾਉਣ ਦੀ ਸੇਵਾ ਵੀ ਆਪ ਹੀ ਨਿਭਾਈ। ਕੁਝ ਬੱਚਿਆਂ ਨੇ ਸਾਜ਼ ਦਿਲਰੁਬਾ ਦੇ ਨਾਲ ਨਾਲ ਤਬਲਿਆਂ ਦੀ ਸੁਰਤਾਲ ਵਿੱਚ ਸ਼ਬਦ ਕੀਰਤਨ ਦਾ ਬਾਖੂਬੀ ਗਾਇਨ ਕੀਤਾ। ਕੁਝ ਬੱਚੇ ਸਟੇਜ ‘ਤੇ ਥੋੜ੍ਹਾ ਝਾਕਾ ਮਹਿਸੂਸ ਕਰ ਰਹੇ ਸਨ, ਜਦਕਿ ਕੁਝ ਬੱਚੇ ਅਜਿਹੇ ਵੀ ਸਨ ਜਿਨ੍ਹਾਂ ਨੇ ਬੜੇ ਸੁਚੱਜੇ ਢੰਗ ਨਾਲ ਵਿਸਾਖੀ ਨਾਲ ਸਬੰਧਤ ਧਾਰਮਿਕ ਵਿਚਾਰ ਪੇਸ਼ ਕੀਤੇ। ਸਕੂਲ ਅਧਿਆਪਕਾਂ, ਪ੍ਰਬੰਧਕਾਂ ਤੇ ਮਾਪਿਆਂ ਦਾ ਉਨ੍ਹਾਂ ਨੂੰ ਪੂਰਨ ਸਹਿਯੋਗ ਸੀ।
ਬੱਚਿਆਂ ਨੇ ਉਚੇਚਾ ਪੀਲੀਆਂ ਚੁੰਨੀਆਂ, ਕੇਸਕੀਆਂ ਤੇ ਦਸਤਾਰਾਂ ਅਤੇ ਸਾਦੇ ਚਿੱਟੇ ਸੂਟ ਤੇ ਚਿੱਟੇ ਕੁੜਤੇ-ਪਜਾਮੇ ਪਾਏ ਹੋਏ ਸਨ। ਦੀਵਾਨ ਹਾਲ ਵਿੱਚ ਜੁੜ ਬੈਠੇ ਬੱਚੇ ਇਸ ਤਰ੍ਹਾਂ ਲੱਗ ਰਹੇ ਸਨ, ਜਿਵੇਂ ਕਿਆਰੀ ਵਿੱਚ ਸਰੋਂ ਦੇ ਫੁੱਲ ਖਿੜੇ ਹੋਣ। ਕੁਝ ਅੰਮ੍ਰਿਤਧਾਰੀ ਬੱਚੇ ਨੀਲਾ ਬਾਣਾ ਪਾ ਕੇ ਆਏ ਹੋਏ ਸਨ।
ਦੀਵਾਨ ਹਾਲ ਵਿੱਚ ਜਾਣ ਤੋਂ ਪਹਿਲਾਂ ਬੱਚੇ ਸਕੂਲ ਅਹਾਤੇ ਵਿੱਚ ਇਕੱਤਰ ਹੋਏ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਸਾਖੀ ਨਾਲ ਸਬੰਧਤ ਬੈਨਰ ਤੇ ਝੰਡੇ ਫੜ੍ਹ ਕੇ ਕਤਾਰਾਂ ਵਿੱਚ ਦੀਵਾਨ ਹਾਲ ਵਿੱਚ ਪਹੁੰਚੇ। ਉਹ ਵਾਰੋ ਵਾਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋ ਕੇ ਸਟੇਜ ਲਾਗੇ ਬੈਠ ਗਏ ਅਤੇ ਮਿੱਥੇ ਪ੍ਰੋਗਰਾਮ ਮੁਤਾਬਕ ਉਨ੍ਹਾਂ ਦੀਵਾਨ ਹਾਲ ਦੀ ਕਾਰਵਾਈ ਚਲਾਈ। ਬੱਚਿਆਂ ਨੇ ਵਾਰੋ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਚੌਰ ਦੀ ਸੇਵਾ ਵੀ ਨਿਭਾਈ।
‘ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ’, ‘ਖਾਲਸਾ ਮੇਰੋ ਰੂਪ ਹੈ ਖਾਸ’, ‘ਚਰਨ ਚਲੋ ਮਾਰਗ ਗੋਬਿੰਦ’, ‘ਮਿਲ ਪੀਵਹੁ ਭਾਈ ਅੰਮ੍ਰਿਤ ਨਾਮ ਨਿਧਾਨ ਹੈ’, ‘ਦੀਨ ਦਿਆਲ ਭਰੋਸੇ ਤੇਰੇ’, ‘ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ’ ਦਾ ਕੀਰਤਨ ਕਰਨ ਤੋਂ ਇਲਾਵਾ ਬੱਚਿਆਂ ਦੇ ਇੱਕ ਗਰੁੱਪ ਨੇ ਜਪੁਜੀ ਸਾਹਿਬ ਦੀਆਂ ਕੁਝ ਪਉੜੀਆਂ ਦਾ ਪਾਠ ਵੀ ਕੀਤਾ।
ਬੱਚਿਆਂ ਦੇ ਇੱਕ ਜਥੇ ਵਿੱਚ ਕੀਰਤਨ ਦੌਰਾਨ ਪੰਜ ਤਬਲਾਵਾਦਕ ਬੱਚਿਆਂ ਵੱਲੋਂ ਇੱਕ ਤਾਲ ਵਿੱਚ ਤਬਲਾ ਵਜਾ ਕੇ ਅਤੇ ਦੋ ਬੱਚਿਆਂ ਵੱਲੋਂ ਹਾਰਮੋਨੀਅਮ ਦੀਆਂ ਸੁਰਾਂ ‘ਤੇ ‘ਵਾਹਿਗੁਰੂ’ ਦਾ ਜਾਪ ਕੀਤਾ ਗਿਆ। ਬੱਚਿਆਂ ਦੀ ਇੱਕ ਟੋਲੀ ਨੇ ‘ਚਾਅ ਚੜ੍ਹਦਾ ਸਿੰਘਾਂ ਨੂੰ, ਆਉਂਦੀ ਸਾਲ ਦੇ ਬਾਅਦ ਵਿਸਾਖੀ’ ਕੋਰਸ-ਗੀਤ ਵਿਲੱਖਣ ਅੰਦਾਜ਼ ਵਿੱਚ ਪੇਸ਼ ਕੀਤਾ, ਜਦਕਿ ਹੋਰ ਬੱਚਿਆਂ ਨੇ ‘ਬੰਦਗੀ ਦੀ ਦਾਤ ਝੋਲੀ ਪਾ ਦਿਓ, ਰੱਖਿਓ ਨਿਮਾਣਿਆਂ ਦਾ ਮਾਣ’, ‘ਸਿੱਖੀ ਦਾ ਬੂਟਾ ਲਾਇਆ ਕਲਗੀਆਂ ਵਾਲੇ ਨੇ’ ਪੇਸ਼ ਕੀਤਾ। ਬੱਚਿਆਂ ਦੀ ਮਿਹਨਤ ਉਤੇ ਸੰਗਤ ਮੈਂਬਰ ਹੈਰਾਨ ਸਨ।
ਸਿੱਖੀ ਬਾਣੇ ਵਿੱਚ ਸਜੀਆਂ ਤਿੰਨ ਬੱਚੀਆਂ ਕਹਿ ਰਹੀਆਂ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ ਕੇ ਸਾਨੂੰ ਸਿੰਘ-ਸਿੰਘਣੀਆਂ ਬਣਾਇਆ। ਫਿਰ ਉਨ੍ਹਾਂ ‘ਖੰਡੇ ਦੀ ਧਾਰ ਵਿੱਚੋਂ ਸਾਜਿਆ ਸਤਿਗੁਰ ਪੰਥ ਨਿਆਰਾ’ ਕਵੀਸ਼ਰੀ ਪੇਸ਼ ਕੀਤੀ। ਬੱਚਿਆਂ ਨੇ ‘ਖਾਲਸਾ’ ਦਾ ਅਰਥ ਦੱਸਦਿਆਂ ਸੰਗਤ ਨੂੰ ਆਪਣੇ ਜੀਵਨ ਵਿੱਚ ਖਾਲਸ ਹੋਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਖਾਲਸਾ ਅੱਜ ਵੀ ਸਮਾਜ ਨੂੰ ਸਮਰਪਿਤ ਹੈ। ਇਸ ਤੋਂ ਇਲਾਵਾ ਬੱਚਿਆਂ ਨੇ ਗੁਰਬਾਣੀ ਦੀਆਂ ਪੰਕਤੀਆਂ ਦੀ ਵਿਆਖਿਆ ਕਰਦਿਆਂ ਨਾਮ ਸਿਮਰਨ ਦਾ ਵੀ ਸੁਨੇਹਾ ਦਿੱਤਾ। ਸਿੱਖ ਬਣਨ ਦੇ ਵਿਧੀ-ਵਿਧਾਨ ਬਾਰੇ ਵੀ ਦੱਸਿਆ ਗਿਆ।
ਇੱਕ ਬੱਚੇ ਨੇ ਸ਼ਿਵ ਕੁਮਾਰ ਬਟਾਲਵੀ ਦੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਇੱਕ ਕਵਿਤਾ ਦਾ ਪਾਠ ਵੀ ਕੀਤਾ, ਜਿਸ ਵਿੱਚ ਜ਼ਿਕਰ ਸੀ, ‘ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ ਤੇਰੀ ਆਰਤੀ ਗਾਵਾਂ… ਮੇਰਾ ਕੋਈ ਗੀਤ ਨਹੀਂ ਐਸਾ ਜੋ ਤੇਰੇ ਮੇਚ ਆ ਜਾਵੇ… ਚਿੜੀ ਦੇ ਖੰਭ ਦੀ ਲਲਕਾਰ ਸੌ ਬਾਜਾਂ ਨੂੰ ਖਾ ਜਾਵੇ।’
ਜ਼ਿਆਦਾਤਰ ਬੱਚਿਆਂ ਨੇ ਪੰਜਾਬੀ ਵਿੱਚ ਤਕਰੀਰਾਂ ਕੀਤੀਆਂ, ਪਰ ਕੁਝ ਬੱਚਿਆਂ ਨੇ ਅੰਗਰੇਜ਼ੀ ਵਿੱਚ ਵੀ ਸੰਗਤ ਨੂੰ ਸੰਬੋਧਨ ਕੀਤਾ। ਹਾਲਾਂਕਿ ਬੱਚੇ ਆਪਣੀਆਂ ਸੰਖੇਪ ਪਰ ਭਾਵਪੂਰਤ ਤਕਰੀਰਾਂ ਪਰਚਿਆਂ ਤੋਂ ਦੇਖ ਕੇ ਪੜ੍ਹ ਰਹੇ ਸਨ, ਪਰ ਸਟੇਜ ਉਤੇ ਆ ਕੇ ਜਿਸ ਸ਼ਰਧਾ, ਜੋਸ਼ ਤੇ ਲਿਆਕਤ ਨਾਲ ਉਹ ਸੰਗਤ ਨੂੰ ਸੰਬੋਧਿਤ ਸਨ, ਉਹ ਕਾਬਿਲ-ਏ-ਤਾਰੀਫ ਸੀ। ਬੱਚਿਆਂ ਦੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਵੀ ਦਰਬਾਰ ਹਾਲ ਵਿੱਚ ਗੂੰਜ ਰਹੇ ਸਨ। ਕਾਫੀ ਗਿਣਤੀ ਵਿੱਚ ਸੰਗਤ ਦਰਬਾਰ ਹਾਲ ਵਿੱਚ ਬੈਠੀ ਰਹੀ ਅਤੇ ਉਸ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਜੈਕਾਰੇ ਗੂੰਜਾਏ।
ਗੁਰਮਤਿ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਤਰਫੋਂ ਖਾਲਸੇ ਦੇ ਪਰਗਟ ਦਿਵਸ ਦੀ ਵਧਾਈ ਦਿੰਦਿਆਂ ਸ. ਬਲਵਿੰਦਰ ਸਿੰਘ ਸੋਹਲ ਨੇ ਇਸ ਦੇ ਵਿਲੱਖਣ ਇਹਿਤਾਸ ‘ਤੇ ਪੰਛੀ ਝਾਤ ਮਾਰੀ। ਉਨ੍ਹਾਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਚਲਾਏ ਮਿਸ਼ਨ ਦੇ ਸ਼ਬਦਾਂ ਨੂੰ ਅਮਲੀ ਰੂਪ ਦੇ ਕੇ 1699 ਦੀ ਵਿਸਾਖੀ ਵਾਲੇ ਦਿਨ ਆਮ ਇਨਸਾਨ ਨੂੰ ਅਣਖੀ ਚੱਸ ਦੇ ਕੇ ਵੱਖਰੀ ਪਹਿਚਾਣ ਤੇ ਮਾਨਵਤਾ ਦੇ ਗੁਣਾਂ ਦੇ ਧਾਰਨੀ ਬਣਾ ਦਿੱਤਾ ਤੇ ਜਾਤ-ਪਾਤ ਦੇ ਬੰਧਨ ਤੋਂ ਮੁਕਤ ਇੱਕ ਉਸਾਰੂ ਸਮਾਜ ਦੀ ਸਿਰਜਣਾ ਕੀਤੀ।
ਉਪਰੰਤ ਬੱਚਿਆਂ ਨੇ ਵਿਸਾਖੀ ਦੀ ਸੱਭਿਆਚਾਰਕ ਤੇ ਧਾਰਮਿਕ ਮਹੱਤਤਾ ਬਾਰੇ ਵੀ ਚਾਨਣਾ ਪਾਇਆ। ਉਹ ਦੱਸ ਰਹੇ ਸਨ ਕਿ ਜਦੋਂ ਜ਼ੁਲਮ ਦੀ ਹੱਦ ਵਧ ਗਈ ਤਾਂ ਦਸਮ ਪਾਤਸ਼ਾਹ ਨੇ ਪੰਥ ਸਾਜ ਕੇ ਚਿੜੀਆਂ ਨਾਲ ਬਾਜ ਤੁੜਾਉਣ ਦਾ ਰੁਹਾਨੀ ਕੌਤਕ ਰਚਾ ਦਿੱਤਾ। ਵੱਖ-ਵੱਖ ਉਮਰ ਵਰਗ ਦੇ ਬੱਚੇ ਆਪਣੀਆਂ ਪੇਸ਼ਕਾਰੀਆਂ ਦੌਰਾਨ ਖਾਲਸਾ ਸਾਜੇ ਜਾਣ ਦਾ ਬਿਰਤਾਂਤ ਰੂਪਮਾਨ ਕਰ ਰਹੇ ਸਨ।
ਇਸ ਮੌਕੇ ਬੋਲਦਿਆਂ ਗੁਰਮਤਿ ਸਕੂਲ ਦੇ ਪ੍ਰਿੰਸੀਪਲ ਬੀਬੀ ਸਲਵਿੰਦਰ ਕੌਰ ਸੰਧੂ ਨੇ ਗੁਰਮਤਿ ਸਕੂਲ ਦੇ ਸ਼ੁਰੂ ਹੋਣ ਤੇ ਇਸ ਦੇ ਮਨੋਰਥ ਉਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਸਕੂਲ ਵਿੱਚ ਸਿੱਖੀ ਦੇ ਤਿੰਨ ਸਿਧਾਂਤਾਂ ਦੀ ਪਾਲਣਾ ਉਤੇ ਜ਼ੋਰ ਦਿੱਤਾ ਜਾਂਦਾ ਹੈ- ਨਾਮ ਜਪਣਾ, ਕਿਰਤ ਕਰਨਾ ਤੇ ਵੰਡ ਛਕਣਾ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਬੱਚਿਆਂ ਨੂੰ ਗੁਰਮੁਖੀ ਸਿਖਾਈ ਜਾਂਦੀ ਹੈ ਤੇ ਸਿੱਖ ਇਤਿਹਾਸ ਬਾਰੇ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਮੂਲ ਮੰਤਰ ਤੇ ਜਪੁਜੀ ਸਾਹਿਬ, ਅਰਦਾਸ ਕਰਨ, ਹੁਕਮਨਾਮਾ ਲੈਣ, ਕੀਰਤਨ ਕਰਨ, ਗੁਰੂ ਸਾਹਿਬਾਨ ਤੇ ਪੰਜ ਪਿਆਰਿਆਂ, ਚਾਰ ਸਾਹਿਬਜ਼ਾਦਿਆਂ, ਤਖਤ ਸਾਹਿਬਾਨ ਆਦਿ ਦੇ ਨਾਮ ਯਾਦ ਕਰਵਾਏ ਜਾਂਦੇ ਹਨ। ਦੇਸੀ ਮਹੀਨਿਆਂ, ਰੁੱਤਾਂ, ਪੰਜਾਬੀ ਵਿੱਚ ਹਫਤੇ ਦੇ ਦਿਨਾਂ ਦੇ ਨਾਂ, ਪੰਜਾਬੀ ਮੁਹਾਵਰਿਆਂ, ਗਿਣਤੀ, ਰੰਗਾਂ ਸਮੇਤ ਜਾਣਕਾਰੀ ਦੇਣ ਦੇ ਨਾਲ ਨਾਲ ਬੱਚਿਆਂ ਨੂੰ ਤਕਰੀਰਾਂ ਤਿਆਰ ਕਰਨ ਤੇ ਸਟੇਜ ਉਤੇ ਪ੍ਰਸਤੂਤ ਕਰਨ ਦਾ ਢੰਗ ਵੀ ਸਿਖਾਇਆ ਜਾਂਦਾ ਹੈ ਤਾਂ ਜੋ ਬੱਚਿਆਂ ਵਿੱਚ ਲੀਡਰਸ਼ਿਪ ਵਾਲੇ ਗੁਣ ਪੈਦਾ ਹੋਣ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਗੁਰਮਤਿ ਦੇ ਧਾਰਨੀ ਬਣਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਹਰ ਮੰਗਲਵਾਰ ਤੇ ਵੀਰਵਾਰ ਬੱਚਿਆਂ ਨੂੰ ਗੁਰਮਤਿ ਸੰਗੀਤ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ। ਬੱਚੇ ਗਤਕਾ ਵੀ ਸਿੱਖਦੇ ਹਨ।
ਬੀਬੀ ਸੰਧੂ ਨੇ ਦੱਸਿਆ ਕਿ 6 ਜੁਲਾਈ ਨੂੰ ਗੁਰੂਘਰ ਦੇ ਅਹਾਤੇ ਵਿੱਚ ‘ਸਿੱਖ ਕਲਾ ਅਤੇ ਸੱਭਿਆਚਾਰਕ ਮੇਲਾ’ ਕਰਵਾਇਆ ਜਾਵੇਗਾ। ਇਸ ਮੌਕੇ ਵੱਖ-ਵੱਖ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਆਪਣੇ ਧਰਮ, ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਦੇ ਉਪਰਾਲੇ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ 22 ਤੋਂ 26 ਜੁਲਾਈ ਤੱਕ ਬੱਚਿਆਂ ਦੇ ਕੈਂਪ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਇਸ ਮੌਕੇ ਵਿਸ਼ੇਸ਼ ਤੌਰ `ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸਥਾਪਤੀ, ਪ੍ਰਾਪਤੀਆਂ ਅਤੇ ਰਾਜ ਦੇ ਖਤਮ ਹੋਣ ਸਬੰਧੀ ਜਾਣਕਾਰੀ ਇਤਿਹਾਸਕ ਨਜ਼ਰੀਏ ਤੋਂ ਬੱਚਿਆਂ ਨਾਲ ਸਾਂਝੀ ਕੀਤੀ ਜਾਵੇਗੀ।
ਬੱਚਿਆਂ ਦੀ ਦਿਲਚਸਪੀ ਲਈ ‘ਨਵੀਂਆਂ ਪੁਲਾਂਘਾਂ’ ਸਿਰਲੇਖ ਹੇਠ ਛੋਟੇ-ਛੋਟੇ ਲੇਖ ਲਿਖ ਕੇ ਦੇਣ ਸਬੰਧੀ ਜਾਣਕਾਰੀ ਵੀ ਸਟੇਜ ਤੋਂ ਸੰਗਤ ਨਾਲ ਸਾਂਝੀ ਕੀਤੀ ਗਈ। ਇਸ ਸਬੰਧੀ ਗੁਰਮਤਿ ਸਕੂਲ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਵਿੱਚ ਗੁਰਤੇਜ ਸਿੰਘ ਨੇ ਹੱਥ ਵਟਾਇਆ, ਜਦਕਿ ਦਾਰਾ ਸਿੰਘ ਤੇ ਤਰਲੋਚਨ ਸਿੰਘ ਮੁਲਤਾਨੀ ਨੇ ਸੰਗਤਾਂ ਦਾ ਧੰਨਵਾਦ ਕੀਤਾ। ਸਮਾਗਮ ਦੇ ਪ੍ਰਬੰਧਨ ਵਿੱਚ ਸਕੂਲ ਅਧਿਆਪਕਾਂ ਅਤੇ ਵਾਲੰਟੀਅਰਾਂ ਨੇ ਪੂਰਨ ਸਹਿਯੋਗ ਦਿੱਤਾ।

Leave a Reply

Your email address will not be published. Required fields are marked *