ਅਕਾਲ ਤਖਤ ਦੇ ਜਥੇਦਾਰ ਵੱਲੋਂ ਪੰਜਾਬ ਦੇ ਭਵਿੱਖ ਬਾਰੇ ਗੰਭੀਰ ਟਿੱਪਣੀ

ਖਬਰਾਂ ਵਿਚਾਰ-ਵਟਾਂਦਰਾ

*ਸ਼ਿਕਾਗੋ ਫੇਰੀ ਮੌਕੇ ਭਾਈਚਾਰੇ ਵੱਲੋਂ ਪੰਥਕ ਮਸਲਿਆਂ ਉਤੇ ਵਿਚਾਰ-ਚਰਚਾ
*ਗਿਆਨੀ ਰਘਬੀਰ ਸਿੰਘ ਵੱਲੋਂ ਪੰਥਕ ਸਾਂਝ ਬਰਕਰਾਰ ਰੱਖਣ `ਤੇ ਜ਼ੋਰ
ਕੁਲਜੀਤ ਦਿਆਲਪੁਰੀ
ਸ਼ਿਕਾਗੋ: ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵੱਲੋਂ ਸ਼ਿਕਾਗੋ ਫੇਰੀ ਦੌਰਾਨ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਇਸ ਦੇ ਭਵਿੱਖ ਬਾਰੇ ਪ੍ਰਗਟਾਈ ਗਈ ਚਿੰਤਾ ਨੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਦਾ ਇਹ ਕਹਿਣਾ ਕਿ ਪੰਜਾਬ ਦਾ ਹਾਲ ਉਹ ਹੋ ਗਿਆ ਹੈ ਜੋ ਕਿਸੇ ਸਮੇਂ ਬਿਹਾਰ ਦਾ ਹੁੰਦਾ ਸੀ, ਆਪਣੇ ਆਪ ਵਿੱਚ ਇੱਕ ਅਹਿਮੀਅਤ ਰੱਖਦਾ ਹੈ ਅਤੇ ਇਸ ਸਬੰਧੀ ਪੰਥਕ ਤੇ ਪੰਜਾਬੀ ਸਫਾਂ ਵਿੱਚ ਵਿਚਾਰ-ਵਟਾਂਦਰਾ ਕੀਤੇ ਜਾਣ ਦੀ ਲੋੜ ਉਤੇ ਜ਼ੋਰ ਦਿੰਦਾ ਹੈ।

ਹਾਲਾਂਕਿ ਉਨ੍ਹਾਂ ਇਹ ਬਿਆਨ ਵੱਡੇ ਪੰਥਕ ਜਾਂ ਸੰਗਤੀ ਇਕੱਠ ਵਿੱਚ ਨਹੀਂ ਦਿੱਤਾ, ਪਰ ਸਿੱਖ ਅਤੇ ਪੰਜਾਬੀ ਹੋਣ ਦੇ ਨਾਤੇ ਇਸ ਵਿਚਲੀ ਗੰਭੀਰਤਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਪੰਜਾਬ ਦੇ ਹਾਲਾਤ ਉਤੇ ਟਿੱਪਣੀ ਕਰਦਿਆਂ ਗਿਆਨੀ ਰਘਬੀਰ ਸਿੰਘ ਨੇ ਚਿੰਤਾ ਜ਼ਾਹਰ ਕੀਤੀ ਕਿ ਜਿਸ ਤਰ੍ਹਾਂ ਨੌਜਵਾਨ ਜ਼ਮੀਨਾਂ ਵੇਚ ਕੇ ਬਾਹਰ ਆ ਰਹੇ ਹਨ ਜਾਂ ਜਿਹੜੇ ਉਥੇ ਰਹਿ ਗਏ ਹਨ, ਉਨ੍ਹਾਂ `ਚੋਂ ਬਹੁਤੇ ਨਸ਼ੇ ਦੀ ਲਪੇਟ ਵਿੱਚ ਆ ਗਏ ਹਨ। ਅਜਿਹੀ ਸਥਿਤੀ ਵਿੱਚ ਨੌਜਵਾਨ ਪਤਿਤ ਹੋ ਰਹੇ ਹਨ ਜਾਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਆਰਥਿਕ ਪੱਖੋਂ ਟੁੱਟ ਰਿਹਾ ਹੈ ਅਤੇ ਜ਼ਰਾਇਮ ਵਧ ਜਾਣ ਕਾਰਨ ਹਾਲਾਤ ਅਜਿਹੇ ਪੈਦਾ ਹੋ ਗਏ ਹਨ ਕਿ ਪੰਜਾਬ ਬਰਬਾਦ ਹੋ ਰਿਹਾ ਹੈ।
ਸਿੱਖਾਂ ਦੀ ਸਿਰਮੌਰ ਸੰਸਥਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਪੰਜਾਬ ਪ੍ਰਤੀ ਅਜਿਹੀ ਚਿੰਤਾ ਪ੍ਰਗਟਾਉਣਾ ਕੋਈ ਆਮ ਗੱਲ ਨਹੀਂ, ਖਾਸ ਕਰ ਉਨ੍ਹਾਂ ਦਾ ਇਹ ਕਹਿਣਾ ਕਿ ‘ਪੰਜਾਬ ਦਾ ਕੋਈ ਭਵਿੱਖ ਨਹੀਂ’ ਆਪਣੇ ਆਪ ਵਿੱਚ ਗਹਿਰ-ਗੰਭੀਰ ਟਿੱਪਣੀ ਹੈ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬ ਦੇ ਦਰਦਮੰਦ ਲੋਕਾਂ ਲਈ ਇਹ ਇੱਕ ਤਰ੍ਹਾਂ ਦੀ ਚਿਤਾਵਨੀ ਹੈ ਕਿ ਪੰਜਾਬ ਦਾ ਭਵਿੱਖ ਕਿਸ ਰਾਹ `ਤੇ ਹੈ। ਇਸ ਮੌਕੇ ਹਾਜ਼ਰੀਨ ਪਤਵੰਤਿਆਂ ਨੇ ਆਪੋ ਆਪਣੇ ਵਿਚਾਰ ਤੇ ਸੁਝਾਅ ਵੀ ਪੇਸ਼ ਕੀਤੇ। ਮਸਲਾ ਇਹ ਹੈ ਕਿ ਇਕੱਲੀ ਪੰਥਕ ਸੰਸਥਾਵਾਂ ਦੇ ਉਪਰਾਲਿਆਂ ਦੇ ਨਾਲ ਨਾਲ ਸਿੱਖ ਤੇ ਪੰਜਾਬੀ ਭਾਈਚਾਰੇ ਨੂੰ ਵੀ ਇਸ ਪ੍ਰਤੀ ਸੁਹਿਰਦ ਹੋ ਕੇ ਨਿੱਜੀ ਤੌਰ `ਤੇ ਦ੍ਰਿੜ ਹੋਣ ਦੀ ਲੋੜ ਹੈ।
ਕੁਝ ਪੰਥਕ ਮਾਮਲਿਆਂ ਉਤੇ ਸ਼੍ਰੋਮਣੀ ਕਮੇਟੀ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਉਤੇ ਵੀ ਵਿਚਾਰ-ਵਟਾਂਦਰਾ ਹੋਇਆ। ਜਥੇਦਾਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਆਪਣੇ ਵੱਲੋਂ ਬੜਾ ਕੁਝ ਕਰ ਰਹੀ ਹੈ, ਪਰ ਸੋਸ਼ਲ ਮੀਡੀਆ ਉਤੇ ਦੁਰ-ਪ੍ਰਚਾਰ ਕਾਰਨ ਚੰਗੀਆਂ ਗੱਲਾਂ ਦੀ ਚਰਚਾ ਹੋਣੋਂ ਰਹਿ ਜਾਂਦੀ ਹੈ, ਜਦਕਿ ਕੁਝ ਨਿਰਆਧਾਰ ਗੱਲਾਂ ਵਾਇਰਲ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਇੱਕ ਗਜਟ ਤਿਆਰ ਕੀਤਾ ਜਾਂਦਾ ਹੈ, ਜਿਸ ਵਿੱਚ ਸਾਰਾ ਲੇਖਾ-ਜੋਖਾ ਕੀਤਾ ਗਿਆ ਹੁੰਦਾ ਹੈ।
ਗਿਆਨੀ ਰਘਬੀਰ ਸਿੰਘ ਦਾ ਇਹ ਬਿਆਨ ਕਿ ਪੰਜਾਬ ਦਾ ਜੇ ਕੋਈ ਕੁਝ ਸੰਵਾਰ ਸਕਦਾ ਹੈ ਤਾਂ ਉਹ ਅਕਾਲੀ ਦਲ ਹੈ, ਬੇਸ਼ਕ ਸਿਆਸਤ ਭਰਪੂਰ ਬਿਆਨ ਮਹਿਸੂਸ ਕੀਤਾ ਗਿਆ, ਪਰ ਉਨ੍ਹਾਂ ਨਾਲ ਹੀ ਪੰਜਾਬ ਲਈ ਅਕਾਲੀ ਦਲ ਦੀਆਂ ਘਾਲਣਾਵਾਂ ਦੇ ਸੰਦਰਭ ਵਿੱਚ ਅਸਿੱਧੇ ਤੌਰ `ਤੇ ਕਿਹਾ ਕਿ ਸ਼੍ਰੋਮਣੀ ਕਮੇਟੀ, ਅਕਾਲ ਤਖਤ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਖ ਕਰ ਕੇ ਨਹੀਂ ਵੇਖਿਆ ਜਾ ਸਕਦਾ। ਹਾਜ਼ਰੀਨ ਵਿੱਚੋਂ ਬਹੁਤੇ ਸੱਜਣ ਜਥੇਦਾਰ ਦੀ ਇਸ ਗੱਲ ਨਾਲ ਸਹਿਮਤ ਸਨ, ਪਰ ਸ਼੍ਰੋਮਣੀ ਅਕਾਲੀ ਦਲ ਨਾਲ ‘ਬਾਦਲ’ ਭਾਵ ਇੱਕ ਪਰਿਵਾਰ ਦੇ ਜੁੜ ਜਾਣ ਨੂੰ ਲੈ ਕੇ ਦੱਬਵੀਂ ਸੁਰ ਵਿੱਚ ਗੱਲ ਵੀ ਹੋਈ।
ਜਥੇਦਾਰ ਨੇ ਸਿੱਖ ਪੰਥ ਦੀ ਸਾਂਝ ਬਰਕਰਾਰ ਰੱਖਣ ਉਤੇ ਜ਼ੋਰ ਦਿੰਦਿਆਂ ਭਾਈਚਾਰਕ ਸਾਂਝ ਨੂੰ ਦੁਫਾੜ ਕਰਨ ਵਾਲੀਆਂ ਤਾਕਤਾਂ ਤੋਂ ਸੁਚੇਤ ਰਹਿਣ `ਤੇ ਜ਼ੋਰ ਦਿੱਤਾ; ਪਰ ਇਸ ਮੌਕੇ ਸਿੱਖ ਪੰਥ ਅਤੇ ਪੰਜਾਬ ਨਾਲ ਜੁੜੇ ਵੱਖ-ਵੱਖ ਮਸਲਿਆਂ ਉਤੇ ਵੀ ਚਰਚਾ ਹੋਈ ਅਤੇ ਹਾਜ਼ਰੀਨ ਨੇ ਗਿਆਨੀ ਰਘਬੀਰ ਸਿੰਘ ਨਾਲ ਸਵਾਲ-ਜਵਾਬ ਵੀ ਕੀਤੇ।
ਜ਼ਿਕਰਯੋਗ ਹੈ ਕਿ ਗਿਆਨੀ ਰਘਬੀਰ ਸਿੰਘ ਸਥਾਨਕ ਪਤਵੰਤੇ ਮੁਖਤਿਆਰ ਸਿੰਘ (ਹੈਪੀ) ਹੀਰ ਦੇ ਗ੍ਰਹਿ ਵਿਖੇ ਨਿੱਜੀ ਫੇਰੀ `ਤੇ ਆਏ ਹੋਏ ਸਨ। ਇਸ ਮੌਕੇ ਜਥੇਦਾਰ ਨਾਲ ਆਈਆਂ ਕੁਝ ਹੋਰ ਸ਼ਖਸੀਅਤਾਂ ਤੋਂ ਇਲਾਵਾ ਸ਼ਿਕਾਗੋਲੈਂਡ ਦੀਆਂ ਭਾਈਚਾਰਕ ਸ਼ਖਸੀਅਤਾਂ ਵੀ ਹਾਜ਼ਰ ਸਨ। ਜਥੇਦਾਰ ਨਾਲ ਗੱਲ ਕਰਦਿਆਂ ਵੱਖ-ਵੱਖ ਸੱਜਣਾਂ ਨੇ ਪੰਥਕ ਮੁੱਦਿਆਂ ਉਤੇ ਆਪੋ-ਆਪਣੇ ਤੌਖਲੇ ਪ੍ਰਗਟ ਕੀਤੇ ਅਤੇ ਇਨ੍ਹਾਂ ਸਭ ਦੇ ਹੱਲ ਲਈ ਹੋਰ ਉਪਰਾਲੇ ਕਰਨ ਦੀ ਅਪੀਲ ਕੀਤੀ। ਕੁਝ ਸੱਜਣਾਂ ਨੇ ਵਿਦੇਸ਼ਾਂ ਵਿਚਲੇ ਗੁਰਦੁਆਰਿਆਂ ਵਿੱਚ ਅਜਿਹੀਆਂ ਪ੍ਰਬੰਧਕ ਕਮੇਟੀਆਂ ਦੇ ਰਵੱਈਏ ਦਾ ਵੀ ਜ਼ਿਕਰ ਛੋਹਿਆ, ਜੋ ਆਪੋ-ਆਪਣੀ ਮਰਿਆਦਾ ਗੁਰੂਘਰਾਂ ਵਿੱਚ ਲਾਗੂ ਕਰਨ ਲਈ ਯਤਨਸ਼ੀਲ ਹਨ। ਜਥੇਦਾਰ ਨੂੰ ਅਪੀਲ ਕੀਤੀ ਗਈ ਕਿ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਰਹਿਤ ਮਰਿਆਦਾ ਦੇਸ਼-ਵਿਦੇਸ਼ ਦੇ ਗੁਰਦੁਆਰਿਆਂ ਵਿੱਚ ਲਾਗੂ ਕਰਨ ਲਈ ਹੋਰ ਚਾਰਾਜੋਈਆਂ ਕਰਨ ਦੀ ਲੋੜ ਹੈ, ਤਾਂ ਜੋ ਸਿੱਖ ਭਾਈਚਾਰੇ ਵਿੱਚ ਦੁਵਿਧਾ ਖੜ੍ਹੀ ਹੋਣ ਨਾਲੋਂ ‘ਇੱਕ ਪੰਥ, ਇੱਕ ਮਰਿਆਦਾ’ ਦਾ ਸਿਧਾਂਤ ਗੁਰੂਘਰਾਂ ਵਿੱਚ ਦ੍ਰਿੜਤਾ ਨਾਲ ਲਾਗੂ ਹੋਵੇ। ਸਜ਼ਾਵਾਂ ਭੁਗਤ ਚੁਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਘੇਰੇ ਵਿੱਚ ਸਿੱਖ ਸ਼ਬਦ ਦੇ ਗੁੰਮ ਹੁੰਦੇ ਜਾ ਰਹੇ ਪ੍ਰਭਾਵ ਦਾ ਵੀ ਜ਼ਿਕਰ ਛਿੜਿਆ। ਸਿਨਸਿਨੈਟੀ ਦੇ ਗੁਰਦੁਆਰਾ ਗੁਰੂ ਨਾਨਕ ਸੁਸਾਇਟੀ ਦੇ ਗ੍ਰੰਥੀ ਸਿੰਘ ਸਬੰਧੀ ਮਾਮਲੇ ਪਿੱਛੋਂ ਪੈਦਾ ਹੋਈ ਸਥਿਤੀ ਬਾਰੇ ਵੀ ਚਰਚਾ ਹੋਈ।
ਗੁਰਦੁਆਰਾ ਪੈਲਾਟਾਈਨ ਮਿਡਵੈਸਟ ਦਾ ਸਭ ਤੋਂ ਵੱਡਾ ਤੇ ਪੁਰਾਣਾ ਗੁਰਦੁਆਰਾ ਹੈ, ਪਰ ਜਥੇਦਾਰ ਸਾਹਿਬ ਦੇ ਉਥੇ ਜਾਣ ਜਾਂ ਨਾ ਜਾਣ ਸਬੰਧੀ ਪੈਦਾ ਹੋਈ ਸਥਿਤੀ ਦੀ ਵੀ ਇਸ ਮੌਕੇ ਚਰਚਾ ਹੋਈ। ਕੁਝ ਲੋਕਾਂ ਦਾ ਮੰਨਣਾ ਸੀ ਕਿ ਗੁਰਦੁਆਰਾ ਪੈਲਾਟਾਈਨ ਦੇ ਪ੍ਰਬੰਧ ਉਤੇ ਕਾਬਜ ਧੜੇ ਨਾਲ ਸਬੰਧਤ ਕੁਝ ਲੋਕ ਸਿਆਸੀ ਤੌਰ `ਤੇ ਦੂਜੀ ਧਿਰ ਨਾਲ ਜੁੜੇ ਹੋਏ ਹਨ, ਜਿਸ ਕਾਰਨ ਗੁਰਦੁਆਰਾ ਪ੍ਰਬੰਧ ਨਾਲ ਜੁੜੀ ਧਿਰ ਵੱਲੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਗੁਰੂਘਰ ਆਉਣ ਦਾ ਸੱਦਾ ਨਹੀਂ ਦਿੱਤਾ ਗਿਆ।
ਇਸ ਤੋਂ ਪਹਿਲਾਂ ਗਿਆਨੀ ਰਘਬੀਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਮਰੀਕਾ ਵਿੱਚ ਸਿੱਖਾਂ ਦੇ ਆਉਣ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਗਦਰੀ ਬਾਬਿਆਂ ਨੇ ਸਟਾਕਟਨ ਵਿੱਚ ਫੇਰੀ ਪਾਈ। ਇਸ ਤੋਂ ਪਹਿਲਾਂ ਬ੍ਰਿਟਿਸ਼ ਫੌਜ ਵਿੱਚ ਸਿੱਖ ਘੋੜਸਵਾਰਾਂ ਨੇ ਵੈਨਕੂਵਰ (ਕੈਨੇਡਾ) ਵਿੱਚ ਆ ਕੇ ਰਹਿਣਾ ਸ਼ੁਰੂ ਕੀਤਾ। ਸਦੀਆਂ ਤੋਂ ਸਿੱਖ ਪੰਥ ਦੇ ਦੇਸ਼-ਵਿਦੇਸ਼ ਵਿੱਚ ਫੈਲੇ ਹੋਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਿੱਖ ਪੰਥ ਵਿੱਚ ਰਵਾਇਤ ਰਹੀ ਹੈ ਕਿ ਜਿੱਥੇ ਗੁਰੂ ਸਾਹਿਬ ਆਪ ਨਹੀਂ ਸਨ ਜਾ ਸਕਦੇ, ਉਥੇ ਆਪਣੇ ਸਿੱਖਾਂ ਨੂੰ ਭੇਜਿਆ ਕਰਦੇ ਸਨ। ਸਾਡਾ ਮਕਸਦ ਇਹੋ ਹੈ ਕਿ ਸਿੱਖ ਭਾਈਚਾਰੇ ਵਿੱਚ ਆਪਸੀ ਤਾਲ-ਮੇਲ ਬਣਿਆ ਰਹੇ ਤੇ ਸਿੱਖ ਆਪਣੇ ਧੁਰੇ ਨਾਲ ਜੁੜੇ ਰਹਿਣ।
ਉਨ੍ਹਾਂ ਕਿਹਾ ਕਿ ਸਿੱਖ ਆਪਣੇ ਕੇਂਦਰੀ ਸਥਾਨ ਅਕਾਲ ਤਖਤ ਸਾਹਿਬ ਤੋਂ ਟੁੱਟ ਜਾਣ, ਅਜਿਹਾ ਪ੍ਰਾਪੇਗੰਡਾ ਦੇਸ਼-ਵਿਦੇਸ਼ ਵਿੱਚ ਵੱਡੇ ਪੱਧਰ `ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ, ਗੁਰਬਾਣੀ ਤੇ ਗੁਰੂ ਸਾਹਿਬਾਨ ਬਾਰੇ ਬਹੁਤ ਕੁਝ ਗਲਤ ਪ੍ਰਚਾਰਿਆ ਜਾ ਰਿਹਾ ਹੈ। ਉਨ੍ਹਾਂ ਗੁਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ ਅਤੇ ਕਿਸੇ ਵੀ ਪੰਥਕ ਮਸਲੇ ਸਬੰਧੀ ਸਹੀ ਜਾਣਕਾਰੀ ਲੈਣ ਲਈ ਸਿੱਧਿਆਂ ਅਕਾਲ ਤਖਤ ਜਾਂ ਸ਼੍ਰੋਮਣੀ ਕਮੇਟੀ ਨਾਲ ਸੰਪਰਕ ਕਰਨ ਦੀ ਗੱਲ ਆਖੀ।
ਇਸ ਮੌਕੇ ਗਿਆਨੀ ਰਘਬੀਰ ਸਿੰਘ ਨੇ ਸੁਲਤਾਨਵਿੰਡ ਤੋਂ ਆਪਣੀ ਪੱਤੀ ਦੇ ਰਘਵਿੰਦਰ ਸਿੰਘ ਮਾਹਲ ਦੇ ਪਰਿਵਾਰ ਦਾ ਉਚੇਚਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਪਰਿਵਾਰ ਸਾਡੇ ਇਲਾਕੇ ਦਾ ਮਾਣ ਹੈ; ਕਿਉਂਕਿ ਇਸ ਪਰਿਵਾਰ ਦੇ ਵਡੇਰੇ ਸ. ਅਰਸਾ ਸਿੰਘ ਮਾਹਲ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਜਰਨੈਲ ਸਨ। ਸ. ਅਰਸਾ ਸਿੰਘ ਗਤਕੇ ਦੇ ਅਜਿਹੇ ਜਰਨੈਲ ਖਿਡਾਰੀ ਸਨ ਕਿ ਜੇ ਉਨ੍ਹਾਂ ਦੀ ਮੰਜੀ ਹੇਠਾਂ ਕਾਂ ਛੱਡ ਦਿਓ ਤਾਂ ਕਾਂ ਬਾਹਰ ਨਹੀਂ ਸੀ ਆ ਸਕਦਾ। ਇਨ੍ਹਾਂ ਦਾ ਪਰਿਵਾਰ ਕਿਲੇ ਵਾਲੇ ਸਰਦਾਰਾਂ ਕਰਕੇ ਜਾਣਿਆ ਜਾਂਦਾ ਹੈ ਅਤੇ ਤਕਰੀਬਨ ਅੱਧਾ ਪਿੰਡ ਇਸ ਕਿਲੇ ਦੀ ਹਦੂਦ ਵਿੱਚ ਵੱਸਿਆ ਹੋਇਆ ਹੈ।
ਜਥੇਦਾਰ ਨੇ ਕਿਹਾ ਕਿ ਜਦੋਂ ਅਸੀਂ ਛੋਟੇ ਸਾਂ ਤਾਂ ਪਰਿਵਾਰ ਵੱਲੋਂ ਸ. ਅਰਸਾ ਸਿੰਘ ਦੀ ਤਸਵੀਰ ਲੈ ਕੇ ਨਗਰ ਕੀਰਤਨ ਵਿੱਚ ਸ਼ਾਮਲ ਹੁੰਦੇ ਸਾਂ ਅਤੇ ਸੰਗਤ ਨੂੰ ਉਨ੍ਹਾਂ ਬਾਰੇ ਦੱਸਦੇ ਸਾਂ। ਜਥੇਦਾਰ ਨੇ ਸ. ਅਰਸਾ ਸਿੰਘ ਮਾਹਲ ਦੇ ਪਰਿਵਾਰ ਬਾਰੇ ਇਹ ਗੱਲ ਵੀ ਸਾਂਝੀ ਕੀਤੀ, ਸਾਡੀ ਬੀਬੀ ਦੱਸਦੀ ਹੁੰਦੀ ਸੀ ਕਿ ਜਦੋਂ ਇਸ ਪਰਿਵਾਰ ਦੀਆਂ ਬੀਬੀਆਂ-ਮਾਈਆਂ ਕਿਲੇ ਵਿੱਚੋਂ ਬਾਹਰ ਆਉਂਦੀਆਂ ਸਨ ਤਾਂ ਕਿਲੇ ਦੀਆਂ ਦਾਸੀਆਂ ਗਲੀ ਵਿੱਚ ਦੋਨੋਂ ਪਾਸੇ ਫੁਲਕਾਰੀਆਂ ਲੈ ਕੇ ਖੜ੍ਹੀਆਂ ਹੁੰਦੀਆਂ ਸਨ। ਜ਼ਿਕਰਯੋਗ ਹੈ ਕਿ ਸ. ਅਰਸਾ ਸਿੰਘ ਮਾਹਲ ਦੇ ਵੰਸ਼ ਵਿੱਚੋਂ ਰਘਵਿੰਦਰ ਸਿੰਘ ਮਾਹਲ ਕਾਫੀ ਚਿਰ ਪਹਿਲਾਂ ਗੁਰਦੁਆਰਾ ਪੈਲਾਟਾਈਨ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਹਨ।
ਇਸ ਤੋਂ ਪਹਿਲਾਂ ਬਾਬਾ ਦਲਜੀਤ ਸਿੰਘ ਸ਼ਿਕਾਗੋ ਨੇ ਕਿਹਾ, ਇਹ ਸਾਡੇ ਲਈ ਸੁਭਾਗਾ ਸਮਾਂ ਹੈ ਕਿ ਸਿੱਖ ਪੰਥ ਦੀ ਅਜ਼ੀਮ ਸ਼ਖਸੀਅਤ ਸਾਡੇ ਵਿਚਕਾਰ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿੱਖ ਹੋਣ ਦੇ ਨਾਤੇ ਸੱਚਖੰਡ ਅੰਮ੍ਰਿਤਸਰ ਨਾਲ ਰੁਹਾਨੀਅਤ ਤੌਰ `ਤੇ ਜੁੜੇ ਹੋਏ ਹਾਂ ਤੇ ਅਰਦਾਸ ਸਮੇਂ ਵੀ ਸੱਚਖੰਡ ਦੇ ਦਰਸ਼ਨਾਂ ਦਾ ਦਾਨ ਮੰਗਦੇ ਹਾਂ। ਉਨ੍ਹਾਂ ਹਰਿਮੰਦਰ ਸਾਹਿਬ ਤੇ ਅਕਾਲ ਤਖਤ ਦੀ ਸਥਾਪਨਾ ਦੇ ਇਤਿਹਾਸ ਉਤੇ ਚਾਨਣਾ ਪਾਇਆ ਅਤੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੀ ਸੇਵਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਕਾਲ ਤਖਤ ਕੋਈ ਇਮਾਰਤ ਨਹੀਂ, ਸਗੋਂ ਇੱਕ ਸਿਧਾਂਤ ਹੈ। ਉਨ੍ਹਾਂ ਜਥੇਦਾਰ ਸਾਹਿਬ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਜਦੋਂ ਪੰਥ ਦੀ ਸਿਰਮੌਰ ਹਸਤੀ ਸਾਡੇ ਵਿਚਾਕਰ ਆਉਂਦੀ ਹੈ ਅਤੇ ਜਥੇਦਾਰ ਪੰਥਕ ਵਿਚਾਰਾਂ ਕਰਦੇ ਹਨ ਤਾਂ ਸਾਨੂੰ ਵੀ ਮਾਣ ਹੁੰਦਾ ਹੈ ਕਿ ਇਹ ਸਾਡੀ ਪਿੱਠ `ਤੇ ਹਨ।
ਡਾ. ਹਰਜਿੰਦਰ ਸਿੰਘ ਖਹਿਰਾ ਨੇ ਗਿਆਨੀ ਰਘਬੀਰ ਸਿੰਘ ਨੂੰ ਜੀ ਆਇਆਂ ਆਖਦਿਆਂ ਦੱਸਿਆ ਕਿ ਉਹ ਹੀਰ ਪਰਿਵਾਰ ਦੇ ਨਿੱਘੇ ਸੱਦੇ ਉਤੇ ਆਏ ਹਨ। ਉਨ੍ਹਾਂ ਹੈਪੀ ਹੀਰ ਦੇ ਪਿਤਾ ਸਵਰਗੀ ਮੇਜਰ ਸਿੰਘ ਮੌਜੀ ਨੂੰ ਵੀ ਯਾਦ ਕੀਤਾ।
ਇਸ ਮੌਕੇ ਤਖਤ ਕੇਸਗੜ੍ਹ ਸਾਹਿਬ ਵਿਖੇ ਲੰਮਾ ਸਮਾਂ ਕੀਰਤਨ ਕਰਦੇ ਰਹੇ ਭਾਈ ਰਸ਼ਪਾਲ ਸਿੰਘ, ਦਰਬਾਰ ਸਾਹਿਬ ਦੇ ਕੀਰਨਤੀਏ ਭਾਈ ਹਰਦੀਪ ਸਿੰਘ, ਭਾਈ ਕਿਰਪਾਲ ਸਿੰਘ, ਬੁੱਢਾ ਦਲ ਨਾਰਥ ਅਮੈਰਿਕਾ ਦੇ ਮੁਖੀ ਜਸਵਿੰਦਰ ਸਿੰਘ ਜੱਸੀ ਤੋਂ ਇਲਾਵਾ ਗੁਰਦੁਆਰਾ ਪੈਲਾਟਾਈਨ ਦੇ ਸਾਬਕਾ ਪ੍ਰਧਾਨ ਸੋਖੀ ਸਿੰਘ, ਅੰਮ੍ਰਿਤਪਾਲ ਸਿੰਘ ਸੰਘਾ, ਅਮਰੀਕ ਸਿੰਘ ਸ਼ਿਕਾਗੋ, ਅਜੈਬ ਸਿੰਘ ਲੱਖਣ, ਜੈਦੇਵ ਸਿੰਘ ਭੱਠਲ, ਮਨਜਿੰਦਰ ਸਿੰਘ (ਮੈਕ) ਭਮਰਾ, ਮਨਜੀਤ ਸਿੰਘ (ਟੇਸਟ ਆਫ ਇੰਡੀਆ), ਡਾ. ਰਛਪਾਲ ਸਿੰਘ ਬਾਜਵਾ, ਜਿੰਦੀ ਦਿਆਲ, ਰਾਜਾ ਦਿਆਲ, ਪਰਮਿੰਦਰ ਸਿੰਘ ਵਾਲੀਆ, ਜਸਕਰਨ ਸਿੰਘ ਧਾਲੀਵਾਲ, ਨਰਿੰਦਰ ਸਰਾਂ, ਜਸਪਾਲ ਮਿੱਢਾ, ਸੋਨੂ ਖਹਿਰਾ, ਅਜੀਤ ਸਿੰਘ ਤੇ ਹੋਰ ਸੱਜਣ ਹਾਜ਼ਰ ਸਨ। ਨਵਰੀਨ ਕੌਰ ਹੀਰ ਅਤੇ ਹੋਰ ਪਰਿਵਾਰਕ ਮੈਂਬਰ ਉਚੇਚੀ ਮਹਿਮਾਨਨਿਵਾਜ਼ੀ ਕਰ ਰਹੇ ਸਨ। ਖਾਣਾ ਕੇ.ਕੇ. ਪੰਮਾ ਨੇ ਪਰੋਸਿਆ।

Leave a Reply

Your email address will not be published. Required fields are marked *