ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਪਿਛਲੇ ਕਿਸਾਨ ਸੰਘਰਸ਼ ਦੌਰਾਨ ਇੱਕ ਵਾਰ ਫਿਰ ਆਸ ਬੱਝੀ ਸੀ ਕਿ ਕਿਸਾਨੀ ਦਾ ਇਹ ਸ਼ਕਤੀ ਪ੍ਰਦਰਸ਼ਨ ਪੰਜਾਬ ਦੇ ਪੁਨਰ ਉਥਾਨ ਦਾ ਮੁੱਢ ਬੰਨੇ੍ਹਗਾ, ਪਰ ਇਹ ਦੌਰ ਵੀ ਇੱਕ ਤੇਜ਼ ਸੁਪਨੇ ਦੀ ਤਰ੍ਹਾਂ ਗੁਜ਼ਰ ਗਿਆ ਹੈ।
ਇੱਕ ਵਾਰ ਫਿਰ ਵਕਤ ਦੇ ਸ਼ਾਹਸਵਾਰ ਪੰਜਾਬੀ ਚੇਤਨਾ ਦੇ ਵਿਹੜੇ ਸਾਹਮਣਿਓਂ ਦੀ ਇੱਕ ਝਲਕ ਮਾਤਰ ਦੇ ਕੇ ਗੁਜ਼ਰ ਗਏ ਹਨ। ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿੱਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ। ਮਨੋਵਿਗਿਆਨੀ ਆਖਦੇ ਹਨ ਕਿ ਬੰਦੇ ਦਾ ਰੀਅਲ ਸੈਲਫ ਅਤੇ ਆਈਡਲ ਸੈਲਫ ਕਦੇ ਇੱਕ ਨਹੀਂ ਹੋ ਸਕਦੇ, ਪਰ ਆਪਣੇ ਆਦਰਸ਼ ਸੈਲਫ ਲਈ ਅਮੁੱਕ ਤਾਂਘ ਹੀ ਬੰਦੇ ਨੂੰ ਬਾਕੀ ਜਾਨਵਰ ਜਗਤ ਤੋਂ ਵੱਖ ਕਰਦੀ ਹੈ। ਕਿਸੇ ਸਮਾਜ ‘ਤੇ ਵੀ ਸ਼ਾਇਦ ਇਹੋ ਮਨੋਵਿਗਿਆਨਕ ਅਸੂਲ ਲਾਗੂ ਹੁੰਦਾ ਹੋਵੇ। ਆਪਣੇ ਇਤਿਹਾਸ ਵਿੱਚ ਬੀਜੇ ਆਦਰਸ਼ ਆਪਣੇ ਅਸਲ ਨਾਇਕਾਂ ਦੀ ਤਾਲਾਸ਼ ਵਿੱਚ ਸਦਾ ਪੰਜਾਬ ਦੀ ਜਵਾਨੀ ਨੂੰ ਬੇਚੈਨ ਰੱਖਦੇ ਹਨ। ਮੀਡੀਆ ਖੇਤਰ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ ਲੇਖਕ ਜਸਵੀਰ ਸਿੰਘ ਸ਼ੀਰੀ ਨੇ ਇਸ ਨਾਵਲ ਵਿੱਚ ਪੰਜਾਬ ਦੀ ਇਸ ਬੇਚੈਨ ਆਤਮਾ ਨੂੰ ਹੀ ਸੰਬੋਧਨ ਹੋਣ ਦੀ ਕੋਸ਼ਿਸ਼ ਕੀਤੀ ਹੈ। ਇਹ ਨਾਵਲ ਅਸੀਂ ਕਿਸ਼ਤ-ਦਰ-ਕਿਸ਼ਤ ਪ੍ਰਕਾਸ਼ਿਤ ਕਰ ਰਹੇ ਹਾਂ…
ਜਸਵੀਰ ਸਿੰਘ ਸ਼ੀਰੀ
ਰਾਤੀਂ ਹੋਰ ਵੀ ਬਹੁਤ ਗੱਲਾਂ ਹੋਈਆਂ। ਵੀਰਦੀਪ ਜਲਦੀ ਸੌਂ ਗਿਆ ਸੀ। ਕਰਮੇ ਨੇ ਉਹਨੂੰ ਚੁੱਕਿਆ ਤੇ ਆਪਣੇ ਕਮਰੇ ਵਿੱਚ ਲੈ ਗਿਆ। ਨਸੀਬੋ ਤੇ ਨਵਜੋਤ ਇੱਕੋ ਮੰਜੇ ‘ਤੇ ਪਈਆਂ ਦੇਰ ਤੱਕ ਢਿੱਡ ਫਰੋਲਦੀਆਂ ਰਹੀਆਂ। ਸਵੇਰੇ ਉਹ ਥੋੜ੍ਹਾ ਦੇਰ ਨਾਲ ਉੱਠੀ, ਪਰ ਵਕਤ ਰਹਿੰਦੇ ਹੀ ਬੱਸ ਅੱਡੇ ‘ਤੇ ਪਹੁੰਚ ਗਈ। ਬੱਸ ਫੜੀ ਤੇ ਆਪਣੇ ਪੇਕੇ ਪਿੰਡ ਜਾ ਉੱਤਰੀ। ਨਸੀਬੋ ਹੁਣ ਦੂਜੇ ਵਿਆਹ ਲਈ ਮਨ ਬਣਾ ਰਹੀ ਸੀ। ਕਰਮੇ ਦੇ ਨਵੇਂ ਵਿਆਹ ਵਾਲੀ ਤਜਵੀਜ਼ ‘ਤੇ ਉਹਨੂੰ ਇਹੋ ਖਦਸ਼ਾ ਸੀ ਬਈ ਨੌਕਰੀ ਤਾਂ ਜੋ ਹੈ ਸੋ ਹੈ, ਬੰਦਾ ਚੰਗਾ ਹੋਵੇ, ਮੇਰੇ ਮੁੰਡੇ ਨਾਲ ਵਿਤਕਰਾ ਨਾ ਕਰੇ।
ਬਾਰਾਂ ਕੁ ਵਜੇ ਉਹ ਪੇਕਿਆਂ ਦੇ ਘਰ ਜਾ ਪਹੁੰਚੀ। ਚਾਹ ਪਾਣੀ ਪੀਣ ਬਾਅਦ ਮਾਪਿਆਂ ਨੇ ਫਿਰ ਉਹੋ ਵਿਆਹ ਵਾਲਾ ਰਾਗ ਛੋਹ ਲਿਆ। ਸ਼ਾਮੀਂ ਜਦੋਂ ਉਹਦੇ ਭਰਾ ਆਏ ਤਾਂ ਉਹ ਵੀ ਵਿਆਹ ਲਈ ਜ਼ੋਰ ਦੇਣ ਲੱਗੇ। ਆਖਰ ਨਸੀਬੋ ਇੱਕ ਸ਼ਰਤ ‘ਤੇ ਮੰਨ ਗਈ ਕਿ ਮੁੰਡਾ ਕਰਮੇ ਵੀਰ ਹੋਰਾਂ ਦੀ ਮਰਜ਼ੀ ਦਾ ਹੋਵੇਗਾ। ਸਾਰੇ ਟੱਬਰ ਨੇ ਜਿਵੇਂ ਸੁਖ ਦਾ ਸਾਹ ਲਿਆ, ‘ਚਲੋ ਵਿਆਹ ਲਈ ਮੰਨੀ ਤਾਂ ਸਹੀ!’
ਉਹ ਅਗਲੇ ਕੁਝ ਦਿਨ ਆਪਣੇ ਪਿੰਡ ਰਹੀ, ਭਰਾ ਤੇ ਮਾਂ ਵਿਆਹ ਦੀ ਲੋੜ ਬਾਰੇ ਗੱਲਾਂ ਕਰਦੇ ਰਹੇ। ਹੁਣ ਵੀਰਦੀਪ ਇਨ੍ਹਾਂ ਗੱਲਾਂ ਨੂੰ ਧਿਆਨ ਨਾਲ ਸੁਣਨ ਲੱਗਾ ਸੀ।
‘ਮੇਰੇ ਬਾਰੇ ਵੀ ਕੁਝ ਸੋਚ ਲੈਣਾ ਸੀ’ ਉਹ ਆਪਣੀ ਨਾਨੀ ਨੂੰ ਕਹਿਣ ਲੱਗਾ।
‘ਤੂੰ ਸਾਡੇ ਕੋਲ ਰਹਿ ਲਵੀਂ ਪੁੱਤ। ’
‘ਮਾਮੇ ਮਾਮੀਆਂ ਨੂੰ ਵੀ ਪੁੱਛ ਲਓ ਪਹਿਲਾਂ’ ਵੀਰਦੀਪ ਨੇ ਫੜਾਕ ਕਰਦਾ ਸਵਾਲ ਨਾਨੀ ਦੇ ਮੂੰਹ ‘ਤੇ ਮਾਰਿਆ। ਵੱਡੀ ਮਾਮੀ ਲਾਗੇ ਹੀ ਬੈਠੀ ਸੀ। ਮੁੰਡੇ ਦਾ ਸੁਆਲ ਸੁਣ ਕੇ ਉਹਦਾ ਰੰਗ ਫੱਕ ਹੋ ਗਿਆ। ਮੁੰਡਾ ਚਿਹਰਿਆਂ ਦੇ ਹਾਵ-ਭਾਵ ਸਮਝਣ ਲੱਗਾ ਸੀ। ਉਹ ਕੁਝ ਨਾ ਬੋਲੀ। ਸੋਚਣ ਲੱਗੀ, ਗੁਜ਼ਾਰਾ ਤਾਂ ਅੱਗੇ ਮਸਾਂ ਚਲਦਾ। ਬੁੜ੍ਹੀ ਹੋਰ ਟੈਂਟੇ ਖੜ੍ਹੇ ਕਰੀ ਜਾਂਦੀ। ਉਹਦੇ ਨਿਆਣੇ ਸਨ ਇੱਕ ਮੁੰਡਾ ਤੇ ਕੁੜੀ, ਬੱਚੇ ਪੜ੍ਹਨ ਗਏ ਹੋਏ ਸਨ। ਉਹ ਹੁੰਦੇ ਤਾਂ ਵੀਰਦੀਪ ਸ਼ਾਇਦ ਖੇਡਣ ਵਿੱਚ ਰੁਝ ਜਾਂਦਾ। ਜਿੰਨੇ ਦਿਨ ਨਸੀਬੋ ਪੇਕੀਂ ਰਹੀ, ਛੋਟੀ ਭਾਬੀ ਮਿਲਣ ਵੀ ਨਹੀਂ ਸੀ ਆਈ। ਉਹ ਆਪ ਹੀ ਜਾ ਕੇ ਮਿਲ ਆਈ। ਛੋਟੀ ਭਾਬੀ ਨੇ ਇੱਕ ਵਾਰ ਵੀ ਵੀਰਦੀਪ ਦਾ ਹਾਲ ਨਹੀਂ ਸੀ ਪੁੱਛਿਆ। ਰੁੱਸੇ ਜਿਹੇ ਮੂੰਹ ਨਾਲ ਨਸੀਬੋ ਨਾਲ ਗੱਲਾਂ ਕਰਦੀ ਰਹੀ। ਛੋਟੇ ਭਰਾ ਦੇ ਘਰੋਂ ਵਾਪਸ ਪਰਤਦਿਆਂ ਉਹ ਸੋਚਣ ਲੱਗੀ, ਕਾਸ਼ ਮੇਰਾ ਬਾਬਲ ਅੱਜ ਜਿਉਂਦਾ ਹੁੰਦਾ। ਉਹਨੂੰ ਇਹ ਅਹਿਸਾਸ ਹਾਲੇ ਵੀ ਨਹੀਂ ਸੀ ਹੋਇਆ ਕਿ ਇਹ ਸਮਾਜ ਨੁਕੀਲੇ ਪੱਥਰਾਂ ਦੇ ਰਿਸ਼ਤਿਆਂ ਵਿੱਚ ਬੱਝਾ ਹੋਇਆ ਹੈ। ਘਰ ਪਰਤ ਕੇ ਉਸ ਨੇ ਕਰਮੇ ਨੂੰ ਫੋਨ ਮਿਲਾਇਆ। ਹੁਕਮੇ ਦਾ ਫੋਨ ਕਰਮੇ ਨੇ ਉਹਨੂੰ ਦੇ ਦਿੱਤਾ ਸੀ। ਉਹਨੇ ਰਿਸ਼ਤੇ ਵਾਲੇ ਮੁੰਡੇ ਬਾਰੇ ਪੁੱਛਿਆ। ‘ਉਹ ਹਾਲੇ ਵਿਆਹਿਆ ਨੀ, ਮੈਂ ਉਹਦੇ ਨਾਲ ਗੱਲ ਕੀਤੀ, ਇੱਕੋ ਸ਼ਰਤ ਰੱਖਦਾ ਬਈ ਜਨਾਨੀ ਦੇ ਬੱਚਾ ਨਾ ਹੋਵੇ। ਨਹੀਂ ਮੇਰੀ ਕੁੜੀ ਰੁਲ ਜਾਵੇਗੀ। ਭਾਬੀ ਤੂੰ ਆਪਣੇ ਮਾਪਿਆਂ ਨੂੰ ਤਿਆਰ ਕਰ, ਮੈਂ ਗੱਲ ਬਣਾ ਲਵਾਂਗਾ’ ਕਰਮੇ ਨੇ ਆਖਰੀ ਗੱਲ ਕਹੀ।
‘ਵੇਖਦੀ ਆਂ ਵੀਰਾ’ ਇੰਨੀ ਗੱਲ ਆਖ ਕੇ ਨਸੀਬੋ ਨੇ ਫੋਨ ਬੰਦ ਕਰ ਦਿੱਤਾ।
‘ਅਖੇ ਬੱਚਾ ਨਾ ਹੋਵੇ, ਕੰਜਰ ਕਿਸੇ ਥਾਂ ਦਾ, ਤੇਰੇ ਸਾਲਿਆ ਬੱਚਾ ਨੀ, ਤੂੰ ਕੰਜਰਾ ਕੁੱਤੀਆਂ ਪਾਲਦਾਂ’ ਉਹ ਬੁੜਬੁੜਾਈ। ਚਾਰੇ ਪਾਸਿਉਂ ਚੁਭਵੀਆਂ ਗੱਲਾ ਸੁਣ ਸੁਣ ਕੇ ਨਸੀਬ ਕੁਰ ਜਿਵੇਂ ਤਪੀ ਪਈ ਸੀ।
ਤਿੰਨ ਚਾਰ ਦਿਨ ਨਸੀਬੋ ਹੋਰ ਆਪਣੀ ਵੱਡੀ ਭਰਜਾਈ ਵੱਲ ਰਹੀ। ਛੋਟਾ ਜਿਹਾ ਘਰ ਜਿਵੇਂ ਭੀੜ ਨਾਲ ਭਰ ਗਿਆ ਸੀ। ਵੱਡੀ ਬਾਬੀ ਉਹਦੇ ਨਾਲ ਬੋਲਚਾਲ ਤੋਂ ਵੀ ਕਤਰਾਉਣ ਲੱਗੀ। ਬੱਚੇ ਸਕੂਲ ਗਏ ਹੁੰਦੇ ਤਾਂ ਵੀਰਦੀਪ ਨਾਨੀ ਨਾਲ ਅੱਲ-ਪਟੱਲ ਮਾਰਦਾ ਰਹਿੰਦਾ। ਬੱਚੇ ਘਰ ਆ ਜਾਂਦੇ ਤਾਂ ਉਹ ਆਪਸ ਵਿੱਚ ਖੇਡਣ ਨਿਕਲ ਜਾਂਦੇ। ਚੌਥੇ ਦਿਨ ਤੀਜੇ ਕੁ ਪਹਿਰ ਛੋਟਾ ਭਰਾ ਨਸੀਬੋ ਨੂੰ ਆਪਣੇ ਵੱਲ ਲੈ ਗਿਆ। ਸਮਝਾਉਣ ਲੱਗਾ, ‘ਜੇ ਕੋਈ ਚੰਗਾ ਬੰਦਾ ਮਿਲਦਾ ਤਾਂ ਵਿਆਹ ਕਰਵਾ ਲਾ। ਇਉਂ ਨੀ ਜ਼ਿੰਦਗੀ ਬਸਰ ਹੋਣੀ। ਨਸੀਬੋ ਬੇਬਸ ਹੋਣ ਲੱਗੀ। ਉਹਨੇ ਫਿਰ ਕਰਮੇ ਨੂੰ ਫੋਨ ਮਿਲਾਇਆ ਤੇ ਮੁੰਡੇ ਵਾਲਿਆਂ ਨੂੰ ਆਪਣੇ ਘਰ ਬੁਲਾਉਣ ਲਈ ਕਿਹਾ। ‘ਦੱਸਦਾਂ ਭਾਬੀ ਮੈਂ ਹੁਣੇ’ ਕਰਮੇ ਨੇ ਗੁਰਮੀਤ ਨਾਲ ਗੱਲ ਕੀਤੀ ਤੇ ਐਤਵਾਰ ਬਾਰਾਂ ਕੁ ਵਜੇ ਮਿਲਣ ਦਾ ਸਮਾਂ ਤੈਅ ਕਰ ਲਿਆ।
‘ਐਤਵਾਰ ਨੂੰ ਆਜੋ ਭਾਬੀ ਤੁਸੀਂ ਇਥੇ ਮੇਰੇ ਕੋਲ ਗਿਆਰਾਂ ਕੁ ਵਜੇ, ਆਪਾਂ ਗੱਲ ਨਬੇੜ ਲੈਨੇ ਆਂ’ ਕਰਮੇ ਨੇ ਨਸੀਬੋ ਨੂੰ ਫੋਨ ‘ਤੇ ਦੱਸਿਆ।
ਐਤਵਾਰ ਨੂੰ ਨਸੀਬੋ ਦਾ ਵੱਡਾ ਭਰਾ ਅਤੇ ਉਹਦੀ ਮਾਂ ਕਰਮੇ ਕੇ ਪਹੁੰਚ ਗਏ। ਮੁੰਡੇ ਵਾਲਿਆਂ ਵਲੋਂ ਗੁਰਮੀਤ ਆਪ ਤੇ ਉਹਦੀ ਭੈਣ ਆਏ ਸਨ। ਸਾਰੀ ਗੱਲ ਹੋਈ। ਜਾਤਾਂ-ਗੋਤਾਂ ਬਾਰੇ ਵੀ ਪੁੱਛ-ਗਿੱਛ ਹੋਈ। ਗੁਰਮੀਤ ਬੱਸ ਇਸ ਗੱਲ ‘ਤੇ ਅੜਿਆ ਰਿਹਾ ਕਿ ਬੱਚਾ ਉਹ ਨਾਲ ਨਹੀਂ ਲਿਜਾ ਸਕਦੇ। ਬਹੁਤ ਸੋਚ ਵਿਚਾਰ ਤੋਂ ਬਾਅਦ ਆਖਰ ਨਸੀਬੋ ਨੇ ਕੌੜਾ ਘੁੱਟ ਭਰ ਲਿਆ। ਉਹ ਮੁੰਡੇ ਨੂੰ ਮਿਲਦੀ ਰਹੇਗੀ, ਇਹ ਸ਼ਰਤ ਗੁਰਮੀਤ ਨੇ ਮੰਨ ਲਈ ਸੀ। ਰਿਸ਼ਤਾ ਪੱਕਾ ਹੋ ਗਿਆ ਤੇ ਕਰਮੇ ਨੇ ਆਪਣੇ ਘਰ ਹੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾ ਕੇ ਉਨ੍ਹਾਂ ਦਾ ਵਿਆਹ ਕਰਵਾ ਦਿੱਤਾ। ਵਿਆਹ ਲਈ ਉਧਰੋਂ ਪੰਜ ਬੰਦੇ ਆਏ ਸਨ। ਵੀਰਦੀਪ ਦੇ ਨਾਨਕਿਆਂ ਦਾ ਹੁਣ ਸਾਰਾ ਟੱਬਰ ਆ ਗਿਆ ਸੀ, ਦੋਨੋਂ ਮਾਮੇ ਮਾਮੀਆਂ, ਉਨ੍ਹਾਂ ਦੇ ਬੱਚੇ ਤੇ ਮਾਂ ਵੀ। ਸਾਰੇ ਖੁਸ਼ ਸਨ; ਉਦਾਸ ਸੀ ਤਾਂ ਵੀਰਦੀਪ। ਲਾਵਾਂ ਫੇਰਿਆਂ ਵੇਲੇ ਉਹ ਆਸੇ-ਪਾਸੇ ਹੀ ਫਿਰਦਾ ਰਿਹਾ। ਮਾਂ ਨੇ ਜਿਸ ਦਿਨ ਦਾ ਉਸ ਨੂੰ ਆਪਣੇ ਦੂਜੇ ਵਿਆਹ ਬਾਰੇ ਦੱਸਿਆ ਸੀ, ਉਹਦਾ ਜਿਵੇਂ ਨਸੀਬੋ ਤੋਂ ਮੋਹ ਭੰਗ ਹੋ ਗਿਆ ਸੀ। ਉਹ ਨਵਜੋਤ ਵੱਲ ਹੁਣ ਉਹ ਵਧੇਰੇ ਪਿਆਰ ਨਾਲ ਵੇਖਣ ਲੱਗਾ।
ਸ਼ਾਮ ਚਾਰ ਕੁ ਵਜੇ ਨਸੀਬੋ ਵਿਦਾ ਹੋਣ ਲੱਗੀ। ਉਹਨੇ ਵੀਰਦੀਪ ਨੂੰ ਆਪਣੀ ਹਿੱਕ ਨਾਲ ਘੁੱਟਣਾ ਚਾਹਿਆ, ਪਰ ਉਸ ਨੂੰ ਲੱਗਾ ਉਹ ਜਿਵੇਂ ਕਿਸੇ ਓਪਰੇ ਬੱਚੇ ਨੂੰ ਆਪਣੀ ਬੁੱਕਲ ਵਿੱਚ ਲੈ ਰਹੀ ਹੋਵੇ। ਵੀਰਦੀਪ ਉਹਦੇ ਪ੍ਰਤੀ ਅਹਿਸਾਸ ਹੀਣ ਹੋ ਗਿਆ ਸੀ। ਨਸੀਬੋ ਦੀ ਭੁੱਬ ਨਿਕਲ ਗਈ। ਨਸੀਬੋ ਨੂੰ ਤੋਰ ਕੇ ਕਰਮਾ ਨਸੀਬੋ ਦੇ ਮਾਪਿਆਂ ਨੂੰ ਸੰਬੋਧਨ ਹੋਇਆ, ‘ਹੁਣ ਇੱਕ ਦਿਨ ਤੁਹਾਨੂੰ ਸ਼ਹਿਰ ਕਚਹਿਰੀ ਆਉਣਾ ਪੈਣਾ, ਮੁੰਡੇ ਦਾ ਮੁਤਬੰਨਾ ਲਿਖਾਉਣ ਲਈ। ’ ਸਾਰਿਆਂ ਨੇ ਹਾਂ ਵਿੱਚ ਸਿਰ ਹਿਲਾਇਆ। ‘ਆਪਣੇ ਪਿੰਡ ਦਾ ਨੰਬਰਦਾਰ ਨਾਲ ਲੈਂਦੇ ਆਇਉ। ’ ਕਰਮੇ ਨੇ ਨਸੀਬੋ ਦੇ ਵੱਡੇ ਭਰਾ ਦਾ ਫੋਨ ਨੰਬਰ ਲਿਆ ਤੇ ਆਖਿਆ, ‘ਮੈਂ ਤੁਹਾਨੂੰ ਦਿਨ ਦੱਸ ਦਿਆਂਗਾ। ’ ਨਸੀਬੋ ਦੀ ਡੋਲੀ ਤੋਰਨ ਮਗਰੋਂ ਸਾਰੇ ਆਪੋ ਆਪਣੇ ਟਿਕਾਣਿਆਂ ਵੱਲ ਤੁਰ ਗਏ। ਮਾਮਿਆਂ ਨੇ ਵੀਰਦੀਪ ਨੂੰ ਕੁਝ ਦਿਨ ਆਪਣੇ ਨਾਲ ਲਿਜਾਣ ਲਈ ਕਿਹਾ, ਪਰ ਵੀਰਦੀਪ ਨੇ ਦੋ ਟੁੱਕ ਜੁਆਬ ਦੇ ਦਿੱਤਾ। ਨਸੀਬੋ ਦੇ ਜਾਣ ਪਿਛੋਂ ਵੀਰਦੀਪ ਚੁੱਪ-ਚੁੱਪ ਅਤੇ ਬੇਚੈਨ ਜਿਹਾ ਘੁੰਮਦਾ ਰਿਹਾ। ਉਸ ਦੇ ਪਿਉ ਨੂੰ ਬਿਜਲੀ ਬੋਰਡ ਦੀਆਂ ਤਾਰਾਂ ਖਾ ਗਈਆਂ ਸਨ ਅਤੇ ਮਾਂ ਨੂੰ ਕੋਈ ਹੋਰ ਮਰਦ ਲੈ ਗਿਆ ਸੀ। ਇਹ ਅਹਿਸਾਸ ਹੋਣ ਲਈ ਉਹਨੂੰ ਕਈ ਦਿਨ ਲੱਗੇ ਕਿ ਹੁਣ ਇਹੋ ਉਹਦਾ ਘਰ ਹੈ ਤੇ ਨਵਜੋਤ ਕੌਰ ਅਤੇ ਕਰਮਜੀਤ ਸਿੰਘ ਉਹਦੇ ਮਾਂ-ਪਿਉ।
ਮਿੱਥੇ ਦਿਨ ਉੱਪਰ ਵੀਰਦੀਪ ਦੇ ਨਾਨਕੇ ਕਚਹਿਰੀ ਪਹੁੰਚ ਗਏ ਅਤੇ ਨਸੀਬੋ ਵੀ ਆ ਗਈ। ਉਨ੍ਹਾਂ ਕਰਮਜੀਤ ਦੇ ਨਾਂ ਵੀਰਦੀਪ ਦਾ ਮੁਤਬੰਨਾ ਕਰਵਾ ਦਿੱਤਾ। ਉਧਰੋਂ ਨਸੀਬੋ ਤੇ ਉਹਦੀ ਮਾਂ ਨੇ ਦਸਤਖਤ ਕੀਤੇ, ਇਧਰੋਂ ਕਰਮਜੀਤ ਤੇ ਨਵਜੋਤ ਕੌਰ ਨੇ। ਦੋਹਾਂ ਪਿੰਡਾਂ ਦੇ ਨੰਬਰਦਾਰਾਂ ਦੀ ਗਵਾਹੀ ਪੈ ਗਈ। ਹੁਣ ਕਾਨੂੰਨੀ ਤੌਰ ‘ਤੇ ਵੀਰਦੀਪ ਕਰਮੇ ਤੇ ਨਵਜੋਤ ਦਾ ਮੁਤਬੰਨਾ ਪੁੱਤ ਹੋ ਗਿਆ ਸੀ। ਦਸਤਖਤ ਕਰਦਿਆਂ ਨਸੀਬੋ ਨੇ ਰਜਿਸਟਰ ‘ਤੇ ਪਾਏ ਅੱਖਰ ਹੰਝੂਆਂ ਨਾਲ ਭਿਉਂ ਦਿੱਤੇ। ਜਾਣ ਲੱਗੇ ਉਹਨੇ ਵੀਰਦੀਪ ਨੂੰ ਬੁੱਕਲ ਵਿੱਚ ਲੈਣ ਦਾ ਯਤਨ ਕੀਤਾ, ਪਰ ਉਹ ਪਰ੍ਹਾਂ ਹਟ ਗਿਆ। ‘ਵੀਰਦੀਪ ਚੰਗੀ ਤਰ੍ਹਾਂ ਮਿਲ ਲੈ ਯਾਰ ਭਾਬੀ ਨੂੰ, ਕਰਮੇ ਨੇ ਵੀਰਦੀਪ ਨੂੰ ਇਸ਼ਾਰਾ ਕੀਤਾ।’ ਉਹ ਅੱਗੇ ਵਧਿਆ ਤੇ ਨਸੀਬੋ ਨੇ ਬੁੱਕਲ ਵਿੱਚ ਲੈ ਲਿਆ; ਪਰ ਇਸ ਵਾਰ ਵੀ ਓਪਰਾਪਣ ਕਾਇਮ ਸੀ।
—
ਗੁਰਮੀਤ ਨੂੰ ਬਿਜਲੀ ਬੋਰਡ ਵਿੱਚ ਨੌਕਰ ਹੋਇਆਂ 12-13 ਸਾਲ ਹੋ ਗਏ ਸਨ। ਉਹਨੇ ਆਰਟਸ ਵਿੱਚ ਗਰੈਜੁਏਸ਼ਨ ਕੀਤੀ ਤਾਂ ਸੋਸ਼ਿਆਲੋਜੀ ਵਿੱਚ ਪੀਐਚ.ਡੀ. ਕਰਕੇ ਪ੍ਰੋਫੈਸਰ ਲੱਗਣ ਦੀ ਉਸ ਦੀ ਚਾਹਤ ਘਰ ਦੀ ਗਰੀਬੀ ਨੇ ਤੋੜ ਦਿੱਤੀ ਸੀ। ਉਹਦੇ ਮਾਪੇ ਕੋਰੇ ਅਨਪੜ੍ਹ ਸਨ ਅਤੇ ਆਪਣੇ ਪਿੰਡ ਵਿੱਚ ਲਾਗੀਪੁਣਾ ਕਰਦੇ ਸਨ। ਉਨ੍ਹਾਂ ਨੇ ਮਿਹਨਤ ਮਜ਼ਦੂਰੀ ਕਰਕੇ ਮੁੰਡੇ ਨੂੰ ਦਸਵੀਂ ਕਰਵਾਈ ਤੇ ਫਿਰ ਕੋਈ ਕੰਮਕਾਰ ਕਰਨ ਦੀ ਸਲਾਹ ਦਿੱਤੀ। ਸ਼ਹਿਰ ਦੀ ਕਿਸੇ ਫੈਕਟਰੀ ਵਿੱਚ ਕੰਮ ਕਾਰ ਕਰਦਾ ਉਹ ਬੀ.ਏ. ਕਰ ਗਿਆ। ਫਿਰ ਪੰਜਾਬ ਬਿਜਲੀ ਬੋਰਡ ਵੱਲੋਂ ਕਲਰਕ ਦੀਆਂ ਨੌਕਰੀਆਂ ਨਿਕਲੀਆਂ। ਪੜ੍ਹਾਈ ਗਰੈਜੂਏਸ਼ਨ ਮੰਗੀ ਗਈ ਸੀ ਅਤੇ ਨਾਲ ਟਾਈਪਿੰਗ ਦੀ ਇੱਕ ਖਾਸ ਸਮਰੱਥਾ। ਇਹ ਦੋਨੋਂ ਸ਼ਰਤਾਂ ਉਹ ਪੂਰੀਆਂ ਕਰਦਾ ਸੀ। ਕਿਸੇ ਜਾਣੂ ਦੀ ਸਿਫਾਰਸ਼ ਨਾਲ ਉਸ ਨੂੰ ਨੌਕਰੀ ਮਿਲ ਗਈ। ਉਸ ਦੇ ਪਰਿਵਾਰਕ ਮਾਹੌਲ ਲਈ ਇਹ ਵੱਡੀ ਤਬਦੀਲੀ ਸੀ। ਰੈਗੂਲਰ ਆਮਦਨ ਨੇ ਘਰ ਦਾ ਆਰਥਕ ਮਾਹੌਲ ਬਦਲ ਦਿੱਤਾ ਸੀ। ਉਸ ਨੇ ਹੁਣ ਆਪਣੇ ਮਾਪਿਆਂ ਨੂੰ ਵੀ ਲਾਗੀਪੁਣਾ ਤਿਆਗਣ ਦੀ ਸਲਾਹ ਦਿੱਤੀ; ਪਰ ਉਹ ਐਡੀ ਛੇਤੀ ਆਪਣਾ ਪੁਸ਼ਤੈਨੀ ਕਿੱਤਾ ਛੱਡਣ ਲਈ ਰਾਜ਼ੀ ਨਾ ਹੋਏ। ਗੁਰਮੀਤ ਦੀ ਪਹਿਲੀ ਵਹੁਟੀ ਦਸ ਪਾਸ ਸੀ, ਪਰ ਸਰੀਰਕ ਪੱਖੋਂ ਉਸ ਦੀ ਕੋਈ ਨਾ ਕੋਈ ਚੂਲ ਵਿੰਗੀ ਹੀ ਰਹਿੰਦੀ। ਦੋ ਕੁ ਸਾਲ ਬਾਅਦ ਉਨ੍ਹਾਂ ਦੇ ਇੱਕ ਧੀ ਨੇ ਜਨਮ ਲਿਆ। ਉਹ ਹੁਣ ਛੇਵੀਂ ਜਮਾਤ ਵਿੱਚ ਪੜ੍ਹਦੀ ਸੀ। ਘਰ ਦਾ ਸਾਰਾ ਕੰਮ ਜਾਂ ਤਾਂ ਗੁਰਮੀਤ ਦੀ ਮਾਂ ਸੰਭਾਲਦੀ ਜਾਂ ਫਿਰ ਉਹਦੀ ਬੇਟੀ ਸਕੂਲੋਂ ਵਾਪਸ ਆਣ ਕੇ ਕਰਦੀ। ਨਸੀਬੋ ਦੇ ਘਰ ਆ ਜਾਣ ਨਾਲ ਉਹ ਪੰਜ ਜੀਅ ਹੋ ਗਏ। ਗੁਰਮੀਤ ਨੇ ਇੱਕ ਦਿਨ ਬੱਚੀ ਤੇ ਨਸੀਬੋ ਨੂੰ ਕੋਲ ਬਿਠਾ ਕੇ ਸਮਝਾਇਆ ਕਿ ਇਹ ਤੇਰੀ ਦੂਜੀ ‘ਮਾਂ’ ਹੈ। ‘ਤੁਸੀਂ ਆਪਸ ਵਿੱਚ ਰਲ ਮਿਲ ਕੇ ਪਿਆਰ ਨਾਲ ਰਹਿਣਾ।’ ਉਹ ਨਸੀਬੋ ਨੂੰ ਵੀ ਸੰਬੋਧਨ ਹੋਇਆ, ‘ਇਹਦੇ ਅਤੇ ਆਪਣੇ ਮਾਪਿਆਂ ਕਰਕੇ ਮੈਂ ਵਿਆਹ ਕਰਵਾਇਆ, ਨਹੀਂ ਤਾਂ ਮੇਰਾ ਹੋਰ ਵਿਆਹ ਕਰਵਾਉਣ ਦਾ ਕੋਈ ਇਰਾਦਾ ਨਹੀਂ ਸੀ। ਤੂੰ ਇਨ੍ਹਾਂ ਦਾ ਧਿਆਨ ਰੱਖਣਾ। ਕੋਈ ਸ਼ਿਕਾਇਤ ਨਾ ਆਵੇ ਮੈਨੂੰ।’
ਨਸੀਬੋ ਨੇ ਸਤਿ ਬਚਨ ਕਹਿ ਦਿੱਤਾ। ਕੰਮਕਾਰ ਦੀ ਸਚਿਆਰੀ ਤਾਂ ਉਹ ਹੈ ਹੀ ਸੀ। ਉਹਨੇ ਜਲਦੀ ਹੀ ਘਰ ਸੰਭਾਲ ਲਿਆ। ਗੁਰਮੀਤ ਦੇ ਮਾਪਿਆਂ ਦੀ ਉਹ ਪੁੱਜ ਕੇ ਸੇਵਾ ਕਰਦੀ। ਕੁੜੀ ਦੀ ਦੇਖਭਾਲ ਵਿੱਚ ਕੋਈ ਕਸਰ ਬਾਕੀ ਨਾ ਛੱਡਦੀ। ਗੁਰਮੀਤ ਤੇ ਉਸ ਦੇ ਮਾਪਿਆਂ ਨਾਲ ਤਾਂ ਉਹ ਜਲਦੀ ਹੀ ਘੁਲ ਮਿਲ ਗਈ, ਪਰ ਕੁੜੀ ਉਹਦੇ ਨਾਲ ਅਸਹਿਜ ਰਹਿੰਦੀ। ਬੱਚੀ ਦਾ ਰਵੱਈਆ ਕਈ ਵਾਰ ਉਸ ਨੂੰ ਨਿਰਾਸ਼ ਕਰ ਦਿੰਦਾ। ਅਜਿਹੇ ਵਕਤ ਉਸ ਨੂੰ ਵੀਰਦੀਪ ਦੀ ਬਹੁਤ ਯਾਦ ਆਉਂਦੀ। ਇੱਕ ਦੋ ਵਾਰ ਤਾਂ ਉਹ ਵੀਰਦੀਪ ਨੂੰ ਮਿਲਣ ਵੀ ਗਈ ਸੀ। ਫਿਰ ਹੌਲੀ ਹੌਲੀ ਬੱਚੀ ਦਾ ਰਵੱਈਆ ਬਦਲਣ ਲੱਗਾ। ਨਸੀਬੋ ਗੁਰਮੀਤ ਕੋਲ ਸ਼ਿਕਾਇਤ ਵੀ ਕੋਈ ਨਾ ਕਰਦੀ। ਉਹਦਾ ਸੁਭਾ ਹੀ ਅਜਿਹਾ ਨਹੀਂ ਸੀ। ਕੁਝ ਮਹੀਨੇ ਬਾਅਦ ਨਸੀਬੋ ਨੂੰ ਵੀਰਦੀਪ ਦੀ ਯਾਦ ਫਿਰ ਸਤਾਉਣ ਲੱਗੀ। ਨਸੀਬੋ ਨੇ ਵੀਰਦੀਪ ਦੇ ਵੱਡੇ ਮਾਮੇ ਨੂੰ ਫੋਨ ਕਰਕੇ ਕਿਹਾ ਕਿ ਉਹ ਜਾ ਕੇ ਵੀਰਦੀਪ ਨੂੰ ਵੇਖ ਆਵੇ। ਅਗਲੇ ਐਤਵਾਰ ਵੀਰਦੀਪ ਦਾ ਮਾਮਾ ਸਵੇਰੇ ਸਵਖਤੇ ਹੀ ਕਰਮੇ ਕੀ ਬਹਿਕ ‘ਤੇ ਪਹੁੰਚ ਗਿਆ। ਉਹ ਬੱਸ ਉਡੀਕਣ ਦੀ ਬਜਾਏ ਸਾਈਕਲ ‘ਤੇ ਹੀ ਚਲਾ ਗਿਆ ਸੀ। ਵੀਰਦੀਪ ਤੇ ਕਰਮਾ ਘਰ ਹੀ ਸਨ। ਨਵਜੋਤ ਕਿਧਰੇ ਲਾਂਭ ਗਈ ਹੋਈ ਸੀ। ਦਰਵਾਜ਼ਾ ਖੜਕਿਆ ਤਾਂ ਵੀਰਦੀਪ ਨੇ ਦਰਵਾਜ਼ਾ ਖੋਲਿ੍ਹਆ। ਉਹਨੇ ਮਾਮੇ ਨੂੰ ਫਤਹਿ ਬੁਲਾਈ। ਕਰਮਾ ਅੰਦਰ ਸੁੱਤਾ ਪਿਆ ਸੀ। ਵੀਰਦੀਪ ਨੇ ਕਰਮੇ ਨੂੰ ਜਗਾਇਆ; ‘ਚਾਚਾ, ਵੱਡਾ ਮਾਮਾ ਆਇਆ।’ ਕਰਮਾ ਉੱਠਿਆ ਅਤੇ ਵੀਰਦੀਪ ਨੇ ਮਾਮੇ ਨੂੰ ਚਾਹ ਪਾਣੀ ਪਿਆਇਆ। ‘ਨਸੀਬੋ ਦਾ ਸੁਨੇਹਾ ਆਇਆ ਸੀ ਬਈ ਵੀਰਦੀਪ ਨੂੰ ਜਾ ਕੇ ਮਿਲ ਆਵਾਂ। ਮੈਂ ਸੋਚਿਆ ਜੇ ਬੱਸ ਉਡੀਕਦਾ ਰਿਹਾ ਤਾਂ ਦੁਪਹਿਰਾ ਸਿਰ ਪੈ ਜਾਣਾ, ਸਾਈਕਲ ‘ਤੇ ਈ ਮਾਰ ਆਉਨਾਂ ਗੇੜਾ’ ਮਾਮਾ ਕਰਮੇ ਨਾਲ ਗੱਲਾਂ ਕਰਨ ਲੱਗਾ। ਘੰਟਾ ਕੁ ਉਹ ਗੱਲੀਂ ਲੱਗੇ ਰਹੇ। ਬਹੁਤੀਆਂ ਗੱਲਾਂ ਨਸੀਬੋ ਤੇ ਹੁਕਮੇ ਬਾਰੇ ਹੀ ਸਨ। ਵੀਰਦੀਪ ਅਤੇ ਉਹਦਾ ਖੇਡਣ ਦਾ ਰੁਝਾਨ ਵੀ ਗੱਲਬਾਤ ਦਾ ਵਿਸ਼ਾ ਬਣਦਾ ਰਿਹਾ।
ਘੰਟੇ ਕੁ ਬਾਅਦ ਮਾਮਾ ਵਾਪਸ ਜਾਣ ਲੱਗਾ ਤਾਂ ਕਰਮੇ ਨੂੰ ਪਾਸੇ ਕਰਕੇ ਵੀਰਦੀਪ ਨੇ ਕਿਹਾ, ‘ਚਾਚਾ ਇਨ੍ਹਾਂ ਨੂੰ ਕਹਿ ਦੇ ਇੱਥੇ ਨਾ ਆਇਆ ਕਰਨ ਹੁਣ। ਮੈਂ ਦੋਹਾਂ ਪਾਸੇ ਦਾ ਨਹੀਂ ਰਹਿ ਸਕਦਾ।’ ਮੁੰਡੇ ਦੀ ਗੱਲ ਸੁਣ ਕੇ ਕਰਮਾ ਹੱਕਾ ਬੱਕਾ ਰਹਿ ਗਿਆ। ‘ਮਿਲਣ ‘ਚ ਕੀ ਹਰਜ਼ ਐ ਪੁੱਤ’ ਕਰਮਾ ਕਹਿਣ ਲੱਗਾ। ‘ਨਹੀਂ ਹੁਣ ਇਹ ਇੱਥੇ ਨਹੀਂ ਆਉਣੇ ਚਾਹੀਦੇ’ ਵੀਰਦੀਪ ਬਿਲਕੁਲ ਇੱਕ ਚਿੱਤ ਸੀ। ‘ਫਿਰ ਤੂੰ ਈ ਕਹਿ ਦੇ ਵੀਰਦੀਪ ਮੇਰਾ ਕਿਹਾ ਇਨ੍ਹਾਂ ਨੂੰ ਬੁਰਾ ਲੱਗੂ।’ ਮਾਮਾ ਸਾਈਕਲ ਫੜ ਕੇ ਤੁਰਨ ਲਗਾ ਤਾਂ ਵੀਰਦੀਪ ਨੇ ਅੱਗੇ ਹੁੰਦਿਆ ਰੋਕਿਆ, ‘ਮਾਮਾ ਜੀ ਤੁਸੀਂ ਹੁਣ ਇੱਥੇ ਨਾ ਆਇਆ ਕਰੋ, ਮੈਨੂੰ ਇਹ ਚੰਗਾ ਨਹੀਂ ਲਗਦਾ। ਮੈਂ ਦੋ ਪਾਸੇ ਦਾ ਹੋ ਕੇ ਨਹੀਂ ਰਹਿਣਾ ਚਾਹੁੰਦਾ’ ਮਾਮਾ ਚੁੱਪ ਰਿਹਾ, ਪਰ ਉਹਦੇ ਮੱਥੇ ਦੀ ਤਿਉੜੀ ਹੋਰ ਗਹਿਰੀ ਹੋ ਗਈ। ਰੁੱਖੇ ਜਿਹੇ ਬੁੱਲ੍ਹ ਲੈ ਕੇ ਉਹ ਬਿਨਾ ਕੁਝ ਕਹੇ ਤੁਰ ਗਿਆ। ਉਹਨੇ ਸ਼ਾਮ ਨੂੰ ਇਹ ਗੱਲ ਨਸੀਬੋ ਨੂੰ ਦੱਸੀ ਤਾਂ ਇੱਕ ਵਾਰ ਤਾਂ ਉਹ ਗਸ਼ ਖਾਣ ਵਾਲੀ ਹੋ ਗਈ। ਗੁਰਮੀਤ ਨੇ ਉਹਨੂੰ ਕਈ ਵਾਰ ਕਿਹਾ, ‘ਅੱਜ ਤੂੰ ਠੀਕ ਨੀ ਲਗਦੀ’, ‘ਨਹੀਂ ਕੁਸ਼ ਨੀ ਸਿਰ ਜਿਹਾ ਦੁਖਦਾ ਸਵੇਰ ਦਾ’ ਕਹਿ ਕੇ ਉਹਨੇ ਗੱਲ ਟਾਲ ਦਿੱਤੀ।
‘ਡਾਕਟਰ ਨੂੰ ਬਲਾਵਾਂ’ ਗੁਰਮੀਤ ਨੇ ਫਿਰ ਪੁੱਛਿਆ।
‘ਨਹੀਂ ਆਪੇ ਹਟ ਜੂ, ਹੱਟੀਓਂ ਗੋਲੀ ਗਾਲੀ ਲਿਆਦੋ ਕੋਈ’ ਨਸੀਬੋ ਨੇ ਕੁਝ ਵੀ ਪੱਲੇ ਨਾ ਪੈਣ ਦਿੱਤਾ।
ਅਗਲੇ ਦਿਨ ਦੀ ਰੁਟੀਨ ਸ਼ੁਰੂ ਹੋਣ ਤੱਕ ਉਸ ਨੇ ਮਸਾਂ ਆਪਣੇ ਆਪ ਨੂੰ ਸੰਭਾਲਿਆ।
ਵਿਆਹ ਤੋਂ ਛੇ ਕੁ ਮਹੀਨੇ ਬਾਅਦ ਹੀ ਨਸੀਬੋ ਗਰਭਵਤੀ ਹੋ ਗਈ। ਇਹ ਗੂਹੜੇ ਸਿਆਲ ਦੇ ਦਿਨ ਸਨ। ਗੁਰਮੀਤ ਨੂੰ ਉਹਨੇ ਦੱਸਿਆ ਕਿ ਮੇਰੇ ਦਿਨ ਚੜ੍ਹ ਗਏ ਹਨ। ਨਸੀਬੋ ਹੋਰ ਬੱਚਾ ਜੰਮਣ ਦੀ ਇਛੁੱਕ ਨਹੀਂ ਸੀ। ਉਹਦਾ ਦਿਲ ਹਾਲੇ ਵੀ ਵੀਰਦੀਪ ਵਿੱਚ ਸੀ, ਪਰ ਗੁਰਮੀਤ ਸਿੰਘ ਸਮਝਦਾ ਸੀ ਕਿ ਜਿੰਨਾ ਚਿਰ ਬੱਚਾ ਨਹੀਂ ਹੁੰਦਾ ਇਹਦਾ ਇੱਥੇ ਦਿਲ ਨਹੀਂ ਲੱਗਣਾ। ਉਂਝ ਵੀ ਉਹਨੂੰ ਮੁੰਡੇ ਦੀ ਆਸ ਸੀ। ਅਗਲੇ ਸਾਲ ਅਕਤੂਬਰ ਵਿੱਚ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ। ਇਹ ਖਬਰ ਕਰਮੇ ਹੋਰਾਂ ਨੂੰ ਵੀ ਮਿਲ ਗਈ ਸੀ। ਵੀਰਦੀਪ ਨੂੰ ਉਨ੍ਹਾਂ ਨੇ ਦੱਸਿਆ ਨਾ। ਬੱਚੇ ਨਾਲ ਨਵੇਂ ਘਰ ਵਿੱਚ ਨਸੀਬੋ ਵਧੇਰੇ ਪਰਚਣ ਲੱਗੀ। ਉਹਨੂੰ ਇਹ ਵੀ ਸੀ ਕਿ ਵੀਰਦੀਪ ਦਾ ਪਾਲਣ ਪੋਸਣ ਤਾਂ ਕਰਮੇ ਹੋਰੀਂ ਮੇਰੇ ਨਾਲੋਂ ਚੰਗਾ ਹੀ ਕਰ ਸਕਦੇ ਹਨ। ਹੌਲੀ ਹੌਲੀ ਆਪਣੇ ਨਵੇਂ ਟੱਬਰ ਵਿੱਚ ਉਹ ਵਧੇਰੇ ਰੁਝ ਗਈ। ਵੀਰਦੀਪ ਖੇਡਣ ਨੂੰ ਕਾਫੀ ਤਕੜਾ ਨਿਕਲ ਆਇਆ ਸੀ। ਹੱਡੀ ਦਾ ਉਹ ਮਜਬੂਤ ਸੀ, ਭਾਵੇਂ ਸਰੀਰ ਹਾਲੇ ਪੂਰੀ ਤਰ੍ਹਾਂ ਭਰਿਆ ਨਹੀਂ ਸੀ। ਅੰਡਰ-14 ਵਿੱਚ ਉਹ ਨੈਸ਼ਨਲ ਪੱਧਰ ‘ਤੇ ਫੁੱਟਬਾਲ ਖੇਡ ਆਇਆ, ਹਾਲਾਂਕਿ ਉਨ੍ਹਾਂ ਦੀ ਟੀਮ ਸੈਮੀਫਾਈਨਲ ਤੱਕ ਪਹੁੰਚਣ ਵਿੱਚ ਨਾਕਾਮ ਰਹੀ ਸੀ, ਪਰ ਉਹਦੀ ਤੇ ਉਹਦੇ ਸਾਥੀ ਫੁੱਲਬੈਕ ਦਿਲਬਾਗ ਸਿੰਘ ਦੀ ਖੇਡ ਨੇ ਖੇਡ ਮਾਹਿਰਾਂ ਦਾ ਧਿਆਨ ਖਿੱਚਿਆ। ਕਰਮੇ ਤੇ ਨਵਜੋਤ ਨੂੰ ਵੀ ਉਹਦੇ ‘ਤੇ ਮਾਣ ਜਿਹਾ ਹੁੰਦਾ। ਉਹਦੇ ਨਾਲ ਹੁਣ ਉਨ੍ਹਾਂ ਨੂੰ ਆਪਣਾ ਘਰ ਭਰਿਆ ਭਰਿਆ ਲਗਦਾ। ਖੇਡ ਵਿੱਚ ਵਧਦੀ ਰੁਚੀ ਵੇਖ ਕੇ ਕਰਮਜੀਤ ਨੇ ਉਸ ਦੀ ਖੁਰਾਕ ਵੱਲ ਖਾਸ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ। ਇਹਦੇ ਨਾਲ ਉਹਦਾ ਸਰੀਰ ਭਰਨ ਲੱਗਾ, ਮਾਸਪੇਸ਼ੀਆਂ ਮਜਬੂਤ ਹੋਣ ਲੱਗੀਆਂ।
ਕਰਮੇ ਦਾ ਤਾਂ ਜਿਵੇਂ ਵੀਰਦੀਪ ਦੋਸਤ ਹੀ ਸੀ। ਨਵਜੋਤ ਉਸ ਨੂੰ ਵੇਖ-ਵੇਖ ਜਿਉਂਦੀ। ਅੰਡਰ-19 ਅਤੇ ਅੰਡਰ-21, ਉਹ ਦੋ ਵਾਰ ਹੋਰ ਨੈਸ਼ਨਲ ਪੱਧਰ ‘ਤੇ ਫੁੱਟਬਾਲ ਖੇਡਿਆ। ਉਹ ਉਦੋਂ ਬੀ.ਏ. ਪਹਿਲੇ ਸਾਲ ਵਿੱਚ ਸੀ, ਜਦੋਂ ਉਸ ਦੀ ਜੂਨੀਅਰ ਨੈਸ਼ਨਲ ਕੈਂਪ ਲਈ ਚੋਣ ਹੋਈ। ਇਹ ਕੈਂਪ ਬੰਗਲੌਰ ਵਿੱਚ ਲੱਗਾ ਸੀ। ਕੈਂਪ ਦੇ ਆਖਰੀ ਦਿਨਾਂ ਵਿੱਚ ਜਦੋਂ ਕੌਮੀ ਟੀਮ ਦੀ ਚੋਣ ਦਾ ਵਕਤ ਆਇਆ ਤਾਂ ਪੰਜਾਬ ਵੱਲੋਂ ਚਾਰ ਖਿਡਾਰੀ ਸਨ, ਜਿਨ੍ਹਾਂ ਦੀ ਕਾਰਗੁਜ਼ਾਰੀ ਬੇਹੱਦ ਬੇਹਤਰ ਰਹੀ ਸੀ। ਉਨ੍ਹਾਂ ਨੂੰ ਕੌਮੀ ਟੀਮ ਵਿੱਚ ਚੁਣੇ ਜਾਣ ਦੀ ਆਸ ਸੀ, ਪਰ ਸਲੈਕਟਰਾਂ ਨੇ ਸਿਰਫ ਦੋ ਫਾਰਵਰਡ ਖਿਡਾਰੀ ਚੁਣੇ। ਦਿਲਬਾਗ ਤੇ ਵੀਰਦੀਪ ਨੂੰ ਇਹ ਆਖ ਕੇ ਛੱਡ ਦਿੱਤਾ; ‘ਸਾਰੇ ਪੰਜਾਬ ਵਿੱਚੋਂ ਈ ਥੋੜੀ ਰੱਖਣੇ ਆ, ਬਾਕੀ ਰਾਜਾਂ ਦੇ ਖਿਡਾਰੀਆਂ ਨੂੰ ਵੀ ਮੌਕਾ ਦੇਣਾ।’ ਕੌਮੀ ਟੀਮ ਵਿੱਚ ਉਨ੍ਹਾਂ ਨਾਲੋਂ ਕਮਜ਼ੋਰ ਖਿਡਾਰੀਆਂ ਦੀ ਚੋਣ ਕਰ ਲਈ ਗਈ ਸੀ। ਵੀਰਦੀਪ ਨੂੰ ਸਲੈਕਟਰਾਂ ਦੇ ਇਸ ਰਵੱਈਏ ਨੇ ਬਹੁਤ ਨਿਰਾਸ਼ ਕੀਤਾ। ਦਿਲਬਾਗ ਨੇ ਸਲੈਕਸ਼ਨ ਟਰਾਇਲ ਵੇਲੇ ਆਪਣੇ ਹਾਫ ਵਿੱਚੋਂ ਮਾਰੀ ਕਿੱਕ ਨਾਲ ਗੋਲ ਕਰ ਦਿੱਤਾ ਸੀ। ਉਹ ਸਲੈਕਸ਼ਨ ਕਮੇਟੀ ਦੇ ਚੇਅਰਮੈਨ ਦੇ ਗਲ਼ ਹੀ ਪੈ ਗਿਆ, ਕਹਿਣ ਲੱਗਾ, ‘ਇਹ ਪਾਰਲੀਮੈਂਟ ਦੀ ਚੋਣ ਕਰਦੇ ਓਂ ਕਿ ਫੁੱਟਬਾਲ ਟੀਮ ਦੀ?’ ਇਸ ਵਿੱਚੋਂ ਉਨ੍ਹਾਂ ਨੂੰ ਪੰਜਾਬ ਦੇ ਖਿਡਾਰੀਆਂ ਨਾਲ ਵਿਤਕਰੇ ਦੀ ਭਾਵਨਾ ਵੀ ਝਲਕਣ ਲੱਗੀ। ਇਹ ਭਾਵਨਾ ਉਨ੍ਹਾਂ ਦੇ ਚਿੱਤ ਵਿੱਚ ਕਿਤੇ ਡੂੰਘੀ ਘਰ ਕਰ ਗਈ। ਘਰ ਵਾਪਸ ਆਇਆ ਤਾਂ ਵੀਰਦੀਪ ਨੇ ਇਹ ਸਾਰੀ ਕਹਾਣੀ ਕਰਮੇ ਨੂੰ ਦੱਸੀ। ਕਰਮਜੀਤ ਨੇ ਬਥੇਰਾ ਜ਼ੋਰ ਪਾਇਆ ਕਿ ਉਹ ਦਿਲ ਨਾ ਛੱਡੇ, ਅਗਲੇ ਸਾਲ ਸਲੈਕਸ਼ਨ ਹੋ ਜਾਵੇਗੀ। ਪਰ ਵੀਰਦੀਪ ਹੁਣ ਖੇਡਣ ਵੱਲੋਂ ਮੁਕਰੀ ਖਾ ਗਿਆ। ਉਸ ਨੂੰ ਲੱਗਣ ਲੱਗਾ ਕੌਮੀ ਟੀਮ ਵਿੱਚ ਪੰਜਾਬ ਦੇ ਇੱਕ-ਦੋ ਖਿਡਾਰੀ ਹੀ ਰੱਖੇ ਜਾਣਗੇ। ਇਸ ਲਈ ਉਸ ਦਾ ਨੰਬਰ ਨਹੀਂ ਲੱਗਣਾ। ਕੌਮੀ ਕੈਂਪ ਕਾਰਨ ਉਸ ਨੇ ਬੀ.ਏ. ਪਹਿਲੇ ਸਾਲ ਦੇ ਪੇਪਰ ਵੀ ਛੱਡ ਦਿੱਤੇ ਸਨ। ਇੰਜ ਪੜ੍ਹਾਈ ਵਿੱਚ ਉਸ ਦਾ ਇੱਕ ਸਾਲ ਮਾਰਿਆ ਗਿਆ ਸੀ।
‘ਮੈਂ ਹੁਣ ਪੜ੍ਹਨਾ ਚਾਚਾ ਬਸ। ਗੇਮ ਗੂਮ ਦਾ ਨੀ ਇੱਥੇ ਕੋਈ ਭਵਿੱਖ’ ਵੀਰਦੀਪ ਫੈਸਲਾ ਕਰ ਚੁੱਕਾ ਸੀ।
ਸਮਾਜ ਵਿਗਿਆਨ ਅਤੇ ਰਾਜਨੀਤੀ ਸ਼ਾਸ਼ਤਰ ਵਿੱਚ ਉਸ ਦੀ ਰੁਚੀ ਸੀ। ਇਤਿਹਾਸ ਦਾ ਸਬਜੈਕਟ ਉਸ ਨੇ ਚੰਗਾ ਕੰਬੀਨੇਸ਼ਨ ਬਣਾਉਣ ਲਈ ਰੱਖ ਲਿਆ ਸੀ। ਹਾਲਾਂਕਿ ਸਾਲ ਸੰਮਤ ਅਤੇ ਤਾਰੀਖਾਂ ਵਗੈਰਾ ਯਾਦ ਰੱਖਣਾ ਉਹਦੇ ਲਈ ਮੁਸ਼ਕਲ ਕੰਮ ਸੀ। ਹਿਸਾਬ ਦੀ ਕਮਜ਼ੋਰੀ ਇਥੇ ਵੀ ਉਹਦੇ ਆੜੇ ਆ ਜਾਂਦੀ ਸੀ। ਜਿਸ ਕਾਲਜ ਵਿੱਚ ਉਸ ਨੇ ਅਡਮਿਸ਼ਨ ਲਿਆ, ਇਹ ਮਾਲਵੇ ਦਾ ਇੱਕ ਪੇਂਡੂ ਕਾਲਜ ਸੀ। ਉਹਦੇ ਪਿੰਡ ਵਾਲੀ ਮਿਸਤਰੀਆਂ ਦੀ ਕੁੜੀ ਸਿਮਰਨ ਵੀ ਇਸੇ ਕਾਲਜ ਵਿੱਚ ਆ ਗਈ ਸੀ। ਉਹ ਸਾਇੰਸ ਵਿੱਚ ਚੰਗੀ ਸੀ ਤੇ ਕੰਪਿਊਟਰ ਸਾਇੰਸ ਵਿੱਚ ਬੀ.ਐਸਸੀ. ਕਰਨ ਲੱਗੀ। ਉਹ ਹੁਣ ਸਿਮਰਨ ਨਾਲੋਂ ਇੱਕ ਕਲਾਸ ਪਿੱਛੇ ਵੀ ਸੀ। ਬਚਪਨ ਵਿੱਚ ਉਹ ਕੁੜੀ ਤੋਂ ਸਾਇੰਸ ਮੈਥ ਪੜ੍ਹ ਲਿਆ ਕਰਦਾ ਸੀ। ਹੁਣ ਉਹਤੋਂ ਸੰਗਦਾ ਜਿਹਾ ਰਹਿੰਦਾ। ਅੱਜ ਪੁਲੀਟੀਕਲ ਸਾਇੰਸ ਦਾ ਪੀਰੀਅਡ ਵਿਹਲਾ ਸੀ। ਉਹ ਟਾਈਮ ਪਾਸ ਕਰਨ ਲਈ ਕੰਟੀਨ ਵੱਲ ਚਲਾ ਗਿਆ। ਸਾਇੰਸ ਵਾਲੇ ਵਿਦਿਆਰਥੀਆਂ ਦਾ ਇੱਕ ਗਰੁੱਪ ਝੁੰਡ ਬਣਾਈ ਇੱਕ ਮੇਜ਼ ਦੁਆਲੇ ਬੈਠਾ ਸੀ। ਤਿੰਨ ਮੁੰਡੇ ਤੇ ਦੋ ਕੁੜੀਆਂ, ਉਨ੍ਹਾਂ ਵਿੱਚ ਸਿਮਰਨ ਵੀ ਸ਼ਾਮਲ ਸੀ। ਉਹ ਪਹਿਲੇ ਟੇਬਲ ‘ਤੇ ਉਨ੍ਹਾਂ ਵੱਲ ਪਿੱਠ ਕਰਕੇ ਬੈਠ ਗਿਆ। ਉਹਨੇ ਚਾਹ ਦਾ ਆਰਡਰ ਦਿੱਤਾ। ਕਰਮੇ ਚਾਚੇ ਦੇ ਸਾਥ ਨਾਲ ਰੜ੍ਹੀ ਹੋਈ ਚਾਹ ਪੀਣ ਦਾ ਉਹ ਵੀ ਸ਼ੁਕੀਨ ਹੋ ਗਿਆ ਸੀ। ਪੰਜ ਫੁੱਟ ਦਸ ਇੰਚ ਕੱਦ ਅਤੇ ਭਰਵੇਂ ਸਰੀਰ ਨਾਲ ਉਹ ਜਚਵਾਂ ਗੱਭਰੂ ਨਿਕਲ ਆਇਆ ਸੀ। ਸਿਮਰਨ ਤੋਂ ਰਿਹਾ ਨਾ ਗਿਆ, ‘ਵੇ ਵੀਰਦੀਪ, ਤੂੰ ਵੀ ਆਜਾ ਐਧਰ, ਸਾਡੇ ਵੱਲ ਪਿੱਠ ਕਰਕੇ ਬੈਠ ਗਿਐਂ ਰੁੱਸੇ ਹੋਏ ਪ੍ਰਾਹੁਣੇ ਵਾਂਗੂੰ’।
ਉਹ ਪਿਛੇ ਵੇਖ ਕੇ ਮੁਸਕਰਾਇਆ, ‘ਮੈ ਸੋਚਿਆ ਸਾਇੰਸਦਾਨਾਂ ‘ਚ ਮੇਰਾ ਗੰਵਾਰ ਦਾ ਕੀ ਕੰਮ’ ਵੀਰਦੀਪ ਨੇ ਵਾਪਸ ਵਿਅੰਗ ਕੀਤਾ।
‘ਤੂੰ ਕੀਹਦੀ ਨੂੰਹ ਧੀ ਨਾਲੋਂ ਘੱਟ ਐਂ’ ਸਿਮਰਨ ਦੇ ਇਸ ਵਾਕ ਪਿੱਛੋਂ ਸਾਰਿਆਂ ਨੇ ਵੀਰਦੀਪ ਵੱਲ ਧਿਆਨ ਨਾਲ ਵੇਖਿਆ। ਉਹਨੇ ਆਪਣੇ ਗਰੁੱਪ ਨਾਲ ਵੀਰਦੀਪ ਦੀ ਜਾਣ ਪਹਿਚਾਣ ਕਰਵਾਈ।
‘ਇਹ ਆ ਵੀਰਦੀਪ ਸਿੰਘ, ਸਾਡੇ ਪਿੰਡੋਂ ਈ ਆ। ਮਿਡਲ ਤੱਕ ਅਸੀਂ ਇਕੱਠੇ ਪੜ੍ਹਦੇ ਰਹੇ ਆਂ। ਫੁੱਟਬਾਲ ਦਾ ਕੌਮੀ ਪੱਧਰ ਦਾ ਖਿਡਾਰੀ ਆ ਇਹ। ਕੌਮੀ ਟੀਮ ਲਈ ਸੰਭਾਵਤ ਖਿਡਾਰੀਆਂ ਵਿੱਚ ਵੀ ਚੁਣਿਆ ਗਿਆ ਸੀ।’
ਹੁਣ ਸਿਮਰਨ ਨਾਲ ਬੈਠੇ ਸਾਰੇ ਮੁੰਡੇ-ਕੁੜੀਆਂ ਨੇ ਵੀਰਦੀਪ ਵੱਲ ਧਿਆਨ ਨਾਲ ਵੇਖਿਆ। ਸਿਮਰਨ ਨਾਲ ਉਹਦੀ ਇੱਕ ਕਲਾਸ ਫੈਲੋ ਕੁੜੀ ਹਰਜੀਤ ਕੌਰ ਵੀ ਸੀ। ਉਹ ਵੀ ਕੰਪਿਊਟਰ ਸਾਇੰਸ ਦੀ ਵਿਦਿਆਰਥਣ ਸੀ, ਜਦਕਿ ਤਿੰਨੋ ਮੁੰਡੇ ਬਾਇਆਲੋਜੀ ਵਿੱਚ ਬੀ.ਐਸਸੀ. ਕਰ ਰਹੇ ਸਨ। ਸਿਮਰਨ ਪਹਿਲਾਂ ਵਾਂਗ ਹੀ ਸੀ, ਪਿੱਲਤਣ ਦੀ ਭਾਅ ਮਾਰਦਾ ਰੰਗ, ਸਰੀਰ ਦੀ ਪਤਲੀ, ਸਾਡੇ ਪੰਜ ਫੁੱਟ ਕੱਦ, ਜਚਦੇ ਨੈਣ ਨਕਸ਼। ਹੱਸਦੀ ਤਾਂ ਗੱਲ੍ਹਾਂ ਵਿੱਚ ਹਲਕੇ ਵੱਟ ਪੈਂਦੇ। ਇਹਦੇ ਨਾਲ ਉਮਰ ਨਾਲੋਂ ਵੱਧ ਸਿਆਣੀ ਲਗਦੀ। ਹਰਜੀਤ ਦਾ ਰੰਗ ਕਣਕਵੰਨਾ ਸੀ, ਕੱਦ ਸਿਮਰਨ ਤੋਂ ਇੰਚ ਕੁ ਉੱਚਾ ਤੇ ਸਰੀਰ ਕੁਝ ਭਰਵਾਂ। ਮੁੰਡੇ ਤਿੰਨੋਂ ਐਨਕਾਂ ਵਾਲੇ ਸਨ। ਦੋ ਤਾਂ ਫਿਲਾਸਫਰ ਜਿਹੇ ਲਗਦੇ ਸਨ। ਇੱਕ ਦਰਮਿਆਨੇ ਕੱਦ ਦਾ ਸਿਹਤਮੰਦ ਸਰਦਾਰ ਸੀ। ਵੀਰਦੀਪ ਸਾਰਿਆਂ ਤੋਂ ਵੱਖਰਾ, ਕੱਦ ਲੰਮਾ, ਮਜਬੂਤ ਹੱਡ-ਪੈਰ, ਭਰਵਾਂ ਸਰੀਰ, ਅੱਖਾਂ ਵਿੱਚ ਅਜੀਬ ਜਿਹੀ ਚਮਕ, ਤੇ ਘੁੰਗਰਾਲੀ ਦਾਹੜੀ ਨੂੰ ਹਾਲੇ ਕੈਂਚੀ ਨਹੀਂ ਸੀ ਲੱਗੀ। ਹਰਜੀਤ ਨੂੰ ਉਹਦੀ ਡੀਲ ਡੌਲ ਤੋਂ ਡਰ ਲੱਗਿਆ।
‘ਕਿਵੇਂ ਦਾ ਲੱਗਿਆ ਫੇਰ ਸਾਡਾ ਵੀਰਦੀਪ’, ਆਪਣੀ ਕਲਾਸ ਵੱਲ ਮੁੜਨ ਲੱਗੀ ਸਿਮਰਨ ਨੇ ਹਰਜੀਤ ਨੂੰ ਪੁਛਿਆ।
‘ਡਰ ਲੱਗਿਆ ਮੈਨੂੰ’
‘ਡਰ ਕਾਹਤੋਂ ਲੱਗਿਆ, ਏਨਾ ਡੀਸੈਂਟ ਮੁੰਡਾ। ’
‘ਉਹਦੀ ਨਜ਼ਰ ਬੜੀ ਤੇਜ਼ ਲਗਦੀ’ ਹਰਜੀਤ ਦਾ ਚਿਹਰਾ ਜਿਵੇਂ ਸੱਚੀਂ ਭੈਭੀਤ ਸੀ।
‘ਐਵੇਂ ਲਗਦਾ ਤੈਨੂੰ, ਇੰਨਾ ਸਾਊ ਮੁੰਡਾ, ਇਹੋ ਜਿਹੇ ਮੁੰਡੇ ਰੋਜ਼ ਥੋੜੀ ਜੰਮਦੇ।’ ਸਿਮਰਨ ਵੀਰਦੀਪ ਦੀ ਵਕਾਲਤ ਕਰਨ ਲੱਗੀ।
‘ਤੈਨੂੰ ਕਿਵੇਂ ਪਤਾ’ ਕੁੜੀ ਨੇ ਸਿਮਰਨ ਦਾ ਦਿਲ ਟੋਹਣਾ ਚਾਹਿਆ।
‘ਮੇਰੇ ਨਾਲ ਪੜ੍ਹਿਆ ਇਹ ਪਹਿਲੀ ਤੋਂ ਅੱਠਵੀਂ ਤੱਕ, ਆਪਣੇ ਗੋਡੇ ਮੁੱਢ ਬਿਠਾ ਕੇ ਮੈਂ ਇਹਨੂੰ ਹਿਸਾਬ ਤੇ ਸਾਇੰਸ ਪੜ੍ਹਾਉਂਦੀ ਰਹੀ ਆਂ, ਮਜ਼ਾਲ ਐ ਕੋਈ ਮਾੜੀ ਹਰਕਤ ਕੀਤੀ ਹੋਵੇ’ ਸਿਮਰਨ ਨੂੰ ਜਿਵੇਂ ਵੀਰਦੀਪ ‘ਤੇ ਮਾਣ ਸੀ।
‘ਹੁਣ ਕੀ ਪੜ੍ਹਦਾ ਇਹ’ ਹਰਜੀਤ ਪੁੱਛਣ ਲੱਗੀ।
‘ਸੋਸਿਲ ਸਾਇੰਸਿਜ਼’ ਸਿਮਰਨ ਨੇ ਦੋ ਲਫਜ਼ ਕਹੇ।
‘ਫਿਰ ਵੀ’ ਕੁੜੀ ਨੇ ਡਿਟੇਲ ਪੁੱਛੀ।
‘ਪੁਲਿਟੀਕਲ ਸਾਇੰਸ, ਸੋਸਿਆਲੋਜੀ, ਹਿਸਟਰੀ’ ਸਿਮਰਨ ਦੱਸਣ ਲੱਗੀ।
‘ਲਗਦਾ ਤਾਂ ਭਲਵਾਨ ਜਿਹਾ’ ਹਰਜੀਤ ਬੋਲੀ।
‘ਨੈਸ਼ਨਲ ਲੈਵਲ ਦਾ ਖਿਡਾਰੀ ਏ ਅਗਲਾ’ ਸਿਮਰਨ ਨੇ ਫਿਰ ਮਾਣ ਨਾਲ ਦੱਸਿਆ।
‘ਫਿਜ਼ੀਕਲ ਐਜੂਕੇਸ਼ਨ ਕਿਉਂ ਨੀ ਰੱਖੀ ਫਿਰ ਇਹਨੇ’ ਹਰਜੀਤ ਨੇ ਪੁੱਛਿਆ। ਉਹਨੂੰ ਸੀ ਬਈ ਕੈਰੀਅਰ ਲਈ ਕੋਈ ਸੇਧ ਵੀ ਹੋਣੀ ਚਾਹੀਦੀ ਬੰਦੇ ਕੋਲ।
‘ਇਹ ਤੂੰ ਪੁੱਛਲੀਂ, ਉਹ ਕਿਹੜਾ ਭੱਜਣ ਲੱਗਾ ਕਿਧਰੇ, ਅੱਜ ਭਲਕ ਫਿਰ ਮਿਲ ਜਾਵੇਗਾ ਇਥੇ’ ਸਿਮਰਨ ਨੇ ਆਪਣੇ ਵੱਲੋਂ ਵਿਅੰਗ ਕੀਤਾ।
‘ਤੂੰ ਹੀ ਪੁੱਛ ਕੇ ਦੱਸਦੀਂ, ਮੈਨੂੰ ਤੇ ਹਾਲੇ ਸੰਗ ਲਗਦੀ’ ਹਰਜੀਤ ਨੇ ਜ਼ਿੰਮੇਵਾਰੀ ਸਿਮਰਨ ਵੱਲ ਪਰਤਾ ਦਿੱਤੀ।
‘ਮੇਰੇ ਹਿਸਾਬ ਨਾਲ ਤਾਂ ਸਭ ਤੋਂ ਪਹਿਲਾਂ ਬੰਦਾ-ਬੰਦਾ ਹੋਣਾ ਚਾਹੀਦਾ, ਦੁਖਦੇ ਸੁਖਦੇ ਤੁਹਾਡੇ ਨਾਲ ਖੜ੍ਹਨ ਵਾਲਾ, ਤੁਹਾਡੀ ਕੇਅਰ ਕਰਨ ਵਾਲਾ’ ਸਿਮਰਨ ਦਲੀਲਾਂ ਦੇਣ ਲੱਗੀ।
‘ਪਾਪਾ ਕਹਿੰਦੇ ਆ ਪਈ ਤੇਰਾ ਪਹਿਲਾ ਕੰਮ ਕੈਰੀਅਰ ਬਣਾਉਣਾ, ਬਾਕੀ ਸਾਰਾ ਕੁਝ ਬਾਅਦ ‘ਚ’ ਹਰਜੀਤ ਆਖਣ ਲੱਗੀ।
‘ਕਈ ਕੈਰੀਅਰ ਬਣਾਉਂਦੀਆਂ ਈ ਛੜੀਆਂ ਰਹਿ ਜਾਂਦੀਆਂ’ ਸਿਮਰਨ ਨੇ ਮਜ਼ਾਕ ਕੀਤਾ।
‘ਇੰਨੀਆਂ ਵੀ ਗਈਆਂ ਗੁਜ਼ਰੀਆਂ ਨੀ ਆਪਾਂ’ ਹਰਜੀਤ ਨੇ ਜਵਾਬ ਦਿੱਤਾ।
‘ਆਹ ਆਪਣੇ ਸਾਇੰਸ ਵਾਲੇ ਚੂਜ਼ਿਆਂ `ਚੋਂ ਤਾਂ ਨੀ ਕਿਸੇ ਨਾਲ ਅਫੇਅਰ ਚਲਦਾ’ ਸਿਮਰਨ ਫਿਰ ਮਜ਼ਾਕ ਦੇ ਮੂਡ ਵਿੱਚ ਸੀ।
‘ਕਿਉਂ ਕਮਲ਼ ਕੁੱਟਦੀ ਐਂ, ਇਹ ਤੇ ਕੌਫੀ ਦੇ ਕੱਪ ਵਟਾਉਣ ਜੋਗੇ ਈ ਆ’ ਹਰਜੀਤ ਨੇ ਗੱਲ ਸਾਫ ਕੀਤੀ।
‘ਸਾਲੇ ਕਿਤਾਬਾਂ ਨੇ ਈ ਚੂਸ ਲਏ’ ਇਸ ਵਾਰ ਸਿਮਰਨ ਦੇ ਮਜ਼ਾਕ ਨਾਲ ਉਹ ਦੋਨੋਂ ਹੱਸਣ ਲੱਗੀਆਂ।
ਹੱਸਦੀਆਂ ਖੇਡਦੀਆਂ ਉਹ ਆਪਣੇ ਕਲਾਸ ਰੂਮ ਵਿੱਚ ਆ ਵੜੀਆਂ। ਦੋ ਕਲਾਸਾਂ ਤੋਂ ਬਾਅਦ ਆਪੋ ਆਪਣੀਆਂ ਬੱਸਾਂ ਫੜ ਕੇ ਘਰਾਂ ਨੂੰ ਪਰਤ ਗਈਆਂ। ਪਿੰਡਾਂ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਲਿਆਉਣ ਲਈ ਕਾਲਜ ਕੋਲ ਬੱਸਾਂ ਦਾ ਇੱਕ ਪੁਰਾ ਫਲੀਟ ਸੀ। ਵੀਰਦੀਪ ਨਾਲ ਮੁਲਾਕਾਤ ਤੋਂ ਬਾਅਦ ਦੋਹਾਂ ਕੁੜੀਆਂ ਦੇ ਅੰਦਰ ਇੱਕ ਖਾਸ ਕਿਸਮ ਦਾ ਚਾਅ ਜਿਹਾ ਦੇਰ ਰਾਤ ਤੱਕ ਤਾਰੀ ਰਿਹਾ। ਪਿਛਲੇ ਦੋ ਸਾਲ ਤੋਂ ਉਹ ਆਪਣੀ ਕਲਾਸ ਦੇ ਮੁੰਡਿਆ ਨਾਲ ਵੀ ਮਿਲਦੀਆਂ ਬੈਠਦੀਆਂ ਰਹੀਆਂ ਸਨ, ਇਸ ਅਜੀਬ ਜਿਹੀ ਖੁਸ਼ੀ ਦਾ ਅਹਿਸਾਸ ਉਨ੍ਹਾਂ ਨੂੰ ਕਦੀ ਨਹੀਂ ਸੀ ਹੋਇਆ। ਜਿਵੇਂ ਰੂਹ ਵਿੱਚ ਵਿਚ ਕੋਈ ਫੁੱਲ ਖਿੜ ਗਿਆ ਹੋਵੇ।
(ਬਾਕੀ ਅਗਲੇ ਅੰਕ ਵਿੱਚ)