ਪੰਜਾਬੀ ਪਰਵਾਜ਼ ਬਿਊਰੋ
ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਅਕਾਲੀ ਦਲ ਨੇ ਖਡੂਰ ਸਾਹਿਬ ਨੂੰ ਛੱਡ ਕੇ ਸਾਰੀਆਂ ਸੀਟਾਂ ਤੇ ਉਮੀਦਵਾਰ ਐਲਾਨ ਦਿੱਤੇ ਹਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਪਹਿਲਾਂ ਹੀ ਆਪਣੇ ਉਮੀਦਵਾਰ ਐਲਾਨ ਚੁੱਕੀ ਹੈ। ਇਸ ਦੇ ਨਾਲ ਹੀ ਟਿਕਟਾਂ ਦੀ ਭੁੱਖ ਪੂਰੀ ਨਾ ਹੋਣ ਕਾਰਨ ਸਿਆਸੀ ਆਗੂਆਂ ਵਿੱਚ ਕੱਪੜਿਆਂ ਵਾਂਗ ਪਾਰਟੀਆਂ ਬਦਲਣ ਦਾ ਰੁਝਾਨ ਵੀ ਤੇਜ਼ ਹੋ ਗਿਆ। ਇਸ ਤੋਂ ਇਹ ਲੱਗਣ ਲੱਗਾ ਹੈ ਕਿ ਪੰਜਾਬ ਵਿੱਚ ਵਿਚਰ ਰਹੀਆਂ ਰਾਜਨੀਤਿਕ ਪਾਰਟੀਆਂ ਦੀ ਕੋਈ ਵਿਚਾਰਧਾਰਾ ਨਹੀਂ, ਨਾ ਹੀ ਕੋਈ ਅਸੂਲ ਜਾਂ ਇਖਲਾਕ ਉਨ੍ਹਾਂ ਦੇ ਪੱਲੇ ਹੈ।
ਸਿਰਫ ਸੱਤਾ ਹਾਸਲ ਕਰਨਾ ਹੀ ਇੱਕੋ-ਇੱਕ ਮਕਸਦ ਰਹਿ ਗਿਆ ਹੈ। ਸੱਤਾ ਹਾਸਲ ਕਰਨ ਪਿੱਛੋਂ ਕਰਨਾ ਕੀ ਹੈ, ਇਸ ਮਾਮਲੇ ਵਿੱਚ ਵੀ ਸਾਰੇ ਇੱਕੋ ਧਾਰਾ ਵਿੱਚ ਵਹਿ ਰਹੇ ਹਨ। ਜ਼ਮੀਨ, ਹਵਾ-ਪਾਣੀ ਅਤੇ ਮਨੁੱਖੀ ਤਨਾਂ-ਮਨਾਂ ਨੂੰ ਦੂਸ਼ਿਤ ਕਰ ਰਹੇ ਮੌਜੂਦਾ ਅਤਿ ਭ੍ਰਿਸ਼ਟ ਨਿਜ਼ਾਮ ਦਾ ਕੋਈ ਜਚਵਾਂ ਬਦਲ ਪੇਸ਼ ਕਰਨ ਜਾਂ ਆਮ ਲੋਕਾਂ ਅਤੇ ਕੁਦਰਤ ਨੂੰ ਰਾਹਤ ਦੇਣ ਵਾਲਾ ਕੋਈ ਸਿਆਸੀ ਬਦਲ ਕਿਸੇ ਪਾਰਟੀ ਕੋਲ ਨਹੀਂ ਹੈ। ਇਹੋ ਜਿਹੇ ਸਿਆਸੀ ਸਭਿਆਚਾਰ ਵਿੱਚ ਹੀ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟ ਦੇਣ ਦੇ ਦਾਅਵੇ ਨਾਲ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਲੂਣ ਖਾਣ ਵਿੱਚ ਲੂਣ ਹੋ ਰਹੀ ਹੈ। ਇਹ ਗਨੀਮਤ ਹੈ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ‘ਆਪ’ ਲੀਡਰਸ਼ਿੱਪ ਨੂੰ ਵਾਤਾਵਰਣਿਕ ਮੁੱਦਿਆਂ ਬਾਰੇ ਇੱਕ ਦਸਤਾਵੇਜ਼ ਸੌਂਪ ਦਿੱਤਾ ਹੈ।
ਇਸ ਸਾਰੇ ਮਾਹੌਲ ਵਿੱਚ ਕਾਂਗਰਸ ਪਾਰਟੀ, ਭਾਜਪਾ ਦੀ ਜ਼ਹਿਰੀਲੀ ਚੋਣ ਮੁਹਿੰਮ ਖਿਲਾਫ ਵਿਚਾਰਧਾਰਕ ਲੜਾਈ ਅਤੇ ਨਫਰਤ ਖਿਲਾਫ ਪਿਆਰ ਦੀ ਦੁਕਾਨ ਖੋਲ੍ਹਣ ਦਾ ਸੱਦਾ ਦੇ ਰਹੀ ਹੈ, ਪਰ ਭਾਜਪਾ ਵਿੱਚੋਂ ਆਉਣ ਵਾਲੇ ਲੀਡਰਾਂ ਨੂੰ ਨਾਲ ਦੀ ਨਾਲ ਜੀ ਆਇਆਂ ਵੀ ਕਹੀ ਜਾ ਰਹੀ ਹੈ। ਪਿਛਲੇ ਦਿਨੀਂ ਹਰਿਆਣਾ ਭਾਜਪਾ ਦਾ ਇੱਕ ਵੱਡਾ ਆਗੂ ਕਾਂਗਰਸ ਵਿੱਚ ਚਲਾ ਗਿਆ। ਇਸ ਤੋਂ ਇਲਾਵਾ ਪੰਜਾਬ ਵਿੱਚ ਕਈ ਸੀਨੀਅਰ ਕਾਂਗਰਸੀ ਆਗੂ ਭਾਰਤੀ ਜਨਤਾ ਪਾਰਟੀ ਵਿੱਚ ਜਾ ਵੜੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਭਾਜਪਾ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ, ਬੇਅੰਤ ਸਿੰਘ ਦਾ ਪੋਤਰਾ ਰਵਨੀਤ ਸਿੰਘ ਬਿੱਟੂ, ਜਲੰਧਰ ਜ਼ਿਮਨੀ ਚੋਣ ਵਿੱਚ ‘ਆਪ’ ਦੀ ਟਿਕਟ ‘ਤੇ ਜਿੱਤੇ ਸੁਸ਼ੀਲ ਕੁਮਾਰ ਰਿੰਕੂ ਭਾਜਪਾ ਵਿੱਚ ਚਲੇ ਗਏ ਹਨ। ਪੀੜ੍ਹੀਆਂ ਤੋਂ ਕਾਂਗਰਸੀ ਰਹੇ ਟੱਬਰ ਦੀ ਨੂੰਹ ਅਤੇ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਅਤੇ ਤਜਿੰਦਰ ਸਿੰਘ ਬਿੱਟੂ ਨੇ ਵੀ ਭਾਜਪਾ ਦੀ ਗੋਦ ਵਿੱਚ ਬੈਠਣਾ ਠੀਕ ਸਮਝਿਆ ਹੈ। ਇਸੇ ਤਰ੍ਹਾਂ ਪਵਨ ਕੁਮਾਰ ਟੀਨੂ ਨੇ ਅਕਾਲੀ ਦਲ ਛੱਡ ਕੇ ‘ਆਪ’ ਦਾ ਪੱਲਾ ਫੜ ਲਿਆ ਹੈ ਅਤੇ ਜਲੰਧਰ ਤੋਂ ਲੋਕ ਸਭਾ ਲਈ ਉਮੀਦਵਾਰ ਬਣ ਗਏ ਹਨ।
ਲਗਦਾ ਹੈ ਕਿ ਰਾਜਨੀਤਿਕ ਆਗੂਆਂ ਨੂੰ ਕਿਸੇ ਤਰ੍ਹਾਂ ਦੀਆਂ ਨੀਤੀਆਂ ਨਾਲ ਕੋਈ ਸਰੋਕਾਰ ਨਹੀਂ ਹੈ, ਨਾ ਲੋਕਾਂ ਦੇ ਕਿਸੇ ਖਾਸ ਵਰਗ ਜਾਂ ਵਰਗਾਂ ਲਈ ਕੋਈ ਕੁਮਿਟਮੈਂਟ ਹੈ। ਸੱਤਾ ਦੇ ਪੌਡੇ ਜਿੱਧਰੋਂ ਵੀ ਹਾਸਲ ਹੁੰਦੇ ਹਨ, ਉਧਰ ਚਲੇ ਜਾਂਦੇ ਹਨ। ਸ਼ਾਇਦ ਇਸੇ ਲਈ ਸੱਤਾ ਹਾਸਲ ਕਰਨ ਤੋਂ ਬਾਅਦ ਆਪਣਾ ਘਰ ਭਰਨਾ ਹੀ ਰਾਜਨੀਤਿਕ ਆਗੂਆਂ ਦਾ ਇੱਕੋ ਇੱਕ ਮਕਸਦ ਰਹਿ ਗਿਆ ਹੈ।
ਬੀਤੀ 22 ਅਪ੍ਰੈਲ ਨੂੰ ਅਕਾਲੀ ਦਲ ਵੱਲੋਂ 6 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਜਲੰਧਰ ਤੋਂ ਅਕਾਲੀ ਦਲ ਨੇ ਟੀਨੂ ਦੇ ਪਲਟੀ ਮਾਰ ਜਾਣ ਪਿੱਛੋਂ ਮਹਿੰਦਰ ਸਿੰਘ ਕੇ.ਪੀ. ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਉਮੀਦਵਾਰ ਬਣਾ ਲਿਆ ਹੈ। ਟੀਨੂ ਹੁਣ ‘ਆਪ’ ਵੱਲੋਂ ਜਲੰਧਰ ਤੋਂ ਚੋਣ ਲੜ ਰਹੇ ਹਨ। ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇੰਝ ਜਲੰਧਰ ਲੋਕ ਸਭਾ ਸੀਟ ਉਪਰ ਚੋਣ ਜੰਗ ਗਹਿਗੱਚ ਹੋ ਗਈ ਹੈ। ਇੱਥੋਂ ਖੜ੍ਹੇ ਹੋਏ ਚਾਰਾਂ ਵਿੱਚੋਂ ਤਿੰਨ ਉਮੀਦਵਾਰ ਪਾਰਟੀਆਂ ਅਦਲ-ਬਦਲ ਕੇ ਆਏ ਹਨ। ਇਸ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਅੰਮ੍ਰਿਤਸਰ ਵੀ ਸਾਰੀਆਂ ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰ ਰਹੇ ਹਨ। ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬਠਿੰਡਾ ਤੋਂ ਲੱਖਾ ਸਿਧਾਣਾ ਅਤੇ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਚੋਣ ਲੜ ਰਹੇ ਹਨ। ਮਾਨ ਨੇ ਜ਼ਿਮਨੀ ਚੋਣ ਵਿੱਚ ਸੰਗਰੂਰ ਦੀ ਸੀਟ ਉਤੇ ‘ਆਪ’ ਨੂੰ ਮਾਤ ਦਿੱਤੀ ਸੀ। ਇਸ ਵਾਰ ਕਾਂਗਰਸ ਨੇ ਸੁਖਪਾਲ ਸਿੰਘ ਖਹਿਰਾ ਨੂੰ ਇੱਥੋਂ ਆਪਣਾ ਉਮੀਦਵਾਰ ਬਣਾ ਦਿੱਤਾ। ਇਸ ਕਾਰਨ ਸਿਮਰਨਜੀਤ ਸਿੰਘ ਮਾਨ ਦੀ ਡਗਰ ਮੁਸ਼ਕਿਲ ਹੋ ਗਈ ਹੈ। ਜਲੰਧਰ ਸੀਟ ‘ਤੇ ਬਹੁਜਨ ਸਮਾਜ ਪਾਰਟੀ ਦੇ ਐਡਵੋਕੇਟ ਬਲਵਿੰਦਰ ਕੁਮਾਰ ਚੋਣ ਲੜ ਰਹੇ ਹਨ। ਉਹ ਵੀ ਬਾਕੀ ਉਮੀਦਵਾਰਾਂ ਨੂੰ ਟੱਕਰ ਦੇਣ ਦੇ ਸਮਰੱਥ ਹਨ। ਇਸ ਤਰ੍ਹਾਂ ਪੰਜਾਬ ਵਿੱਚ ਜਲੰਧਰ, ਸੰਗਰੂਰ, ਬਠਿੰਡਾ ਅਤੇ ਪਟਿਆਲਾ ਲੋਕ ਸਭਾ ਸੀਟਾਂ ‘ਤੇ ਜ਼ਬਰਦਸਤ ਮੁਕਾਬਲਾ ਹੋਣ ਉਮੀਦ ਹੈ।
‘ਆਪ’ ਵੱਲੋਂ ਐਲਾਨੇ ਉਮੀਦਵਾਰ:
ਆਮ ਆਦਮੀ ਪਾਰਟੀ ਵੱਲੋਂ ਹਲਕਾ ਗੁਰਦਾਸਪੁਰ ਤੋਂ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਗੁਰਮੀਤ ਸਿੰਘ ਖੁਡੀਆਂ ਨੂੰ ਬਠਿੰਡਾ, ਜਗਦੀਪ ਸਿੰਘ ਕਾਕਾ ਬਰਾੜ ਨੂੰ ਫਿਰੋਜਪੁਰ, ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ, ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ, ਅਸ਼ੋਕ ਪ੍ਰਾਸ਼ਰ ਪੱਪੀ ਨੂੰ ਲੁਧਿਆਣਾ ਤੋਂ, ਜਲੰਧਰ ਤੋਂ ਪਵਨ ਕੁਮਾਰ ਟੀਨੂੰ, ਗੁਰਮੀਤ ਸਿੰਘ ਮੀਤ ਹੇਅਰ ਸੰਗਰੂਰ ਤੋਂ, ਡਾ. ਬਲਬੀਰ ਸਿੰਘ ਨੂੰ ਪਟਿਆਲਾ, ਮਾਲਵਿੰਦਰ ਸਿੰਘ ਕੰਗ ਅਨੰਦਪੁਰ ਸਾਹਿਬ, ਫਰੀਦਕੋਟ ਤੋਂ ਕਰਮਜੀਤ ਸਿੰਘ ਅਨਮੋਲ, ਹਸ਼ਿਆਰਪੁਰ ਤੋਂ ਰਾਜ ਕੁਮਾਰ ਚੱਬੇਵਾਲ, ਫਤਹਿਗੜ੍ਹ ਸਾਹਿਬ ਹਲਕੇ ਤੋਂ ਗੁਰਪ੍ਰੀਤ ਸਿੰਘ ਜੀ.ਪੀ. ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਅਕਾਲੀ ਦਲ ਵੱਲੋਂ ਐਲਾਨੇ ਉਮੀਦਵਾਰ:
ਅਕਾਲੀ ਦਲ ਵੱਲੋਂ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ, ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ, ਫਿਰੋਜਪੁਰ ਤੋਂ ਨਿਰਦੇਵ ਸਿੰਘ ਬੌਬੀ ਮਾਨ ਅਤੇ ਚੰਡੀਗੜ੍ਹ ਤੋਂ ਹਰਦੀਪ ਸਿੰਘ ਬੁਟਰੇਲਾ ਸ਼ਾਮਲ ਹਨ। ਗੁਰਦਾਸਪੁਰ ਤੋਂ ਡਾ. ਦਲਜੀਤ ਸਿੰਘ ਚੀਮਾ, ਅੰਮ੍ਰਿਤਸਰ ਤੋਂ ਅਨਿਲ ਜੋਸ਼ੀ, ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ, ਫਤਹਿਗੜ੍ਹ ਸਾਹਿਬ ਤੋਂ ਬਿਕਰਮਜੀਤ ਸਿੰਘ ਖਾਲਸਾ, ਫਰੀਦਕੋਟ ਤੋਂ ਰਾਜਵਿੰਦਰ ਸਿੰਘ, ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾ, ਹੁਸ਼ਿਆਰਪੁਰ ਤੋਂ ਸੋਹਨ ਸਿੰਘ ਠੰਡਲ ਅਤੇ ਪਟਿਆਲਾ ਤੋਂ ਐਨ.ਕੇ. ਸ਼ਰਮਾ ਨੂੰ ਉਮੀਦਵਾਰ ਐਲਾਨਿਆ ਗਿਆ ਸੀ। ਇੰਝ ਅਕਾਲੀ ਦਲ ਨੇ 12 ਹਲਕਿਆਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਅਤੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਅਕਾਲੀ ਉਮੀਦਵਾਰ ਦਾ ਐਲਾਨ ਕੀਤਾ ਜਾਣਾ ਹਾਲੇ ਬਾਕੀ ਹੈ। ਜਾਣਕਾਰਾਂ ਅਨੁਸਾਰ ਖਡੂਰ ਸਾਹਿਬ ਤੋਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ, ਬਿਕਰਮਜੀਤ ਸਿੰਘ ਮਜੀਠੀਆ, ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਅਤੇ ਵਿਰਸਾ ਸਿੰਘ ਵਲਟੋਹਾ ਦੇ ਨਾਵਾਂ ਦੀ ਚਰਚਾ ਚੱਲ ਰਹੀ ਹੈ।
ਭਾਜਪਾ ਵੱਲੋਂ ਐਲਾਨੇ ਗਏ ਉਮੀਦਵਾਰ:
ਭਾਜਪਾ ਵੱਲੋਂ ਪੰਜਾਬ ਵਿੱਚ 9 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਵੱਲੋਂ ਤਰਨਜੀਤ ਸਿੰਘ ਸੰਧੂ ਅੰਮ੍ਰਿਤਸਰ ਤੋਂ, ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ, ਹੁਸ਼ਿਆਰਪੁਰ ਤੋਂ ਅਨੀਤਾ ਸੋਮ ਪ੍ਰਕਾਸ਼, ਬਠਿੰਡੇ ਤੋਂ ਪਰਮਪਾਲ ਕੌਰ ਸਿੱਧੂ, ਮਨਜੀਤ ਸਿੰਘ ਮੰਨਾ ਖਡੂਰ ਸਾਹਿਬ ਤੋਂ, ਪਟਿਆਲਾ ਤੋਂ ਬੀਬੀ ਪ੍ਰਨੀਤ ਕੌਰ, ਫਰੀਦਕੋਟ ਤੋਂ ਹੰਸ ਰਾਜ ਹੰਸ, ਗੁਰਦਾਸਪੁਰ ਤੋਂ ਦਿਨੇਸ਼ ਸਿੰਘ ਬੱਬੂ ਅਤੇ ਚੰਡੀਗੜ੍ਹ ਤੋਂ ਸੰਜੇ ਟੰਡਨ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਕਾਂਗਰਸ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ:
ਕਾਂਗਰਸ ਪਾਰਟੀ ਵਲੋਂ ਪੰਜਾਬ ਵਿੱਚ ਜਿਨ੍ਹਾਂ ਉਮੀਦਵਾਰਾਂ ਦੀ ਸੂਚੀ ਐਲਾਨੀ ਗਈ ਹੈ, ਉਸ ਵਿੱਚ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ, ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ, ਪਟਿਆਲਾ ਤੋਂ ਧਰਮਵੀਰ ਗਾਂਧੀ, ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ, ਫਤਹਿਗੜ੍ਹ ਸਾਹਿਬ ਤੋਂ ਅਮਰ ਸਿੰਘ, ਹੁਸ਼ਿਆਰਪੁਰ ਤੋਂ ਯਾਮਨੀ ਗੋਮਰ, ਫਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ, ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਮਨੀਸ਼ ਤਿਵਾੜੀ ਨੂੰ ਚੰਡੀਗੜ੍ਹ ਤੋਂ ਉਮੀਦਵਾਰ ਐਲਾਨਿਆ ਗਿਆ ਹੈ।