*ਰੰਗਾਂ ਦੀ ਮਜਲਸ ਹੋ ਨਿਬੜਿਆ ਵਿਸਾਖੀ ਨੂੰ ਸਮਰਪਿਤ ਸਮਾਗਮ*
ਕੁਲਜੀਤ ਦਿਆਲਪੁਰੀ
ਸ਼ਿਕਾਗੋ: ਜਿਸ ਤਰ੍ਹਾਂ ਵਿਆਹ ਭੁਗਤਾਉਣ ਆਇਆ ਹਲਵਾਈ ਭੱਠੀ ਚੜ੍ਹਨ ਵਾਲੇ ਦਿਨ ਆਪਣਾ ਅੱਡਾ-ਪੀੜ੍ਹਾ ਫਿੱਟ ਕਰਦਾ ਘਰਦਿਆਂ ਵੱਲੋਂ ਉਸ ਕੋਲ ਛੱਡੇ ਬੰਦਿਆਂ ਨੂੰ ਕੰਮ ਲਾਈ ਰੱਖਦਾ ਹੈ, ਐਨ ਉਸੇ ਤਰ੍ਹਾਂ ਪੀ.ਸੀ.ਐਸ. ਦਾ ‘ਰੰਗਲਾ ਪੰਜਾਬ’ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਭੰਗੜੇ ਦੀਆਂ ਟੀਮਾਂ ਤਿਆਰ ਕਰਨ ਵਾਲੇ ਕੋਚ ਅਤੇ ਮਾਪੇ ਰੁੱਝੇ ਰੁੱਝੇ ਨਜ਼ਰ ਆਏ। ਕਿਸੇ ਨੂੰ ਪੱਗਾਂ ਬੰਨ੍ਹਣ ਦਾ ਫਿਕਰ, ਕਿਸੇ ਨੂੰ ਚਾਦਰੇ ਲਾਉਣ ਦੀ ਚਿੰਤਾ ਅਤੇ ਕਿਸੇ ਨੂੰ ਹਾਰ-ਸ਼ਿੰਗਾਰ ਲਾ ਸ਼ੀਸ਼ੇ ਵਿੱਚੋਂ ਦੀ ਖੁਦ ਨੂੰ ਨਿਹਾਰਨ ਦਾ ਚਾਅ!
ਇਉਂ ਕਿਹਾ ਜਾ ਸਕਦਾ ਹੈ ਕਿ ਕਲਾਕਾਰਾਂ ਦੀ ਖੁਸ਼ੀ ਅਤੇ ਦਰਸ਼ਕਾਂ ਨੂੰ ਉਨ੍ਹਾਂ ਦੀ ਪੇਸ਼ਕਾਰੀ ਦੀ ਉਡੀਕ ਕੁਝ ਇਸ ਤਰ੍ਹਾਂ ਸੀ, ਜਿਸ ਤਰ੍ਹਾਂ ਦੋਹੀਂ ਹੱਥੀਂ ਲੱਡੂ ਵੱਟਣ ਵਾਲੇ ਨੂੰ ਚਾਅ ਹੁੰਦਾ ਹੈ ਅਤੇ ਜਲੇਬੀਆਂ ਨੂੰ ਚਾਸ਼ਣੀ ਵਿੱਚ ਡੁਬੋਣ ਵਾਲੇ ਨੂੰ ਜਲੇਬੀਆਂ ਤਲੇL ਜਾਣ ਦੀ ਉਡੀਕ ਹੁੰਦੀ ਹੈ; ਅਤੇ ਪੀ.ਸੀ.ਐਸ. ਦੇ ਪ੍ਰਬੰਧਕ ਵਿਆਹ ਵਾਲੇ ਘਰ ਦੇ ਉਨ੍ਹਾਂ ਜੀਆਂ ਵਾਂਗ ਵਿਚਰ ਰਹੇ ਸਨ, ਜਿਨ੍ਹਾਂ ਸਿਰ ਸਾਰੇ ਕੰਮ ਵੇਲੇ ਸਿਰ ਤੇ ਚਾਈਂ ਚਾਈਂ ਭੁਗਤਾਉਣ ਦਾ ਜਿੰਮਾ ਹੋਵੇ।
ਦੂਜੇ ਪਾਸੇ ਸਿਕਿਉਰਿਟੀ ਵਾਲੇ ‘ਕੱਲੇ-‘ਕੱਲੇ ਦੀ ਤਲਾਸ਼ੀ ਲੈ ਕੇ ਅੰਦਰ ਜਾਣ ਦੇ ਰਹੇ ਸਨ। ਟੀਮਾਂ ਤੇ ਕੋਚਾਂ ਦੇ ਬੈਗ ਉਹ ਇਉਂ ਤਲਾਸ਼ ਰਹੇ ਸਨ ਜਿਵੇਂ ਚੰਡੀਗੜ੍ਹ ਬੈਰੀਅਰ ਟੱਪਦਿਆਂ ਖੜ੍ਹੀ ਪੰਜਾਬ ਪੁਲਿਸ ਸ਼ੱਕੀ ਲੋਕਾਂ ਨੂੰ ਨਜ਼ਰਾਂ ‘ਚੋਂ ਕੱਢਦੀ ਹੈ, ਮਤਾਂ ਕਿਤੇ ਕੋਈ ਚੰਡੀਗੜ੍ਹ ਤੋਂ ਸ਼ਰਾਬ ਦੀ ਬੋਤਲ ਨਾ ਲੈ ਕੇ ਆਉਂਦਾ ਹੋਵੇ! ਮਰਦ ਸੁਰੱਖਿਆ ਕਰਮੀ ਬੰਦਿਆਂ ਦੀ ‘ਜਾਮਾ-ਤਲਾਸ਼ੀ’ ਲੈ ਰਹੇ ਸਨ ਤੇ ਔਰਤ ਕਰਮੀ ਬੀਬੀਆਂ ਦੀ। ਜ਼ਿਕਰਯੋਗ ਹੈ ਕਿ ਵੱਖ-ਵੱਖ ਗਿੱਧੇ-ਭੰਗੜੇ ਦੀਆਂ ਟੀਮਾਂ ਆਪਣੇ ਨਾਲ ਬੈਗ-ਅਟੈਚੀ ਵਗੈਰਾ ਲੈ ਕੇ ਆ ਰਹੀਆਂ ਸਨ, ਜਿਨ੍ਹਾਂ ਵਿੱਚ ਉਨ੍ਹਾਂ ਦੀਆਂ ਵਰਦੀਆਂ, ਪੱਗਾਂ, ਹਾਰ-ਸ਼ਿੰਗਾਰ ਅਤੇ ਪੇਸ਼ਕਾਰੀ ਦੌਰਾਨ ਵਰਤਿਆ ਜਾਣ ਵਾਲਾ ਸਾਮਾਨ ਸੀ।
ਇੱਥੋਂ ਤੱਕ ਕੇ ਸਿਕਿਉਰਿਟੀ ਚੈੱਕ ਪੋਸਟ ‘ਤੇ ਪਾਣੀ ਜਾਂ ਖਾਣ ਲਈ ਨਿੱਕ-ਸੁੱਕ ਚੀਜ਼ਾਂ ਵੀ ਅੰਦਰ ਲੈ ਕੇ ਆਉਣ ਉਤੇ ਮੁਕੰਮਲ ਰੋਕ ਸੀ। ਉਂਜ ਇਹ ਸਭ ਸੁਰੱਖਿਆ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਸੀ, ਕਿਉਂਕਿ ‘ਰੰਗਲਾ ਪੰਜਾਬ’ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਪੇਸ਼ਕਾਰੀ ਜੋ ਕਰਨੀ ਸੀ। ਕਿਸੇ ਕਥਿਤ ਮਾੜੇ ਅਨਸਰ ਪ੍ਰਤੀ ਮੁਸ਼ਤੈਦ ਰਹਿਣ ਅਤੇ ਲੋੜੀਂਦੇ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਜ਼ਰੂਰੀ ਵੀ ਸੀ।
ਇਸ ਵਾਰ ਦਾ ‘ਰੰਗਲਾ ਪੰਜਾਬ’ ਇਸ ਲਈ ਵੀ ਵਿਸ਼ੇਸ਼ ਸੀ, ਕਿਉਂਕਿ ਪੰਜਾਬੀ ਕਲਚਰ ਸੁਸਾਇਟੀ (ਸ਼ਿਕਾਗੋ) ਨੂੰ ਸੱਭਿਆਚਾਰਕ ਤੇ ਭਾਈਚਾਰਕ ਸਮਾਗਮਾਂ ਰਾਹੀਂ ਵਿਚਰਦਿਆਂ ਤੀਹ ਸਾਲ ਹੋ ਗਏ ਹਨ। ਵਿਸਾਖੀ ਨੂੰ ਸਮਰਪਿਤ ਕਰਵਾਏ ਗਏ ਇਸ ਸਮਾਗਮ ਲਈ ਉਲੀਕੀ ਗਈ ਰੂਪ-ਰੇਖਾ ਮੁਤਾਬਕ ਸੰਸਥਾ ਪਿਛਲੇ ਕਈ ਹਫਤਿਆਂ ਤੋਂ ਯਤਨਸ਼ੀਲ ਸੀ ਅਤੇ ਪੂਰੀ ਟੀਮ ਦੇ ਸ਼ਲਾਘਾਯੋਗ ਯਤਨਾਂ ਨੂੰ ਬੂਰ ਪਿਆ ਵੀ ਨਜ਼ਰ ਆਇਆ। ਇਸੇ ਤਰ੍ਹਾਂ ਬੱਚਿਆਂ ਦੀ ਮਿਹਨਤ ਅਤੇ ਉਨ੍ਹਾਂ ਦੀ ਟੀਮ ਤਿਆਰ ਕਰਨ ਵਾਲੇ ਕੋਆਰਡੀਨੇਟਰਾਂ ਦੀ ਹਫਤਿਆਂਬੱਧੀ ਘਾਲਣਾ ਤੋਂ ਸਪਸ਼ਟ ਸੀ ਕਿ ਸਭ ਨੇ ਖੂਬ ਚਾਰਾਜੋਈਆਂ ਕੀਤੀਆਂ ਹਨ।
ਸਮਾਗਮ ਦੌਰਾਨ ਹਾਲ ਦੇ ਅੰਦਰ ਪੇਸ਼ਕਾਰੀਆਂ ਦੀ ਲਹਿਰ ਫੈਲੀ ਹੋਈ ਸੀ, ਤਾਂ ਹਾਲ ਦੇ ਬਾਹਰ ਵੀ ਲੋਕ ਇੱਕ-ਦੂਜੇ ਨਾਲ ਗੱਲਾਂਬਾਤਾਂ ਕਰਨ, ‘ਟੇਸਟ ਆਫ ਇੰਡੀਆ’ ਦੇ ਫੂਡ ਸਟਾਲ ਤੋਂ ਸਵਾਦਿਸ਼ਟ ਖਾਣੇ ਦਾ ਅਨੰਦ ਮਾਨਣ, ਇੱਕ-ਦੂਜੇ ਨਾਲ ਤਸਵੀਰਾਂ ਖਿਚਵਾਉਣ ਆਦਿ ਸਮੇਤ ਹਵਾ-ਪਿਆਜ਼ੀ ਹੋਏ ਲੋਕ ਆਪੋ-ਆਪਣੇ ਰੰਗ ਵਿੱਚ ਸਨ। ਕੁਝ ਸ਼ੌਕੀਨ ਕੌਫੀ ਵਾਲੇ ਕੱਪਾਂ ਵਿੱਚ ਸਟਰਾਅ ਰਾਹੀਂ ‘ਬਿਨਾ ਦੁੱਧ ਵਾਲੀ ਕੌਫੀ’ ਪੀ ਕੇ ਅੱਖ ਖੜ੍ਹੀ ਕਰ ਰਹੇ ਸਨ- ਅਖੇ! ਨਾ ਹਿੰਗ ਲੱਗੇ ਨਾ ਫਟਕੜੀ, ਰੰਗ ਚੋਖਾ ਆਵੇ! ਇਸ ਮੌਕੇ ਸ਼ਾਇਦ ਹੀ ਕੋਈ ਹੋਵੇ, ਜੋ ਮੇਲੇ ਵਿੱਚ ਚੱਕੀਰਾਹੇ ਦੇ ਨਿਆਈਂ ਹੋਵੇ, ਨਹੀਂ ਤਾਂ ਸਭ ਆਪੋ ਆਪਣੇ ਗਰੁੱਪਾਂ ਜਾਂ ਟੋਲੀਆਂ ਵਿੱਚ ਮੇਲੀ ਬਣੇ ਨਜ਼ਰ ਆ ਰਹੇ ਸਨ।
ਸਮਾਗਮ ਦੀ ਸ਼ੁਰੂਆਤ ਮਿੰਨੀ ਸਿੰਘ ਵੱਲੋਂ ਨੈਸ਼ਨਲ ਐਂਥਮ ਗਾਏ ਜਾਣ ਨਾਲ ਹੋਈ। ਉਪਰੰਤ ਭੰਗੜੇ-ਗਿੱਧੇ ਦੀਆਂ ਟੀਮਾਂ ਵਿੱਚ ਸ਼ਾਮਲ ਬੱਚਿਆਂ ਵੱਲੋਂ ਸ਼ਬਦ ਦਾ ਗਾਇਨ ਕੀਤਾ ਗਿਆ। ਬਾਅਦ ਵਿੱਚ ਵਿਸਾਖੀ ਦਾ ਜਸ਼ਨ ਮਨਾਉਂਦਿਆਂ ਇੱਕ ਪਿੱਛੋਂ ਇੱਕ ਟੀਮ ਆਉਂਦੀ ਗਈ ਅਤੇ ਆਪੋ-ਆਪਣੇ ਅੰਦਾਜ਼ ਦੀ ਪੇਸ਼ਕਾਰੀ ਕਰਦੀ ਰਹੀ। ਕੁਲ 31 ਕਲਾਕ੍ਰਿਤਾਂ ਦੀ ਪੇਸ਼ਕਾਰੀ ਕੀਤੀ ਗਈ, ਜਿਸ ਵਿੱਚ ਅੰਦਾਜ਼ਨ ਸਾਢੇ ਤਿੰਨ ਸੌ ਕਲਾਕਾਰਾਂ ਨੇ ਆਪਣੀ ਪ੍ਰਤਿਭਾ ਰਾਹੀਂ ਅਨੰਦਮਈ ਮਾਹੌਲ ਬਣਾਈ ਰੱਖਿਆ। ਹਾਲ ਵਿੱਚ ਬੜ੍ਹਕਾਂ, ਤਾੜੀਆਂ, ਸੀਟੀਆਂ ਤੇ ਕੂਕਾਂ ਦਾ ਮਾਹੌਲ ਤਾਰੀ ਸੀ।
ਇਸ ਮੌਕੇ ਕੁਝ ਗਿੱਧੇ ਤੇ ਭੰਗੜੇ ਦੀਆਂ ਟੀਮਾਂ ਇਸ ਲੈਅ ਤੇ ਤਾਲ ਵਿੱਚ ਨੱਚੀਆਂ, ਜਿਵੇਂ ਮੱਠੀ ਮੱਠੀ ਹਵਾ ਦੇ ਵਗਦਿਆਂ ਕਣਕ ਦੀਆਂ ਬੱਲੀਆਂ ਹੁਲਾਰੇ ਖਾਂਦੀਆਂ ਹੋਣ। ਕਢਾਈਦਾਰ ਤੇ ਗੋਟੇ-ਕਿਨਾਰੀਆਂ ਵਾਲੀਆਂ ਰੰਗ-ਬਰੰਗੀਆਂ ਵਰਦੀਆਂ ਵਿੱਚ ਨੱਚਦੀਆਂ ਟੀਮਾਂ ਇਹ ਭੁਲੇਖਾ ਪਾ ਰਹੀਆਂ ਸਨ, ਜਿਵੇਂ ਸਟੇਜ ਉਤੇ ਸਤਰੰਗੀ ਪੀਂਘ ਪੈ ਗਈ ਹੋਵੇ। ਉਤੋਂ ਹੱਥਾਂ ਵਿੱਚ ਫੜ੍ਹੇ ਖੂੰਡੇ, ਸੱਪ/ਛਿੱਕੇ ਅਤੇ ਗਲ਼ਾਂ ਵਿੱਚ ਪਾਏ ਕੈਂਠੇ, ਹਾਰ, ਸੱਗੀਫੁੱਲ, ਫੁੰਮਣ ਸਮੇਤ ਪੱਗਾਂ-ਚੁੰਨੀਆਂ ਦਾ ਪੂਰਾ ਟੌਹਰ ਸੀ।
‘ਤੀਆਂ ਪੰਜਾਬ ਦੀਆਂ’ (ਕੋਆਰਡੀਨੇਟਰ ਪਰਮ ਢਿੱਲੋਂ ਤੇ ਸੁਖਵੀਰ ਢਿੱਲੋਂ), ‘ਮੁਟਿਆਰਾਂ ਸਾਊਥ ਵੈਸਟ ਦੀਆਂ’ (ਕੋਆਰਡੀਨੇਟਰ ਹਰਮਨ ਕੌਰ), ‘ਸ਼ੌਂਕਣਾਂ ਸ਼ਿਕਾਗੋ ਦੀਆਂ’ (ਕੋਆਰਡੀਨੇਟਰ ਰਾਜਪ੍ਰੀਤ ਕੌਰ, ਕੰਵਲਜੀਤ ਕੌਰ ਤੇ ਪਾਇਲ ਵਿਰਦੀ) ਅਤੇ ‘ਕੁੜੀਆਂ ਚਿੜੀਆਂ ਦਾ ਗਿੱਧਾ’ (ਕੋਆਰਡੀਨੇਟਰ ਪਾਇਲ ਵਿਰਦੀ) ਟੀਮਾਂ ਨੇ ਨਵੀਂਆਂ-ਪੁਰਣੀਆਂ ਤੇ ਦਿਲਚਸਪ ਰਿਕਾਰਡਡ ਬੋਲੀਆਂ ਉਤੇ ਗਿੱਧੇ ਦਾ ਖੂਬ ਧਮੱਚੜ ਪਾਇਆ।
ਤੀਆਂ ਦੇ ਪੇਸ਼ ਦ੍ਰਿਸ਼ ਦੌਰਾਨ ‘ਇਹ ਦਿਨ ਤੀਆਂ ਦੇ ਆਏ ਪੀਂਘਾਂ ਲੈਣ ਹੁਲਾਰੇ ਜੋਰ’, ‘ਨੀ ਤੀਆਂ ਵਿੱਚ ਪੈਣ ਲੁੱਡੀਆਂ, ਤੈਨੂੰ ਹਾਕ ਗਿੱਧੇ ਨੇ ਮਾਰੀ’, ‘ਪੈਂਦੀ ਵੇਖ ਧਮਾਲ ਹੇਠ ਬਰੋਟੇ ਦੇ’, ‘ਸੁੱਖ ਵੱਸੇ ਵੇ ਪਟਵਾਰੀਆ ਤੇਰੀ ਨਗਰੀ, ਤੀਆਂ ਦਾ ਮਰੱਬਾ ਕੱਟਿਆ’ ਅਤੇ ‘ਵੀਰ-ਮਾਪੇ ਨਿੱਤ ਮਿਲਦੇ, ਕੋਈ ਮਿਲਦੀ ਨਾ ਵਿਛੜੀ ਸਹੇਲੀ’ ਸਮੇਤ ਹੋਰ ਬਹੁਤ ਸਾਰੀਆਂ ਬੋਲੀਆਂ ਕੰਨੀਂ ਰਸ ਘੋਲ ਰਹੀਆਂ ਸਨ। ਇਸ ਤੋਂ ਇਲਾਵਾ ਹੋਰ ਪੇਸ਼ਕਾਰੀਆਂ ਵਿੱਚ ਕੁਝ ਬੋਲੀਆਂ ਸਨ: ‘ਬਾਲਟੀ ਨੂੰ ਟੱਲੀਆਂ ਲੁਆ ਦੇ ਵੇ ਮੈਂ ਧਾਰ ਚੋਣ ਚੱਲੀ ਆਂ’, ‘ਨੀ ਨਾ ਝਿੜਕੀਂ ਨੀ ਭਾਬੀ, ਰੰਗ ਉਡ`ਜੂਗਾ ਗੁਲਾਬੀ’, ‘ਨੱਚਦੀ ਭੰਬੂਕੇ ਵਾਂਗੂੰ ਮੱਚਦੀ, ਗਿੱਧੇ `ਚ ਭੁਚਾਲ ਆ ਗਿਆ’, ‘ਗਿੱਧਾ ਪਾਉਂਦੀਆਂ ਮਜਾਜਾਂ ਵਾਲੀਆਂ ਨੀ’, ‘ਧੀਆਂ ਘਰਾਂ ਨੂੰ ਆਈਆਂ ਮਾਪਿਓ ਜੀ ਥੋਡੇ ਰਾਜ ਦੇ ਥੱਲੇ।’ ਪਿੰਡਾਂ ਦੀ ਰਹਿਣੀ-ਸਹਿਣੀ ਨਾਲ ਜੁੜੀਆਂ, ਵਿਆਹਾਂ-ਸ਼ਗਨਾਂ, ਤੀਆਂ-ਤ੍ਰਿੰਜਣਾਂ ਅਤੇ ਪਰਿਵਾਰਕ, ਭਾਈਚਾਰਕ ਤੇ ਸਮਾਜਿਕ ਰੰਗ ਦੀਆਂ ਬੋਲੀਆਂ ਦਾ ਪੂਰਾ ਪਿੜ ਬੱਝਿਆ ਹੋਇਆ ਸੀ। ਸਟੇਜ ਉਤੇ ਬਾਲਟੀਆਂ, ਚਰਖਾ, ਛਤਰੀ, ਸੰਧਾਰੇ ਵਾਲਾ ਪੀਪਾ ਆਦਿ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਸਨ।
ਕਿਸੇ ਸਮੇਂ ਆਪਣੀ ਟੀਮ ਤਿਆਰ ਕਰਕੇ ਭੰਗੜਾ ਪਾਉਂਦੇ ਰਹੇ ਸੋਨੀ ਜੱਜ ਤੇ ਹਰਬੀਰ ਵਿਰਕ ਅਤੇ ਦਿਲਪ੍ਰੀਤ ਜੱਜ ਵੱਲੋਂ ਤਿਆਰ ਟੀਮ ‘ਗੱਭਰੂ ਪੰਜਾਬ ਦੇ’ ਨੇ ‘ਨਹੀਂਓਂ ਤਾਰੇ ਤੋੜਨ ਦੀ ਗੱਲ ਕਰਦੇ, ਓਹੀਓ ਕਹੀਏ ਜੋ ਕਰਨਾ ਜਾਣਦੇ ਹਾਂ’ ਅਤੇ ‘ਸਾਡੇ ਢੋਲ ਨੂੰ ਸਾਰਾ ਹੀ ਜੱਗ ਜਾਣੇ, ਭਰ ਭਰ ਖੜਕਾਉਣ ਨੂੰ ਜੀ ਕਰਿਆ’ ਦੇ ਬੋਲਾਂ ਵਿੱਚ ਜਜ਼ਬੇ ਅਤੇ ਮੁਸਕਾਨ ਨਾਲ ਪੇਸ਼ ਕੀਤੇ ਭੰਗੜੇ ਨੇ ਪੂਰਾ ਭੜਥੂ ਪਾਇਆ। ਮੋਢਿਆਂ `ਤੇ ਡਾਂਗਾਂ ਰੱਖ ਨੱਚਦੇ ਗੱਭਰੂਆਂ ਨੂੰ ਜਦੋਂ ‘ਓ ਸਰਦਾਰ’ ਕਿਹਾ ਗਿਆ ਤਾਂ ਉਨ੍ਹਾਂ ਅਣਖ ਦਿਖਾਉਂਦਿਆਂ ਡਾਂਗਾਂ ਕੱਢ ਲਈਆਂ ਅਤੇ ਫਿਰ ‘ਜੀ… ਸਰਦਾਰ ਜੀ’ ਕਹਿਣ ਦੀ ਸਮਝਾਉਣੀ ਦੇ ਕੇ ਭੰਗੜੇ `ਚ ਪੱਬ ਚੱਕ ਲਏ। ਰਵਾਇਤੀ ਭੰਗੜੇ ਦੇ ਐਕਸ਼ਨ ਕਰਦਿਆਂ ਉਨ੍ਹਾਂ ਪੂਰਾ ਸਿੱਕਾ ਚਲਾਇਆ ਅਤੇ ਆਪ ਠੁਮਕਦਿਆਂ ਹੱਥਾਂ `ਚ ਫੜੀਆਂ ਕਾਟੋਆਂ ਨੂੰ ਨੱਚਣ ਲਾਇਆ ਤੇ ਛਿੱਕਿਆਂ ਨੂੰ ਵੀ ਖੜਕਾਇਆ। ਇਸ ਪੇਸ਼ਕਾਰੀ ਵਿੱਚ ਵੱਖ-ਵੱਖ ਗੀਤਾਂ ਦੇ ਬੋਲਾਂ ਦਾ ਆਪਸ ਵਿੱਚ ਜਜ਼ਬ ਹੋਣਾ ਤੇ ਢੋਲ ਬੀਟ ਪ੍ਰਧਾਨ ਸੀ। ਅਖੀਰ ਵਿੱਚ ਉਨ੍ਹਾਂ ਗੱਡਾ-ਬਲਦਜੋੜ ਬਣਾ ਕੇ ਦਰਸ਼ਕਾਂ ਦੀ ਵਾਹ ਵਾਹ ਲੁੱਟ ਲਈ।
‘ਅਸ਼ਕੇ ਭੰਗੜਾ ਕਲੱਬ ਸ਼ਿਕਾਗੋ’ (ਕੋਆਰਡੀਨੇਟਰ ਨਵਜੋਧ ਬਾਜਵਾ), ‘ਪੰਜ ਆਬ’ (ਕੋਆਰਡੀਨੇਟਰ ਜਸਲੀਨ), ‘ਰੂਹ ਪੰਜਾਬ ਦੀ’ (ਕੋਆਰਡੀਨੇਟਰ ਹਰਪ੍ਰੀਤ ਕੌਰ ਤੇ ਨਵਜੀਤ ਕੌਰ), ‘ਵਿਰਸੇ ਦੇ ਵਾਰਿਸ’ (ਕੋਆਰਡੀਨੇਟਰ ਰੁਪਿੰਦਰ ਕੌਰ), ‘ਫੋਕ ਭੰਗੜਾ ਕਰਿਊ’ (ਕੋਆਰਡੀਨੇਟਰ ਅੰਮ੍ਰਿਤਾ ਰੰਧਾਵਾ ਤੇ ਹਰਲੀਨ ਸੈਣੀ), ‘ਪੀ.ਸੀ.ਐਸ. ਯੂਥ ਭੰਗੜਾ’ (ਕੋਆਰਡੀਨੇਟਰ ਨਵਤੇਜ ਸੋਹੀ), ‘ਟੀਮ ਰਾਵੀ’ (ਕੋਆਰਡੀਨੇਟਰ ਬਲਰਾਜ ਸੋਹੀ) ਅਤੇ ‘ਭੰਗੜਾ ਰਾਈਮਜ਼ ਸ਼ਿਕਾਗੋ ਤੇ ਮਿਲਵਾਕੀ’ (ਕੋਆਰਡੀਨੇਟਰ ਅਮਨਦੀਪ ਕੁਲਾਰ) ਦੀਆਂ ਟੀਮਾਂ ਦੀ ਪੇਸ਼ਕਾਰੀ ਦੌਰਾਨ ਦਰਸ਼ਕ ਅਸ਼ ਅਸ਼ ਕਰ ਉਠੇ।
ਨੰਨ੍ਹੇ ਨੰਨ੍ਹੇ ਬੱਚਿਆਂ ਦੀਆਂ ਟੀਮਾਂ ‘ਨਵੀਂ ਪਨੀਰੀ’ (ਕੋਆਰਡੀਨੇਟਰ ਕਮਲਜੀਤ ਗਿੱਲ ਤੇ ਕੰਵਲਜੀਤ ਜੱਜ), ‘ਗੱਭਰੂ ਚੰਨ ਵਰਗੇ’ (ਕੋਆਰਡੀਨੇਟਰ ਅਮਰਜੋਤ ਮਹਿਰਾ), ‘ਨੱਚਦਾ ਪੰਜਾਬ’ (ਕੋਆਰਡੀਨੇਟਰ ਕਿਰਨ ਪਰਮਾਰ) ਟੀਮ ਦੇ ਬੱਚੇ ਭੋਲੇਭਾਅ ਨੱਚ ਕੇ ਆਪਣੀ ਪ੍ਰਤਿਭਾ ਪੇਸ਼ ਕਰ ਰਹੇ ਸਨ। ਟੀਮਾਂ ਦੀ ਪੇਸ਼ਕਾਰੀ ਦੌਰਾਨ ਸਟੇਜ `ਤੇ ਲੱਗੀ ਵੱਡੀ ਸਕਰੀਨ ਉਤੇ ‘ੳ ਅ ੲ’, ਫੁਲਕਾਰੀ ਤੇ ਛਤਰੀ ਅਤੇ ਕਣਕ ਦੇ ਖੇਤ ਦੇ ਦ੍ਰਿਸ਼ ਚੱਲ ਰਹੇ ਸਨ। ਕਦੇ ਕਦੇ ਤਾਂ ਇਉਂ ਭੁਲੇਖਾ ਪੈਂਦਾ ਸੀ, ਜਿਵੇਂ ਭੰਗੜਚੀ ਵਿਸਾਖੀ ਦੇ ਜਸ਼ਨ ਮਨਾਉਂਦੇ ਹੋਏ ਕਣਕ ਦੇ ਖੇਤ ਵਿੱਚ ਨੱਚਦੇ ਹੋਣ ਜਾਂ ਗਿੱਧਾ ਪਾਉਂਦੀਆਂ ਮੁਟਿਆਰਾਂ-ਬੀਬੀਆਂ ਦੇ ਸਿਰ ਉਤੇ ਫੁਲਕਾਰੀ ਤਣੀ ਹੋਵੇ।
ਇਸ ਤੋਂ ਇਲਾਵਾ ‘ਟੀਮ ਮੁਲਤਾਨ’ (ਕੋਆਰਡੀਨੇਟਰ ਰਮਨਦੀਪ ਹਾਂਸੀ), ‘ਸ਼ੌਂਕੀ ਭੰਗੜੇ ਦੇ’ (ਕੋਆਰਡੀਨੇਟਰ ਜਨਮਜੀਤ ਚਾਹਲ), ‘ਸ਼ੌਕੀਨ ਜੱਟੀਆਂ’ (ਕੋਆਰਡੀਨੇਟਰ ਸ਼ੁਭਲੀਨ ਕੇ. ਨਾਗਰਾ), ‘ਵਿੰਡੀਸਿਟੀ ਭੰਗੜਾ’ ਤੇ ‘ਕੁੜੀਆਂ ਪਟੋਲਾ’ (ਕੋਆਰਡੀਨੇਟਰ ਸੋਨੀਆ ਸੇਠੀ ਕੋਹਲੀ ਤੇ ਵਿੰਨੀ ਕੌਰ), ‘ਭੰਗੜਾ ਫਿਊਜ਼ਨ ਫੋਰਸ’ (ਕੋਆਰਡੀਨੇਟਰ ਤਜਿੰਦਰ ਕੌਰ) ਅਤੇ ‘ਸਾਡਾ ਵਿਰਸਾ’ (ਕੋਆਰਡੀਨੇਟਰ ਹਰਮਨ ਕੌਰ) ਦੀਆਂ ਟੀਮਾਂ ਦਾ ਵੀ ਆਪੋ-ਆਪਣਾ ਰੰਗ ਸੀ। ਕਿਉਂਕਿ ਹਾਲ ਅੰਦਰ ਵੱਖ-ਵੱਖ ਵੰਨਗੀਆਂ ਦੀ ਪੇਸ਼ਕਾਰੀ ਦੇਖਣ ਦੇ ਚਾਹਵਾਨ ਪੂਰੇ ਤਰਾਰੇ ਵਿੱਚ ਆਏ ਹੋਏ ਸਨ, ਇਸ ਲਈ ਉਹ ਆਪਣੀ ਪਸੰਦੀਦਾ ਟੀਮ ਦੀ ਹੌਸਲਾ ਅਫਜ਼ਾਈ ਵਿੱਚ ਬੜ੍ਹਕਾਂ ਤੇ ਤਾੜੀਆਂ ਮਾਰ ਰਹੇ ਸਨ।
‘ਦੇਸੀ ਠੁਮਕਾ’ (ਕੋਆਰਡੀਨੇਟਰ ਜੋਨੀਤਾ ਵਰਮਾ ਤੇ ਆਯੂਸ਼ੀ ਠੱਕਰ) ਅਤੇ ‘ਆਪਣਾ ਭੰਗੜਾ ਕਰਿਊ’ ਤੇ ‘ਵੱਖਰਾ ਸਵੈਗ’ (ਕੋਆਰਡੀਨੇਟਰ ਨੇਹਾ ਸੋਬਤੀ) ਵਿੱਚ ਦੱਖਣ ਭਾਰਤ, ਮਹਾਰਾਸ਼ਟਰ ਤੇ ਗੁਜਰਾਤ ਸੂਬੇ ਨਾਲ ਸਬੰਧਤ ਕਲਾਕਾਰਾਂ ਨੇ ਭੰਗੜੇ ਤੇ ਡਾਂਸ ਨੂੰ ਕਲੀ-ਜੋਟਾ ਬਣਾ ਕੇ ਪੇਸ਼ ਕੀਤਾ।
ਕੋਆਰਡੀਨੇਟਰ ਨਵਤੇਜ ਸਿੰਘ ਸੋਹੀ ਦੀ ‘ਮਲਵਈ ਗਿੱਧਾ’ ਟੀਮ ਦੀ ਪੇਸ਼ਕਾਰੀ ਵੀ ਠੀਕ ਰਹੀ। ਚਿੱਟੇ ਕੁੜੜੇ-ਚਾਦਰਿਆਂ ਤੇ ਸ਼ਮਲੇ ਵਾਲੀਆਂ ਪੱਗਾਂ ਵਿੱਚ ਜੱਚਦੇ ਗੱਭਰੂ ਢੋਲਕੀ, ਛਿੱਕਿਆਂ, ਤੂੰਬੀ, ਛੇਣੇ, ਕਾਟੋਆਂ ਤੇ ਗੁਬਚੂ ਨੂੰ ਸੁਰ ਕਰੀ ਆਪਣੀ ਆਪਣੀ ਲੈਅ ਵਿੱਚ ਨੱਚ ਰਹੇ ਸਨ। ਉਹ ਨਜ਼ਾਰਾ ਦਿਲਚਸਪ ਸੀ, ਜਦੋਂ ਆਪਣੇ ਨਾਂ ਦੀ ਬੋਲੀ ਉਤੇ ਪੀ.ਸੀ.ਐਸ. ਦੇ ਬੋਰਡ ਆਫ ਗਵਰਨਰ ਰਾਜਿੰਦਰ ਸਿੰਘ ਮਾਗੋ ਟੀਮ ਦੇ ਗੱਭਰੂਆਂ ਨਾਲੋਂ ਵੱਧ ਜੋਸ਼ ਵਿੱਚ ਆ ਕੇ ਨੱਚਣ ਲੱਗੇ। ਕੁਝ ਬੋਲੀਆਂ ਦਿਲਚਸਪ ਸਨ, ਪਰ ਪੇਸ਼ਕਾਰੀ ਦੌਰਾਨ ਕਿਤੇ ਕਿਤੇ ਵਕਫੇ ਦਾ ਪੈਂਦਾ ਖੱਪਾ ਰੜਕ ਰਿਹਾ ਸੀ। ਕੁਲ ਮਿਲਾ ਕੇ ਦਰਸ਼ਕਾਂ ਨੇ ਮਲਵਈ ਗਿੱਧੇ ਦਾ ਅਨੰਦ ਮਾਣਿਆ। ਢੋਲ `ਤੇ ਸਾਥ ਮਨਮੀਤ ਸਿੰਘ ਨੇ ਦਿੱਤਾ। ਸੁਖਪਾਲ ਗਿੱਲ ਨੇ ‘ਹੀਰ’ ਦੇ ਕੁਝ ਬੰਦ ਵੀ ਸੁਣਾਏ।
ਸਮਾਗਮ ਦੀ ਵਿਸ਼ੇਸ਼ਤਾ ਇਹ ਵੀ ਸੀ ਕਿ ਸੰਸਥਾ ਨਾਲ ਜੁੜੇ ਨਵੀਂ ਪੀੜ੍ਹੀ ਦੇ ਬੱਚਿਆਂ ਨੇ ਵਾਰੋ-ਵਾਰੀ ਮੰਚ ਦਾ ਬਾਖੂਬੀ ਸੰਚਾਲਨ ਕੀਤਾ। ਗੁਰਨਾਜ਼ ਸੋਹੀ ਤੇ ਹਰਸਿਮਰਨ ਕੌਰ ਨੇ ‘ਕਣਕਾਂ ਦਾ ਹੋ ਗਿਆ ਸੁਨਹਿਰੀ ਰੰਗ ਵੇ, ਹਵਾ ਦੇ ਹੁਲਾਰੇ ਨਾਲ ਡੋਲ ਬੱਲੀਏ, ਭੰਗੜੇ `ਚ ਵੱਜਦੇ ਨੇ ਢੋਲ ਬੱਲੀਏ’ ਅਤੇ ਹੋਰ ਸ਼ੇਅਰੋ-ਸ਼ਾਇਰੀ ਕਰਦਿਆਂ ਤੇ ਹਾਸੇ-ਠੱਠੇ ਦੀਆਂ ਗੱਲਾਂ ਨਾਲ ਬਾਖੂਬੀ ਮੰਚ ਸੰਭਾਲਿਆ। ਉਪਰੰਤ ਕਬੀਰ ਵਿਰਕ, ਸਹਿਜ ਸਿੱਧੂ, ਗੁਰਨੀਰ ਸਿੱਧੂ, ਮਨਕੀਰਥ ਸਿੰਘ ਅਤੇ ਗੁਰਨੂਰ ਸਿੰਘ ਨੇ ਆਪੋ-ਆਪਣੇ ਅੰਦਾਜ਼ ਵਿੱਚ ਸਟੇਜ ਦੀ ਸੇਵਾ ਨਿਭਾਈ।
ਇਸ ਮੌਕੇ ਬੋਲਦਿਆਂ ਸੰਸਥਾ ਦੇ ਚੇਅਰਮੈਨ ਡਾ. ਵਿਕਰਮ ਗਿੱਲ ਨੇ ਕਿਹਾ ਕਿ ‘ਰੰਗਲਾ ਪੰਜਾਬ’ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਸੱਭਿਆਚਾਰ ਦੇ ਇਸ ਵਹਿਣ ਵਿੱਚ ਜਿਵੇਂ ਵੱਖ-ਵੱਖ ਨਦੀਆਂ, ਝਰਨੇ ਆ ਰਲ਼ੇ ਹੋਣ। ਕਿਉਂਕਿ ਸੱਭਿਆਚਾਰ ਦਾ ਘੇਰਾ ਵਿਸ਼ਾਲ ਹੈ ਅਤੇ ਸੱਭਿਆਚਾਰਕ ਤੌਰ `ਤੇ ਅਸੀਂ ਵੱਖ ਨਹੀਂ ਹਾਂ। ਇਸ ਮੰਚ ਉਤੇ ਪੰਜਾਬੀ ਕਲਾਕਾਰਾਂ ਨਾਲ ਭਾਰਤ ਦੇ ਹੋਰ ਸੂਬਿਆਂ ਨਾਲ ਸਬੰਧਤ ਕਲਾਕਾਰਾਂ ਦਾ ਰਲੇਵਾਂ ਦੇਖ ਕੇ ਕਹਿ ਸਕਦੇ ਹਾਂ ਕਿ ਪੰਜਾਬ ਹੀ ਹਿੰਦ ਹੈ ਤੇ ਪੰਜਾਬ ਹੀ ਸਿੰਧ ਹੈ।
ਬਾਲੀਵੁੱਡ ਅਦਾਕਾਰ, ਲੇਖਕ ਤੇ ਫਿਲਮਸਾਜ਼ ਕਵੀ ਰਾਜ ਮੁੱਖ ਮਹਿਮਾਨ ਸਨ ਅਤੇ ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਵਿਸਾਖੀ ਦੀ ਵਧਾਈ ਦਿੰਦਿਆਂ ਸੰਸਥਾ ਨੂੰ ਮਿਲ ਰਹੇ ਭਾਈਚਾਰਕ ਸਹਿਯੋਗ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਉਹ ਬਾਲੀਵੁੱਡ ਦੇ ਨਾਲ ਨਾਲ ਹਾਲੀਵੁੱਡ ਵਿੱਚ ਵੀ ਵਿਚਰ ਰਹੇ ਹਨ। ਉਨ੍ਹਾਂ ਦੀ ਰੁਚੀ ਇਤਿਹਾਸ ਨਾਲ ਜੁੜੀਆਂ ਫਿਲਮਾਂ ਬਣਾਉਣ ਵਿੱਚ ਹੈ। ਪਿੱਛੇ ਜਿਹੇ ਉਨ੍ਹਾਂ ਨੇ ਫਿਲਮ ‘ਸਰਾਭਾ’ ਬਣਾਈ ਹੈ ਅਤੇ ਉਸ ਤੋਂ ਪਹਿਲਾਂ ਮਹਾਰਾਜਾ ਦਲੀਪ ਸਿੰਘ ਉਤੇ ਫਿਲਮ ‘ਬਲੈਕ ਪ੍ਰਿੰਸ’ ਬਣਾਈ ਸੀ। ਹਾਲ ਹੀ ਵਿੱਚ ਕਵੀ ਰਾਜ ਨੇ ਫਿਲਮ ‘ਇੱਕ ਓਅੰਕਾਰ’ ਦੀ ਸ਼ੂਟਿੰਗ ਮੁਕੰਮਲ ਕੀਤੀ ਹੈ, ਜੋ ਜਲਦੀ ਹੀ ਰਿਲੀਜ਼ ਹੋਵੇਗੀ। ਇਹ ਫਿਲਮ 5 ਅਗਸਤ 2012 ਨੂੰ ਗੁਰਦੁਆਰਾ ਓਕ ਕਰੀਕ (ਵਿਸਕਾਨਸਿਨ) ਵਿੱਚ ਹੋਏ ਨਸਲੀ ਹਮਲੇ ਦੇ ਆਧਾਰ ਉਤੇ ਬਣਾਈ ਗਈ ਹੈ।
ਸੰਸਥਾ ਦੇ ਪ੍ਰਧਾਨ ਮਨਜੀਤ ਸਿੰਘ ਭੱਲਾ ਅਤੇ ਵਿਸ਼ੇਸ਼ ਮਹਿਮਾਨ ਡਾ. ਮਿਹਰਬਾਨ ਸਿੰਘ ਨੇ ਵਿਸਾਖੀ ਦੀ ਵਧਾਈ ਦਿੰਦਿਆਂ ਸੰਸਥਾ ਵੱਲੋਂ ਦਿੱਤੇ ਗਏ ਮਾਣ-ਤਾਣ ਲਈ ਧੰਨਵਾਦ ਕੀਤਾ। ਮੀਤ ਪ੍ਰਧਾਨ ਨਵਤੇਜ ਸੋਹੀ ਨੇ ਦੱਸਿਆ ਕਿ ਪੀ.ਸੀ.ਐਸ. 1994 ਵਿੱਚ ਹੋਂਦ ਵਿੱਚ ਆਈ ਸੀ ਅਤੇ ਪਿਛਲੇ ਤੀਹ ਸਾਲਾਂ ਤੋਂ ਭਾਈਚਾਰੇ ਵਿੱਚ ਸਰਗਰਮ ਹੈ। ਇਸ ਦੇ ਬਾਨੀ ਮੈਂਬਰਾਂ ਨੇ ਸੰਸਥਾ ਨੂੰ ਇਸ ਮੁਕਾਮ `ਤੇ ਲਿਆਉਣ ਲਈ ਬਹੁਤ ਘਾਲਣਾ ਕੀਤੀ ਹੈ।
ਸੰਸਥਾ ਦੇ ਬੋਰਡ ਆਫ਼ ਗਵਰਨਰ ਐਮਰੀਟਸ ਸ. ਸੁਖਮੇਲ ਸਿੰਘ ਅਟਵਾਲ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਸੰਸਥਾ ਵੱਲੋਂ ਸਨਮਾਨਿਤ ਕੀਤਾ ਗਿਆ। ਸ. ਅਟਵਾਲ ਪਹਿਲੀ ਜਨਵਰੀ 2024 ਤੋਂ ਪੀ.ਸੀ.ਐਸ. ਬੋਰਡ ਆਫ਼ ਗਵਰਨਰਜ਼ ਤੋਂ ਕਰੀਬ ਤੀਹ ਸਾਲਾਂ ਦੀ ਸਵੈ-ਇੱਛੁਕ ਸੇਵਾ ਤੋਂ ਬਾਅਦ ਸੇਵਾਮੁਕਤ ਹੋ ਗਏ ਹਨ। ਉਹ ਆਪਣੇ ਪਰਿਵਾਰ ਸਮੇਤ ਪੀ.ਸੀ.ਐਸ. ਨਾਲ ਨੇੜਿਓਂ ਜੁੜੇ ਰਹੇ ਹਨ। ਉਹ 1997 ਵਿੱਚ ਅਤੇ ਫਿਰ 2017 ਵਿੱਚ ਸੰਸਥਾ ਦੇ ਪ੍ਰਧਾਨ ਵੀ ਰਹੇ ਹਨ।
ਇਸ ਮੌਕੇ ਗੁਰਦੁਆਰਾ ਪੈਲਾਟਾਈਨ ਕਾਰਸੇਵਾ ਜਥੇ ਦੇ ਮੋਢੀ ਮੈਂਬਰ ਸ. ਸਤਨਾਮ ਸਿੰਘ ਔਲਖ ਦੀ ਨਵੀਂ ਕਿਤਾਬ ਦੀ ਵਿਕਰੀ ਲਈ ਸਟਾਲ ਵੀ ਲਾਇਆ ਗਿਆ ਸੀ। ਸਮਾਗਮ ਦੌਰਾਨ ਸਟੇਜ ਤੋਂ ਇਹ ਪੁਸਤਕ ਰਸਮੀ ਤੌਰ ‘ਤੇ ਜਾਰੀ ਵੀ ਕੀਤੀ ਗਈ। ਕਿਸਾਨਾਂ/ਫਸਲਾਂ/ਵਿਸਾਖੀ ਆਦਿ ਨਾਲ ਸਬੰਧ ਛਾਪੇ ਵਾਲੀਆਂ ਟੀ-ਸ਼ਟਰਾਂ ਦੀ ਵਿਕਰੀ ਵਾਲਾ ਸਟਾਲ ਵੀ ਲੱਗਿਆ ਹੋਇਆ ਸੀ। ਖਾਸ ਮਹਿਮਾਨਾਂ ਲਈ ‘ਟੇਸਟ ਆਫ ਇੰਡੀਆ’ ਦੇ ਮਨਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਸਵਾਦਿਸ਼ਟ ਖਾਣਾ ਪਰੋਸਣ ਵਿੱਚ ਮਸਰੂਫ ਸਨ ਅਤੇ ਉਚੇਚਾ ਮਹਿਮਾਨ-ਨਵਾਜ਼ੀ ਕਰ ਰਹੇ ਸਨ।
ਸਮਾਗਮ ਦੀ ਕਾਮਯਾਬੀ ਲਈ ਸੰਸਥਾ ਦੇ ਸਾਰੇ ਨੁਮਾਇੰਦਿਆਂ ਨੇ ਆਪਣੋ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਈਆਂ, ਜਿਨ੍ਹਾਂ ਵਿੱਚ ਚੇਅਰਮੈਨ ਡਾ. ਵਿਕਰਮ ਗਿੱਲ ਤੇ ਪ੍ਰਧਾਨ ਮਨਜੀਤ ਸਿੰਘ ਭੱਲਾ ਤੋਂ ਇਲਾਵਾ ਸੰਸਥਾ ਦੇ ਬੋਰਡ ਆਫ ਡਾਇਰੈਕਟਰਾਂ ਵਿੱਚ ਮੀਤ ਪ੍ਰਧਾਨ ਨਵਤੇਜ ਸਿੰਘ ਸੋਹੀ, ਕਾਰਜਕਾਰੀ ਸਕੱਤਰ ਪਰਮਜੋਤ ਸਿੰਘ ਪਰਮਾਰ, ਸਪੋਰਟਸ ਡਾਇਰੈਕਟਰ ਬਿਕਰਮ ਸੋਹੀ, ਫਾਇਨਾਂਸ ਡਾਇਰੈਕਟਰ ਗੁਰਲਾਲ ਸਿੰਘ ਭੱਠਲ, ਅਸਿਸਟੈਂਟ ਫਾਇਨਾਂਸ ਤੇ ਆਈ.ਟੀ. ਡਾਇਰੈਕਟਰ ਗੁਰਪ੍ਰੀਤ ਸਿੰਘ ਸਿੱਧੂ, ਇੰਟਰਕਮਿਉਨਿਟੀ ਡਾਇਰੈਕਟਰ ਜਿਗਰਦੀਪ ਸਿੰਘ ਢਿੱਲੋਂ, ਯੂਥ ਡਾਇਰੈਕਟਰ ਪਰਮਵੀਰ ਕੌਰ ਤੇ ਸਪੈਸ਼ਲ ਪ੍ਰੋਜੈਕਟਸ ਡਾਇਰੈਕਟਰ ਤੇਜਵੀਰ ਸਿੰਘ ਸੂਦਨ ਸ਼ਾਮਲ ਹਨ। ਬੋਰਡ ਆਫ ਐਡਵਾਈਜ਼ਰ ਪਰਵਿੰਦਰ ਸਿੰਘ ਨੰਨੂਆ, ਗੁਰਮੀਤ ਸਿੰਘ ਢਿੱਲੋਂ ਤੇ ਸੁਰਿੰਦਰ ਸਿੰਘ ਪਾਲੀਆ ਹਨ, ਜਦਕਿ ਬੋਰਡ ਆਫ ਗਵਰਨਰਜ਼ ਵਿੱਚ ਰਾਜਿੰਦਰ ਸਿੰਘ ਮਾਗੋ, ਮੋਹਿੰਦਰਜੀਤ ਸਿੰਘ ਸੈਣੀ, ਬਲਵਿੰਦਰ ਸਿੰਘ ਗਿਰਨ, ਅਮਰਜੀਤ ਕੌਰ ਅਟਵਾਲ, ਹਰਵਿੰਦਰ ਪਾਲ ਸਿੰਘ ਲੈਲ, ਜਸਬੀਰ ਸਿੰਘ ਪਾਲੀਆ, ਭਿੰਦਰ ਸਿੰਘ ਪੰਮਾ ਤੇ ਵਿੱਕ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਧਾਲੀਵਾਲ ਤੇ ਸਾਬਕਾ ਚੇਅਰਮੈਨ ਨਿੱਕ ਬਲਵਿੰਦਰ ਸਿੰਘ ਵੀ ਪੂਰੇ ਮੁਸ਼ਤੈਦ ਸਨ।