ਜੇ.ਐਸ. ਮਾਂਗਟ
ਲੰਘੀ 19 ਅਪ੍ਰੈਲ ਨੂੰ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਪਹਿਲੇ ਗੇੜ ਦੀਆਂ ਪਈਆਂ ਵੋਟਾਂ ਤੋਂ ਬਾਅਦ ਰਾਜਨੀਤਿਕ ਪਾਰਟੀਆਂ ਦਰਮਿਆਨ ਖਿੱਚੋਤਾਣ ਅਤੇ ਦੋਸ਼ਾਂ-ਪ੍ਰਤੀਦੋਸ਼ਾਂ ਦਾ ਸਿਲਸਲਾ ਹੋਰ ਤੇਜ਼ ਹੋ ਗਿਆ ਹੈ। ਇਸ ਦੇ ਨਾਲ ਹੀ ਦਲਬਦਲੀਆਂ ਦਾ ਰੁਝਾਨ ਵੀ ਲਗਾਤਾਰ ਜਾਰੀ ਹੈ। ਰਾਜਨੀਤਿਕ ਪਾਰਟੀਆਂ ਖਾਸ ਕਰਕੇ ਕਾਂਗਰਸ ਅਤੇ ਭਾਜਪਾ ਨੇ ਇੱਕ ਦੂਜੇ ‘ਤੇ ਹਮਲੇ ਤੇਜ਼ ਕਰ ਦਿੱਤੇ ਹਨ। ਭਾਜਪਾ ਤਾਂ ਆਪਣੇ ਰਵਾਇਤੀ ਝੁਕਾਅ, ਧਾਰਮਿਕ ਆਧਾਰ ‘ਤੇ ਵੋਟਾਂ ਦੀ ਸਫਬੰਦੀ ਕਰਨ ਵਿੱਚ ਵੀ ਰੁੱਝ ਗਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, “ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਦੇਸ਼ ਦੇ ਸੋਮਿਆਂ ‘ਤੇ ਪਹਿਲਾ ਅਧਿਕਾਰ ਮੁਸਲਮਾਨਾਂ ਦਾ ਹੈ। ਇਸ ਲਈ ਕਾਂਗਰਸ ਜੇ ਸੱਤਾ ਵਿੱਚ ਆ ਗਈ ਤਾਂ ਤੁਹਾਡਾ ਧਨ ਖੋਹ ਕੇ ਉਨ੍ਹਾਂ ਲੋਕਾਂ ਨੂੰ ਦੇ ਦੇਵੇਗੀ, ਜੋ ਜ਼ਿਆਦਾ ਬੱਚੇ ਪੈਦਾ ਕਰਦੇ ਹਨ।” ਉਨ੍ਹਾਂ ਦਾ ਇਹ ਇਸ਼ਾਰਾ ਭਾਰਤ ਵਿੱਚ ਵੱਸਦੇ ਮਸਲਿਮ ਭਾਈਚਾਰੇ ਵੱਲ ਸੀ। ਉਨ੍ਹਾਂ ਹੋਰ ਕਿਹਾ ਕਿ ਤੁਹਾਡਾ ਮੰਗਲ ਸੂਤਰ ਵੀ ਇਨ੍ਹਾਂ ਨੇ ਨਹੀਂ ਛੱਡਣਾ ਅਤੇ ਸਾਰਾ ਧਨ ਖੋਹ ਕੇ ਘੁਸਪੈਠੀਆਂ (ਮੁਸਲਮਾਨਾਂ) ਨੂੰ ਵੰਡ ਦੇਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਮੈਨੀਫੈਸਟੋ ਵਿੱਚ ਇਹ ਸਾਰਾ ਕੁਝ ਕਿਹਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਮੈਨੀਫੈਸਟੋ ‘ਤੇ ਅਰਬਨ ਨਕਸਲਵਾਦ ਦੀ ਛਾਪ ਹੈ। ਵਿਰੋਧੀ ਧਿਰ ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਚੋਣ ਜਾਬਤੇ ਦੀ ਉਲੰਘਣਾ ਕਰਾਰ ਦੇ ਰਹੀ ਹੈ। ਇੰਡੀਆ ਗੱਠਜੋੜ ਦੇ ਆਗੂਆਂ ਵੱਲੋਂ ਇਸ ਮਾਮਲੇ ਵਿੱਚ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ, ਪਰ ਹਾਲੇ ਤੱਕ ਚੋਣ ਕਮਿਸ਼ਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਕਾਂਗਰਸ ਪਾਰਟੀ ਨੇ ਇਸ ਮਾਮਲੇ ਵਿੱਚ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਪਹਿਲੇ ਗੇੜ ਦੀਆਂ ਚੋਣਾਂ ਵਿੱਚ ਆਪਣੀ ਹਾਰ ਦੇ ਸਪਸ਼ਟ ਸੰਕੇਤ ਵੇਖ ਕੇ ਪ੍ਰਧਾਨ ਮੰਤਰੀ ਬੁਖਲਾ ਗਏ ਹਨ।
ਉਂਝ ਪਹਿਲੇ ਗੇੜ ਦੀਆਂ ਵੋਟਾਂ ਦੌਰਾਨ ਇਹ ਤੱਥ ਵੀ ਉਭਰ ਕੇ ਸਾਹਮਣੇ ਆਇਆ ਹੈ ਕਿ ਕਿਸੇ ਵੀ ਰਾਜ ਵਿੱਚ, ਕਿਸੇ ਵੀ ਪਾਰਟੀ ਦੀ ਇੱਕ ਤਰਫਾ ਲਹਿਰ ਨਹੀਂ ਹੈ। ਰਾਮ ਮੰਦਰ ਵਾਲਾ ਮੁੱਦਾ ਵੀ ਭਾਜਪਾ ਦੇ ਪੱਖ ਵਿੱਚ ਕੰਮ ਕਰਦਾ ਵਿਖਾਈ ਨਹੀਂ ਦੇ ਰਿਹਾ। ਸਗੋਂ ਉਭਰ ਕੇ ਸਾਹਮਣੇ ਇਹ ਆ ਰਿਹਾ ਹੈ ਕਿ ਲੋਕ ਰਾਜਨੀਤਿਕ ਪਾਰਟੀਆਂ ਪ੍ਰਤੀ ਬੇਵਸਾਹੀ ਵਿਖਾ ਰਹੇ ਹਨ ਅਤੇ ਵੋਟਾਂ ਪਾਉਣ ਲਈ ਘੱਟ ਨਿਕਲ ਰਹੇ ਹਨ। ਇਥੋਂ ਤੱਕ ਕਿ ਵੱਖਰੇ ਰਾਜ ਦੀ ਮੰਗ ਕਰ ਰਹੇ ਪੂਰਬੀ ਨਾਗਾਲੈਂਡ ਦੇ 6 ਜ਼ਿਲਿ੍ਹਆਂ ਵਿੱਚ ਇੱਕ ਵੀ ਵਿਅਕਤੀ ਵੋਟ ਪਾਉਣ ਲਈ ਨਹੀਂ ਨਿਕਲਿਆ। ਇਸੇ ਕਾਰਨ ਵੱਖ-ਵੱਖ ਰਾਜਾਂ ਵਿੱਚ ਵੋਟਿੰਗ ਫੀਸਦ 4 ਤੋਂ 6 ਫੀਸਦੀ ਤੱਕ ਗਿਰ ਗਿਆ ਹੈ। ਖਾਸ ਕਰਕੇ ਹਿੰਦੀ ਬੈਲਟ ਵਿੱਚ ਲੋਕ ਵੋਟਾਂ ਪਾਉਣ ਲਈ ਘੱਟ ਨਿਕਲ ਰਹੇ ਹਨ। ਪੱਛਮੀ ਬੰਗਾਲ ਵਿੱਚ ਭਾਜਪਾ ਅਤੇ ਟੀ.ਐਮ.ਸੀ. ਵਿਚਕਾਰ ਕਾਂਟੇ ਦੀ ਟੱਕਰ ਕਾਰਨ ਲੋਕ ਚੋਖੀ ਗਿਣਤੀ ਵਿੱਚ ਵੋਟ ਪਾਉਣ ਲਈ ਨਿਕਲੇ ਹਨ। ਤ੍ਰਿਪੁਰਾ ਵਿੱਚ ਸਭ ਤੋਂ ਵੱਧ 80.40 ਫੀਸਦੀ ਪੋਲਿੰਗ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ, ਜਦੋਂਕਿ ਬਿਹਾਰ ਵਿੱਚ ਸਭ ਤੋਂ ਘੱਟ 48.50 ਫੀਸਦੀ ਵੋਟਿੰਗ ਹੋਈ ਹੈ। ਪੱਛਮੀ ਬੰਗਾਲ ਵਿੱਚ 77.57 ਫੀਸਦੀ ਵੋਟਿੰਗ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਪੱਛਮੀ ਬੰਗਾਲ, ਮਨੀਪੁਰ ਅਤੇ ਛਤੀਸਗੜ੍ਹ ਵਿੱਚ ਵਾਪਰੀਆਂ ਕੁਝ ਹਿੰਸਕ ਘਟਨਾਵਾਂ ਤੋਂ ਇਲਾਵਾ ਬਾਕੀ ਰਾਜਾਂ ਵਿੱਚ ਵੋਟਾਂ ਅਮਨ-ਅਮਾਨ ਨਾਲ ਪਈਆਂ।
ਯਾਦ ਰਹੇ, ਪਹਿਲੇ ਗੇੜ ਦੌਰਾਨ ਤਾਮਿਲਨਾਡੂ ਦੀਆਂ 39, ਰਾਜਸਥਾਨ ਦੀਆਂ 12, ਯੂ.ਪੀ. ਦੀਆਂ 8, ਮੱਧ ਪ੍ਰਦੇਸ਼ ਦੀਆਂ 6, ਉਤਰਾਖੰਡ ਦੀਆਂ 5, ਬਿਹਾਰ ਦੀਆਂ 4, ਪੱਛਮੀ ਬੰਗਾਲ ਦੀਆਂ 3, ਅਰੁਣਾਚਲ ਪ੍ਰਦੇਸ਼ ਦੀਆਂ 2, ਮੇਘਾਲਿਆ ਦੀਆਂ 2, ਅੰਡੇਮਾਨ ਤੇ ਨਿਕੋਬਾਰ ਟਾਪੂ, ਮਿਜ਼ੋਰਮ, ਪੁੱਡੂਚਿਰੀ, ਸਿੱਕਮ ਅਤੇ ਲਕਸ਼ਦੀਪ ਵਿੱਚ 1-1 ਸੀਟ ‘ਤੇ ਵੋਟਾਂ ਪਈਆਂ ਹਨ। ਪਹਿਲੇ ਗੇੜ ਦੀ ਪੋਲਿੰਗ ਵਿੱਚ ਲੋਕ ਸਭਾ ਦੀਆਂ 102 ਸੀਟਾਂ ਸਮੇਤ ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਦੀਆਂ ਕ੍ਰਮਵਾਰ 60 ਅਤੇ 32 ਵਿਧਾਨ ਸਭਾ ਹਲਕਿਆਂ ਵਿੱਚ ਵੀ ਵੋਟਾਂ ਪਈਆਂ ਹਨ। ਇਸ ਦੌਰਾਨ ਹੋਈ ਹਿੰਸਾ ਵਿੱਚ ਛਤੀਸਗੜ੍ਹ ਵਿੱਚ ਇੱਕ ਸੀ.ਆਰ.ਪੀ.ਐਫ. ਦੇ ਜਵਾਨ ਦੀ ਮੌਤ ਹੋ ਗਈ ਹੈ ਅਤੇ ਮਨੀਪੁਰ ਦੇ ਇੱਕ ਪੋਲਿੰਗ ਸਟੇਸ਼ਨ ‘ਤੇ ਈ.ਵੀ.ਐਮ. ਮਸ਼ੀਨ ਨੂੰ ਅੱਗ ਲਗਾ ਦਿੱਤੀ ਗਈ।
ਘਟੀ ਵੋਟਿੰਗ ਦੇ ਕਾਰਨਾਂ ਬਾਰੇ ਤਾਂ ਗਰਮੀ ਤੋਂ ਲੈ ਕੇ ਲੋਕਾਂ ਦੀ ਪਾਰਟੀਆਂ ਪ੍ਰਤੀ ਉਪਰਾਮਤਾ ਤੱਕ ਕਈ ਦਲੀਲਾਂ ਸਾਹਮਣੇ ਆ ਰਹੀਆਂ ਹਨ, ਪਰ ਇਸ ਦਾ ਫਾਇਦਾ ਕਿਸ ਧਿਰ ਨੂੰ ਹੋਵੇਗਾ, ਇਸ ਬਾਰੇ ਦੋਨੋਂ ਧਿਰਾਂ ਆਪੋ ਆਪਣੇ ਦਾਅਵੇ ਪੇਸ਼ ਕਰ ਰਹੀਆਂ ਹਨ। ਇਸ ਤੋਂ ਇਲਾਵਾ ਪ੍ਰਮੁੱਖ ਟੀ.ਵੀ. ਚੈਨਲ ਭਾਜਪਾ ਨਾਲ ਆਪਣੀ ਯਾਰੀ ਨਿਭਾਅ ਰਹੇ ਹਨ, ਪਰ ਸੋਸ਼ਲ ਮੀਡੀਆ ‘ਤੇ ਚਲਦੇ ਬਹੁਤ ਸਾਰੇ ਛੋਟੇ ਚੈਨਲ ਕਾਂਗਰਸ ਅਤੇ ਐਨ.ਡੀ.ਏ. ਨੂੰ ਲਾਭ ਹੁੰਦਾ ਵਿਖਾ ਰਹੇ ਹਨ। ਉਂਝ ਪਹਿਲੇ ਗੇੜ ਦੀਆਂ ਵੋਟਾਂ ਤੋਂ ਬਾਅਦ ਇੱਕ ਨਿੱਜੀ ਸਰਵੇ ਵਿੱਚ ਇਹ ਤੱਥ ਉਭਰ ਕੇ ਸਾਹਮਣੇ ਆਇਆ ਹੈ ਕਿ ਲੋਕਾਂ ਲਈ ਇਸ ਵਾਰ ਰਾਮ ਮੰਦਰ ਪ੍ਰਮੁਖ ਮੁੱਦਾ ਨਹੀਂ ਹੈ, ਸਗੋਂ ਸਭ ਤੋਂ ਉਪਰ ਰੁਜ਼ਗਾਰ ਅਤੇ ਦੂਜੇ ਨੰਬਰ ‘ਤੇ ਮਹਿੰਗਾਈ ਦਾ ਮੁੱਦਾ ਹੈ।
ਬੀਤੀ ਵੀਹ ਅਪ੍ਰੈਲ ਨੂੰ ਮਹਾਰਾਸ਼ਟਰ ਵਿੱਚ ਆਪਣੇ ਇੱਕ ਉਮੀਦਵਾਰ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਪਾਰਟੀ ਪਹਿਲਾਂ ਹੀ ਹਾਰ ਮੰਨ ਚੁੱਕੀ ਹੈ। ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਆਰ.ਐਸ.ਐਸ. ਅਤੇ ਬੀ.ਜੇ.ਪੀ. ਦੇ ਸੱਤਾ ‘ਤੇ ਹਾਵੀ ਹੋਣ ਨਾਲ ਜਮਹੂਰੀਅਤ ਨੂੰ ਖਤਰਾ ਖੜ੍ਹਾ ਹੋ ਗਿਆ ਹੈ।
ਮਹਾਰਾਸ਼ਟਰ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਰਾਹੁਲ ਗਾਂਧੀ, ਅਖਲੇਸ਼ ਯਾਦਵ ਅਤੇ ਸੋਨੀਆ ਗਾਂਧੀ ‘ਤੇ ਕ੍ਰਮਵਾਰ ਸਿੱਧੇ ਤੇ ਅਸਿੱਧੇ ਹਮਲੇ ਕੀਤੇ। ਉਨ੍ਹਾਂ ਕਾਂਗਰਸ ਅਤੇ ਸਪਾ ਦੇ ਸੁਪਰੀਮ ਲੀਡਰਾਂ ਨੂੰ ‘ਦੋ ਸ਼ਹਿਜ਼ਾਦਿਆਂ’ ਵਜੋਂ ਸੰਬੋਧਨ ਕੀਤਾ। ਇੱਕ ਚੋਣ ਰੈਲੀ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ “ਦੋ ਸ਼ਹਿਜ਼ਾਦਿਆਂ ਦੀ ਜੋੜੀ ਦੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ, ਪਰ ਉਨ੍ਹਾਂ ਦੀ ਫਿਲਮ ਪਹਿਲਾਂ ਹੀ ਲੋਕਾਂ ਵੱਲੋਂ ਰੱਦ ਕੀਤੀ ਜਾ ਚੁੱਕੀ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਅਮੇਠੀ ਵਿੱਚੋਂ ਭੱਜਣ ਤੋਂ ਬਾਅਦ ਹੁਣ ਵਾਇਨਾਡ (ਕੇਰਲਾ) ਵਿੱਚੋਂ ਵੀ ਆਪਣੀ ਸੀਟ ਛੱਡ ਕੇ ਭੱਜਣਗੇ ਅਤੇ ਕੋਈ ਹੋਰ ਸੁਰੱਖਿਅਤ ਸੀਟ ਲੱਭਣਗੇ। ਉਨ੍ਹਾਂ ਸੋਨੀਆ ਗਾਂਧੀ ‘ਤੇ ਅਸਿੱਧਾ ਹਮਲਾ ਕਰਦਿਆਂ ਕਿਹਾ ਕਿ ਜਿਹੜੇ ਵਿਰੋਧੀ ਆਗੂ ਚੋਣਾਂ ਲੜਨ ਤੋਂ ਡਰਦੇ ਹਨ, ਉਹ ਰਾਜ ਸਭਾ ਵਿੱਚ ਜਾ ਰਹੇ ਹਨ। ਅਮਿੱਤ ਸ਼ਾਹ ਨੇ ਵੀ ਯੂ.ਪੀ. ਦੇ ਮਥਰਾ ਵਿੱਚ ਹੇਮਾ ਮਾਲਿਨੀ ਦੇ ਹੱਕ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਪਾਸੇ ‘ਦੋ ਸ਼ਹਿਜ਼ਾਦੇ ਚੋਣ ਲੜ ਰਹੇ ਹਨ, ਦੂਜੇ ਪਾਸੇ ਗਰੀਬ ਘਰ ਵਿੱਚ ਜਨਮੇ ਨਰਿੰਦਰ ਮੋਦੀ ਹਨ। ਉਨ੍ਹਾਂ ਅਖਿਆ ਕਿ ਦੂਜੇ ਗੇੜ ਵਿੱਚ ਵੀ ਲੋਕ ਵਧ ਚੜ੍ਹ ਕੇ ਭਾਰਤੀ ਜਨਤਾ ਪਾਰਟੀ ਅਤੇ ਐਨ.ਡੀ.ਏ. ਗੱਠਜੋੜ ਨੂੰ ਵੋਟਾਂ ਪਾਉਣਗੇ। ਅਮਿੱਤ ਸ਼ਾਹ ਨੇ ਅਸਾਮ ਦੇ ਸਿਲਚਰ ਵਿੱਚ ਹੋਈ ਇੱਕ ਹੋਰ ਰੈਲੀ ਵਿੱਚ ਕਿਹਾ ਕਿ ਜੇ ਕਾਂਗਰਸ ਸੱਤਾ ਵਿੱਚ ਆਈ ਤਾਂ ਦੇਸ਼ ਵਿੱਚ ਦੰਗੇ ਹੋਣਗੇ, ਜਦਕਿ ਭਾਜਪਾ ਨੇ ਦੰਗਾਕਾਰੀ ਅਤੇ ਅਤਿਵਾਦ ਖਤਮ ਕਰ ਦਿੱਤਾ ਹੈ। ਭਾਜਪਾ ਵੱਲੋਂ ਸੰਵਿਧਾਨ ਬਦਲ ਦੇਣ ਦੇ ਦੋਸ਼ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਵੱਲੋਂ ਅਨੇਕਾਂ ਵਾਰ ਸੰਵਿਧਾਨ ਬਦਲਿਆ ਗਿਆ ਹੈ, ਪਰ ਉਸ ਵੱਲੋਂ ਕਦੇ ਵੀ ਇਸ ਤਬਦੀਲੀ ਵਿੱਚ ‘ਹਿੰਦੂਇਜ਼ਮ’ ਨੂੰ ਸਾਹਮਣੇ ਨਹੀਂ ਰੱਖਿਆ ਗਿਆ। ਯਾਦ ਰਹੇ, ਇਸੇ ਮਹੀਨੇ ਆਪਣੇ ਇੱਕ ਬਿਆਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਭਾਜਪਾ ਦੀ ਸੰਵਿਧਾਨ ਬਦਲਣ ਦੀ ਕੋਈ ਇੱਛਾ ਨਹੀਂ ਹੈ। ਉਨ੍ਹਾਂ ਇਸ ਪੱਖ ‘ਤੇ ਜ਼ੋਰ ਦਿੰਦਿਆਂ ਕਿਹਾ ਸੀ ਕਿ “ਹੁਣ ਭਾਵੇਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਖੁਦ ਵੀ ਆ ਜਾਣ, ਉਹ ਵੀ ਸੰਵਿਧਾਨ ਨੂੰ ਨਹੀਂ ਬਦਲ ਸਕਦੇ।”
ਉਧਰ ਇੰਡੀਆ ਗੱਠਜੋੜ ਦੇ ਆਗੂਆਂ- ਰਾਹੁਲ ਗਾਂਧੀ, ਸੰਜੇ ਸਿੰਘ ਅਤੇ ਅਖਿਲੇਸ਼ ਯਾਦਵ ਨੇ ਵੀ ਭਾਰਤੀ ਜਨਤਾ ਪਾਰਟੀ ਅਤੇ ਐਨ.ਡੀ.ਏ. ਗੱਠਜੋੜ ‘ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪਹਿਲੇ ਗੇੜ ਦੀਆਂ ਚੋਣਾਂ ਨੇ ਉੱਤਰ ਪ੍ਰਦੇਸ਼ ਵਿੱਚ ਚੋਣ ਮਾਹੌਲ ਬਦਲ ਦਿੱਤਾ ਹੈ ਅਤੇ ਬੀ.ਜੇ.ਪੀ. ਦੀ ਫਿਲਮ ਫਲੌਪ ਹੋ ਗਈ ਹੈ। ਯਾਦ ਰਹੇ, ਦੂਜੇ ਗੇੜ ਵਿੱਚ ਉੱਤਰ ਪ੍ਰਦੇਸ਼ ਵਿੱਚ ਅੱਠ ਹਲਕਿਆਂ ਵਿੱਚ ਚੋਣਾਂ ਹੋ ਰਹੀਆਂ ਹਨ। ਅਖਿਲੇਸ਼ ਯਾਦਵ ਨੇ ਕਿਹਾ, “ਬੀ.ਜੇ.ਪੀ. ਦੀ ਫਿਲਮ ਪਹਿਲੇ ਦਿਨ ਹੀ ਫਲੌਪ ਹੋ ਗਈ ਹੈ ਅਤੇ ਉਨ੍ਹਾਂ ਵੱਲੋਂ ਘੜਿਆ ਗਿਆ ਫਿਰਕੂ ਬਿਰਤਾਂਤ ਕਿਸੇ ਕੰਮ ਨਹੀਂ ਆ ਰਿਹਾ ਹੈ।” ਉਨ੍ਹਾਂ ਕਿਹਾ ਕਿ ਨਤੀਜਿਆਂ ਤੋਂ ਬਾਅਦ ਲੋਕ ਭਾਜਪਾ ਨੂੰ ਢੋਲ ਢਮੱਕੇ ਨਾਲ ਅਲਵਿਦਾ ਆਖਣਗੇ।
ਇਸੇ ਦਰਮਿਆਨ ਲੰਘੀ 21 ਅਪ੍ਰੈਲ ਨੂੰ ਵਿਰੋਧੀ ਪਾਰਟੀਆਂ ਦੇ ਇੰਡੀਆ ਗੱਠਜੋੜ ਵੱਲੋਂ ਰਾਂਚੀ ਵਿੱਚ ਇੱਕ ਸਾਂਝੀ ਰੈਲੀ ਕੀਤੀ ਗਈ। ਰਾਂਚੀ ਦੇ ਪ੍ਰਭਤਾਰਾ ਮੈਦਾਨ ਵਿੱਚ ਕੀਤੀ ਗਈ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਭਾਰਤ ਵਿੱਚ ਜਮਹੂਰੀਅਤ ਅਤੇ ਸਵਿੰਧਾਨ ਨੂੰ ਬਚਾਉਣ ਲਈ ਇੰਡੀਆ ਗੱਠਜੋੜ ਦੇ ਭਾਈਵਾਲਾਂ ਨੂੰ ਜਿਤਾਉਣ ਦਾ ਸੱਦਾ ਦਿੱਤਾ। ਇਸ ਰੈਲੀ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਤਿਹਾੜ ਜੇਲ੍ਹ ਵਿੱਚ ਬੰਦ ‘ਆਪ’ ਆਗੂ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਨੇ ਕੇਂਦਰ ਸਰਕਾਰ ‘ਤੇ ਦੋਸ਼ ਲਾਇਆ ਕਿ ਉਹ ਕੇਜਰੀਵਾਲ ਦੀ ਜਾਨ ਲੈਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੇਜਰੀਵਾਲ ਨੂੰ ਇਨਸੂਲਿਨ ਦਾ ਟੀਕਾ ਨਹੀਂ ਲੈਣ ਦੇ ਰਹੀ, ਜਿਹੜਾ ਕਿ ਉਨ੍ਹਾਂ ਲਈ ਜ਼ਰੂਰੀ ਹੈ। ਜੇਲ੍ਹ ਵਿੱਚ ਬੰਦ ਝਾਰਖੰਡ ਮੁਕਤੀ ਮੋਰਚਾ ਦੇ ਆਗੂ ਅਤੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਤਨੀ ਕਲਪਨਾ ਨੇ ਵੀ ਇਸ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਸਾਬਕਾ ਮੁੱਖ ਮੰਤਰੀ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਵਿੱਚ ਕੋਈ ਮੋਦੀ ਲਹਿਰ ਨਹੀਂ ਚੱਲ ਰਹੀ। ਉਨ੍ਹਾਂ ਕਿਹਾ ਕਿ ਜੇ ਮੋਦੀ ਲਹਿਰ ਚਲਦੀ ਹੁੰਦੀ ਤਾਂ ਕੇਜਰੀਵਾਲ ਅਤੇ ਹੇਮੰਤ ਸੋਰੇਨ ਨੂੰ ਜੇਲ੍ਹ ਵਿੱਚ ਬੰਦ ਕਰਨ ਦੀ ਜ਼ਰੂਰਤ ਸੀ?
ਇੱਥੇ ਜ਼ਿਕਰ ਕਰਨਾ ਦਰੁਸਤ ਹੋਏਗਾ ਕਿ ਦੂਜੇ ਗੇੜ ਦੀਆਂ ਵੋਟਾਂ 26 ਅਪ੍ਰੈਲ ਨੂੰ ਪੈਣਗੀਆਂ। ਇਸ ਗੇੜ ਦੌਰਾਨ 13 ਰਾਜਾਂ ਦੇ 89 ਲੋਕ ਸਭਾ ਹਲਕਿਆਂ ਵਿੱਚ ਵੋਟਾਂ ਪੈਣਗੀਆਂ। ਇਨ੍ਹਾਂ ਰਾਜਾਂ ਵਿੱਚ ਆਸਾਮ, ਬਿਹਾਰ, ਛਤੀਸਗੜ੍ਹ, ਕਰਨਾਟਕਾ, ਕੇਰਲਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਨੀਪੁਰ, ਰਾਜਸਥਾਨ, ਤ੍ਰਿਪੁਰਾ, ਯੂ.ਪੀ., ਪੱਛਮੀ ਬੰਗਾਲ ਅਤੇ ਜੰਮੂ ਕਸ਼ਮੀਰ ਸ਼ਾਮਲ ਹਨ। ਭਾਰਤੀ ਕੇਂਦਰੀ ਸੱਤਾ ਦਾ ਊਠ ਕਿਸ ਕਰਵਟ ਬੈਠਦਾ ਹੈ, ਇਸ ਦਾ ਅਸਲ ਪਤਾ 4 ਜੂਨ ਨੂੰ ਹੀ ਲੱਗੇਗਾ। ਪੂਰੇ ਹਿੰਦੋਸਤਾਨ ਵਿੱਚ ਵੋਟਾਂ ਦੇ ਛੇ ਗੇੜ ਹਾਲੇ ਹੋਰ ਬਾਕੀ ਹਨ।