ਚਮਕੀਲੇ ਬਾਰੇ ਫਿਲਮ ਦਾ ਰੌਲਾ
ਜਸਵੀਰ ਸਿੰਘ ਸ਼ੀਰੀ
1980ਵਿਆਂ ਦੇ ਦੌਰ ‘ਚ ਤੇਜ਼ੀ ਨਾਲ ਉਭਰੇ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਬਾਰੇ ਹਾਲ ਹੀ ਵਿੱਚ ਬਣੀ ਫਿਲਮ ਦੀ ਕਾਫੀ ਚਰਚਾ ਚੱਲ ਪਈ ਹੈ। ਮੈਂ ਜ਼ਾਤੀ ਤੌਰ ‘ਤੇ ਇਸ ਗਾਇਕ ਨੂੰ ਕਦੀ ਨਹੀਂ ਮਿਲਿਆ। ਪਰ ਸਾਡੀ ਭੈਣ (ਤਾਇਆ ਜੀ ਦੀ ਲੜਕੀ) ਦੇ ਵਿਆਹ ‘ਤੇ ਚਮਕੀਲਾ ਸੁਰਿੰਦਰ ਸ਼ਿੰਦੇ ਨਾਲ ਅਖਾੜਾ ਲਾਉਣ ਲਈ ਆਇਆ ਸੀ। ਇਨ੍ਹੀਂ ਦਿਨੀਂ ਵਿਆਹ ਘਰਾਂ ਵਿੱਚ ਹੀ ਹੁੰਦੇ ਸਨ, ਮੈਰਿਜ ਪੈਲਿਸ ਵਾਲਾ ਰਿਵਾਜ਼ ਹਾਲੇ ਸ਼ੁਰੂ ਨਹੀਂ ਸੀ ਹੋਇਆ। ਜੰਨ ਕੋਆਪਰੇਟਿਵ ਸੁਸਾਇਟੀ ਦੀ ਇਮਾਰਤ ਵਿੱਚ ਉਤਰੀ ਸੀ। ਗੱਡਿਆਂ ਵਾਲੀ ਸਟੇਜ ਲਾ ਕੇ ਹੀ ਇਹ ਅਖਾੜਾ ਲੱਗਿਆ ਸੀ।
ਇਸ ਮੌਕੇ ਅਮਰ ਸਿੰਘ ਚਮਕੀਲੇ ਨੇ ਪਹਿਲਾ ਧਾਰਮਿਕ ਗੀਤ ਗਾਇਆ ਸੀ, ‘ਦਸ਼ਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ, ਇੱਟਾਂ ਦੀ ਥਾਂ ਸਿੰਘਾਂ ਦੇ ਸੀਸ ਚਿਣਾ ਚੱਲਿਆ।’ ਇਹ ਗੀਤ ਬਾਅਦ ਵਿੱਚ ਕਿਤੇ ਰਿਕਾਰਡ ਸ਼ਾਇਦ ਨਹੀਂ ਹੋਇਆ। ਅਗਲੇ ਦਿਨ ਜਦੋਂ ਸਕੂਲ ਗਏ ਤਾਂ ਮੈਂ ਆਪਣੇ ਇੱਕ ਦੋਸਤ (ਦਰਬਾਰਾ ਸਿੰਘ) ਕੋਲ ਸੁਰਿੰਦਰ ਸ਼ਿੰਦੇ ਦੀ ਗਾਇਕੀ ਦੀ ਸਿਫਤ ਕੀਤੀ। ਦਰਬਾਰਾ ਸਿੰਘ ਨੇ ਬੁੱਲ੍ਹ ਟੇਰ ਦਿੱਤੇ ਤੇ ਕਿਹਾ, “ਚਮਕੀਲਾ ਉਹਦੇ ਨਾਲੋਂ ਜ਼ਿਆਦਾ ਵਧੀਆ ਗਾਇਕ ਹੈ!” ਉਸ ਦਾ ਇਹ ਕਮੈਂਟ ਉਦੋਂ ਆਇਆ ਸੀ, ਜਦੋਂ ਚਮਕੀਲਾ ਹਾਲੇ ਸ਼ਿੰਦੇ ਨਾਲ ਦਰੀਆਂ ਦੁਰੀਆਂ ਝਾੜਦਾ ਹੁੰਦਾ ਸੀ।
ਚਮਕੀਲੇ ‘ਤੇ ਬਣੀ ਫਿਲਮ ਕੁਝ ਕਾਰਨਾਂ ਕਰਕੇ ਮੈਂ ਹਾਲ ਦੀ ਘੜੀ ਨਹੀਂ ਵੇਖ ਸਕਿਆ, ਪਰ ਵੇਖਣ ਵਾਲੇ ਦੱਸਦੇ ਹਨ ਕਿ ਫਿਲਮ ਵਿੱਚ ਦਲਜੀਤ ਦੋਸਾਂਝ ਅਤੇ ਪਰਨੀਤੀ ਚੋਪੜਾ ਸਮੇਤ ਵੱਖ-ਵੱਖ ਕਿਰਦਾਰਾਂ ਨੇ ਜਾਨਦਾਰ ਭੂਮਿਕਾਵਾਂ ਨਿਭਾਈਆਂ ਹਨ। 1988 ਵਿੱਚ ਜਿਸ ਦਿਨ ਅਮਰ ਸਿੰਘ ਚਮਕੀਲੇ ਦਾ ਫਿਲੌਰ ਨੇੜੇ ਪਿੰਡ ਮਹਿਸਮਪੁਰ ਵਿੱਚ ਕਤਲ ਹੋਇਆ, ਉਸ ਦਿਨ ਮੈਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਪਿੰਡ ਵਿੱਚ ਆਪਣੇ ਇੱਕ ਦੋਸਤ ਦੇ ਘਰ ਦੂਰਦਰਸ਼ਨ ‘ਤੇ ਖਬਰਾਂ ਵੇਖ ਰਿਹਾ ਸੀ। ਇਹ ਸ਼ਾਇਦ 8 ਮਾਰਚ ਦਾ ਦਿਨ ਸੀ। ਜਦੋਂ ਚਮਕੀਲੇ ਅਤੇ ਅਮਰਜੋਤ ਨੂੰ ਮਾਰਨ ਦੀ ਖ਼ਬਰ ਆਈ ਤਾਂ ਮੈਨੂੰ ਇੱਕ ਝਟਕਾ ਜਿਹਾ ਲੱਗਾ। ਉਸ ਸਮੇਂ ਦੇ ਆਪਣੇ ਵਿਚਾਰਾਂ ਅਤੇ ਸੁਭਾਅ ਅਨੁਸਾਰ ਮੈਂ ਚਮਕੀਲੇ ਦੇ ਬਹੁਤੇ ਗੀਤਾਂ ਨੂੰ ਪਸੰਦ ਨਹੀਂ ਸਾਂ ਕਰਦਾ। ਉਸ ਨੇ ਨਿਸ਼ਚਿਤ ਹੀ ਆਪਣੇ ਕੁਝ ਗੀਤਾਂ ਵਿੱਚ ਸਮੇਂ ਦੇ ਸਮਾਜਕ ਚੌਖਟੇ ਅਤੇ ਸਭਿਆਚਾਰਕ ਮਰਿਆਦਾਵਾਂ ਨੂੰ ਉਲੰਘਣਾ ਸ਼ੁਰੂ ਕਰ ਦਿੱਤਾ ਸੀ। ਇਸ ਲਿਹਾਜ਼ ਨਾਲ ਉਸ ਦੇ ਬਹੁਤ ਸਾਰੇ ਗੀਤਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ, ਪਰ ਮੈਂ ਇੱਕ ਦੋ ਗੀਤਾਂ ਦਾ ਹੀ ਜ਼ਿਕਰ ਕਰਾਂਗਾ, ਮਸਲਨ “ਜੀਜਾ ਸਾਲੀ ‘ਤੇ, ਡਿੱਗ ਪਿਆ ਲੋਟਣੀ ਖਾ ਕੇ” ਜਾਂ “ਆਟੇ ਵਾਂਗੂੰ ਗੁਨ੍ਹ ‘ਤੀ ਬਿਗਾਨੇ ਪੁੱਤ ਨੇ” ਜਾਂ “ਚਸਕਾ ਪੈ ਗਿਆ ਸਾਲੀ ਦਾ ਜੀਜਾ ਵੇ ਤੈਨੂੰ” ਆਦਿ ਆਦਿ। ਪਰ ਉਸ ਦੀ ਗਾਇਕੀ ਦਾ ਇੱਕ ਦੂਜਾ ਪੱਖ ਵੀ ਸੀ। ਉਸ ਨੇ ਜੋ ਸੋਲੋ ਗਾਇਆ ਜਾਂ ਕੁਝ ਕਲੀਆਂ ਜਾਂ ਲੋਕ ਤੱਥ ਗਾਏ, ਉਹ ਬੇਹੱਦ ਖੂਬਸੂਰਤ ਹਨ। ਉਸ ਦੀਆਂ ਧਾਰਮਿਕ ਕੈਸਿਟਾਂ ਵੀ ਲੱਖਾਂ ਵਿੱਚ ਵਿਕੀਆਂ।
ਫਿਰ ਵੀ ਉਸ ਦੇ ਮਿਆਰੋਂ ਨੀਵੇਂ ਗੀਤ ਪਰਿਵਾਰਾਂ ਵਿੱਚ ਬੈਠ ਕੇ ਸੁਣਨ ਵਾਲੇ ਨਹੀਂ ਹਨ। ਜਿਸ ਸਮੇਂ ਚਮਕੀਲਾ ਗਾ ਰਿਹਾ ਸੀ, ਉਸ ਵੇਲੇ ਤਾਂ ਇਹ ਬਿਲਕੁਲ ਹੀ ਸੰਭਵ ਨਹੀਂ ਸੀ। ਜਿਸ ਦੌਰ ਵਿੱਚ ਚਮਕੀਲੇ ਦਾ ਉਭਾਰ ਹੁੰਦਾ ਹੈ, ਬਿਲਕੁਲ ਉਨ੍ਹਾਂ ਸਮਿਆਂ ਵਿੱਚ ਹੀ ਪੰਜਾਬ ਵਿੱਚ ਸਿੱਖ ਖਾੜਕੂ ਲਹਿਰ ਆਪਣਾ ਜ਼ੋਰ ਫੜ ਰਹੀ ਸੀ। ਇਸੇ ਦੌਰ ਵਿੱਚ ਸਰਕਾਰੀ ਜਬਰ ਅਤੇ ਪੰਜਾਬ ਦੀਆਂ ਮੰਗਾਂ ਨੂੰ ਦਰਕਿਨਾਰ ਕਰਨ ਕਰਕੇ ਅਕਾਲੀਆਂ ਹੱਥੋਂ ਸਿੱਖ ਲਹਿਰ ਦੀ ਅਗਵਾਈ ਤਿਲਕ ਕੇ ਸਿੱਖ ਰੈਡੀਕਲ ਧਿਰਾਂ ਕੋਲ ਚਲੀ ਗਈ, ਜਿਸ ਦੀ ਅਗਵਾਈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਰ ਰਹੇ ਸਨ। ਇਸ ਨਾਲ ਸਿੱਖ ਲਹਿਰ ਵਿੱਚ ਹਥਿਆਰਾਂ ਦਾ ਦਖਲ ਵੀ ਵਧਣ ਲੱਗਾ। ਉਧਰ ਕੇਂਦਰ ਦੀ ਕਾਂਗਰਸ ਸਰਕਾਰ ਦੀਆਂ ਆਪਣੀਆਂ ਗਿਣਤੀਆਂ-ਮਿਣਤੀਆਂ ਸਨ। ਉਹ ਸ਼ਾਇਦ ਇਸ ਵਰਤਾਰੇ ਨੂੰ ਇੱਕ ਸਿਖਰ ‘ਤੇ ਪਹੁੰਚਾ ਕੇ ਇਸ ‘ਤੇ ਵਾਰ ਕਰਨਾ ਚਹੁੰਦੀ ਸੀ ਤਾਂ ਕਿ ਵੋਟ ਰਾਜਨੀਤੀ ਵਿੱਚ ਇਸ ਦਾ ਲਾਹਾ ਲਿਆ ਜਾ ਸਕੇ। ਸਿੱਖ ਰੈਡੀਕਲ ਧਿਰਾਂ ਇਸ ਢਿੱਲ ਨੂੰ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਵਰਤ ਰਹੀਆਂ ਸਨ। ਇਸ ਤਰ੍ਹਾਂ ਰਾਜਨੀਤਿਕ ਸੀਨ ‘ਤੇ ਉਭਰੀਆਂ ਦੋਨੋ ਧਿਰਾਂ ਆਪੋ-ਆਪਣੇ ਹਿਸਾਬ ਨਾਲ ਚਾਲਾਂ ਚੱਲ ਰਹੀਆਂ ਸਨ। ਸ਼ਾਂਤਮਈ ਸੰਘਰਸ਼ ਦੀ ਅਗਵਾਈ ਕਰਨ ਵਾਲੇ ਅਕਾਲੀ ਲੀਡਰ ਆਪਣੇ ਆਪ ਨੂੰ ਦੋਹਾਂ ਧਿਰਾਂ ਦੇ ਵਿਚਕਾਰ ਫਸਿਆ ਮਹਿਸੂਸ ਕਰਨ ਲੱਗੇ। ਪਰ ਉਭਰ ਰਹੇ ਸਿੱਖ ਖਾੜਕੂਵਾਦ ਤੋਂ ਦੂਰ ਜਾ ਕੇ ਵੀ ਉਨ੍ਹਾਂ ਦਾ ਗੁਜ਼ਾਰਾ ਸੰਭਵ ਨਹੀਂ ਸੀ; ਕਿਉਂਕਿ 1984 ਤੱਕ ਆਉਂਦੇ-ਆਉਂਦੇ ਸਿੱਖ ਜਨਸਮੂਹ ਸਿੱਖ ਖਾੜਕੂ ਧਿਰਾਂ ਦੇ ਵਧਵੇਂ ਪ੍ਰਭਾਵ ਹੇਠ ਚਲੇ ਗਏ ਸਨ।
ਉਪਰੇਸ਼ਨ ਬਲਿਊਸਟਾਰ ਦੌਰਾਨ ਸ੍ਰੀ ਦਰਬਾਰ ਸਾਹਿਬ ‘ਤੇ ਫੌਜ ਦੀ ਕਾਰਵਾਈ ਅਤੇ ਇਸ ਤੋਂ ਪਿਛੋਂ ਪੰਜਾਬ ਦੇ ਪਿੰਡਾਂ ਵਿੱਚ ਸਿੱਖ ਨੌਜਵਾਨਾਂ ਦੀਆਂ ਥੋਕ ਵਿੱਚ ਗ੍ਰਿਫਤਾਰੀ, ਲਾਪਤਾ ਹੋਣ ਦੇ ਮਾਮਲਿਆਂ, ਪੁਲਿਸ ਮੁਕਾਬਲਿਆਂ ਅਤੇ ਥਣਿਆਂ ਵਿੱਚ ਕੀਤੇ ਗਏ ਤਸ਼ਦਦ ਅਤੇ ਧੀਆਂ ਭੈਣ ਦੀਆਂ ਬੇਪਤੀਆਂ ਨੇ ਪੇਂਡੂ ਸਿੱਖ ਭਾਈਚਾਰੇ ਵਿੱਚ ਇੱਕ ਸਮੂਹਿਕ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਸੀ। ਨਾ ਸਿਰਫ ਆਮ ਸਿੱਖ ਅਵਾਮ ਵਿੱਚ ਹੀ ਇਸ ਕਿਸਮ ਦੀ ਸੋਗ ਦੀ ਲਹਿਰ ਸੀ, ਸਗੋਂ ਸਿੱਖ ਦਾਨਿਸ਼ਵਰਾਂ ਨੇ ਵੀ ਇਨ੍ਹਾਂ ਘਟਨਾਵਾਂ ਦਾ ਦਰਦ ਮਹਿਸੂਸ ਕਰਨਾ ਸ਼ੁਰੂ ਕੀਤਾ। ਪਿੱਛੋਂ ਨਵੰਬਰ 1984 ਵਿੱਚ ਦੇਸ਼ ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਨੇ ਪੰਜਾਬ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਵਿੱਚ ਮਾਹੌਲ ਹੋਰ ਵਧੇਰੇ ਗੁਸੈਲ ਅਤੇ ਸੋਗਮਈ ਬਣਾ ਦਿੱਤਾ ਸੀ।
ਇਹ ਇੱਕ ਇਤਫਾਕ ਹੀ ਸੀ ਕਿ ਇਹੋ ਜਿਹੇ ਮਾਹੌਲ ਵਿੱਚ ਹੀ ਅਮਰ ਸਿੰਘ ਚਮਕੀਲੇ ਦੀ ਗਾਇਕੀ ਆਪਣੀਆਂ ਸਿੱਖਰਾਂ ਛੂੰਹਦੀ ਹੈ। ਇਹ ਆਪਣੇ ਆਪ ਲਈ ਪੰਜਾਬ ਦੀ ਘੱਟ ਪੜ੍ਹੀ-ਲਿਖੀ ਜਵਾਨੀ ਵਿੱਚ ਆਪਣੇ ਲਈ ਇੱਕ ਜਸ਼ਨ ਵਾਲਾ ਮਾਹੌਲ ਸਿਰਜਣ ਦਾ ਯਤਨ ਕਰਦੀ ਹੈ। ਪੰਜਾਬ, ਖਾਸ ਕਰਕੇ ਮਾਝੇ ਦੇ ਪਿੰਡਾਂ ਵਿੱਚ ਘਰ-ਘਰ ਪਿੱਟ ਸਿਆਪਾ ਅਤੇ ਸੋਗਮਈ ਮਾਹੌਲ ਸੀ ਜਿਸ ਵਿੱਚੋਂ ਸਮੂਹਿਕ ਸਿੱਖ ਸਪਿਰਟ ਗੁਜਰ ਰਹੀ ਸੀ। ਦੂਜੇ ਪਾਸੇ ਚਮਕੀਲੇ ਦੇ ਗੀਤਾਂ ਦਾ ਜਸ਼ਨ ਸੀ। ਇਨ੍ਹਾਂ ਦੋ, ਇੱਕ-ਦੂਜੇ ਦੀਆਂ ਵਿਰੋਧੀ ਧਾਰਾਵਾਂ ਦਾ ਆਪਸ ਵਿੱਚ ਕੋਈ ਮੇਲ ਨਹੀਂ ਸੀ। ਕਿਤੇ ਨਾ ਕਿਤੇ ਟਕਰਾਅ ਹੋਣਾ ਨਿਸ਼ਚਤ ਸੀ ਤੇ ਅਖੀਰ ਨੂੰ ਇਹ ਹੋਇਆ ਵੀ, ਜਿਸ ਵਿੱਚ ਅਮਰ ਸਿੰਘ ਚਮਕੀਲੇ ਦਾ ਕਤਲ ਹੋਇਆ।
ਚਮਕੀਲੇ ਦੀ ਮੌਤ ਬਾਰੇ ਬਹੁਤ ਸਾਰੀਆਂ ਕਿਆਸਅਰਾਈਆਂ ਚਲਦੀਆਂ ਹਨ। ਕੁਝ ਲੋਕ ਕਹਿੰਦੇ ਹਨ ਕਿ ਉਸ ਨੂੰ ਸੰਗੀਤ ਇੰਡਸਟਰੀ ਦੇ ਸ਼ਰੀਕ ਗਾਇਕਾਂ ਨੇ ਹੀ ਮਰਵਾਇਆ, ਜਿਹੜੇ ਉਸ ਦੀ ਆਮਦ ਤੋਂ ਬਾਅਦ ਵੇਹਲੇ ਹੋ ਗਏ ਸਨ। ਦੂਜੀਆਂ ਧਿਰਾਂ ਮੰਨਦੀਆਂ ਹਨ ਕਿ ਉਹ ਸਿੱਖ ਖਾੜਕੂ ਧਿਰਾਂ ਦੀ ਗੋਲੀ ਦਾ ਹੀ ਸ਼ਿਕਾਰ ਹੋਇਆ। ਜ਼ਿਆਦਾ ਸੰਭਾਵਨਾ ਉਸ ਦੇ ਸਿੱਖ ਖਾੜਕੂਆਂ ਹੱਥੋਂ ਮਾਰੇ ਜਾਣ ਦੀ ਹੀ ਹੈ, ਕਿਉਂਕਿ ਇਸ ਦੌਰ ਤੱਕ ਪਹੁੰਚਦਿਆਂ ਸਿੱਖ ਖਾੜਕੂ ਸਫਾਂ ਕਿਸੇ ਹੱਦ ਤੱਕ ਆਪ ਮੁਹਾਰੀਆਂ ਵੀ ਹੋ ਗਈਆਂ ਸਨ। ਇਸ ਤੋਂ ਇਲਾਵਾ ਕਿਸੇ ਵੀ ਅੰਡਰਗਰਾਉਂਡ ਤਨਜ਼ੀਮ ‘ਤੇ ਆਪਣੀ ਹੋਂਦ ਦਾ ਅਹਿਸਾਸ ਕਰਵਾਉਣ ਦਾ ਵੀ ਦਬਾਅ ਹੁੰਦਾ ਹੈ। ਇਸ ਲਈ ਇਨ੍ਹਾਂ ਲਹਿਰਾਂ ਨੂੰ ਲਗਾਤਾਰ ਸਰਗਰਮ ਰਹਿਣਾ ਪੈਂਦਾ ਹੈ। ਚਮਕੀਲਾ ਇੱਕ ਸੌਖਾ ਨਿਸ਼ਾਨਾ ਵੀ ਸੀ। ਕਿਉਂਕਿ ਧਮਕੀਆਂ ਦੇ ਬਾਵਜੂਦ ਉਸ ਨੇ ਪੁਲਿਸ ਸੁਰੱਖਿਆ ਹਾਸਲ ਨਹੀਂ ਸੀ ਕੀਤੀ। ਮਾਰਨ ਦੀ ਸੂਰਤ ਵਿੱਚ ਉਸ ਨੇ ਅਖਬਾਰਾਂ ਦੀ ਵੱਡੀ ਸੁਰਖੀ ਬਣ ਜਾਣਾ ਸੀ ਤੇ ਬਣਿਆ ਵੀ। ਇੱਕ ਧਮਕੀ ਪੱਤਰ ਆਉਣ ਤੋਂ ਬਾਅਦ ਉਹ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਪਿੰਡ ਉੱਪਲਾਂ ਦੇ ਗੀਤਕਾਰ ਸਵਰਨ ਸਿੰਘ ਸਿਵੀਆ ਨੂੰ ਵੀ ਮਿਲਿਆ ਸੀ। ਯਾਦ ਰਹੇ, ਚਮਕੀਲੇ ਵੱਲੋਂ ਗਾਏ ਬਹੁਤੇ ਧਾਰਮਿਕ ਗੀਤ ਸਵਰਨ ਸਿਵੀਆ ਨੇ ਹੀ ਲਿਖੇ ਸਨ। ਉਹਦਾ ਬੇਹੱਦ ਮਕਬੂਲ ਗੀਤ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਣਾ’ ਵੀ ਸਵਰਨ ਸਿਵੀਏ ਦੀ ਲਿਖਤ ਸੀ। ‘ਪਰਾਈਮ ਏਸ਼ੀਆ’ ਟੀ.ਵੀ. ਨਾਲ ਇੱਕ ਇੰਟਰਵਿਊ ਵਿੱਚ ਸਵਰਨ ਸਿਵੀਆ ਨੇ ਚਮਕੀਲੇ ਨੂੰ ਆਏ ਉਸ ਧਮਕੀ ਪੱਤਰ ਦਾ ਜ਼ਿਕਰ ਕੀਤਾ ਸੀ, ਜਿਸ ਤੋਂ ਬਾਅਦ ਉਹ ਦਰਬਾਰ ਸਾਹਿਬ ਜਾ ਕੇ ਪੰਥਕ ਕਮੇਟੀ ਦੇ ਆਗੂਆਂ ਨੂੰ ਮਿਲੇ ਸਨ। ਸਵਰਨ ਸਿੰਘ ਸਿਵੀਆ ਅਨੁਸਾਰ ਮਿਲਣ ਵੇਲੇ ਵੱਸਣ ਸਿੰਘ ਜ਼ਫਰਵਾਲ ਨੇ ਚਮਕੀਲੇ ਨੂੰ ਜੱਫੀ ਵਿੱਚ ਲੈਂਦਿਆਂ ਕਿਹਾ ਸੀ, “ਆ ਉਏ ਪੰਜਾਬ ਦੇ ਬੱਬਰ ਸ਼ੇਰ ਗਵਈਆ।” ਇਹ ਗੱਲ ਸੱਚ ਹੈ ਜਾਂ ਝੂਠ, ਪਤਾ ਨਹੀਂ! ਪਰ ਵੱਸਣ ਸਿੰਘ ਜ਼ਫਰਵਾਲ ਅੱਜ ਵੀ ਜਿਉਂਦੇ ਹਨ, ਇਸ ਗਲਤ/ਠੀਕ ਨੂੰ ਤਸਦੀਕ ਕਰ ਸਕਦੇ ਹਨ।
ਸਵਰਨ ਸਿਵੀਆ ਅਨੁਸਾਰ ਪੰਥਕ ਕਮੇਟੀ ਦੇ ਇੱਕ ਸੰਤ ਬਿਰਤੀ ਵਾਲੇ ਬੰਦੇ ਨੇ ਅਮਰ ਸਿੰਘ ਚਮਕੀਲੇ ਨੂੰ ਚੰਗਾ ਗਾਉਣ ਅਤੇ ਦਰਬਾਰ ਸਾਹਿਬ ਵਿੱਚ ਦੇਗ ਕਰਵਾਉਣ ਤੇ ਗੁਰੂ ਮਹਾਰਾਜ ਕੋਲੋਂ ਮੁਆਫੀ ਮੰਗਣ ਲਈ ਕਿਹਾ ਸੀ। ਇਸ ਤੋਂ ਬਾਅਦ ਉਸ ਨੇ 5500 ਰੁਪਏ ਦੀ ਦੇਗ ਕਰਵਾਈ ਅਤੇ ਘਰ ਪਰਤ ਆਏ ਸਨ। ਉਸ ਤੋਂ ਬਾਅਦ ਗਾਏ ਉਸ ਦੇ ਧਾਰਮਿਕ ਗੀਤ ਵੀ ਬੇਹੱਦ ਮਕਬੂਲ ਹੋਏ। ਮੇਰੇ ਲਈ ਸਿੱਧੂ ਮੂਸੇਵਾਲਾ ਤੇ ਅਮਰ ਸਿੰਘ ਚਮਕੀਲਾ ਤਕਰੀਬਨ ਇੱਕੋ ਜਿਹੇ ਗਾਇਕ ਹੀ ਸਨ। ਮੈਂ ਜਿਉਂਦੇ ਜੀ ਦੋਹਾਂ ਨੂੰ ਨਹੀਂ ਸੁਣਿਆ। ਮੌਤ ਤੋਂ ਬਾਅਦ ਹੀ ਇਨ੍ਹਾਂ ਨੂੰ ਧਿਆਨ ਨਾਲ ਸੁਣਿਆ। ਦੋਨੋਂ ਚੱਕਵੇਂ ਗੀਤ ਗਾਉਂਦੇ ਸਨ। ਇੱਕ ਹਥਿਆਰਾਂ ਪ੍ਰਤੀ ਅਤੇ ਦੂਜਾ ਇਸ਼ਕ ਮੁਸ਼ਕ ਵਾਲੇ; ਪਰ ਕਲਾਕਾਰ ਦੋਵੇਂ ਲਾਸਾਨੀ ਸਨ। ਇਨ੍ਹਾਂ ਦੋਵਾਂ ਦੇ ਅਧਵਾਟੇ ਮਾਰੇ ਜਾਣ ਦੇ ਦੁਖਾਂਤ ਦਾ ਸਬਕ ਇਹ ਹੈ ਕਿ ਵਿਚਾਰਾਂ ਜਾਂ ਸਭਿਆਚਾਰਕ ਪ੍ਰਗਟਾਵੇ ਦੀ ਨਾਬਰੀ ਨਾਲ ਹਥਿਆਰਾਂ ਨਾਲ ਨਹੀਂ ਨਿਪਟੀਦਾ। ਇਹਦੇ ਲਈ ਸਮਾਨਾਂਤਰ ਵਿਚਾਰਾਂ ਦਾ ਪ੍ਰਵਾਹ ਅਤੇ ਬਦਲਵਾਂ ਸਭਿਆਚਾਰਕ ਪ੍ਰਗਟਾਵਾ ਹੀ ਸਹੀ ਰਾਹ ਹੈ।