ਬਾਬਾ ਰਾਮਦੇਵ ਦੇ ਬਹਾਨੇ
ਪੰਜਾਬੀ ਪਰਵਾਜ਼ ਬਿਊਰੋ
ਬਾਬਾ ਰਾਮਦੇਵ ਅਤੇ ਉਸ ਦੀ ਕੰਪਨੀ ਪਤੰਜਲੀ ਖਿਲਾਫ ਸੁਪਰੀਮ ਕੋਰਟ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਇੱਕ ਲੋਕ ਹਿੱਤ ਪਟੀਸ਼ਨ ਰਾਹੀਂ ਝੂਠੀ ਅਤੇ ਗੁਮਰਾਹਕੁੰਨ ਇਸ਼ਤਿਹਾਰਬਾਜ਼ੀ ਖਿਲਾਫ ਸ਼ੁਰੂ ਹੋਇਆ ਕੇਸ ਹੁਣ ਸਮੁੱਚੇ ਮੀਡੀਆ ਵਿੱਚ ਛਪਦੀਆਂ ਜਾਂ ਬਰਾਡਕਾਸਟ ਹੁੰਦੀਆਂ ਝੂਠੀਆਂ ਇਸ਼ਤਿਹਾਰਬਾਜ਼ੀਆਂ ਨੂੰ ਵੀ ਆਪਣੇ ਘੇਰੇ ਵਿੱਚ ਲੈਂਦਾ ਨਜ਼ਰ ਆ ਰਿਹਾ ਹੈ। ਇਸ ਮੁਕੱਦਮੇ ਦੀ ਸੁਣਵਾਈ ਤਹਿਤ ਸੁਪਰੀਮ ਕੋਰਟ ਦੇ ਇੱਕ ਬੈਂਚ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ ‘ਸ਼ੀਸ਼ੇ ਵਿੱਚ ਆਪਣਾ ਮੂੰਹ’ ਵੇਖਣ ਲਈ ਵੀ ਕਹਿ ਦਿੱਤਾ ਹੈ।
ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਹਿਸਾਨੂਦੀਨ ਅਮਾਨਉਲਾ `ਤੇ ਆਧਾਰਤ ਦੋ ਮੈਂਬਰੀ ਬੈਂਚ ਨੇ ਪਤੰਜਲੀ ਇਸ਼ਤਿਹਾਰਬਾਜ਼ੀ ਕੇਸ ਵਿੱਚ ਪਟੀਸ਼ਨਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੇ ਅੰਦਰ ਵੀ ਝਾਤ ਮਾਰਨ। ਉਨ੍ਹਾਂ ਕਿਹਾ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਕਈ ਮੈਂਬਰ ਡਾਕਟਰਾਂ ਖਿਲਾਫ ਬਹੁਤ ਮਹਿੰਗੀਆਂ ਦਵਾਈਆਂ ਲਿਖਣ ਦੀਆਂ ਸ਼ਿਕਾਇਤਾਂ ਹਨ। ਉਨ੍ਹਾਂ ਖਿਲਾਫ ਤੁਹਾਡੀ ਸੰਸਥਾ ਵੱਲੋਂ ਕੀ ਕਾਰਵਾਈ ਕੀਤੀ ਗਈ?
ਅਦਾਲਤ ਨੇ ਇਸ ਮਾਮਲੇ ਵਿੱਚ ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਵੀ ਮੁਦੱਈ ਵਜੋਂ ਸ਼ਾਮਲ ਹੋਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਇਸ ਕੇਸ ਵਿੱਚ ਤਿੰਨ ਕੇਂਦਰੀ ਮੰਤਰਾਲਿਆਂ, ਖਪਤਕਾਰ ਮਾਮਲੇ, ਸੂਚਨਾ ਤੇ ਪ੍ਰਸਾਰਣ ਅਤੇ ਸੂਚਨਾ ਤਕਨਾਲੋਜੀ ਨੂੰ ਹੁਕਮ ਕੀਤਾ ਹੈ ਕਿ ਉਹ ਖਪਤਕਾਰ ਕਾਨੂੰਨਾਂ ਦੀ ਹੁੰਦੀ ਦੁਰਵਰਤੋਂ ਬਾਰੇ ਹੁਣ ਤੱਕ ਕੀਤੀ ਗਈ ਕਾਰਵਾਈ ਸਬੰਧੀ ਦੱਸਣ। ਬੈਂਚ ਨੇ ਕੇਂਦਰ ਤੋਂ ਅਗਸਤ 2023 ਵਿੱਚ ਆਯੂਸ਼ ਦੇ ਡਰੱਗ ਕੰਟਰੋਲਰਾਂ ਨੂੰ ਜਾਰੀ ਪੱਤਰ ਬਾਰੇ ਸਪਸ਼ਟੀਕਰਨ ਵੀ ਮੰਗਿਆ ਹੈ। ਪੱਤਰ ਵਿੱਚ ਡਰੱਗ ਅਤੇ ਕੌਸਮੈਟਿਕ ਨਿਯਮ 1945 ਦੀ ਧਾਰਾ 170 ਤਹਿਤ ਸੂਬਿਆਂ ਨੂੰ ਕਾਰਵਾਈ ਨਾ ਕਰਨ ਲਈ ਕਿਹਾ ਗਿਆ ਹੈ। ਇਸ ਤਰ੍ਹਾਂ ਅਦਾਲਤ ਨੇ ਇਸ ਕੇਸ ਦਾ ਘੇਰਾ ਸਮੁੱਚੇ ਦੇਸ਼ ਵਿੱਚ ਹੁੰਦੀ ਝੂਠੀ ਅਤੇ ਗੁਮਰਾਹਕੁੰਨ ਇਸ਼ਤਿਹਾਰਬਾਜੀ ਤੱਕ ਵਧਾ ਦਿੱਤਾ ਹੈ।
ਅਦਾਲਤ ਨੇ ਇਸ ਸਬੰਧ ਵਿੱਚ ਸਾਫ ਕਰਦਿਆਂ ਕਿਹਾ ਕਿ ਅਸੀਂ ਕਿਸੇ ਇੱਕ ਅੱਧ ਜਾਂ ਵਿਸ਼ੇਸ਼ ਕੰਪਨੀ ਦੇ ਖਿਲਾਫ ਨਹੀਂ ਹਾਂ। ਸਗੋਂ ਇਹ ਇੱਕ ਜਨਤਕ ਹਿੱਤ ਪਟੀਸ਼ਨ ਦਾ ਮਾਮਲਾ ਹੈ। ਇਸ ਨਾਲ ਲੋਕ ਹਿੱਤ ਅਤੇ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਦੀ ਸਿਹਤ ਦਾ ਮਾਮਲਾ ਜੁੜਿਆ ਹੋਇਆ ਹੈ। ਇਸ ਕੇਸ ਵਿੱਚ ਅਦਾਲਤ ਨੇ ਫਾਸਟ ਮੂਵਿੰਗ ਗੁਡਜ਼ (ਐਫ.ਐਮ.ਸੀ.ਜੀ) ਨਾਲ ਜੁੜੀਆਂ ਕੰਪਨੀਆਂ ਨੂੰ ਵੀ ਖਿੱਚ ਲਿਆ ਹੈ। ਅਦਾਲਤ ਅਨੁਸਾਰ ਇਹ ਕੰਪਨੀਆਂ ਵੀ ਲੋਕਾਂ ਨੂੰ ਭਰਮਾਉਣ ਲਈ ਇਸ਼ਤਿਹਾਰ ਦੇ ਰਹੀਆਂ ਹਨ।
ਅਦਾਲਤ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵਕੀਲ ਪੀ.ਐਸ. ਪਟਵਾਲੀਆ ਨੂੰ ਕਿਹਾ ਕਿ ਤੁਹਾਡੇ ਮੈਂਬਰਾਂ ਦੀਆਂ ਗੈਰ-ਇਖਲਾਕੀ ਕਾਰਵਾਈਆਂ ਬਾਰੇ ਤੁਹਾਡੇ ਕੋਲ ਵੀ ਸ਼ਿਕਾਇਤਾਂ ਆਈਆਂ ਹੋਣਗੀਆਂ, ਤੁਸੀਂ ਉਨ੍ਹਾਂ ਖਿਲਾਫ ਕੀ ਕਾਰਵਾਈ ਕੀਤੀ? ਇਸ ਦੌਰਾਨ ਅਦਾਲਤ ਵੱਲੋਂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਵੱਲੋਂ ਅਖਬਾਰਾਂ ਵਿੱਚ ਜਨਤਕ ਤੌਰ ‘ਤੇ ਮੰਗੀ ਗਈ ਮੁਆਫੀ ਬਾਰੇ ਵੀ ਸੁਣਵਾਈ ਕੀਤੀ ਗਈ। ਬਾਬਾ ਰਾਮਦੇਵ ਅਤੇ ਪਤੰਜਲੀ ਦੇ ਮੈਨੇਜਿੰਗ ਡਾਇਰੈਕਟਰ ਅਚਾਰੀਆ ਬਾਲ ਕ੍ਰਿਸ਼ਨ ਵੱਲੋਂ ਪੇਸ਼ ਹੋਏ ਵਕੀਲ ਮੁਕਲ ਰੋਹਤਗੀ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੇ ਗਲਤੀ ਲਈ ਦੇਸ਼ ਭਰ ਦੀਆਂ 67 ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਮੁਆਫੀ ਮੰਗ ਲਈ ਹੈ। ਅਦਾਲਤ ਨੇ ਪੁਛਿਆ ਕਿ ਮੁਆਫੀਨਾਮੇ ਵਾਲਾ ਇਸ਼ਤਿਹਾਰ ਉਸੇ ਆਕਾਰ ਦਾ ਹੈ, ਜਿਸ ਅਕਾਰ ਦੇ ਇਸ਼ਤਿਹਾਰ ਕਥਿਤ ਦਵਾਈਆਂ ਦੀ ਪ੍ਰਮੋਸ਼ਨ ਲਈ ਦਿੰਦੇ ਹੋ? ਅਦਾਲਤ ਨੇ ਕਿਹਾ ਮੁਆਫੀਨਾਮਾ ਵੱਡੇ ਆਕਾਰ ਦਾ ਛਪਣਾ ਚਾਹੀਦਾ ਹੈ ਤਾਂ ਕਿ ਇਹ ਦਿਖਾਈ ਦੇਵੇ। ਅਦਾਲਤ ਦੇ ਇਹ ਪੁੱਛਣ ‘ਤੇ ਕਿ ਅਖਬਾਰਾਂ ਵਿੱਚ ਛਪਿਆ ਮੁਆਫੀਨਾਮਾ ਕੇਸ ਦੇ ਰਿਕਾਰਡ ਵਿੱਚ ਮੌਜੂਦ ਨਹੀਂ ਹੈ ਤਾਂ ਬਾਬੇ ਦੇ ਵਕੀਲ ਨੇ ਕਿਹਾ ਕਿ ਇਹ ਮੁਹੱਈਆ ਕਰਵਾ ਦਿੱਤਾ ਜਾਵੇਗਾ। ਯਾਦ ਰਹੇ, ਅੰਗਰੇਜ਼ੀ ਅਖਬਾਰ ਹਿੰਦੁਸਤਾਨ ਟਾਈਮਜ਼ ਦੇ ਪਹਿਲੇ ਸਫੇ ਅਤੇ ਕਈ ਪੰਜਾਬੀ ਅਖਬਾਰਾਂ ਦੇ ਆਖਰੀ ਸਫੇ ‘ਤੇ ਇੱਕ ਮਾਫੀਨਾਮ ਪਤੰਜਲੀ ਵੱਲੋਂ ਛਪਿਆ ਹੈ, ਪਰ ਇਹ ਛੋਟੇ ਆਕਾਰ ਦਾ ਹੈ। ਅਦਾਲਤ ਨੇ ਇਹ ਵੀ ਹਦਾਇਤ ਕੀਤੀ ਕਿ ਛਪੇ ਇਸ਼ਤਿਹਾਰਾਂ ਦੀ ਅਸਲ ਕਾਪੀ ਪੇਸ਼ ਕੀਤੀ ਜਾਵੇ, ਫੋਟੋ ਸਟੇਟ ਨਹੀਂ।
ਜਿੱਥੋਂ ਤੱਕ ਗੁਮਰਾਹਕੁੰਨ ਇਸ਼ਤਿਹਾਰਬਾਜ਼ੀ ਦਾ ਮਾਮਲਾ ਹੈ, ਇਸ ਦਾ ਘੇਰਾ ਬਹੁਤ ਵਸੀਹ ਹੈ। ਆਮ ਤੌਰ `ਤੇ ਦੇਸੀ ਦਵਾਈਆਂ, ਮੰਤਰ ਟੂਣੇ, ਕੌਤਕੀ ਨੁਸਖਿਆਂ ਨਾਲ ਇਲਾਜ ਕਰਨ ਜਾਂ ਨਜੂਮੀਆਂ ਵਾਲੀ ਰਹੱਸਮਈ ਸ਼ਕਤੀ ਨਾਲ ਲੋਕਾਂ ਦੇ ਮਸਲੇ ਹੱਲ, ਮਨ ਭਾਉਂਦਾ ਪਿਆਰ ਹਾਸਲ ਕਰਨ, ਵਸ਼ੀਕਰਨ, ਅਖੌਤੀ ਸੈਕਸ ਸਪੈਸਲਿਸਟਾਂ ਦੀਆਂ ਕਰਾਮਾਤੀ ਦਵਾਈਆਂ ਬਾਰੇ ਪ੍ਰਿੰਟ ਮੀਡੀਆ, ਚੈਨਲਾਂ, ਸੋਸ਼ਲ ਮੀਡੀਆ ‘ਤੇ ਅਣਗਿਣਤ ਇਸ਼ਤਿਹਾਰ ਚਲਦੇ ਹਨ। ਅਜਿਹੇ ਰੁਝਾਨ ‘ਵਿਕਸਿਤ’ ਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਅਤੇ ਪੰਜਾਬੀ ਮੀਡੀਆ ਵਿੱਚ ਵੀ ਮੌਜੂਦ ਹਨ। ਇਸ ਤੋਂ ਇਲਾਵਾ 12ਵੀਂ ਤੱਕ ਪੜ੍ਹੇ ਨੌਜਵਾਨ ਮੁੰਡਿਆਂ ਨੂੰ ਬਹੁਤੀ ਤਨਖਾਹ ਵਾਲੀਆਂ ਨੌਕਰੀਆਂ ਦੇ ਭਰਮਜਾਲ ਵਿੱਚ ਫਸਾ ਕੇ ਉਨ੍ਹਾਂ ਨੂੰ ਦੇਹ ਵਪਾਰ ਦੇ ਧੰਦੇ ਵਿੱਚ ਧੱਕ ਦੇਣ ਵਾਲੇ ਕਾਲੇ ਵਪਾਰ ਸਬੰਧੀ ਵੀ ਰੁਜ਼ਗਾਰ ਦੇ ਨਾਂ `ਤੇ ਇਸ਼ਤਿਹਾਰ ਛਪਦੇ ਰਹਿੰਦੇ ਹਨ। ਜੋ ਜ਼ਿਕਰ ਇਥੇ ਕੀਤਾ ਗਿਆ ਹੈ, ਇਹ ਤਾਂ ਆਟੇ ਵਿੱਚ ਲੂਣ ਬਰਾਬਰ ਹੈ। ਝੂਠੀ ਇਸ਼ਤਿਹਾਰਬਾਜੀ ਦਾ ਧੰਦਾ ਪਤਾ ਨਹੀਂ ਕਿੰਨੇ ਹੀ ਖੇਤਰਾਂ ਵਿੱਚ ਵਿਆਪਕ ਤੌਰ ‘ਤੇ ਫੈਲਿਆ ਹੋਇਆ ਹੈ।
ਭਾਰਤ ਦੀ ਸਰਬਉੱਚ ਅਦਾਲਤ ਵੱਲੋਂ ਇਸ ਮਾਮਲੇ ਵਿੱਚ ਕੀਤੀ ਗਈ ਪਹਿਲਕਦਮੀ ਸ਼ਲਾਘਾਯੋਗ ਹੈ; ਪਰ ਲਗਦਾ ਹੈ ਕਿ ਮਾਮਲੇ ਨੂੰ ਚੰਗੀ ਤਰ੍ਹਾਂ ਨਜਿੱਠਣ ਲਈ ਸਿਰਫ ਅਦਾਲਤੀ ਕਾਰਵਾਈ ਹੀ ਕਾਫੀ ਨਹੀਂ ਹੈ, ਸਗੋਂ ਕੇਂਦਰ ਸਰਕਾਰ ਅਤੇ ਸਾਡੀਆਂ ਰਾਜ ਸਰਕਾਰਾਂ ਤੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਇਸ ਮਾਮਲੇ ਵਿੱਚ ਸਖਤ ਕਦਮ ਚੁੱਕਣ ਦੀ ਲੋੜ ਹੈ। ਅਦਾਲਤਾਂ ਪ੍ਰਸ਼ਾਸਨ ਦੀ ਰੋਜ਼ਮਰਾ ਦੀ ਕਾਰਵਾਈ ‘ਤੇ ਲਗਾਤਾਰ ਨਿਗਾਹ ਨਹੀਂ ਰੱਖ ਸਕਦੀਆਂ। ਇਹ ਕੰਮ ਸਰਕਾਰਾਂ ਅਤੇ ਇਨ੍ਹਾਂ ਅਧੀਨ ਕੰਮ ਕਰਦੇ ਜ਼ਿਲ੍ਹਾ ਅਤੇ ਸਥਾਨਕ ਪ੍ਰਸ਼ਾਸਨ ਦਾ ਹੈ। ਅਸਲ ਵਿੱਚ ਸਾਡੇ ਪ੍ਰਸ਼ਾਸਨਿਕ ਤੰਤਰ ਵਿੱਚ ਫੈਲਿਆ ਵਸੀਹ ਭ੍ਰਿਸ਼ਟਾਚਾਰ ਇਸ ਕਾਲੇ ਵਪਾਰ ਨੂੰ ਰੋਕਣ ਵਿੱਚ ਵੱਡਾ ਅੜਿੱਕਾ ਹੈ। ਭ੍ਰਿਸ਼ਟਾਚਾਰ ਜਦੋਂ ਸਾਡੇ ਸਰਬਉੱਚ ਨੀਂਹ ਵਿੱਚ ਵੀ ਵੜ ਜਾਵੇ ਤਾਂ ਸਮਾਜਾਂ/ਮੁਲਕਾਂ ਦਾ ਰੱਬ ਹੀ ਰਾਖਾ ਹੋ ਸਕਦਾ ਹੈ। ਇਲੈਕਸ਼ਨ ਬਾਂਡ ਵਾਲੇ ਵਰਤਾਰੇ ਨੇ ਸਾਡੇ ਅੱਗੇ ਬਹੁਤ ਵੱਡੇ ਕਾਲੇ ਸੱਚ ‘ਤੋਂ ਪਰਦਾ ਚੁੱਕ ਦਿੱਤਾ ਹੈ। ਸਾਫ ਪਤਾ ਲਗਦਾ ਹੈ ਕਿ ਭ੍ਰਿਸ਼ਟਾਚਾਰ ਦੀ ਗੰਦੀ ਨਦੀ ਕਿੱਥੋਂ ਕਿੱਥੋਂ ਸਿੰਮਦੀ ਹੈ। ਇਸ ਹਕੀਕਤ ਸਾਹਮਣੇ ਦੇਸ਼ ਦਾ ਆਮ ਬੰਦਾ ਤੇ ਬੇਵੱਸ ਮਹਿਸੂਸ ਕਰਦਾ ਹੈ। ਉਹ ਇੱਕ ਸੁਚੇਤ ਨਾਗਰਿਕ ਤੋਂ ਮੂਕ ਦਰਸ਼ਕ ਬਣ ਜਾਣ ਦਾ ਸਫਰ ਤੈਅ ਕਰ ਰਿਹਾ ਹੈ। ਇਸ ਸਥਿਤੀ ਦੇ ਹੱਲ ਲਈ ਹੁਣ ਨੀਲੀ ਛੱਤ ਵਾਲੇ ਅੱਗੇ ਅਰਦਾਸ ਹੀ ਕੀਤੀ ਜਾ ਸਕਦੀ ਹੈ।