ਡਾ. ਅਰਵਿੰਦਰ ਸਿੰਘ ਭੱਲਾ
ਫੋਨ: +91-9463062603
ਕਿਸੇ ਵੀ ਵਰਤਾਰੇ, ਬਿਰਤਾਂਤ ਅਤੇ ਮੁੱਦੇ ਬਾਰੇ ਵੱਖ-ਵੱਖ ਪਹਿਲੂਆਂ ਨੂੰ ਘੋਖਣ, ਵਿਚਾਰਨ ਅਤੇ ਸਮਝਣ ਤੋਂ ਬਿਨਾ ਜਦੋਂ ਅਸੀਂ ਮਨਪਸੰਦ ਨਤੀਜੇ ਕੱਢਣ ਜਾਂ ਕੁਝ ਧਾਰਨਾਵਾਂ ਸਿਰਜਣ ਦਾ ਯਤਨ ਕਰਦੇ ਹਾਂ ਤਾਂ ਉਹ ਆਪਣੇ ਆਪ ਵਿੱਚ ਨਾਮੁਕੰਮਲ ਹੁੰਦੀਆਂ ਹਨ। ਸਾਹਿਲ ਉੱਪਰ ਖੜ੍ਹੇ ਹੋ ਕੇ ਜਿਵੇਂ ਸਮੁੰਦਰ ਦੀ ਗਹਿਰਾਈ ਮਾਪਣਾ ਅਤੇ ਕਿਸੇ ਕਿਤਾਬ ਦੇ ਸਿਰਲੇਖ ਨੂੰ ਪੜ੍ਹ ਕੇ ਉਸ ਕਿਤਾਬ ਬਾਰੇ ਕੋਈ ਰਾਇ ਕਾਇਮ ਕਰਨਾ ਸਾਡੀ ਅਗਿਆਨਤਾ ਅਤੇ ਅਨਾੜੀਪੁਣੇ ਦਾ ਪ੍ਰਤੀਕ ਹੈ।
ਦਰਅਸਲ ਸਤਹੀ ਪੱਧਰ ਦਾ ਗਿਆਨ ਅਤੇ ਅਨੁਭਵ ਸਾਨੂੰ ਕਿਸੇ ਠੋਸ, ਸਟੀਕ ਅਤੇ ਢੁਕਵੇਂ ਨਤੀਜੇ ਉੱਪਰ ਪਹੁੰਚਣ ਨਹੀਂ ਦਿੰਦਾ ਹੈ। ਆਪਣੇ ਅਧੂਰੇਪਣ ਦੇ ਕਾਰਨ ਹੀ ਅਸੀਂ ਆਪਣੇ ਆਸ-ਪਾਸ ਦੇ ਵਰਤਾਰਿਆਂ ਅਤੇ ਲੋਕਾਂ ਦੇ ਅਮਲਾਂ ਨੂੰ ਤਹਿ ਤੱਕ ਜਾ ਕੇ ਸਮਝਣ ਦੀ ਬਜਾਏ ਜਲਦਬਾਜ਼ੀ ਵਿੱਚ ਉਹ ਸਿੱਟੇ ਕੱਢਣ ਲੱਗ ਪੈਂਦੇ ਹਾਂ, ਜੋ ਸਾਨੂੰ ਆਪਣੀ ਸਮਝ ਅਨੁਸਾਰ ਠੀਕ ਜਾਪਦੇ ਹਨ। ਕਿਸੇ ਵੀ ਇਨਸਾਨ ਦੇ ਤਰਜ਼-ਏ-ਜ਼ਿੰਦਗੀ ਅਤੇ ਨੁਕਤਾ-ਏ-ਨਜ਼ਰ ਬਾਰੇ ਇੱਕ ਬੇਹੱਦ ਅਹਿਮ ਅਤੇ ਗ਼ੌਰਤਲਬ ਪਹਿਲੂ ਇਹ ਹੁੰਦਾ ਹੈ ਕਿ ਅਪਣੇ ਨਿਜੀ ਮੁਫਾਦ ਅਤੇ ਸਹੂਲਤ ਅਨੁਸਾਰ ਹਰ ਇਨਸਾਨ ਇੱਕੋ ਵੇਲੇ ਆਪਣੇ ਅਮਲਾਂ ਤੇ ਜ਼ਾਵੀਏ ਦੀ ਜ਼ਬਰਦਸਤ ਵਕਾਲਤ ਕਰ ਰਿਹਾ ਹੁੰਦਾ ਹੈ ਅਤੇ ਮੁਨਸਫ਼ ਬਣ ਕੇ ਦੂਜੇ ਮਨੁੱਖ ਦੇ ਅਮਲਾਂ ਤੇ ਉਸ ਦੇ ਸੋਚਣ ਦੇ ਨਜ਼ਰੀਏ ਨੂੰ ਸਿਰਿਉਂ ਰੱਦ ਕਰ ਰਿਹਾ ਹੁੰਦਾ ਹੈ। ਇਸ ਨੂੰ ਇਨਸਾਨ ਦੀ ਖੁਦਪ੍ਰਸਤੀ, ਉਸ ਦੀ ਮੁਨਾਫ਼ਕਤ ਅਤੇ ਉਸ ਦਾ ਸਵਾਰਥੀ ਰਵੱਈਆ ਹੀ ਕਿਹਾ ਜਾ ਸਕਦਾ ਹੈ ਕਿ ਉਸ ਲਈ ਆਪਣੀ ਸੋਚ ਦੇ ਤੰਗ ਦਾਇਰੇ ਤੋਂ ਬਾਹਰ ਨਿਕਲ ਕੇ ਸੋਚਣਾ ਅਤੇ ਵਿਚਰਨਾ ਹਮੇਸ਼ਾ ਦੁਸ਼ਵਾਰ ਤੇ ਤਕਲੀਫ਼ਦੇਹ ਹੁੰਦਾ ਹੈ। ਇਨਸਾਨ ਆਪਣੇ ਖਿਆਲਾਂ ਦੇ ਝਰੋਖੇ ਵਿੱਚੋਂ ਸੰਸਾਰ ਨੂੰ ਦੇਖਣਾ ਪਸੰਦ ਕਰਦਾ ਹੈ। ਆਪਣੇ ਖ਼ਿਆਲਾਂ ਦੇ ਸੰਸਾਰ ਵਿੱਚ ਉਹ ਕੇਵਲ ਉਨ੍ਹਾਂ ਨੂੰ ਪ੍ਰਵੇਸ਼ ਕਰਨ ਦੀ ਆਗਿਆ ਦਿੰਦਾ ਹੈ, ਜੋ ਲੋਕ ਉਸ ਦੀ ਹਾਂ ਵਿੱਚ ਹਾਂ ਮਿਲਾਉਂਦੇ ਹਨ।
ਚਾਹੇ ਇਨਸਾਨ ਹੁਕਮਰਾਨ ਹੋਵੇ ਜਾਂ ਸਮੁੱਚੇ ਨਿਜ਼ਾਮ ਦਾ ਇੱਕ ਅਦਨਾ ਜਿਹਾ ਹਿੱਸਾ ਹੋਵੇ, ਚਾਹੇ ਉਹ ਆਲਮ-ਫ਼ਾਜ਼ਲ ਹੋਵੇ ਜਾਂ ਫਿਰ ਜ਼ਹਾਲਤ ਦੀ ਦਲਦਲ ਵਿੱਚ ਧਸਿਆ ਕੋਈ ਸਧਾਰਨ ਮਨੁੱਖ ਹੋਵੇ, ਚਾਹੇ ਉਹ ਦੌਲਤਮੰਦ ਹੋਵੇ ਜਾਂ ਗ਼ੁਰਬਤ ਦੇ ਚੱਕਰਵਿਊ ਵਿੱਚ ਫ਼ਸਿਆ ਹੋਵੇ ਅਤੇ ਚਾਹੇ ਉਹ ਸਾਰੀ ਦੁਨੀਆਂ ਨੂੰ ਜਿੱਤਣ ਦਾ ਦਾਅਵਾ ਕਰਦਾ ਹੋਵੇ ਜਾਂ ਫਿਰ ਆਪਣੀ ਨਫ਼ਸ ਦੇ ਹੱਥੋਂ ਹਾਰਿਆ ਹੋਵੇ; ਅਸਲ ਵਿੱਚ ਇੱਕ ਸਮਾਨਤਾ ਸਭ ਲੋਕਾਂ ਵਿੱਚ ਇਹ ਪਾਈ ਜਾਂਦੀ ਹੈ ਕਿ ਹਰ ਮਨੁੱਖ ਕਿਸੇ ਦੀ ਗੱਲ ਨੂੰ ਸੁਣਨ ਤੇ ਮੰਨਣ ਨਾਲੋਂ ਆਪਣੀ ਗੱਲ ਨੂੰ ਕਹਿਣ ਉੱਪਰ ਵਧੇਰੇ ਬਲ ਦਿੰਦਾ ਹੈ। ਇਹੀ ਵਜ੍ਹਾ ਹੈ ਕਿ ਅਸੀਂ ਲੋਕ ਸੁਣਦੇ ਵੀ ਅਧੂਰਾ ਹਾਂ, ਸਾਡੀ ਸਮਝ ਵੀ ਅਧੂਰੀ ਹੁੰਦੀ ਹੈ ਅਤੇ ਸਾਡਾ ਪ੍ਰਤੀਕਰਮ ਵੀ ਅਧੂਰਾ ਹੀ ਹੁੰਦਾ ਹੈ। ਸਾਡੀ ਜ਼ਿੰਦਗੀ ਵਿੱਚੋਂ ਸੁਣਨਾ ਮਨਫੀ ਹੁੰਦਾ ਜਾ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਬੇਫ਼ਜ਼ੂਲ ਬੋਲਣ ਤੇ ਵਿਵਾਦ ਖੜ੍ਹੇ ਕਰਨ ਦੀ ਬਿਰਤੀ ਵਿੱਚ ਚੋਖਾ ਇਜ਼ਾਫਾ ਹੋਇਆ ਹੈ।
ਜੇਕਰ ਅਸੀਂ ਰੋਜ਼ਮਰਾ ਦੀ ਜ਼ਿੰਦਗੀ ਉੱਪਰ ਗੌਰ ਕਰੀਏ ਤਾਂ ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਵੇਰ ਤੋਂ ਲੈ ਕੇ ਰਾਤ ਤੱਕ ਅਸੀਂ ਲੋਕ ਕਿੰਨੀ ਫਜ਼ੂਲ ਦੀ ਝੱਖ ਮਾਰਦੇ ਹਾਂ, ਹਰੇਕ ਵਿਸ਼ੇ ਬਾਰੇ ਆਪਣੀ ਕੋਈ ਨਾ ਕੋਈ ਰਾਇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਸੰਵਾਦ ਦਾ ਰਾਹ ਅਖਤਿਆਰ ਕਰਨ ਦੀ ਬਜਾਏ ਅਸੀਂ ਅਕਸਰ ਤਕਰਾਰਬਾਜ਼ੀ ਵਿੱਚ ਉਲਝ ਕੇ ਆਪਸੀ ਰਿਸ਼ਤਿਆਂ ਵਿੱਚ ਕਿੰਨੀ ਕਸ਼ੀਦਗੀ ਤੇ ਕੁੜੱਤਣ ਪੈਦਾ ਕਰ ਲੈਂਦੇ ਹਾਂ। ਸਾਨੂੰ ਇਸ ਗੱਲ ਦਾ ਜ਼ਰਾ ਮਾਤਰ ਵੀ ਅਹਿਸਾਸ ਨਹੀਂ ਹੁੰਦਾ ਕਿ ਇਹ ਵਿਚਾਰ-ਤਕਰਾਰ ਸਾਡੇ ਕੋਲੋਂ ਸਾਡੇ ਹਾਸੇ-ਖੇੜੇ, ਜਿਊਣ ਦਾ ਚਾਅ, ਸਕੂਨ ਅਤੇ ਸਹਿਜ ਖੋਹ ਰਹੇ ਹਨ। ਬੋਲਣ ਤੋਂ ਪਹਿਲਾਂ ਵਿਚਾਰਨ ਦੀ ਆਦਤ ਅਸੀਂ ਕਦੋਂ ਦੀ ਛੱਡ ਦਿੱਤੀ ਹੈ! ਅਸੀਂ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਖਾਹਿਸ਼ਮੰਦ ਤਾਂ ਹਾਂ, ਪਰ ਇਹ ਭੁੱਲ ਜਾਂਦੇ ਹਾਂ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਤਦ ਹੀ ਸਲਾਮਤ ਰਹੇਗੀ ਜੇਕਰ ਅਸੀਂ ਦੂਜਿਆਂ ਦੇ ਵਿਚਾਰਾਂ ਨੂੰ ਸੁਣਨ ਤੇ ਸਮਝਣ ਦੇ ਨਾਲ-ਨਾਲ ਦੂਜਿਆਂ ਦੇ ਵਿਚਾਰਾਂ ਦਾ ਸਤਿਕਾਰ ਕਰਨ ਅਤੇ ਲੋਕਾਂ ਦੇ ਵਿਚਾਰਾਂ ਨੂੰ ਸਹਿਣ ਕਰਨ ਦੀ ਕਲਾ ਸਿੱਖਣ ਦੀ ਕੋਸ਼ਿਸ਼ ਕਰਾਂਗੇ। ਜੇਕਰ ਹਰੇਕ ਮਨੁੱਖ ਆਪਣੀ-ਆਪਣੀ ਡਫ਼ਲੀ ਵਜਾ ਕੇ ਅੱਗੇ ਵੱਧਣ ਦੀ ਕੋਸ਼ਿਸ਼ ਕਰੇਗਾ ਜਾਂ ਆਪਣਾ-ਆਪਣਾ ਰਾਗ ਅਲਾਪੇਗਾ, ਜੇਕਰ ਸਾਨੂੰ ਕਿਸੇ ਦੀ ਸੁਰ ਨਾਲ ਸੁਰ ਮਿਲਾਉਣ ਵਿੱਚ ਹਿਚਕਚਾਹਟ ਮਹਿਸੂਸ ਹੋਵੇਗੀ ਅਤੇ ਜੇਕਰ ਸਾਡੇ ਵਿੱਚ ਬਰਦਾਸ਼ਤ ਦਾ ਮਾਦਾ ਘਟੇਗਾ ਤਾਂ ਅਸੀਂ ਕਿਸੇ ਵੀ ਪੱਖੋਂ ਸਭਿਅਕ ਕਹਿਲਾਉਣ ਦੇ ਕਾਬਿਲ ਨਹੀਂ ਰਹਾਂਗੇ।
ਇੱਕ ਤਰੱਕੀ ਯਾਫ਼ਤਾ ਅਤੇ ਮੁਹੱਜਬ ਮੁਆਸ਼ਰਾ ਉਸ ਸਮੇਂ ਹੋਂਦ ਵਿੱਚ ਆਉਂਦਾ ਹੈ, ਜਦੋਂ ਲੋਕ ਆਪਣੇ ਗਿਆਨ ਤੇ ਅਨੁਭਵ ਦੇ ਆਧਾਰ ਉੱਪਰ ਆਪਣੇ ਵਿਚਾਰਾਂ ਨੂੰ ਇਸ ਤਰ੍ਹਾਂ ਪੇਸ਼ ਕਰਨ ਕਿ ਦੂਜਿਆਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਅਤੇ ਇੱਕ-ਦੂਜੇ ਦੇ ਵਿਚਾਰ ਬੇਲੋੜੇ ਵਿਵਾਦ ਖੜ੍ਹੇ ਨਾ ਕਰਨ। ਸਾਨੂੰ ਆਪਣੇ ਅੰਦਰ ਸੁਣਨ ਦੀ ਸਲਾਹੀਅਤ ਇਸ ਹੱਦ ਤੱਕ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਸ਼ਾਂਤਚਿੱਤ ਰਹਿੰਦਿਆਂ ਪੂਰੇ ਠਰੰਮੇ ਨਾਲ ਦੂਜੇ ਇਨਸਾਨ ਦੇ ਨੁਕਤਾ-ਏ-ਨਿਗਾਹ ਨੂੰ ਸਮਝ ਪਾਈਏ।
ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਜਦੋਂ ਅਸੀਂ ਲੋਕ ਆਪਣੀਆਂ ਤਰਜ਼ੀਹਾਂ ਅਤੇ ਮੁਫਾਦ ਦੀ ਖ਼ਾਤਰ ਕਿਸੇ ਮਨੁੱਖ ਵੱਲੋਂ ਕਹੀ ਕਿਸੇ ਗੱਲ ਜਾਂ ਸਮੁੱਚੇ ਵਰਤਾਰੇ ਬਾਰੇ ਮਨਪਸੰਦ ਅਰਥ ਕੱਢਣ ਦੀ ਕੋਸ਼ਿਸ਼ ਜਾਂ ਸ਼ਰਾਰਤ ਕਰਦੇ ਹਾਂ ਤਾਂ ਨਿਸਚਿਤ ਤੌਰ ਉੱਪਰ ਸਾਡੇ ਦੂਜਿਆਂ ਨਾਲ ਸੰਬੰਧ ਸੁਖਾਵੇਂ ਨਹੀਂ ਰਹਿੰਦੇ ਹਨ। ਸਾਡੇ ਵਿੱਚ ਖ਼ੁਦ ਨੂੰ ਸਹੀ ਅਤੇ ਦੂਸਰੇ ਨੂੰ ਗ਼ਲਤ ਸਾਬਤ ਕਰਨ ਦੀ ਬਿਰਤੀ ਸਾਡੇ ਜ਼ਿਹਨੀ ਤਵਾਜ਼ਨ ਨੂੰ ਖ਼ਰਾਬ ਕਰਦੀ ਹੈ। ਇਸ ਸਭ ਦੇ ਫ਼ਲਸਰੂਪ ਅਸੀਂ ਦਲੀਲਬਾਜ਼ੀ ਦਾ ਰਾਹ ਅਖਤਿਆਰ ਕਰਕੇ ਸ਼ਬਦਾਂ ਅਤੇ ਤਰਕਾਂ ਦੇ ਤੀਰਾਂ ਨਾਲ ਸਾਹਮਣੇ ਵਾਲੇ ਨੂੰ ਵਿੰਨ੍ਹਣ ਤੋਂ ਭੋਰਾ ਵੀ ਸੰਕੋਚ ਨਹੀਂ ਕਰਦੇ ਹਾਂ। ਸਾਨੂੰ ਆਪਣੇ ਗਿਆਨ ਅਤੇ ਤਰਕਸ਼ੀਲਤਾ ਦਾ ਇੰਨਾ ਭਾਰੀ ਗ਼ਰੂਰ ਹੁੰਦਾ ਹੈ ਕਿ ਅਸੀਂ ਇਹ ਬਰਦਾਸ਼ਤ ਹੀ ਨਹੀਂ ਕਰ ਪਾਉਂਦੇ ਹਾਂ ਕਿ ਕੋਈ ਸਾਡਾ ਵਿਚਾਰਾਤਮਕ ਵਿਰੋਧ ਕਰਨ ਦੀ ਜੁਰਅਤ ਕਰੇ।
ਲਿਹਾਜ਼ਾ ਜੇਕਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਸਹਿਜ ਅਵਸਥਾ ਵਿੱਚ ਰਹਿੰਦੇ ਹੋਏ ਪ੍ਰਸੰਨਤਾ ਪੂਰਵਕ ਆਪਣਾ ਹਰ ਕਾਰਜ ਕਰੀਏ ਤਾਂ ਸਾਨੂੰ ਸੁਣਨ ਦਾ ਸਲੀਕਾ ਵਿਕਸਿਤ ਕਰਨਾ ਪਵੇਗਾ, ਅਧੂਰੇ ਗਿਆਨ ਤੇ ਸਤਹੀ ਪੱਧਰ ਦੀ ਜਾਣਕਾਰੀ ਦੇ ਸਹਾਰੇ ਕਿਸੇ ਨਤੀਜੇ ਉੱਪਰ ਪਹੁੰਚਣ ਦੀ ਬਿਰਤੀ ਨੂੰ ਛੱਡਣਾ ਪਵੇਗਾ, ਸਾਨੂੰ ਬੋਲਣ ਨਾਲੋਂ ਸੁਣਨ ਨੂੰ ਵਧੇਰੇ ਤਰਜੀਹ ਦੇਣੀ ਪਵੇਗੀ ਅਤੇ ਕੋਈ ਵੀ ਨਵਾਂ ਬਿਰਤਾਂਤ ਸਿਰਜਣ ਤੋਂ ਪਹਿਲਾਂ ਸਾਨੂੰ ਇਹ ਧੁਰ ਅੰਦਰੋਂ ਸਵੀਕਾਰ ਕਰਨਾ ਪਵੇਗਾ ਕਿ ‘ਦੂਸਰਾ ਵੀ ਠੀਕ ਹੋ ਸਕਦਾ ਹੈ।’
ਅਸਲ ਵਿੱਚ ਵਿਚਾਰਾਂ ਦਾ ਮੰਥਨ ਬਹੁਤ ਜ਼ਰੂਰੀ ਹੈ। ਜਲਦਬਾਜ਼ੀ ਤੇ ਉਤਾਵਲਾਪਣ ਨਾ ਤਾਂ ਸਾਨੂੰ ਕਿਸੇ ਦੀ ਗੱਲ ਨੂੰ ਸੁਣਨ ਤੇ ਸਮਝਣ ਦਾ ਪੂਰਾ ਮੌਕਾ ਦਿੰਦਾ ਹੈ ਅਤੇ ਨਾ ਹੀ ਅਸੀਂ ਜ਼ਾਬਤੇ ਵਿੱਚ ਰਹਿੰਦੇ ਹੋਏ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰ ਪਾਉਂਦੇ ਹਾਂ। ਵਿਚਾਰ-ਵਟਾਂਦਰੇ ਦੌਰਾਨ ਸਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਅਰਥ ਭਰਪੂਰ ਤੇ ਬਾਮਕਸਦ ਸੰਵਾਦ ਰਚਾਉਣ ਦਾ ਯਤਨ ਕਰੀਏ ਅਤੇ ਕਿਸੇ ਵੀ ਸੂਰਤ ਵਿੱਚ ਆਪਸੀ ਗੱਲਬਾਤ ਨੂੰ ਤਕਰਾਰ ਦਾ ਰੂਪ ਧਾਰਨ ਨਾ ਕਰਨ ਦਈਏ। ਅਜਿਹਾ ਕੇਵਲ ਉਸ ਸੂਰਤ ਵਿੱਚ ਹੀ ਸੰਭਵ ਹੁੰਦਾ ਹੈ, ਜਦੋਂ ਅਸੀਂ ਆਪਣੇ ਤਰਕ ਨਾ ਤਾਂ ਬਿਨਾ ਵਜ੍ਹਾ ਤੀਰ ਵਾਂਗ ਇਸਤੇਮਾਲ ਕਰੀਏ ਅਤੇ ਨਾ ਹੀ ਆਪਣੇ ਤਰਕ ਨੂੰ ਬਿਨਾ ਵਜ੍ਹਾ ਆਪਣੀ ਢਾਲ ਬਣੀਏ। ਹਰਫ਼ਾਂ, ਅਲਫਾਜ਼ਾਂ ਅਤੇ ਵਾਕਾਂ ਦੀ ਵਰਤੋਂ ਆਪਣਾ ਜ਼ਿਹਨੀ ਤਵਾਜ਼ਨ ਕਾਇਮ ਰੱਖਦਿਆਂ, ਸਮੇਂ ਦੀ ਨਜ਼ਾਕਤ ਨੂੰ ਧਿਆਨ ਵਿੱਚ ਰੱਖਦਿਆਂ, ਦੂਸਰਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਤੇ ਸਹਿਣਸ਼ੀਲ ਰਹਿੰਦਿਆਂ ਕਰਨੀ ਚਾਹੀਦੀ ਹੈ।
ਸਾਨੂੰ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਬਿਨਾ ਸੋਚੇ, ਸਮਝੇ ਅਤੇ ਵਿਚਾਰੇ ਮੂੰਹੋਂ ਨਿਕਲੇ ਹਰੇਕ ਸ਼ਬਦ ਜਾਂ ਵਾਕ ਤੋਂ ਬਾਅਦ ਸਾਨੂੰ ਪਛਤਾਉਣਾ ਪੈ ਸਕਦਾ ਹੈ। ਤਦੇ ਹੀ ਤਾਂ ਸਿਆਣੇ ਅਕਸਰ ਕਹਿੰਦੇ ਹਨ ਕਿ ਕਮਾਨੋਂ ਨਿਕਲਿਆਂ ਤੀਰ ਅਤੇ ਮੂੰਹੋਂ ਨਿਕਲਿਆ ਵਾਕ ਕਦੇ ਵਾਪਸ ਨਹੀਂ ਪਰਤਦੇ ਹਨ। ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕਿ ਸਾਡੇ ਮੂੰਹ ਤੋਂ ਨਿਕਲਿਆ ਹਰ ਸ਼ਬਦ ਸਾਡੇ ਸਭਿਅਕ ਹੋਣ ਦਾ ਸਬੂਤ ਦੇਵੇ ਅਤੇ ਸਾਡੇ ਬੋਲ ਕਦੇ ਕਿਸੇ ਦਾ ਹਿਰਦਾ ਨਾ ਵਲੂੰਧਰਨ। ਕੋਈ ਵੀ ਧਾਰਨਾ, ਸੰਕਲਪ ਜਾਂ ਬਿਰਤਾਂਤ ਸਿਰਜਣ ਤੋਂ ਪਹਿਲਾਂ ਕਿਸੇ ਸ਼ਖ਼ਸ ਜਾਂ ਵਰਤਾਰੇ ਬਾਰੇ ਸਾਰੇ ਪਹਿਲੂਆਂ ਨੂੰ ਸਮਝਦਿਆਂ ਅਤੇ ਹਾਲਾਤ ਦਾ ਜਾਇਜ਼ਾ ਲੈ ਕੇ ਸਾਨੂੰ ਪੂਰੀ ਤਰ੍ਹਾਂ ਘੋਖ-ਪੜਤਾਲ ਕਰਨ ਪਿੱਛੋਂ ਪੂਰੀ ਸਾਵਧਾਨੀ ਵਰਤਦਿਆਂ ਤੇ ਜ਼ਿੰਮੇਵਾਰੀ ਦੇ ਅਹਿਸਾਸ ਨਾਲ ਕਿਸੇ ਨਤੀਜੇ ਉੱਤੇ ਪਹੁੰਚਣ ਦਾ ਯਤਨ ਕਰਨਾ ਚਾਹੀਦਾ ਹੈ।
ਕਿਸੇ ਵੀ ਸਥਿਤੀ ਵਿੱਚ ਜੇਕਰ ਅਸੀਂ ਗ਼ਲਤ ਸਾਬਤ ਹੋਈਏ ਤਾਂ ਆਪਣੇ ਅਧੂਰੇ ਗਿਆਨ, ਜਾਣਕਾਰੀ ਅਤੇ ਅਨੁਭਵ ਦੇ ਫ਼ਲਸਰੂਪ ਸਾਨੂੰ ਕ੍ਰੋਧ ਕਰਨ ਅਤੇ ਆਪਣੀ ਗੱਲ ਉੱਪਰ ਰਹਿਣ ਦੀ ਬਜਾਏ ਸਾਨੂੰ ਆਪਣੇ ਵਿਚਾਰਾਂ ਵਿੱਚ ਸੋਧ ਕਰਨ ਵੱਲ ਤਵੱਜੋ ਦੇਣੀ ਚਾਹੀਦੀ ਹੈ। ਸਾਨੂੰ ਇਹ ਗੱਲ ਵੀ ਹਮੇਸ਼ਾ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਜਜ਼ਬਾਤੀ ਰੌਂਅ ਵਿੱਚ ਬਿਨਾ ਸੋਚੇ-ਸਮਝੇ ਬੋਲਣ ਵਾਲੇ ਲੋਕ ਅਕਸਰ ਆਪਣੀ ਵਿਚਾਰਾਤਮਕ ਸੰਕੀਰਣਤਾ ਤੇ ਮਾਨਸਿਕ ਕੰਗਾਲੀ ਦਰਸਾਉਣ ਦੇ ਨਾਲ-ਨਾਲ ਜ਼ਿਹਨੀ ਤੌਰ ਉੱਪਰ ਬੀਮਾਰ ਹੋਣ ਦਾ ਸਬੂਤ ਦਿੰਦੇ ਹਨ। ਇਹ ਫੈਸਲਾ ਅਸੀਂ ਹੀ ਕਰਨਾ ਹੁੰਦਾ ਹੈ ਕਿ ਅਸੀਂ ਕਿਸੇ ਨਾਲ ਬਾਮਕਸਦ ਸੰਵਾਦ ਰਚਾਉਣ ਦਾ ਰਾਹ ਅਪਨਾਉਣਾ ਹੈ ਜਾਂ ਹਰ ਵਕਤ ਲੋਕਾਂ ਨਾਲ ਫ਼ਜ਼ੂਲ ਦੀ ਝੱਖ ਮਾਰਨੀ ਹੈ। ਦਰਅਸਲ ਸਟੀਕ ਸਿੱਟਿਆ ਲਈ ਵਿਵੇਕਸ਼ੀਲ ਵਿਚਾਰਾਂ ਅਤੇ ਸੰਵਾਦ ਦੇ ਮਹੱਤਵ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।