ਸਥਾਨਕ ਇਤਿਹਾਸ, ਇਤਿਹਾਸਕਾਰੀ ਦੀ ਹੇਠਲੀ ਪਰ ਮਹੱਤਵਪੂਰਨ ਪਰਤ ਹੈ। ਵਿਅਕਤੀ ਵਿਸ਼ੇਸ਼, ਪਿੰਡ ਅਤੇ ਨਗਰ ਦਾ ਇਤਿਹਾਸ ਇਸ ਦਾ ਖੇਤਰ ਹਨ। ਭਾਰਤ ਪਿੰਡਾਂ ਦਾ ਦੇਸ਼ ਹੈ, ਪ੍ਰੰਤੂ ਮੁਲਕ ਦੀ ਸਭ ਤੋਂ ਛੋਟੀ ਇਕਾਈ ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ।
ਸੋ, ਅਕਸਰ ਹੀ ਬਜ਼ੁਰਗਾਂ ਅਤੇ ਪੀੜ੍ਹੀ-ਦਰ-ਪੀੜ੍ਹੀ ਦੰਦ-ਕਥਾਵਾਂ ਉੱਤੇ ਨਿਰਭਰ ਕਰਨਾ ਪੈਂਦਾ ਹੈ। ਪੁਰਾਣੀ ਪੀੜ੍ਹੀ ਲਗਭਗ ਖਤਮ ਹੋ ਗਈ ਹੈ, ਕੋਈ ਟਾਂਵਾ-ਟੱਲਾ ਹੀ ਡੰਗੋਰੀ ਲਈ ਖੜ੍ਹਾ ਹੈ, ਅਧਖੜ ਨੂੰ ਤੰਗੀਆਂ-ਝੋਰਿਆਂ ਨੇ ਝੰਬ ਛੱਡਿਆ ਹੈ ਅਤੇ ਨਵੀਂ ਪੌਂਦ ਨੂੰ ਟੈਲੀ-ਕਲਚਰ ਨੇ ਅੰਦਰੀਂ ਵਾੜ ਦਿੱਤਾ ਹੈ। ਸੱਥਾਂ ਤਾਂ ਕਦੋਂ ਦੀਆਂ ਖਤਮ ਹੋ ਗਈਆਂ ਹਨ, ਜਿੱਥੇ ਚੁੰਝ-ਚਰਚਾ ਚਲਦੀ ਸੀ। ਜੁੜ-ਬੈਠਣ ਦੇ ਜੜ੍ਹੀਂ ਅੱਕ ਸੋਸ਼ਲ-ਮੀਡੀਆ ਨੇ ਦੇ ਦਿੱਤਾ ਹੈ। ਸਿੱਟੇ ਵਜੋਂ ਪਿੰਡਾਂ ਦਾ ਮੌਖਿਕ ਇਤਿਹਾਸ ਵੀ ਗੁੰਮ ਹੋ ਚੱਲਿਆ ਹੈ। ਹਾਲੇ ਵੀ ਵੇਲਾ ਹੈ ਕਿ ਜਿੰਨਾ ਕੁ ਅਤੇ ਜਿਸ ਵੀ ਰੂਪ ਵਿੱਚ ਮਿਲ ਸਕਦਾ ਹੈ, ਸਾਂਭ ਲਈਏ; ਨਹੀਂ ਤਾਂ ਪਿੰਡਾਂ ਦਾ, ਸਾਡੇ ਚੇਤਿਆਂ ‘ਚ ਪਿਆ ਇਤਿਹਾਸ ਵੀ ਲੁਪਤ ਹੋ ਜਾਵੇਗਾ। ਉਕਤ ਦੇ ਮੱਦੇਨਜ਼ਰ ਪਾਠਕਾਂ ਦੀ ਜਾਣਕਾਰੀ ਲਈ ਅਸੀਂ ਇੱਕ ਕਾਲਮ ‘ਪਿੰਡ ਵਸਿਆ’ ਇਸ ਅੰਕ ਤੋਂ ਸ਼ੁਰੂ ਕਰ ਰਹੇ ਹਾਂ। ਇਸ ਵਿੱਚ ਸਿਰਫ ਪਿੰਡ ਵੱਸਣ (ਸਬੰਧਿਤ ਖੇੜੇ ਦੀ ਮੋੜ੍ਹੀਂ ਗੱਡਣ) ਦੀ ਹੀ ਬਾਤ ਪਾਈ ਜਾਵੇਗੀ। ਪੇਸ਼ ਹੈ, ਕਾਲਮਨਵੀਸ ਵਿਜੈ ਬੰਬੇਲੀ ਵੱਲੋਂ ਆਪਣੇ ਹੀ ਪਿੰਡ ਬਾਰੇ ਲਿਖਿਆ ਪਹਿਲਾ ਲੇਖ…
ਸਿੱਖ ਮਿਸਲਾਂ ਦਾ ਜਾਇਆ: ਪਿੰਡ ਬੰਬੇਲੀ
ਵਿਜੈ ਬੰਬੇਲੀ
ਫੋਨ: +91-9463439075
ਬੰਬੇਲੀ ਪਿੰਡ ਦੀ ਬਾਤ ਪਾਉਣੀ ਹੋਵੇ ਤਾਂ ਗੱਲ ਤੋਰਨੀ ਪਊ ਅਠਾਰ੍ਹਵੀਂ ਸਦੀ ਦੇ ਲਗਪਗ ਪਹਿਲੇ ਅੱਧ ਤੋਂ ਜਰਾ ਕੁ ਪਹਿਲਾਂ ਦੀ। ਉਦੋਂ ਦੀ, ਜਦ ਮਹਾਂ-ਪੰਜਾਬ ਚਾਰ ਮੁੱਖ ਲੜਾਕੂ ਧਿਰਾਂ- ਮੁਗਲਾਂ, ਮਰਹੱਟਿਆਂ, ਪਠਾਣਾਂ ਅਤੇ ਸਿੱਖਾਂ ਦਾ ਯੁੱਧ ਖੇਤਰ ਬਣਿਆ ਹੋਇਆ ਸੀ। ਮੁਗਲਾਂ ਅਤੇ ਮਰਹੱਟਿਆਂ ਕੋਲ ਬਾਕਾਇਦਾ ਬੱਝਵੇਂ ਰਾਜ ਅਤੇ ਜਥੇਬੰਦਕ ਫੌਜਾਂ ਸਨ, ਜਦਕਿ ਪਠਾਣ ਅਤੇ ਸਿੱਖ ਗੁਰੀਲਾ ਯੁੱਧ ਲੜਦੇ ਸਨ। ਮੁਗਲਾਂ ਦਾ ਰਾਜ ਸੀ ਦਿੱਲੀ ਤਖ਼ਤ ‘ਤੇ ਅਤੇ ਮਰਹੱਟੇ ਦਿੱਲੀ ਦੇ ਉੱਤਲੇ ਪਾਸਿਓਂ ਪਾਣੀਪਤ ਦੇ ਮੈਦਾਨਾਂ ਤੇ ਹੁਣ ਵਾਲੇ ਰਾਜਸਥਾਨ ਦੇ ਗੰਗਾਨਗਰ ਖਿੱਤੇ ਤੱਕ ਅਰਧ-ਛਤਰੀਨੁਮਾ ਕਬਜ਼ਾ ਜਮਾਈ ਬੈਠੇ ਸਨ। ਪਠਾਣ-ਮੁਸਲਿਮਾਂ ਦਾ ਮੁੱਖ ਕਾਰਜ ਸਿਰਫ ਲੁੱਟਮਾਰ ਕਰਨਾ ਸੀ ਅਤੇ ਸਿੱਖ ਆਪਣੀ ਹੋਂਦ ਦੀ ਲੜਾਈ ਲੜ ਰਹੇ ਸਨ। ਜਦ ਬਹੁਤ ਸਾਰੇ ਕਾਰਨਾਂ ਕਾਰਨ ਦਿੱਲੀ ਤਖਤ ਅਤੇ ਮਰਹੱਟੇ ਪ੍ਰਾਚੀਨ ਪੰਜਾਬ ਦੇ ਯੁੱਧ ਖੇਤਰ ਵਿੱਚੋਂ ਬਾਹਰ ਹੋ ਗਏ ਤਾਂ ਮੈਦਾਨ ਵਿੱਚ ਰਹਿ ਗਈਆਂ ਦੋ ਧਿਰਾਂ- ਪਠਾਣ ਅਤੇ ਮੁਗਲ; ਤੇ ਕਿਤੇ-ਕਿਤੇ ਮੁਗਲ ਸਲਤਨਤ ਦੇ ਪੰਜਾਬ ਵਿਚਲੇ ਅਹਿਲਕਾਰ। ਇੱਥੋਂ ਹੀ ਗੱਲ ਤੁਰਦੀ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੰਬੇਲੀ ਦੇ ਵਸਣ ਦੀ ਗਾਥਾ। ਜਿਹੜਾ ਹੁਸ਼ਿਆਰਪੁਰ-ਚੰਡੀਗੜ੍ਹ ਸ਼ਾਹ-ਮਾਰਗ ਉੱਤੇ ਹੁਸ਼ਿਆਰਪੁਰ ਤੋਂ 10 ਮੀਲ ਦੀ ਵਿੱਥ ‘ਤੇ ਵਸਿਆ ਹੋਇਆ ਹੈ ਅਤੇ ਤਹਿਸੀਲ ਗੜ੍ਹਸ਼ੰਕਰ ਵੱਲ ਨੂੰ ਮੂੰਹ ਕਰਿਆਂ ਮਾਹਿਲਪੁਰ ਹੈ, ਕਰੀਬ 3 ਮੀਲ ਦੂਰ।
ਈਸਵੀ ਸੰਨ 1745 ਵਿੱਚ, ਸੂਬੇਦਾਰ ਜ਼ਕਰੀਆਂ ਖਾਂ ਦੀ ਮੌਤ ਉਪਰੰਤ ਸਿੱਖਾਂ ਨੇ ਖੁਦ ਨੂੰ 25 ਪ੍ਰਮੁੱਖ ਲੜਾਕੂ ਜਥਿਆਂ ਵਿੱਚ ਸੰਗਠਿਤ ਕਰ ਕੁੱਝ ਟੁੱਟਵੇਂ ਖਿੱਤਿਆਂ ‘ਚ ਆਪੋ-ਆਪਣੇ ਰਾਜ-ਪ੍ਰਭਾਵ ਸਥਾਪਿਤ ਕਰ ਲਏ। ਸਹਿਜੇ-ਸਹਿਜੇ ਇਨ੍ਹਾਂ ਸਿੱਖ-ਜਥਿਆਂ ਦੀ ਗਿਣਤੀ 65 ਤੱਕ ਪਹੁੰਚ ਗਈ, ਬਹੁਤੇ ਜਥੇ ਗੁਰੀਲੇ ਜਥੇ ਸਨ ਅਤੇ ਥੋੜ੍ਹੇ ਜਿਹੇ ਟਿਕਵੇਂ। ਸੰਨ 1748 ਵਿੱਚ ਸਿਰਦਾਰ ਕਪੂਰ ਸਿੰਘ ਦੇ ਸੁਝਾਅ ‘ਤੇ ਸਿੱਖ ਜਥਿਆਂ ਵੱਲੋਂ ਸਾਂਝੀ-ਵਿਪਤਾ/ਸਾਂਝੀ ਮੁਹਿੰਮ ਦੇ ਮੱਦੇਨਜ਼ਰ ਸਾਂਝੀ-ਸੈਨਾ ਦਾ ਗਠਨ ਕੀਤਾ ਗਿਆ, ਨਾਂ ਦਿੱਤਾ ਗਿਆ ਦਲ ਖਾਲਸਾ, ਜਿਸਦਾ ਪ੍ਰਧਾਨ ਸੈਨਾਪਤੀ ਥਾਪਿਆ ਗਿਆ ਸ. ਜੱਸਾ ਸਿੰਘ ਆਹਲੂਵਾਲੀਏ ਨੂੰ। ਮਗਰੋਂ ਹਾਲਾਤ ਦੇ ਮੱਦੇਨਜ਼ਰ ਉਕਤ 65 ਜਥੇ 12 ਮੁੱਖ ਜਥਿਆਂ ਵਜੋਂ ਵਲੀਨ ਹੋ, ਇਤਿਹਾਸ ‘ਚ ਸਿੱਖ ਮਿਸਲਾਂ ਵਜੋਂ ਦਰਜ ਹੋ ਗਏ। ਇਨ੍ਹਾਂ ਮਿਸਲਾਂ ਦਾ 1767-1799 ਦਰਮਿਆਨ ਕਰੀਬ-ਕਰੀਬ ਸਾਰੇ ਪੰਜਾਬ ‘ਤੇ ਕਿਸੇ-ਨਾ-ਕਿਸੇ ਰੂਪ ਵਿੱਚ ਕਬਜ਼ਾ ਹੋ ਗਿਆ। ਇਨ੍ਹਾਂ ਜਥਿਆਂ ਵੇਲੇ ਸ਼ੁਰੂ ਕੀਤੀ, ਮਗਰੋਂ ਮਿਸਲਾਂ ਵੇਲੇ ਵੀ ਜਾਰੀ ਰਹੀ, ਰਾਖੀ-ਪ੍ਰਥਾ ਵੇਲੇ ਕਰੋੜ ਸਿੰਘੀਆਂ ਮਿਸਲ ਦਾ ਇੱਕ ਜੰਗੀ ਸਰਦਾਰ ਗੁਰਬਖਸ਼ ਸਿੰਘ ਇਸ ਪਿੰਡ ਦੇ ਉਗਮਣ (1776-1794 ਦਰਮਿਆਨ) ਦਾ ਨਾਇਕ ਬਣਿਆ। ਕਿਵੇਂ? ਕਹਾਣੀ ਲੰਬੀ ਹੈ, ਕਿਤੇ ਫੇਰ ਸਹੀ!
ਸ. ਗੁਰਬਖਸ਼ ਸਿੰਘ ਬਾਰੇ ਸਾਫ਼ ਹੋ ਜਾਏ, ਜਿਸ ਲਈ ਦੱਸਣਾ ਜਰੂਰੀ ਹੈ ਕਿ 1745 ਦੇ ਅੰਮ੍ਰਿਤਸਰ ਦੇ ਗੁਰਮਤੇ ਵੇਲੇ ਜਦ 25 ਮੁੱਖ ਜਥੇ ਬਣੇ ਸਨ, ਤਦ ਉਨ੍ਹਾਂ ਵਿਚ ਸ. ਕਰੋੜ ਸਿੰਘ, ਕਰਮ ਸਿੰਘ, ਧਰਮ ਸਿੰਘ, ਜੱਸਾ ਸਿੰਘ, ਦੀਪ ਸਿੰਘ, ਹਰੀ ਸਿੰਘ, ਜੈ ਸਿੰਘ, ਹੀਰਾ ਸਿੰਘ ਆਦਿ ਗੂੜ੍ਹੇ ਆਗੂਆਂ ‘ਚ ਇੱਕ ਉੱਘੜਵਾਂ ਜੰਗੀ ਸਰਦਾਰ ਗੁਰਬਖਸ਼ ਸਿੰਘ, ਉਕਤ ਪਿੰਡ ਬੰਬੇਲੀ ਦਾ ਮੌੜ੍ਹੀ-ਗੱਡ ਵੀ ਸੀ, ਜਿਨ੍ਹਾਂ ਰਲ-ਮਿਲ, ਕਰੋੜ ਸਿੰਘੀਆਂ ਮਿਸਲ ਦਾ ਬਾਨਣੂੰ ਬੰਨਿਆ ਸੀ। ਮਗਰੋਂ ਇਸ ਮਿਸਲ ਦਾ ਵੱਡਾ ਮਿਸਲਦਾਰ ਬਘੇਲ ਸਿੰਘ ਕਰੋੜ ਸਿੰਘੀਆਂ ਹੋਇਆ, ਜਿਸਦਾ ਗੁਰਬਖਸ਼ ਸਿੰਘ ਬੜਾ ਨੇੜੂ ਸੀ। ਇੱਕ ਹੋਰ ਗੁਰਬਖਸ਼ ਸਿੰਘ ਪਿੰਡ ਗੰਗੂਬਾਹਾ (ਤਰਨਤਾਰਨ) ਦਾ ਸੀ, ਜਿਹੜਾ ਮਿਸਲ ਸ਼ਹੀਦਾਂ ਦਾ ਉੱਘਾ ਸੂਰਮਾ ਹੋ ਨਿਬੜਿਆ। ਇੱਕ ਗੁਰਬਖਸ਼ ਸਿੰਘ ਕਨ੍ਹੱਈਆ ਮਿਸਲ ਦੇ ਸ. ਜੈ ਸਿੰਘ ਦਾ ਪੁੱਤਰ ਸੀ, ਜਿਹੜਾ ਆਹਲੂਵਾਲੀਆ ਮਿਸਲ ਦੇ ਜੱਸਾ ਸਿੰਘ ਨਾਲ ਹੋਈ ਝੜਪ ਸਮੇਂ ਮਾਰਿਆ ਗਿਆ ਸੀ। ਇਸੇ ਗੁਰਬਖਸ਼ ਸਿੰਘ ਦੀ ਭੈਣ, ਬਾਅਦ ‘ਚ ਸ਼ੁਕਰਚੱਕੀਆ ਮਿਸਲ ਦੇ ਸ਼ਹਿਜ਼ਾਦੇ ਰਣਜੀਤ ਸਿੰਘ ਨੂੰ ਵਿਆਹੀ ਗਈ।
ਪ੍ਰੰਤੂ ਬੰਬੇਲੀ ਪਿੰਡ ਦੇ ਵਸਣ ਦਾ ਕਾਰਕ ਬਣਨ ਵਾਲੇ ਯੋਧੇ ਗੁਰਬਖਸ਼ ਸਿੰਘ, ਸਿੱਧੂ ਜੱਟ, ਦੀ ਜੰਮਣ ਭੌਇੰ ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ ਦਾ ਉੱਘੜਵਾਂ ਪਿੰਡ ਕਲਸੀਆ ਸੀ। ਪਹਿਲਾਂ-ਪਹਿਲ ਉਨ੍ਹਾਂ ਦਾ ਸਬੰਧ ਕਰੋੜ ਸਿੰਘੀਆਂ ਮਿਸਲ, ਜਿਸਦਾ ਹਰਿਆਣਾ (ਭੂੰਗਾਂ) ਖਿੱਤੇ ਸਮੇਤ ਮਾਹਿਲਪੁਰ ਖਿੱਤੇ ਦੇ ਉਰਲੇ ਪਾਸੇ ਤੱਕ ਕੁੱਝ/ਟੁੱਟਵੇਂ ਖੇਤਰ ਉੱਤੇ ਵੀ ਕਬਜ਼ਾ ਸੀ, ਨਾਲ ਰਿਹਾ। ਸਮਾਂ ਪਾ ਕੇ ਇਹੀ ਕਲਸੀਏ, ਕਲਸੀਆਂ ਮਿਸਲ, ਜਿਸਦੇ ਹਿੱਸੇ ਪਹਿਲਾਂ-ਪਹਿਲ ਬੱਧਣੀ-ਬਿਲਾਸਪੁਰ (ਮੋਗਾ ਖੇਤਰ) ਦੇ 7-8 ਪਿੰਡ ਆਏ, ਦੇ ਬਾਨੀ ਬਣੇ ਸਨ।
ਕਲਸੀਆਂ ਮਿਸਲ, ਮੁਰਾਦਾਬਾਦ-ਪਾੳਂੂਟਾ ਸਾਹਿਬ ਰੋਡ ਦੇ ਸੰਯੋਜਕ ਇਸ ਪੁਰਖੇ ਦੀ ਜੰਗੀ-ਗੜ੍ਹੀ ਪਿੰਡ ਗੋਂਦਪੁਰ (ਮਾਹਿਲਪੁਰ-ਬਾੜੀਆਂ) ਵਿੱਚ ਸੀ। ਪਰ ਹਾਲਾਤ ਵੱਸ ਇਹ ਬੰਬੇਲੀ ਖਿੱਤੇ ਦੇ ਸੰਘਣੇ ਬਣ-ਵੇਲਿਆਂ, ਅੰਬਾਂ ਦੇ ਝੁਰਮਟਾਂ, ਵਿੱਚ ਗੁਰੀਲਾ ਰਣਨੀਤਿਕ ਪਨਾਹ ਲੈ ਲੈਂਦਾ ਸੀ। ਇਸ ਆਰਜ਼ੀ ਜੰਗੀ-ਪਿਕਟ ਨੂੰ ਉਦੋਂ ‘ਬਣ-ਵੇਲੀ’ ਕਹਿੰਦੇ ਸਨ। ਉਦੋਂ ਦੀ ‘ਬਣ-ਵੇਲੀ’, ਜਿੱਥੇ ਉਸ ਆਖਰੀ ਸਾਹ ਲਏ, ਵਿੱਚ ਉਸਦੀ ਸਮਾਧ ਹੁਣ ਵੀ ਮੌਜੂਦ ਹੈ। ਮਗਰੋਂ; ਇਹੀ ‘ਬਣ-ਵੇਲੀ’, ਵਿਗੜਦਾ-ਸੰਵਰਦਾ, ਇਲਾਕੇ ਦਾ ਉੱਘਾ ਕੇਂਦਰੀ ਪਿੰਡ, ‘ਬੰਬੇਲੀ’ ਬਣ ਗਿਆ। ਇਹ ਮਾਣ-ਮੱਤਾ ਪਿੰਡ ਮੇਰੀ ਜੰਮਣ-ਭੌਇੰ ਹੈ।