*ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਸਮਾਗਮ ਯਾਦਗਾਰੀ ਹੋ ਨਿਬੜਿਆ
*ਨਾਟਕ ਦੇ ਕਲਾਕਾਰਾਂ ਦੀ ਬਾਕਮਾਲ ਅਦਾਕਾਰੀ *ਸ਼ਾਇਰੀ ਦਾ ਵੀ ਰੰਗ ਖਿੜਿਆ
ਕੁਲਜੀਤ ਦਿਆਲਪੁਰੀ
ਸ਼ਿਕਾਗੋ: ਵੈਸੇ ਤਾਂ ਕਬੱਡੀ ਮੇਲਿਆਂ, ਸੱਭਿਆਚਾਰਕ ਸਮਾਗਮਾਂ, ਗਿੱਧੇ-ਭੰਗੜੇ ਤੇ ਮਨੋਰੰਜਨ ਨਾਲ ਭਰਪੂਰ ਪੇਸ਼ਕਾਰੀਆਂ, ਸਮਾਜਿਕ-ਭਾਈਚਾਰਕ ਇਕੱਠਾਂ ਅਤੇ ਗੀਤ-ਸੰਗੀਤ ਤੇ ਸ਼ੇਅਰੋ-ਸ਼ਾਇਰੀ ਦੇ ਸਮਾਗਮਾਂ ਵਿੱਚ ਮਸਰੂਫ ਰਹਿਣ ਕਰਕੇ ਸ਼ਿਕਾਗੋਲੈਂਡ ਚਰਚਾ ਵਿੱਚ ਰਹਿੰਦਾ ਹੈ, ਪਰ ਇਸ ਕੜੀ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦਿਵਸ ਮਨਾਉਣ ਦਾ ਉਪਰਾਲਾ ਜੁੜ ਜਾਣਾ ਸ਼ੁਭ ਸ਼ਗਨ ਦੇ ਨਿਆਈਂ ਹੈ, ਤੇ ਪੰਜਾਬੀ ਨਾਟਕਾਂ ਦਾ ਮੰਚਨ ਸੋਨੇ `ਤੇ ਸੁਹਾਗੇ ਵਾਲੀ ਗੱਲ ਹੋ ਗਈ ਹੈ। ਕੋਸ਼ਿਸ਼ਾਂ ਦੀ ਨਿਰੰਤਰਤਾ ਜਾਂ ਕੁਝ ਕਰ ਗੁਜ਼ਰਨ ਦੀ ਦ੍ਰਿੜਤਾ ਦਾ ਸੁਮੇਲ ਇਹ ਸੀ ਕਿ
ਲੰਘੇ ਦਿਨੀਂ ਪੈਲਾਟਾਈਨ ਵਿੱਚ ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਕਰਵਾਇਆ ਗਿਆ ਸਮਾਗਮ ਦਰਸ਼ਕਾਂ ਦੇ ਮਨਾਂ ਉਤੇ ਗਹਿਰੀ ਛਾਪ ਛੱਡ ਗਿਆ। ਇਸ ਦੌਰਾਨ ਨਾਟਕ ‘ਰਿਸ਼ਤਿਆਂ ਦਾ ਕੀ ਰੱਖੀਏ ਨਾਂ’ ਦੇ ਮੰਚਨ ਰਾਹੀਂ 1947 ਦੀ ਵੰਡ ਦਾ ਦੁਖਾਂਤ ਪੇਸ਼ ਕੀਤਾ ਗਿਆ। ‘ਪੀੜਾਂ ਦੇ ਪਰਾਗੇ’ ਨੂੰ ਜਿਸ ਤਰ੍ਹਾਂ ਕਲਾਕਾਰਾਂ ਨੇ ਮੋਤੀਆਂ ਦਾ ਹਾਰ ਬਣਾ ਕੇ ਪੇਸ਼ ਕੀਤਾ, ਉਹ ਆਪਣੀ ਮਿਸਾਲ ਆਪ ਸੀ।
ਸਆਦਤ ਹਸਨ ਮੰਟੋ ਦੀ ‘ਟੋਭਾ ਟੇਕ ਸਿੰਘ’ ਕਹਾਣੀ `ਤੇ ਆਧਾਰਤ ਇਸ ਨਾਟਕ ਦੇ ਮੰਚਨ ਦੌਰਾਨ ਬਟਵਾਰੇ ਦੀ ਪੀੜ ਦੇ ਨਾਲ ਨਾਲ ਮਜ਼ਹਬੀ ਜਨੂੰਨੀਆਂ ਕਾਰਨ ਭਾਈਚਾਰਿਆਂ ਵਿੱਚ ਬੇਇਤਫ਼ਾਕੀ ਦਾ ਹਾਵੀ ਹੋ ਜਾਣਾ, ਗਹਿਗੱਚ ਕਤਲੋਗਾਰਤ, ਵਿਛੋੜੇ ਦਾ ਦਰਦ ਅਤੇ ਬੋਲੀ, ਮਿੱਟੀ ਤੇ ਪਿੰਡ ਦੇ ਹੇਰਵੇ ਸਮੇਤ ਹੋਰ ਪੀੜਾਂ ਦਾ ਜ਼ਿਕਰ ਬੜੇ ਕਰੁਣਾਮਈ ਢੰਗ ਨਾਲ ਪੇਸ਼ ਕੀਤਾ ਗਿਆ। ਪਾਗਲਖਾਨੇ ਵਿੱਚ ਤਾੜੇ ‘ਪਾਗਲਾਂ’ ਦੀ ਵਾਰਤਾਲਾਪ `ਤੇ ਆਧਾਰਤ ਵੰਡ ਵੇਲੇ ਦੀ ਤ੍ਰਾਸਦੀ ਨੂੰ ਦਰਸਾਉਂਦਾ ਨਾਟਕ ਇਹ ਦੱਸਣ ਵਿੱਚ ਸਫਲ ਰਿਹਾ ਕਿ ਬੇਸ਼ੱਕ ਗੋਰੀ ਹਕੂਮਤ ਵੱਲੋਂ ਇੱਕ ਤੋਂ ਦੋ ਮੁਲਕ ਬਣਾ ਦਿੱਤੇ ਗਏ, ਪਰ ਲੋਕਾਂ ਵਿੱਚ ਪੰਜਾਬੀਅਤ ਪ੍ਰਤੀ ਮੋਹ ਤੇ ਭਾਈਚਾਰਕ ਮੁਹੱਬਤਾਂ ਦੀ ਗਹਿਰੀ ਸਾਂਝ ਬਰਕਰਾਰ ਰਹੀ ਹੈ। ਇਹ ਪੱਖ ਉਘਾੜਿਆ ਗਿਆ ਕਿ ਵੱਖ ਵੱਖ ਅਕੀਦਿਆਂ ਵਿੱਚ ਵਿਸ਼ਵਾਸ ਰੱਖਣ ਦੇ ਬਾਵਜੂਦ ਲੋਕ ਪੰਜਾਬੀਅਤ ਦੇ ਤੌਰ `ਤੇ ਇੱਕ ਹਨ। ਬੋਲੀ ਦੇ ਲਿਹਾਜ਼ ਜਜ਼ਬਾਤੀ ਸਾਂਝ ਵੰਡ ਪੈ ਜਾਣ ਪਿੱਛੋਂ ਵੀ ਬਣੀ ਹੋਈ ਹੈ, ਪਰ ਸਿਤਮਜ਼ਰੀਫੀ ਇਹ ਹੈ ਕਿ ਸਿਆਸੀ ਤੌਰ `ਤੇ ਸਕਾਰਾਤਮਕ ਚਾਰਾਜੋਈਆਂ ਕੀਤੇ ਜਾਣ ਦੀ ਥਾਂ ਨਫਰਤੀ/ਫਿਰਕੂ ਅੱਗਾਂ ਨੂੰ ਹਵਾ ਦੇ ਦਿੱਤੀ ਜਾਂਦੀ ਹੈ। ਨਾਟਕ ਵਿੱਚ ਗੀਤ ਗੂੰਜਿਆ ਸੀ: ‘ਕੁਰਸੀ ਮੱਲਣ ਖਾਤਿਰ ਲਿਖਦੇ ਨਿੱਤ ਇੱਕ ਨਵੀਂ ਕਹਾਣੀ; ਕਿਸੇ ਦੀ ਦੋ ਟੁੱਕ ਰੋਟੀ ਰੁਲ਼ ਗਈ, ਕਿਸੇ ਦਾ ਦੋ ਘੁੱਟ ਪਾਣੀ।’
ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਡਾ. ਆਤਮਜੀਤ ਨੇ ਕਿਹਾ ਕਿ ਸਆਦਤ ਹਸਨ ਮੰਟੋ ਸਾਡੇ ਵੱਡੇ ਕਹਾਣੀਕਾਰ ਹੋਏ ਨੇ, ਜਿਨ੍ਹਾਂ ਦਾ ਗਲਪ ਵਿੱਚ ਬਹੁਤ ਨਾਂ ਹੈ। ਉਨ੍ਹਾਂ ਨੇ ਹਿੰਦੋਸਤਾਨ-ਪਾਕਿਸਤਾਨ ਦੀ ਵੰਡ ਬਾਰੇ ਇੱਕ ਕਹਾਣੀ ਲਿਖੀ ਸੀ- ਟੋਭਾ ਟੇਕ ਸਿੰਘ, ਅਤੇ ਇਹ ਨਾਟਕ ਉਸੇ `ਤੇ ਆਧਾਰਤ ਹੈ।
ਨਾਟਕ ਸ਼ੁਰੂ ਹੁੰਦਿਆਂ ਹੀ ਸਟੇਜ `ਤੇ ਇਹ ਗੀਤ ਚੱਲਿਆ ਸੀ:
ਰੁੱਖ ਤਾਂ ਸਾਡੇ ਸਿਰ `ਤੇ ਯਾਰੋ, ਪਰ ਕਿੱਥੇ ਹੈ ਉਸ ਦੀ ਛਾਂ?
ਇਨਸਾਨਾਂ ਦੇ ਨਾਲ ਗਵਾਚੇ, ਰਿਸ਼ਤਿਆਂ ਦਾ ਕੀ ਰੱਖੀਏ ਨਾਂ?
ਨਾਟਕ ਦੇ ਪ੍ਰਵਾਹ ਦੌਰਾਨ ਕਈ ਸੰਵਾਦਾਂ ਵਿੱਚ ਗੁੱਝੇ ਵਿਅੰਗ ਛੁਪੇ ਹੋਏ ਸਨ ਅਤੇ ਕੁਝ ਗਹਿਰ-ਗੰਭੀਰ ਗੱਲਾਂ ਨੂੰ ਮਜਾਹੀਆ ਚਾਸ਼ਣੀ ਵਿੱਚ ਡੁਬੋ ਕੇ ਪੇਸ਼ ਕੀਤਾ ਗਿਆ ਸੀ। ਇੱਕ ਪਿੱਛੋਂ ਇੱਕ ਦ੍ਰਿਸ਼ ਬਦਲਦੇ ਗਏ ਅਤੇ ਆਪਣਾ ਪ੍ਰਭਾਵ ਛੱਡਦੇ ਗਏ। ਪਾਤਰਾਂ ਦੇ ਸਵਾਲ-ਜਵਾਬ ਦੌਰਾਨ ‘ਆਜ਼ਾਦੀ ਕੀ ਹੁੰਦੀ ਹੈ?… ਇਹ ਕੋਈ ਐਸੀ ਮਸ਼ੀਨ ਹੈ, ਜਿਸ `ਤੇ ਉਸਤਰੇ ਬਣਦੇ ਨੇ!’; ‘ਪੂਰੇ ਦੋ ਮੁਲਕ ਬਣ ਗਏ ਨੇ… ਇਹ ਵੱਖ ਹੋ ਕੇ ਵੀ ਪੂਰੇ ਕਿਵੇਂ ਹੋ ਸਕਦੇ ਨੇ!’; ‘ਜੰਗ-ਏ-ਆਜ਼ਾਦੀ ਖਤਮ ਹੋ ਗਈ ਹੈ, ਪਰ ਬਿਮਾਰੀ ਫੈਲ ਗਈ ਹੈ’; ‘ਪਾਕਿਸਤਾਨ ਛੱਡ ਕੇ ਜਿੰਨੇ ਮਰਜੀ ਸਤਾਨ ਬਣਾ ਦਿਓ, ਪਰ ਸਾਨੂੰ ਤਾਂ ਨਾ ਸਤਾਓ’; ‘ਜਾਨਵਰਾਂ ਨੂੰ ਨਿਖੇੜਨਾ ਨਹੀਂ ਚਾਹੀਦਾ’; ‘ਓਹਨੇ ਮੇਰੇ ਬਾਪੂ ਦੀ ਭੋਇੰ `ਤੇ ਚੀਰ ਪਾਇਆ’; ‘ਸਾਨੂੰ ਤਾਂ ਅੰਬਰਸਰ ਤੇ ਲਾਹੌਰ ਚਾਹੀਦੇ ਨੇ’; ‘ਜੇ ਪੁੱਲ ਟੁੱਟ ਗਿਆ ਤਾਂ ਬਾਬਾ ਨਾਨਕ ਮੁਆਫ ਨਹੀਂ ਕਰੇਗਾ’; ‘ਵੀਰ ਮੇਰਿਆ ਜੁਗਨੀ ਕਹਿੰਦੀ ਸੀ, ਅਸ਼ਾਂ ਤੇ ਫਾਂਸ਼ੀ ਚੜ੍ਹਨਾ ਨਹੀਂ’; ‘ਛੋਲੇ ਗਰਮ ਕਰਾਰੇ – ਮਲਾਈ ਵਾਲੀ ਕੁਲਫੀ’; ‘ਛੋਲੇ ਮੁੱਕ ਸਕਦੇ ਹਨ, ਪਰ ਕੁਲਫੀ ਕਦੇ ਨਹੀਂ ਖੁਰ ਸਕਦੀ’; ‘ਓਪੜਦੀ ਗੜਗੜਦੀ ਬੇਧਿਆਨਿਆਂ ਦੀ…’; ‘ਹੋ ਗਈ ਨਾ ਢਿਬਰੀ ਟੈਟ!’; ‘ਕੜ੍ਹੀ ਨਾਲ ਕੜਾਹ’; ‘ਮੇਰੀ ਤੇ ਸ਼ੀਲਾ ਦੀ ਚਾਹ ਰਲ਼ ਗਈ, ਹੁਣ ਨਹੀਂ ਅਸੀਂ ਵੱਖ ਹੋ ਸਕਦੇ’; ‘ਦਰਖਤ ਕੱਟਿਆ/ਵੱਢਿਆ ਜਾ ਸਕਦਾ ਹੈ, ਪਰ ਜੜ੍ਹਾਂ ਨਹੀਂ ਵੰਡੀਆਂ ਜਾ ਸਕਦੀਆਂ’ ਸਮੇਤ ਅਨੇਕਾਂ ਅਜਿਹੇ ਸੰਵਾਦ ਸਨ, ਜਿਨ੍ਹਾਂ ਪਿੱਛੇ ਪੂਰੀ ਦੀ ਪੂਰੀ ਕਹਾਣੀ ਲੁਕੀ ਹੋਈ ਸੀ।
ਇਸ ਤੋਂ ਇਲਾਵਾ ਤਬਾਦਲੇ ਸਮੇਂ ਨੂੰ ਦਰਸਾਉਂਦੇ ਹਿਜੜਿਆਂ ਦੇ ਸੀਨ ਦੌਰਾਨ ਇਹ ਬੋਲ ‘ਜੇ ਅਸੀਂ ਜੰਮ ਨਹੀਂ ਸਕਦੇ ਤਾਂ ਅਸੀਂ ਮਾਰਦੇ ਵੀ ਨਹੀਂ’ ਡੂੰਘੀ ਚੋਟ ਸਨ। ਬਚਨ ਸਿੰਘ ਨੂੰ ਮਿੱਟੀ ਦਾ ਹੇਰਵਾ ਸੀ ਕਿ ਉਹ ਨਾ ਪਾਕਿਸਤਾਨ ਰਹਿਣਾ ਚਾਹੁੰਦਾ ਹੈ ਤੇ ਨਾ ਹਿੰਦੋਸਤਾਨ ਵਿੱਚ; ਉਹ ਤਾਂ ਆਪਣੇ ਪਿੰਡ ਟੋਭਾ ਟੇਕ ਸਿੰਘ ਜਾਣਾ ਚਾਹੁੰਦਾ ਹੈ, ਜਿੱਥੇ ਸਭ ਇਕੱਠੇ ਰਹਿੰਦੇ ਹੋਣ! ਰੂਪ ਲਾਲ ਦਾ ਆਪਣੀ ਪ੍ਰੇਮਿਕਾ ਸ਼ੀਲਾ ਨਾਲ ਵਿਛੋੜੇ ਦਾ ਦਰਦ, ਸਰਵਣ ਸਿੰਘ ਤੋਂ ਬਣੇ ਸਰਵਣ ਅਲੀ ਦੀ ਦਾਸਤਾਂ ਕਿ ਰੇਲ ਗੱਡੀ `ਚ ਵੱਢ-ਟੁੱਕ ਦੇਖਣ ਤੋਂ ਬਾਅਦ ਉਹ ਪਾਗਲ ਹੋ ਗਿਆ, ਫੌਜੀ ਮੱਖਣ ਸਿੰਘ ਦਾ ‘ਆਜ਼ਾਦੀ ਮਿਲ ਗਈ ਹੈ, ਅੰਗਰੇਜ਼ ਆਜ਼ਾਦ ਹੋ ਗਏ ਹੈਂ’ ਆਦਿ ਪਾਤਰਾਂ ਦੀ ਮਾਨਸਿਕ ਪੀੜ ਨੂੰ ਦ੍ਰਿਸ਼ਮਾਨ ਕਰ ਰਹੇ ਸਨ।
ਇਸ ਗੱਲ ਤੋਂ ਸਭ ਹੈਰਾਨ ਸਨ ਕਿ ਕੁਝ ਕਲਾਕਾਰਾਂ ਨੇ ਤਾਂ ਸਟੇਜ ਹੀ ਪਹਿਲੀ ਵਾਰ ਕੀਤੀ ਹੈ! ਨਾਟਕ ਦੇ ਕਲਾਕਾਰਾਂ ਦੀ ਬਾਕਮਾਲ ਅਦਾਕਾਰੀ ਨੇ ਇਸ ਗੱਲ ਉਤੇ ਦੂਹਰ ਪਾ ਦਿੱਤੀ ਹੈ ਕਿ ਨਾਟਕਕਾਰ ਡਾ. ਆਤਮਜੀਤ ਨਾਟਕ ਦੇ ਪਾਤਰ ਨੂੰ ਇਸ ਤਰ੍ਹਾਂ ਸਾਂਚੇ ਵਿੱਚ ਢਾਲ ਦਿੰਦੇ ਹਨ, ਉਹ ਆਮ ਤੋਂ ਖਾਸ ਹੋ ਜਾਂਦਾ ਹੈ। ਬੇਸ਼ੱਕ ਕਲਾਕਾਰਾਂ ਨੇ ਆਪਣੀ ਪੇਸ਼ਕਾਰੀ ਨੂੰ ਟੀਸੀ `ਤੇ ਪਹੁੰਚਾਉਣ ਲਈ ਖੂਬ ਮਿਹਨਤ ਕੀਤੀ, ਪਰ ਜਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਸਰੀਰ ਵਿੱਚੋਂ ਆਪਣਾ ਆਪ ਕੱਢ ਕੇ ਪਾਤਰ ਦਾ ਪ੍ਰਵੇਸ਼ ਕਰਵਾਇਆ, ਉਹ ਇਸ ਗੱਲ ਦੀ ਗਵਾਹੀ ਹੈ ਕਿ ਹਰ ਇੱਕ ਦੇ ਅੰਦਰ ਇੱਕ ਕਲਾਕਾਰ ਲੁਕਿਆ ਹੁੰਦਾ ਹੈ, ਬਸ ਕੋਈ ਉਸ ਦੀ ਪ੍ਰਤਿਭਾ ਨੂੰ ਹੰਘਾਲੇ ਤਾਂ ਸਹੀ! ਇਹ ਜੁਗਤ ਡਾ. ਆਤਮਜੀਤ ਨੂੰ ਆਉਂਦੀ ਹੈ, ਤੇ ਸ਼ਿਕਾਗੋਲੈਂਡ ਦੇ ਪੰਜਾਬੀਆਂ ਦੀ ਇਹ ਖੁਸ਼ਕਿਸਮਤੀ ਸਮਝੋ ਕਿ ਅਜਿਹਾ ਜੌਹਰੀ ਉਨ੍ਹਾਂ ਦੇ ਸ਼ਹਿਰ ਦਾ ਮਾਣ ਬਣ ਗਿਆ ਹੈ- ਉਂਜ ਮਿੱਡਵੈਸਟ `ਚ ਹੀਰਿਆਂ ਦੀ ਘਾਟ ਕੋਈ ਨਹੀਂ!
ਨਾਟਕ ਦੀ ਸਮਾਪਤੀ `ਤੇ ਡਾ. ਆਤਮਜੀਤ ਨੇ ਨਾਟਕ ਦੇ ਕਲਾਕਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਇਸ ਨਾਟਕ ਲਈ ਸਾਢੇ ਪੰਜ ਮਹੀਨੇ ਮਿਹਨਤ ਕੀਤੀ। ਮੈਨੂੰ ਲਗਪਗ ਨੱਬੇ ਪਰਸੈਂਟ ਪ੍ਰਸ਼ੰਸਕਾਂ ਤੇ ਸ਼ੁਭਚਿੰਤਕਾਂ ਨੇ ਕਿਹਾ ਸੀ ਕਿ ਇੰਨੀ ਵੱਡੀ ਟੀਮ ਨਾਲ ਸ਼ਿਕਾਗੋ ਵਿੱਚ ਨਾਟਕ ਕਰਨ ਦਾ ਪੰਗਾ ਨਾ ਲੈ, ਇਹ ਸੰਭਵ ਨਹੀਂ ਹੈ; ਪਰ ਇਨ੍ਹਾਂ (ਕਲਾਕਾਰਾਂ) ਨੇ ਸੰਭਵ ਬਣਾ ਦਿੱਤਾ। ਇਸ ਮੌਕੇ ਉਨ੍ਹਾਂ ਨੇ ਸ਼ਿਕਾਗੋ ਦੇ ਭਾਰਤੀ ਕੌਂਸਲਖਾਨੇ ਵਿੱਚ ਕੌਂਸਲ ਰਹੇ ਰਣਜੀਤ ਸਿੰਘ ਨੂੰ ਯਾਦ ਕੀਤਾ, ਜਿਨ੍ਹਾਂ ਨੇ ਸ਼ਿਕਾਗੋ ਵਿੱਚ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਉਣ ਦਾ ਬੰਨ-ਸੁੱਬ ਕੀਤਾ ਸੀ ਅਤੇ ਦਰਸ਼ਨ ਸਿੰਘ ਧਾਲੀਵਾਲ ਦਾ ਵਿੱਤੀ ਮਦਾਦ ਲਈ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ, ਮੇਰੇ ਲਈ ਇਹ ਵੱਡੇ ਮਾਣ ਵਾਲੀ ਗੱਲ ਸੀ ਜਦੋਂ ਸ. ਧਾਲੀਵਾਲ ਨੇ ਮੈਨੂੰ ਕਿਹਾ ਸੀ ਕਿ ਪੰਜਾਬੀ ਬੋਲੀ ਲਈ ਜੋ ਕਰਨਾ ਕਰੀਂ, ਪੈਸੇ ਦੇ ਘਾਟ ਤੈਨੂੰ ਨਹੀਂ ਆਉਣ ਦਿਆਂਗੇ। ਉਨ੍ਹਾਂ ਸੰਤ ਨਿਰੰਕਾਰੀ ਭਵਨ ਦੇ ਮੁੱਖ ਪ੍ਰਬੰਧਕ ਡਾ. ਕਾਲੜਾ ਦਾ ਰਿਹਰਸਲ ਲਈ ਥਾਂ ਦੇਣ ਤੇ ਉਚੇਚੀ ਸਹੂਲਤ ਮੁਹੱਈਆ ਕਰਨ ਲਈ ਵੀ ਧੰਨਵਾਦ ਕੀਤਾ।
ਡਾ. ਆਤਮਜੀਤ ਨੇ ਕਿਹਾ ਕਿ ਮੈਨੂੰ ਉਦੋਂ ਬੜੀ ਖੁਸ਼ੀ ਹੋਈ, ਜਦੋਂ ਇਹ ਪਤਾ ਲੱਗਾ ਕਿ ਅੱਜ ਤੋਂ 12-13 ਸਾਲ ਪਹਿਲਾਂ ਇੱਥੇ ਪੰਜਾਬੀ ਨਾਟਕ ‘ਬੁੱਲਾ’ ਖੇਡਿਆ ਗਿਆ ਸੀ ਅਤੇ ਉਸ ਦੇ ਲੇਖਕ ਤੇ ਨਿਰਦੇਸ਼ਕ ਡਾ. ਰਿਆਜ਼ ਬਾਬਰ ਸਮੇਤ ਹੋਰ ਕਲਾਕਾਰਾਂ- ਡਾ. ਆਰਿਫ ਆਗਾ, ਫਰੀਹਾ ਆਗਾ, ਡਾ. ਤਾਹਿਰ ਰੋਹੇਲ, ਡਾ. ਜਾਵੇਦ ਇਕਬਾਲ, ਡਾ. ਜਾਫਰ ਹਸਨੈਨ, ਕਮਲੇਸ਼ ਗੁਪਤਾ, ਮਧੂ ਆਰੀਆ ਨੂੰ ਸਟੇਜ `ਤੇ ਸੱਦ ਕੇ ਤੁਆਰਫ ਕਰਵਾਇਆ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸ਼ਿਕਾਗੋਲੈਂਡ ਵਿੱਚ ਚਾਰ ਨਾਟਕ- ‘ਬੁੱਲਾ’, ‘ਜੁਗਨੀ’, ‘ਸਾਹਨੀ ਸੱਚ ਕਹਿੰਦਾ ਸੀ’ ਅਤੇ ‘ਰਿਸ਼ਤਿਆਂ ਦਾ ਕੀ ਰੱਖੀਏ ਨਾਂ’ ਖੇਡੇ ਗਏ ਹਨ; ਗੁਰਮੁੱਖ ਸਿੰਘ ਭੁੱਲਰ ਇਨ੍ਹਾਂ ਚਾਰਾਂ ਵਿੱਚ ਹਾਜ਼ਰ ਰਿਹਾ। ਜ਼ਿਕਰਯੋਗ ਹੈ ਕਿ ਗੁਰਮੁੱਖ ਸਿੰਘ ਭੁੱਲਰ ਹਾਸ ਤੇ ਵਿਅੰਗ ਭਰਪੂਰ ਲਘੂ ਨਾਟਕ ਵੀ ਕਰਦੇ ਰਹਿੰਦੇ ਹਨ। ਕੁਮਾਰ ਪਵਨਦੀਪ ਸਿਨਸਿਨੈਟੀ ਤੋਂ ਉਚੇਚਾ ਰਿਹਰਸਲ ਕਰਨ ਆਉਂਦੇ ਰਹੇ ਹਨ ਅਤੇ ਉਹ 20 ਅਪਰੈਲ ਨੂੰ ਡੇਅਟਨ ਵਿਖੇ ਇਹੋ ਨਾਟਕ ਸਪਾਂਸਰ ਵੀ ਕਰ ਰਹੇ ਹਨ।
ਇਸ ਤੋਂ ਇਲਾਵਾ ਡਾ. ਆਤਮਜੀਤ ਨੇ ‘ਰਿਸ਼ਤਿਆਂ ਦਾ ਕੀ ਰੱਖੀਏ ਨਾਂ’ ਦੇ ਹੋਰ ਕਲਾਕਾਰਾਂ ਦੀ ਜਾਣ-ਪਛਾਣ ਕਰਵਾਈ, ਜਿਨ੍ਹਾਂ ਵਿੱਚ ਰਾਜੇਸ਼ ਪਵਾਰ, ਚਰਨਦੀਪ, ਮਨਦੀਪ ਕੁਮਾਰ, ਪ੍ਰੀਤੀ ਰਾਜ, ਵਿਨੀਤ ਅਨੰਦ, ਨਿਤੀਸ਼ ਕੁਮਾਰ, ਜਸਰਾਜ, ਮਧੁਰਾ, ਜਸਬੀਰ ਕੌਰ ਮਾਨ, ਰਿਚਾ ਚਾਂਦ, ਰਿਚਾ ਕੌਂਡਲ, ਲੁਮਾਨ ਕੈਸਰ (ਇਜਾਜ਼ ਕੈਸਰ ਦਾ ਬੇਟਾ) ਤੇ ਹੈਰੀ ਸਿੱਧੂ ਸ਼ਾਮਲ ਸਨ। ਕੁਝ ਕਲਾਕਾਰ ਅਜਿਹੇ ਸਨ, ਜਿਨ੍ਹਾਂ ਨੇ ਕਦੇ ਕਿਸੇ ਪੰਜਾਬੀ ਨਾਟਕ ਵਿੱਚ ਹਿੱਸਾ ਨਹੀਂ ਸੀ ਲਿਆ ਤੇ ਕੁਝ ਨੇ ਪਹਿਲੀ ਵਾਰ ਸਟੇਜ `ਤੇ ਨਾਟਕ ਖੇਡਿਆ। ਸਾਊਂਡ ਦਾ ਪ੍ਰਬੰਧ ਡਾ. ਆਤਮਜੀਤ ਦੇ ਬੇਟੇ ਦਾ ਸੀ। ਸਟੇਜ ਉਤੇ ਰੱਖੇ ਬਣਾਉਟੀ ਦਰਖਤ ਨੂੰ ਲਿਆਉਣ ਲਈ ਹਰਪਾਲ ਹੰਝਰਾ ਦਾ ਵਿਸ਼ੇਸ਼ ਸਹਿਯੋਗ ਰਿਹਾ।
ਪ੍ਰੋਗਰਾਮ ਦੇ ਸ਼ੁਰੂ ਵਿੱਚ ਬਤੌਰ ਮੁੱਖ ਮਹਿਮਾਨ ਪਹੁੰਚੇ ਸ਼ਿਕਾਗੋ ਵਿੱਚ ਭਾਰਤੀ ਕੌਂਸਲ ਜਨਰਲ ਸੋਮ ਨਾਥ ਘੋਸ਼ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਡੇ ਬੰਗਾਲੀਆਂ ਲਈ ਸਾਡੀ ਮਾਂ ਬੋਲੀ ਦਿਲ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਅੰਗਰੇਜ਼ੀ ਸਮਾਜ ਵਿੱਚ ਲੋਕ ਸਿਰਫ ਇੱਕ-ਦੋ ਬੋਲੀਆਂ ਹੀ ਬੋਲਦੇ ਹਨ, ਪਰ ਭਾਰਤ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਸਿੱਖਣ ਦੇ ਮੌਕੇ ਹਨ। ਉਨ੍ਹਾਂ ਕਿਹਾ ਕਿ ਮੇਰਾ ਵਿਸ਼ਵਾਸ ਹੈ ਕਿ ਜੇ ਪੜ੍ਹਾਈ ਮਾਂ ਬੋਲੀ ਜਾਂ ਖੇਤਰੀ ਭਾਸ਼ਾ ਵਿੱਚ ਕਰਵਾਈ ਜਾਵੇ ਤਾਂ ਉਹ ਹੋਰ ਵਧੇ-ਫੁੱਲੇਗੀ।
ਇਸ ਤੋਂ ਪਹਿਲਾਂ ਸਮਾਗਮ ਦੇ ਮੁੱਖ ਕੋਆਰਡੀਨੇਟਰ ਡਾ. ਹਰਜਿੰਦਰ ਸਿੰਘ ਖਹਿਰਾ ਨੇ ਕੌਂਸਲ ਜਨਰਲ ਦੇ ਰੁਝੇਵਿਆਂ ਬਾਰੇ ਦੱਸਿਆ ਅਤੇ ਉਨ੍ਹਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਮੰਚ `ਤੇ ਸੱਦਿਆ। ਜਿਗਰਦੀਪ ਸਿੰਘ ਢਿੱਲੋਂ ਨੇ ਪੰਜਾਬੀ ਮਾਂ ਬੋਲੀ ਦਿਵਸ ਬਾਰੇ ਜਾਣਕਾਰੀ ਸਾਂਝੀ ਕੀਤੀ। ਕੋਆਰਡੀਨੇਟਰ ਰਾਜ ਲਾਲੀ ਬਟਾਲਾ ਨੇ ਕਿਹਾ ਕਿ ਅੱਜ ਦਾ ਦਿਨ ਖਾਸ ਹੈ, ਕਿਉਂਕਿ ਇਹ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੈ। ਉਨ੍ਹਾਂ ਨੇ ਸਮਾਗਮ ਦੇ ਸਪਾਂਸਰਾਂ, ਦਰਸ਼ਕਾਂ ਤੇ ਕਲਾਕਾਰਾਂ ਦਾ ਧੰਨਵਾਦ ਕਰਦਿਆਂ ਸ਼ੇਅਰ ਸੁਣਾਇਆ,
ਮਾਂ ਬੋਲੀ ਸ਼ੁਕਰਾਨਾ ਤੇਰਾ, ਮਾਂ ਬੋਲੀ ਸ਼ੁਕਰਾਨਾ
ਤੇਰੇ ਕਰਕੇ ਜਾਣੇ ਸਾਨੂੰ, ਜਾਣੇ ਕੁੱਲ ਜ਼ਮਾਨਾ।
ਨਾਟਕ ਸੰਪਨ ਹੁੰਦਿਆਂ ਹੀ ਕਰੀਬ 65 ਪ੍ਰਤੀਸ਼ਤ ਲੋਕ ਚਲੇ ਗਏ। ਖਾਸ ਕਰ ਮੁਸਲਿਮ ਦਰਸ਼ਕ, ਕਿਉਂਕਿ ਰੋਜ਼ਿਆਂ ਦੇ ਦਿਨ ਸਨ। ਉਂਜ ਵੀ ਸਮਾਗਮ ਦਾ ਮੁੱਖ ਆਕਰਸ਼ਣ ਨਾਟਕ ‘ਰਿਸ਼ਤਿਆਂ ਦਾ ਕੀ ਰੱਖੀਏ ਨਾਂ’ ਹੀ ਸੀ। ਇਸ ਨਾਟਕ ਨੂੰ ਦੇਖਣ ਲਈ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਦਰਸ਼ਕ ਭਾਰੀ ਗਿਣਤੀ ਵਿੱਚ ਪਹੁੰਚੇ ਹੋਏ ਸਨ। ਬਾਅਦ ਵਿੱਚ ਪੰਜਾਬੀ ਸਾਹਿਤ ਦਾ ਸਤਿਕਾਰ ਹਿੱਸੇ ਵਿੱਚ ਸ਼ਾਇਰਾਂ- ਰਵਿੰਦਰ ਸਿੰਘ ਸਹਿਰਾਅ, ਭੁਪਿੰਦਰ ਦੁਲੇ, ਕੁਲਵਿੰਦਰ ਖਹਿਰਾ, ਕਸ਼ਿਸ ਹੁਸ਼ਿਆਰਪੁਰੀ, ਆਬਿਦ ਰਸ਼ੀਦ, ਗੁਲਾਮ ਮੁਸਤਫਾ ਅੰਜੁਮ, ਗੁਰਲੀਨ ਕੌਰ ਅਤੇ ਰਾਜ ਲਾਲੀ ਬਟਾਲਾ ਨੇ ਆਪੋ-ਆਪਣੀਆਂ ਰਚਾਨਾਵਾਂ ਪੜ੍ਹੀਆਂ।
ਸਮਾਗਮ ਦੇ ਮੁੱਖ ਸਪਾਂਸਰ ਤੇ ਚੀਫ ਪੈਟਰਨ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ ਸਨ, ਜਦਕਿ ਹੋਰ ਸਪਾਂਸਰਾਂ ਵਿੱਚ ਜਪਨੀਤ ਖਹਿਰਾ, ਮੁਖਤਿਆਰ ਸਿੰਘ (ਹੈਪੀ) ਹੀਰ, ਗੁਲਜ਼ਾਰ ਸਿੰਘ ਮੁਲਤਾਨੀ, ਭੁਪਿੰਦਰ ਸਿੰਘ ਧਾਲੀਵਾਲ, ਲੱਕੀ ਸਹੋਤਾ, ਪਰਮਿੰਦਰ ਸਿੰਘ ਗੋਲਡੀ, ਅਮਰੀਕ ਸਿੰਘ (ਅਮਰ ਕਾਰਪੈਟਸ), ਡਾ. ਵਿਕਰਮ ਗਿੱਲ, ਪਰਸ਼ਨ ਸਿੰਘ ਮਾਨ, ਦਵਿੰਦਰ ਸਿੰਘ ਰੰਗੀ, ਦਰਸ਼ਨ ਸਿੰਘ ਗਰੇਵਾਲ, ਰਾਜਿੰਦਰ ਬੀਰ ਸਿੰਘ ਮਾਗੋ, ਸਰਵਣ ਸਿੰਘ ਮਿਸ਼ਵਾਕਾ, ਪਾਲ ਖਲੀਲ, ਅਜੈਬ ਸਿੰਘ ਲੱਖਣ, ਬਿਕਰਮ ਸੋਹੀ, ਜਸਕਰਨ ਧਾਲੀਵਾਲ ਤੇ ਕਮਲੇਸ਼ ਕਪੂਰ ਸ਼ਾਮਲ ਸਨ। ਸਪਾਂਸਰਾਂ ਨੂੰ ਯਾਦਗਾਰੀ ਚਿੰਨ੍ਹ ਦਿੱਤੇ ਗਏ।
ਇਸ ਸਮਾਗਮ ਨੂੰ ਪੰਜਾਬੀ ਕਲਚਰਲ ਸੁਸਾਇਟੀ (ਸ਼ਿਕਾਗੋ), ਕਲਮਾਂ ਦੇ ਅੰਗ-ਸੰਗ, ਪੰਜਾਬੀ ਅਮੈਰਿਕਨ ਆਰਗੇਨਾਈਜੇਸ਼ਨ (ਪੀ.ਏ.ਓ.), ਗੁਰੂ ਲਾਧੋ ਰੇ ਸੇਵਾ ਸੁਸਾਇਟੀ (ਵਿਸਕਾਨਸਿਨ), ਸਵੇਰਾ, ਸੁਖਨਵਰ ਸ਼ਿਕਾਗੋ ਪੰਜਾਬੀ ਕਲਚਰਲ ਫੋਰਮ, ਪੰਜਾਬੀ ਕਲਚਰਲ ਸੁਸਾਇਟੀ (ਮਿਸ਼ੀਗਨ) ਤੇ ਗਲੋਬਲ ਪੰਜਾਬੀ ਮਿਲਾਪ ਅਤੇ ਖੇਡ ਤੇ ਸੱਭਿਆਚਾਰਕ ਸੰਸਥਾਵਾਂ- ਪੰਜਾਬ ਸਪੋਰਟਸ ਕਲੱਬ ਸ਼ਿਕਾਗੋ, ਸ਼ੇਰ-ਏ-ਪੰਜਾਬ ਸਪੋਰਟਸ ਐਂਡ ਹੈਰੀਟੇਜ ਕਲੱਬ ਮਿਡਵੈਸਟ (ਸ਼ਿਕਾਗੋ), ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ (ਸ਼ਿਕਾਗੋ), ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ (ਸਾਊਥਬੈਂਡ, ਇੰਡੀਆਨਾ) ਅਤੇ ਯੂਥ ਕਲੱਬ ਆਫ ਇੰਡੀਆਨਾ ਦਾ ਸਹਿਯੋਗ ਵੀ ਪ੍ਰਾਪਤ ਸੀ।