ਸਾਬਕਾ ਓਲੰਪੀਅਨ ਅਸ਼ੋਕ ਕੁਮਾਰ ਨੂੰ ‘ਮੇਜਰ ਧਿਆਨ ਚੰਦ ਲਾਈਫ ਟਾਈਮ ਅਚੀਵਮੈਂਟ ਅਵਾਰਡ’ ਨਾਲ ਸਨਮਾਨਿਆ
ਸੁਖਵਿੰਦਰਜੀਤ ਸਿੰਘ ਮਨੌਲੀ
ਫੋਨ: +91-9417182993
ਸਾਲ-2023 ਦਾ 6ਵਾਂ ਬਲਬੀਰ ਸਿੰਘ ਸੀਨੀਅਰ ਹਾਕੀ ਇੰਡੀਆ ਸਾਲਾਨਾ ‘ਬੈਸਟ ਇੰਡੀਅਨ ਹਾਕੀ ਪਲੇਅਰ’ ਅਵਾਰਡ ਕੌਮੀ ਹਾਕੀ ਟੀਮ ਦੇ ਉਪ-ਕਪਤਾਨ ਹਾਰਦਿਕ ਸਿੰਘ ਤੇ ਮਹਿਲਾ ਵਰਗ ’ਚ ‘ਬੈਸਟ ਇੰਡੀਅਨ ਮਹਿਲਾ ਹਾਕੀ ਪਲੇਅਰ’ ਅਵਾਰਡ ਕੌਮੀ ਹਾਕੀ ਟੀਮ ਦੀ ਖਿਡਾਰਨ ਸਲੀਮਾ ਟੇਟੇ ਨੂੰ ਦਿੱਤਾ ਗਿਆ ਹੈ। ਹਾਕੀ ਇੰਡੀਆ ਵੱਲੋਂ ਦੋਵੇਂ ਹਾਕੀ ਖਿਡਾਰੀਆਂ ਨੂੰ ਟਰਾਫੀ ਤੋਂ ਇਲਾਵਾ 25-25 ਲੱਖ ਦੀ ਰਾਸ਼ੀ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਹਾਕੀ ਇੰਡੀਆ ਵੱਲੋਂ ਉਪ-ਕਪਤਾਨ ਹਾਰਦਿਕ ਸਿੰਘ ਨੂੰ ‘ਅਜੀਤਪਾਲ ਸਿੰਘ ਬੈਸਟ ਮਿੱਡਫੀਲਡਰ ਆਫ ਦਿ ਯੀਅਰ’, ਕੌਮੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ‘ਪ੍ਰਗਟ ਸਿੰਘ ਬੈਸਟ ਡਿਫੈਂਡਰ ਆਫ ਦਿ ਯੀਅਰ’, ਕੌਮੀ ਹਾਕੀ ਟੀਮ ਦੇ ਗੋਲਕੀਪਰ ਪੀ.ਆਰ. ਸ੍ਰੀਜੇਸ਼ ਨੂੰ ‘ਬਲਜੀਤ ਸਿੰਘ ਬੈਸਟ ਗੋਲਕੀਪਰ ਆਫ ਦਿ ਯੀਅਰ’ ਤੇ ਅਭਿਸ਼ੇਕ ਨੂੰ ‘ਧਨਰਾਜ ਪਿਲੈ ਬੈਸਟ ਸਟਰਾਈਕਰ ਆਫ ਦਿ ਯੀਅਰ’ ਦੇ ਅਵਾਰਡਜ਼ ਨਾਲ ਸਨਮਾਨਤ ਕਰਕੇ 5-5 ਲੱਖ ਦੀ ਰਾਸ਼ੀ ਦਿੱਤੀ ਗਈ ਹੈ।
ਕੌਮੀ ਹਾਕੀ ਟੀਮ ਅੰਡਰ-21 ਦੇ ਖਿਡਾਰੀ ਅਰਾਇਜੀਤ ਸਿੰਘ ਹੁੰਦਲ ਨੂੰ ‘ਜੁਗਰਾਜ ਸਿੰਘ ਅੱਪਕਮਿੰਗ ਡਰੈਗ ਫਲਿੱਕਰ’ ਤੇ ਮਹਿਲਾ ਹਾਕੀ ਖਿਡਾਰਨ ‘ਦੀਪਿਕਾ ਸੋਰੇਗ ਨੂੰ ‘ਅਸੁੰਤਾ ਲਾਕੜਾ ਅੱਪਕਮਿੰਗ ਮਹਿਲਾ ਹਾਕੀ ਪਲੇਅਰ’ ਦੇ ਸਨਮਾਨ ਦਿੱਤੇ ਗਏ ਹਨ। ਹਾਕੀ ਇੰਡੀਆ ਵੱਲੋਂ ਦੋਵੇਂ ਖਿਡਾਰੀਆਂ ਨੂੰ 10-10 ਲੱਖ ਦੀ ਰਾਸ਼ੀ ਵੀ ਦਿੱਤੀ ਗਈ ਹੈ। ਹਾਕੀ ਇੰਡੀਆ ਵੱਲੋਂ ‘ਮੇਜਰ ਧਿਆਨ ਚੰਦ ਸਿੰਘ ਲਾਈਫ ਟਾਈਮ ਅਚੀਵਮੈਂਟ ਅਵਾਰਡ’ ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਪੁੱਤਰ ਹਾਕੀ ਓਲੰਪੀਅਨ ਅਸ਼ੋਕ ਕੁਮਾਰ ਸਿੰਘ ਨੂੰ ਦਿੱਤਾ ਗਿਆ ਹੈ। ਹਾਕੀ ਇੰਡੀਆ ਵੱਲੋਂ ਸਾਬਕਾ ਹਾਕੀ ਓਲੰਪੀਅਨ ਅਸ਼ੋਕ ਕੁਮਾਰ ਨੂੰ ਸਨਮਾਨ ਚਿੰਨ੍ਹ ਤੋਂ ਇਲਾਵਾ 30 ਲੱਖ ਦੀ ਰਾਸ਼ੀ ਵੀ ਦਿੱਤੀ ਗਈ ਹੈ। ਹਾਕੀ ਇੰਡੀਆ ਵੱਲੋਂ ਇਨ੍ਹਾਂ ਅਵਾਰਡਜ਼ ’ਤੇ 7.56 ਕਰੋੜ ਰੁਪਇਆ ਖਰਚ ਕੀਤਾ ਗਿਆ ਹੈ।
ਸਾਬਕਾ ਹਾਕੀ ਓਲੰਪੀਅਨ ਅਸ਼ੋਕ ਕੁਮਾਰ ਸਿੰਘ: ਵਿਸ਼ਵ ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨ ਚੰਦ ਸਿੰਘ ਦੇ ਪੁੱਤਰ ਤੇ ਸਾਬਕਾ ਹਾਕੀ ਓਲੰਪੀਅਨ ਰੂਪ ਸਿੰਘ ਦੇ ਭਤੀਜੇ ਸਾਬਕਾ ਹਾਕੀ ਓਲੰਪੀਅਨ ਅਸ਼ੋਕ ਕੁਮਾਰ ਸਿੰਘ ਨੂੰ ਹਾਕੀ ਇੰਡੀਆ ਵੱਲੋਂ ਸਾਲ-2023 ਦਾ ‘ਮੇਜਰ ਧਿਆਨ ਚੰਦ ਸਿੰਘ ਲਾਈਫ ਟਾਈਮ ਅਚੀਵਮੈਂਟ ਅਵਾਰਡ’ ਨਾਲ ਸਨਮਾਨਤ ਕੀਤਾ ਗਿਆ ਹੈ। ਅਟੈਕਿੰਗ ਸਟਰਾਈਕਰ ਅਸ਼ੋਕ ਕੁਮਾਰ ਸਿੰਘ ਅਗਲੀ ਪਾਲ ਦਾ ਵਾਅ-ਵਰੋਲਾ ਰਿਹਾ, ਜਿਸ ਬਾਰੇ ਕਿਹਾ ਗਿਆ ਕਿ ਬਾਲ ਜਦੋਂ ਉਸ ਦੀ ਹਾਕੀ ’ਤੇ ਹੈ ਤਾਂ ਵਿਰੋਧੀ ਟੀਮ ’ਤੇ ਗੋਲ ਹੋਣ ਦੇ ਆਸਾਰ ਸੌ ਫੀਸਦੀ ਬਣ ਜਾਂਦੇ ਸਨ। ਹਾਕੀ ਕਰੀਅਰ ’ਚ ਅਸ਼ੋਕ ਕੁਮਾਰ ਨੂੰ 4 ਵਾਰ ਵਿਸ਼ਵ ਹਾਕੀ ਕੱਪ, 2 ਵਾਰ ਓਲੰਪਿਕ ਤੇ 3 ਵਾਰ ਏਸ਼ੀਅਨ ਖੇਡਾਂ ’ਚ ਕੌਮੀ ਹਾਕੀ ਟੀਮ ਦੀ ਨੁਮਾਇੰਦਗੀ ਕਰਨ ਦਾ ਹੱਕ ਹਾਸਲ ਹੋਇਆ। ਇੰਡੀਅਨ ਹਾਕੀ ਲਈ ਜਿੰਦ-ਜਾਨ ਨਿਛਾਵਰ ਕਰਨ ਵਾਲੇ ਓਲੰਪੀਅਨ ਅਸ਼ੋਕ ਕੁਮਾਰ ਦਾ ਜਨਮ ਪਹਿਲੀ ਜੂਨ 1950 ਨੂੰ ਯੂ.ਪੀ. ਦੇ ਸ਼ਹਿਰ ਮੇਰਠ ’ਚ ਜਾਨਕੀ ਦੇਵੀ ਦੀ ਕੁੱਖੋਂ ਸਾਬਕਾ ਹਾਕੀ ਓਲੰਪੀਅਨ ਮੇਜਰ ਧਿਆਨ ਚੰਦ ਸਿੰਘ ਦੇ ਗ੍ਰਹਿ ਵਿਖੇ ਹੋਇਆ। ਓਲੰਪੀਅਨ ਅਸ਼ੋਕ ਕੁਮਾਰ ਨੇ ਦਿੱਲੀ ਦੇ ਸਿੱਖ ਪਰਿਵਾਰ ਦੀ ਲੜਕੀ ਕਮਲਜੀਤ ਕੌਰ ਨਾਲ ਸ਼ਾਦੀ ਕੀਤੀ। ਸਾਲ 1966-67 ’ਚ ਰਾਜਸਥਾਨ ਯੂਨੀਵਰਸਿਟੀ ਵੱਲੋਂ ਹਾਕੀ ਖੇਡਣ ਵਾਲੇ ਅਸ਼ੋਕ ਕੁਮਾਰ ਦੀ ਖੇਡ ਨੂੰ ਪ੍ਰਵਾਨ ਕਰਦਿਆਂ ’ਵਰਸਿਟੀ ਖੇਡ ਪ੍ਰਬੰਧਕਾਂ ਨੇ 1968-69 ’ਚ ਉਸ ਦੀ ਚੋਣ ਕੰਬਾਇੰਡ ’ਵਰਸਿਟੀ ਦੀ ਹਾਕੀ ਟੀਮ ਦੀ ਪ੍ਰਤੀਨਿਧਤਾ ਕਰਨ ਲਈ ਕੀਤੀ ਗਈ। ਕੰਬਾਇੰਡ ਯੂਨੀਵਰਸਿਟੀ ਵੱਲੋਂ ਖੇਡਣ ਲਈ ਪ੍ਰਮੋਟ ਹੋਏ ਅਸ਼ੋਕ ਕਮਾਰ ਨੂੰ ਕਲਕੱਤੇ ਦੇ ਮਸ਼ਹੂਰ ਹਾਕੀ ਕਲੱਬ ਮੋਹਨ ਬਾਗਾਨ ਨੇ ਆਪਣੀ ਹਾਕੀ ਟੀਮ ਵੱਲੋਂ ਖੇਡਣ ਲਈ ਨਾਮਜ਼ਦ ਕੀਤਾ ਗਿਆ।
ਆਸਟਰੇਲੀਆ ਦੇ ਸ਼ਹਿਰ ਪਰਥ ’ਚ 1979 ’ਚ ਹੋਏ ਇਸੰਡਾ ਹਾਕੀ ਮੁਕਾਬਲੇ ’ਚ ਭਰਤੀ ਟੀਮ ਦੇ ਕਪਤਾਨ ਅਸ਼ੋਕ ਕੁਮਾਰ ਸਿੰਘ ਨੂੰ 1974 ’ਚ ‘ਆਲ ਏਸ਼ੀਅਨ ਸਟਾਰਜ਼’ ਹਾਕੀ ਟੀਮ ਵੱਲੋਂ ਖੇਡਣ ਦਾ ਮਾਣ ਮਿਲਿਆ। ਇਸ ਤੋਂ ਇਲਾਵਾ ਕੌਮਾਂਤਰੀ ਹਾਕੀ ਚੋਣਕਾਰਾਂ ਵੱਲੋਂ ਓਲੰਪੀਅਨ ਅਸ਼ੋਕ ਕੁਮਾਰ ਨੂੰ ਦੋ ਵਾਰ ‘ਵਿਸ਼ਵ ਇਲੈਵਨ ਹਾਕੀ ਟੀਮ’ ਲਈ ਖੇਡਣ ਲਈ ਨਾਮਜ਼ਦ ਕੀਤਾ ਗਿਆ। ਅਸ਼ੋਕ ਕੁਮਾਰ ਦੀਆਂ ਹਾਕੀ ਪ੍ਰਾਪਤੀਆਂ ਨੂੰ ਮੁੱਖ ਰੱਖਦੇ ਹੋਏ ਕੇਂਦਰੀ ਖੇਡ ਮੰਤਰਾਲੇ ਵੱਲੋਂ 1974 ’ਚ ਉਸ ਨੂੰ ਖੇਡ ਪੁਰਸਕਾਰ ‘ਅਰਜੁਨਾ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ। ਬੈਂਕਾਕ-1970, ਤਹਿਰਾਨ-1974 ਤੇ ਬੈਂਕਾਕ-1978 ਤਿੰਨ ਵਾਰ ਏਸ਼ਿਆਈ ਹਾਕੀ ’ਚ ਦੇਸ਼ ਦੀ ਹਾਕੀ ਟੀਮ ਦੀ ਪ੍ਰਤੀਨਿਧਤਾ ਕਰਨ ਵਾਲੇ ਅਸ਼ੋਕ ਕੁਮਾਰ ਨੇ ਆਪਣੇ ਕੌਮਾਂਤਰੀ ਖੇਡ ਕਰੀਅਰ ਦਾ ਖਾਤਾ ਬੈਂਕਾਕ-1970 ਦਾ ਹਾਕੀ ਅਡੀਸ਼ਨ ਖੇਡ ਕੇ ਖੋਲਿ੍ਹਆ।
ਸੁਪਨਿਆਂ ’ਚ ਹਾਕੀ ਖੇਡਣ ਵਾਲੇ ਅਸ਼ੋਕ ਕੁਮਾਰ ਸਿੰਘ ਨੇ ਬਾਰਸੀਲੋਨਾ-1971, ਐਮਸਟਰਡਮ-1973, ਕੁਆਲਾਲੰਪੁਰ-1975 ਤੇ ਬਿਊਨਿਸ ਆਈਰਸ-1978 ਦੇ ਚਾਰ ਵਿਸ਼ਵ-ਵਿਆਪੀ ਹਾਕੀ ਟੂਰਨਾਮੈਂਟਾਂ ’ਚ ਹਾਕੀ ਟੀਮ ਦੀ ਨੁਮਾਇੰਦਗੀ ਕਰਕੇ ਆਪਣੇ ਖੇਡ ਰਿਕਾਰਡ ਨੂੰ ਆਲਮੀ ਹਾਕੀ ਦੇ ਪੰਨਿਆਂ ’ਚ ਦਰਜ ਕਰਵਾਇਆ। ਅਜੀਤਪਾਲ ਸਿੰਘ ਕੁਲਾਰ ਦੀ ਅਗਵਾਈ ’ਚ ਪਹਿਲੇ ਬਾਰਸੀਲੋਨਾ-1971 ਦੇ ਵਿਸ਼ਵ ਹਾਕੀ ਕੱਪ ’ਚ ਟੀਮ ਨੂੰ ਤਾਂਬੇ ਦਾ ਤਗਮਾ ਨਸੀਬ ਹੋਇਆ। ਦੂਜੇ ਐਮਸਟਰਡਮ-1973 ਦੇ ਸੰਸਾਰ ਹਾਕੀ ਕੱਪ ’ਚ ਓਲੰਪੀਅਨ ਐਮ.ਪੀ. ਗਣੇਸ਼ ਦੀ ਕਪਤਾਨੀ ’ਚ ਟੀਮ ਨੇ ਚਾਂਦੀ ਦਾ ਹਾਕੀ ਕੱਪ ਜਿੱਤਿਆ। ਤੀਜੇ ਕੁਆਲਾਲੰਪੁਰ-1975 ਦੇ ਆਲਮੀ ਹਾਕੀ ਕੱਪ ’ਚ ਅਜੀਤਪਾਲ ਸਿੰਘ ਦੀ ਕਮਾਨ ’ਚ ਭਾਰਤੀ ਹਾਕੀ ਟੀਮ ਵਿਸ਼ਵ ਚੈਂਪੀਅਨ ਬਣੀ। ਜਦੋਂ ਹਾਕੀ ਟੀਮ ਨੇ ਪਹਿਲੀ ਤੇ ਆਖਰੀ ਵਾਰ ਜੱਗ ਦੀ ਹਾਕੀ ਦੀ ਜਿੱਤਣ ਦੀ ਬਾਜ਼ੀ ਮਾਰੀ ਤਾਂ ਉਦੋਂ ਫੁੱਲ ਬੈਕ ਸੁਰਜੀਤ ਸਿੰਘ ਦੇ ਸ਼ਾਨਦਾਰ ਕਰਾਸ ਤੋਂ ਮਿਲੀ ਬਾਲ ਨੂੰ ਅਸ਼ੋਕ ਕੁਮਾਰ ਸਿੰਘ ਨੇ ਗੋਲ ਦਾ ਰਸਤਾ ਵਿਖਾਇਆ ਸੀ। ਖੇਡ ਮੈਦਾਨ ’ਚ ਵਿਰੋਧੀ ਰੱਖਿਅਕਾਂ ਦੀਆਂ ਅੱਖਾਂ ’ਚ ਰੜਕਣ ਵਾਲੇ ਅਸ਼ੋਕ ਕੁਮਾਰ ਨੇ ਮਿਓਨਿਖ-1972 ਤੇ ਮਾਂਟੀਰੀਅਲ-1976 ਦੇ ਦੋ ਓਲੰਪਿਕ ਅਡੀਸ਼ਨ ਖੇਡ ਕੇ ਆਪਣੀ ਹਾਕੀ ਨਾਲ ਮੈਦਾਨ ’ਚ ਅਲੱਗ ਲਕੀਰਾਂ ਵਾਹੁਣ ਦਾ ਉਪਰਾਲਾ ਕੀਤਾ। ਮਿਓਨਿਖ-1972 ਓਲੰਪਿਕ ’ਚ ਹਰਮੀਕ ਸਿੰਘ ਦੀ ਕਮਾਂਡ ’ਚ ਟੀਮ ਨੇ ਤਾਂਬੇ ਦਾ ਤਗਮਾ ਹਾਸਲ ਕੀਤਾ, ਜਦਕਿ ਮਾਂਟੀਰੀਅਲ-1976 ਦੀ ਓਲੰਪਿਕ ’ਚ ਦੇਸ਼ ਦੀ ਹਾਕੀ ਟੀਮ ਨੂੰ 7ਵਾਂ ਰੈਂਕ ਹਾਸਲ ਹੋਇਆ।
ਹਾਕੀ ਓਲੰਪੀਅਨ ਹਾਰਦਿਕ ਸਿੰਘ: ਹਾਕੀ ਇੰਡੀਆ ਵੱਲੋਂ ਕੌਮੀ ਹਾਕੀ ਟੀਮ ਦੇ ਉਪ-ਕਪਤਾਨ ਹਾਰਦਿਕ ਸਿੰਘ ਨੂੰ ਸਾਲ-2023 ਦਾ 6ਵਾਂ ਬਲਬੀਰ ਸਿੰਘ ਸੀਨੀਅਰ ਹਾਕੀ ਇੰਡੀਆ ਸਾਲਾਨਾ ‘ਬੈਸਟ ਇੰਡੀਅਨ ਹਾਕੀ ਪਲੇਅਰ’ ਨਾਲ ਸਨਮਾਨਤ ਕੀਤਾ ਗਿਆ ਹੈ। ਇਸ ਅਵਾਰਡ ’ਚ ਹਾਰਦਿਕ ਸਿੰਘ ਨੂੰ ਸਨਮਾਨ ਚਿੰਨ੍ਹ ਤੋਂ ਇਲਾਵਾ 25 ਲੱਖ ਦੀ ਰਾਸ਼ੀ ਵੀ ਦਿੱਤੀ ਗਈ ਹੈ। ਹਾਕੀ ਇੰਡੀਆ ਵੱਲੋਂ ਉਪ-ਕਪਤਾਨ ਹਾਰਦਿਕ ਸਿੰਘ ਨੂੰ ‘ਅਜੀਤਪਾਲ ਸਿੰਘ ਬੈਸਟ ਮਿੱਡਫੀਲਡਰ ਆਫ ਦਿ ਯੀਅਰ’ ਦਾ ਅਵਾਰਡ ਵੀ ਦਿੱਤਾ ਗਿਆ ਹੈ। ਇਸ ਅਵਾਰਡ ’ਚ ਹਾਰਦਿਕ ਸਿੰਘ ਨੂੰ 5 ਲੱਖ ਰੁਪਏ ਦਿੱਤੇ ਗਏ ਹਨ। ਹਾਕੀ ਮੈਦਾਨ ਅੰਦਰ ਹਾਫ ਲਾਈਨ ’ਚ ਖੇਡਣ ਵਾਲਾ ਡਿਫੈਂਸਿਵ ਮਿੱਡਫੀਲਡਰ ਹਾਰਦਿਕ ਸਿੰਘ ਪਰਿਵਾਰ ਦੀ ਪੰਜਵੀਂ ਪੀੜੀ ’ਚ ਦੇਸ਼ ਦੀ ਕੌਮੀ ਟੀਮ ਦੀ ਨੁਮਾਇੰਦਗੀ ਕਰ ਰਿਹਾ ਹੈ। ਨੇਵੀ ਦੀ ਟੀਮ ਵੱਲੋਂ ਨੈਸ਼ਨਲ ਹਾਕੀ ਖੇਡਣ ਵਾਲੇ ਪ੍ਰੀਤਮ ਸਿੰਘ ਦੇ ਪੋਤਰੇ ਹਾਰਦਿਕ ਦਾ ਪਿਤਾ ਵਰਿੰਦਰਪ੍ਰੀਤ ਸਿੰਘ ਵੀ ਕੌਮਾਂਤਰੀ ਹਾਕੀ ਖੇਡਣ ਲਈ ਮੈਦਾਨ ’ਚ ਨਿੱਤਰਿਆ। ਆਲਮੀ ਹਾਕੀ ਦੇ ਹਲਕਿਆਂ ’ਚ ‘ਗੋਲਡਨ ਗਰਲ’ ਦੇ ਨਾਂ ਨਾਲ ਜਾਣੀ ਜਾਂਦੀ ਵਿਮੈਨ ਹਾਕੀ ਟੀਮ ਦੀ ਸਾਬਕਾ ਕਪਤਾਨ ਰਾਜਬੀਰ ਕੌਰ ਅਤੇ ਉਸ ਦਾ ਪਤੀ ਓਲੰਪੀਅਨ ਗੁਰਮੇਲ ਸਿੰਘ, ਹਾਰਦਿਕ ਦੇ ਪਿਤਾ ਦੇ ਚਾਚੀ-ਚਾਚਾ ਹਨ। ਰਾਜਬੀਰ ਕੌਰ ਦੇ ਚਚੇਰੇ ਭਰਾ ਪ੍ਰਸਿੱਧ ਡਰੈਗ ਫਲਿੱਕਰ ਜੁਗਰਾਜ ਸਿੰਘ ਤੇ ਕੌਮੀ ਖਿਡਾਰੀ ਹਰਮੀਕ ਸਿੰਘ ਵੀ ਹਾਰਦਿਕ ਦੇ ਨੇੜਲੇ ਰਿਸ਼ਤੇਦਾਰ ਹਨ। ਓਲੰਪੀਅਨ ਜੁਗਰਾਜ ਸਿੰਘ ਦੀ ਸਲਾਹ ਨਾਲ ਹਾਰਦਿਕ ਨੇ ਹਾਕੀ ਮੈਦਾਨ ਅੰਦਰ ਮਿੱਡਫੀਲਡਰ ਦੀ ਪੁਜ਼ੀਸ਼ਨ ’ਤੇ ਖੇਡਣਾ ਸ਼ੁਰੂ ਕੀਤਾ।
23 ਸਤੰਬਰ 1998 ’ਚ ਜਲੰਧਰ ਜ਼ਿਲ੍ਹੇ ਦੇ ਪਿੰਡ ਖੁਸਰੋਪੁਰ ’ਚ ਜਨਮਿਆ ਹਾਰਦਿਕ ਸਿੰਘ 2013 ਤੱਕ ਹਾਕੀ ਮੈਦਾਨ ਦੀ ਸਾਈਡ ਲਾਈਨ ’ਤੇ ਬਾਲ ਸਾਂਭਣ ਲਈ ‘ਬਾਲ ਬੌਆਇ’ ਹੋਇਆ ਕਰਦਾ ਸੀ। ਹਾਕੀ ਸਿਲੈਕਟਰਾਂ ਵੱਲੋਂ ਹਾਰਦਿਕ ਦੀ ਜੂਨੀਅਰ ਏਸ਼ੀਆ ਹਾਕੀ ਕੱਪ ਖੇਡਣ ਲਈ ਚੋਣ ਕਰਨ ਦੇ ਨਾਲ ਉਪ-ਕਪਤਾਨ ਵੀ ਨਿਯੁਕਤ ਕੀਤਾ ਗਿਆ। ਸਬ-ਜੂਨੀਅਰ ਏਸ਼ੀਆ ਹਾਕੀ ਕੱਪ ’ਚ ਟੀਮ ਨੇ ਗੋਲਡ ਮੈਡਲ ਹਾਸਲ ਕੀਤਾ। ਹਾਕੀ ਇੰਡੀਆ ਲੀਗ ’ਚ ਪੰਜਾਬ ਵਾਰੀਅਰਜ਼ ਦੀ ਟੀਮ ਵੱਲੋਂ ਪੇਸ਼ੇਵਾਰਾਨਾ ਹਾਕੀ ਖੇਡਣ ਵਾਲੇ ਹਾਰਦਿਕ ਸਿੰਘ ਨੂੰ 2017 ’ਚ ਡੱਚ ਹਾਕੀ ਲੀਗ ਅਤੇ ਕਲੱਬ ਹਾਕੀ ਖੇਡਣ ਲਈ ਹਾਲੈਂਡ ਸ਼ਿਫਟ ਹੋਣਾ ਪਿਆ। 20 ਸਾਲਾ ਹਾਰਦਿਕ ਨੂੰ ਮਸਕਟ-2018 ਦੀ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਖੇਡਣ ਲਈ ਕੌਮੀ ਹਾਕੀ ਟੀਮ ’ਚ ਸ਼ਾਮਲ ਕੀਤਾ ਗਿਆ। ਏਸ਼ੀਅਨ ਹਾਕੀ ਚੈਂਪੀਅਨਜ਼ ਤੋਂ ਬਾਅਦ ਹਾਰਦਿਕ ਦੀ ਚੋਣ ਘਰੇਲੂ ਮੈਦਾਨਾਂ ’ਤੇ ਖੇਡੇ ਜਾਣ ਵਾਲੇ ਵਿਸ਼ਵ ਹਾਕੀ ਕੱਪ ਖੇਡਣ ਲਈ ਕੀਤੀ ਗਈ।
ਪੰਜਾਬ ਸਰਕਾਰ ਵੱਲੋਂ ਦੋ ਕੁ ਮਹੀਨੇ ਪਹਿਲਾਂ ਓਲੰਪੀਅਨ ਹਾਰਦਿਕ ਸਿੰਘ ਨੂੰ ਪੰਜਾਬ ਪੁਲੀਸ ’ਚ ਡਾਇਰੈਕਟ ਡੀ.ਐਸ.ਪੀ. ਭਰਤੀ ਕੀਤਾ ਗਿਆ ਹੈ। ਕੌਮਾਂਤਰੀ ਹਾਕੀ ’ਚ 114 ਮੈਚਾਂ ਦੀ ਪਾਰੀ ਖੇਡ ਚੁੱਕੇ ਹਾਰਦਿਕ ਸਿੰਘ ਨੂੰ ਟੋਕੀਓ-2020 ਓਲੰਪਿਕ ’ਚ ਤਾਂਬੇ ਦਾ ਤਗਮਾ ਜੇਤੂ, ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਮਸਕਟ-2022, ਚੇਨਈ-2023 ’ਚ ਗੋਲਡ ਮੈਡਲ ਤੇ ਢਾਕਾ-2021 ’ਚ ਤਾਂਬੇ ਦਾ ਤਗਮਾ, ਏਸ਼ੀਅਨ ਗੇਮਜ਼ ਹਾਂਗਜ਼ੂ-2022 ’ਚ ਸੋਨ ਤਗਮਾ ਅਤੇ ਬਰਮਿੰਘਮ-2022 ਰਾਸ਼ਟਰਮੰਡਲ ਖੇਡਾਂ ’ਚ ਚਾਂਦੀ ਦਾ ਤਗਮਾ ਜੇਤੂ ਟੀਮ ਦੀ ਨੁਮਾਇੰਦਗੀ ਕਰਨ ਦਾ ਰੁਤਬਾ ਹਾਸਲ ਹੈ।
ਮਹਿਲਾ ਹਾਕੀ ਓਲੰਪੀਅਨ ਸਲੀਮਾ ਟੇਟੇ: ਹਾਕੀ ਇੰਡੀਆ ਵੱਲੋਂ ਸਾਲ-2023 ਦਾ 6ਵਾਂ ਬਲਬੀਰ ਸਿੰਘ ਸੀਨੀਅਰ ਹਾਕੀ ਇੰਡੀਆ ਸਾਲਾਨਾ ਮਹਿਲਾ ਵਰਗ ’ਚ ‘ਬੈਸਟ ਇੰਡੀਅਨ ਮਹਿਲਾ ਹਾਕੀ ਪਲੇਅਰ’ ਅਵਾਰਡ ਕੌਮੀ ਹਾਕੀ ਟੀਮ ਦੀ ਖਿਡਾਰਨ ਸਲੀਮਾ ਟੇਟੇ ਨੂੰ ਦਿੱਤਾ ਗਿਆ ਹੈ। ਹਾਕੀ ਇੰਡੀਆ ਵੱਲੋਂ ਸਲੀਮਾ ਟੇਟੇ ਨੂੰ ਟਰਾਫੀ ਤੋਂ ਇਲਾਵਾ 25 ਲੱਖ ਦੀ ਰਾਸ਼ੀ ਦਿੱਤੀ ਗਈ ਹੈ। ਕੌਮਾਂਤਰੀ ਹਾਕੀ ’ਚ 107 ਮੈਚਾਂ ’ਚ 15 ਗੋਲ ਸਕੋਰ ਕਰਨ ਵਾਲੀ ਸਲੀਮਾ ਟੇਟੇ ਨੂੰ ਰਾਂਚੀ-2022 ਚੈਂਪੀਅਨਜ਼ ਹਾਕੀ ਟਰਾਫੀ ਅਤੇ ਐਫ.ਆਈ.ਐਚ. ਨੇਸ਼ਨਜ਼ ਹਾਕੀ ਕੱਪ ਸਪੇਨ-2022 ’ਚ ਦੋਵੇਂ ਵਾਰ ਗੋਲਡ ਮੈਡਲ ਜਿੱਤਣ ਤੋਂ ਇਲਾਵਾ ਯੂਥ ਓਲੰਪਿਕ ਗੇਮਜ਼ ਬਿਊਨਸ ਏਰੀਅਸ-2018 ’ਚ ਸਿਲਵਰ ਮੈਡਲ, ਹਾਂਗਜ਼ੂ ਏਸ਼ੀਅਨ ਗੇਮਜ਼-2022, ਰਾਸ਼ਟਰਮੰਡਲ ਖੇਡਾਂ ਬਰਮਿੰਘਮ-2022 ਤੇ ਮਸਕਟ-2022 ਮਹਿਲਾ ਏਸ਼ੀਆ ਕੱਪ ’ਚ ਤਿੰਨੇ ਵਾਰ ਤਾਂਬੇ ਦੇ ਤਗਮੇ ਜਿੱਤਣ ਦਾ ਰੁਤਬਾ ਹਾਸਲ ਹੋਇਆ। ਟੋਕੀਓ-2020 ਓਲੰਪਿਕ ਸੀਨੀਅਰ ਮਹਿਲਾ ਕੌਮੀ ਹਾਕੀ ਟੀਮ ਬਰੇਕ ਲੈਣ ਵਾਲੀ ਸਲੀਮਾ ਟੇਟੇ ਦਾ ਜਨਮ 27 ਦਸੰਬਰ 2001 ’ਚ ਝਾਰਖੰਡ ਰਾਜ ਦੇ ਜ਼ਿਲ੍ਹਾ ਸਿਮਡੇਗਾ ’ਚ ਬਹੁਤ ਹੀ ਗਰੀਬ ਕਿਸਾਨ ਪਰਿਵਾਰ ’ਚ ਹੋਇਆ।
ਕੌਮੀ ਹਾਕੀ ਟੀਮ ਕਪਤਾਨ ਹਰਮਨਪ੍ਰੀਤ ਸਿੰਘ: ਕੌਮੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ‘ਪ੍ਰਗਟ ਸਿੰਘ ਬੈਸਟ ਡਿਫੈਂਡਰ ਆਫ ਦਿ ਯੀਅਰ’ ਦਾ ਸਨਮਾਨ ਦਿੱਤਾ ਗਿਆ ਹੈ। ਇਸ ਅਵਾਰਡ ’ਚ ਹਰਮਨਪ੍ਰੀਤ ਸਿੰਘ ਨੂੰ 5 ਲੱਖ ਦੀ ਰਾਸ਼ੀ ਮਿਲੇਗੀ। ਦੋ ਮਹੀਨੇ ਪਹਿਲਾਂ ਹੀ ਓਲੰਪੀਅਨ ਹਰਮਨਪ੍ਰੀਤ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲੀਸ ’ਚ ਸਿੱਧਾ ਡੀ.ਐਸ.ਪੀ. ਦਾ ਅਹੁਦਾ ਦਿੱਤਾ ਗਿਆ ਹੈ। ਹਾਕੀ ਮੈਦਾਨ ਅੰਦਰ ਰਾਈਟ ਫੁੱਲ ਬੈਕ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੇ ਕੌਮੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਆਪਣੀ ਡੀ-ਸਰਕਲ ਦੇ ਅੰਦਰ ਤੇ ਬਾਹਰ ਜਿੱਥੇ ਵਿਰੋਧੀ ਸਟਰਾਈਕਰ ਨੂੰ ਡੱਕੀ ਰੱਖਣ ਦੀ ਮੁਹਾਰਤ ਹਾਸਲ ਹੈ, ਉੱਥੇ ਇਸ ਸਮੇਂ ਇੱਕ ਮਹਾਨ ਡਰੈਗ ਫਲਿੱਕਰ ਵਜੋਂ ਉਸ ਦਾ ਨਾਮ ਦੁਨੀਆਂ ਦੀ ਹਾਕੀ ਦੇ ਨਕਸ਼ੇ ’ਤੇ ਡਲਕਾਂ ਮਾਰ ਰਿਹਾ ਹੈ। ਪੈਨਲਟੀ ਕਾਰਨਰਾਂ ਨੂੰ ਡਰੈਗ ਫਲਿੱਕਾਂ ਰਾਹੀਂ ਗੋਲਾਂ ’ਚ ਤਬਦੀਲ ਕਰਨ ’ਚ ਹਰਮਨਪੀ੍ਰਤ ਨੇ ਵਿਰੋਧੀ ਹਾਕੀ ਟੀਮਾਂ ਦੇ ਗੋਲਕੀਪਰਾਂ ਅਤੇ ਰੱਖਿਅਕ ਖਿਡਾਰੀਆਂ ਦੀ ਬੱਸ ਕਰਵਾਈ ਹੋਈ ਹੈ।
ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਜੰਡਿਆਲਾ ਗੁਰੂ ’ਚ ਕਿਸਾਨ ਸਰਬਜੀਤ ਸਿੰਘ ਦੇ ਵਿਖੇ 6 ਜਨਵਰੀ 1996 ਨੂੰ ਜਨਮੇ ਹਰਮਨਪ੍ਰੀਤ ਸਿੰਘ ਨੇ ਹਾਕੀ ਇੰਡੀਆ ਲੀਗ ਦੇ 2014 ਤੋਂ 2016 ਤੱਕ ਤਿੰਨ ਅਡੀਸ਼ਨ ਖੇਡਣ ਲਈ ਦਬੰਗ ਮੁੰਬਈ ਟੀਮ ਦੇ ਫਰੈਂਚਾਇਜ਼ੀ ਨਾਲ 35 ਲੱਖ ਦਾ ਕੰਟਰੈਕਟ ਸਾਈਨ ਕੀਤਾ ਸੀ। 2015 ’ਚ ਕੌਮੀ ਟੀਮ ’ਚ ਐਂਟਰੀ ਕਰਨ ਵਾਲਾ ਹਰਮਨਪ੍ਰੀਤ, ਅੰਡਰ-21 ਟੀਮ ਨਾਲ ਸੁਲਤਾਨ ਜੋਹਰ ਹਾਕੀ ਕੱਪ ਜਿੱਤਣ ਵਾਲੀ ਟੀਮ ਨਾਲ ਮੈਦਾਨ ’ਚ ਨਿੱਤਰਿਆ। ਮਲੇਸ਼ੀਆ ’ਚ ਖੇਡੇ ਗਏ ਇਸ ਮੁਕਾਬਲੇ ’ਚ ਹਰਮਨਪ੍ਰੀਤ 9 ਗੋਲਾਂ ਨਾਲ ‘ਟਾਪ ਸਕੋਰਰ’ ਬਣਨ ਦੇ ਨਾਲ ‘ਬੈਸਟ ਪਲੇਅਰ ਆਫ ਦਿ ਟੂਰਨਾਮੈਂਟ’ ਵੀ ਨਾਮਜ਼ਦ ਹੋਇਆ। ਹਰਮਨਪ੍ਰੀਤ 206 ਕੌਮਾਂਤਰੀ ਮੈਚਾਂ ’ਚ 179 ਗੋਲ ਦਾਗਣ ਦਾ ਕ੍ਰਿਸ਼ਮਾ ਕਰ ਚੁੱਕਾ ਹੈ। ਜੂਨੀਅਰ ਏਸ਼ੀਆ ਹਾਕੀ ਕੱਪ ’ਚ 15 ਗੋਲ ਕਰਨ ਵਾਲੇ ਹਰਮਨਪ੍ਰੀਤ ਨੇ ਏਸ਼ੀਅਨ ਖੇਡਾਂ ਹਾਂਗਜ਼ੂ-2022 ’ਚ ਗੋਲਡ ਮੈਡਲ ਤੇ ਏਸ਼ੀਅਨ ਗੇਮਜ਼-2018 ’ਚ ਤਾਂਬੇ ਦਾ ਤਗਮਾ, ਏਸ਼ੀਆ ਹਾਕੀ ਕੱਪ ਢਾਕਾ-2017 ’ਚ ਗੋਲਡ ਮੈਡਲ ਜਿੱਤਣ ਤੋਂ ਇਲਾਵਾ ਚੈਂਪੀਅਨਜ਼ ਹਾਕੀ ਟਰਾਫੀ ਲੰਡਨ-2016 ਤੇ ਹਾਲੈਂਡ-2018 ’ਚ ਲਗਾਤਾਰ ਦੋ ਸਿਲਵਰ ਮੈਡਲ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੀ ਪ੍ਰਤੀਨਿੱਧਤਾ ਕੀਤੀ। ਜੂਨੀਅਰ ਏਸ਼ੀਆ ਹਾਕੀ ਕੱਪ ’ਚ 15 ਗੋਲਾਂ ਨਾਲ ‘ਟਾਪ ਸਕੋਰਰ’ ਨਾਮਜ਼ਦ ਹੋਣ ਵਾਲੇ ਹਰਮਨਪ੍ਰੀਤ ਨੂੰ ਰੀਓ-2016 ਓਲੰਪਿਕ ਤੇ ਗੋਲਡਕੋਸਟ ਕਾਮਨਵੈਲਥ ਹਾਕੀ ਅਤੇ ਵਿਸ਼ਵ ਹਾਕੀ ਕੱਪ ਭੁਵਨੇਸ਼ਵਰ-2018 ਖੇਡਣ ਤੋਂ ਇਲਾਵਾ ਏਸ਼ੀਅਨ ਚੈਂਪੀਅਨ ਟਰਾਫੀ ਮਾਸਕਟ-2018 ਤੇ ਚੈਂਪੀਅਨਜ਼ ਹਾਕੀ ਟਰਾਫੀ ਚੇਨਈ-2023 ’ਚ ਗੋਲਡ ਮੈਡਲ ਜਿੱਤਣ ਸਦਕਾ ਦੋਵੇਂ ਵਾਰ ਚੈਂਪੀਅਨ ਰਹੀ ਕੌਮੀ ਟੀਮ ਦੀ ਨੁਮਾਇੰਦਗੀ ਕਰਨ ਦਾ ਹੱਕ ਵੀ ਹਾਸਲ ਹੈ। ਟੋਕੀਓ ਓਲੰਪਿਕ ਹਾਕੀ ’ਚ ਆਪਣੀ ਹਾਕੀ ’ਚੋਂ 6 ਗੋਲ ਕੱਢਣ ਵਾਲੇ ਹਰਮਨਪ੍ਰੀਤ ਸਿੰਘ ਨੂੰ ਜਿੱਥੇ ਭਾਰਤ ਸਰਕਾਰ ਵੱਲੋਂ ਇਸ ਸਾਲ ‘ਅਰਜੁਨਾ ਅਵਾਰਡ’ ਦਾ ਸਨਮਾਨ ਦਿੱਤਾ ਗਿਆ ਹੈ, ਉੱਥੇ ਐੱਫ.ਆਈ.ਐੱਚ. ਵੱਲੋਂ ‘ਬੈਸਟ ਹਾਕੀ ਪਲੇਅਰ ਆਫ ਯੀਅਰ: 2020-2021’ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ।
ਓਲੰਪੀਅਨ ਗੋਲਕੀਪਰ ਪੀ.ਆਰ. ਸ੍ਰੀਜੇਸ਼: ਹਾਕੀ ਇੰਡੀਆ ਵੱਲੋਂ ਕੌਮੀ ਹਾਕੀ ਟੀਮ ਦੇ ਗੋਲਕੀਪਰ ਪੀ.ਆਰ. ਸ੍ਰੀਜੇਸ਼ ਨੂੰ ‘ਬਲਜੀਤ ਸਿੰਘ ਬੈਸਟ ਗੋਲਕੀਪਰ ਆਫ ਦਿ ਯੀਅਰ’ ਦਾ ਸਨਮਾਨ ਦਿੱਤਾ ਗਿਆ ਹੈ। ਇਸ ਅਵਾਰਡ ’ਚ ਸ੍ਰੀਜੇਸ਼ ਨੂੰ 5 ਲੱਖ ਰੁਪਈਆ ਮਿਲੇਗਾ। ਲੰਬੀ ਛਾਲ ਦੀ ਅਥਲੀਟ ਅਨੀਸ਼ੀਆ ਨਾਲ ਸ਼ਾਦੀ ਕਰਨ ਵਾਲੇ ਸ੍ਰੀਜੇਸ਼ ਨੇ ਹੱਥ ਹਾਕੀ ਚੁੱਕਣ ਤੋਂ ਪਹਿਲਾਂ ਫੱਰਾਟਾ ਦੌੜਾਕ ਅਤੇ ਲੌਂਗ ਜੰਪਰ ਬਣਨ ਤੋਂ ਇਲਾਵਾ ਵਾਲੀਬਾਲ ਖੇਡਣ ’ਤੇ ਵੀ ਹੱਥ ਅਜ਼ਮਾਇਆ, ਪਰ ਆਖਰਕਾਰ ਹਾਕੀ ਖੇਡਣੀ ਹੀ ਰਾਸ ਆਈ। ਕੌਮੀ ਹਾਕੀ ਟੀਮ ਦੇ ਗੋਲ ਦੀ 208 ਕੌਮਾਂਤਰੀ ਹਾਕੀ ਮੈਚਾਂ ’ਚ ਰਾਖੀ ਕਰ ਚੁੱਕੇ ਸਾਬਕਾ ਕਪਤਾਨ ਸ੍ਰੀਜੇਸ਼ ਨੂੰ 2004 ’ਚ ਪਰਥ ’ਚ ਜੂਨੀਅਰ ਕੌਮੀ ਹਾਕੀ ਟੀਮ ਨਾਲ ਆਸਟਰੇਲੀਆ ਵਿਰੁੱਧ ਪਹਿਲੀ ਵਾਰ ਕੌਮਾਂਤਰੀ ਹਾਕੀ ਮੈਚ ਖੇਡਣ ਦਾ ਮੌਕਾ ਨਸੀਬ ਹੋਇਆ। ਕੌਮੀ ਹਾਕੀ ਟੀਮ ਦੇ ਗੋਲ ਦੀ 308 ਕੌਮਾਂਤਰੀ ਮੈਚਾਂ ’ਚ ਰਾਖੀ ਕਰਨ ਦਾ ਕ੍ਰਿਸ਼ਮਾ ਕਰ ਚੁੱਕੇ ਗੋਲਚੀ ਪੀ.ਆਰ. ਸ੍ਰੀਜੇਸ਼ ਨੂੰ ਤਿੰਨ ਵਾਰ ਓਲੰਪਿਕ ਹਾਕੀ, ਤਿੰਨ ਵਾਰ ਏਸ਼ੀਅਨ ਗੇਮਜ਼, ਪੰਜ ਵਾਰ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ, ਦੋ ਵਾਰ ਰਾਸ਼ਟਰਮੰਡਲ ਖੇਡਾਂ ਤੇ ਦੋ ਵਾਰ ਹੀ ਵਿਸ਼ਵ ਹਾਕੀ ਚੈਂਪੀਅਨਜ਼ ਟਰਾਫੀ ’ਚ ਇੰਡੀਅਨ ਹਾਕੀ ਟੀਮ ਪ੍ਰਤੀਨਿਧਤਾ ਕਰਨ ਦਾ ਹੱਕ ਹਾਸਲ ਹੈ।
2008 ’ਚ ਜੂਨੀਅਰ ਏਸ਼ੀਆ ਹਾਕੀ ਕੱਪ ਜੇਤੂ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਸ੍ਰੀਜੇਸ਼ ਨੂੰ ਰੀਓ-2016 ’ਚ ਕੌਮੀ ਹਾਕੀ ਟੀਮ ਦਾ ਕਪਤਾਨ ਥਾਪਿਆ ਗਿਆ। ਲੰਡਨ-2012 ਤੇ ਰੀਓ-2016 ਓਲੰਪਿਕ ਹਾਕੀ ’ਚ ਮੈਦਾਨ ’ਚ ਨਿੱਤਰ ਚੁੱਕੇ ਸ੍ਰੀਜੇਸ਼ ਨੂੰ ਟੋਕੀਓ-2022 ’ਚ ਤਾਂਬੇ ਦਾ ਤਗਮਾ ਜਿੱਤਣ ਵਾਲੀ ਹਾਕੀ ਟੀਮ ਦੀ ਨੁਮਾਇੰਦਗੀ ਕਰਨ ਦਾ ਰੁਤਬਾ ਹਾਸਲ ਹੋਇਆ ਹੈ। ਹੇਗ-2014, ਭੁਵਨੇਸ਼ਵਰ-2018 ਤੇ ਭੁਵਨੇਸ਼ਵਰ-ਰੁੜਕੇਲਾ ਵਿਸ਼ਵ ਹਾਕੀ ਕੱਪ-2022 ’ਚ ਕੌਮੀ ਹਾਕੀ ਟੀਮ ਦੇ ਗੋਲ ਦੀ ਰਾਖੀ ਕਰ ਚੁੱਕੇ ਸ੍ਰੀਜੇਸ਼ ਦਾ ਪੂਰਾ ਨਾਮ ਪਰਾਤੂ ਰਵਿੰਦਰਨ ਸ੍ਰੀਜੇਸ਼ ਹੈ। ਇੰਚਿਓਨ-2014 ਦੀਆਂ ਏਸ਼ੀਅਨ ਗੇਮਜ਼ ਦੇ ਫਾਈਨਲ ’ਚ ਟਾਈਬਰੇਕਰ ਦੌਰਾਨ ਪਾਕਿਸਤਾਨੀ ਖਿਡਾਰੀਆਂ ਦੇ ਗੋਲ ਕਰਨ ਦੇ ਮੂਵ ਠੁੱਸ ਕਰਕੇ ਦੇਸ਼ ਨੂੰ ਤੀਜੀ ਵਾਰ ਏਸ਼ਿਆਈ ਹਾਕੀ ਦਾ ਸੋਨ ਤਗਮਾ ਜਿੱਤਾਉਣ ਵਾਲੇ ਸ੍ਰੀਜੇਸ਼ ਨੂੰ ਚੈਂਪੀਅਨਜ਼ ਹਾਕੀ ਟਰਾਫੀ ਦੇ ਦੋ ਅਡੀਸ਼ਨਾਂ ਲੰਡਨ-2016 ਅਤੇ ਹਾਲੈਂਡ-2018 ’ਚ ਦੋਵੇਂ ਵਾਰ ਸਿਲਵਰ ਮੈਡਲ ਜੇਤੂ ਟੀਮ ਦੀ ਗੋਲਚੀ ਬਣਨ ਦਾ ਮਾਣ ਹਾਸਲ ਹੋਇਆ। 2008 ’ਚ ਹਾਕੀ ਟੀਮ ਨੂੰ ਜੂਨੀਅਰ ਏਸ਼ੀਆ ਹਾਕੀ ਕੱਪ ’ਚ ਜੇਤੂ ਮੰਚ ’ਤੇ ਲੈਜਾਣ ’ਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਸ੍ਰੀਜੇਸ਼ ਨੂੰ ‘ਬੈਸਟ ਗੋਲਕੀਪਰ ਆਫ ਦਿ ਟੂਰਨਾਮੈਂਟ’ ਦਾ ਖਿਤਾਬ ਦਿੱਤਾ ਗਿਆ। ਕੇਰਲਾ ਸਰਕਾਰ ਦੇ ਐਜੂਕੇਸ਼ਨ ਵਿਭਾਗ ’ਚ ‘ਚੀਫ ਸਪੋਰਟਸ ਆਗੇਨਾਈਜ਼ਰ’ ਅਹੁਦੇ ’ਤੇ ਤਾਇਨਾਤ ਸ੍ਰੀਜੇਸ਼ ਜਕਾਰਤਾ-2018 ’ਚ ਤਾਂਬੇ ਦਾ ਤਗਮਾ, ਗਲਾਸਗੋ ਕਾਮਨਵੈਲਥ ਗੇਮਜ਼ ’ਚ ਸਿਲਵਰ ਮੈਡਲ ਜੇਤੂ ਅਤੇ ਭੁਵਨੇਸ਼ਵਰ ’ਚ ਖੇਡੇ ਗਏ ਵਰਲਡ ਹਾਕੀ ਲੀਗ-2015 ’ਚ ਤਾਂਬੇ ਦਾ ਤਗਮਾ ਜੇਤੂ ਟੀਮਾਂ ਦੇ ਗੋਲਾਂ ਦੀ ਬਾਖੂਬੀ ਰਾਖੀ ਕਰਨ ਦਾ ਹੱਕ ਵੀ ਹਾਸਲ ਹੈ। ਲੰਡਨ-2014 ਚੈਂਪੀਅਨਜ਼ ਹਾਕੀ ਟਰਾਫੀ ’ਚ ਐਫ.ਆਈ.ਐਚ. ਵੱਲੋਂ ‘ਬੈਸਟ ਗੋਲਕੀਪਰ ਆਫ ਦਿ ਟੂਰਨਾਮੈਂਟ’ ਦਾ ਮਾਣ ਹਾਸਲ ਕਰਨ ਵਾਲੇ ਸ੍ਰੀਜੇਸ਼ ਨੂੰ ਇੰਚਿਓਨ-2014 ਤੇ ਹਾਂਗਜ਼ੂ-2022 ਏਸ਼ੀਅਨ ਖੇਡਾਂ ’ਚ ਗੋਲਡ ਮੈਡਲ ਤੇ ਜਕਾਰਤਾ-2018 ਖੇਡਾਂ ’ਚ ਤਾਂਬੇ ਦਾ ਤਗਮਾ ਜਿੱਤਣ ਤੋਂ ਇਲਾਵਾ ਪੰਜ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀਆਂ ’ਚ ਓਡੋਸ ਸਿਟੀ-2011, ਕੌਂਅੰਟਨ-2016, ਮਸਕਟ-2018 ਤੇ ਚੇਨਈ-2023 ’ਚ ਚਾਰ ਗੋਲਡ ਮੈਡਲ ਤੇ ਦੋਹਾ-2012 ’ਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਇੰਡੀਅਨ ਹਾਕੀ ਟੀਮ ਨਾਲ ਖੇਡਣ ਦਾ ਹੱਕ ਹਾਸਲ ਹੈ।
ਕੌਮਾਂਤਰੀ ਹਾਕੀ ਖਿਡਾਰੀ ਅਭਿਸ਼ੇਕ: ਹਾਕੀ ਇੰਡੀਆ ਵੱਲੋਂ ਹਾਕੀ ਖਿਡਾਰੀ ਅਭਿਸ਼ੇਕ ਨੂੰ ‘ਧਨਰਾਜ ਪਿਲੈ ਬੈਸਟ ਸਟਰਾਈਕਰ ਆਫ ਦਿ ਯੀਅਰ’ ਦੇ ਅਵਾਰਡਜ਼ ਨਾਲ ਸਨਮਾਨਤ ਕਰਕੇ 5 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। 15 ਅਗਸਤ 1999 ’ਚ ਜਨਮਿਆ ਅਭਿਸ਼ੇਕ ਰਾਸ਼ਟਰੀ ਹਾਕੀ ’ਚ ਪੰਜਾਬ ਨੈਸ਼ਨਲ ਬੈਂਕ ਦੀ ਟੀਮ ਦੀ ਪ੍ਰਤੀਨਿਧਤਾ ਕਰਦਾ ਹੈ। ਕੌਮਾਂਤਰੀ ਹਾਕੀ ’ਚ 55 ਮੈਚਾਂ ’ਚ 27 ਗੋਲ ਸਕੋਰ ਕਰਨ ਵਾਲੇ ਅਭਿਸ਼ੇਕ ਨੂੰ ਹਾਂਗਜ਼ੂ-2022 ਏਸ਼ੀਅਨ ਗੇਮਜ਼ ’ਚ ਸੋਨ ਤਗਮਾ ਜੇਤੂ ਤੇ ਬਰਮਿੰਘਮ-2022 ਦੀਆਂ ਰਾਸ਼ਟਰਮੰਡਲ ਖੇਡਾਂ ’ਚ ਚਾਂਦੀ ਦਾ ਮੈਡਲ ਜਿੱਤਣ ਵਾਲੀ ਹਾਕੀ ਟੀਮ ਦੀ ਨੁਮਾਇੰਦਗੀ ਕਰਨ ਦਾ ਮਾਣ ਹਾਸਲ ਹੈ।
ਕੌਮਾਂਤਰੀ ਖਿਡਾਰੀ ਅਰਾਇਜੀਤ ਸਿੰਘ ਹੁੰਦਲ: ਹਾਕੀ ਇੰਡੀਆ ਵੱਲੋਂ ਸੀਨੀਅਰ ਕੌਮੀ ਹਾਕੀ ਟੀਮ ਦੇ ਖਿਡਾਰੀ ਅਰਾਇਜੀਤ ਸਿੰਘ ਹੁੰਦਲ ਨੂੰ ਅੱਪਕਮਿੰਗ ‘ਜੁਗਰਾਜ ਸਿੰਘ ਡਰੈਗ ਫਲਿੱਕਰ’ ਦਾ ਸਨਮਾਨ ਦਿੱਤਾ ਗਿਆ ਹੈ। 21 ਜਨਵਰੀ 2004 ’ਚ ਜਨਮੇ ਅਰਾਇਜੀਤ ਸਿੰਘ ਨੂੰ ਇਸ ਅਵਾਰਡ ’ਚ 10 ਲੱਖ ਰੁਪਏ ਦਿੱਤੇ ਗਏ ਹਨ।
ਕੌਮਾਂਤਰੀ ਹਾਕੀ ਖਿਡਾਰਨ ਦੀਪਿਕਾ ਸੋਰੇਂਗ: ਹਾਕੀ ਇੰਡੀਆ ਵੱਲੋਂ ਅੰਡਰ-21 ਜੂਨੀਅਰ ਮਹਿਲਾ ਹਾਕੀ ਖਿਡਾਰਨ ਦੀਪਿਕਾ ਸੋਰੇਂਗ ਨੂੰ ‘ਅਸੁੰਤਾ ਲਾਕੜਾ ਅੱਪਕਮਿੰਗ ਮਹਿਲਾ ਹਾਕੀ ਪਲੇਅਰ’ ਦਾ ਅਵਾਰਡ ਦਿੱਤਾ ਗਿਆ ਹੈ। 17 ਦਸੰਬਰ 2003 ’ਚ ਜਨਮੀ ਦੀਪਿਕਾ ਸੋਰੇਂਗ ਨੂੰ ਇਸ ਅਵਾਰਡ ਨਾਲ 10 ਲੱਖ ਦੀ ਰਾਸ਼ੀ ਵੀ ਦਿੱਤੀ ਗਈ ਹੈ।