ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਪਿਛਲੇ ਕਿਸਾਨ ਸੰਘਰਸ਼ ਦੌਰਾਨ ਇੱਕ ਵਾਰ ਫਿਰ ਆਸ ਬੱਝੀ ਸੀ ਕਿ ਕਿਸਾਨੀ ਦਾ ਇਹ ਸ਼ਕਤੀ ਪ੍ਰਦਰਸ਼ਨ ਪੰਜਾਬ ਦੇ ਪੁਨਰ ਉਥਾਨ ਦਾ ਮੁੱਢ ਬੰਨੇ੍ਹਗਾ, ਪਰ ਇਹ ਦੌਰ ਵੀ ਇੱਕ ਤੇਜ਼ ਸੁਪਨੇ ਦੀ ਤਰ੍ਹਾਂ ਗੁਜ਼ਰ ਗਿਆ ਹੈ।
ਇੱਕ ਵਾਰ ਫਿਰ ਵਕਤ ਦੇ ਸ਼ਾਹਸਵਾਰ ਪੰਜਾਬੀ ਚੇਤਨਾ ਦੇ ਵਿਹੜੇ ਸਾਹਮਣਿਓਂ ਦੀ ਇੱਕ ਝਲਕ ਮਾਤਰ ਦੇ ਕੇ ਗੁਜ਼ਰ ਗਏ ਹਨ। ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿੱਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ। ਮਨੋਵਿਗਿਆਨੀ ਆਖਦੇ ਹਨ ਕਿ ਬੰਦੇ ਦਾ ਰੀਅਲ ਸੈਲਫ ਅਤੇ ਆਈਡਲ ਸੈਲਫ ਕਦੇ ਇੱਕ ਨਹੀਂ ਹੋ ਸਕਦੇ, ਪਰ ਆਪਣੇ ਆਦਰਸ਼ ਸੈਲਫ ਲਈ ਅਮੁੱਕ ਤਾਂਘ ਹੀ ਬੰਦੇ ਨੂੰ ਬਾਕੀ ਜਾਨਵਰ ਜਗਤ ਤੋਂ ਵੱਖ ਕਰਦੀ ਹੈ। ਕਿਸੇ ਸਮਾਜ ‘ਤੇ ਵੀ ਸ਼ਾਇਦ ਇਹੋ ਮਨੋਵਿਗਿਆਨਕ ਅਸੂਲ ਲਾਗੂ ਹੁੰਦਾ ਹੋਵੇ। ਆਪਣੇ ਇਤਿਹਾਸ ਵਿੱਚ ਬੀਜੇ ਆਦਰਸ਼ ਆਪਣੇ ਅਸਲ ਨਾਇਕਾਂ ਦੀ ਤਾਲਾਸ਼ ਵਿੱਚ ਸਦਾ ਪੰਜਾਬ ਦੀ ਜਵਾਨੀ ਨੂੰ ਬੇਚੈਨ ਰੱਖਦੇ ਹਨ। ਮੀਡੀਆ ਖੇਤਰ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ ਲੇਖਕ ਜਸਵੀਰ ਸਿੰਘ ਸ਼ੀਰੀ ਨੇ ਇਸ ਨਾਵਲ ਵਿੱਚ ਪੰਜਾਬ ਦੀ ਇਸ ਬੇਚੈਨ ਆਤਮਾ ਨੂੰ ਹੀ ਸੰਬੋਧਨ ਹੋਣ ਦੀ ਕੋਸ਼ਿਸ਼ ਕੀਤੀ ਹੈ। ਇਹ ਨਾਵਲ ਅਸੀਂ ਕਿਸ਼ਤ-ਦਰ-ਕਿਸ਼ਤ ਪ੍ਰਕਾਸ਼ਿਤ ਕਰ ਰਹੇ ਹਾਂ…
ਜਸਵੀਰ ਸਿੰਘ ਸ਼ੀਰੀ
ਸਿਆਲ ਟੁੱਟ ਰਿਹਾ ਸੀ, ਪੰਜਵੀਂ ਦੇ ਪੇਪਰ ਹੋ ਚੁਕੇ ਸਨ। 31 ਮਾਰਚ ਨੂੰ ਰਿਜ਼ਲਟ ਦੀ ਉਡੀਕ ਹੋ ਰਹੀ ਸੀ। ਪੰਜਵੀਂ ਦੇ ਸਾਰੇ ਬੱਚਿਆਂ ਦਾ ਪਾਸ ਹੋਣਾ ਤਾਂ ਨਿਸ਼ਚਤ ਹੀ ਸੀ। ਹੁਕਮਾ ਹਰ ਦੂਜੇ ਤੀਜੇ ਕਰਮੇ ਹੋਰਾਂ ਵਾਲਾ ਜਾਂਦਾ ਰਹਿੰਦਾ। ਉਨ੍ਹਾਂ ਦੇ ਰਿਸ਼ਤੇ ਪੁਰਾਣੀ ਸ਼ਰਾਬ ਵਾਂਗ ਸਮਾਂ ਬੀਤਣ ਨਾਲ ਹੋਰ ਨਿਖਰਦੇ ਗਏ। ਸਾਂਝ ਗੂੜ੍ਹੀ ਹੁੰਦੀ ਗਈ। ਰਿਜ਼ਲਟ ਆਇਆ ਤੇ ਵੀਰਦੀਪ ਛੇਵੀਂ ਵਿੱਚ ਹੋ ਗਿਆ। ਉਹਦੇ ਮਾਪੇ ਖੁਸ਼ ਸਨ। ਰਿਜ਼ਲਟ ਆਉਣ ਤੋਂ ਅਗਲੇ ਦਿਨ ਨਸੀਬੋ ਨੇ ਲਾਗਲੇ ਪਿੰਡ ਦੇ ਬੱਸ ਅੱਡੇ ਵਾਲੀ ਦੁਕਾਨ ਤੋਂ ਮਠਿਆਈ ਦਾ ਡੱਬਾ ਮੰਗਵਾਇਆ ਅਤੇ ਕਰਮੇ ਕਿਆਂ ਵੱਲ ਕੰਮ ਕਰਨ ਗਈ ਤਾਂ ਲੱਡੂਆਂ ਦਾ ਡੱਬਾ ਵੀ ਲੈ ਗਈ। ਵੀਰਦੀਪ ਵੀ ਅੱਜ ਮਾਂ ਦੇ ਨਾਲ ਜਾਣ ਲਈ ਜ਼ਿੱਦ ਕਰਨ ਲੱਗਾ ਸੀ।
‘ਕਿਉਂ ਚਾਚੀ ਦਾ ਦੁੱਧ ਚੁੰਘਣਾ,’ ਮਾਂ ਨੇ ਸ਼ਰੀਕੇ ਜਿਹੇ ਵਿੱਚ ਕਿਹਾ।
‘ਡੱਬਾ ਮੈਂ ਦੇਣਾ ਚਾਚੀ ਨੂੰ, ਪਾਸ ਮੈਂ ਹੋਇਆਂ ਕਿ ਤੁਸੀਂ,’ ਵੀਰਦੀਪ ਰੂਹੋਂ ਬੋਲ ਰਿਹਾ ਸੀ।
‘ਚੱਲ ਬਾਬਾ ਚੱਲ ਤੂੰ ਹੀ ਦੇ ਦੇਵੀਂ,’ ਨਸੀਬੋ ਨੇ ਮੁੰਡੇ ਦੇ ਮੋਹ ਮੂਹਰੇ ਜਿਵੇਂ ਹਥਿਆਰ ਸੁੱਟ ਦਿੱਤੇ।
ਉਹ ਦੋਨੋ ਨਵਜੋਤ ਕੋਲ ਚਲੇ ਗਏ। ਕਰਮਾ ਕਿਧਰੇ ਬਾਹਰ ਗਿਆ ਹੋਇਆ ਸੀ। ਵੀਰਦੀਪ ਨੇ ਨਵਜੋਤ ਨੂੰ ਲੱਡੂਆਂ ਦਾ ਡੱਬਾ ਫੜਾਇਆ। ਡੱਬਾ ਫੜਦਿਆਂ ਉਹ ਲਾਗੇ ਪਏ ਮੰਜੇ ‘ਤੇ ਬਹਿ ਗਈ ਤੇ ਵੀਰਦੀਪ ਨੂੰ ਆਪਣੀ ਬੁੱਕਲ ਵਿੱਚ ਲੈਂਦਿਆਂ ਆਖਿਆ, ‘ਆ ਤੈਨੂੰ ਹਿੱਕ ਨਾਲ ਲਾਵਾਂ, ਕਿੰਨੀ ਦੇਰ ਹੋ ਗਈ ਚੰਗੀ ਤਰ੍ਹਾਂ ਮਿਲੇ ਨੂੰ।’ ਨਵਜੋਤ ਨੇ ਘੁੱਟ ਕੇ ਮੁੰਡੇ ਨੂੰ ਆਪਣੀ ਹਿੱਕ ਨਾਲ ਲਾ ਲਿਆ। ਇਸ ਗਲਵੱਕੜੀ ਨੇ ਵੀਰਦੀਪ ਨੂੰ ਜਿਵੇਂ ਨਸ਼ਿਆ ਦਿੱਤਾ ਹੋਵੇ। ਇਸ ਨਸ਼ੇ ਜਿਹੇ ਵਿੱਚ ਕਾਹਦਾ ਚਾਅ ਜਿਹਾ ਘੁਲਿਆ ਹੋਇਆ ਸੀ, ਇਸ ਦਾ ਅਹਿਸਾਸ ਉਹਨੂੰ ਆਪ ਨੂੰ ਵੀ ਨਹੀਂ ਸੀ। ਥੋੜ੍ਹੀ ਦੇਰ ਬਾਅਦ ਕਰਮਾ ਵੀ ਆ ਗਿਆ। ਨਸੀਬੋ ਨੇ ਕਰਮੇ ਦੇ ਪਸੰਦ ਦੀ ਚਾਹ ਬਣਾਈ ਤੇ ਲੱਡੂਆਂ ਦਾ ਡੱਬਾ ਵਿਚਕਾਰ ਪਏ ਮੇਜ ‘ਤੇ ਰੱਖ ਦਿੱਤਾ। ਗੁੜ ਵਿੱਚ ਘੁਲੀਆਂ ਇਲਾਇਚੀਆਂ ਦੀ ਸਾਰੇ ਘਰ ਵਿੱਚ ਮਹਿਕ ਪਸਰ ਗਈ।
‘ਕਿਵੇਂ ਆਂ ਬਈ ਵੀਰਦੀਪ ਸਿਆਂ, ਹੁਣ ਤਾਂ ਮੁੰਡਾ ਵੱਡੀ ਜਮਾਤ ਵਿੱਚ ਹੋ ਗਿਆ, ਕੀ ਲਿਆਇਆਂ ਫੇਰ ਚਾਚੇ ਹੋਰਾਂ ਲਈ?’ ਕਰਮੇ ਨੇ ਮਜ਼ਾਕ ‘ਚ ਪੁੱਛਿਆ।
‘ਲੱਡੂ’ ਵੀਰ ਦੀਪ ਨੇ ਇੱਕ ਸ਼ਬਦ ਵਿੱਚ ਜੁਆਬ ਦਿੱਤਾ।
‘ਬਸ! ਕੋਈ ਬਰਫੀ ਬੁਰਫੀ ਲਿਆਉਂਦਾ ਵੀਰੂ,’ ਨਵਜੋਤ ਕੌਰ ਨੇ ਛੇੜਨ ਦੇ ਮੂਡ ਵਿੱਚ ਆਖਿਆ।
ਵੀਰਦੀਪ ਨੇ ਨੀਂਵੀਂ ਨਾ ਚੁੱਕੀ।
‘ਕਹਿ ਬਰਫੀ ਥੋਡੇ ਨਾਲੋਂ ਚੰਗੀ ਚਾਚੀ, ਕੱਲ੍ਹ ਨੂੰ ਬਰਫੀ ਖੁਆ ਦਿਆਂਗੇ’ ਨਸੀਬੋ ਨੇ ਵੀਰਦੀਪ ਦੀ ਠੋਡੀ ਫੜ ਕੇ ਮੂੰਹ ਉਤਾਂਹ ਚੁੱਕਦਿਆਂ ਆਖਿਆ।
ਵੀਰਦੀਪ ਚੁੱਪ ਰਿਹਾ, ਬਿਨਾ ਕਿਸੇ ਹਾਵ-ਭਾਵ ਦੇ।
‘ਉਹ ਪਤੰਦਰਾ ਕੁਸ਼ ਬੋਲਿਆ ਬੂਲਿਆ ਵੀ ਕਰ, ਸਕੂਲ ‘ਚ ਤਾਂ ਕਹਿੰਦੇ ਬਥੇਰੀਆਂ ਕਿੱਕਾਂ ਮਾਰਦਾਂ ਫੁੱਟਬਾਲ ਨੂੰ’ ਕਰਮੇ ਨੇ ਵੀਰਦੀਪ ਦਾ ਹੱਥ ਫੜ ਕੇ ਉਹਨੂੰ ਆਪਣੇ ਵੱਲ ਕਰਦਿਆਂ ਕਿਹਾ। ਤੇਰਾ ਖੇਡਾਂ ਵਾਲਾ ਮਾਸਟਰ ਆਪਣੇ ਵਾਲੇ ਰਸਤਿਉਂ ਈ ਆਉਂਦਾ-ਜਾਂਦਾ ਸਵੇਰੇ ਸ਼ਾਮ ਸਕੂਲ ਨੂੰ, ਉਹ ਤਾਂ ਬਈ ਬੜੀਆਂ ਸਿਫਤਾਂ ਕਰਦਾ ਤੇਰੀਆਂ। ਕਹਿੰਦਾ ਅਖੇ ਮੁੰਡਾ ਕਾਹਦਾ, ਪੈਰਾਂ ਵਿੱਚ ਜਿਵੇਂ ਜਾਦੂ ਲੈ ਕੇ ਜੰਮਿਆ।’ ਨਸੀਬੋ ਕਰਮੇ ਤੋਂ ਮੁੰਡੇ ਦੀਆਂ ਸਿਫਤਾਂ ਸੁਣ ਕੇ ਖੀਵੀ ਹੋ ਗਈ।
ਕਣਕ ਪੱਕਣ ‘ਤੇ ਆਈ ਹੋਈ ਸੀ। ਬੱਲੀਆਂ ਸੁਨਹਿਰੀ ਰੰਗ ਫੜਨ ਲੱਗੀਆਂ ਸਨ। ਗਰਮੀ ਕੁਝ ਜ਼ਿਆਦਾ ਹੋਣ ਲੱਗੀ। ਕਰਮੇ ਨੇ ਨੌਕਰ ਭਈਏ ਨੂੰ ਆਖਿਆ, ਮੋਟਰ ਤੇ ਇੰਜਣ ਇਕੱਠੇ ਚਲਾ ਦੇਈਏ, ਇੱਕ ਪਾਣੀ ਜੇ ਸਾਰੀ ਕਣਕ ਨੂੰ ਲੱਗ ਜਾਵੇ ਤਾਂ ਚੰਗਾ ਰਹੂ, ਪਰ ਰੱਬ ਹਵਾ ਵੱਲੋਂ ਸੁੱਖ ਰੱਖੇ।
‘ਠੀਕ ਆ ਕਰ ਦੇਨੇ ਸੁਰੂ ਸਰਦਾਰ ਜੀ, ਸੁੱਖ ਏ ਰਾਖੂ, ਆਪਾਂ ਕਿਹਰਾ ਮਾਂਹ ਮਾਰੇ ਰੱਬ ਦੇ।’ ਭਈਆ ਹਿੰਦੀ ਵਿੱਚ ਮਿਕਸ ਹੋਈ ਪੰਜਾਬੀ ਵਿੱਚ ਬੋਲਆ।
‘ਹੁਣ ਕਾਹਨੂੰ ਪਾਣੀ ਲਾਈ ਜਾਨੇ ਓਂ’ ਘੁੱਲੇਕਿਆਂ ਦਾ ਮੁੰਡਾ ਭਈਏ ਨੂੰ ਆਖਣ ਲੱਗਾ। ਉਨ੍ਹਾਂ ਦਾ ਕਰਮੇ ਕਿਆਂ ਨਾਲ ਬੰਨੇ ਨਾਲ ਬੰਨਾ ਸਾਂਝਾ ਸੀ।
‘ਧੂਪ ਤੀਖੀ ਆ ਯਾਰ, ਦਾਨਾ ਮਾਜੂ ਨਾ ਹੋਵੇ, ਇਸ ਲੀਏ ਲਾ ਰਹੇ ਮਾਰਾ-ਮਾਰਾ ਪਾਨੀ’ ਭਈਏ ਨੇ ਜਵਾਬ ਦਿੱਤਾ।
‘ਤੁਸੀਂ ਵੀ ਸੁLਦਾਈ ਓਂ ਯਾਰ, ਪੰਜ ਚਾਰ ਦਿਨ ‘ਚ ਪੱਕ ਜਾਣੀ ਹੁਣ ਤਾਂ ਕਣਕ’ ਘੁਲੇਕਿਆਂ ਦਾ ਮੁੰਡਾ ਆਖਣ ਲੱਗਾ।
‘ਸਰਦਾਰ ਜੀ ਕਹਿਤਾ ਮਹਿਕਮੇ ਵਾਲਿਆਂ ਬੋਲਿਆ ਕਣਕ ਕੋ ਪਾਨੀ ਲਗਾਨੇ ਕੇ ਲੀਏ’
‘ਮਹਿਕਮੇ ਵਾਲਿਆਂ ਨੂੰ ਬੜਾ ਪਤਾ। ਕੰਬਾਈਨ ਕਿਵੇਂ ਚੱਲੂ ਗਿੱਲੇ ਖੇਤਾਂ ‘ਚ।’ ਮੁੰਡੇ ਨੇ ਦਲੀਲ ਦਿੱਤੀ।
‘ਚਲੋ, ਦੇਖਤੇ ਹੈਂ’ ਭਈਆ ਇੰਨਾ ਆਖ ਕੇ ਚੁੱਪ ਕਰ ਗਿਆ। ਘੁੱਲੇਕਿਆਂ ਦੇ ਮੁੰਡੇ ਨੇ ਵੀ ਬਹੁਤੀ ਬਹਿਸ ਕਰਨੀ ਵਾਜਬ ਨਾ ਸਮਝੀ।
ਕਰਮੇ ਹੋਰੀਂ ਜਦ ਨੂੰ ਪਾਣੀ ਲਾ ਕੇ ਹਟੇ ਤਾਂ ਅਗੇਤੀ ਬੀਜੀ ਕਣਕ ਪੂਰੀ ਤਰ੍ਹਾਂ ਪੀਲੀ ਹੋ ਗਈ ਸੀ। ਪਰ ਪਾਣੀ ਲੱਗਣ ਕਰ ਕੇ ਦਾਣਾ ਹਾਲੇ ਕੱਚਾ ਸੀ। ਹੇਠਾਂ ਜ਼ਮੀਨ ਆਠਰ ਗਈ। ਉਂਝ ਵੀ ਉਹ ਅੱਧੀ ਪਚੱਧੀ ਕਣਕ ਹੀ ਕੰਬਾਈਨ ਨਾਲ ਕਟਾਉਂਦੇ ਸਨ, ਬਾਕੀ ਦੀ ਹੱਥਾਂ ਨਾਲ ਵੱਢ ਲੈਂਦੇ। ਪਸ਼ੂਆਂ ਲਈ ਤੂੜੀ ਤੰਦ ਹੋ ਜਾਂਦਾ। ਕੰਬਾਈਨ ਨਾਲ ਵੱਢੀ ਕਣਕ ਤੋਂ ਤੂੜੀ ਬਣਾਉਣ ਵਾਲੇ ਰੀਪਰ ਹਾਲੇ ਆਮ ਨਹੀਂ ਸਨ ਹੋਏ। ਧੁੱਪ ਤੇਜ਼ ਸੀ, ਚਾਰ ਪੰਜ ਕੁ ਦਿਨਾਂ ਬਾਅਦ ਉਨ੍ਹਾਂ ਕਣਕ ਵੱਢਣੀ ਸ਼ੁਰੂ ਕੀਤੀ। 7 ਏਕੜ ਦਾ ਠੇਕਾ ਉਨ੍ਹਾਂ ਪਿੰਡ ਦੇ ਹੀ ਕਾਮਿਆਂ ਨੂੰ ਦੇ ਦਿੱਤਾ ਸੀ, ਬਾਕੀ 3 ਏਕੜ ਕੰਬਾਈਨ ਤੋਂ ਕਟਵਾ ਦਿੱਤੀ। ਆਪਣੇ ਟੱਕ ਦੇ ਨਾਲ ਲਗਦੀ ਵਲੈਤੀਆਂ ਦੀ ਦੋ ਏਕੜ ਜ਼ਮੀਨ ਵੀ ਉਨ੍ਹਾਂ ਕੋਲ ਠੇਕੇ ‘ਤੇ ਸੀ। ਇੱਕ ਏਕੜ ਵਿੱਚ ਕਮਾਦ ਬੀਜ ਰੱਖਿਆ ਸੀ ਤੇ ਏਕੜ ਕੁ ਪੱਠੇ ਦੱਥੇ ਲਈ ਰੱਖ ਲੈਂਦੇ ਸਨ। ਕਣਕ ਵੱਢਦਿਆਂ ਹੀ ਉਨ੍ਹਾਂ ਝੋਨੇ ਦੀ ਪਨੀਰੀ ਬੀਜ ਦਿੱਤੀ। ਲੇਟ ਲੱਗੇ ਪਾਣੀ ਕਰਕੇ ਖੇਤ ਵਹਿੰਦੜ ਸਨ। ਦਿਨ ਰਾਤ ਇੱਕ ਕਰਕੇ ਉਨ੍ਹਾਂ ਜ਼ਮੀਨ ਵਾਹ ਦਿੱਤੀ। ਦਿਨੇ ਭਈਆ ਲੱਗਾ ਰਹਿੰਦਾ ਤੇ ਕਰਮਜੀਤ ਉਪਰਲੇ ਕੰਮ ਨਿਬੇੜ ਲੈਂਦਾ। ਰਾਤ ਨੂੰ ਕਰਮਜੀਤ ਆਪ ਟਰੈਕਟਰ ਫੜ ਲੈਂਦਾ, ਤੇ ਹੁਕਮਾ ਵੀ ਹੱਥ ਵਟਾ ਜਾਂਦਾ। ਦੋ ਤਿੰਨ ਦਿਨ ਵਿੱਚ ਉਨ੍ਹਾਂ ਜ਼ਮੀਨ ਦੋਹਰ ਕੀਤੀ ਅਤੇ ਟਰੈਕਟਰ ਮਗਰ ਜਿੰਦਾ ਪਾ ਕੇ ਵੱਟਾਂ ਪਾ ਦਿੱਤੀਆਂ। ਚਰ੍ਹੀ ਬਾਜਰਾ ਬੀਜਣ ਵਾਲਾ ਕੰਮ ਵੀ ਮੁਕਾ ਲਿਆ। ਪੱਠੇ ਹਾਲੇ ਦੋ ਦੋ ਉਂਗਲ ਹੀ ਹੋਏ ਸਨ ਕਿ ਪਾਣੀ ਮੰਗਣ ਲੱਗੇ। ਝੋਨੇ ਦੀ ਪਨੀਰੀ ਚੰਗੀ ਜੰਮ ਪਈ ਸੀ। ਮਈ ਦਾ ਅਖੀਰ ਆਉਂਦਿਆਂ ਝੋਨੇ ਦੀ ਪਨੀਰੀ ਲਾਉਣ ਵਾਲੀ ਹੋ ਗਈ। ਉਨ੍ਹੀਂ ਦਿਨੀਂ ਝੋਨਾ ਪਹਿਲਾਂ ਲਾਉਣ ਦਾ ਕਿਸਾਨਾਂ ਵਿਚਕਾਰ ਮੁਕਾਬਲਾ ਚੱਲ ਪੈਂਦਾ ਸੀ। ਦੋ ਕੁ ਹਫਤੇ ਵਿੱਚ ਉਨ੍ਹਾਂ ਝੋਨਾ ਲਾਉਣ ਦਾ ਕੰਮ ਮੁਕਾ ਲਿਆ। ਜੂਨ ਦਾ ਅੱਧ ਆਉਂਦਿਆਂ ਉਨ੍ਹਾਂ ਦਾ ਅੱਧੇ ਤੋਂ ਵੱਧ ਝੋਨਾ ਹਰੇਵਾਈ ਫੜਨ ਲਗਾ ਸੀ ਅਤੇ ਇਸ ਵਾਰ ਮੌਨਸੂਨ ਵੀ 15 ਕੁ ਦਿਨ ਅਗੇਤੀ ਆ ਗਈ। ਮੀਂਹ ਪੈਣ ਤੱਕ ਝੋਨਾ ਬੂਝਾ ਮਾਰਨ ਲੱਗਾ। ਵਿਚਕਾਰ ਡੇੜ ਕੁ ਹਫਤੇ ਦੀ ਔੜ ਲੱਗ ਗਈ। ਬਿਜਲੀ ਰਾਤ ਨੂੰ ਆਉਂਦੀ। ਪਾਣੀ ਦੀ ਫਸਲ ਨੂੰ ਹੁਣ ਬੇਹੱਦ ਲੋੜ ਸੀ ਨਹੀਂ ਤਾਂ ਜਮੀਨ ਦੀਆਂ ਤਰੇੜਾਂ ਫਟ ਜਾਣੀਆਂ ਸਨ। ਫਟੀਆਂ ਤਰੇੜਾਂ ਵਿੱਚ ਪਾਣੀ ਨਹੀਂ ਸੀ ਖੜ੍ਹਦਾ। ਝੋਨੇ ਦੀ ਬਿਜਾਈ ਬਾਅਦ ਭਈਆ ਆਪਣੇ ਪਿੰਡ ਕੋਈ ਕੰਮ ਚਲਾ ਗਿਆ ਸੀ। ਕਰਮੇ ਨੂੰ ਇਨ੍ਹੀਂ ਦਿਨੀਂ ਟਾਈਫਾਈਡ ਬੁਖਾਰ ਹੋ ਗਿਆ।
ਹੁਣ ਜਦੋਂ ਬਿਜਲੀ ਰਾਤ ਦੀ ਹੁੰਦੀ ਤਾਂ ਹੁਕਮਾ ਕਰਮੇ ਕੋਲ ਖੇਤ ਹੀ ਰਹਿ ਪੈਂਦਾ। ਇੱਕ ਦਿਨ ਰਾਤ 11 ਕੁ ਵਜੇ ਉਹ ਝੋਨੇ ਦੇ ਵੱਖੀ ਵਾਲੇ ਕਿਆਰਿਆਂ ਵਿੱਚ ਪਾਣੀ ਵੇਖਣ ਲਈ ਗਿਆ। ਉਹ ਭਈਏ ਵੱਲੋਂ ਗੰਜੇ ਸਿਰ ਵਾਂਗ ਘੜੇ ਬੰਨੇ ਉਪਰ ਤੁਰ ਰਿਹਾ ਸੀ। ਇੱਕ ਪਾਸੇ ਉਨ੍ਹਾਂ ਦਾ ਝੋਨਾ ਸੀ ਤੇ ਦੂਜੇ ਪਾਸੇ ਘੁੱਲੇਕਿਆਂ ਦੀ ਜ਼ਮੀਨ, ਜਿਥੇ ਉਨ੍ਹਾਂ ਬਾਜ਼ਰਾ ਬੀਜਿਆ ਹੋਇਆ ਸੀ। ਇੱਕ ਕਿਆਰੇ ਵਿੱਚ ਪਾਣੀ ਜ਼ਿਆਦਾ ਪੈ ਗਿਆ ਸੀ। ਕਈ ਥਾਵਾਂ ਤੇ ਬੰਨੇ ਉਪਰੋਂ ਦੀ ਪਾਣੀ ਘੁੱਲੇਕਿਆਂ ਦੇ ਬਾਜ਼ਰੇ ਵਿੱਚ ਵੀ ਚਲਾ ਗਿਆ। ਤੁਰਦਿਆਂ ਅਚਾਨਕ ਹੁਕਮ ਸਿਉਂ ਦਾ ਪੈਰ ਤਿਲਕਿਆ ਅਤੇ ਉਹ ਮੂੰਹ ਪਰਨੇ ਪਾਣੀ ਵਾਲੇ ਕਿਆਰੇ ਵਿੱਚ ਡਿਗਿਆ। ਕੋਈ ਚੀਜ਼ ਉਸ ਦੇ ਸਾਰੇ ਸਰੀਰ ਨੂੰ ਪ੍ਰੇਤ ਵਾਂਗ ਚਿੰਬੜ ਗਈ ਸੀ। ਡਿਗਦਿਆਂ ਹੀ ਉਹ ਪਲਾਂ ਵਿੱਚ ਦਮ ਤੋੜ ਗਿਆ। ਤੜਕੇ 5 ਕੁ ਵਜੇ ਨਵਜੋਤ ਉਹਨੂੰ ਚਾਹ ਦੇਣ ਲਈ ਮੋਟਰ ਵਾਲੇ ਕਮਰੇ ਵੱਲ ਆਈ। ਮੋਟਰ ਦੇ ਬਾਹਰ ਜਿਥੇ ਉਹ ਮੱਛਰਦਾਨੀ ਲਾ ਕੇ ਸੌਂਦਾ ਸੀ, ਮੰਜਾ ਵਿਹਲਾ ਪਿਆ ਸੀ। ਕਰਮੇ ਨੂੰ ਫਿਕਰ ਹੋਇਆ। ਫਿਰ ਉਹ ਸੋਚਣ ਲੱਗਾ ਸ਼ਾਇਦ ਤੜਕੇ ਘਰ ਚਲਾ ਗਿਆ ਹੋਣਾ। ਸਵੇਰ ਦੇ 10 ਕੁ ਵਜੇ ਜਦੋਂ ਨਸੀਬੋ ਆਈ ਤਾਂ ਉਨ੍ਹਾਂ ਨੂੰ ਪਤਾ ਲੱਗਾ ਕੇ ਹੁਕਮਾ ਘਰ ਨਹੀਂ ਸੀ ਗਿਆ। ਕੁਦਰਤੀ ਘੁੱਲੇਕਿਆਂ ਦੇ ਖੇਤ ਵਾਲੇ ਪਾਸਿਉਂ ਹੀ ਉਨ੍ਹਾਂ ਨੇ ਹੁਕਮੇ ਨੂੰ ਲੱਭਣਾ ਸ਼ੁਰੂ ਕੀਤਾ। ਪੰਜਵੇਂ ਕਿਆਰੇ ਦੇ ਲਾਗੇ ਗਏ ਤਾਂ ਹੁਕਮਾ ਮੂਧੇ ਮੂੰਹ ਝੋਨੇ ਵਿੱਚ ਡਿੱਗਿਆ ਪਿਆ ਸੀ। ਕਰਮੇ ਨੇ ਘਬਰਾਹਟ ਵਿੱਚ ਉਹਨੂੰ ਆਵਾਜ਼ਾਂ ਮਾਰੀਆਂ। ‘ਹੁਕਮ ਸਿਆਂ ਕੀ ਹੋਇਆ ਤੈਨੂੰ, ਉੱਠ ਬਾਈ, ਉੱਠ ਮੂੰਹ ਚੁੱਕ ਮਾੜਾ ਜਿਹਾ।’ ਉਹਨੇ ਹੁਕਮੇ ਦਾ ਪੈਰ ਫੜ ਕੇ ਹਿਲਾਉਣ ਦਾ ਯਤਨ ਕੀਤਾ। ਇੱਕ ਵੱਡੇ ਝਟਕੇ ਨਾਲ ਉਹ ਪਿਛਾਂਹ ਵੱਲ ਘੁੱਲੇਕਿਆਂ ਦੇ ਬਾਜਰੇ ਵਿੱਚ ਡਿੱਗਿਆ। ਇੱਡਾ ਵੱਡਾ ਕਰੰਟ ਦਾ ਝਟਕਾ ਲੱਗਾ ਕਿ ਇੱਕ ਵਾਰ ਤਾਂ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਟਾਈਫੈਡ ਨਾਲ ਭੰਨੀ ਉਸ ਦੀ ਦੇਹ ਵਿੱਚੋਂ ਜਿਵੇਂ ਜਾਨ ਨਿਕਲ ਗਈ ਹੋਵੇ। ਉਹਨੇ ਉਪਰ ਵੱਲ ਵੇਖਿਆ ਬਿਜਲੀ ਦੀ ਇੱਕ ਤਾਰ ਗਾਇਬ ਸੀ। ਧਾਨਾਂ ਦੇ ਖੱਤੇ ਵੱਲ ਨਜ਼ਰ ਦੌੜਾਈ ਤਾਂ ਇਹਦਾ ਇੱਕ ਸਿਰਾ ਉਸੇ ਕਿਆਰੇ ਵਿੱਚ ਨੇੜੇ ਹੀ ਡਿੱਗਾ ਪਿਆ ਸੀ, ਜਿਸ ਵਿੱਚ ਹੁਕਮਾ ਮਰਿਆ ਪਿਆ ਸੀ। ਉਸ ਦੀ ਦੇਹ ਆਕੜ ਗਈ ਸੀ। ਮੂੰਹ ਮਿੱਟੀ ਵਿੱਚ ਧਸਿਆ ਪਿਆ ਸੀ। ਕਰਮੇ ਨੇ ਕੁੜਤੇ ਦੀ ਸਾਹਮਣੇ ਵਾਲੀ ਜੇਬ ‘ਤੇ ਹੱਥ ਮਾਰਿਆ, ਫੋਨ ਜੇਬ ਵਿੱਚ ਨਹੀਂ ਸੀ, ਪਰ੍ਹਾਂ ਬਾਜਰੇ ਵਾਲੇ ਖੇਤ ਵਿੱਚ ਡਿੱਗਾ ਪਿਆ ਸੀ। ਜਲਦੀ ਨਾਲ ਚੁੱਕ ਕੇ ਉਹਨੇ ਘੁੱਲੇਕਿਆਂ ਦੇ ਮੁੰਡੇ ਨੂੰ ਫੋਨ ਮਿਲਾਇਆ। ਟੁੱਟੀ ਤਾਰ ਤੇ ਹੁਕਮੇ ਦੀ ਹੋਣੀ ਬਾਰੇ ਦੱਸਿਆ। ਉਹਨੂੰ ਨਾਲ ਲੈ ਕੇ ਉਹ ਲਾਈਨ ਦੇ ਟਰਾਂਸਫਾਰਮ ‘ਤੇ ਪਹੁੰਚੇ। ਸਵਿੱਚ ਕੱਟੀ ਤੇ ਮੁੰਡੇ ਨੂੰ ਉਥੇ ਹੀ ਖੜ੍ਹਾ ਕਰਕੇ ਕਰਮਾ ਹੁਕਮੇ ਦੀ ਲਾਸ਼ ਸਾਂਭਣ ਲੱਗਾ। ਉਹਨੇ ਫੋਨ ਕਰਕੇ ਲਾਗੇ ਚਾਗੇ ਦੇ ਹੋਰ ਬੰਦੇ ਸੱਦ ਲਏ। ਹੁਕਮ ਸਿਉਂ ਦੀ ਲਾਸ਼ ਮੰਜੇ ‘ਤੇ ਪਾਈ ਸੀ। ਮੋਟਰ ਦੇ ਚੁਬੱਚੇ ਦੇ ਪਾਣੀ ਨਾਲ ਕਰਮੇ ਨੇ ਉਹਦਾ ਮੂੰਹ ਤੇ ਸਰੀਰ ਦੇ ਹੋਰ ਹਿੱਸੇ ਸਾਫ ਕੀਤੇ। ਸਾਫ ਕੱਪੜੇ ਪੁਆਏ ਅਤੇ ਜਾਮਣ ਹੇਠ ਮਿੰਜੇ ‘ਤੇ ਰੱਖ ਦਿੱਤੀ। ਉੱਪਰ ਚਿੱਟੀ ਚਾਦਰ ਪਾ ਦਿੱਤੀ। ਫਿਰ ਉਹਨੇ ਬਿਜਲੀ ਦਫਤਰ ਵਿੱਚ ਫੋਨ ਕੀਤਾ ਤੇ ਬੀਤੀ ਰਾਤ ਮੂੰਹ ਹਨੇਰੇ ਜਿਹੇ ਆਏ ਝੱਖੜ ਨਾਲ ਟੁੱਟੀ ਤਾਰ ਬਾਰੇ ਦੱਸਿਆ, ਜਿਸ ਨਾਲ ਉਸ ਦੇ ਦੋਸਤ ਦੀ ਮੌਤ ਹੋ ਗਈ ਸੀ। ਬਿਜਲੀ ਬੋਰਡ ਵਾਲਿਆਂ ਪਿਛਿਉਂ ਲਾਈਨ ਦੀ ਬਿਜਲੀ ਬੰਦ ਕਰ ਦਿੱਤੀ। ਕਰਮੇ ਨੇ ਘੁੱਲੇਕਿਆਂ ਦੇ ਮੁੰਡੇ ਨੂੰ ਵੀ ਇਸ ਬਾਰੇ ਸੁਨੇਹਾ ਦਿੱਤਾ। ਮੁੰਡੇ ਨੇ ਵਧੇਰੇ ਅਕਲਮੰਦੀ ਕੀਤੀ। ਉਹਨੇ ਸਵਿਚ ਕੱਟ ਕੇ ਲੋਹੇ ਦੀ ਤਾਰ ਨਾਲ ਨਰੜ ਦਿੱਤੀ ਅਤੇ ਇੱਕ ਰਾਹੀ ਤੋਂ ਕਾਗਜ਼ ਪੈਨ ਲੈ ਕੇ ਘਟਨਾ ਬਾਰੇ ਲਿਖਿਆ ਤੇ ਬੱਝੀ ਹੋਈ ਤਾਰ ਨਾਲ ਟੰਗ ਦਿੱਤਾ।
ਪਲਾਂ ਵਿੱਚ ਹੀ ਖ਼ਬਰ ਸਾਰੇ ਪਿੰਡ ਵਿੱਚ ਫੈਲ ਗਈ। ਥੋੜ੍ਹੀ ਦੇਰ ਬਾਅਦ ਵੱਡਾ ਇਕੱਠ ਹੋ ਗਿਆ। ਸ਼ਰੀਕੇ ਵਿੱਚੋਂ ਚੁੱਕਣਾ ਦੇਣ ਵਾਲੇ ਵੀ ਸਰਗਰਮ ਹੋ ਗਏ ਸਨ। ਪੁਲਿਸ ਵਾਲੇ ਵੀ ਪਹੁੰਚ ਗਏ। ਵਿਰੋਧੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਟਿੱਲ ਲਾ ਰਹੇ ਸਨ। ਨਸੀਬੋ ਹਾਲੋਂ ਬੇਹਾਲ ਸੀ। ਨਵਜੋਤ ਨੇ ਉਸ ਨੂੰ ਆਪਣੀ ਬੁੱਕਲ ਵਿੱਚ ਸਾਂਭਿਆ ਹੋਇਆ ਸੀ। ਵੀਰਦੀਪ ਆਪਣੀ ਮਾਂ ਦੇ ਲਾਗੇ ਖੜਾ ਸੀ। ਉਸ ਦੇ ਚਿਹਰੇ ਤੋਂ ਹੰਝੂ ਵਹਿ ਕੇ ਜ਼ਮੀਨ `ਤੇ ਡਿੱਗ ਰਹੇ ਸਨ। ਨਵਜੋਤ ਨੇ ਇੱਕ ਬਾਂਹ ਨਾਲ ਉਹਨੂੰ ਵੀ ਆਪਣੀ ਜੱਫੀ ਵਿੱਚ ਲਿਆ ਤੇ ਵਰਾਉਣ ਦਾ ਯਤਨ ਕਰਨ ਲੱਗੀ। ਨਸੀਬ ਕੁਰ ਦਾ ਵਿਰਲਾਪ ਅਸਹਿ ਸੀ; ‘ਹਾਏ ਮੈਂ ਇੱਕ ਨਿੱਕੀ ਜਿਹੀ ਜਾਨ ਨੂੰ ਲੈ ਕੇ ਕਿੱਥੇ ਜਾਵਾਂਗੀ।’ ੳਹਨੇ ਦੁਹੱਥੜ ਮਾਰੀ। ਪੁਲਿਸ ਨੇ ਸਾਰੇ ਹਾਲਾਤ ਦਾ ਜਾਇਜ਼ਾ ਲਿਆ। ਮੌਤ ਕਰੰਟ ਨਾਲ ਹੋਈ ਲਗਦੀ ਸੀ। ਥਾਣੇਦਾਰ ਕਰਮੇ ਨੂੰ ਹੱਥ ਫੜ ਕੇ ਇੱਕ ਪਾਸੇ ਲੈ ਗਿਆ। ‘ਤੁਸੀਂ ਲਾਸ਼ ਪੁਲਿਸ ਦੇ ਮੌਕਾ ਵੇਖਣ ਤੋਂ ਪਹਿਲਾਂ ਹੀ ਚੁੱਕ ਲਈ, ਸਾਡੇ ਆਉਣ ਤੱਕ ਉਥੇ ਪਈ ਰਹਿਣ ਦਿੰਦੇ। ਮੌਕੇ ਦੀਆਂ ਫੋਟੋਆਂ ਵਗੈਰਾ ਖਿੱਚ ਲੈਂਦੇ ਤੇ ਟੁੱਟੀ ਤਾਰ ਦੀਆਂ ਵੀ। ਮਹਿਕਮੇ ਤੋਂ 5-7 ਲੱਖ ਰੁਪਈਆ ਮੁਆਵਜ਼ਾ ਮਿਲ ਜਾਂਦਾ, ਗਰੀਬ ਦਾ ਬੱਚਾ ਪੜ੍ਹ ਜਾਦਾ।’
‘ਹੁਣ ਵੀ ਜੇ ਘਟਨਾ ਵਾਲੀ ਥਾਂ ‘ਤੇ ਲਾਸ਼ ਰੱਖ ਕੇ ਟੁੱਟੀ ਤਾਰ ਦੀਆਂ ਫੋਟੋਆਂ ਖਿੱਚ ਲਈਏ ਤਾਂ ਗੱਲ ਬਣ ਸਕਦੀ, ਪਰ ਲਾਸ਼ ਦਾ ਪੋਸਟ ਮਾਰਟਮ ਜ਼ਰੂਰ ਕਰਵਾਉਣਾ ਪਊ।’ ਉਹ ਹੋਰ ਆਖਣ ਲੱਗਾ। ਕਰਮੇ ਨੇ ਨਸੀਬੋ ਨੂੰ ਇੱਕ ਪਾਸੇ ਬੁਲਾ ਕੇ ਗੱਲ ਕੀਤੀ, ਉਹ ਮੰਨੀ ਨਾ। ਆਖਣ ਲੱਗੀ, ‘ਕਿਉਂ ਮਰੇ ਦਾ ਚੀਰ ਹਰਨ ਕਰਨਾ, ਮੈਨੂੰ ਨੀ ਚਾਹੀਦਾ ਮੁਆਵਜ਼ਾ, ਮੈਂ ਤੀਵੀਂ ਮਾਨੀ ਕਿੱਥੇ ਅਦਾਲਤਾਂ ਦੇ ਚੱਕਰ ਕੱਟਦੀ ਫਿਰਾਂਗੀ।’ ਉਹ ਆਖਣ ਲੱਗੀ। ਪਿੰਡ ਦਾ ਸਰਪੰਚ ਕਰਮੇ ਕਿਆਂ ਦਾ ਪੱਖੀ ਸੀ। ਉਹਨੇ ਇਲਾਕੇ ਦੇ ਐਮ.ਐਲ.ਏ. ਨੂੰ ਵਿੱਚ ਪਾ ਕੇ ਪੋਸਟ ਮਾਰਟਮ ਤੋਂ ਬਚਾਅ ਕਰਵਾ ਦਿੱਤਾ। ਸ਼ਾਮ ਪੰਜ ਵਜੇ ਤੱਕ ਸਾਰੇ ਰਿਸ਼ਤੇਦਾਰ ਪੁੱਜ ਗਏ। ‘ਗਰਮੀ ਦਾ ਮਹੀਨਾ, ਲਾਸ਼ ਰੱਖਣ ਦਾ ਕੋਈ ਫਾਇਦਾ ਨੀ ਦਾਗ ਦੇਣ ਦੀ ਕਰੋ’, ਸਰਪੰਚ ਆਖਣ ਲੱਗਾ। ਸ਼ਾਮ ਛੇ ਕੁ ਵਜੇ ਵੀਰਦੀਪ ਨੇ ਆਪਣੇ ਬਾਪ ਦੀ ਚਿਖਾ ਨੂੰ ਅਗਨੀ ਵਿਖਾਈ। ਪੱਛੋਂ ਵੱਲੋਂ ਵਗਦੀ ਹਵਾ ਨਾਲ ਪਲਾਂ ਵਿੱਚ ਹੀ ਅੱਗ ਮਘ ਉੱਠੀ। ਨਾਲ ਹੀ ਨਸੀਬੋ ਦੀਆਂ ਭੁੱਬਾਂ ਨਿਕਲ ਗਈਆਂ। ਵੀਰਦੀਪ ਫੁੱਟ ਫੁੱਟ ਕੇ ਰੋਣ ਲੱਗਾ। ਕਰਮੇ ਨੇ ਉਹਨੂੰ ਬੁੱਕਲ ਵਿੱਚ ਲਿਆ ਤੇ ਨਵਜੋਤ ਨੇ ਨਸੀਬੋ ਨੂੰ। ਪਾਠੀ ਸਿੰਘ ਨੇ ਅਰਦਾਸ ਕੀਤੀ ਅਤੇ ਫਿਰ ਸਾਰਿਆਂ ਨੂੰ ਗੁਰਦੁਆਰੇ ਪਹੁੰਚਣ ਲਈ ਕਿਹਾ। ਦੂਰ ਦੇ ਸੰਬੰਧੀ ਚਲੇ ਗਏ ਸਨ। ਪਿੰਡ ਦੇ ਰਿਸ਼ਤੇਦਾਰ ਤੇ ਵੀਰਦੀਪ ਦੇ ਨਾਨਕਿਆਂ ਵਾਲੇ ਰੁਕ ਗਏ। ਵੀਰਦੀਪ ਦਾ ਵੱਡਾ ਮਾਮਾਂ ਮਾਪਿਆਂ ਨਾਲ ਰਹਿੰਦਾ ਸੀ ਤੇ ਆਪਣੇ ਪਿੰਡ ਹੀ ਕਿਸੇ ਨਾਲ ਨੌਕਰ ਸੀ। ਦੂਜਾ ਸ਼ਹਿਰ ਦਿਹਾੜੀ ਦੱਪਾ ਕਰਦਾ। ਪਿਉ ਦੀ ਕਈ ਸਾਲ ਪਹਿਲਾਂ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਗੁਰਦੁਆਰੇ ਪਾਠ ਅਤੇ ਥੋੜੇ ਜਿਹੇ ਸ਼ਬਦਾਂ ਦੇ ਵਿਖਿਆਨ ਤੋਂ ਬਾਅਦ ਪਾਠੀ ਨੇ ਮੁੜ ਅਰਦਾਸ ਕੀਤੀ ਅਤੇ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਪਿਛੇ ਰਹਿ ਗਏ ਰਿਸ਼ਤੇਦਾਰਾਂ ਅਤੇ ਵੀਰਦੀਪ ਦੇ ਨਾਨਕਿਆਂ ਦੇ ਟੱਬਰ ਨੂੰ ਕਰਮੇ ਹੁਰੀਂ ਆਪਣੇ ਘਰ ਲੈ ਗਏ। ਨਵਜੋਤ ਨੇ ਦੋਧੀ ਅੱਜ ਮੋੜ ਦਿੱਤਾ ਸੀ। ਰੋਟੀ ਖਾਣ ਦਾ ਕਿਸੇ ਦਾ ਮਨ ਨਹੀਂ ਸੀ। ਸਾਰਿਆਂ ਨੂੰ ਗੁੜ ਵਾਲਾ ਦੁਧ ਵਰਤਾਇਆ ਗਿਆ। ਦੇਰ ਰਾਤ ਤੱਕ ਤੁਰ ਗਏ ਦੀਆਂ ਗੱਲਾਂ ਹੁੰਦੀਆਂ ਰਹੀਆਂ ਤੇ ਨਸੀਬੋ ਦੇ ਭਵਿੱਖ ਬਾਰੇ ਵੀ। ਅਖੀਰ ਪੇਕਿਆਂ ਨੇ ਕੁਝ ਦਿਨ ਲਈ ਨਸੀਬੋ ਨੂੰ ਨਾਲ ਲੈ ਜਾਣ ਲਈ ਕਿਹਾ, ਪਰ ਉਹ ਮੰਨੀ ਨਾ। ਆਖਣ ਲੱਗੀ ਤੁਰਨ ਵਾਲਾ ਤਾਂ ਤੁਰ ਗਿਆ, ਮੇਰੇ ਮੁੰਡੇ ਦੀ ਪੜ੍ਹਾਈ ਖਰਾਬ ਹੋਵੇਗੀ।
‘ਭਾਬੀ ਚਲੀ ਜਾਹ ਕੁਸ਼ ਦਿਨਾਂ ਲਈ, ਮਨ ਹੋਰ ਹੋ ਜੂ, ਵੀਰਦੀਪ ਸਾਡੇ ਵੱਲ ਰਹਿ ਲਊ, ਮੈਂ ਛੱਡ ਆਇਆ ਕਰਾਂਗਾ ਸਕੂਲੇ।’ ਕਰਮਾ ਆਖਣ ਲੱਗਾ।
ਨਸੀਬੋ ਦੇ ਮਾਪੇ ਫਿਰ ਜੋLਰ ਪਾਉਣ ਲੱਗੇ। ਅਖੀਰ ਉਹ ਮੰਨ ਗਈ। ਉਹਨੇ ਵੀਰਦੀਪ ਵੱਲ ਮੂੰਹ ਕੀਤਾ ਤੇ ਪੁੱਛਣ ਲਗੀ ‘ਪੁੱਤ ਤੂੰ ਰਹਿ ਲਵੇਂਗਾ ਚਾਚੇ ਹੋਰਾਂ ਵੱਲ?’ ਵੀਰਦੀਪ ਮੂੰਹੋਂ ਤਾਂ ਕੁਝ ਨਾ ਬੋਲਿਆ, ਪਰ ਉਹਨੇ ਹਾਂ ਵਿੱਚ ਸਿਰ ਮਾਰਿਆ।
ਨਸੀਬੋ ਦੇ ਮਾਪਿਆਂ ਨੇ ਜ਼ੋਰ ਪਾਇਆ, ‘ਇਹਨੂੰ ਵੀ ਨਾਲ ਲੈ ਚੱਲ ਕੁਸ਼ ਦਿਨ।’ ਉਨ੍ਹਾਂ ਨੂੰ ਸੀ ਬਈ ਜ਼ਿਮੀਦਾਰਾਂ ‘ਤੇ ਪੈਸੇ ਲਈ ਜ਼ੋਰ ਪਾਵਾਂਗੇ, ਪਰ ਨਸੀਬੋ ਫਿਰ ਮੁੱਕਰ ਗਈ। ਉਹਨੂੰ ਵੀਰਦੀਪ ਦੇ ਨਵਜੋਤ ਨਾਲ ਲਗਾਓ ਦਾ ਪਤਾ ਸੀ।
ਨਸੀਬੋ ਆਪਣੇ ਪੇਕੀਂ ਮਾਂ ਵੱਲ ਹੀ ਰਹੀ। ਸਵੇਰੇ ਸ਼ਾਮ ਛੋਟਾ ਵੀ ਉਹਦੀ ਖ਼ਬਰ ਸਾਰ ਲੈਣ ਆ ਜਾਂਦਾ। ਕੁਝ ਦਿਨ ਚੰਗੇ ਗੁਜ਼ਰੇ, ਭਾਬੀਆਂ ਵੀ ਨਸੀਬੋ ਦਾ ਤਿਹੁ ਕਰਦੀਆਂ। ਉਹਦੀ ਮਾਂ ਵੀ ਆਪਣੀ ਧੀ ਦਾ ਦਿਲ ਧਰਾਉਣ ਲਈ ਪੂਰਾ ਯਤਨ ਕਰਦੀ। ਕੁਝ ਦਿਨ ਬਾਅਦ ਵਿਹਾਰਕ ਗੱਲਾਂ ਹੋਣ ਲੱਗੀਆਂ। ਮਾਪਿਆਂ ਨੂੰ ਸੀ ਕਿ ਇਹ ਕਰਮੇ ਕਿਆਂ ਤੋਂ ਪੰਜ ਸੱਤ ਲੱਖ ਰੁਪਏ ਦੀ ਮੰਗ ਕਰੇ। ਆਖਰ ਹੁਕਮੇ ਦੀ ਮੌਤ ਉਨ੍ਹਾਂ ਦੇ ਖੇਤਾਂ ਵਿੱਚ ਕੰਮ ਕਰਦਿਆਂ ਹੋਈ ਸੀ। ਉਹ ਮੁੰਡੇ ਨੂੰ ਵੀ ਪੇਕੇ ਲਿਆਉਣ ਲਈ ਜ਼ੋਰ ਪਾਉਂਦੇ, ਪਰ ਨਸੀਬੋ ਪੈਰਾਂ `ਤੇ ਪਾਣੀ ਨਾ ਪੈਣ ਦਿੰਦੀ; ‘ਮੁਆਵਜ਼ਾ ਹੀ ਲੈਣਾ ਸੀ ਤਾਂ ਪੋਸਟ ਮਾਰਟਮ ਕਰਵਾਉਂਦੇ, ਬਿਜਲੀ ਮਹਿਕਮੇ ਨੂੰ ਪੈਸੇ ਦੇਣੇ ਪੈਣੇ ਸਨ।’
‘ਸਾਨੂੰ ਕੀਹਨੇ ਪੁੱਛਿਆ, ਜਾਂਦਿਆਂ ਨੂੰ ਦਾਗ ਦੇਣ ਲਈ ਜ਼ੋਰ ਪਾਉਣ ਲੱਗੇ।’ ਨਸੀਬੋ ਦਾ ਵੱਡਾ ਭਰਾ ਆਖਣ ਲੱਗਾ।
‘ਮੈਨੂੰ ਪੁੱਛਿਆ ਸੀ ਕਰਮੇ ਨੇ, ਮੈਂ ਆਖ ਦਿੱਤਾ ਕਾਹਨੂੰ ਇਹਦੀ ਮਰੇ ਦੀ ਮਿਟੀ ਰੋਲਦੇ ਹੋ, ਮੈਨੂੰ ਨੀ ਚਾਹੀਦੇ ਪੈਸੇ।’ ਨਸੀਬੋ ਨੇ ਜੁਆਬ ਦਿੱਤਾ। ‘ਪੈਸੇ ਬਿਨਾ ਵੀ ਜ਼ਿੰਦਗੀ ਨੀ ਚਲਦੀ ਧੀਏ, ਗੱਲ ਸੋਚ ਕੇ ਕਰੀਦੀ’ ਨਸੀਬੋ ਦੀ ਮਾਂ ਨੇ ਆਪਣਾ ਤਜ਼ਰਬਾ ਸਾਂਝਾ ਕੀਤਾ, ਭਾਬੀਆਂ ਤੇ ਭਰਾ ਵੀ ਮੁਆਵਜ਼ੇ ਲਈ ਜੁਆਬ ਦੇਣ ਕਾਰਨ ਨਸੀਬੋ ਨੂੰ ਬੁਰਾ ਭਲਾ ਆਖਣ ਲੱਗੇ। ‘ਮੈਂ ਚਲੀ ਜਾਨੀ ਆਂ ਆਪਣੇ ਘਰ ਕੱਲ੍ਹ ਨੂੰ, ਨਾਲੇ ਵੀਰਦੀਪ ਵੀ ਇਕੱਲਾ। ਮੇਰਾ ਗੁਜ਼ਾਰਾ ਆਪੇ ਰੱਬ ਵੇਖੂ, ਤੁਸੀਂ ਕਾਹਨੂੰ ਫਿਕਰ ਕਰਦੇ।’
‘ਚੰਗਾ ਜਾ ਆ ਨਾਲੇ ਘਰ ਵੱਲ ਨਿਗਾਹ ਮਾਰ ਆਵੀਂ। ਆ ਜਾਵੀਂ ਜਲਦੀ ਨਾਲੇ ਵੀਰਦੀਪ ਨੂੰ ਵੀ ਨਾਲ ਲੈ ਆਵੀਂ, ਕਹੇਂ ਤਾਂ ਤੇਰੇ ਭਰਾ ਨੂੰ ਭੇਜ ਦੇਨੇ ਆਂ ਨਾਲ’ ਉਹਦੀ ਮਾਂ ਆਖਣ ਲੱਗੀ।
‘ਇਨ੍ਹਾਂ ਦਾ ਕੰਮ ਕਾਹਨੂੰ ਛਡਾਉਣਾ, ਮੈਂ ਜਾ ਆਉਨੀ ਇਕੱਲੀ ਹੀ’ ਨਸੀਬੋ ਦੇ ਮੂੰਹੋਂ ਨਿਕਲਿਆ। ਅਗਲੇ ਦਿਨ ਦਸ ਵਜੇ ਵਾਲੀ ਬੱਸ ਫੜ ਕੇ ਉਹ ਆਪਣੇ ਸਹੁਰੇ ਪਿੰਡ ਆ ਗਈ। ਦੋਹਾਂ ਪਿੰਡਾਂ ਦਾ ਫਰਕ ਦਸ ਕੁ ਮੀਲ ਦਾ ਸੀ। ਉਸ ਨੇ ਘਰ ਦਾ ਬੂਹਾ ਖੋਲਿ੍ਹਆ, ਦੋ ਕੁ ਦਿਨਾਂ ਵਿੱਚ ਹੀ ਮੰਜਿਆਂ ਬਿਸਤਰਿਆਂ ‘ਤੇ ਧੂੜ ਜੰਮਣ ਲੱਗ ਪਈ ਸੀ। ਨਸੀਬੋ ਨੂੰ ਖਾਲੀ ਘਰ ਖਾਣ ਨੂੰ ਆਇਆ। ਉਹਨੇ ਬਿਨਾ ਕੁਝ ਖਾਧੇ ਪੀਤੇ ਜਿੰਦਾ ਲਾਇਆ ਤੇ ਕਰਮੇ ਕਿਆਂ ਵੱਲ ਤੁਰ ਪਈ। ਉਹ ਵੀਰਦੀਪ ਨੂੰ ਮਿਲਣ ਲਈ ਤਰਸੀ ਪਈ ਸੀ। ਕਰਮੇ ਕੇ ਘਰ ਵੱਲ ਜਾਂਦੀ ਕੱਚੀ ਪਹੀ ਪੈਂਦਿਆਂ ਉਹਦੇ ਹੰਝੂ ਵਗਦੇ ਰਹੇ। ਹੁਕਮੇ ਦੀ ਮੂਰਤ ਉਹਦੀਆਂ ਅੱਖਾਂ ਮੂਹਰੇ ਘੁੰਮਦੀ ਰਹੀ, ‘ਇਨ੍ਹਾਂ ਖੇਤਾਂ ਵਿੱਚ ਹੀ ਕਿਧਰੇ ਗੁੰਮ ਗਿਆ ਵੀਰਦੀਪ ਦਾ ਬਾਪੂ, ਐਡੇ ਜਹਾਨ ‘ਚ ਮੈਨੂੰ ‘ਕੱਲੀ ਨੂੰ ਛੱਡ ਗਿਆ’ ਉਹ ਆਪਣੇ ਆਪ ਨਾਲ ਗੱਲਾਂ ਕਰਦੀ ਜਾ ਰਹੀ ਸੀ। ਇੱਕ ਦੋ ਦਿਨ ਬਾਅਦ ਗਰਮੀ ਦੀਆਂ ਛੁੱਟੀਆਂ ਹੋਣ ਵਾਲੀਆਂ ਸਨ। ਨਵਜੋਤ ਤੇ ਵੀਰਦੀਪ ਨੂੰ ਮਿਲਦੀਆਂ ਹੀ ਨਸੀਬੋ ਫਿਰ ਧਾਹੀਂ ਰੋ ਪਈ। ‘ਹਾਏ ਮੈਂ ਇਕੱਲੀ ਕਿੱਥੇ ਰਹਾਂਗੀ ਮੁੰਡੇ ਨੂੰ ਲੈ ਕੇ, ਤੂੰ ਉਥੇ ਜਾ ਬੈਠਾਂ ਵੇ ਜਿਥੋਂ ਕੋਈ ਨਹੀਂ ਮੁੜਿਆ।’ ਨਸੀਬੋ ਦੀ ਹੂਕ ਚਿੱਤ ਨੂੰ ਧੂਹ ਪਾਉਂਦੀ। ਵੀਰਦੀਪ ਵੀ ਤਿੱਪ-ਤਿੱਪ ਹੂੰਝੂ ਕੇਰਨ ਲੱਗਾ। ਉਹ ਰੋਂਦਾ ਜ਼ਰੂਰ ਸੀ, ਪਰ ਨਾ ਕੋਈ ਆਵਾਜ਼ ਕੱਢਦਾ ਤੇ ਨਾ ਕੋਈ ਸ਼ਬਦ ਬੋਲਦਾ। ਕਰਮਾ ਖੇਤਾਂ ਵੱਲ ਗਿਆ ਹੋਇਆ ਸੀ। ਉਹ ਜਦੋਂ ਵਾਪਸ ਆਇਆ ਤਾਂ ਘਰੇ ਮਾਹੌਲ ਫਿਰ ਗਮਗੀਨ ਹੋਇਆ ਪਿਆ ਸੀ।
‘ਭਾਬੀ ਸਬਰ ਕਰੋ ਹੁਣ, ਜੋ ਰੱਬ ਦਾ ਭਾਣਾ ਸੀ ਵਾਪਰ ਗਿਆ। ਮੁੰਡੇ ਵੱਲ ਧਿਆਨ ਦਿਉ। ਇਹ ਬੜਾ ਲਾਇਕ ਆ, ਇਹਦੀ ਪੜ੍ਹਾਈ ਨਾ ਖਰਾਬ ਹੋਵੇ। ਸਾਥੋਂ ਜਿੰਨਾ ਸਰਿਆ, ਅਸੀਂ ਥੁਆਡੇ ਨਾਲ ਖੜੇ ਰਹਾਂਗੇ।’ ਕਰਮੇ ਦੇ ਬੋਲਾਂ ਨੇ ਨਸੀਬੋ ਨੂੰ ਧਰਵਾਸ ਦਿਤਾ। ਨਵਜੋਤ ਨੇ ਰਾਤ ਉਨ੍ਹਾਂ ਵੱਲ ਹੀ ਰਹਿਣ ਲਈ ਜੋLਰ ਪਾਇਆ, ਪਰ ਨਸੀਬੋ ਮੁੰਡੇ ਨੂੰ ਲੈ ਕੇ ਸ਼ਾਮੀ ਆਪਣੇ ਘਰ ਚਲੀ ਗਈ। ਨਵਜੋਤ ਨੇ ਰਾਤ ਦੀ ਰੋਟੀ ਦੋ ਡੰਗ ਦਾ ਦੁਧ ਉਸ ਨੂੰ ਨਾਲ ਦੇ ਦਿੱਤਾ ਸੀ। ਵੀਰਦੀਪ ਨੇ ਇੱਕ ਦਿਨ ਹੀ ਸਕੂਲ ਜਾਣਾ ਸੀ। ਉਸ ਨੂੰ ਸੀ ਕਿ ਉਸ ਤੋਂ ਬਾਅਦ ਉਹ ਵਾਪਸ ਪੇਕੇ ਚਲੇ ਜਾਵੇਗੀ, ਵੀਰਦੀਪ ਨੂੰ ਨਾਲ ਲੈ ਕੇ। ਵੀਰਦੀਪ ਸ਼ਾਮੀ ਸਕੂਲੋਂ ਘਰ ਆਇਆ। ਸਕੂਲ ਮਾਸਟਰਾਂ ਨੇ ਬੱਚਿਆਂ ਨੂੰ ਘਰ ਦਾ ਵਾਹਵਾ ਕੰਮ ਦੇ ਦਿੱਤਾ ਸੀ। ਅਗਲੇ ਦਿਨ ਨਾਨਕਿਆਂ ਵੱਲ ਜਾਣ ਵੇਲੇ ਉਹਨੇ ਆਪਣੀਆਂ ਕਿਤਾਬਾਂ ਵੀ ਨਾਲ ਲੈ ਲਈਆਂ। ਹੁਣ ਉਹ ਦੋ ਜੀਅ ਵੱਡੇ ਮਾਮੇ ਵੱਲ ਹੋਰ ਜੁੜ ਗਏ ਸਨ। ਦੋ ਬੱਚੇ ਇੱਕ ਮਾਂ, ਫਿਰ ਵੀਰਦੀਪ ਤੇ ਨਸੀਬੋ। ਗੁਜ਼ਾਰਾ ਔਖਾ ਹੋਣ ਲੱਗਾ। ਕੁਝ ਦਿਨ ਮਾਮੇ ਅਤੇ ਮਾਮੀਆਂ ਵਿੱਚ ਖੁਸਰ-ਫੁਸਰ ਹੁੰਦੀ ਰਹੀ। ਨਸੀਬੋ ਦੀ ਉਮਰ ਹਾਲੇ ਪੈਂਤੀ ਕੁ ਸਾਲਾਂ ਦੀ ਸੀ। ਪੇਕੇ ਘਰ ਉਸ ਦੇ ਦੂਜੇ ਵਿਆਹ ਦੀ ਗੱਲ ਚੱਲਣ ਲੱਗੀ। ਨਸੀਬੋ ਇਨਕਾਰ ਕਰਦੀ, ‘ਮੇਰਾ ਮੁੰਡਾ ਕਿੱਥੇ ਜਾਵੇਗਾ। ਮੈਂ ਨਹੀਂ ਦੂਜਾ ਵਿਆਹ ਕਰਵਾਉਣ।’ ਉਹ ਮੁੱਕਰ ਜਾਂਦੀ।
‘ਵੇਖ ਨਸੀਬੋ ਹਾਲੇ ਤੂੰ ਭਰ ਜਵਾਨ ਏਂ, ਏਦਾਂ ਝੱਟ ਨਹੀਂ ਨਿਕਲਣਾ, ਕੋਈ ਲੋੜਵੰਦ ਬੰਦਾ ਲੱਭ ਲੈਨੇ ਆਂ, ਵਿਆਹ ਕਰਵਾ ਲੈ ਚੁੱਪ ਕਰਕੇ।’
ਆਪਣੀ ਪੁੱਗਦੀ ਨਾ ਵੇਖ ਕੇ ਨਸੀਬੋ ਚੁੱਪ ਕਰ ਜਾਂਦੀ। ਉਹਦੇ ਮਨ ‘ਚ ਆਇਆ, ਕਿਉਂ ਨਾ ਨਵਜੋਤ ਹੋਰਾਂ ਦੀ ਸਲਾਹ ਲੈ ਲਵਾਂ। ਅਗਲੇ ਦਿਨ ਉਹ ਵੀਰਦੀਪ ਨੂੰ ਨਾਲ ਲੈ ਕੇ ਆਪਣੇ ਸਹੁਰੇ ਪਿੰਡ ਚਲੀ ਗਈ। ਦੁਪਹਿਰੋਂ ਬਾਅਦ ਉਹ ਵੀਰਦੀਪ ਨੂੰ ਲੈ ਕੇ ਕਰਮੇਕਿਆਂ ਦੀ ਬਹਿਕ ‘ਤੇ ਪਹੁੰਚ ਗਈ। ਨਵਜੋਤ ਨੂੰ ਮਿਲ ਕੇ ਉਹ ਫਿਰ ਰੋਣ ਲੱਗੀ। ਇਸ ਵਾਰ ਵੀਰਦੀਪ ਦੀਆਂ ਅੱਖਾਂ ਵਿੱਚ ਸਿੱਲ੍ਹ ਜਿਹੀ ਤਾਂ ਆਈ, ਪਰ ਉਹ ਰੋਇਆ ਨਾ। ਨਵਜੋਤ ਨੇ ਨਸੀਬੋ ਨੂੰ ਆਪਣੇ ਨਾਲ ਘੁੱਟ ਲਿਆ।
ਚਾਹ-ਪਾਣੀ ਪੀਣ ਬਾਅਦ ਨਸੀਬੋ ਨੇ ਆਪਣੇ ਪੇਕਿਆਂ ਵਾਲੀ ਵਿਥਿਆ ਸੁਣਾਉਣੀ ਸ਼ੁਰੂ ਕੀਤੀ। ਇੰਨੇ ਨੂੰ ਕਰਮਾ ਵੀ ਖੇਤੋਂ ਵਾਪਸ ਆ ਗਿਆ ਸੀ। ਨਵਜੋਤ ਨੇ ਉਸ ਨੂੰ ਫੋਨ ਕਰਕੇ ਨਸੀਬੋ ਹੋਰਾਂ ਦੇ ਆਉਣ ਬਾਰੇ ਦੱਸ ਦਿੱਤਾ ਸੀ। ‘ਮੇਰੇ ਪੇਕੇ ਮੈਨੂੰ ਰੱਖਣ ਜੋਗੇ ਨੀ, ਕਿਤੇ ਹੋਰ ਵਿਆਹ ਕਰਵਾਉਣ ਲਈ ਜੋLਰ ਪਾਉਣ ਲੱਗੇ ਆ। ਮੇਰਾ ਦਿਲ ਨਹੀਂ ਮੰਨਦਾ। ਵੀਰਦੀਪ ਦਾ ਕੀ ਬਣੇਗਾ।’
‘ਤੁਸੀਂ ਇੱਥੇ ਰਹੋ ਪਿੰਡ ਵਾਲੇ ਆਪਣੇ ਘਰ, ਅਸੀਂ ਹੈਗੇ ਤੁਹਾਡੇ ਕੋਲ’ ਕਰਮਾ ਆਖਣ ਲੱਗਾ।
‘ਨਾ ਬੇਬੇ ਮੰਨਦੀ, ਨਾ ਭਰਾ ਮੇਰੇ, ਕਹਿੰਦੇ ਲੋਕ ਪਤਾ ਨੀ ਕੀ ਕੀ ਗੱਲਾਂ ਕਰਨਗੇ’ ਨਸੀਬੋ ਨੇ ਉੱਤਰ ਦਿੱਤਾ।
‘ਲੋਕਾਂ ਦਾ ਕੰਮ ਤਾਂ ਭੌਂਕਣਾ ਹੁੰਦਾ, ਭੌਂਕੀ ਜਾਣ ਦੋ’ ਨਵਜੋਤ ਆਖਣ ਲੱਗੀ।
‘ਚੱਲ ਮੈਂ ਕਰਕੇ ਦੇਖਦੀ ਮਾਪਿਆਂ ਨਾਲ ਦੁਬਾਰਾ ਗੱਲ’ ਨਸੀਬੋ ਆਖਣ ਲੱਗੀ।
‘ਭਾਬੀ ਬਾਕੀਆਂ ਦਾ ਛੱਡ, ਤੇਰਾ ਆਪਦਾ ਦਿਲ ਕੀ ਕਹਿੰਦਾ ਇਹ ਦੱਸ’ ਕਰਮੇ ਨੇ ਜਿਵੇਂ ਵੱਡਾ ਸੁਆਲ ਕੀਤਾ।
‘ਮੈਂ ਤਾਂ ਵੀਰਾ ਪਾਲ ਲਊਂ ਮੁੰਡੇ ਨੂੰ ਇਥੇ ਰਹਿ ਕੇ ਵੀ ਔਖੀ ਸੌਖੀ’ ਨਸੀਬੋ ਦੀ ਆਵਾਜ਼ ਦੁੱਖ ਨਾਲ ਲਰਜ਼ ਰਹੀ ਸੀ।
‘ਹੋਇਆ ਲੈ ਤੇਰਾ ਪੁੱਤ ਜੁਆਨ’ ਨਾਲ ਹੀ ਕਰਮੇ ਨੇ ਉਹਦਾ ਦਿਲ ਧਰਾਇਆ।
ਅਗਲੇ ਦਿਨ ਫਿਰ ਉਹ ਤੇ ਵੀਰਦੀਪ ਨਾਨਕੀਂ ਵਜੀਦਪੁਰ ਚਲੇ ਗਏ। ਮਾਮੇ ਹੋਰੀਂ ਕੰਮਾਂ ਕਾਰਾਂ ‘ਤੇ ਸਨ। ਮਾਮੀਆਂ ਤੇ ਨਾਨੀ ਹੀ ਸੀ ਘਰ। ਵੀਰਦੀਪ ਅਤੇ ਧੀ ਦੀ ਆਮਦ ’ਤੇ ਨਸੀਬੋ ਦੀ ਮਾਂ ਨੂੰ ਤਾਂ ਚਾਅ ਜਿਹਾ ਚੜ੍ਹ ਗਿਆ, ਪਰ ਭਾਬੀਆਂ ਦੇ ਜਿਵੇਂ ਸੌ ਘੜਾ ਪਾਣੀ ਦਾ ਸਿਰ ਵਿੱਚ ਪੈ ਗਿਆ ਹੋਵੇ। ਉਨ੍ਹਾਂ ਨਕਲੀ ਜਿਹੇ ਹਾਸੇ ਨਾਲ ਵੀਰਦੀਪ ਤੇ ਨਸੀਬੋ ਦਾ ਸੁਆਗਤ ਕੀਤਾ। ਪਿਛਲੇ ਕਈ ਦਿਨਾਂ ਤੋਂ ਦੋਹਾਂ ਮਾਮਿਆਂ ਦੇ ਘਰਾਂ ਵਿੱਚ ਕਲੇਸ਼ ਵੀ ਪੈਂਦਾ ਰਿਹਾ ਸੀ। ਸਾਰੇ ਨਸੀਬੋ ਦੇ ਦੁਬਾਰਾ ਵਿਆਹ ‘ਤੇ ਜ਼ੋਰ ਦੇ ਰਹੇ ਸਨ। ‘ਹਾਲੇ ਇਸ ਦੀ ਉਮਰ ਹੀ ਕੀ ਹੈ, ਮਸਾਂ ਪੈਂਤੀਆਂ ਨੂੰ ਪਹੁੰਚੀ ਹੈ, ਇੰਨੀ ਲੰਮੀ ਉਮਰ ਕਿਵੇਂ ਨਿਕਲੂ, ਕੋਈ ਤਾਂ ਆਸਰਾ ਚਾਹੀਦਾ। ਮੁਆਵਜ਼ਾ ਲੈਣ ਲਈ ਇਹ ਨੀ ਮੰਨੀ, ਅਖੇ ਮੋਏ ਦੀ ਮਿੱਟੀ ਕਾਹਨੂੰ ਖਰਾਬ ਕਰਨੀ ਆ। ਮਿੱਟੀ ਊਂ ਵੀ ਤੇ ਸੁਆਹ ਹੀ ਬਣਨੀ ਸੀ।’ ਨਸੀਬੋ ਦਾ ਵੱਡਾ ਭਰਾ ਆਖਣ ਲੱਗਾ।
‘ਚਹੁੰ ਸਾਲਾਂ ਨੂੰ ਹੋਇਆ ਮੇਰਾ ਪੁੱਤ ਜਵਾਨ, ਮੈਂ ਆਪੇ ਇਹਦੇ ਆਸਰੇ ਦਿਨ ਕੱਟ ਲੂੰ।’ ਨਸੀਬੋ ਨੇ ਨਾਰਾਜ਼ਗੀ ਪਰਗਟ ਕੀਤੀ।
‘ਦਿਨ ਤਾਂ ਕੱਟ ਲੇਂਗੀ, ਘਰ ਦਾ ਗੁਜ਼ਾਰਾ ਕਿਵੇਂ ਚੱਲੂ?’ ਭਰਾ ਨੇ ਔਖਾ ਸਵਾਲ ਪਾਇਆ। ਹੁਣ ਨਸੀਬੋ ਵੀ ਕੁਝ ਸੋਚੀਂ ਪੈ ਗਈ, ਪਰ ਫਿਰ ਉਹ ਕਹਿਣ ਲੱਗੀ, ‘ਕਰਮੇ ਕੇ ਤਾਂ ਕਰਦੀ ਹੀ ਆਂ ਕੰਮ, ਹੋਰ ਚਾਰ ਘਰਾਂ ਦਾ ਕੰਮ ਫੜ ਲੂੰ ਮੈਂ।’
‘ਚਾਰ ਹੋਰਾਂ ਦਾ ਕੰਮ ਤਾਂ, ਤਾਂ ਫੜੇਂਗੀ ਜੇ ਅਗਲੇ ਦੇਣਗੇ, ਜੱਟੀਆਂ ਤਾਂ ਭਈਆ ਰਾਣੀਆਂ ਨਾਲ ਹੀ ਮਸਤ ਰਹਿੰਦੀਆਂ, ਕੰਮ ਠੋਕ ਕੇ ਪੈਸੇ ਧੇਲੇ ਵਾਲਾ ਹੱਥ ਰੋਕ ਕੇ’ ਛੋਟੀ ਭਾਬੀ ਵੀ ਵਿੱਚ ਬੋਲਣ ਲੱਗੀ। ਉਹ ਘਰ ਦੀ ਵੇਹਲ ਤੋਂ ਤੰਗ ਆਈ ਪਈ ਸੀ।
‘ਕੰਧਾਂ ਵੇਖ-ਵੇਖ ਕੇ ਨੀ ਦਿਨ ਲੰਘਣੇ, ਕੰਧਾਂ ‘ਚ ਟੱਕਰਾਂ ਮਾਰਿਆ ਕਰੇਂਗੀ ’ਕੱਲੀ’, ਛੋਟੀ ਦੇ ਬੋਲਾਂ ਨਾਲ ਨਸੀਬੋ ਹੋਰ ਭੈਅ ਖਾ ਗਈ।
‘ਹੁਣ ਤਾਂ ਮੈਨੂੰ ਕੋਈ ਬਾਲ ਬੱਚੇ ਆਲਾ ਈ ਮਿਲੂ, ਉਹਨੇ ਮੇਰਾ ਮੁੰਡਾ ਨੀ ਸਾਂਭਣਾ’ ਨਸੀਬੋ ਜਿਵੇਂ ਵਿਲਕ ਪਈ।
‘ਬੀਬੀ ਤੇਰਾ ਘਰ ਵੀ ਹੁਣ ਵੇਖ ਲੈ ਮੇਰੇ ਲਈ ਬਿਗਾਨਾ ਹੋ ਗਿਆ’ ਹੁਣ ਉਹ ਆਪਣੀ ਮਾਂ ਨੂੰ ਸੰਬੋਧਨ ਹੋਈ।
‘ਇਹ ਤਾਂ ਜਗਤ ਰਵੀਰਾ ਨਸੀਬ ਕੁਰੇ, ਇਹਨੂੰ ਆਪਾਂ ਨੀ ਬਦਲ ਸਕਦੇ, ਨਾਲੇ ਤੀਵੀਂ ਦੀ ਤਾਂ ਇਹ ਹੋਣੀ ਈ ਆ, ਵਿਆਹ ਤੋਂ ਬਾਅਦ ਆਪਦੇ ਖਸਮ ਦਾ ਘਰ ਈ ਉਹਦਾ ਹੁੰਦਾ’ ਮਾਂ ਦੇ ਬੋਲ ਗਹਿਰੇ ਦੁੱਖ ਵਿੱਚ ਭਿੱਜੇ ਹੋਏ ਸਨ।
‘ਜੇ ਖਸਮ ਈ ਨਾ ਰਹੇ?’ ਨਸੀਬੋ ਨੇ ਸਵਾਲ ਕੀਤਾ।
‘ਫਿਰ ਨਵਾਂ ਖਸਮ ਲੱਭਣਾ ਪੈਂਦਾ, `ਕੱਲੀ ਨੂੰ ਤੈਨੂੰ ਜਵਾਨ ਜਹਾਨ ਨੂੰ ਕੀਹਨੇ ਜੀਣ ਦੇਣਾ’ ਵੱਡੀ ਭਾਬੀ ਆਖਣ ਲੱਗੀ।
ਉਹਦੇ ਪੇਕਿਆਂ ਦਾ ਸਾਰਾ ਟੱਬਰ ਉਹਦਾ ਦੁਬਾਰਾ ਵਿਆਹ ਕਰਨ ਲਈ ਉਤਾਵਲਾ ਸੀ। ਉਨ੍ਹਾਂ ਦੀ ਗੱਲਬਾਤ ਵੀਰਦੀਪ ਗੌਰ ਨਾਲ ਸੁਣਦਾ ਰਿਹਾ। ਉਹਨੂੰ ਲੱਗਾ, ‘ਮੇਰਾ ਕਿਸੇ ਨੂੰ ਕੋਈ ਫਿਕਰ ਨਹੀਂ।’
ਨਸੀਬੋ ਇੱਕ ਦਿਨ ਹੋਰ ਆਪਣੇ ਪੇਕੀਂ ਰਹੀ। ਸਾਰਾ ਸਮਾਂ ਉਹ ਇਹੋ ਕੁਝ ਵਾਰ ਵਾਰ ਸੁਣਦੀ ਰਹੀ।
ਅਗਲੇ ਦਿਨ ਦਸ ਕੁ ਵਜੇ ਉਸ ਨੇ ਬੱਸ ਫੜੀ ਅਤੇ ਆਪਣੇ ਸਹੁਰੀਂ ਚਲੀ ਗਈ। ਆਪਣੇ ਘਰ ਦਾ ਜਿੰਦਾ ਖੋਲਿ੍ਹਆ ਪਾਣੀ-ਧਾਣੀ ਪੀਤਾ। ਤੀਜੇ ਕੁ ਪਹਿਰ ਉਹ ਵੀਰਦੀਪ ਨੂੰ ਲੈ ਕੇ ਕਰਮੇ ਹੋਰਾਂ ਵੱਲ ਚਲੀ ਗਈ। ਨਵਜੋਤ ਫਿਰ ਉਹਨੂੰ ਬੜੇ ਨਿੱਘ ਨਾਲ ਮਿਲੀ, ਵੀਰਦੀਪ ਨੂੰ ਉਹਨੇ ਬੁੱਕਲ ਵਿੱਚ ਲਿਆ। ਉਹਦਾ ਦਿਲ ਕੀਤਾ ਵੀਰਦੀਪ ਉਹਦੀ ਬੁੱਕਲ ਵਿੱਚ ਹੀ ਬੈਠਾ ਰਹੇ, ਪਰ ਪਲ ਕੁ ਬਾਅਦ ਵੀਰਦੀਪ ਮੋਟਰ ਵੱਲ ਨਿਕਲ ਗਿਆ। ਗਰਮੀ ਬਹੁਤ ਸੀ, ਉਹ ਚੱਲ ਰਹੀ ਮੋਟਰ ਦੇ ਪਾਣੀ ਵਿੱਚ ਨਹਾਉਣ ਲੱਗਾ। ਗਰਮੀ ਦਾ ਮਾਰਿਆ ਉਹ ਕਈ ਦੇਰ ਤੱਕ ਨਹਾਉਂਦਾ ਰਿਹਾ।
ਨਵਜੋਤ ਨੇ ਚਾਹ ਬਣਾਈ। ਜਦ ਨੂੰ ਕਰਮਾ ਵੀ ਉੱਠ ਖਲੋਤਾ ਸੀ। ਉਹ ਚੁਬਾਰੇ ਵਿੱਚ ਸੁੱਤਾ ਪਿਆ ਸੀ। ‘ਨਸੀਬੋ ਤੇਰਾ ਚਿਹਰਾ ਉਡਿਆ ਉਡਿਆ ਜਿਹਾ ਲਗਦਾ, ਕੀ ਹੋਇਆ ਤੈਨੂੰ’ ਉਹਨੂੰ ਤੇ ਕਰਮੇ ਨੂੰ ਚਾਹ ਫੜਾਉਂਦਿਆਂ ਨਵਜੋਤ ਨੇ ਪੁੱਛਿਆ।
‘ਇੱਡੇ ਵੱਡੇ ਸਦਮੇ ’ਚੋਂ ਬੰਦਾ ਏਡੀ ਛੇਤੀ ਥੋੜਾ ਬਾਹਰ ਆ ਸਕਦਾ’ ਕਰਮੇ ਨੇ ਦਲੀਲ ਦਿੱਤੀ।
‘ਨਹੀਂ ਕਰਮੇ ਵੀਰ ਹੁਣ ਇੱਕ ਹੋਰ ਮੁਸੀਬਤ ਨੇ ਮਨ ਦੁਬਿਧਾ ਵਿੱਚ ਪਾ ਰੱਖਿਆ’ ਨਸੀਬੋ ਬੋਲੀ।
‘ਤੂੰ ਦੱਸ ਤਾਂ ਸਹੀ, ਆਪਾਂ ਮੁਸੀਬਤਾਂ ਹੱਲ ਕਰਨ ਵਾਸਤੇ ਈ ਆਂ’ ਕਰਮੇ ਨੇ ਕਿਹਾ।
‘ਉਹੀ, ਮੇਰੇ ਮਾਪੇ ਦੂਜਾ ਵਿਆਹ ਕਰਵਾਉਣ ਲਈ ਜ਼ੋਰ ਪਾਈ ਜਾਂਦੇ’ ਨਸੀਬੋ ਨੇ ਮਸਾਂ ਸ਼ਬਦ ਮੂੰਹ ‘ਚੋਂ ਕੱਢੇ।
‘ਫਿਰ ਤੂੰ ਕੀ ਕਿਹਾ’ ਨਵਜੋਤ ਬੋਲੀ।
‘ਮੈਂ ਤਾਂ ਮੰਨੀ ਨਹੀਂ, ਮੈ ਆਖਿਆ ਬਈ ਵੀਰਦੀਪ ਦਾ ਕੀ ਬਣੂ’ ਨਸੀਬੋ ਨੇ ਜਵਾਬ ਦਿੱਤਾ।
‘ਚਲ ਵੀਰਦੀਪ ਸਾਡੇ ਕੋਲ ਰਹਿ ਲਊ, ਜੇ ਤੇਰਾ ਇਰਾਦਾ ਬਣਦਾ ਤਾਂ’ ਕਰਮੇ ਨੇ ਆਖਿਆ ਤੇ ਹੁੰਘਾਰੇ ਲਈ ਨਵਜੋਤ ਦੇ ਮੂੰਹ ਵੱਲ ਵੇਖਣ ਲੱਗਾ।
‘ਮੈਂ ਇਹਤੋਂ ਬਿਨਾ ਕਿੱਦਾਂ ਰਹਾਂਗੀ’ ਨਸੀਬੋ ਦੀ ਮਮਤਾ ਉਛਾਲੇ ਮਾਰਨ ਲੱਗੀ।
‘ਤੇਰਾ ਜਦੋਂ ਦਿਲ ਕਰੂ ਮਿਲ ਜਿਆ ਕਰੀਂ, ਨਹੀਂ ਮੈਂ ਆਪ ਮਿਲਾ ਲਿਆ ਕਰੂ ਤੈਨੂੰ’ ਕਰਮੇ ਨੂੰ ਵੀਰਦੀਪ ਵਿੱਚ ਘਰਬਾਰ ਦਾ ਵਾਰਸ ਵਿਖਾਈ ਦੇਣ ਲੱਗਾ ਸੀ।
‘ਆਪਣੀਆਂ ਜਾਤਾਂ ‘ਚ ਤਾਂ ਜ਼ਮੀਨ ਆਸਮਾਨ ਦਾ ਫਰਕ ਐ’ ਨਸੀਬੋ ਨੇ ਸਵਾਲ ਕੀਤਾ।
‘ਗੁਰੂ ਨਾਨਕ ਦੇ ਘਰ ‘ਚ ਨੀ ਕੋਈ ਜਾਤ-ਗੋਤ, ਸਾਰੇ ਇਨਸਾਨ ਈ ਨੇ’ ਬਾਣੀ ਦੇ ਅਭਿਆਸ ਨੇ ਕਰਮੇ ਨੂੰ ਆਦਰਸ਼ਵਾਦੀ ਬਣਾ ਦਿੱਤਾ ਸੀ।
‘ਕੋਈ ਬੰਦਾ ਵੀ ਚਾਹੀਦਾ ਚੱਜ ਦਾ, ਉਈਂ ਨਾ ਫਾਹਾ ਲੈ ਬੈਠਾਂ।’ ਹੁਣ ਨਸੀਬੋ ਨੂੰ ਕੋਈ ਚਾਨਣ ਦੀ ਲਕੀਰ ਵਿਖਾਈ ਦੇਣ ਲੱਗੀ।
‘ਮੈਂ ਵੇਖਦਾਂ, ਇਕ ਮੁੰਡਾ ਬਿਜਲੀ ਬੋਰਡ ਦੇ ਦਫਤਰ ਕੰਮ ਕਰਦਾ, ਕਲਰਕ ਆ ਉਥੇ, ਮੇਰੇ ਨਾਲ ਪੜ੍ਹਦਾ ਹੁੰਦਾ ਸੀ। ਉਹਦੀ ਘਰਵਾਲੀ ਕੈਂਸਰ ਨਾਲ ਗੁਜ਼ਰ ਗਈ ਸੀ ਪਿਛਲੇ ਸਾਲ। ਇੱਕ ਕੁੜੀ ਐ ਉਹਦੇ ਪੰਜ ਕੁ ਸਾਲਾਂ ਦੀ। ਵੇਖਦਾਂ ਮੈਂ ਜੇ ਉਹਨੇ ਹਾਲੇ ਵਿਆਹ ਨਾ ਕਰਵਾਇਆ ਹੋਵੇ’ ਕਰਮੇ ਨੇ ਨਸੀਬੋ ਆਪਣੇ ਵੱਲੋਂ ਧਰਵਾਸ ਦਿੱਤਾ।
‘ਮੁੰਡਾ ਉਹ ਝਿਉਰਾਂ ਦਾ, ਤੇਰੇ ਘਰਦੇ ਜਾਤ-ਬਰਾਦਰੀ ਦਾ ਵਿਚਾਰ ਨਾ ਕਰਨ। ਉਹਨੂੰ ਮੈਂ ਆਪੇ ਮਨਾ ਲੂੰ’ ਕਰਮੇ ਨੇ ਅਗਲੀ ਦਲੀਲ ਦਿੱਤੀ। ਨਸੀਬੋ ਇਸ ਦੌਰਾਨ ਚੁੱਪ ਰਹੀ, ਨਵਜੋਤ ਵੱਲ ਵੇਖਣ ਲੱਗੀ ਤੇ ਉਹਦੇ ਹੰਝੂ ਗੱਲ੍ਹਾਂ ਤੋਂ ਦੀ ਹੋ ਕੇ ਚੁੰਨੀ ਭਿਉਣ ਲੱਗੇ। ਮੁੰਡੇ ਦੀ ਮਮਤਾ ਉਹਨੂੰ ਪੀੜ ਰਹੀ ਸੀ।
‘ਤੁਸੀਂ ਵੀ ਵੀਰਾ ਮੇਰੇ ਮਾਪਿਆਂ ਵਾਲੀਆਂ ਗੱਲਾਂ ਕਰਨ ਲੱਗ ਪੇ, ਮੈਂ ਤਾਂ ਤੁਹਾਡਾ ਆਸਰਾ ਤੱਕ ਕੇ ਆਈ ਸੀ।’ ਨਸੀਬੋ ਦੀ ਆਵਾਜ਼ ਵਿੱਚ ਹਉਕਿਆਂ ਦੀ ਕੰਬਣੀ ਰਲੀ ਹੋਈ ਸੀ।
ਉਹਦਾ ਹਾਲ ਦੇਖ ਕੇ ਕਰਮੇ ਨੂੰ ਤਰਸ ਆ ਗਿਆ, ‘ਬਾਕੀ ਤੇਰੀ ਮਰਜ਼ੀ ਆ ਭਾਬੀ। ਜ਼ੋਰ ਲਾਈਏ ਤਾਂ ਤੈਨੂੰ ਹੁਕਮੇ ਵਾਲੀ ਨੌਕਰੀ ਵੀ ਮਿਲ ਜੂ, ਬਸ ਤੇਰੀ ਪੜ੍ਹਾਈ ਵਾਲਾ ਅੜਿੱਕਾ ਨਾ ਲੱਗੇ। ਸਾਡੇ ਵੱਲੋਂ ਪਿੰਡ ਰਹਿ ਲੈ, ਸਾਡੇ ਘਰ ਰਹਿ ਲੈ, ਅਸੀਂ ਤਾਂ ਫਿਰ ਵੀ ਤੇਰੇ ਨਾਲ ਰਹਾਂਗੇ, ਪਰ ਆਪਣਾ ਸਮਾਜ ਬੜਾ ਕੋਹੜੀ ਆ। ’ਕੱਲੀ ਤੀਵੀਂ ਦਾ ਜੀਣਾ ਦੁੱਭਰ ਕਰ ਦਿੰਦਾ।’
‘ਠੀਕ ਐ ਤੇਰੀ ਗੱਲ ਵੀਰਾ, ਪਰ ਮੇਰੀ ਮਮਤਾ ਸਦਾ ਲਈ ਵੰਡੀ ਜਾਵੇਗੀ’ ਨਸੀਬੋ ਤਰੇੜੇ ਜਾ ਰਹੇ ਮੋਹ ਨਾਲ ਪੀੜਤ ਸੀ।
‘ਵੰਡੀ ਕਿਵੇਂ ਜਾਊ, ਵੀਰਦੀਪ ਆਪਣੇ ਈ ਘਰ ‘ਚ ਰਹੂ’ ਹੁਣ ਨਵਜੋਤ ਨੇ ਦਖਲ ਦਿੱਤਾ। ਉਹ ਬੱਚੇ ਵਾਲੀ ਔਰਤ ਦੇ ਅਨੁਭਵ ਤੋਂ ਕੋਰੀ ਸੀ।
ਕਰਮੇਕਿਆਂ ਦੇ ਪਿਆਰ ਵਿੱਚ ਭਿੱਜੇ ਬੋਲਾਂ ਨਾਲ ਉਸ ਦਾ ਰੋਣਾ ਤੇਜ਼ ਹੋ ਗਿਆ। ਨਸੀਬੋ ਹੁਬਕੀਆਂ ਲੈਣ ਲੱਗੀ। ਉਹਦੇ ਚਿੱਤ ਵਿੱਚ ਆਇਆ, ਕਿੱਥੇ ਮੇਰੇ ਮਾਪੇ ਤੇ ਕਿੱਥੇ ਇਹ ਬਿਗਾਨੇ।
ਮੂੰਹ ਹਨੇਰਾ ਹੋ ਗਿਆ ਸੀ। ਕਰਮਾ ਵੀਰਦੀਪ ਨੂੰ ਨਾਲ ਲੈ ਕਿ ਝੋਨੇ ਦਾ ਨੱਕਾ ਮੋੜਨ ਚਲਾ ਗਿਆ। ਮੁੰਡਾ ਅੱਜ ਜਦੋਂ ਦਾ ਇਨ੍ਹਾਂ ਖੇਤਾਂ ਵਿੱਚ ਆਇਆ ਸੀ, ਆਪਣੇ ਬਾਪੂ ਦੀ ਤਸਵੀਰ ਵਾਰ-ਵਾਰ ਉਹਦੀਆਂ ਅੱਖਾਂ ਸਾਹਮਣੇ ਘੁੰਮ ਰਹੀ ਸੀ। ਪਰ ਝੋਨੇ ਦੀ ਦੂਰ ਤੱਕ ਫੈਲੀ ਹਰੇਵਾਈ ਦੇ ਸਮੁੰਦਰ ਨੇ ਉਸ ਦੇ ਮਨ ਦਾ ਦੁੱਖ ਅੱਜ ਕਾਫੀ ਘੱਟ ਕਰ ਦਿੱਤਾ ਸੀ।
‘ਕਿਉਂ ਬਈ ਵੀਰਦੀਪ ਸਿਆਂ, ਜੇ ਤੈਨੂੰ ਅਸੀਂ ਰੱਖ ਲਈਏ’ ਕਰਮੇ ਨੇ ਮੁੰਡੇ ਨੂੰ ਟੋਹਣਾ ਚਾਹਿਆ।
‘ਮੈਨੂੰ ਤਾਂ ਚਾਚਾ ਬੀਬੀ ਨਾਲ ਈ ਰਹਿਣਾ ਪਊ, ਕੱਲੀ ਵਿਚਾਰੀ ਕੀ ਕਰੂ ਉਹ’ ਪਿਉ ਦੇ ਮਰਨ ਬਾਅਦ ਵੀਰਦੀਪ ਕੁਝ ਜ਼ਿਆਦਾ ਸਿਆਣੀਆਂ ਗੱਲਾਂ ਕਰਨ ਲੱਗ ਪਿਆ ਸੀ।
ਅਗਲੀ ਗੱਲ ਕਰਮੇ ਨੇ ਵਿਚਾਲੇ ਹੀ ਛੱਡ ਦਿੱਤੀ, ਉਹ ਚਾਹੁੰਦਾ ਤਾਂ ਸੀ ਕਿ ਉਹਦੇ ਨਾਨਕਿਆਂ ਦੀ ਦੂਜੇ ਵਿਆਹ ਵਾਲੀ ਗੱਲ ਵੀਰਦੀਪ ਨਾਲ ਕਰੇ, ਪਰ ਉਹਨੂੰ ਲੱਗਾ ਇਹ ਹੱਕ ਮੇਰਾ ਨਹੀਂ, ਇਹਦੀ ਮਾਂ ਦਾ ਹੈ। ਉਹੀ ਇਹਨੂੰ ਸਮਝਾ ਸਕਦੀ।
ਕਰਮੇ ਤੇ ਵੀਰਦੀਪ ਦੇ ਖੇਤਾਂ ਵੱਲ ਜਾਣ ਤੋਂ ਬਾਅਦ ਨਵਜੋਤ ਨੇ ਨਸੀਬੋ ਨੂੰ ਆਪਣੀ ਜੱਫੀ ਵਿੱਚ ਲਿਆ ਤੇ ਆਪਣੇ ਮੰਜੇ ‘ਤੇ ਬਿਠਾ ਲਿਆ। ਰੰਗ ਰੂਪ ਦੇ ਫਰਕ ਦੇ ਬਾਵਜੂਦ ਉਨ੍ਹਾਂ ਨੂੰ ਇਉਂ ਲੱਗਾ ਜਿਵੇਂ ਉਹ ਸਕੀਆਂ ਭੈਣਾਂ ਹੋਣ; ‘ਵੇਖ ਨਸੀਬੋ ਇਹ ਮੇਰੀ ਇਕੱਲੀ ਦਾ ਘਰ ਨਹੀਂ, ਤੇਰਾ ਵੀ ਇਹਦੇ ਵਿੱਚ ਹਿੱਸਾ। ਤੇਰਾ ਘਰ ਵਾਲਾ ਇਨ੍ਹਾਂ ਖੇਤਾਂ ਲਈ ਮੁੱਕ ਗਿਆ। ਮੇਰੇ ਸਿਰ ਇਹ ਤੇਰਾ ਕਰਜ਼ ਵੀ ਖੜ੍ਹਾ। ਤੂੰ ਸਮਝ ਤੇਰਾ ਇਹ ਆਪਣਾ ਈ ਘਰ ਆ। ਕਰਮੇ ਨੇ ਤੇਰੇ ਸਾਹਮਣੇ ਸਾਰੇ ਰਾਹ ਖੋਲ੍ਹ ਦਿੱਤੇ ਨੇ, ਜਿੱਧਰ ਤੂੰ ਤੁਰਨਾ ਚਾਹੇਂ ਤੁਰ ਸਕਦੀ ਏਂ।’
‘ਤੀਵੀਂ ਦੀ ਭੈਣੇ ਕੌਣ ਸੁਣਦਾ ਇਸ ਜਹਾਨ ‘ਚ, ਕਰਨਾ ਤਾਂ ਉਹ ਪੈਣਾ ਜੋ ਜਣਦਿਆਂ ਦੀ ਮਰਜ਼ੀ ਹੋਏਗੀ।’ ਨਸੀਬੋ ਨੇ ਆਖਰੀ ਗੱਲ ਕੀਤੀ।