ਡਾ. ਅੰਮ੍ਰਿਤ ਕੌਰ*
*ਸੇਵਾਮੁਕਤ ਪ੍ਰੋਫੈਸਰ, ਪੰਜਾਬੀ ਯੁਨੀਵਰਸਿਟੀ, ਪਟਿਆਲਾ।
ਹੋਲਾ ਮਹਲਾ ਸਿੱਖਾਂ ਦਾ ਇੱਕ ਮਨੋਰੰਜਕ ਅਤੇ ਮੋਹਕ ਤਿਉਹਾਰ ਹੈ, ਜਿਸ ਦਾ ਮੁੱਢ ਗੁਰੂ ਗੋਬਿੰਦ ਸਿੰਘ ਜੀ ਨੇ ਚੇਤ ਵਦੀ 1 (ਚੰਨ ਸਬੰਧੀ ਕਲੰਡਰ ਅਨੁਸਾਰ ਪੂਰਨਮਾਸ਼ੀ ਤੋਂ ਅਗਲਾ ਦਿਨ), 1757 ਬਿਕਰਮੀ ਅਰਥਾਤ 22 ਫਰਵਰੀ 1701 ਨੂੰ ਖਾਲਸੇ ਦੀ ਸਾਜਨਾ (1699) ਤੋਂ ਦੋ ਕੁ ਸਾਲ ਬਾਅਦ, ਕਿਲ੍ਹਾ ਹੋਲਗੜ੍ਹ, ਆਨੰਦਪੁਰ ਸਾਹਿਬ (ਰੋਪੜ) ਦੇ ਅਸਥਾਨ `ਤੇ ਇੱਕ ਸੈਨਿਕ ਕੂਚ ਜਥੇਬੰਦ ਕਰਨ ਰਾਹੀਂ ਬੰਨਿ੍ਹਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਹੋਲਾ ਮਹਲਾ ਨਿਰਮੋਹਗੜ੍ਹ ਦੀ ਜੰਗ, ਜੋ ਕਿ ਅਕਤੂਬਰ 1700 ਦੇ ਦੌਰਾਨ ਸਿੱਖ ਸੈਨਿਕਾਂ ਤੇ ਪਹਾੜੀ ਰਾਜਿਆਂ ਦੇ ਦਰਮਿਆਨ ਹੋਈ, ਤੋਂ ਜਲਦੀ ਬਾਅਦ ਸ਼ੁਰੂ ਕੀਤਾ।
ਨਿਰਮੋਹਗੜ੍ਹ, ਕੀਰਤਪੁਰ ਸਾਹਿਬ ਤੋਂ 4 ਕਿਲੋਮੀਟਰ ਦੱਖਣ ਵੱਲ ਹੈ। ਗੁਰੂ ਸਾਹਿਬ ਦਾ ਹੋਲਾ ਮਹਲਾ ਸ਼ੁਰੂ ਕਰਨ ਦਾ ਮੰਤਵ ਸ਼ਾਇਦ ਸਿੱਖਾਂ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਭਿਆਨਕ ਯੁੱਧ ਲੜਨ ਦੇ ਕਾਬਲ ਬਣਾਉਣਾ ਸੀ।
ਗੁਰੂ ਗੋਬਿੰਦ ਸਿੰਘ ਜੀ ਨੇ ‘ਹੋਲਾ ਮਹਲਾ’ ਸਿੱਖਾਂ ਨੂੰ ਸੈਨਕ ਦਾਉ-ਪੇਚ ਸਿਖਾਉਣ ਲਈ ਸ਼ੁਰੂ ਕੀਤਾ। ਇਨ੍ਹਾਂ ਦਾਉ-ਪੇਚਾਂ ਵਿੱਚ ਸ਼ਾਮਲ ਸਨ- ਵਾਰ ਕਰਨ ਤੋਂ ਪਹਿਲਾਂ ਤਲਵਾਰ ਨੂੰ ਘੁਮਾਉਣਾ, ਗਤਕਾ ਚਲਾਉਣਾ, ਤੀਰ ਅੰਦਾਜ਼ੀ ਅਤੇ ਨੇਜਾ-ਬਾਜ਼ੀ ਜਿਸ ਵਿੱਚ ਘੋੜ ਸਵਾਰ ਆਪਣੇ ਘੋੜੇ ਨੂੰ ਤੇਜ਼ੀ ਨਾਲ ਦੁੜ੍ਹਾਉਂਦਾ ਹੋਇਆ ਧਰਤੀ `ਤੇ ਗੱਡੀ ਹੋਈ ਕਿਸੇ ਚੀਜ਼ ਨੂੰ ਆਪਣੇ ਨੇਜੇ ਨਾਲ ਪੁੱਟ ਕੇ ਲੈ ਜਾਂਦਾ ਹੈ।
ਹੋਲੇ ਮਹਲੇ ਦਾ ਮੰਤਵ ਲੜਾਈ ਦੀ ਮਨਸੂਈ (ਬਣਾਵਟੀ) ਸਥਿਤੀ ਪੈਦਾ ਕਰ ਕੇ ਸਿੱਖਾਂ ਨੂੰ ਸੈਨਿਕ ਦਾਉ-ਪੇਚ ਸਿਖਾਉਣਾ ਸੀ। ਗੁਰੂ ਸਾਹਿਬ ਸਿੱਖਾਂ ਦੇ ਦੋ ਦਲ ਬਣਾ ਕੇ ਉਨ੍ਹਾਂ ਦੋਹਾਂ ਨੂੰ ਯੁੱਧ ਵਿਦਿਆ ਅਤੇ ਸ਼ਸਤਰ ਵਿਦਿਆ ਵਿੱਚ ਨਿਪੁੰਨ ਕਰਦੇ ਸਨ। ਉਸ ਤੋਂ ਬਾਅਦ ਦੋਹਾਂ ਦਲਾਂ ਨੂੰ ਪ੍ਰਧਾਨ ਸਿੰਘਾਂ ਦੇ ਹੇਠ ਇੱਕ ਖਾਸ ਥਾਂ `ਤੇ ਕਬਜ਼ਾ ਕਰਨ ਲਈ ਮੁਕਾਬਲਾ ਕਰਵਾਉਂਦੇ ਸਨ। ਇਸ ਮਨਸੂਈ ਜੰਗ ਦੇ ਕਰਤੱਬ ਉਹ ਆਪ ਦੇਖਦੇ ਸਨ। ਉਹ ਦੋਹਾਂ ਦਲਾਂ ਨੂੰ ਆਪ ਸਿੱਖਿਆ ਦਿੰਦੇ ਸਨ ਅਤੇ ਜਿਹੜਾ ਦਲ ਕਾਮਯਾਬ ਹੁੰਦਾ, ਉਸ ਨੂੰ ਦੀਵਾਨ ਵਿੱਚ ਸਿਰੋਪਾਓ ਬਖਸ਼ਦੇ ਸਨ।
ਇਸ ਤਿਉਹਾਰ ਦੀ ਮਹਾਨਤਾ ਇਸ ਗੱਲ ਤੋਂ ਪਤਾ ਚੱਲਦੀ ਹੈ ਕਿ 1889 ਈ. ਵਿੱਚ ਜਦੋਂ ਖਾਲਸਾ ਦੀਵਾਨ, ਲਾਹੌਰ ਨੇ ਅੰਗਰੇਜ਼ੀ ਸਰਕਾਰ ਤੋਂ ਸਿੱਖ ਧਰਮ ਨਾਲ ਸਬੰਧਤ ਪੰਜ ਜਨਤਕ ਛੁੱਟੀਆਂ ਦੀ ਮੰਗ ਕੀਤੀ ਤਾਂ ਸਰਕਾਰ ਨੇ ਸਿਰਫ ਦੋ ਛੁੱਟੀਆਂ ਦੀ ਪਰਵਾਨਗੀ ਦਿੱਤੀ- (1) ਗੁਰੂ ਨਾਨਕ ਦੇਵ ਜੀ ਦਾ ਜਨਮ-ਪੁਰਬ ਅਤੇ (2) ਹੋਲਾ ਮਹਲਾ।
ਸਮਾਂ ਗੁਜ਼ਰਨ ਨਾਲ ਬਹੁਤ ਜਟਿਲ ਤੇ ਮਾਰੂ ਹਥਿਆਰ ਹੋਂਦ ਵਿੱਚ ਆਉਣ ਨਾਲ ਗੁਰੂ ਸਾਹਿਬ ਦੇ ਸਮੇਂ ਸਿਖਾਏ ਜਾਂਦੇ ਸੈਨਕ ਦਾਉ-ਪੇਚਾਂ ਦੀ ਮਹੱਤਤਾ ਘਟ ਗਈ ਹੈ; ਪਰ ਨਿਹੰਗ ਸਿੰਘਾਂ ਨੇ ਸਾਲਾਨਾ ਤੌਰ `ਤੇ ਸੈਨਿਕ ਦਾਉ-ਪੇਚਾਂ ਦਾ ਪ੍ਰਗਟਾਵਾ ਕਰਨਾ ਜਾਰੀ ਰੱਖਿਆ ਹੈ। ਹੋਲੇ ਮਹਲੇ `ਤੇ ਨਿਹੰਗ ਸਿੰਘ ਦੂਰੋਂ ਨੇੜਿਉਂ ਤਖ਼ਤ ਸ੍ਰੀ ਕੇਸਗੜ ਸਾਹਿਬ, ਆਨੰਦਪੁਰ ਸਾਹਿਬ ਪਹੁੰਚ ਕੇ ਆਪਣੇ ਜੌਹਰ ਦਿਖਾਉਂਦੇ ਹਨ, ਜਿਨ੍ਹਾਂ ਵਿੱਚ ਗੁਰੂ ਸਾਹਿਬ ਦੇ ਸਮੇਂ ਸਿਖਾਏ ਜਾਂਦੇ ਸਾਰੇ ਸੈਨਿਕ ਦਾਉ-ਪੇਚ ਸ਼ਾਮਲ ਹੁੰਦੇ ਹਨ। ਨਿਹੰਗ ਸਿੰਘਾਂ ਵੱਲੋਂ ਕੀਤੇ ਜਾਂਦੇ ਸਾਰੇ ਹੀ ਜੌਹਰ ਯਾਤਰੀਆਂ ਨੂੰ ਬਹੁਤ ਅਚੰਭਤ ਕਰਦੇ ਹਨ। ਵਿਸ਼ੇਸ਼ ਤੌਰ `ਤੇ ਜਦੋਂ ਦੋ ਨਿਹੰਗ ਸਿੰਘ ਇੱਕੋ ਸਮੇਂ ਚਾਰ ਘੋੜਿਆਂ ਦੀ ਸਵਾਰੀ ਕਰਦੇ ਹਨ ਤਾਂ ਉਨ੍ਹਾਂ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹਿੰਦੀ।
ਹਰ ਸਾਲ ਹੋਲੇ ਮਹਲੇ `ਤੇ ਲੱਖਾਂ ਯਾਤਰੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਆਨੰਦਪੁਰ ਸਾਹਿਬ, ਜ਼ਿਲ੍ਹਾ ਰੋਪੜ ਪਹੁੰਚ ਕੇ ਮੱਥਾ ਟੇਕਦੇ ਹਨ ਤੇ ਨਿਹੰਗ ਸਿੰਘਾਂ ਵੱਲੋਂ ਦਰਸਾਏ ਜਾਂਦੇ ਜੌਹਰਾਂ ਨੂੰ ਦੇਖਦੇ ਹਨ। ਇਸ ਮੌਕੇ ਸਿੱਖ ਭਾਰੀ ਗਿਣਤੀ ਵਿੱਚ ਪਹੁੰਚ ਕੇ ਅੰਮ੍ਰਿਤ ਛਕਦੇ ਹਨ। 2004 ਈ. ਵਿੱਚ ਅੰਮ੍ਰਿਤ ਤਿਆਰ ਕਰਨ ਲਈ 10 ਕੁਇੰਟਲ ਪਤਾਸਿਆਂ ਦੀ ਵਰਤੋਂ ਕੀਤੀ ਗਈ ਸੀ। ਹਰ ਸਾਲ ਅੰਮ੍ਰਿਤ ਛਕਣ ਵਾਲੀ ਸੰਗਤ ਦੀ ਗਿਣਤੀ ਵਧਦੀ ਜਾ ਰਹੀ ਹੈ ਤੇ ਇਸ ਲਈ ਪਤਾਸਿਆਂ ਦੀ ਮਿਕਦਾਰ ਵੀ ਵਧਦੀ ਜਾ ਰਹੀ ਹੈ।
ਸਾਲ 2016 ਦੇ ਹੋਲੇ ਮਹਲੇ ਵਿੱਚ ਜੋ ਪ੍ਰੋਗਰਾਮ ਉਭਰ ਕੇ ਅੱਗੇ ਆਇਆ, ਉਹ ਇਹ ਸੀ ਕਿ ਇਸ ਦਿਨ ਨੂੰ ਦਸਤਾਰ ਦਿਵਸ ਐਲਾਨਿਆ ਗਿਆ। ਸਿੱਖ ਨੇਸ਼ਨ ਆਰਗਨਾਈਜੇਸ਼ਨ ਨੇ ਵਿਸ਼ਵ-ਵਿਆਪੀ ਇਹ ਸੰਦੇਸ਼ ਪ੍ਰਸਾਰਤ ਕੀਤਾ ਕਿ ਹੋਲੇ ਮਹਲੇ ਦੇ ਦਿਨ ਸਾਰੇ ਸਿੱਖ ਮਰਦ ਕੇਸਰੀ ਦਸਤਾਰ ਸਜਾ ਕੇ ਦਸਤਾਰ ਦਿਵਸ ਮਨਾਉਣ। ਇਹ ਅਪੀਲ ਫਰਾਂਸ ਵੱਲੋਂ ਆਪਣੇ ਸਰਕਾਰੀ ਸਕੂਲਾਂ ਵਿੱਚ ਧਾਰਮਕ ਨਿਸ਼ਾਨੀਆਂ `ਤੇ ਪਾਬੰਦੀ ਲਗਾਉਣ ਦੇ ਪ੍ਰਤੀਕਰਮ ਵਜੋਂ ਕੀਤੀ ਗਈ ਸੀ।
ਗੁਰੂ ਸਾਹਿਬ ਨੇ ਵੈਸਾਖ 1, 1699 ਅਰਥਾਤ 14 ਅਪ੍ਰੈਲ 1699 ਜਿਸ ਦਿਨ ਨੂੰ ਹੁਣ ਵੈਸਾਖੀ ਦੇ ਤੌਰ `ਤੇ ਮਨਾਇਆ ਜਾਂਦਾ ਹੈ, ਨੂੰ ਖਾਲਸੇ ਦੀ ਸਾਜਨਾ ਵੀ ਆਨੰਦਪੁਰ ਸਾਹਿਬ ਦੇ ਅਸਥਾਨ `ਤੇ ਹੀ ਕੀਤੀ ਸੀ। ਗੁਰੂ ਸਾਹਿਬ ਨੇ ਖੰਡੇ ਦੀ ਪਾਹੁਲ ਅਰਥਾਤ ਅੰਮ੍ਰਿਤ ਛਕਾ ਕੇ ਖਾਲਸੇ ਦੀ ਸਾਜਨਾ ਕੀਤੀ, ਜਿਸ ਵਿੱਚ ਉਨ੍ਹਾਂ ਨੇ ਆਪਣੀ ਦਿਖ ਵਰਗਾ ਇੱਕ ਸਮੁਦਾਇ ਤਿਆਰ ਕੀਤਾ। ਉਨ੍ਹਾਂ ਨੇ ਪੰਜ ਸ਼ਰਧਾਵਾਨ ਸਿੱਖਾਂ- ਭਾਈ ਦਯਾ ਰਾਮ, ਭਾਈ ਧਰਮ ਦਾਸ, ਭਾਈ ਮੁਹਕਮ ਚੰਦ, ਭਾਈ ਹਿੰਮਤ ਅਤੇ ਭਾਈ ਸਾਹਿਬ ਚੰਦ ਦਾ ਸੱਚ ਅਤੇ ਦ੍ਰਿੜ੍ਹਤਾ ਨਾਲ ਖੜ੍ਹੇ ਹੋ ਸਕਣ ਦਾ ਇਮਤਿਹਾਨ ਕਰਨ ਤੋਂ ਬਾਅਦ ਇਨ੍ਹਾਂ ਨੂੰ ‘ਪੰਜ ਪਿਆਰੇ’ ਐਲਾਨਿਆ ਤੇ ਆਪਣੇ ਵਰਗਾ ਪਹਿਰਾਵਾ ਅਰਥਾਤ ਨੀਲਾ ਬਾਣਾ ਪਹਿਨਾਇਆ। ਇਹ ਨੀਲਾ ਬਾਣਾ ਸੀ- ਇੱਕ ਲੰਬਾ ਗੋਡਿਆਂ ਤੋਂ ਹੇਠਾਂ ਤਕ ਆਉਂਦਾ ਹੋਇਆ ਨੀਲਾ ਚੋਲਾ ਤੇ ਨੀਲੀ ਦਸਤਾਰ। ਗੁਰੂ ਸਾਹਿਬ ਨੇ ਇਨ੍ਹਾਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਜੋ ਕਿ ਜਲ ਅਤੇ ਪਤਾਸਿਆਂ ਦੇ ਮਿਸ਼ਰਨ ਤੋਂ ਤਿਆਰ ਕੀਤਾ ਗਿਆ ਸੀ। ਅੰਮ੍ਰਿਤ ਤਿਆਰ ਕਰਦੇ ਸਮੇਂ ਗੁਰੂ ਜੀ ਨੇ ਪੰਜ ਬਾਣੀਆਂ ਦਾ ਪਾਠ ਕੀਤਾ। ਅੰਮ੍ਰਿਤ ਛਕਾਉਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਮੁਦਾਇ ਦੇ ਹਰੇਕ ਮੈਂਬਰ ਨੂੰ ਵੱਖਰੀ ਦਿਖ ਰੱਖਣ ਲਈ ਪੰਜ ਨਿਸ਼ਾਨੀਆਂ ਦੇ ਰੂਪ ਵਿੱਚ ਪੰਜ ਕਕਾਰਾਂ ਦੇ ਧਾਰਨੀ ਬਣਾਇਆ: (1) ਕੇਸ- ਸਾਧੂਆਂ ਦੀ ਤਰ੍ਹਾਂ, ਸ਼ਰਧਾ ਦੇ ਚਿੰਨ੍ਹ ਵਜੋਂ; (2) ਲੋਹੇ ਦਾ ਕੜਾ- ਪਰਮਾਤਮਾ ਦੀ ਸਰਬਵਿਆਪਕਤਾ ਦਾ ਸੂਚਕ; (3) ਕੰਘਾ- ਕੇਸਾਂ ਨੂੰ ਸਾਫ ਸੁਥਰਾ ਰੱਖਣ ਲਈ; (4) ਕਛਹਿਰਾ- ਪਵਿਤਰਤਾ ਦਾ ਸੂਚਕ ਅਤੇ (5) ਕਿਰਪਾਨ- ਸਮਾਜ ਦੇ ਦਰੜੇ ਹੋਏ ਵਿਅਕਤੀਆਂ ਦੀ ਸੁਰੱਖਿਆ ਲਈ।
ਗੁਰੂ ਸਾਹਿਬ ਨੇ ਐਲਾਨ ਕੀਤਾ ਕਿ ਖਾਲਸਾ ਮੇਰਾ ਰੂਪ ਹੈ ਤੇ ਮੈਂ ਖਾਲਸੇ ਵਿੱਚ ਵਾਸ ਕਰਦਾ ਹਾਂ। ਖਾਲਸਾ ਪਰਮਾਤਮਾ ਦੀ ਫੌਜ ਹੈ, ਜਿਸ ਨੂੰ ਕਿ ਪਰਮਾਤਮਾ ਦੇ ਹੁਕਮ ਅਨੁਸਾਰ ਸਾਜਿਆ ਗਿਆ ਹੈ। ਆਪਣੀ ਬਾਣੀ ਵਿੱਚ ਦਸਮ ਪਾਤਸ਼ਾਹ ਨੇ ਕਿਹਾ ਹੈ ਕਿ ਮੈਨੂੰ ਰਹਿਤ ਅਰਥਾਤ ਪੰਜ ਕਕਾਰਾਂ ਦਾ ਧਾਰਨੀ ਪਿਆਰਾ ਹੈ, ਨਾ ਕਿ ਸਿੱਖ। ਪਰ ਜਿਉਂ ਜਿਉਂ ਸਮਾਂ ਬਦਲਦਾ ਗਿਆ ਸਿਰਫ਼ ਨਿਹੰਗ ਸਿੰਘਾਂ ਨੇ ਹੀ ਗੁਰੂ ਸਾਹਿਬ ਦੀ ਤਰ੍ਹਾਂ ਨੀਲਾ ਬਾਣਾ- ਨੀਲਾ ਚੋਲਾ ਤੇ ਨੀਲੀ ਦਸਤਾਰ ਦੀ ਹਿਦਾਇਤ `ਤੇ ਅਮਲ ਕਰਨਾ ਜਾਰੀ ਰੱਖਿਆ।
ਇਸ ਸਾਲ ਹੋਲਾ ਮਹਲਾ ਮਾਰਚ 24, 25 ਅਤੇ 26 ਨੂੰ ਮਨਾਇਆ ਗਿਆ। ਲੱਖਾਂ ਸਿੱਖਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਿਆ। ਹਜ਼ਾਰਾਂ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ।