ਸਿੱਖ ਅਸੈਂਬਲੀ ਆਫ਼ ਅਮਰੀਕਾ ਵੱਲੋਂ ‘ਸਿੱਖ ਲੌਬਿੰਗ’ ਦੀ ਲੋੜ ਬਾਰੇ ਚਰਚਾ

ਖਬਰਾਂ

ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਸਿੱਖ ਕੌਮ ਦੇ ਮੁੱਦਿਆਂ ਨੂੰ ਵਾਸ਼ਿੰਗਟਨ ਡੀ.ਸੀ. ਵਿੱਚ ਲੌਬਿੰਗ ਰਾਹੀਂ ਅਤੇ ਮਰਹੂਮ ਖਾਲਿਸਤਾਨੀ ਆਗੂ ਡਾ. ਗੁਰਮੀਤ ਸਿੰਘ ਔਲਖ ਦੇ ਅਧੂਰੇ ਕਾਰਜ ਨੂੰ ਅੱਗੇ ਤੋਰਨ ਲਈ ਹੋਂਦ ਵਿੱਚ ਆਈ ਸੰਸਥਾ ਸਿੱਖ ਅਸੈਂਬਲੀ ਆਫ ਅਮਰੀਕਾ ਵੱਲੋਂ ਪਿਛਲੇ ਦਿਨੀਂ ਐਟਲਾਂਟਿਸ ਬੈਂਕੁਇਟ ਹਾਲ, ਅਰਲਿੰਗਟਨ ਹਾਈਟਸ ਵਿੱਚ ਪੰਥਕ ਇਕੱਤਰਤਾ ਕੀਤੀ ਗਈ। ਇਸ ਮੌਕੇ ‘ਸਿੱਖ ਲੌਬਿੰਗ’ ਦੀ ਲੋੜ ਬਾਰੇ ਚਰਚਾ ਕਰਦਿਆਂ ਇਸ ਗੱਲ ਉਤੇ ਜ਼ੋਰ ਦਿੱਤਾ ਗਿਆ ਕਿ

ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ, ਉਸ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਵਿੱਚ ਕਥਿਤ ਤੌਰ ‘ਤੇ ਘੱਟ-ਗਿਣਤੀਆਂ ਦੀ ਆਵਾਜ਼ ਨੂੰ ਜਿਸ ਸਾਜ਼ਿਸ਼ ਤਹਿਤ ਦਬਾਇਆ ਜਾ ਰਿਹਾ ਹੈ ਅਤੇ ਮਨੁੱਖੀ ਹੱਕ-ਹਕੂਕਾਂ ਦੀ ਗੱਲ ਕਰਨ ਵਾਲਿਆਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਇਸ ਸਭ ਵਰਤਾਰੇ ਵਿਰੁੱਧ ਲਾਮਬੰਦੀ ਜ਼ਰੂਰੀ ਹੈ ਤੇ ਅਮਰੀਕੀ ਸਿਆਸਤ ਵਿੱਚ ਆਪਣੀ ਸ਼ਮੂਲੀਅਤ ਜ਼ਰੀਏ ਲੌਬਿੰਗ ਕਰਕੇ ਸੁਨੇਹਾ ਦੇਣ ਦੀ ਬੇਹੱਦ ਲੋੜ ਹੈ।
ਪ੍ਰਬੰਧਕਾਂ ਅਨੁਸਾਰ ਸਿੱਖ ਅਸੈਂਬਲੀ ਆਫ ਅਮਰੀਕਾ ਵੱਲੋਂ ਆਪਣੇ ਤੌਰ ‘ਤੇ ਅਮਰੀਕਾ ਵਿੱਚ ਇਹ ਦੂਜੀ ਇਕੱਤਰਤਾ ਕੀਤੀ ਗਈ ਹੈ। ਪਹਿਲੀ ਇਕੱਤਰਤਾ ਨਿਊ ਜਰਸੀ ਵਿੱਚ ਦਸੰਬਰ 2023 ਵਿੱਚ ਕੀਤੀ ਗਈ ਸੀ। ਇਨ੍ਹਾਂ ਇਕੱਤਰਤਾਵਾਂ ਦਾ ਮੁੱਖ ਮਕਸਦ ਸਿੱਖ ਸੰਗਤਾਂ ਨੂੰ ਅਸੈਂਬਲੀ ਵੱਲੋਂ ਕੀਤੀ ਜਾ ਰਹੀ ਲੌਬਿੰਗ ਰਾਹੀਂ ਦਰਪੇਸ਼ ਮਸਲਿਆਂ ਦੇ ਹੱਲ ਲਈ ਯਤਨਾਂ ਅਤੇ ਆਪਣੀ ਕਾਰਗੁਜ਼ਾਰੀ ਤੋਂ ਜਾਣੂ ਕਰਵਾਉਣਾ ਹੈ। ਸਿੱਖ ਅਸੈਂਬਲੀ ਆਫ਼ ਅਮਰੀਕਾ 2023 ਹੋਂਦ ਵਿੱਚ ਆਈ ਸੀ। ਅਸੈਂਬਲੀ ਦੇ ਇਸ ਸਮੇਂ ਤਿੰਨ ਡਾਇਰੈਕਟਰ- ਪਵਨ ਸਿੰਘ ਖਾਲਸਾ, ਸਵਰਨਜੀਤ ਸਿੰਘ ਤੇ ਸਿਮਰਜੋਤ ਸਿੰਘ ਹਨ। ਇਹ ਸੰਸਥਾ ਡਾ. ਗੁਰਮੀਤ ਸਿੰਘ ਔਲਖ ਦੇ ਪੁਰਾਣੇ ਸਾਥੀ ਸਾਬਕਾ ਕਾਂਗਰਸਮੈਨ ਡਾਨ ਬਰਟਨ ਦੇ ਨਾਲ ਵਾਸ਼ਿੰਗਟਨ ਡੀ.ਸੀ. ਵਿੱਚ ਕੰਮ ਕਰਦੀ ਹੈ। ਸੰਸਥਾ ਵੱਲੋਂ ਸਿੱਖ ਯੂਥ ਨੂੰ ਆਪਣੇ ਨਾਲ ਜੋੜਨ ਦੇ ਵੀ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਪਵਨ ਸਿੰਘ ਤੇ ਸਿਮਰਜੋਤ ਸਿੰਘ ਨੇ ਵਾਰੋ ਵਾਰੀ ਸਿੱਖ ਅਸੈਂਬਲੀ ਆਫ਼ ਅਮਰੀਕਾ ਦੀ ਤਰਜੀਹੀ ਲੋੜ, ਇਸ ਦੇ ਮਿਸ਼ਨ ਅਤੇ ਮੌਜੂਦਾ ਤੇ ਭਵਿੱਖ ਵਿੱਚ ਹੋਣ ਵਾਲੀਆਂ ਸਰਗਰਮੀਆਂ ਬਾਰੇ ਦੱਸਿਆ। ਇਤਿਹਾਸਕ ਹਵਾਲਿਆਂ ਅਤੇ ਸਿੱਖ ਵਿਰੋਧੀ ਸੰਸਥਾਵਾਂ ਤੇ ਸੱਤਾਧਾਰੀ ਧਿਰਾਂ ਦੀ ਘੱਟ ਗਿਣਤੀ ਭਾਈਚਾਰਿਆਂ ਪ੍ਰਤੀ ਸੋਚ ਦਾ ਜ਼ਿਕਰ ਕਰਦਿਆਂ ਬੁਲਾਰਿਆਂ ਨੇ ਸਪੱਸ਼ਟ ਕਿਹਾ ਕਿ ਜੇ ਹੁਣ ਵੀ ਮਨੁੱਖਤਾਵਾਦੀ ਪਹੁੰਚ ਨਾ ਅਪਨਾਉਂਦਿਆਂ ਚੁੱਪ ਵੱਟੀ ਰੱਖੀ ਤਾਂ ਆਉਣ ਵਾਲਾ ਸਮਾਂ ਸਿੱਖ ਪੰਥ ਅਤੇ ਸਿੱਖ ਕੌਮ ਦੀਆਂ ਪੀੜ੍ਹੀਆਂ ਲਈ ਸਾਜ਼ਗਾਰ ਨਹੀਂ ਹੋਵੇਗਾ।
ਹੋਰ ਬੁਲਾਰਿਆਂ ਵਿੱਚ ਕਾਂਗਰਸਮੈਨ ਮਿਸਟਰ ਡਾਨ ਬਰਟਨ, ਸੰਗਤੀ ਤੌਰ ‘ਤੇ ਬੁਲਾਰੇ ਗੁਰਦੁਆਰਾ ਪੈਲਾਟਾਈਨ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜੈਰਾਮ ਸਿੰਘ ਕਾਹਲੋਂ, ਸਾਬਕਾ ਪ੍ਰਧਾਨ ਹਰਕੀਰਤ ਸਿੰਘ ਸੰਧੂ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਆਗਿਆਪਾਲ ਸਿੰਘ ਬਾਠ, ਪਰਮਿੰਦਰ ਸਿੰਘ ਵਾਲੀਆ, ਕਾਰਸੇਵਾ ਜਥੇ ਦੇ ਮੋਢੀ ਸਤਨਾਮ ਸਿੰਘ ਔਲਖ ਵੀ ਸ਼ਾਮਲ ਸਨ। ਇਸ ਮੌਕੇ ਸਟੇਜ ਦੀ ਸੇਵਾ ਸੰਤ ਬਲਬੀਰ ਸਿੰਘ ਨੇ ਨਿਭਾਈ। ਉਨ੍ਹਾਂ ਦੱਸਿਆ ਕਿ ਇਹ ਇਕੱਤਰਤਾ ਸਿੱਖ ਅਸੈਂਬਲੀ ਆਫ ਅਮਰੀਕਾ ਲਈ ਫੰਡ ਇਕੱਤਰ ਕਰਨ ਅਤੇ ਸਿੱਖ ਭਾਈਚਾਰੇ ਨੂੰ ਅਸੈਂਬਲੀ ਬਾਰੇ ਜਾਣਕਾਰੀ ਦੇਣ ਦੇ ਮਕਸਦ ਨਾਲ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਮੱਖਣ ਸਿੰਘ ਕਲੇਰ ਨੇ ਆਏ ਮਹਿਮਾਨਾਂ ਅਤੇ ਫੰਡ ਦੇਣ ਵਾਲੇ ਸੱਜਣਾਂ ਤੇ ਸੰਸਥਾਵਾਂ ਦਾ ਉਚੇਚਾ ਧੰਨਵਾਦ ਕੀਤਾ।
ਇਸ ਮੌਕੇ ਰੁਪਿੰਦਰ ਸਿੰਘ ਬਾਠ ਓਹਾਇਓ, ਬਿਕਰਮਜੀਤ ਸਿੰਘ ਵਰਜੀਨੀਆ ਅਤੇ ਦਲਬੀਰ ਸਿੰਘ ਚੀਮਾ ਤੇ ਪਰਿਵਾਰ ਗਿਲਸਬਰਗ ਇਲੀਨਾਏ ਅਤੇ ਪੰਥਕ ਸਲੇਟ ਦੀ ਟੀਮ ਤੇ ਸਪੋਟਰ ਤੋਂ ਇਲਾਵਾ ਹੋਰ ਸਥਾਨਕ ਸੰਸਥਾਵਾਂ ਦੇ ਨੁਮਾਇੰਦੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ।
ਇਸ ਇਕੱਤਰਤਾ ਤੋਂ ਅਗਲੇ ਦਿਨ ਸਿੱਖ ਅਸੈਂਬਲੀ ਆਫ਼ ਅਮਰੀਕਾ ਦੇ ਡਾਇਰੈਕਟਰਾਂ- ਪਵਨ ਸਿੰਘ ਖਾਲਸਾ ਤੇ ਸਿਮਰਜੋਤ ਸਿੰਘ ਦੀ ਸਿੱਖ ਰਿਲੀਜੀਅਸ ਸੁਸਾਇਟੀ ਪੈਲਾਟਾਈਨ ਸ਼ਿਕਾਗੋ ਵਿੱਖੇ ਸੰਗਤਾਂ ਨਾਲ ਸਾਂਝ ਪੁਆਈ ਗਈ ਅਤੇ ਉਨ੍ਹਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਨ੍ਹਾਂ ਬੁਲਾਰਿਆਂ ਨੇ ਆਪਣੀ ਤਕਰੀਰ ਵਿੱਚ ਕਿਹਾ ਕਿ ਬਾਹਰਲੇ ਦੇਸ਼ਾਂ ਵਿੱਚ ਸਿੱਖ ਕੌਮ ਦੇ ਨੌਜਵਾਨਾਂ ਨੂੰ ਮਾਰ ਮੁਕਾਉਣ ਤੇ ਸ਼ੋਸ਼ਲ ਮੀਡੀਆ ‘ਤੇ ਗਲਤ ਢੰਗ ਨਾਲ ਸਿੱਖਾਂ ਨੂੰ ਬਦਨਾਮ ਕਰਨ ਸਬੰਧੀ ਸਾਂਝ ਸੰਗਤ ਨਾਲ ਪਾਈ ਤੇ ਸੰਗਤ ਨੂੰ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਜੇ ਤੁਹਾਡੇ ਕੋਲ ਅੱਜ ਕਿਸੇ ‘ਤੇ ਹੋ ਰਹੇ ਅੱਤਿਆਚਾਰ ਦੇ ਸਬੂਤ ਹਨ ਤਾਂ ਸਾਨੂੰ ਦਿਓ, ਅਸੀਂ ਤੁਹਾਡੇ ਲਈ ਸਿੱਖ ਅਸੈਂਬਲੀ ਆਫ਼ ਅਮਰੀਕਾ ਰਾਹੀਂ ਵਾਸ਼ਿੰਗਟਨ ਡੀ.ਸੀ. ਵਿੱਚ ਆਵਾਜ਼ ਉਠਾਵਾਂਗੇ। ਉਨ੍ਹਾਂ ਯੂਥ ਨੂੰ ਵੀ ਸੁਚੇਤ ਅਤੇ ਤਿਆਰ ਰਹਿਣ ਦੀ ਬੇਨਤੀ ਕੀਤੀ।

Leave a Reply

Your email address will not be published. Required fields are marked *