ਸਿੰਗਾਪੁਰ ਵਿੱਚ ਵੀ ਰੁਤਬਾਦਾਰ ਨੇ ਪੰਜਾਬੀ

ਆਮ-ਖਾਸ

*ਪੌਣੇ ਦੋ ਸੌ ਸਾਲ ਪੁਰਾਣੀ ਸਾਂਝ*
ਪੰਜਾਬੀ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸੇ ਹੋਏ ਹਨ ਤੇ ਆਪਣੀ ਮਿਹਨਤ, ਲਿਆਕਤ ਅਤੇ ਮੁਹੱਬਤ ਸਦਕਾ ਨਿਰੰਤਰ ਉਚੇਰੇ ਮੁਕਾਮ ਹਾਸਿਲ ਕਰ ਰਹੇ ਹਨ। ਏਸ਼ੀਆਈ ਮੁਲਕ ਸਿੰਗਾਪੁਰ ਨਾਲ ਪੰਜਾਬੀਆਂ ਦੀ ਸਾਂਝ 175 ਸਾਲ ਪੁਰਾਣੀ ਹੈ, ਜਦੋਂ ਕਿ ਸਿੰਗਾਪੁਰ ਤੇ ਭਾਰਤੀ ਸੱਭਿਆਚਾਰ ਦੀ ਸਾਂਝ ਦੋ ਸੌ ਤੋਂ ਵੀ ਵੱਧ ਵਰ੍ਹੇ ਪੁਰਾਣੀ ਹੈ। ਪਹਿਲੀ ਐਂਗਲੋ-ਸਿੱਖ ਜੰਗ ਵਿੱਚ ਸਿੱਖਾਂ ਵੱਲੋਂ ਵਿਖਾਈ ਗਈ ਸੂਰਮਗਤੀ ਦੇ ਅੰਗਰੇਜ਼ ਬੜੇ ਪ੍ਰਸ਼ੰਸਕ ਸਨ। ਇਸ ਕਰਕੇ ਉਨ੍ਹਾਂ ਨੇ ਪੰਜਾਬੀ ਸਿੱਖ ਨੌਜਵਾਨਾਂ ਨੂੰ ਪੁਲਿਸ ਵਿੱਚ ਭਰਤੀ ਕਰਕੇ ਸਿੰਗਾਪੁਰ ਭੇਜਣਾ ਸ਼ੁਰੂ ਕਰ ਦਿੱਤਾ। ਪੇਸ਼ ਹੈ, ਸਿੰਗਾਪੁਰ ਨਾਲ ਪੰਜਾਬੀਆ ਦੀ ਸਾਂਝ ਦਾ ਸੰਖੇਪ ਵੇਰਵਾ…

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: +91-9781646008

ਸਿੰਗਾਪੁਰ ਦੀ ਕੁੱਲ ਆਬਾਦੀ ਦਾ 9 ਫ਼ੀਸਦੀ ਹਿੱਸਾ ਭਾਰਤੀਆਂ ਦੇ ਹਿੱਸੇ ਆਉਂਦਾ ਹੈ ਤੇ ਇਹ ਇੱਥੇ ਵੱਸਣ ਵਾਲੀ ਤੀਜੀ ਵੱਡੀ ਕੌਮ ਹੋਣ ਦਾ ਸ਼ਰਫ਼ ਰੱਖਦੇ ਹਨ। ਇੱਥੇ ਵੱਸਣ ਵਾਲੇ ਵਧੇਰੇ ਭਾਰਤੀ ਲੋਕ ਦੱਖਣ ਭਾਰਤੀ ਮੂਲ ਦੇ ਹਨ, ਜਿਸ ਕਰਕੇ ਦੱਖਣ ਭਾਰਤੀ ਸੰਸਕ੍ਰਿਤੀ ਦਾ ਸਿੰਗਾਪੁਰ ਦੀ ਸੰਸਕ੍ਰਿਤੀ ‘ਤੇ ਖ਼ਾਸਾ ਪ੍ਰਭਾਵ ਵੇਖਣ ਨੂੰ ਮਿਲਦਾ ਹੈ। ਸੰਨ 1819 ਦੇ ਆਸ-ਪਾਸ ਭਾਰਤੀਆਂ ਦਾ ਇੱਥੇ ਆਗਮਨ ਹੋਇਆ ਸੀ। ਇਹ ਭਾਰਤੀ ਲੋਕ ਬਤੌਰ ਮਜ਼ਦੂਰ ਜਾਂ ਸੈਨਿਕ ਦੱਖਣ ਭਾਰਤ ਤੋਂ ਇੱਥੇ ਪੁੱਜੇ ਸਨ। ਇੱਥੇ ਤਾਮਿਲ ਲੋਕ ਬਹੁ-ਸੰਖਿਆ ਵਿੱਚ ਹਨ। ਸਿੰਗਾਪੁਰ ਤੇ ਭਾਰਤੀ ਸੱਭਿਆਚਾਰ ਦੀ ਸਾਂਝ ਦੋ ਸੌ ਤੋਂ ਵੀ ਵੱਧ ਵਰ੍ਹੇ ਪੁਰਾਣੀ ਹੈ ਅਤੇ ਇੱਥੇ ਵੱਸਦੇ ਭਾਰਤੀਆਂ ਦਾ ਸਿਆਸਤ, ਸਿੱਖਿਆ, ਕਾਨੂੰਨ, ਖੇਡਾਂ ਤੇ ਕੂਟਨੀਤੀ ਵਿੱਚ ਪੂਰਾ ਬੋਲਬਾਲਾ ਹੈ।
ਸਿੰਗਾਪੁਰ ਪੁੱਜਣ ਵਾਲੇ ਸਭ ਤੋਂ ਪਹਿਲੇ ਪੰਜਾਬੀ ਦੀ ਜੇ ਗੱਲ ਕੀਤੀ ਜਾਵੇ ਤਾਂ ਮਹਾਨ ਯੋਧੇ ਭਾਈ ਮਹਾਰਾਜ ਸਿੰਘ ਦਾ ਨਾਂ ਸਭ ਤੋਂ ਮੂਹਰੇ ਆਉਂਦਾ ਹੈ। ਦੂਜੀ ਐਂਗਲੋ-ਸਿੱਖ ਜੰਗ ਤੋਂ ਬਾਅਦ ਬਰਤਾਨਵੀ ਹਾਕਮਾਂ ਨੇ ਸੰਨ 1850 ਵਿੱਚ ਭਾਈ ਮਹਾਰਾਜ ਸਿੰਘ ਅਤੇ ਉਸਦੇ ਸਾਥੀ ਭਾਈ ਖੜਕ ਸਿੰਘ ਨੂੰ ਸਿਆਸੀ ਕੈਦੀਆਂ ਵਜੋਂ ਭਾਰਤ ਦੇ ਰਾਜ ਕਲਕੱਤਾ ਤੋਂ ਸਿੰਗਾਪੁਰ ਤਬਦੀਲ ਕਰ ਦਿੱਤਾ ਸੀ। ਸੰਨ 1856 ਵਿੱਚ ਸਿੰਗਾਪੁਰ ਵਿਖੇ ਹੀ ਭਾਈ ਮਹਾਰਾਜ ਸਿੰਘ ਦਾ ਦੇਹਾਂਤ ਹੋ ਗਿਆ ਸੀ ਤੇ ਉਨ੍ਹਾਂ ਦਾ ਅੰਤਿਮ ਸਸਕਾਰ ਕਰਕੇ ਉਨ੍ਹਾਂ ਦੀਆਂ ਅਸਥੀਆਂ ਸਿੰਗਾਪੁਰ ਵਿੱਚ ਹੀ ਇਕ ਕਬਰ ਬਣਾ ਕੇ ਸਾਂਭ ਦਿੱਤੀਆਂ ਗਈਆਂ ਸਨ। ਭਾਈ ਮਹਾਰਾਜ ਸਿੰਘ ਦੀ ਯਾਦਗਾਰ ਇਸ ਵਕਤ ਸਿੱਲਟ ਰੋਡ ਵਿਖੇ ਸਥਿਤ ਗੁਰਦੁਆਰਾ ਸਾਹਿਬ ਅੰਦਰ ਮੌਜੂਦ ਹੈ। ਇਤਿਹਾਸਕ ਹਵਾਲਿਆਂ ਤੋਂ ਪਤਾ ਲੱਗਦਾ ਹੈ ਕਿ ਸਿੰਗਾਪੁਰ ਤਾਂ ਮਲਾਇਆ ਦਾ ਹੀ ਇਕ ਹਿੱਸਾ ਹੋਇਆ ਕਰਦਾ ਸੀ ਤੇ ਬਰਤਾਨਵੀ ਰਾਜ ਦੇ ਅਧੀਨ ਸੀ। ਬੜੀ ਦਿਲਚਸਪ ਗੱਲ ਹੈ ਕਿ ਬਾਅਦ ਵਿੱਚ ਕਈ ਸਿੱਖ ਨੌਜਵਾਨ ਬਤੌਰ ਪੁਲਿਸ ਕਰਮਚਾਰੀ ਇੱਥੇ ਪੁੱਜੇ ਸਨ ਤੇ ਕਈ ਅਜਿਹੇ ਵੀ ਸਨ, ਜਿਨ੍ਹਾਂ ਨੂੰ ਭਾਰਤ ਅੰਦਰ ਬਰਤਾਨਵੀ ਸੈਨਿਕਾਂ ਦੇ ਕਤਲ ਕਰਨ ਜਾਂ ਉਨ੍ਹਾਂ ’ਤੇ ਹਮਲਾ ਕਰਨ ਅਤੇ ਬਰਤਾਨਵੀ ਹਾਕਮਾਂ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਾਉਣ ਆਦਿ ਦੇ ਜੁਰਮਾਂ ’ਚ ਸਜ਼ਾ ਭੁਗਤਣ ਲਈ ਬਰਤਾਨਵੀ ਫ਼ੌਜ ਦੇ ਅਧਿਕਾਰੀਆਂ ਵੱਲੋਂ ਸਿੰਗਾਪੁਰ ਭੇਜ ਦਿੱਤੇ ਗਏ ਸਨ ਤੇ ਇੱਥੇ ਲਿਆ ਕੇ ਉਨ੍ਹਾਂ ਨੂੰ ਸਿੰਗਾਪੁਰ ਦੀਆਂ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ ਸੀ। ਸੰਨ 1857 ਵਿੱਚ ਕੈਦੀਆਂ ਨੂੰ ਭਾਰਤ ਤੋਂ ਸਿੰਗਾਪੁਰ ਭੇਜਣ ਦੀ ਕਵਾਇਦ ਬੰਦ ਕਰ ਦਿੱਤੀ ਗਈ ਸੀ, ਕਿਉਂਕਿ ਕੈਦੀਆਂ ਨੂੰ ਰੱਖਣ ਲਈ ਅੰਡੇਮਾਨ ਵਿਖੇ ਜੇਲ੍ਹ ਬਣਾ ਦਿੱਤੀ ਗਈ ਸੀ।
ਇਹ ਵੀ ਸੱਚ ਹੈ ਕਿ ਬਰਤਾਨਵੀ ਹਾਕਮ ਪੰਜਾਬੀਆਂ ਦੀ ਬਹਾਦਰੀ ਅਤੇ ਸਿਰੜ ਦੇ ਕਾਇਲ ਵੀ ਸਨ। 11 ਦਸੰਬਰ 1845 ਤੋਂ ਲੈ ਕੇ 9 ਮਾਰਚ 1846 ਤੱਕ ਚੱਲੀ ਪਹਿਲੀ ਐਂਗਲੋ-ਸਿੱਖ ਜੰਗ ਵਿੱਚ ਸਿੱਖਾਂ ਵੱਲੋਂ ਵਿਖਾਈ ਗਈ ਸੂਰਮਗਤੀ ਦੇ ਅੰਗਰੇਜ਼ ਬੜੇ ਪ੍ਰਸ਼ੰਸਕ ਸਨ ਅਤੇ ਸਿੱਖਾਂ ਦੇ ਉੱਚੇ-ਲੰਮੇ ਕੱਦ, ਭਰਵੇਂ ਜੁੱਸੇ ਤੇ ਮੁਸ਼ਕਿਲਾਂ ’ਚ ਵੀ ਖਿੜਖਿੜਾਉਂਦੇ ਚਿਹਰੇ ਉਨ੍ਹਾਂ ਨੂੰ ਬੜੇ ਚੰਗੇ ਲੱਗਦੇ ਸਨ। ਇਸ ਕਰਕੇ ਉਨ੍ਹਾਂ ਨੇ ਪੰਜਾਬੀ ਸਿੱਖ ਨੌਜਵਾਨਾਂ ਨੂੰ ਸਿੰਗਾਪੁਰ ਪੁਲਿਸ ਵਿੱਚ ਭਰਤੀ ਕਰਨ ਦਾ ਫ਼ੈਸਲਾ ਲਿਆ ਤੇ ਪੰਜਾਬ ਵਿੱਚ ਨੌਜਵਾਨਾਂ ਨੂੰ ਭਰਤੀ ਕਰਕੇ ਸਿੰਗਾਪੁਰ ਭੇਜਣਾ ਸ਼ੁਰੂ ਕਰ ਦਿੱਤਾ। ਇਸਦੇ ਨਾਲ ਹੀ ਸਿੰਗਾਪੁਰ ਦੇ ਲੋਕਾਂ ਵੱਲੋਂ ਬਰਤਾਨਵੀ ਹਾਕਮਾਂ ਖ਼ਿਲਾਫ਼ ਕੀਤੇ ਜਾਣ ਵਾਲੇ ਵਿਦਰੋਹਾਂ ਕਰਕੇ ਉਹ ਸਿੰਗਾਪੁਰ ਵਾਸੀਆਂ ਨੂੰ ਸਿੰਗਾਪੁਰ ਪੁਲਿਸ ਵਿੱਚ ਭਰਤੀ ਨਹੀਂ ਕਰਨਾ ਚਾਹੁੰਦੇ ਹਨ। ਸੋ ਉਹ ਵੱਡੀ ਗਿਣਤੀ ਵਿੱਚ ਪੰਜਾਬ ਤੋਂ ਸਿੱਖ ਨੌਜਵਾਨਾਂ ਨੂੰ ਬਤੌਰ ਪੁਲਿਸ ਕਰਮਚਾਰੀ ਭਰਤੀ ਕਰਕੇ ਮਲਾਇਆ ਅਤੇ ਸਿੰਗਾਪੁਰ ਵਿਖੇ ਲੈ ਆਏ ਸਨ। 26 ਮਾਰਚ 1881 ਨੂੰ 54 ਸਿੱਖ ਪੁਲਿਸ ਕਰਮਚਾਰੀਆਂ ਦੀ ਪਹਿਲੀ ਟੁਕੜੀ ਇੱਥੇ ਪੁੱਜ ਗਈ ਸੀ ਤੇ 65 ਸਿੱਖ ਸਿਪਾਹੀਆਂ ਦੀ ਦੂਜੀ ਟੁਕੜੀ ਅਗਸਤ 1881 ਵਿੱਚ ਸਿੰਗਾਪੁਰ ਦੀ ਧਰਤੀ ’ਤੇ ਉਤਰੀ ਸੀ। ਇਨ੍ਹਾਂ ਬਹਾਦਰ ਸਿਪਾਹੀਆਂ ਨੂੰ ਚੀਨ ਦੀਆਂ ਖ਼ੁਫ਼ੀਆਂ ਏਜੰਸੀਆਂ ਨਾਲ ਸਿੱਝਣ ਦੇ ਨਾਲ-ਨਾਲ ਬੰਦਰਗਾਹਾਂ ਅਤੇ ਗੁਦਾਮਾਂ ਦੀ ਰਾਖੀ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਸ਼ਾਤਿਰ ਦਿਮਾਗ ਅੰਗਰੇਜ਼ ਹਾਕਮਾਂ ਨੇ ਇੱਥੇ ਸਿਰਫ ਉਹੀ ਨੌਜਵਾਨ ਭਰਤੀ ਕਰਕੇ ਭੇਜੇ ਸਨ, ਜਿਨ੍ਹਾਂ ਦੀ ਉਮਰ 25 ਸਾਲ ਤੋਂ ਘੱਟ ਸੀ ਅਤੇ ਜਿਹੜੇ ਸਿਰੇ ਦੇ ਮਿਹਨਤੀ ਤੇ ਹਿੰਮਤੀ ਕਿਸਾਨ ਪਰਿਵਾਰਾਂ ਨਾਲ ਸਬੰਧਿਤ ਸਨ; ਪਰ ਅੰਗਰੇਜ਼ੀ ਬਿਲਕੁਲ ਨਹੀਂ ਜਾਣਦੇ ਸਨ। ਇੱਥੇ ਲਿਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਵਫ਼ਾਦਾਰ ਰਹਿਣ ਦੀ ਸਹੁੰ ਚੁਕਾਈ ਜਾਂਦੀ ਸੀ ਤੇ ਉਹ ਜਾਣਦੇ ਸਨ ਕਿ ਪੰਜਾਬੀ ਲੋਕ ਆਪਣੇ ਵਚਨ ਦੇ ਪੱਕੇ ਰਹਿੰਦੇ ਹਨ। ਅਜਿਹੇ ਅਨਪੜ੍ਹਾਂ ਨੂੰ ਭਰਤੀ ਕਰਨ ਦਾ ਮੁੱਖ ਮਕਸਦ ਉਨ੍ਹਾਂ ਨੂੰ ਸਦਾ ਆਪਣੇ ਅਧੀਨ ਰੱਖਣ ਦੀ ਘਾਗ ਸੋਚ ਵੀ ਸੀ। ਬਾਅਦ ਵਿੱਚ ਪੰਜਾਬ ਦੇ ਕੁਝ ਧਨਾਢ ਤੇ ਦਰਮਿਆਨੇ ਵਪਾਰੀ ਵੀ ਵਪਾਰ ਦੇ ਸਿਲਸਿਲੇ ਵਿੱਚ ਇੱਥੇ ਪੁੱਜੇ ਸਨ ਤੇ ਕੁਝ ਸਮੇਂ ਬਾਅਦ ਇੱਥੇ ਹੀ ਵੱਸ ਗਏ ਸਨ। ਗ਼ੌਰਤਲਬ ਹੈ ਕਿ ਉਨ੍ਹਾਂ ਵਪਾਰੀਆਂ ਦੇ ਵੰਸ਼ਜ ਅਜੋਕੇ ਸਮੇਂ ਵਿੱਚ ਵੀ ਸਿੰਗਾਪੁਰ ਵਿੱਚ ਵਪਾਰ ਕਰਦੇ ਹਨ।
ਸਿੰਗਾਪੁਰ ਦੇ ਵਿਕਾਸ ਵਿੱਚ ਪੰਜਾਬੀਆਂ ਨੇ ਵੱਡਾ ਯੋਗਦਾਨ ਪਾਇਆ ਹੈ, ਜਿਸ ਕਰਕੇ ਸਿੰਗਾਪੁਰ ਦੀ ਸਰਕਾਰ ਅਤੇ ਪ੍ਰਸ਼ਾਸਨ ਪੰਜਾਬੀਆਂ ਦੀ ਬੜੀ ਕਦਰ ਤੇ ਸਿਫ਼ਤ ਕਰਦਾ ਹੈ। ਇੱਥੇ ‘ਸਿੱਖ ਫ਼ਾਊਂਡੇਸ਼ਨ’ ਅਤੇ ‘ਪੰਜਾਬੀ ਫ਼ਾਊਂਡੇਸ਼ਨ’ ਨਾਮ ਦੀਆਂ ਦੋ ਮਹੱਤਵਪੂਰਨ ਜਥੇਬੰਦੀਆਂ ਸਰਗਰਮ ਹਨ, ਜੋ ਸਿੰਗਾਪੁਰ ਵਿੱਚ ਪੰਜਾਬੀ ਬੋਲੀ ਅਤੇ ਪੰਜਾਬੀ ਸੱਭਿਆਚਾਰ ਤੇ ਵਿਰਸੇ ਨੂੰ ਸੰਭਾਲਣ ਵਿੱਚ ਵੱਡਾ ਯੋਗਦਾਨ ਪਾ ਰਹੀਆਂ ਹਨ। ਸਿੰਗਾਪੁਰ ਖਾਲਸਾ ਐਸੋਸੀਏਸ਼ਨ ਵੀ ਸਰਗਰਮ ਹੈ। ਇੱਥੇ ਵੱਸਦੇ ਸ. ਚੂੜ੍ਹ ਸਿੰਘ ਨੂੰ ਸੁਪਰੀਮ ਕੋਰਟ ਦਾ ਪਹਿਲਾ ਸਿੱਖ ਜੱਜ ਬਣਨ ਦਾ ਸ਼ਰਫ਼ ਹਾਸਿਲ ਹੋ ਚੁੱਕਾ ਹੈ। ਇਸੇ ਤਰ੍ਹਾਂ ਹੱਡੀਆਂ ਦੇ ਰੋਗਾਂ ਦੀ ਮਾਹਿਰ ਡਾ. ਕੰਵਲਜੀਤ ਨੂੰ ਵੀ ਪਹਿਲੀ ਸੰਸਦ ਮੈਂਬਰ (ਨਾਮਜ਼ਦ), ਸ. ਜਸਵੰਤ ਸਿੰਘ ਗਿੱਲ ਨੂੰ ਸਿੰਗਾਪੁਰ ਜਲ ਸੈਨਾ ਦੇ ਪਹਿਲੇ ਸਿੱਖ ਕਮਾਂਡਰ ਅਤੇ ਮੇਜਰ ਜਨਰਲ ਰਵਿੰਦਰ ਸਿੰਘ ਨੂੰ ਸਿੰਗਾਪੁਰ ਫ਼ੌਜ ਦੇ ਮੁਖੀ ਬਣਨ ਦਾ ਮਾਣ ਪ੍ਰਾਪਤ ਹੋ ਚੁੱਕਾ ਹੈ। ਇਨ੍ਹਾਂ ਮਾਣਮੱਤੀਆਂ ਸ਼ਖ਼ਸੀਅਤਾਂ ਤੋਂ ਇਲਾਵਾ ਸ. ਇੰਦਰਜੀਤ ਸਿੰਘ, ਸ. ਦਵਿੰਦਰ ਸਿੰਘ ਅਤੇ ਸ. ਅਜੀਤ ਸਿੰਘ ਗਿੱਲ ਵੀ ਬਤੌਰ ਸੰਸਦ ਮੈਂਬਰ ਆਪਣੀ ਸੇਵਾ ਬਾਖ਼ੂਬੀ ਨਿਭਾਅ ਚੁੱਕੇ ਹਨ ਤੇ ਓਲੰਪੀਅਨ ਸ. ਅਜੀਤ ਸਿੰਘ ਗਿੱਲ ਨੇ ਹਾਕੀ ਵਿੱਚ ਵਿਸ਼ਵ ਪੱਧਰ ‘ਤੇ ਚੋਖਾ ਨਾਮਣਾ ਖੱਟਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ।
ਅੱਜ ਤੋਂ ਲਗਪਗ ਸੌ ਸਾਲ ਪਹਿਲਾਂ ਸਿੰਗਾਪੁਰ ਵਿਖੇ ਪੰਜਾਬੀਆਂ ਵੱਲੋਂ ਸਿਲਟ ਰੋਡ ਵਿਖੇ ਇਕ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ ਸੀ, ਜਿਸਨੂੰ ‘ਸਿੰਗਾਪੁਰ ਸਿੱਖ ਪੁਲਿਸ ਟੈਂਪਲ’ ਦੇ ਨਾਂ ਨਾਲ ਸਿੰਗਾਪੁਰ ਵਿੱਚ ਜਾਣਿਆ ਜਾਂਦਾ ਹੈ। ਇਸੇ ਤਰ੍ਹਾਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 518ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਇੱਥੇ ‘ਸੈਂਟਰਲ ਸਿੱਖ ਟੈਂਪਲ’ ਨਾਮਕ ਸ਼ਾਨਦਾਰ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਗਿਆ ਸੀ, ਜੋ ਅੱਜ ਵੀ ਪਰੰਪਰਾਗਤ ਅਤੇ ਆਧੁਨਿਕ ਭਵਨ ਨਿਰਮਾਣ ਕਲਾ ਦਾ ਸੁੰਦਰ ਸੰਗਮ ਪੇਸ਼ ਕਰਦਾ ਹੈ। ਇੱਥੇ 13 ਮੀਟਰ ਚੌੜੇ ਗੁੰਬਦ ਹੇਠਾਂ ਪਾਵਨ ਸ੍ਰੀ ਗੂਰੂ ਗ੍ਰੰਥ ਸਾਹਿਬ ਨੂੰ ਸੁਭਾਇਮਾਨ ਕੀਤਾ ਗਿਆ ਹੈ।
ਸੰਨ 2010 ਦੀ ਜਨਗਣਨਾ ਅਨੁਸਾਰ ਉਸ ਵੇਲੇ ਇੱਥੇ ਵੱਸਣ ਵਾਲੇ ਸਿੱਖ ਪੰਜਾਬੀਆਂ ਦੀ ਸੰਖਿਆ 12,952 ਸੀ, ਜਦੋਂ ਕਿ ਗ਼ੈਰ-ਸਿੱਖ ਪੰਜਾਬੀਆਂ ਦੀ ਸੰਖਿਆ 5672 ਸੀ। ਸੰਨ 2020 ਦੀ ਜਨਗਣਨਾ ਅਨੁਸਾਰ ਸਿੰਗਾਪੁਰ ਵਿੱਚ ਪੰਜਾਬੀਆਂ ਦੀ ਸੰਖਿਆ 12,051 ਸੀ। ਇਹ ਆਬਾਦੀ ਸਿੰਗਾਪੁਰ ਦੀ ਕੁੱਲ ਆਬਾਦੀ ਦਾ 0.35 ਫ਼ੀਸਦੀ ਬਣਦੀ ਸੀ ਤੇ ਸਿੱਖ ਸਮਾਜ ਇੱਥੇ ਛੇਵਾਂ ਸਭ ਤੋਂ ਵੱਡਾ ਧਰਮ ਸੀ। ਇੱਕ ਅੰਦਾਜ਼ੇ ਅਨੁਸਾਰ ਵਰਤਮਾਨ ਸਮੇਂ ਅੰਦਰ 12 ਤੋਂ 15 ਹਜ਼ਾਰ ਦੇ ਦਰਮਿਆਨ ਪੰਜਾਬੀ ਲੋਕ ਸਿੰਗਾਪੁਰ ਵਿਖੇ ਵੱਸਦੇ ਹਨ ਤੇ ਖ਼ੁਸ਼ਹਾਲ ਜੀਵਨ ਬਤੀਤ ਕਰਦੇ ਹਨ।

Leave a Reply

Your email address will not be published. Required fields are marked *