ਪੰਜਾਬੀ ਪਰਵਾਜ਼ ਬਿਊਰੋ
ਸ਼ਿਕਾਗੋ: ਪਿਛਲੇ ਤਿੰਨ ਸਾਲਾਂ ਵਾਂਗ ਸ਼ਿਕਾਗੋਲੈਂਡ ਵਿੱਚ ਪੰਜਾਬੀ ਭਾਈਚਾਰੇ ਦੀਆਂ ਕੁਝ ਸੰਸਥਾਵਾਂ ਰਲ-ਮਿਲ ਕੇ ‘ਪੰਜਾਬੀ ਮਾਂ-ਬੋਲੀ ਦਿਹਾੜਾ’ ਮਨਾ ਰਹੀਆਂ ਹਨ। ਇਸ ਸਾਲ ਵੀ ਇਸ ਪ੍ਰੋਗਰਾਮ ਅਧੀਨ ਸ਼ਨਿਚਰਵਾਰ, 6 ਅਪ੍ਰੈਲ 2024 ਨੂੰ ਕਟਿੰਗ ਹਾਲ ਪੈਲਾਟਾਈਨ ਵਿੱਚ ਪੰਜਾਬੀ ਮੁਸ਼ਾਇਰੇ ਦੇ ਨਾਲ ਨਾਟਕ ‘ਰਿਸ਼ਤਿਆਂ ਦਾ ਕੀ ਰੱਖੀਏ ਨਾਂ’ ਦੀ ਪੇਸ਼ਕਾਰੀ ਕੀਤੀ ਜਾਏਗੀ। ਇਹ ਨਾਟਕ ਡਾ. ਆਤਮਜੀਤ ਦਾ ਲਿਖਿਆ ਅਜਿਹਾ ਨਾਟਕ ਹੈ, ਜਿਸਨੂੰ ਪੰਜਾਬੀ ਸਾਹਿਤ ਅਤੇ ਰੰਗਮੰਚ ਵਿੱਚ ਇੱਕ ਕਲਾਸਿਕ ਦਾ ਦਰਜਾ ਹਾਸਲ ਹੈ।
ਸਆਦਤ ਹਸਨ ਮੰਟੋ ਦੀ ਸੰਸਾਰ ਪ੍ਰਸਿਧ ਕਹਾਣੀ ‘ਟੋਭਾ ਟੇਕ ਸਿੰਘ’ ਉੱਤੇ ਆਧਾਰਿਤ ਇਹ ਨਾਟਕ 1980 ਵਿੱਚ ਲਿਖਿਆ ਗਿਆ ਸੀ ਅਤੇ ਇਸ ਦਾ ਪਹਿਲਾ ਮੰਚਨ ਡਾ. ਆਤਮਜੀਤ ਦੀ ਨਿਰਦੇਸ਼ਨਾ ਹੇਠ ਟੈਗੋਰ ਥੀਏਟਰ ਚੰਡੀਗੜ੍ਹ ਵਿੱਚ ਕੀਤਾ ਗਿਆ ਸੀ। ਪਿਛਲੇ 42-43 ਸਾਲਾਂ ਵਿੱਚ ਇਸ ਨਾਟਕ ਨੂੰ ਦੁਨੀਆਂ ਭਰ ਵਿੱਚ ਵੱਖੋ-ਵੱਖ 55 ਨਾਟ-ਮੰਡਲੀਆਂ ਅਨੇਕਾਂ ਵਾਰ ਖੇਡ ਚੁੱਕੀਆਂ ਹਨ। ਇਸ ਨਾਟਕ ਦੇ ਹਿੰਦੀ, ਉਰਦੂ ਤੇ ਅੰਗਰੇਜ਼ੀ ਬੋਲੀ ਵਿੱਚ ਅਨੁਵਾਦ ਵੀ ਛਪ ਚੁੱਕੇ ਹਨ ਅਤੇ ਇਹ ਦੂਜੀਆਂ ਜ਼ੁਬਾਨਾਂ ਵਿੱਚ ਵੀ ਖੇਡਿਆ ਗਿਆ ਹੈ। ਇਹ ਨਾਟਕ ਦੁਨੀਆਂ ਦੀ ਬਹੁਤ ਸਾਰੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਾਇਆ ਵੀ ਜਾਂਦਾ ਹੈ।
ਡਾ. ਆਤਮਜੀਤ ਦੇ ਸ਼ਬਦਾਂ ਵਿੱਚ, ‘ਰਿਸ਼ਤਿਆਂ ਦਾ ਕੀ ਰੱਖੀਏ ਨਾਂ’ ਇਸ ਲਈ ਵੀ ਬਹੁਤ ਮਕਬੂਲ ਹੈ, ਕਿਉਂਕਿ ਇਹ ਸਮੁੱਚੇ ਪੰਜਾਬੀਆਂ ਦੇ ਦਰਦ ਦੀ ਦਾਸਤਾਨ ਹੈ। ਜਦੋਂ 1947 ਵਿੱਚ ਦੇਸ਼ ਦੀ ਵੰਡ ਹੋ ਗਈ ਤਾਂ ਪਾਕਿਸਤਾਨ ਅਤੇ ਹਿੰਦੁਸਤਾਨ- ਦੋਹਾਂ ਮੁਲਕਾਂ ਨੇ, ਜੋ ਕੁਝ ਵੀ ਦਿਸਿਆ, ਉਹ ਵੰਡ ਲਿਆ। ਗੋਰਿਆਂ ਨੇ ਲਕੀਰ ਖਿੱਚ ਦਿੱਤੀ ਅਤੇ ਡਿੱਗਦੇ-ਢਹਿੰਦੇ ਤੇ ਮਰਦੇ ਹੋਏ ਲੋਕਾਂ ਨੇ ਆਪਣੀ ਵੰਡੀ ਆਪ ਹੀ ਪਾ ਲਈ। ਸਰਕਾਰਾਂ ਨੇ ਜਹਾਜ਼, ਗੱਡੀਆਂ, ਬੱਸਾਂ ਅਤੇ ਇੱਥੋਂ ਤੱਕ ਕਿ ਦਫਤਰਾਂ ਵਾਸਤੇ ਖਰੀਦੀ ਹੋਈ ਸਟੇਸ਼ਨਰੀ ਤੱਕ ਦੀ ਵੰਡ ਵੀ ਕਰ ਲਈ; ਪਰ ਸਭ ਤੋਂ ਵਿਅੰਗਾਤਮਕ ਸਥਿਤੀ ਉਦੋਂ ਬਣਦੀ ਹੈ, ਜਦੋਂ ਸਾਲ ਦੋ ਸਾਲ ਬਾਅਦ ਇਨ੍ਹਾਂ ਸਰਕਾਰਾਂ ਨੂੰ ਇਹ ਖਿਆਲ ਆਉਂਦਾ ਹੈ ਕਿ ਉਨ੍ਹਾਂ ਨੇ ਦੋਹਾਂ ਪਾਸਿਆਂ ਦੇ ਕੁਝ ਪਾਗਲਖਾਨਿਆਂ ਵਿੱਚ ਤਾੜੇ ਹੋਏ ਪਾਗਲਾਂ ਦੀ ਵੰਡ ਨਹੀਂ ਕੀਤੀ।
ਮੰਟੋ ਦੀ ਕਹਾਣੀ ਅਤੇ ਡਾ. ਆਤਮਜੀਤ ਦਾ ਨਾਟਕ ਲਾਹੌਰ ਦੇ ਨੇੜਲੀ ਇਸ ਪਾਗਲ-ਵੰਡ ਨਾਲ ਜੁੜੀਆਂ ਘਟਨਾਵਾਂ ਉੱਤੇ ਆਧਾਰਿਤ ਹੈ। ਕਹਾਣੀ ਅਤੇ ਨਾਟਕ- ਦੋਵੇਂ ਸਾਬਤ ਕਰਦੇ ਹਨ ਕਿ ਜਿਨ੍ਹਾਂ ਨੂੰ ਅਸੀਂ ਪਾਗਲ ਕਹਿੰਦੇ ਸੀ, ਉਹ ਦਰਅਸਲ ਬਹੁਤ ਸਮਝਦਾਰ ਲੋਕ ਸਨ ਅਤੇ ਜਿਹੜੇ ਆਪਣੇ ਆਪ ਨੂੰ ਸਹੀ-ਸਲਾਮਤ ਸਮਝਦੇ ਸਨ, ਉਹ ਅਸਲੀ ਪਾਗਲ ਸਨ। ਇਹ ਨਾਟਕ ਦੋਹਾਂ ਪੰਜਾਬਾਂ ਦੇ ਲੋਕਾਂ ਦੀਆਂ ਕਮੀਨਗੀਆਂ ਦਾ ਕੱਚਾ ਚਿੱਠਾ ਪੇਸ਼ ਕਰਦਿਆਂ ਉਨ੍ਹਾਂ ਦੀਆਂ ਅੰਦਰੂਨੀ ਸਾਂਝਾਂ ਦੀ ਬਾਤ ਵੀ ਪਾਉਂਦਾ ਹੈ ਅਤੇ ਇੱਕ ਭਾਈਚਾਰੇ ਦੇ ਰੂਪ ਵਿੱਚ ਸਾਡੇ ਸਾਂਝੇ ਦਰਦ ਦੀ ਤਸਵੀਰ ਖਿੱਚਦਾ ਹੈ। ਭਾਵੇਂ ਇਸ ਰਚਨਾ ਨੂੰ ਬੜੇ ਸੁਚੱਜੇ ਹਾਸੇ-ਠੱਠੇ ਅਤੇ ਵਿਅੰਗ ਵਿੱਚ ਲਪੇਟਿਆ ਗਿਆ ਹੈ, ਪਰ ਸਮੁੱਚਾ ਨਾਟਕ ਅਤੇ ਡਾ. ਆਤਮਜੀਤ ਦੁਆਰਾ ਲਿਖੇ ਗੀਤ ਉਸ ਸੋਗ ਦਾ ਨਾਟਕੀ ਮਰਸੀਆ ਹਨ, ਜਿਹੜਾ ਸੋਗ ਅਸੀਂ ਸਦੀਆਂ ਹੋਰ ਹੰਢਾਉਣਾ ਹੈ; ਪਰ ਫਿਰ ਵੀ ਵੱਖਰੀ ਗੱਲ ਇਹ ਹੈ ਕਿ ਡਾ. ਆਤਮਜੀਤ ਆਪਣੇ ਨਾਟਕ ਵਿੱਚ ਆਸ-ਉਮੀਦ ਦਾ ਪੱਲਾ ਨਹੀਂ ਛੱਡਦੇ। ਭਾਵੇਂ ਰਾਜਸੀ ਅਤੇ ਭੂਗੋਲਿਕ ਤੌਰ `ਤੇ ਅਸੀਂ ਸਦਾ ਲਈ ਵੰਡੇ ਜਾ ਚੁੱਕੇ ਹਾਂ, ਪਰ ਸਭਿਆਚਾਰਕ ਜਾਂ ਸਕਾਫ਼ਤੀ ਤੌਰ ‘ਤੇ ਅਤੇ ਬੋਲੀ ਦੇ ਲਿਹਾਜ਼ ਨਾਲ ਸਾਡੀ ਜਜ਼ਬਾਤੀ ਸਾਂਝ ਹਮੇਸ਼ਾ ਬਣੀ ਰਹੇਗੀ। ਇਸੇ ਲਈ ਹਿੰਦੁਸਤਾਨ ਪਰਤ ਰਿਹਾ ਪ੍ਰੋਫੈਸਰ ਇਹ ਆਖਦਾ ਹੈ ਕਿ “ਭਾਵੇਂ ਤੁਸੀਂ ਲੋਕ ਵੀ ਵੰਡ ਲਏ ਨੇ ਤੇ ਜ਼ਮੀਨ ਵੀ ਵੰਡ ਲਈ ਏ, ਪਰ ਅਸੀਂ ਕਲਾਸਾਂ ਦੇ ਸਿਲੇਬਸ ਨਹੀਂ ਵੰਡਣੇ; ਫਰੀਦ ਵੀ ਪੜ੍ਹਾਵਾਂਗੇ, ਬੁਲ੍ਹਾ ਵੀ ਪੜ੍ਹਾਵਾਂਗੇ; ਵਾਰਿਸ ਵੀ ਸਾਡਾ ਏ, ਮੁਕਬਲ ਵੀ ਸਾਡਾ ਏ।”
ਇਵੇਂ ਇਹ ਨਾਟਕ ਪੰਜਾਬ ਦੇ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਦੀ ਮੁੱਢ-ਕਦੀਮੀ ਸਾਂਝ ਦਾ ਵੀ ਪੂਰੀ ਤਨਦੇਹੀ ਨਾਲ ਚਰਚਾ ਕਰਦਾ ਹੈ। ਇਹ ਨਾਟਕ ਲੋਕਾਂ ਨੂੰ ਵੰਡੇ ਜਾਣ ਦਾ ਵਿਰੋਧ ਕਰਦਾ ਹੈ। ਕਰਤਾਰਪੁਰ ਸਾਹਿਬ ਵਿੱਚ ਹੁੰਦੇ ਮੇਲ-ਮਿਲਾਪ ਨੂੰ ਇਸੇ ਉਮੀਦ ਦੇ ਇੱਕ ਪੁਖਤਾ ਸਬੂਤ ਵਜੋਂ ਦੇਖਿਆ ਜਾ ਸਕਦਾ ਹੈ। ਪਿਛਲੇ ਵਰ੍ਹੇ ਇਸ ਨਾਟਕ ਦਾ ਲਾਹੌਰ ਦੇ ਪ੍ਰਸਿੱਧ ਅਲ-ਹਮਰਾ ਥੀਏਟਰ ਵਿੱਚ ਦੋ ਦਿਨ ਲਗਾਤਾਰ ਖੇਡਿਆ ਅਤੇ ਭਰਪੂਰ ਰੂਪ ਵਿੱਚ ਸਲਾਹਿਆ ਜਾਣਾ ਵੀ ਇਸੇ ਉਮੀਦ ਨੂੰ ਪੱਕਾ ਕਰਦਾ ਹੈ।
ਡਾ. ਆਤਮਜੀਤ ਦੱਸਦੇ ਹਨ ਕਿ ਜਦੋਂ ਉਨ੍ਹਾਂ ਨੇ ਤੀਹ ਸਾਲ ਪਹਿਲਾਂ ਇਸ ਨੂੰ ਟੋਰਾਂਟੋ ਵਿੱਚ ਤਿਆਰ ਕਰਵਾਇਆ ਸੀ ਤਾਂ ਪਾਕਿਸਤਾਨ ਦੇ ਪ੍ਰਸਿੱਧ ਸੰਗੀਤਕਾਰ ਸੁਹੇਲ ਰਾਣਾ ਨੇ ਇਸ ਦੀਆਂ ਧੁਨਾਂ ਤਿਆਰ ਕੀਤੀਆਂ ਸਨ। 2018 ਵਿੱਚ ਦਿੱਲੀ ਵਿਖੇ ਥੀਏਟਰ ਓਲੰਪਿਕਸ ਦੌਰਾਨ ਜਦੋਂ ਇਹ ਨਾਟਕ ਖੇਡਿਆ ਗਿਆ ਤਾਂ ਪ੍ਰਸਿੱਧ ਇਤਿਹਾਸਕਾਰ ਰਾਜਮੋਹਨ ਗਾਂਧੀ ਨਾਟਕਕਾਰ ਦੇ ਗਲੇ ਲੱਗ ਕੇ ਰੋ ਪਏ ਸਨ। ਅੰਗਰੇਜ਼ੀ ਅਖਬਾਰ ‘ਦ ਹਿੰਦੂ’ ਦੇ ਥੀਏਟਰ ਐਕਸਪਰਟ ਦੀਵਾਨ ਸਿੰਘ ਬਜੇਲੀ ਨੇ ਲਿਖਿਆ ਸੀ: “ਆਤਮਜੀਤ ਨੇ ਮੰਟੋ ਦੀ ਕਹਾਣੀ ਦੇ ਥੀਮ ਵਿੱਚੋਂ ਆਪਣੇ ਨਾਟਕ ਦੀ ਪੁਨਰ ਸਿਰਜਣਾ ਕੀਤੀ ਹੈ, ਨਵੇਂ ਪਾਤਰ ਸਿਰਜ ਕੇ ਅਤੇ ਪੁਰਾਣਿਆਂ ਨੂੰ ਵਿਸਤਾਰ ਦੇ ਕੇ ਉਸਨੇ ਸਮਾਜਿਕ-ਆਰਥਿਕ ਅਤੇ ਅਜਿਹੀਆਂ ਰਾਜਸੀ ਪਰਤਾਂ ਸਿਰਜੀਆਂ ਹਨ, ਜੋ ਪਾਤਰਾਂ ਦੇ ਅੰਦਰੂਨੀ ਸੰਘਰਸ਼ ਦਾ ਮਰਮ ਪੇਸ਼ ਕਰਦੀਆਂ ਹਨ।” ਪਾਕਿਸਤਾਨ ਦਾ ਪ੍ਰਸਿੱਧ ਚਿੰਤਕ ਫ਼ਖ਼ਰ ਜ਼ਮਾਂ ਲਿਖਦਾ ਹੈ: “ਇਹ ਸਿਰਫ ਅਡੈਪਟੇਸ਼ਨ ਨਹੀਂ ਹੈ, ਇਹ ਇੱਕ ਨਵਾਂ ਨਾਟਕ ਹੈ। ਇਸ ਤਰ੍ਹਾਂ ਲਗਦਾ ਹੈ, ਜਿਵੇਂ ਆਤਮਜੀਤ ਨੂੰ ਵੀ ਬਚਨ ਸਿੰਘ ਵਾਲਾ ਰੋਗ ਲੱਗਾ ਹੋਇਆ ਹੈ; ਪਰ ਉਹ ਇੱਕ ਲੇਖਕ ਹੈ ਅਤੇ ਉਸਦੀ ਕਲਮ ਵਿੱਚ ਏਨੀ ਜਾਨ ਹੈ ਕਿ ਉਹ ਰਿਸ਼ਤਿਆਂ ਨੂੰ ਤੋੜਨ ਤੇ ਸਾਨੂੰ ਪੰਜਾਬੀਆਂ ਨੂੰ ਬੇਚਿਹਰੇ ਬਣਾਉਣ ਦੇ ਅਮਲ ਨੂੰ ਠੱਲ੍ਹ ਪਾ ਸਕਦਾ ਹੈ।”
ਮਾਂ-ਬੋਲੀ ਨੂੰ ਸਮਰਪਿਤ ਦਿਹਾੜਾ ਮਨਾਉਂਦਿਆਂ ਫਾਈਵ ਰਿਵਰਜ਼ ਥੀਏਟਰ ਸ਼ਿਕਾਗੋਲੈਂਡ ਇਸ ਨਾਟਕ ਨੂੰ ਪੇਸ਼ ਕਰ ਰਿਹਾ ਹੈ। ਇਸ ਨਾਟਕ ਦੇ ਕੁੱਲ 16 ਕਲਾਕਾਰਾਂ ਵਿੱਚ ਸ਼ਿਕਾਗੋ ਤੋਂ ਗੁਰਮੁਖ ਸਿੰਘ ਭੁੱਲਰ, ਰਾਜੇਸ਼ ਪਵਾਰ, ਜਸਬੀਰ ਕੌਰ ਮਾਨ, ਮਧੁਰਾ, ਚਰਨਦੀਪ, ਰਿਚਾ ਚਾਂਦ, ਹੈਰੀ ਸਿੱਧੂ ਆਦਿ ਨਾਮੀ ਚਿਹਰੇ ਸ਼ਾਮਲ ਹਨ। ਸਿਨਸਿਨੈਟੀ ਤੋਂ ਕੁਮਾਰ ਪਵਨਦੀਪ ਇਸ ਨਾਟਕ ਦੀ ਵਿਸ਼ੇਸ਼ ਖਿੱਚ ਰਹੇਗਾ। ਇਸ ਰਚਨਾ ਦਾ ਸੰਗੀਤ ਸੁਪ੍ਰਸਿੱਧ ਪੰਜਾਬੀ ਸੰਗੀਤਕਾਰ ਅਤੁਲ ਸ਼ਰਮਾ ਦਾ ਹੈ।